ਜਥੇਦਾਰ ਵੱਲੋਂ ਅਕਾਲੀ ਦਲ ਦੇ ਹੱਕ ‘ਚ ਡਟਣ ਦੇ ਸੁਨੇਹੇ ਉਤੇ ਵਿਵਾਦ ਭਖਿਆ

ਅੰਮ੍ਰਿਤਸਰ: ਸ਼੍ਰੋਮਣੀ ਕਮੇਟੀ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਸੰਦੇਸ਼ ਉਤੇ ਵਿਵਾਦ ਭਖ ਗਿਆ ਹੈ। ਜਿਥੇ ਸਿੱਖ ਜਥੇਬੰਦੀਆਂ ਜਥੇਦਾਰ ਨੂੰ ਘੇਰ ਰਹੀਆਂ ਹਨ, ਉਥੇ ਅਕਾਲੀ ਦਲ ਬਾਗੋ ਬਾਗ ਜਾਪ ਰਿਹਾ ਹੈ। ਦੱਸ ਦਈਏ ਕਿ ਜਥੇਦਾਰ ਨੇ ਸਥਾਪਨਾ ਦਿਵਸ ਮੌਕੇ ਆਪਣੇ ਸੰਦੇਸ਼ ਵਿਚ ਜਿਥੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਗੈਰ-ਜਮਹੂਰੀ ਅਤੇ ਈ.ਵੀ.ਐਮ. ਦੀ ਮਦਦ ਰਾਹੀਂ ਬਣੀ ਸਰਕਾਰ ਕਰਾਰ ਦਿੱਤਾ, ਉਥੇ ਅਕਾਲੀ ਦਲ ਦੇ ਹੱਕ ਵਿਚ ਡਟ ਕੇ ਖੜ੍ਹਨ ਦਾ ਸੁਨੇਹਾ ਦੇ ਦਿੱਤਾ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਤੋਂ ਬਾਅਦ ਅਕਾਲੀ ਦਲ ਦਾ ਜਨਮ ਹੋਇਆ, ਜਿਸ ਕਰਕੇ ਸ਼੍ਰੋਮਣੀ ਕਮੇਟੀ ਮਾਂ ਹੈ ਤੇ ਅਕਾਲੀ ਦਲ ਉਸ ਦਾ ਪੁੱਤਰ ਹੈ, ਜਿਸ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਕਿਉਂਕਿ ਪੰਥ ਫਿਰ ਖਤਰੇ ਵਿਚ ਹੈ। ਇਸ ਦਾ ਵਿਰੋਧ ਕਰਦਿਆਂ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਦਲਾਂ ਦੇ ਪੱਖ ਵਿਚ ਭੁਗਤ ਕੇ ਗਿਆਨੀ ਹਰਪ੍ਰੀਤ ਸਿੰਘ ਨੇ ਪੰਥ ‘ਚੋਂ ਆਪਣਾ ਮਾਣ-ਸਤਿਕਾਰ ਗਵਾ ਲਿਆ ਹੈ।
ਦਲ ਖਾਲਸਾ ਨੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਲੋਂ ਸ਼ਤਾਬਦੀ ਸਮਾਗਮ ਮੌਕੇ ਦਿੱਤੇ ਸੰਦੇਸ਼ ‘ਤੇ ਪ੍ਰਤੀਕਰਮ ਪ੍ਰਗਟ ਕਰਦਿਆਂ ਇਸ ਨੂੰ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਨੂੰ ਛੁਟਿਆਉਣ ਦਾ ਦੋਸ਼ ਲਗਾਇਆ ਹੈ। ਜਥੇਬੰਦੀ ਦੇ ਮੁੱਖ ਬੁਲਾਰੇ ਕੰਵਰਪਾਲ ਸਿੰਘ ਵਲੋਂ ਜਾਰੀ ਬਿਆਨ ਵਿਚ ਜਥੇਬੰਦੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਦੋਸ਼ ਲਗਾਇਆ ਕਿ ਅਕਾਲੀ ਦਲ ਦੀ ਰਾਜਸੀ ਤਾਕਤ ਸਾਹਵੇਂ ਬੇਵੱਸ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਆਪ ਨੂੰ ਅਕਾਲੀ ਦਲ ਬਾਦਲ ਦੇ ਬੁਲਾਰੇ ਡਾ. ਚੀਮਾ ਦੇ ਪੱਧਰ ਉਤੇ ਲਿਆ ਖੜ੍ਹਾ ਕੀਤਾ ਹੈ।
ਭਾਰਤੀ ਜਨਤਾ ਪਾਰਟੀ ਕਿਸਾਨ ਮੋਰਚਾ ਦੇ ਸੂਬਾ ਸਕੱਤਰ ਸੁਖਮਿੰਦਰਪਾਲ ਸਿੰਘ ਗਰੇਵਾਲ ਨੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੂੰ ਸਲਾਹ ਦਿੰਦਿਆਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਬੁਲਾਰੇ ਦੇ ਰੂਪ ‘ਚ ਕੰਮ ਕਰਨਾ ਬੰਦ ਕਰਨ, ਕਿਉਂਕਿ ਉਹ ਸਿੱਖਾਂ ਦੀ ਸਰਵਉਚ ਸੰਸਥਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹਨ, ਉਨ੍ਹਾਂ ਨੂੰ ਆਪਣੀ ਧਾਰਮਿਕ ਜਿੰਮੇਵਾਰੀ ਨਿਰਪੱਖ ਤਰੀਕੇ ਨਾਲ ਨਿਭਾਉਣੀ ਚਾਹੀਦੀ ਹੈ। ਗਰੇਵਾਲ ਨੇ ਕਿਹਾ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਦਿਲ ਤੋਂ ਸਤਿਕਾਰ ਕਰਦੇ ਹਨ, ਪ੍ਰੰਤੂ ਸਰਵਉਚ ਅਕਾਲ ਤਖਤ ਸਾਹਿਬ ਦੇ ਮੰਚ ਨੂੰ ਰਾਜਨੀਤੀ ਲਈ ਵਰਤਣ ਨਾਲ ਉਨ੍ਹਾਂ ਦੇ ਮਨ ਨੂੰ ਠੇਸ ਪੁੱਜੀ ਹੈ।
ਉਧਰ, ਭਾਜਪਾ ਆਗੂ ਗਰੇਵਾਲ ਵੱਲੋਂ ਸ੍ਰੀ ਅਕਾਲ ਤਖਤ ਦੇ ਜਥੇਦਾਰ ਬਾਰੇ ਕੀਤੀ ਟਿੱਪਣੀ ਦਾ ਸਖਤ ਨੋਟਿਸ ਲੈਂਦਿਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਅਕਾਲ ਤਖਤ ਦਾ ਸਿੱਖ ਧਰਮ ਵਿਚ ਰੁਤਬਾ ਸਰਵਉੱਚ ਹੈ, ਇਸ ਲਈ ਜਥੇਦਾਰ ਵਿਰੁੱਧ ਕਿਸੇ ਵੀ ਸਿਆਸੀ ਆਗੂ ਦੀ ਟਿੱਪਣੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲ ਤਖਤ ਮੀਰੀ ਪੀਰੀ ਦਾ ਪ੍ਰਤੀਕ ਹੈ, ਜਿਸ ਕਰਕੇ ਸਿੱਖਾਂ ਨੂੰ ਧਾਰਮਿਕ ਸ਼ਕਤੀ ਦੇ ਨਾਲ ਰਾਜਨੀਤਕ ਚੇਤਨਾ ਵੀ ਮਿਲਦੀ ਹੈ। ਜਥੇਦਾਰ ਵਲੋਂ ਦੇਸ਼ ਦੇ ਮੌਜੂਦਾ ਸਿਆਸੀ ਹਾਲਾਤਾਂ ਦੀ ਸੱਚਾਈ ਬਿਆਨ ਕਰਨ ‘ਤੇ ਕੁਝ ਸਿਆਸੀ ਜਮਾਤਾਂ ਦੇ ਆਗੂਆਂ ਨੂੰ ਇਹ ਬਿਆਨ ਚੁੱਭਿਆ ਹੈ। ਉਨ੍ਹਾਂ ਕਿਹਾ ਕਿ ਜਥੇਦਾਰ ਨੇ ਬਿਲਕੁਲ ਸੱਚ ਬਿਆਨਿਆ ਹੈ। ਪਿਛਲੇ ਸਮੇਂ ਤੋਂ ਲਗਾਤਾਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਿੱਖਾਂ ਦੇ ਇਤਿਹਾਸਕ ਅਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਦੇਸ਼ ਵਿਚ ਘੱਟ ਗਿਣਤੀ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਸਾਢੇ ਤਿੰਨ ਦਹਾਕੇ ਬੀਤ ਜਾਣ ਦੇ ਬਾਅਦ ਵੀ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਮਿਲੀਆਂ। ਇਸ ਦੇ ਬਾਵਜੂਦ ਅੱਜ ਵੀ ਸਿੱਖਾਂ ਨੂੰ ਦਬਾਉਣ ਦੀਆਂ ਸਾਜ਼ਿਸ਼ਾਂ ਜਾਰੀ ਹਨ। ਜੇਕਰ ਸ੍ਰੀ ਅਕਾਲ ਤਖਤ ਨੇ ਸੱਚਾਈ ਨੂੰ ਦਰਸਾਉਣ ਵਾਲਾ ਬਿਆਨ ਦਿੱਤਾ ਹੈ ਤਾਂ ਇਸ ਦਾ ਵਿਰੋਧ ਕਰਨ ਦੀ ਥਾਂ ਸੱਤਾਧਾਰੀ ਸਿਆਸੀ ਪਾਰਟੀਆਂ ਨੂੰ ਆਤਮ ਮੰਥਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਗਰੇਵਾਲ ਇਸ ਮਾਮਲੇ ਵਿਚ ਕੇਂਦਰ ਸਰਕਾਰ ਨੂੰ ਨਸੀਹਤ ਦੇਣ। ਉਨ੍ਹਾਂ ਦਾ ਜਥੇਦਾਰ ਸਬੰਧੀ ਗੈਰ ਇਖਲਾਕੀ ਬਿਆਨ ਨਾ ਬਰਦਾਸ਼ਤਯੋਗ ਹੈ, ਉਨ੍ਹਾਂ ਨੂੰ ਆਪਣੇ ਦਾਇਰੇ ਵਿਚ ਰਹਿਣਾ ਚਾਹੀਦਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਸਕੱਤਰ ਜਨਰਲ ਡਾ. ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਅਕਾਲ ਤਖਤ ਦੇ ਜਥੇਦਾਰ ਨੇ ਜਿਸ ਢੰਗ ਨਾਲ ਕੌਮ ਨੂੰ ਸੁਚੇਤ ਕੀਤਾ ਹੈ, ਸ਼੍ਰੋਮਣੀ ਅਕਾਲੀ ਦਲ ਉਨ੍ਹਾਂ ਦਾ ਡਟ ਕੇ ਸਮਰਥਨ ਕਰਦਾ ਹੈ। ਉਨ੍ਹਾਂ ਆਖਿਆ ਕਿ ਜਥੇਦਾਰ ਵਲੋਂ ਦੁਸ਼ਮਣ ਤਾਕਤਾਂ ਤੋਂ ਸੁਚੇਤ ਹੋਣ ਲਈ ਕਿਹਾ ਗਿਆ ਹੈ, ਜਿਸ ਬਾਰੇ ਭਾਜਪਾ ਆਗੂ ਗਰੇਵਾਲ ਵਲੋਂ ਦਿੱਤਾ ਬਿਆਨ ਮੰਦਭਾਗਾ ਹੈ। ਚੀਮਾ ਨੇ ਕਿਹਾ ਕਿ ਬਤੌਰ ਸਿੱਖ ਸ੍ਰੀ ਗਰੇਵਾਲ ਨੂੰ ਆਪਣੇ ਸ਼ਬਦ ਵਾਪਸ ਲੈਣੇ ਚਾਹੀਦੇ ਹਨ ਅਤੇ ਮੁਆਫੀ ਮੰਗਣੀ ਚਾਹੀਦੀ ਹੈ।
__________________________________________
ਕਾਂਗਰਸ ਨੇ ਖਾਲਸਈ ਸਰੂਪ ‘ਚ ਕੈਟ ਪੈਦਾ ਕੀਤੇ: ਸੁਖਬੀਰ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਜਿਵੇਂ ਖਾੜਕੂਵਾਦ ਸਮੇਂ ਪੁਲਿਸ ਨੇ ਆਪਣੀ ਮਦਦ ਲਈ ਕੈਟ ਪੈਦਾ ਕੀਤੇ ਸਨ, ਉਵੇਂ ਹੀ ਕਾਂਗਰਸ ਨੇ ਖਾਲਸਈ ਸਰੂਪ ‘ਚ ਸਿਆਸੀ ਕੈਟ ਪੈਦਾ ਕੀਤੇ ਹੋਏ ਹਨ, ਜੋ ਆਪਣੇ ਆਪ ਨੂੰ ਧਾਰਮਿਕ ਅਖਵਾਉਂਦੇ ਹਨ ਪਰ ਕੈਪਟਨ ਦੇ ਕਹਿਣ ਅਨੁਸਾਰ ਸਿੱਖ ਕੌਮ ਤੇ ਸਿੱਖੀ ਸੰਸਥਾਵਾਂ ਨੂੰ ਕਮਜ਼ੋਰ ਕਰਨ ਦੇ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਕਾਂਗਰਸ ਦਾ ਭਵਿੱਖ ਬਿਲਕੁਲ ਖਤਮ ਹੈ ਤੇ ਕਾਂਗਰਸ ਦੀ ਲੀਡਰਸ਼ਿਪ ਸੰਕਟ ‘ਚ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਬਣਿਆਂ 4 ਸਾਲ ਹੋ ਗਏ ਹਨ, ਉਹ ਇਕ ਵੀ ਕੰਮ ਦੱਸ ਦੇਣ, ਜੋ ਉਨ੍ਹਾਂ ਪੰਜਾਬ ਵਾਸਤੇ ਕੀਤਾ ਹੋਵੇ।