ਖੇਤੀ ਕਾਨੂੰਨ: ਦਿੱਲੀ ਵੱਲ ਕੂਚ ਲਈ ਪੰਜਾਬੀਆਂ ਵਿਚ ਭਰਵਾਂ ਉਤਸ਼ਾਹ

ਚੰਡੀਗੜ੍ਹ: ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ‘ਦਿੱਲੀ ਚੱਲੋ’ ਦੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਕਿਸਾਨਾਂ ਵਲੋਂ ਦਿਖਾਏ ਜਾ ਰਹੇ ਉਤਸ਼ਾਹ ਤੋਂ ਲੱਗਦਾ ਹੈ ਇਹ ਮਾਰਚ ਬੜਾ ਨਿਵੇਕਲਾ ਹੋਵੇਗਾ। ਪਿੰਡ-ਪਿੰਡ ਕਿਸਾਨ ਟਰੈਕਟਰ ਤਿਆਰ ਕਰ ਰਹੇ ਹਨ ਤੇ ਆਪ ਮੁਹਾਰੇ ਠੰਢ ਤੋਂ ਬਚਣ ਲਈ ਟੈਂਟਾਂ, ਕੰਬਲਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਿੰਡ ਪੱਧਰ ਉਤੇ ਪਾਣੀਆਂ ਵਾਲੀਆਂ ਟੈਂਕੀਆਂ, ਗੈਸ ਸਿਲੰਡਰ ਜਾਂ ਲੱਕੜਾਂ ਤੇ ਖਾਣਾ ਬਣਾਉਣ ਵਾਲੇ ਬਰਤਨ ਵੀ ਇਕੱਠੇ ਕੀਤੇ ਜਾ ਰਹੇ ਹਨ। ਜਥੇਬੰਦੀਆਂ ਦਾ ਕਹਿਣਾ ਹੈ ਕਿ ਦਿੱਲੀ ਵੱਲ ਕਿਸਾਨਾਂ ਦਾ ਕੂਚ ਅਣਮਿਥੇ ਸਮੇਂ ਲਈ ਹੈ ਤੇ ਜਦ ਤੱਕ ਕਿਸਾਨ ਵਿਰੋਧੀ ਕਾਨੂੰਨ ਖਤਮ ਨਹੀਂ ਕੀਤੇ ਜਾਂਦੇ ਸਾਡਾ ਸੰਘਰਸ਼ ਜਾਰੀ ਰਹੇਗਾ। ਕਿਸਾਨਾਂ ਦੇ ਕਾਫਲੇ ਪੰਜਾਬ ਤੋਂ ਲਗਾਤਾਰ ਜਾਣਗੇ।

ਇਨ੍ਹਾਂ ਤਿਆਰੀਆਂ ਤਹਿਤ ਪੰਜਾਬ ਦੇ ਸੈਂਕੜੇ ਪਿੰਡਾਂ ‘ਚ ਨੁੱਕੜ ਮੀਟਿੰਗਾਂ ਤੇ ਰੈਲੀਆਂ ਹੋਈਆਂ ਤੇ ਇਨ੍ਹਾਂ ਮੀਟਿੰਗਾਂ ‘ਚ ਲੱਗੀ ਜ਼ਿੰਮੇਵਾਰੀ ਮੁਤਾਬਕ ਕਿਸਾਨਾਂ ਵਲੋਂ ਦਿੱਲੀ ਚਲੋ ਮਾਰਚ ‘ਚ ਸ਼ਾਮਲ ਹੋਣ ਲਈ ਟਰੈਕਟਰ ਸ਼ਿੰਗਾਰੇ ਜਾ ਰਹੇ ਹਨ ਤੇ ਖਾਣ-ਪੀਣ ਲਈ ਕਈ ਦਿਨਾਂ ਲਈ ਰਸਦ ਵੀ ਨਾਲ ਹੀ ਟਰਾਲੀਆਂ ਵਿਚ ਲੱਦ ਕੇ ਲਿਜਾਈ ਜਾਵੇਗੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ Ḕਪਿੰਡ ਹਿਲਾਓ ਪਿੰਡ ਜਗਾਓ’ ਮੁਹਿੰਮ ਦੌਰਾਨ ਔਰਤਾਂ ਵਲੋਂ ਗਲੀ-ਮੁਜ਼ਾਹਰੇ ਤੇ ਸ਼ਾਮ ਨੂੰ ਨੌਜਵਾਨਾਂ ਵਲੋਂ ਮਸ਼ਾਲ ਮਾਰਚ ਕੀਤੇ ਗਏ। ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਮੋਦੀ ਸਰਕਾਰ ਵਿਰੁੱਧ ਅੰਤਾਂ ਦਾ ਰੋਹ ਪਾਇਆ ਜਾ ਰਿਹਾ ਹੈ ਤੇ ਦਿੱਲੀ ਚਲੋ ਲਈ ਬੇਹੱਦ ਉਤਸ਼ਾਹ ਹੈ। ਧਰਨਾਕਾਰੀਆਂ ਲਈ ਪਿੰਡਾਂ ‘ਚ ਸੰਘਰਸ਼ ਫੰਡ, ਰਾਸ਼ਨ, ਬਾਲਣ ਤੇ ਕੰਬਲ ਲੋਕਾਂ ਵਲੋਂ ਦਿੱਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 26 ਨਵੰਬਰ 12 ਵਜੇ ਤੱਕ ਇਕੱਠੇ ਹੋ ਕੇ ਦਿੱਲੀ ਵੱਲ ਕੂਚ ਲਈ ਡੱਬਵਾਲੀ ਤੇ ਖਨੌਰੀ ਦੋ ਥਾਵਾਂ ਉਪਰ ਦੋ ਲੱਖ ਦੇ ਰੱਖੇ ਟੀਚੇ ਦੇ ਵਧਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਦਿੱਲੀ ਕੂਚ ਲਈ ਸ਼ਾਂਤਮਈ ਢੰਗ ਨਾਲ ਹਰਿਆਣਾ ਵਿਖੇ ਲੰਘਣ ਲਈ ਪ੍ਰਵਾਨਗੀ ਵਾਸਤੇ ਹਰਿਆਣਾ ਸਰਕਾਰ ਨੂੰ 20 ਨਵੰਬਰ ਨੂੰ ਪੱਤਰ ਵੀ ਲਿਖਿਆ ਸੀ ਪਰ ਉਸ ਦਾ ਅਜੇ ਤੱਕ ਕੋਈ ਜਵਾਬ ਨਹੀਂ ਆਇਆ। 30 ਜਥੇਬੰਦੀਆਂ ਦੇ ਸਾਂਝੇ ਮੰਚ ਵਲੋਂ ਵੀ ਪਿੰਡ-ਪਿੰਡ ਮੀਟਿੰਗਾਂ, ਜਲਸੇ ਤੇ ਰੋਸ ਪ੍ਰਗਟਾਵੇ ਜਾਰੀ ਹਨ। ਇਸ ਮੰਚ ਦੇ ਆਗੂ ਡਾ. ਦਰਸ਼ਨਪਾਲ ਨੇ ਦੱਸਿਆ ਕਿ 26 ਨਵੰਬਰ ਨੂੰ ਪੰਜਾਬ ਦੇ ਹਰਿਆਣਾ ਰਾਹੀਂ ਦਿੱਲੀ ਜਾਣ ਵਾਸਤੇ 8 ਮੁੱਖ ਲਾਂਘਿਆਂ ਰਾਹੀਂ ਕਿਸਾਨ ਕਾਫਲੇ ਰਵਾਨਾ ਹੋਣਗੇ। ਉਨ੍ਹਾਂ ਦੱਸਿਆ ਕਿ ਸ਼ੰਭੂ, ਖਨੌਰੀ, ਰਤੀਆ, ਮੂਨਕ, ਮੰਡੀ ਕਾਲਿਆਂਵਾਲੀ ਤੇ ਡੱਬਵਾਲੀ ਵਿਖੇ ਕਿਸਾਨ ਇਕੱਤਰ ਹੋ ਕੇ ਦਿੱਲੀ ਵੱਲ ਕੂਚ ਕਰਨਗੇ। ਦਿੱਲੀ ਜਾਣ ਲਈ ਕਿਸਾਨਾਂ ਵਲੋਂ ਮੁੱਖ ਰੂਪ ‘ਚ ਟਰੈਕਟਰਾਂ ਦੀ ਹੀ ਤਿਆਰੀ ਕੀਤੀ ਜਾ ਰਹੀ ਹੈ। ਉਂਝ ਆਪੋ-ਆਪਣੇ ਵਾਹਨ ਲੈ ਕੇ ਵੀ ਕਿਸਾਨ ਨਾਲ ਚੱਲਣਗੇ।
ਕਿਸਾਨ ਜਥੇਬੰਦੀਆਂ ਦੇ ਮੰਚ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਕਿਸਾਨਾਂ ਵਲੋਂ ਦਿਖਾਏ ਜਾ ਰਹੇ ਉਤਸ਼ਾਹ ਤੋਂ ਲੱਗਦਾ ਹੈ ਇਹ ਮਾਰਚ ਬੜਾ ਨਿਵੇਕਲਾ ਹੋਵੇਗਾ। ਪਿੰਡ-ਪਿੰਡ ਕਿਸਾਨ ਟਰੈਕਟਰ ਤਿਆਰ ਕਰ ਰਹੇ ਹਨ ਤੇ ਆਪ ਮੁਹਾਰੇ ਠੰਢ ਤੋਂ ਬਚਣ ਲਈ ਟੈਂਟਾਂ, ਕੰਬਲਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪਿੰਡ ਪੱਧਰ ਉਤੇ ਪਾਣੀਆਂ ਵਾਲੀਆਂ ਟੈਂਕੀਆਂ, ਗੈਸ ਸਿਲੰਡਰ ਜਾਂ ਲੱਕੜਾਂ ਤੇ ਖਾਣਾ ਬਣਾਉਣ ਵਾਲੇ ਬਰਤਨ ਵੀ ਇਕੱਠੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਦਿੱਲੀ ਵੱਲ ਕਿਸਾਨਾਂ ਦਾ ਕੂਚ ਅਣਮਿਥੇ ਸਮੇਂ ਲਈ ਹੈ ਤੇ ਜਦ ਤੱਕ ਕਿਸਾਨ ਵਿਰੋਧੀ ਕਾਨੂੰਨ ਖਤਮ ਨਹੀਂ ਕੀਤੇ ਜਾਂਦੇ ਸਾਡਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਕਾਫਲੇ ਪੰਜਾਬ ਤੋਂ ਲਗਾਤਾਰ ਜਾਣਗੇ। ਕਿਰਤੀ ਕਿਸਾਨ ਯੂਨੀਅਨ ਵੀ 26-27 ਦੇ ਦਿੱਲੀ ਕੂਚ ਵਿਚ ਸ਼ਾਮਲ ਹੋਣ ਲਈ ਵਿਸ਼ਾਲ ਲਾਮਬੰਦੀ ਕਰ ਰਹੀ ਹੈ। ਯੂਨੀਅਨ ਦੇ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਮੀਤ ਪ੍ਰਧਾਨ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਪਿੰਡਾਂ ‘ਚ ਰੈਲੀਆਂ, ਮੀਟਿੰਗਾਂ ਚੱਲ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਯੂਨੀਅਨ ਦੇ ਸੱਦੇ ਉਪਰ ਵੱਡੀ ਗਿਣਤੀ ਵਿਚ ਕਿਸਾਨ ਸ਼ੰਭੂ, ਖਨੌਰੀ ਤੇ ਸਰਦੂਲਗੜ੍ਹ ਦੇ ਰਸਤਿਓਂ ਦਿੱਲੀ ਨੂੰ ਕੂਚ ਕਰਨਗੇ। ਉਨ੍ਹਾਂ ਦੱਸਿਆ ਕਿ ਵਲੰਟੀਅਰ ਟੀਮਾਂ ਬਣਾ ਕੇ ਰਾਸ਼ਨ ਤੇ ਦੁੱਧ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।
________________________________________________
ਪਾਰਟੀ ਝੰਡੇ ਤੋਂ ਬਿਨਾ ਸ਼ਾਮਲ ਹੋਣਗੇ ‘ਆਪ’ ਆਗੂ
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਕੇਂਦਰ ਦੇ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਦਿੱਲੀ ਜਾ ਕੇ ਮੁਜ਼ਾਹਰਾ ਕਰਨ ਸਬੰਧੀ ਬਣਾਏ ਪ੍ਰੋਗਰਾਮ ਵਿਚ Ḕਆਪ’ ਆਗੂ ਬਿਨਾਂ ਪਾਰਟੀ ਦੇ ਝੰਡੇ ਤੋਂ ਕਿਸਾਨਾਂ ਦੀ ਅਗਵਾਈ ਹੇਠ ਸ਼ਾਮਲ ਹੋਣਗੇ। ਮਾਨ ਨੇ ਕਿਹਾ ਕਿ ਕਿਸਾਨ ਪੰਜਾਬ ਲਈ ਰੀੜ੍ਹ ਦੀ ਹੱਡੀ ਹਨ, ਜਿਨ੍ਹਾਂ ਦੇ ਸਹਾਰੇ ਸੂਬੇ ਦੀ ਹਰ ਚੀਜ਼ ਖੜ੍ਹੀ ਹੈ। ਕਿਸਾਨਾਂ ਤੋਂ ਬਗੈਰ ਪੰਜਾਬ ਨੂੰ ਅੱਗੇ ਨਹੀਂ ਲਿਜਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਵਿਚ Ḕਆਪ’ ਰਾਜਨੀਤੀ ਤੋਂ ਉਪਰ ਉਠ ਕੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੋਵੇਗੀ। Ḕਆਪ’ ਦੇ ਸੂਬਾ ਪ੍ਰਧਾਨ ਨੇ ਕਿਹਾ ਕਿ ਅੱਜ ਜਦੋਂ ਸਾਡੇ ਕਿਸਾਨ, ਮਾਵਾਂ-ਭੈਣਾਂ ਆਪਣੀ ਜ਼ਮੀਨ ਬਚਾਉਣ ਲਈ ਠੰਢੀਆਂ ਰਾਤਾਂ ਖੁੱਲ੍ਹੇ ਅਸਮਾਨ ਹੇਠ ਸੜਕਾਂ ਉਤੇ ਕੱਟ ਰਹੇ ਹਨ ਤਾਂ ਅਸੀਂ ਚੈਨ ਨਾਲ ਨਹੀਂ ਬੈਠ ਸਕਦੇ।
______________________________________________
ਕਿਸਾਨ ਬੀਬੀਆਂ ਵੱਲੋਂ ਦਿੱਲੀ ਕੂਚ ਕਰਨ ਦਾ ਹੋਕਾ
ਸੰਗਰੂਰ: ਭਾਕਿਯੂ ਏਕਤਾ ਉਗਰਾਹਾਂ ਦੇ ਝੰਡੇ ਹੇਠ ਵੱਖ-ਵੱਖ ਪਿੰਡਾਂ ਵਿਚ ਮਾਰਚ ਕਰਦਿਆਂ ਕਿਸਾਨ ਬੀਬੀਆਂ ਵਲੋਂ ਦਿੱਲੀ ਮੋਰਚੇ ‘ਚ ਭਰਵੀਂ ਸ਼ਮੂਲੀਅਤ ਦਾ ਘਰ-ਘਰ ਹੋਕਾ ਦਿੱਤਾ ਗਿਆ। ਉਨ੍ਹਾਂ ਖੇਤੀ ਕਾਨੂੰਨਾਂ ਅਤੇ ਮੋਦੀ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦਿਆਂ ਕਿਸਾਨ ਅੰਦੋਲਨ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਲੋਕਾਂ ਨੂੰ ਲਾਮਬੰਦ ਕਰਨ ਲਈ ਕੱਢੇ ਗਏ ਮਾਰਚਾਂ ‘ਚ ਵੱਡੀ ਗਿਣਤੀ ਕਿਸਾਨ ਬੀਬੀਆਂ ਅਤੇ ਬੱਚਿਆਂ ਨੇ ਵੀ ਸ਼ਮੂਲੀਅਤ ਕੀਤੀ। ਇਥੋਂ ਨੇੜਲੇ ਪਿੰਡ ਬਡਰੁੱਖਾਂ ਵਿਚ ਕਿਸਾਨ ਬੀਬੀਆਂ ਦੇ ਹੱਥਾਂ ਵਿਚ ਜਥੇਬੰਦੀ ਦੇ ਝੰਡੇ ਸਨ ਜੋ ਗਲੀਆਂ ‘ਚ ਰੋਸ ਮਾਰਚ ਕਰ ਕੇ ਦਿੱਲੀ ਪੁੱਜਣ ਲਈ ਲੋਕਾਂ ਨੂੰ ਲਾਮਬੰਦ ਕਰ ਰਹੀਆਂ ਸਨ।