ਭਾਜਪਾ ਨੇ ਹੁਣ ਪੰਜਾਬ ਉਤੇ ਨਜ਼ਰਾਂ ਟਿਕਾਈਆਂ

ਮਿਸ਼ਨ 2022 ਲਈ ਤਿਆਰੀ ਵਿੱਢੀ; ਨਿਗਮ ਚੋਣਾਂ ਵਿਚ ਲੱਗੇਗਾ ਜ਼ੋਰ
ਚੰਡੀਗੜ੍ਹ: ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਦੌਰਾਨ ਸਫਲ ਸਿਆਸੀ ਜੋੜ-ਤੋੜ ਤੋਂ ਬਾਅਦ ਭਾਜਪਾ ਨੇ ਹੁਣ ਪੰਜਾਬ ਉਤੇ ਨਜ਼ਰਾਂ ਟਿਕਾ ਲਈਆਂ ਹਨ। ਆਪਣੇ ਪੁਰਾਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਨਾਲੋਂ ਤੋੜ-ਵਿਛੋੜੇ ਤੋਂ ਬਾਅਦ ਭਾਜਪਾ ਦੀਆਂ ਮੌਜੂਦਾ ਸਰਗਰਮੀਆਂ ਤੋਂ ਜਾਪ ਰਿਹਾ ਹੈ ਕਿ ਮਿਸ਼ਨ 2022 ਫਤਹਿ ਕਰਨ ਲਈ ਭਗਵਾ ਧਿਰ ਪੂਰੀ ਵਾਹ ਲਾ ਦੇਵੇਗੀ।

ਪੰਜਾਬ ਭਾਜਪਾ ਦੇ ਆਗੂਆਂ ਨੇ ਦਾਅਵਾ ਕਰ ਦਿੱਤਾ ਹੈ ਕਿ ਕੇਂਦਰੀ ਹਾਈਕਮਾਨ ਦੇ ਹੁਕਮਾਂ ਉਤੇ ਪਾਰਟੀ ਨੇ ਪੰਜਾਬ ਵਿਧਾਨ ਸਭਾ ਦੀਆਂ 2022 ‘ਚ ਹੋਣ ਵਾਲੀਆਂ ਚੋਣਾਂ ਲਈ ਸਾਰੀਆਂ 117 ਸੀਟਾਂ ਉਤੇ ਚੋਣ ਲੜਨ ਵਾਸਤੇ ਜੰਗੀ ਪੱਧਰ ‘ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਇਸ ਮਿਸ਼ਨ ਦੀ ਸ਼ੁਰੂਆਤ ਨਗਰ ਨਿਗਮ ਚੋਣਾਂ ਤੋਂ ਕਰੇਗੀ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨਗਰ ਨਿਗਮ ਚੋਣਾਂ ਵਿਚ ਚੋਣ ਪ੍ਰਬੰਧਨ ਲਈ ਨਿਗਮ ਚੋਣ ਅਧਿਕਾਰੀਆਂ ਦੀ ਨਿਯੁਕਤੀ ਕਰ ਦਿੱਤੀ ਹੈ। ਨਿਗਮ ਚੋਣਾਂ ਵਿਚ ਭਾਰਤੀ ਜਨਤਾ ਪਾਰਟੀ ਸੂਬੇ ਦੀਆਂ ਸਾਰੀਆਂ ਨਿਗਮ ਸੀਟਾਂ ‘ਤੇ ਆਪਣੇ ਉਮੀਦਵਾਰ ਖੜ੍ਹੇ ਕਰੇਗੀ ਜਿਸ ਲਈ ਚੋਣ ਇੰਚਾਰਜਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
ਭਾਜਪਾ ਦੇ ਕੌਮੀ ਪ੍ਰਧਾਨ ਜੇæਪੀæ ਨੱਢਾ ਪਾਰਟੀ ਵਰਕਰਾਂ ਵਿਚ ਜੋਸ਼ ਭਰਨ ਲਈ 3 ਦਿਨਾਂ ਪੰਜਾਬ ਦੌਰੇ ਉਤੇ ਆ ਰਹੇ ਹਨ। ਭਾਜਪਾ ਦੇ ਜਨਰਲ ਸਕੱਤਰ ਤਰੁਣ ਚੁੱਘ ਨੇ ਦਾਅਵਾ ਕੀਤਾ ਹੈ ਕਿ ਜ਼ਮੀਨੀ ਪੱਧਰ ‘ਤੇ ਭਾਜਪਾ ਵਰਕਰਾਂ ਨੂੰ ਲਾਮਬੰਦ ਕਰ ਕੇ ਸੂਬੇ ਦੇ 23 ਹਜ਼ਾਰ ਪੋਲਿੰਗ ਬੂਥਾਂ ‘ਤੇ ਜਥੇਬੰਦਕ ਢਾਂਚੇ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਭਾਜਪਾ ਆਗੂ ਪੰਜਾਬ ‘ਚ ਨਰਿੰਦਰ ਮੋਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ 160 ਜਨ ਭਲਾਈ ਯੋਜਨਾਵਾਂ ਦਾ ਪ੍ਰਚਾਰ ਕਰਨਗੇ ਅਤੇ ਸੂਬੇ ‘ਚ ਇਨ੍ਹਾਂ ਨੂੰ ਲਾਗੂ ਕੀਤੇ ਜਾਣ ਬਾਰੇ ਲੋਕਾਂ ਨੂੰ ਜਾਣੂ ਕਰਵਾਉਣਗੇ। ਪੰਜਾਬ ਦੇ ਭਾਜਪਾ ਆਗੂ ਇਸ ਗੱਲ ਤੋਂ ਵੀ ਜੋਸ਼ ਵਿਚ ਹਨ ਕਿ ਇਸ ਵਾਰ ਚੋਣਾਂ ਵਿਚ ਸੂਬੇ ਦੀਆਂ ਸਾਰੀਆਂ (117) ਵਿਧਾਨ ਸਭਾ ਸੀਟਾਂ ਉਤੇ ਚੋਣ ਲੜਨ ਦਾ ਮੌਕਾ ਮਿਲੇਗਾ। ਜਦੋਂ ਕਿ ਭਾਜਪਾ ਪਹਿਲਾਂ ਅਕਾਲੀ ਦਲ ਨਾਲ ਮਿਲ ਕੇ ਵਿਧਾਨ ਸਭਾ ਚੋਣਾਂ ਸਮੇਂ ਆਪਣੇ 23 ਉਮੀਦਵਾਰ ਅਤੇ ਲੋਕ ਸਭਾ ਦੀਆਂ 13 ‘ਚੋਂ ਤਿੰਨ ਸੀਟਾਂ ਉਤੇ ਉਮੀਦਵਾਰ ਮੈਦਾਨ ‘ਚ ਉਤਾਰਦੀ ਆਈ ਹੈ।
ਹਾਲਾਂਕਿ ਸਿਆਸੀ ਮਾਹਰ ਪੰਜਾਬ ਬਾਰੇ ਭਾਜਪਾ ਦੀਆਂ ਤਾਜ਼ਾ ਰਣਨੀਤੀਆਂ ਤੋਂ ਹੈਰਾਨ ਹਨ ਪਰ ਭਾਜਪਾ, ਸੂਬੇ ਵਿਚ ਉਸ ਵੇਲੇ ਅਜਿਹੀਆਂ ਸਰਗਰਮੀਆਂ ਵਧਾ ਰਹੀ ਹੈ ਜਦੋਂ ਖੇਤੀ ਕਾਨੂੰਨਾਂ ਤੇ ਕੇਂਦਰ ਵੱਲੋਂ ਪੰਜਾਬ ਦੀ ਆਰਥਿਕ ਘੇਰਾਬੰਦੀ ਕਾਰਨ ਇਸ ਭਗਵਾ ਧਿਰ ਖਿਲਾਫ ਸਮੁੱਚੇ ਪੰਜਾਬ ਵਿਚ ਰੋਹ ਭਖਿਆ ਹੋਇਆ ਹੈ। ਭਾਜਪਾ ਦੇ ਵੱਡੇ ਆਗੂਆਂ ਦੇ ਘਰਾਂ ਅੱਗੇ ਕਿਸਾਨਾਂ ਨੇ ਮੋਰਚੇ ਸੰਭਾਲੇ ਹੋਏ ਹਨ ਤੇ ਪਿਛਲੇ ਡੇਢ ਮਹੀਨੇ ਤੋਂ ਜ਼ਿਆਦਾਤਰ ਆਗੂ ਘਰਾਂ ਵਿਚ ਬੰਦ ਹਨ।
ਯਾਦ ਰਹੇ ਕਿ ਕੇਂਦਰ ਵਿਚ ਸੱਤਾ ਮਿਲਣ ਤੇ ਗੁਆਂਢੀ ਸੂਬੇ ਹਰਿਆਣਾ ਵਿਚ ਸਰਕਾਰ ਬਣਨ ਪਿੱਛੋਂ ਭਾਜਪਾ ਦੇ ਪੰਜਾਬ ਆਗੂ ਲਗਾਤਾਰ ਇਸੇ ਕੋਸ਼ਿਸ਼ ਵਿਚ ਜੁਟੇ ਹੋਏ ਸਨ ਕਿ ਭਾਈਵਾਲ ਅਕਾਲੀ ਦਲ ਤੋਂ ਖਹਿੜਾ ਛੁਡਾ ਕੇ ਸੂਬੇ ਦੀਆਂ ਸਾਰੀਆਂ ਸੀਟਾਂ ਉਤੇ ਜ਼ੋਰ-ਅਜ਼ਮਾਈ ਕੀਤੀ ਜਾਵੇ। ਇਸ ਲਈ ਹਾਈਕਮਾਨ ਕੋਲ ਪਹੁੰਚ ਵੀ ਕੀਤੀ ਗਈ ਪਰ ਕੇਂਦਰੀ ਆਗੂਆਂ ਨੇ ਹਰ ਵਾਰ ਭਾਈਵਾਲਾਂ ਨਾਲ ਨਹੁੰ-ਮਾਸ ਵਾਲੇ ਰਿਸ਼ਤੇ ਦੀ ਦੁਹਾਈ ਪਾ ਕੇ ਮਾਮਲਾ ਠੰਢਾ ਕਰ ਦਿੱਤਾ ਅਤੇ ਪਿੱਠ ਪਿੱਛੇ ਅਜਿਹੇ ਮਨਸ਼ੇ ਦੀ ਪੂਰਤੀ ਲਈ ਤਿਆਰੀਆਂ ਵੀ ਹੁੰਦੀਆਂ ਰਹੀਆਂ। ਪਿਛਲੇ ਕੁਝ ਸਮੇਂ ਵਿਚ ਸ਼੍ਰੋਮਣੀ ਅਕਾਲੀ ਦਲ ਵਿਚ ਹੋ ਰਹੀ ਟੁੱਟ-ਭੱਜ ਨੂੰ ਭਾਜਪਾ ਆਸ ਦੀ ਕਿਰਨ ਵਜੋਂ ਵੇਖ ਰਹੀ ਸੀ। ਹੁਣ ਖੇਤੀ ਕਾਨੂੰਨਾਂ ਖਿਲਾਫ ਰੋਹ ਪਿੱਛੋਂ ਅਕਾਲੀ ਦਲ ਦੇ ਤੋੜ ਵਿਛੋੜੇ ਕਾਰਨ ਭਾਜਪਾ ਦੀਆਂ ਆਸਾਂ ਨੂੰ ਬੂਰ ਪੈਂਦਾ ਦਿੱਸ ਰਿਹਾ ਹੈ।
ਸਿਆਸੀ ਮਾਹਰ ਮੰਨਦੇ ਹਨ ਕਿ ਪੰਜਾਬ ਵਿਚ ਪੈਦਾ ਹੋਏ ਭਾਜਪਾ ਵਿਰੋਧੀ ਹਾਲਾਤ ਦੇ ਬਾਵਜੂਦ 117 ਸੀਟਾਂ ਉਤੇ ਚੋਣ ਲੜਨ ਦੇ ਦਾਅਵੇ ਪਿੱਛੇ ਭਗਵਾ ਧਿਰ ਦੀ ਖਾਸ ਰਣਨੀਤੀ ਜਾਪ ਰਹੀ ਹੈ। ਅਸਲ ਵਿਚ, ਭਾਜਪਾ ਹੁਣ ਭਾਈਵਾਲਾਂ ਦੀ ਟੁੱਟ-ਭੱਜ ਨੂੰ ਚੁਗਣ ਦੇ ਰਾਹ ਪਈ ਜਾਪਦੀ ਹੈ ਅਤੇ ਮੁੱਖ ਪਾਰਟੀ ਨਾਲੋਂ ਟੁੱਟ ਕੇ ਬਣੇ ਨਵੇਂ ਦਲਾਂ ਵਿਚੋਂ ਕਿਸੇ ਇਕ ਨਾਲ ਨਾਤਾ ਗੰਢੇਗੀ। ਅਸਲ ਵਿਚ, ਭਾਜਪਾ 2022 ਵਿਚ ਉਸ ਦੀ ਅਗਵਾਈ ਵਿਚ ਅਜਿਹਾ ਮੁਹਾਜ਼ ਬਣਾਉਣ ਦੀ ਰਣਨੀਤੀ ਉਤੇ ਚੱਲ ਰਹੀ ਹੈ ਜਿਸ ਵਿਚ ਉਹ ਵੱਡੀ ਪਾਰਟੀ ਹੋਵੇ ਅਤੇ ਬਾਕੀ ਪਾਰਟੀਆਂ ਉਸ ਤੋਂ ਘੱਟ ਸੀਟਾਂ ਉਤੇ ਉਮੀਦਵਾਰ ਖੜ੍ਹੇ ਕਰਨ। ਮਹਾਰਾਸ਼ਟਰ ਅਤੇ ਬਿਹਾਰ ਵਿਚ ਉਸ ਦੀ ਇਹ ਰਣਨੀਤੀ ਸਫਲ ਰਹੀ ਹੈ ਤੇ ਇਸੇ ਰਣਨੀਤੀ ਤਹਿਤ ਆਪਣੇ ਤੋਂ ਵੱਡੀਆਂ ਸਹਿਯੋਗੀ ਪਾਰਟੀਆਂ ਸ਼ਿਵ ਸੈਨਾ ਅਤੇ ਜਨਤਾ ਦਲ (ਯੂ) ਨੂੰ ਦੂਸਰੇ ਦਰਜੇ ਦੀਆਂ ਪਾਰਟੀਆਂ ਬਣਾ ਦਿੱਤਾ।
ਕੁਝ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਵੇਲੇ ਚੱਲ ਰਹੇ ਕਿਸਾਨ ਅੰਦੋਲਨ ਕਾਰਨ ਭਾਜਪਾ ਹਰਿਆਣੇ ਵਾਂਗ ਪੰਜਾਬ ਦੇ ਕਿਸਾਨਾਂ ਨੂੰ ਇਕਜੁਟ ਵਜੋਂ ਪੇਸ਼ ਕਰ ਕੇ ਬਾਕੀ ਵਰਗਾਂ ਦੀ ਹਮਾਇਤ ਲੈਣ ਦੀ ਕੋਸ਼ਿਸ਼ ਕਰੇਗੀ। ਕਿਹਾ ਜਾ ਰਿਹਾ ਹੈ ਕਿ ਭਾਜਪਾ ਕੁਝ ਦਲਿਤ ਆਗੂਆਂ ਅਤੇ ਵਿਦਵਾਨਾਂ ਨਾਲ ਇਸ ਬਾਰੇ ਗੱਲਬਾਤ ਕਰ ਰਹੀ ਹੈ। ਪੰਜਾਬ ਵਿਚ ਦਲਿਤ ਸਭ ਤੋਂ ਵੱਡਾ ਭਾਈਚਾਰਾ ਹਨ ਅਤੇ ਵਸੋਂ ਵਿਚ ਉਨ੍ਹਾਂ ਦੀ ਗਿਣਤੀ 32 ਫੀਸਦੀ ਹੈ ਪਰ ਉਹ ਕਦੇ ਵੀ ਇਕਮੁੱਠ ਹੋ ਕੇ ਸਿਆਸੀ ਤਾਕਤ ਵਜੋਂ ਨਹੀਂ ਉਭਰ ਸਕੇ। ਇਹ ਵੀ ਚਰਚਾ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਦਾ ਰੋਹ ਠੰਢਾ ਕਰਨ ਲਈ ਰਣਨੀਤੀ ਬਣਾ ਰਹੀ ਹੈ। ਇਸ ਲਈ ਮੁੜ ਗੱਲਬਾਤ ਦਾ ਸੱਦਾ ਦੇਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਚੇਤੇ ਰਹੇ ਕਿ ਭਗਵਾ ਧਿਰ ਪੂਰੇ ਮੁਲਕ ਦੀ ਸਿਆਸਤ ਨੂੰ ਆਪਣੇ ਕਲਾਵੇ ਵਿਚ ਲੈਣ ਲਈ ਹਰ ਹਰਬਾ ਵਰਤ ਰਹੀ ਹੈ। ਭਾਜਪਾ ਤੇ ਆਰæਐਸ਼ਐਸ਼ ਦਾ ਅਗਲਾ ਨਿਸ਼ਾਨਾ 2021 ਦੀਆਂ 5 ਵਿਧਾਨ ਸਭਾਵਾਂ ਦੀਆਂ ਚੋਣਾਂ ਹਨ। ਇਹ ਚੋਣਾਂ ਅਪਰੈਲ-ਮਈ 2021 ਵਿਚ ਪੱਛਮੀ ਬੰਗਾਲ, ਅਸਾਮ, ਕੇਰਲਾ, ਤਾਮਿਲਨਾਡੂ ਅਤੇ ਪਾਂਡੀਚੇਰੀ ਵਿਚ ਹੋ ਰਹੀਆਂ ਹਨ। ਬੇਸ਼ੱਕ ਭਾਜਪਾ ਸਾਰੇ ਰਾਜਾਂ ਵਿਚ ਮਿਹਨਤ ਕਰ ਰਹੀ ਹੈ ਪਰ ਭਾਜਪਾ ਦਾ ਸਭ ਤੋਂ ਵੱਧ ਜ਼ੋਰ ਪੱਛਮੀ ਬੰਗਾਲ ‘ਤੇ ਲੱਗਾ ਹੋਇਆ ਹੈ। ਇਥੇ ਚੋਣ ਮੁਹਿੰਮ ਨੂੰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਖੁਦ ਸੰਭਾਲ ਰਹੇ ਹਨ। ਹੁਣ ਅਕਾਲੀ ਦਲ ਨਾਲੋਂ ਤੋੜ-ਵਿਛੋੜੇ ਤੋਂ ਬਾਅਦ ਭਾਜਪਾ ਨਾਲੋ-ਨਾਲ ਪੰਜਾਬ ਬਾਰੇ ਵੀ ਏਜੰਡਾ ਬਣਾ ਰਹੀ ਹੈ।