ਪੰਜਾਬ ਭਾਜਪਾ ਆਗੂਆਂ ਲਈ ਚੁਣੌਤੀ ਬਣਿਆ ਕਿਸਾਨੀ ਸੰਘਰਸ਼

ਚੰਡੀਗੜ੍ਹ: ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਇਆ ਕਿਸਾਨ ਸੰਘਰਸ਼ ਪੰਜਾਬ ਵਿਚ ਭਾਜਪਾ ਆਗੂਆਂ ਲਈ ਚੁਣੌਤੀ ਬਣ ਗਿਆ ਹੈ। ਕਿਸਾਨਾਂ ਨੇ ਜਿਥੇ ਪਿਛਲੇ ਡੇਢ ਮਹੀਨੇ ਤੋਂ ਭਾਜਪਾ ਦੇ ਸੀਨੀਅਰ ਆਗੂਆਂ ਦੇ ਘਰਾਂ ਨੂੰ ਘੇਰਿਆ ਹੋਇਆ ਹੈ, ਉਥੇ ਆਗੂਆਂ ਦੀਆਂ ਸਿਆਸੀ ਗਤੀਵਿਧੀਆਂ ਨੂੰ ਵੀ ਬਰੇਕ ਲਾਉਣ ਸ਼ੁਰੂ ਕਰ ਦਿੱਤੀ ਹੈ। ਭਾਰਤੀ ਜਨਤਾ ਪਾਰਟੀ ਵੱਲੋਂ ਚੋਣ ਤਿਆਰੀਆਂ ਦੇ ਮੱਦੇਨਜ਼ਰ ਸੂਬੇ ਵਿਚ ਦਫਤਰ ਖੋਲ੍ਹਣ ਦਾ ਐਲਾਨ ਪੁੱਠਾ ਪੈ ਗਿਆ। ਕਿਸਾਨ ਅੰਦੋਲਨ ਦੌਰਾਨ ਭਾਜਪਾ ਵੱਲੋਂ ਪੰਜਾਬ ਵਿਚ ਜ਼ਿਲ੍ਹਾ ਪੱਧਰ ਉਤੇ ਸਿਆਸੀ ਦਫਤਰ ਉਸਾਰੇ ਜਾਣ ਦੀ ਸੰਕੇਤਕ ਸ਼ੁਰੂਆਤ ਨੂੰ ਕਿਸਾਨਾਂ ਨੇ ਚੁਣੌਤੀ ਵਜੋਂ ਲਿਆ ਹੈ।

ਕਿਸਾਨਾਂ ਨੇ ਪਹਿਲਾਂ ਹੀ ਦਫਤਰਾਂ ਵਾਲੀਆਂ ਥਾਵਾਂ ਉਤੇ ਧਾਵਾ ਬੋਲ ਦਿੱਤਾ ਜਿਸ ਕਾਰਨ ਪ੍ਰੋਗਰਾਮ ਰੱਦ ਕਰਨਾ ਪਿਆ। ਬਠਿੰਡਾ ਵਿਚ ਮਿੱਤਲ ਮਾਲ ਨੇੜੇ ਭਾਰਤੀ ਜਨਤਾ ਪਾਰਟੀ ਵੱਲੋਂ ਦਫਤਰ ਦਾ ਨੀਂਹ ਪੱਥਰ ਰੱਖਣ ਦੀ ਸੂਚਨਾ ਮਿਲਣ ਉਤੇ ਤੜਕਸਾਰ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਨੇ ਸਮਾਗਮ ਵਾਲੀ ਜਗ੍ਹਾ ‘ਤੇ ਧਰਨਾ ਲਾ ਦਿੱਤਾ। ਧਰਨੇ ਦੀ ਅਗਵਾਈ ਕਰ ਰਹੇ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਹਣ ਸਿੰਘ ਕੋਟੜਾ ਨੇ ਆਖਿਆ ਕਿ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੇ ਇਥੇ ਪਾਰਟੀ ਦਫਤਰ ਦਾ ਨੀਂਹ ਪੱਥਰ ਰੱਖਣ ਲਈ ਆਉਣਾ ਸੀ। ਸੁਵਖਤੇ ਹੀ ਇਸ ਦਾ ਪਤਾ ਲੱਗਣ ਉਤੇ ਸਾਰੇ ਕਿਸਾਨਾਂ ਨੂੰ ਸੁਨੇਹੇ ਪਹੁੰਚਾ ਕੇ ਸਮਾਗਮ ਵਾਲੀ ਥਾਂ ਇਕੱਠੇ ਹੋਣ ਲਈ ਕਿਹਾ ਗਿਆ। ਪਿੰਡਾਂ ‘ਚੋਂ ਕਿਸਾਨ ਫੌਰੀ ਸਬੰਧਤ ਥਾਂ ਉਤੇ ਵਹੀਰਾਂ ਘੱਤ ਕੇ ਪਹੁੰਚ ਗਏ ਅਤੇ ਸਮਾਗਮ ਵਾਲੀ ਜਗ੍ਹਾ ਅੱਗੇ ਧਰਨਾ ਲਾ ਦਿੱਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਇਨ੍ਹਾਂ ਜਾਬਰ ਹਥਕੰਡਿਆਂ ਖਿਲਾਫ ਪੰਜਾਬ ਦੀ ਕਿਸਾਨੀ ਵਿਰੋਧ ਕਰ ਰਹੀ ਹੈ ਪਰ ਪੰਜਾਬ ਵਿਚ ਮੱਚੀ ਹਾਹਾਕਾਰ ਦੌਰਾਨ ਭਾਜਪਾ ਆਪਣੇ ਆਗੂਆਂ ਨੂੰ ਇਥੇ ਭੇਜ ਕੇ ਬਲਦੀ ਉਤੇ ਤੇਲ ਪਾ ਰਹੀ ਹੈ ਤਾਂ ਕਿ ਕਿਸਾਨ ਸੰਘਰਸ਼ ਨੂੰ ਤਾਰਪੀਡੋ ਕੀਤਾ ਜਾ ਸਕੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕੇਂਦਰੀ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ, ਉਦੋਂ ਤੱਕ ਭਾਜਪਾ ਵੱਲੋਂ ਦਫਤਰ ਖੋਲ੍ਹਣੇ ਤਾਂ ਦੂਰ ਦੀ ਗੱਲ, ਅੱਕੇ ਹੋਏ ਲੋਕ ਭਾਜਪਾਈਆਂ ਨੂੰ ਪੰਜਾਬ ‘ਚ ਪੈਰ ਵੀ ਨਹੀਂ ਧਰਨ ਦੇਣਗੇ।
ਧਰਨੇ ਦੌਰਾਨ ਹੀ ਟੈਂਟ ਵਾਲਿਆਂ ਨੇ ਸਜੇ ਪੰਡਾਲ ਨੂੰ ਸਮੇਟਣਾ ਸ਼ੁਰੂ ਕਰ ਦਿੱਤਾ ਅਤੇ ਵੇਖਦਿਆਂ-ਵੇਖਦਿਆਂ ਹੀ ਕਾਫੀ ਸਾਜ਼ੋ-ਸਾਮਾਨ ਰੇਹੜਿਆਂ ‘ਤੇ ਲੱਦ ਲਿਆ। ਇਸ ਪਿੱਛੋਂ ਧਰਨਾਕਾਰੀਆਂ ਨੇ ਉਥੋਂ ਸ਼ਹਿਰ ਵਿਚ ਰੋਸ ਮਾਰਚ ਕਰਨ ਲਈ ਚਾਲੇ ਪਾ ਲਏ। ਨਾਅਰੇਬਾਜ਼ੀ ਕਰਦਿਆਂ ਉਨ੍ਹਾਂ ਪੁਰਾਣੇ ਬੱਸ ਅੱਡੇ ਤੱਕ ਰੋਸ ਮੁਜ਼ਾਹਰਾ ਕੀਤਾ।
ਸੰਗਰੂਰ ਵਿਚ ਵੀ ਕਿਸਾਨ ਜਥੇਬੰਦੀਆਂ ਨੇ ਭਾਜਪਾ ਵੱਲੋਂ ਦਫਤਰ ਖੋਲ੍ਹੇ ਜਾਣ ਦੇ ਉਲੀਕੇ ਪ੍ਰੋਗਰਾਮ ਦੇ ਵਿਰੋਧ ਵਿਚ ਰੋਸ ਮਾਰਚ ਕੀਤਾ ਗਿਆ ਜਦਕਿ ਭਾਕਿਯੂ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਸਾਰਾ ਦਿਨ ਭਾਜਪਾ ਦਫਤਰ ਅੱਗੇ ਰੋਸ ਧਰਨਾ ਦਿੱਤਾ। ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਤੇ ਕਿਸਾਨ ਬੀਬੀਆਂ ਨੇ ਭਾਜਪਾ ਦੇ ਦਫਤਰ ਵਾਲੀ ਥਾਂ ਦਾ ਘਿਰਾਓ ਕਰਦਿਆਂ ਰੋਸ ਧਰਨਾ ਦਿੱਤਾ ਜੋ ਸ਼ਾਮ ਤੱਕ ਜਾਰੀ ਰਿਹਾ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਗੋਬਿੰਦਰ ਸਿੰਘ ਮੰਗਵਾਲ ਨੇ ਕਿਹਾ ਕਿ ਪੰਜਾਬ ਦੀ ਬਰਬਾਦੀ ਲਈ ਖੇਤੀ ਕਾਨੂੰਨ ਲਿਆਉਣ ਵਾਲੀ ਭਾਜਪਾ ਵਿਰੁੱਧ ਪੰਜਾਬ ਭਰ ਵਿਚ ਰੋਸ ਹੈ। ਉਨ੍ਹਾਂ ਦਾਅਵਾ ਕੀਤਾ ਕਿ ਭਾਜਪਾ ਦਾ ਪੰਜਾਬ ਦੇ ਪੇਂਡੂ ਖੇਤਰ ‘ਚੋਂ ਸਫਾਇਆ ਕਰ ਦਿੱਤਾ ਗਿਆ ਹੈ ਅਤੇ ਹੁਣ ਭਾਜਪਾ ਨੂੰ ਸ਼ਹਿਰਾਂ ‘ਚੋਂ ਵੀ ਖਦੇੜਿਆ ਜਾਵੇਗਾ। ਉਨ੍ਹਾਂ ਐਲਾਨ ਕੀਤਾ ਕਿ ਸ਼ਹਿਰਾਂ ਵਿਚ ਭਾਜਪਾ ਨੂੰ ਦਫਤਰ ਨਹੀਂ ਖੋਲ੍ਹਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ 26 ਤੇ 27 ਨਵੰਬਰ ਦੇ ਦਿੱਲੀ ਮੋਰਚੇ ਲਈ ਤਿਆਰੀਆਂ ਵੱਡੇ ਪੱਧਰ ਉਤੇ ਜਾਰੀ ਹਨ।
_________________________________________________________
ਪੰਜਾਬ ਭਾਜਪਾ ਕਿਸਾਨਾਂ ਦਾ ਪੱਖ ਕੇਂਦਰ ਨੂੰ ਦੱਸੇ: ਸੁਖਬੀਰ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਪੰਜਾਬ ਭਾਜਪਾ ਨੂੰ ਕਰਾਰੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਘੱਟੋ-ਘੱਟ ਇਸ ਮਾਮਲੇ ਵਿਚ ਆਪਣਾ ਰੁਖ ਸਪੱਸ਼ਟ ਕਰੇ ਤੇ ਖੇਤੀ ਕਾਨੂੰਨਾਂ ਦੇ ਗੁਣਗਾਣ ਦੀ ਥਾਂ ਕਿਸਾਨਾਂ ਦਾ ਪੱਖ ਕੇਂਦਰ ਸਰਕਾਰ ਕੋਲ ਰੱਖੇ। ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਨੂੰ ਲਾਗੂ ਕਰ ਕੇ ਕੇਂਦਰ ਸਰਕਾਰ ਨੇ ਵੱਡਾ ਧੱਕਾ ਕੀਤਾ ਹੈ ਅਤੇ ਇਸ ਨਾਲ ਪੰਜਾਬ ਦੀ ਕਿਸਾਨੀ ਨੂੰ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਨੂੰ ਕਿਸਾਨਾਂ ਦਾ ਪੱਖ ਸੁਣਨਾ ਚਾਹੀਦਾ ਹੈ ਅਤੇ ਕੇਂਦਰ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ ਤਾਂ ਕਿ ਮਸਲੇ ਦਾ ਜਲਦੀ ਹੱਲ ਕੱਢਿਆ ਜਾ ਸਕੇ।