ਕਰੋਨਾ ਵੈਕਸੀਨ ਬਾਰੇ ਦਾਅਵਿਆਂ ਨੇ ਜਗਾਈ ਆਸ ਦੀ ਕਿਰਨ

ਨਵੀਂ ਦਿੱਲੀ: ਦੁਨੀਆਂ ਭਰ ਵਿਚ ਤਬਾਹੀ ਮਚਾਉਣ ਵਾਲੀ ਕਰੋਨਾ ਮਹਾਮਾਰੀ ਤੋਂ ਰਾਹਤ ਮਿਲਣ ਦੀ ਆਸ ਬੱਝਣ ਲੱਗੀ ਹੈ। ਇਸ ਮਹਾਮਾਰੀ ਦੇ ਟਾਕਰੇ ਲਈ ਬਹੁਤੀਆਂ ਕੰਪਨੀਆਂ ਪ੍ਰਭਾਵਸ਼ਾਲੀ ਟੀਕੇ ਤਿਆਰ ਕਰਨ ਦੇ ਨਜ਼ਦੀਕ ਪੁੱਜ ਗਈਆਂ ਹਨ। ਬਰਤਾਨੀਆ ਦਾ ਆਕਸਫੋਰਡ ਐਸਟਰਾਜੈਨਿਕਾ ਟੀਕਾ ਵੀ ਵੱਡੀ ਹੱਦ ਤੱਕ ਸਫਲ ਹੋ ਚੁੱਕਾ ਹੈ। ਭਾਰਤ ਵਲੋਂ ਇਸ ਦੀਆਂ ਵੀ 150 ਕਰੋੜ ਖੁਰਾਕਾਂ ਦਾ ਆਰਡਰ ਦਿੱਤਾ ਜਾ ਚੁੱਕਾ ਹੈ।

ਇਸ ਟੀਕੇ ਦੇ ਵੰਡਣ ਦੀ ਪ੍ਰਕਿਰਿਆ ਇਸੇ ਸਾਲ ਅਖੀਰ ਵਿਚ ਸ਼ੁਰੂ ਹੋ ਸਕਦੀ ਹੈ। ਹੁਣ ਹੋਰ ਵੀ ਵੱਡੀ ਖੁਸ਼ੀ ਦੀ ਗੱਲ ਇਹ ਆਈ ਹੈ ਕਿ ਅਮਰੀਕਾ ਦੀਆਂ ਦੋ ਕੰਪਨੀਆਂ ਫਾਈਜ਼ਰ ਅਤੇ ਮਾਡਰਨਾ ਨੇ ਇਹ ਐਲਾਨ ਕੀਤਾ ਹੈ ਕਿ ਉਨ੍ਹਾਂ ਨੇ ਪ੍ਰਭਾਵਸ਼ਾਲੀ ਟੀਕਾ ਤਿਆਰ ਕਰਨ ਵਿਚ ਸਫਲਤਾ ਪ੍ਰਾਪਤ ਕਰ ਲਈ ਹੈ। ਫਾਈਜ਼ਰ ਵੈਕਸੀਨ 95 ਫੀਸਦੀ ਕਾਰਗਰ ਸਾਬਤ ਹੋਣ ਦਾ ਦਾਅਵਾ ਕੀਤਾ ਗਿਆ ਹੈ ਜਦੋਂ ਕਿ ਮਾਡਰਨਾ ਨੇ ਆਪਣੀ ਸਫਲਤਾ 94.5 ਫੀਸਦੀ ਐਲਾਨੀ ਹੈ।
ਇਨ੍ਹਾਂ ਸਬੰਧੀ ਵੱਡੀ ਪੱਧਰ ਉਤੇ ਕਰਾਰ ਕੀਤੇ ਜਾਣ ਦੀਆਂ ਖਬਰਾਂ ਮਿਲ ਰਹੀਆਂ ਹਨ। ਕੁਝ ਮਹੀਨੇ ਪਹਿਲਾਂ ਰੂਸ ਵਿਚ ਈਜਾਦ ਕੀਤੇ ਗਏ ਸਪੂਤਨਿਕ ਟੀਕੇ ਨੂੰ ਮਾਰਕੀਟ ਵਿਚ ਉਤਾਰਿਆ ਗਿਆ ਸੀ। ਇਸ ਦੇ ਵੱਡੀ ਹੱਦ ਤੱਕ ਪ੍ਰਭਾਵਸ਼ਾਲੀ ਹੋਣ ਦਾ ਦਾਅਵਾ ਵੀ ਕੀਤਾ ਗਿਆ ਸੀ। ਇਸ ਦੇ ਆਧਾਰ ਉਤੇ ਹੀ ਹੁਣ ਤੱਕ ਰੂਸ ਵਿਚ ਲੱਖਾਂ ਵਿਅਕਤੀਆਂ ਨੂੰ ਇਹ ਟੀਕੇ ਲਗਾਏ ਜਾ ਚੁੱਕੇ ਹਨ। ਇਸ ਦੀ ਕੁਸ਼ਲਤਾ ਨੂੰ ਦੇਖਦੇ ਹੋਏ ਭਾਰਤ ਨੇ ਵੀ ਕਰੋੜਾਂ ਖੁਰਾਕਾਂ ਦਾ ਆਰਡਰ ਦਿੱਤਾ ਹੈ।
ਕੰਪਨੀਆਂ ਵਲੋਂ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਟੀਕੇ ਹਰ ਉਮਰ ਤੇ ਹਰ ਨਸਲ ਦੇ ਲੋਕਾਂ ਲਈ ਪ੍ਰਭਾਵਸ਼ਾਲੀ ਸਿੱਧ ਹੋਏ ਹਨ। ਇਨ੍ਹਾਂ ਦਾ ਕੋਈ ਉਲਟ ਪ੍ਰਭਾਵ ਸਾਹਮਣੇ ਨਹੀਂ ਆਇਆ, ਜਿਸ ਕਰਕੇ ਇਹ ਹਰ ਦੇਸ਼ ਵਿਚ ਵਰਤੋਂ ਲਈ ਭੇਜੇ ਜਾ ਸਕਦੇ ਹਨ। ਇਨ੍ਹਾਂ ਕੰਪਨੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਉਤੇ ਇਹ ਪ੍ਰਭਾਵਸ਼ਾਲੀ ਸਿੱਧ ਹੋਏ ਹਨ। ਹੁਣ ਇਸ ਮੁਸ਼ਕਲ ਦਾ ਹੱਲ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ ਕਿ ਇਨ੍ਹਾਂ ਟੀਕਿਆਂ ਨੂੰ ਬਹੁਤ ਹੀ ਠੰਢੇ ਤਾਪਮਾਨ ਵਿਚ ਕਿਵੇਂ ਰੱਖਿਆ ਜਾਣਾ ਹੈ। ਇਸ ਕਾਰਨ ਇਨ੍ਹਾਂ ਦੇ ਭੰਡਾਰਨ ਵਿਚ ਮੁਸ਼ਕਲਾਂ ਦਰਪੇਸ਼ ਹਨ ਪਰ ਇਸ ਦੇ ਮੁਕਾਬਲੇ ਵਿਚ ਨੋਵਲਾ ਵੈਕਸ, ਆਕਸਫੋਰਡ ਐਸਟਰਾਜੈਨਿਕਾ ਤੇ ਸਪੂਤਨਿਕ ਵੈਕਸੀਨਾਂ ਦੇ ਘੱਟ ਠੰਢੇ ਤਾਪਮਾਨ ਵਿਚ ਵੀ ਪ੍ਰਭਾਵਸ਼ਾਲੀ ਹੋਣ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਦੀ ਵੱਡੀ ਪੱਧਰ ਉਤੇ ਉਪਲਬਧਤਾ ਦੇ ਨਾਲ-ਨਾਲ ਕੀਮਤ, ਭੰਡਾਰਨ ਅਤੇ ਇਨ੍ਹਾਂ ਦੀ ਵੰਡ ਵੀ ਇਕ ਵੱਡਾ ਚੁਣੌਤੀਪੂਰਨ ਕੰਮ ਹੋਵੇਗਾ। ਪਰ ਇਸ ਗੱਲ ਦੀ ਕਾਫ਼ੀ ਸੰਭਾਵਨਾ ਹੈ ਕਿ ਆਉਂਦੇ ਸੀਮਤ ਸਮੇਂ ਵਿਚ ਕਰੋਨਾ ਵਾਇਰਸ ਦਾ ਪ੍ਰਭਾਵੀ ਟੀਕਾਕਰਨ ਸ਼ੁਰੂ ਹੋ ਜਾਏਗਾ ਜੋ ਦੁਨੀਆ ਭਰ ਲਈ ਇਕ ਵੱਡੀ ਰਾਹਤ ਹੋ ਸਕਦੀ ਹੈ।
____________________________________________
ਕ੍ਰਿਸਮਸ ਤੋਂ ਪਹਿਲਾਂ ਆ ਸਕਦੀ ਹੈ ਫਾਇਜ਼ਰ ਵਾਲੀ ਵੈਕਸੀਨ
ਵਾਸ਼ਿੰਗਟਨ: ਜੇਕਰ ਸਭ ਕੁਝ ਠੀਕ ਰਿਹਾ ਤਾਂ ਫਾਇਜ਼ਰ ਤੇ ਬਾਇਓਐਨਟੈੱਕ ਵੱਲੋਂ ਵਿਕਸਤ ਕਰੋਨਾ ਵੈਕਸੀਨ ਦੀ ਡਲਿਵਰੀ ਕ੍ਰਿਸਮਸ ਤੋਂ ਪਹਿਲਾਂ ਸ਼ੁਰੂ ਹੋ ਸਕਦੀ ਹੈ। ਫਾਇਜ਼ਰ ਵੱਲੋਂ ਤਿਆਰ ਵੈਕਸੀਨ ਟਰਾਇਲ ਦੇ ਤੀਜੇ ਤੇ ਆਖਰੀ ਗੇੜ ਮਗਰੋਂ ਕਰੋਨਾ ਮਰੀਜ਼ਾਂ ਉਤੇ 95 ਫੀਸਦ ਅਸਰਦਾਰ ਦੱਸੀ ਗਈ ਹੈ ਤੇ ਇਸ ਦੇ ਕੋਈ ਗੰਭੀਰ ਵਿਗਾੜ ਵੀ ਨਜ਼ਰ ਨਹੀਂ ਆਏ। ਫਾਇਜ਼ਰ ਤੇ ਬਾਇਓਐਨਟੈਕ ਨੂੰ ਅਗਲੇ ਮਹੀਨੇ ਅਮਰੀਕਾ ਤੇ ਯੂਰਪ ਤੋਂ ਵੈਕਸੀਨ ਦੇ ਹੰਗਾਮੀ ਹਾਲਾਤ ‘ਚ ਵਰਤੋਂ ਸਬੰਧੀ ਪ੍ਰਵਾਨਗੀ ਮਿਲ ਸਕਦੀ ਹੈ।
________________________________________
ਸਿਹਤ ਕਾਮਿਆਂ ਤੇ ਬਜ਼ੁਰਗਾਂ ਨੂੰ ਵੈਕਸੀਨ ਪਹਿਲਾਂ ਮਿਲੇਗੀ
ਨਵੀਂ ਦਿੱਲੀ: ਕੋਵਿਡ- 19 ਵੈਕਸੀਨ ਦੇ ਅਗਲੇ ਤਿੰਨ-ਚਾਰ ਮਹੀਨਿਆਂ ‘ਚ ਤਿਆਰ ਹੋ ਜਾਣ ਸਬੰਧੀ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਨੇ ਕਿਹਾ ਕਿ ਸਰਕਾਰ ਨੇ ਸਿਹਤ ਕਾਮਿਆਂ ਅਤੇ 65 ਸਾਲਾਂ ਤੋਂ ਉਪਰ ਦੇ ਲੋਕਾਂ ਨੂੰ ਪ੍ਰਮੁੱਖਤਾ ਨਾਲ ਇਹ ਵੈਕਸੀਨ ਦੇਣ ਸਬੰਧੀ ਇਕ ਵਿਸ਼ੇਸ਼ ਯੋਜਨਾ ਬਣਾਈ ਹੈ। ‘ਫਿੱਕੀ’ ਦੇ ਐਫ਼ਐਲ਼ਓ. ਦੇ ਕੌਮੀ ਵੈਬਿਨਾਰ ਮੌਕੇ ਉਨ੍ਹਾਂ ਕਿਹਾ ਕਿ ਜੁਲਾਈ-ਅਗਸਤ ਤੱਕ 250-300 ਮਿਲੀਅਨ ਲੋਕਾਂ ਲਈ 400-500 ਮਿਲੀਅਨ ਵੈਕਸੀਨ ਦੀਆਂ ਖੁਰਾਕਾਂ ਉਪਲਬਧ ਹੋ ਜਾਣਗੀਆਂ। ਉਨ੍ਹਾਂ ਕਿਹਾ,’ਇਹ ਸੁਭਾਵਿਕ ਹੈ ਕਿ ਵੈਕਸੀਨ ਦੀ ਵੰਡ ਪ੍ਰਣਾਲੀ ਨੂੰ ਪ੍ਰਮੁੱਖਤਾ ਦੇ ਆਧਾਰ ਉਤੇ ਤਿਆਰ ਕਰਨਾ ਪਵੇਗਾ।’
__________________________________________
ਵੈਕਸੀਨ ਦੀ ਮਿਲੀ ਸਫਲਤਾ ‘ਆਸ ਦੀ ਕਿਰਨ’: ਗੁਟੇਰੇਜ਼
ਸੰਯੁਕਤ ਰਾਸ਼ਟਰ: ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਅੰਤੋਨੀਓ ਗੁਟੇਰੇਜ਼ ਨੇ ਕੋਵਿਡ-19 ਵੈਕਸੀਨ ਵਿਕਸਤ ਕਰਨ ਵਿਚ ਮਿਲੀ ਹਾਲੀਆ ਸਫਲਤਾਵਾਂ ਨੂੰ ‘ਆਸ ਦੀ ਕਿਰਨ’ ਕਰਾਰ ਦਿੰਦਿਆਂ ਕਿਹਾ ਕਿ ਇਸ ਦਾ ਹਰੇਕ ਤੱਕ ਪੁੱਜਣਾ ਜ਼ਰੂਰੀ ਹੈ। ਉਨ੍ਹਾਂ ਜੀ-20 ਮੁਲਕਾਂ ਨੂੰ ਸੱਦਾ ਦਿੱਤਾ ਕਿ ਉਹ ਕਰੋਨਾ ਵਾਇਰਸ ਦੇ ਉਪਚਾਰ ਤੇ ਵੈਕਸੀਨ ਵਿਕਸਤ ਕਰਨ ਦੇ ਅਮਲ ਨੂੰ ਰਫਤਾਰ ਦੇਣ ਲਈ ਮਿਲ ਕੇ ਕੰਮ ਕਰਨ।