ਪੰਜਾਬ ਸਰਕਾਰ ਦਾ ਆਰਥਕ ਸੰਕਟ ਬਣਿਆ ਸਿਹਤ ਤੇ ਸਿੱਖਿਆ ਖੇਤਰਾਂ ਲਈ ਚੁਣੌਤੀ

ਚੰਡੀਗੜ੍ਹ: ਪੰਜਾਬ ਸਰਕਾਰ ਉਤੇ ਆਏ ਆਰਥਿਕ ਸੰਕਟ ਦਾ ਅਸਰ ਇਸ ਨਾਲ ਸਬੰਧਤ ਲਗਭਗ ਸਾਰੇ ਅਦਾਰਿਆਂ ਉਤੇ ਦਿੱਸਣ ਲੱਗਾ ਹੈ। ਇਸ ਸੰਕਟ ਕਰਕੇ ਸੂਬੇ ਦੇ ਸਿਹਤ ਅਤੇ ਸਿੱਖਿਆ ਖੇਤਰਾਂ ਵਿਚ ਵੀ ਵੱਡਾ ਨਿਘਾਰ ਆਇਆ ਹੈ। ਸਰਕਾਰੀ ਹਸਪਤਾਲਾਂ ਵਿਚ ਲੋੜੀਂਦੇ ਸਾਜ਼ੋ-ਸਾਮਾਨ ਦੀ ਕਮੀ ਹੋਣ ਕਾਰਨ ਜਿਥੇ ਲੋੜਵੰਦ ਇਨ੍ਹਾਂ ਦੀ ਅਣਗਹਿਲੀ ਦਾ ਸ਼ਿਕਾਰ ਹੋ ਰਹੇ ਹਨ, ਉਥੇ ਆਰਥਿਕ ਤੌਰ ਉਤੇ ਸਮਰੱਥ ਲੋਕਾਂ ਨੇ ਨਿੱਜੀ ਹਸਪਤਾਲਾਂ ਉਤੇ ਟੇਕ ਰੱਖ ਲਈ ਹੈ।

ਵਿੱਦਿਆ ਦੇ ਖੇਤਰ ਵਿਚ ਵੀ ਵੱਡਾ ਸੰਕਟ ਖੜ੍ਹਾ ਜਾਪ ਰਿਹਾ ਹੈ। ਸੂਬੇ ਨਾਲ ਸਬੰਧਤ ਯੂਨੀਵਰਸਿਟੀਆਂ ਆਰਥਿਕ ਸੰਕਟਾਂ ਵਿਚ ਘਿਰੀਆਂ ਨਜ਼ਰ ਆ ਰਹੀਆਂ ਹਨ। ਇਸ ਦਾ ਵੱਡਾ ਕਾਰਨ ਸਰਕਾਰ ਵਲੋਂ ਲੋੜੀਂਦੀ ਮਦਦ ਨਾ ਮਿਲਣਾ ਹੈ।
ਪਿਛਲੇ ਦਿਨੀਂ ਪੰਜਾਬੀ ਯੂਨੀਵਰਸਿਟੀ ਦੇ ਉਪ ਕੁਲਪਤੀ ਨੇ ਯੂਨੀਵਰਸਿਟੀ ਦੇ ਲਗਾਤਾਰ ਆਰਥਿਕ ਸੰਕਟ ਵਿਚ ਘਿਰੇ ਹੋਣ ਕਾਰਨ ਆਪਣਾ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਵਲੋਂ ਅਜਿਹਾ ਗਰਾਂਟ ਨਾ ਮਿਲਣ ਕਾਰਨ ਕੀਤਾ ਗਿਆ ਹੈ। ਯੂਨੀਵਰਸਿਟੀ 300 ਕਰੋੜ ਦੇ ਘਾਟੇ ਵਿਚ ਜਾ ਰਹੀ ਹੈ। ਇਸੇ ਕਰਕੇ ਪਿਛਲੇ ਕੁਝ ਮਹੀਨਿਆਂ ਤੋਂ ਉਪ ਕੁਲਪਤੀ ਖਿਲਾਫ ਵੱਖ-ਵੱਖ ਜਥੇਬੰਦੀਆਂ ਨੇ ਪ੍ਰਦਰਸ਼ਨ ਅਤੇ ਰੋਸ ਮੁਜ਼ਾਹਰੇ ਸ਼ੁਰੂ ਕੀਤੇ ਹੋਏ ਹਨ। ਉਪ ਕੁਲਪਤੀ ਨੇ ਸੂਬਾ ਸਰਕਾਰ ਤੋਂ 140 ਕਰੋੜ ਦੀ ਵਾਧੂ ਮਾਲੀ ਮਦਦ ਮੰਗੀ ਸੀ ਪਰ ਇਹ ਮੰਗ ਕਿਸੇ ਸਿਰੇ ਪੱਤਣ ਨਹੀਂ ਲੱਗੀ।
ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਤਲਵੰਡੀ ਸਾਬੋ ਦੇ ਖੇਤਰੀ ਕੇਂਦਰ ਦਾ ਵੀ ਬੁਰਾ ਹਾਲ ਹੋ ਚੁੱਕਾ ਹੈ। ਉਥੇ ਉੱਚ ਸਿੱਖਿਆ ਲਈ ਅਧਿਆਪਕਾਂ ਦੀ ਘਾਟ ਹੋਣ ਕਾਰਨ ਵਿਦਿਆਰਥੀਆਂ ਨੇ ਦਾਖਲੇ ਲੈਣੇ ਬੰਦ ਕਰ ਦਿੱਤੇ ਹਨ, ਉਥੇ ਖੋਲ੍ਹਿਆ ਇੰਜੀਨੀਅਰਿੰਗ ਕਾਲਜ ਅੱਜ ਬੁਰੀ ਅਵਸਥਾ ਵਿਚ ਵਿਚਰ ਰਿਹਾ ਹੈ। ਲਾਇਬ੍ਰੇਰੀ ਅਤੇ ਲੈਬਾਰਟਰੀਆਂ ਦੀ ਹਾਲਤ ਬੇਹੱਦ ਨਾਕਸ ਦਿਖਾਈ ਦਿੰਦੀ ਹੈ।
ਪੰਜਾਬ ਵਿਚ ਨਰਸਿੰਗ ਕੋਰਸਾਂ ਦੀ ਪੜ੍ਹਾਈ ਲਈ ਇਸ ਵਾਰ ਵਿਦਿਆਰਥੀਆਂ ਨੇ ਬਹੁਤੀ ਦਿਲਚਸਪੀ ਨਹੀਂ ਦਿਖਾਈ, ਜਿਸ ਕਰਕੇ ਬੀ.ਐਸ਼ਈ. ਅਤੇ ਐਮ.ਐਸ਼ਸੀ. ਦੀ ਪੜ੍ਹਾਈ ਕਰਵਾ ਰਹੇ ਨਰਸਿੰਗ ਕਾਲਜਾਂ ਦੀ ਹੋਂਦ ਖਤਰੇ ਵਿਚ ਆ ਗਈ ਹੈ। ਸੂਚਨਾ ਅਨੁਸਾਰ ਪੰਜਾਬ ਵਿਚ ਨਰਸਿੰਗ ਦੀ ਪੜ੍ਹਾਈ ਲਈ 8 ਹਜ਼ਾਰ ਸੀਟਾਂ ਹਨ। ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ ਵੱਲੋਂ ਕੀਤੀ ਦੂਜੇ ਗੇੜ ਦੀ ਕੌਂਸਲਿੰਗ ਤੋਂ ਬਾਅਦ 8 ਹਜ਼ਾਰ ‘ਚੋਂ 5,500 ਸੀਟਾਂ ਖਾਲੀ ਰਹਿ ਗਈਆਂ ਹਨ।
ਸੂਤਰਾਂ ਅਨੁਸਾਰ ਪੰਜਾਬ ਵਿਚ ਬੀ.ਐਸ਼ਸੀ. ਦੀ ਪੜ੍ਹਾਈ ਲਈ ਕੁੱਲ 109 ਕਾਲਜ ਹਨ, ਜਿਨ੍ਹਾਂ ‘ਚੋਂ 103 ਕਾਲਜ ਪ੍ਰਾਈਵੇਟ ਹਨ ਅਤੇ ਐਮ.ਐਸ਼ਸੀ. ਦੀ ਪੜ੍ਹਾਈ ਲਈ 27 ਕਾਲਜ ਹਨ, ਜਿਨ੍ਹਾਂ ‘ਚੋਂ 25 ਕਾਲਜ ਪ੍ਰਾਈਵੇਟ ਹਨ। ਐਮ.ਐਸ਼ਸੀ. ਲਈ 524 ਸੀਟਾਂ ‘ਚੋਂ ਕਰੀਬ 500 ਸੀਟਾਂ ਖਾਲੀ ਹਨ। ਦਿਲਚਸਪ ਤੱਥ ਇਹ ਹੈ ਕਿ ਪਿੰਡ ਬਾਦਲ ਦੇ ਨਰਸਿੰਗ ਕਾਲਜ ਵਿਚ ਐਮ.ਐਸ਼ਸੀ. ਦੀਆਂ ਸਾਰੀਆਂ 25 ਸੀਟਾਂ ਖਾਲੀ ਪਈਆਂ ਹਨ। ਇਸ ਕਾਲਜ ਵਿਚ ਆਧੁਨਿਕ ਸਹੂਲਤਾਂ ਹੋਣ ਦੇ ਬਾਵਜੂਦ ਕਿਸੇ ਵਿਦਿਆਰਥੀ ਨੇ ਦਾਖਲਾ ਨਹੀਂ ਲਿਆ। ਫਰੀਦਕੋਟ ਦੇ ਨਰਸਿੰਗ ਕਾਲਜ ਵਿਚ 50 ‘ਚੋਂ 11 ਸੀਟਾਂ ਖਾਲੀ ਹਨ।
ਜਾਣਕਾਰੀ ਅਨੁਸਾਰ ਪੰਜਾਬ ਦੇ ਸਰਕਾਰੀ ਨਰਸਿੰਗ ਕਾਲਜਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਫੀਸ 1.25 ਲੱਖ ਰੁਪਏ ਅਤੇ ਪ੍ਰਾਈਵੇਟ ਕਾਲਜਾਂ ਵਿਚ ਫੀਸ 2 ਲੱਖ ਰੁਪਏ ਰੱਖੀ ਗਈ ਸੀ। ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਪੰਜਾਬ ਦੇ ਵਿਦਿਆਰਥੀ ਇਥੇ ਪੜ੍ਹਾਈ ਕਰਨ ਦੀ ਥਾਂ ਵਿਦੇਸ਼ਾਂ ਦੀ ਪੜ੍ਹਾਈ ਨੂੰ ਤਰਜੀਹ ਦੇ ਰਹੇ ਹਨ। ਪੰਜਾਬੀ ਨੌਜਵਾਨਾਂ ਦੇ ਪ੍ਰਵਾਸ ਕਾਰਨ ਪੰਜਾਬ ਦੇ ਨਰਸਿੰਗ ਕਾਲਜਾਂ ਨੂੰ ਇਸ ਸਾਲ ਕਰੀਬ 12 ਕਰੋੜ ਦਾ ਆਰਥਿਕ ਘਾਟਾ ਪਿਆ ਹੈ। ਨਰਸਿੰਗ ਕਾਲਜਾਂ ‘ਚ ਪੜ੍ਹਾਈ ਦੀ ਰੁਚੀ ਘਟਣ ਨਾਲ ਪੜ੍ਹਾਈ ਦਾ ਮਿਆਰ ਵੀ ਕਾਫੀ ਹੇਠਾਂ ਡਿੱਗਿਆ ਹੈ। ਸੂਚਨਾ ਅਨੁਸਾਰ ਐਮ.ਐਸ਼ਸੀ. ਨਰਸਿੰਗ ‘ਚ ਦਾਖਲਾ ਲੈਣ ਲਈ 100 ਵਿਦਿਆਰਥੀਆਂ ਨੇ ਪ੍ਰਵੇਸ਼ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ‘ਚੋਂ 4 ਵਿਦਿਆਰਥੀ ਹੀ ਸਫਲ ਹੋ ਸਕੇ।