ਕਿਸਾਨਾਂ ਦੀ ਕਮਾਈ ਨਾਲ ਆੜ੍ਹਤੀਆਂ ਦੇ ਘਰ ਭਰੇ

ਚੰਡੀਗੜ੍ਹ: ਮਿੱਟੀ ਨਾਲ ਮਿੱਟੀ ਹੋ ਕੇ ਪਾਲੀ ਫਸਲ ਤੋਂ ਕਿਸਾਨ ਦੇ ਪੱਲੇ ਭਾਵੇਂ ਕੁਝ ਪਵੇ ਨਾ ਪਵੇ ਪਰ ਆੜ੍ਹਤੀਏ ਇਸ ਤੋਂ ਮੋਟੀ ਕਮਾਈ ਕਰ ਰਹੇ ਹਨ। ਪੰਜਾਬ ਵਿਚ ਆੜ੍ਹਤੀਆਂ ਦੀ ਕਮਾਈ ਕਿਸਾਨਾਂ ਦੀ ਆਮਦਨ ਤੇ ਸਰਕਾਰ ਵੱਲੋਂ ਵਸੂਲੀ ਜਾਂਦੀ ਮਾਰਕੀਟ ਫੀਸ ਨੂੰ ਵੀ ਮਾਤ ਪਾ ਗਈ ਹੈ। ਇਹ ਤੱਥ ਕਿਸਾਨਾਂ ਦੀਆਂ ਆੜ੍ਹਤੀਆਂ ਨਾਲ ਸਮੱਸਿਆਵਾਂ ਵਿਸ਼ੇ ‘ਤੇ ‘ਨੈਸ਼ਨਲ ਬੈਂਕ ਫਾਰ ਐਗਰੀਕਲਚਰ ਐਂਡ ਰੂਰਲ ਡਿਵੈਲਪਮੈਂਟ’ (ਨਾਬਾਰਡ) ਵੱਲੋਂ ਕਰਵਾਏ ਅਧਿਐਨ ਦੌਰਾਨ ਸਾਹਮਣੇ ਆਏ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀæਏæਯੂ) ਵੱਲੋਂ ਕੀਤੇ ਇਸ ਅਧਿਐਨ ਮੁਤਾਬਕ ਸੂਬੇ ਵਿਚ 33975 ਆੜ੍ਹਤੀਏ ਤੇ 20232 ਆੜ੍ਹਤੀ ਪਰਿਵਾਰ ਹਨ ਜਿਨ੍ਹਾਂ ਨੇ ਪਿਛਲੇ ਮਾਲੀ ਸਾਲ 2012-13 ਦੌਰਾਨ ਆੜ੍ਹਤ ਕਮਿਸ਼ਨ ਤੇ ਆੜ੍ਹਤ ਨਾਲ ਸਬੰਧਤ ਦੁਕਾਨਦਾਰੀ ਰਾਹੀਂ 2407 ਕਰੋੜ ਰੁਪਏ ਵੱਟੇ ਹਨ। ਪੀæਏæਯੂ ਦੇ ਅਰਥ ਸ਼ਾਸਤਰੀ ਡਾæ ਸੁਖਪਾਲ ਸਿੰਘ ਦੀ ਅਗਵਾਈ ਹੇਠ ਹੋਏ ਅਧਿਐਨ ਮੁਤਾਬਕ ਕਿਸਾਨਾਂ ਸਿਰ ਕਰਜ਼ੇ ਦੀ ਪੰਡ ਦਿਨ-ਬ-ਦਿਨ ਭਾਰੀ ਹੁੰਦੀ ਜਾ ਰਹੀ ਹੈ।
ਪੰਜਾਬ ਦੇ ਪ੍ਰਤੀ ਕਿਸਾਨ ਸਿਰ ਇਸ ਸਮੇਂ 2 ਲੱਖ 18 ਹਜ਼ਾਰ 92 ਰੁਪਏ ਦਾ ਕਰਜ਼ਾ ਹੈ। ਇਸ ਵਿਚੋਂ ਆੜ੍ਹਤੀਆਂ ਦਾ ਕਰਜ਼ਾ 91893 ਰੁਪਏ ਹੈ। ਮਾਹਿਰਾਂ ਮੁਤਾਬਕ ਸੂਬੇ ਦੇ 88 ਫੀਸਦੀ ਕਿਸਾਨ ਕਰਜ਼ੇ ਦੇ ਭਾਰ ਹੇਠ ਦੱਬੇ ਹੋਏ ਹਨ। ਅਧਿਐਨ ਮੁਤਾਬਕ 85 ਫੀਸਦੀ ਕਿਸਾਨ ਜਿਣਸਾਂ ਦੀ ਅਦਾਇਗੀ ਸਿੱਧੀ ਚਾਹੁੰਦੇ ਹਨ ਜਦੋਂ ਕਿ ਸਰਕਾਰ ਤੇ ਆੜ੍ਹਤੀਆਂ ਦੀ ਮਿਲੀਭੁਗਤ ਕਾਰਨ ਕਿਸਾਨਾਂ ਨੂੰ ਅਦਾਇਗੀ ਸਿੱਧੀ ਨਹੀਂ ਕੀਤੀ ਜਾ ਰਹੀ।
ਪੀæਏæਯੂ ਦੇ ਮਾਹਿਰਾਂ ਮੁਤਾਬਕ ਪਿਛਲੇ ਮਾਲੀ ਸਾਲ ਦੌਰਾਨ ਆੜ੍ਹਤੀਆਂ ਨੇ ਸਿਰਫ਼ ਜਿਣਸਾਂ (ਕਣਕ, ਝੋਨਾ ਤੇ ਨਰਮੇ) ਦੇ ਕਮਿਸ਼ਨ ਤੋਂ 1034 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਆੜ੍ਹਤੀਆਂ ਨੂੰ ਸਾਲ 1989-90 ਦੌਰਾਨ ਕਮਿਸ਼ਨ ਤੋਂ ਮਹਿਜ਼ 375æ59 ਕਰੋੜ ਰੁਪਏ ਦੀ ਆਮਦਨ ਹੁੰਦੀ ਸੀ।  ਮਾਹਿਰਾਂ ਨੇ ਅਧਿਐਨ ਵਿਚ ਦਾਅਵਾ ਕੀਤਾ ਹੈ ਕਿ ਆੜ੍ਹਤੀਆ ਸਿਰਫ਼ ਜਿਣਸਾਂ ‘ਤੇ ਕਮਿਸ਼ਨ ਹੀ ਨਹੀਂ ਕਮਾਉਂਦਾ ਸਗੋਂ ਹੋਰ ਦੁਕਾਨਦਾਰੀ ਦੌਰਾਨ ਵੀ ਕਿਸਾਨਾਂ ਦਾ ਰੱਜ ਕੇ ਸ਼ੋਸ਼ਣ ਕਰਦਾ ਹੈ।
ਆੜ੍ਹਤੀਆਂ ਨੇ ਖਾਦਾਂ, ਕੀੜੇਮਾਰ ਦਵਾਈਆਂ, ਕੱਪੜੇ ਤੇ ਰਾਸ਼ਨ ਦੀਆਂ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ ਤੇ ਕਿਸਾਨਾਂ ਨੂੰ ਇਨ੍ਹਾਂ ਦੁਕਾਨਾਂ ਤੋਂ ਹੀ ਸਾਮਾਨ ਖਰੀਦਣ ਲਈ ਮਜਬੂਰ ਕੀਤਾ ਜਾਂਦਾ ਹੈ। ਮਾਹਿਰਾਂ ਨੇ ਪਿਛਲੇ ਮਾਲੀ ਸਾਲ (2012-13) ਦਾ ਹਿਸਾਬ ਕਿਤਾਬ ਲਗਾਉਂਦਿਆਂ ਤੱਥ ਪੇਸ਼ ਕੀਤੇ ਹਨ ਕਿ ਆੜ੍ਹਤੀਆਂ ਨੇ ਉਕਤ ਦੁਕਾਨਦਾਰੀਆਂ ਤੇ ਜਿਣਸਾਂ ਉੱਤੇ ਮਿਲਦੇ ਕਮਿਸ਼ਨ ਰਾਹੀਂ ਕੁੱਲ 2407 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਹ ਕਮਾਈ ਪ੍ਰਤੀ ਆੜ੍ਹਤੀ ਪਰਿਵਾਰ 12 ਲੱਖ ਰੁਪਏ ਬਣਦੀ ਹੈ। ਇਹ ਆਮਦਨ ਹਰ ਸਾਲ ਵਧਦੀ ਹੀ ਜਾਂਦੀ ਹੈ।
ਪੰਜਾਬ ਦੇ ਕਿਸਾਨਾਂ ਸਿਰ ਚੜ੍ਹੇ ਕੁੱਲ ਕਰਜ਼ੇ ਦਾ 42æ13 ਫੀਸਦੀ ਕਰਜ਼ਾ ਆੜ੍ਹਤੀਆਂ ਦਾ ਹੈ। ਇਸ ਕਰਜ਼ੇ ਦੀ ਵਿਆਜ ਦਰ 12 ਤੋਂ 36 ਫੀਸਦੀ ਤੱਕ ਹੁੰਦੀ ਹੈ। ਪੰਜਾਬ ਵਿਚ ਸੰਸਥਾਗਤ ਕਰਜ਼ਾ ਚਾਰ ਤੋਂ 19 ਫੀਸਦੀ ਵਿਆਜ ਦਰਾਂ ‘ਤੇ ਕਿਸਾਨਾਂ ਨੂੰ ਮਿਲਦਾ ਹੈ। ਆੜ੍ਹਤੀਆਂ ਦੇ ਕਰਜ਼ੇ ਦੀ ਵਿਆਜ ਦਰ 12 ਤੋਂ 36 ਫੀਸਦੀ ਹੋਣ ਕਾਰਨ ਇਕ ਲੱਖ ਦੇ ਕਰਜ਼ੇ ਮਗਰ ਕਿਸਾਨ ਤੋਂ ਵਿਆਜ ਵਜੋਂ ਆੜ੍ਹਤੀਆ ਬੈਂਕ ਨਾਲੋਂ 7702 ਰੁਪਏ ਵਧੇਰੇ ਵਸੂਲ ਕਰਦਾ ਹੈ।
ਆੜ੍ਹਤੀਆਂ ਵੱਲੋਂ ਕਿਸਾਨਾਂ ਦਾ ਸ਼ੋਸ਼ਣ ਹੀ ਨਹੀਂ ਕੀਤਾ ਜਾਂਦਾ ਸਗੋਂ ਕਰਾਂ ਦੀ ਚੋਰੀ ਕਰਕੇ ਸਰਕਾਰ ਨੂੰ ਚੂਨਾ ਵੀ ਲਾਇਆ ਜਾਂਦਾ ਹੈ। ਇਸ ਅਧਿਐਨ ਮੁਤਾਬਕ ਸਾਲ 2012-13 ਦੌਰਾਨ ਆੜ੍ਹਤੀਆਂ ਵੱਲੋਂ ਜਿਸ ਤਰ੍ਹਾਂ ‘ਜੇ’ ਫਾਰਮ ਨਹੀਂ ਦਿੱਤਾ ਗਿਆ, ਉਸ ਨਾਲ 76 ਲੱਖ ਰੁਪਏ ਦੇ ਕਰਾਂ ਦੀ ਚੋਰੀ ਹੋਈ ਹੈ। ਆੜ੍ਹਤੀਆਂ ਨੂੰ ਕਿਸਾਨਾਂ ਵੱਲੋਂ ਮੰਡੀ ਵਿਚ ਵੇਚੀਆਂ ਜਾਂਦੀਆਂ ਜਿਣਸਾਂ ‘ਤੇ 26 ਮਈ, 1961 ਨੂੰ 1æ5 ਫੀਸਦੀ ਕਮਿਸ਼ਨ ਮਿਲਦਾ ਸੀ ਜੋ ਸਰਕਾਰ ਨੇ 11 ਅਪਰੈਲ, 1990 ਨੂੰ ਦੋ ਫੀਸਦੀ ਤੇ ਫਿਰ 22 ਮਈ 1998 ਨੂੰ ਢਾਈ ਫੀਸਦੀ ਕਰ ਦਿੱਤਾ।
ਇਹ ਤੱਥ ਵੀ ਮਹੱਤਵਪੂਰਨ ਹੈ ਕਿ ਫਸਲਾਂ ਦਾ ਸਮਰਥਨ ਮੁੱਲ ਵਧਣ ਨੇ ਨਾਲ ਹੀ ਆੜ੍ਹਤੀਆਂ ਦਾ ਕਮਿਸ਼ਨ ਵੀ ਵਧ ਜਾਂਦਾ ਹੈ। ਇਨ੍ਹਾਂ ਤੱਥਾਂ ਤੋਂ ਸਪੱਸ਼ਟ ਹੈ ਕਿ ਸਰਕਾਰ ਨੇ ਹਮੇਸ਼ਾ ਆੜ੍ਹਤੀਆਂ ਦਾ ਪੱਖ ਪੂਰਿਆ ਹੈ ਜਦੋਂਕਿ ਆੜ੍ਹਤੀਆਂ ‘ਤੇ ਕਿਸਾਨਾਂ ਦਾ ਸ਼ੋਸ਼ਣ ਕਰਨ ਦੇ ਦੋਸ਼ ਲੱਗਦੇ ਹਨ।
ਪੀæਏæਯੂ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਜਿਣਸਾਂ ਦੀ ਸਿੱਧੀ ਅਦਾਇਗੀ ਬਾਰੇ ਜਾਣਨਾ ਚਾਹਿਆ ਤਾਂ ਇਸ ਭਖਦੇ ਮੁੱਦੇ ‘ਤੇ ਦੋਹਾਂ ਧਿਰਾਂ (ਕਿਸਾਨਾਂ ਤੇ ਆੜ੍ਹਤੀਆਂ) ਵੱਲੋਂ ਆਪਾ-ਵਿਰੋਧੀ ਗੱਲਾਂ ਕਹੀਆਂ ਗਈਆਂ ਹਨ।
ਸਿੱਧੀ ਅਦਾਇਗੀ ਬਾਰੇ 90 ਫੀਸਦੀ ਆੜ੍ਹਤੀਆਂ ਦਾ ਕਹਿਣਾ ਹੈ ਕਿ ਜੇ ਜਿਣਸਾਂ ਦੀ ਅਦਾਇਗੀ ਸਿੱਧੀ ਹੋ ਜਾਂਦੀ ਹੈ ਤਾਂ ਕਿਸਾਨਾਂ ਨੂੰ ਦਿੱਤੇ ਗਏ ਕਰਜ਼ੇ ਦੀ ਵਸੂਲੀ ਸੰਭਵ ਨਹੀਂ। ਕਿਸਾਨਾਂ ਨਾਲ ਗੱਲ ਕੀਤੀ ਤਾਂ 85 ਫੀਸਦੀ ਕਿਸਾਨਾਂ ਨੇ ਸਿੱਧੀ ਅਦਾਇਗੀ ਦੀ ਮੰਗ ਕੀਤੀ, 50 ਫੀਸਦੀ ਕਿਸਾਨ ਆੜ੍ਹਤੀ ਸਿਸਟਮ ਰੱਖਣ ਦੇ ਪੱਖ ਵਿਚ ਵੀ ਹਨ, 25 ਫੀਸਦੀ ਕਿਸਾਨ ਆੜ੍ਹਤੀਆ ਸਿਸਟਮ ਨੂੰ ਨਿਯਮਤ ਕਰਨ ਦੇ ਪੱਖ ਵਿਚ ਹਨ ਤੇ 24 ਫੀਸਦੀ ਮੌਜੂਦਾ ਸਿਸਟਮ ਪੱਖੀ। ਇਸ ਤਰ੍ਹਾਂ ਨਾਲ ਬਹੁ-ਗਿਣਤੀ ਕਿਸਾਨ ਆੜ੍ਹਤੀਆਂ ਦੇ ਚੁੰਗਲ ਵਿਚੋਂ ਨਿਕਲਣਾ ਚਾਹੁੰਦੇ ਹਨ।
______________________________________
ਹਰ ਕਿਸਾਨ 2æ18 ਲੱਖ ਦਾ ਕਰਜ਼ਈ
ਪੰਜਾਬ ਵਿਚ ਪ੍ਰਤੀ ਕਿਸਾਨ ਪਰਿਵਾਰ ਸਿਰ ਇਸ ਸਮੇਂ ਦੋ ਲੱਖ 18 ਹਜ਼ਾਰ 92 ਰੁਪਏ ਦਾ ਕਰਜ਼ਾ ਹੈ। ਇਸ ਵਿਚੋਂ ਸੀਮਾਂਤ ਕਿਸਾਨਾਂ ਸਿਰ ਪ੍ਰਤੀ ਕਿਸਾਨ ਪਰਿਵਾਰ ਇਕ ਲੱਖ ਸੱਤ ਹਜ਼ਾਰ 216 ਰੁਪਏ, ਛੋਟੇ ਕਿਸਾਨ ਪਰਿਵਾਰਾਂ ਸਿਰ ਪ੍ਰਤੀ ਪਰਿਵਾਰ ਇਕ ਲੱਖ 46 ਹਜ਼ਾਰ 859 ਰੁਪਏ, ਅਰਧ ਦਰਮਿਆਨੇ ਕਿਸਾਨ ਪਰਿਵਾਰ ਸਿਰ ਦੋ ਲੱਖ 28 ਹਜ਼ਾਰ 949 ਰੁਪਏ, ਦਰਮਿਆਨੇ ਕਿਸਾਨ ਪਰਿਵਾਰ ਸਿਰ ਦੋ ਲੱਖ 42 ਹਜ਼ਾਰ 146 ਰੁਪਏ, ਵੱਡੇ ਕਿਸਾਨਾਂ ਸਿਰ ਤਿੰਨ ਲੱਖ 97 ਹਜ਼ਾਰ 883 ਰੁਪਏ ਦਾ ਕਰਜ਼ਾ ਹੈ। ਪੰਜਾਬ ਦੀਆਂ ਤਿੰਨੇ ਯੂਨੀਵਰਸਿਟੀਆਂ ਵੱਲੋਂ ਕੀਤੀ ਗਣਨਾ ਮੁਤਾਬਕ ਸੂਬੇ ਵਿਚ ਤਕਰੀਬਨ ਪੰਜ ਹਜ਼ਾਰ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਹਨ।
_______________________________________
ਜੱਟਾਂ ਨੂੰ ਵੀ ਆੜ੍ਹਤ ਦਾ ਚਸਕਾ
ਅਧਿਐਨ ਮੁਤਾਬਕ ਪਿਛਲੇ ਸਾਲਾਂ ਤੋਂ ਜੱਟਾਂ ਵਿਚ ਆੜ੍ਹਤ ਕਰਨ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਆੜ੍ਹਤ ਦੇ ਕੰਮ ਵਿਚ ਇਸ ਸਮੇਂ 18æ33 ਫੀਸਦੀ ਜੱਟ ਹਨ। ਇਸੇ ਤਰ੍ਹਾਂ ਬਾਣੀਆਂ ਭਾਈਚਾਰੇ ਨਾਲ ਸਬੰਧਤ ਆੜ੍ਹਤੀਆਂ ਦੀ ਗਿਣਤੀ 55 ਫੀਸਦੀ, 15 ਫੀਸਦੀ ਖੱਤਰੀ, 6æ67 ਫੀਸਦੀ ਬਾਹਮਣ ਤੇ ਪੰਜ ਫੀਸਦੀ ਹੋਰ ਜਾਤੀਆਂ ਨਾਲ ਸਬੰਧਤ ਹਨ।
ਅਧਿਐਨ ਦੌਰਾਨ ਰੌਚਕ ਤੱਥ ਇਹ ਵੀ ਸਾਹਮਣੇ ਆਇਆ ਹੈ ਕਿ 40 ਫੀਸਦੀ ਵਿਅਕਤੀਆਂ ਨੇ ਖ਼ੁਦ ਆੜ੍ਹਤ ਸ਼ੁਰੂ ਕੀਤੀ ਹੈ ਜਦੋਂਕਿ 25 ਫੀਸਦੀ ਅਜਿਹੇ ਹਨ ਜਿਨ੍ਹਾਂ ਦੇ ਦਾਦੇ ਨੇ ਆੜ੍ਹਤ ਦਾ ਕੰਮ ਸ਼ੁਰੂ ਕੀਤਾ ਤੇ ਅੱਗੇ ਚੱਲ ਰਿਹਾ ਹੈ। ਇਸੇ ਤਰ੍ਹਾਂ 35 ਫੀਸਦੀ ਆੜ੍ਹਤੀਆਂ ਵੱਲੋਂ ਪਿਤਾ ਦੇ ਸ਼ੁਰੂ ਕੀਤੇ ਕੰਮ ਨੂੰ ਚਲਾਇਆ ਜਾ ਰਿਹਾ ਹੈ।

Be the first to comment

Leave a Reply

Your email address will not be published.