ਧਰਮ-ਨਿਰਪੱਖ ਵਿਰਾਸਤ ਨੂੰ ਕੱਟੜਵਾਦ ਦਾ ਖਤਰਾ

-ਜਤਿੰਦਰ ਪਨੂੰ
ਭਾਰਤ ਦੀ ਰਾਜਨੀਤੀ ਉਸ ਲੀਹ ਤੋਂ ਲੱਥ ਚੁੱਕੀ ਹੈ, ਜਿਹੜੀ ਇਸ ਨੇ ਆਜ਼ਾਦੀ ਸੰਘਰਸ਼ ਦੌਰਾਨ ਕਈ ਨੁਕਸਾਂ ਦੇ ਬਾਵਜੂਦ ਲੰਮਾ ਸਮਾਂ ਫੜੀ ਰੱਖੀ ਸੀ। ਇਹ ਲੀਹ ਧਰਮ-ਨਿਰਪੱਖਤਾ ਦੀ ਸੀ। ਅੰਗਰੇਜ਼ੀ ਰਾਜ ਅੱਗੇ ਬੁਰੀ ਤਰ੍ਹਾਂ ਝੁਕੇ ਹੋਏ ਇਸ ਦੇਸ਼ ਅੰਦਰ ਆਜ਼ਾਦੀ ਲਹਿਰ ਦੌਰਾਨ ਜਿਸ ਧਰਮ-ਨਿਰਪੱਖਤਾ ਅਤੇ ਕੌਮੀ ਭਾਵਨਾ ਦੀ ਲੋੜ ਸੀ, ਉਸ ਦਾ ਪ੍ਰਗਟਾਵਾ ਸ਼ਾਇਰ ਇਕਬਾਲ ਨੇ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਂ ਹਮਾਰਾ’ ਵਿਚ ਇਨ੍ਹਾਂ ਸ਼ਬਦਾਂ ਨਾਲ ਕੀਤਾ ਸੀ: ‘ਮਜ਼ਹਬ ਨਹੀਂ ਸਿਖਾਤਾ ਆਪਸ ਮੇਂ ਬੈਰ ਰਖਨਾ, ਹਿੰਦੀ ਹੈਂ ਹਮ ਵਤਨ ਹੈ ਹਿੰਦੁਸਤਾਂ ਹਮਾਰਾ।’

ਇਹ ਵੱਖਰੀ ਗੱਲ ਹੈ ਕਿ ਬਾਅਦ ਵਿਚ ਉਹ ਵੀ ਫਿਰਕੇਦਾਰੀ ਦੀ ਪਾਣ ਚੜ੍ਹਨ ਪਿੱਛੋਂ ਵੱਖਰੇ ਇਸਲਾਮੀ ਦੇਸ਼ ਦੀ ਮੰਗ ਕਰਨ ਲੱਗ ਪਿਆ ਤੇ ਉਸ ਵਕਤ ਉਸ ਨੇ ‘ਚੀਨ-ਓ-ਅਰਬ ਹਮਾਰਾ, ਹਿੰਦੁਸਤਾਂ ਹਮਾਰਾ, ਮੁਸਲਿਮ ਹੈਂ ਹਮ ਵਤਨ ਹੈ ਸਾਰਾ ਜਹਾਂ ਹਮਾਰਾ’ ਲਿਖ ਦਿੱਤਾ ਸੀ, ਪਰ ਭਾਰਤ ਦੀ ਆਜ਼ਾਦੀ ਲਹਿਰ ਦੀ ਕੇਂਦਰੀ ਲੀਹ ਧਰਮ-ਨਿਰਪੱਖਤਾ ਰਹੀ ਸੀ। ਦੇਸ਼ ਆਜ਼ਾਦ ਹੋਣ ਪਿੱਛੋਂ ਵੀ ਇਸ ਦੀ ਵਾਗ ਉਨ੍ਹਾਂ ਲੋਕਾਂ ਹੱਥ ਆਈ ਸੀ, ਜਿਹੜੇ ਧਰਮ-ਨਿਰਪੱਖ ਸਨ। ਜਵਾਹਰ ਲਾਲ ਨਹਿਰੂ ਦੇ ਨਾਲ ਬੇਸ਼ੱਕ ‘ਪੰਡਿਤ’ ਲਿਖਿਆ-ਬੋਲਿਆ ਜਾਂਦਾ ਸੀ, ਪਰ ਉਹ ਗਿਆਨ ਦਾ ਪੰਡਿਤ ਸੀ, ਧਰਮ ਦੇ ਪੱਖੋਂ ਓਹੋ ਜਿਹਾ ਪੰਡਿਤ ਕਦੇ ਨਹੀਂ ਬਣਿਆ, ਜਿਹੜਾ ਸਿਰਫ ਆਪਣੇ ਧਰਮ ਨੂੰ ਉੱਚਾ ਅਤੇ ਹੋਰਨਾਂ ਨੂੰ ਨੀਂਵਾਂ ਮੰਨਦਾ ਹੋਵੇ। ਉਸ ਨਾਲ ਜੁੜੇ ਹੋਰ ਵੱਡੇ ਆਗੂਆਂ ਵਿਚ ਮੌਲਾਨਾ ਅਬੁਲ ਕਲਾਮ ਆਜ਼ਾਦ ਵੀ ਸ਼ਾਮਲ ਸੀ, ਜਿਸ ਦੇ ਨਾਂ ਨਾਲ ‘ਮੌਲਾਨਾ’ ਜੁੜਿਆ ਹੋਣ ਦੇ ਬਾਵਜੂਦ ਆਪਣੇ ਧਰਮ ਦੇ ਹੋਰ ਮੌਲਾਣਿਆਂ ਵਾਂਗ ਧਰਮ ਦੇ ਨਾਂ ਉੱਤੇ ਵੱਖਰੇ ਦੇਸ਼ ਦੀ ਧਾਰਨਾ ਨਾਲ ਜੁੜਨ ਦੀ ਥਾਂ ਇਸ ਸੋਚ ਦੇ ਵਿਰੋਧ ਵਿਚ ਆਖਰ ਤੱਕ ਡਟਿਆ ਰਿਹਾ ਸੀ। ਉਸ ਨੇ ਕਿਹਾ ਸੀ ਕਿ ਇਸ ਦੇਸ਼ ਦੇ ਸੱਭਿਆਚਾਰ ਦੀ ਗੰਗਾ-ਜਮਨੀ ਤਹਿਜ਼ੀਬ ਏਥੇ ਹਿੰਦੂਆਂ, ਮੁਸਲਮਾਨਾਂ ਤੇ ਸਿੱਖਾਂ ਦੀ ਸਾਂਝ ਦੇ ਕਾਰਨ ਹੈ, ਅਸੀਂ ਇਸ ਨੂੰ ਛੱਡਣ ਬਾਰੇ ਸੋਚ ਵੀ ਨਹੀਂ ਸਕਦੇ। ਇਹ ਆਜ਼ਾਦੀ ਲਹਿਰ ਦੀ ਵਿਰਾਸਤ ਦਾ ਨਤੀਜਾ ਸੀ ਕਿ ਆਜ਼ਾਦ ਦੇਸ਼ ਦੇ ਮੁਢਲੇ ਆਗੂ ਧਰਮ-ਨਿਰਪੱਖ ਹੋਣ ਦੀ ਇਸ ਉੱਚ ਪੱਧਰੀ ਸੋਚ ਤੱਕ ਪਹੁੰਚੇ ਹੋਏ ਸਨ ਅਤੇ ਜ਼ਰਾ ਜਿੰਨੀ ਡਾਵਾਂਡੋਲਤਾ ਨਹੀਂ ਸੀ ਵਿਖਾਉਂਦੇ। ਅਫਸੋਸ! ਜਿਸ ਪਾਰਟੀ ਦੇ ਮੁਢਲੇ ਆਗੂ ਏਨੀ ਉੱਚੀ ਸੋਚ ਵਾਲੇ ਸਨ, ਉਸ ਦੀ ਅਗਲੀ ਪੀੜ੍ਹੀ ਨੇ ਭਾਰਤ ਨੂੰ ਕੁਰਾਹੇ ਪਾ ਛੱਡਿਆ।
ਅੱਜ ਦੇ ਭਾਰਤ ਦੀ ਲੀਡਰਸ਼ਿਪ ਇਹ ਸੋਚਣ ਉੱਤੇ ਮਗਜ਼-ਪੱਚੀ ਕਰਨਾ ਫਜ਼ੂਲ ਸਮਝਣ ਲੱਗੀ ਹੈ ਕਿ ਇਸ ਦੇਸ਼ ਵਿਚ ਸਾਰੇ ਲੋਕ ਬਰਾਬਰ ਹੋਣੇ ਚਾਹੀਦੇ ਹਨ। ਇੱਕ ਧਰਮ ਦੇ ਬੋਲ-ਬਾਲੇ ਵਾਲਾ ਰਾਜ ਕਿਹੋ ਜਿਹਾ ਹੋ ਸਕਦਾ ਹੈ, ਏਦਾਂ ਦੇ ਸਵਾਲ ਪੁੱਛਣਾ ਅੱਜ ਬੇਲੋੜਾ ਹੁੰਦਾ ਜਾਂਦਾ ਹੈ। ਰਾਜ-ਦਰਬਾਰ ਅਤੇ ਪ੍ਰਸ਼ਾਸਨ ਹੀ ਨਹੀਂ, ਅਦਾਲਤੀ ਫੈਸਲਿਆਂ ਤੱਕ ਇਹੀ ਝਲਕ ਦਿਖਾਈ ਦਿੰਦੀ ਹੈ। ਅਸੀਂ ਅਮਰੀਕਾ ਵਰਗੇ ਦੇਸ਼ਾਂ ਬਾਰੇ ਇਹ ਪੜ੍ਹ ਕੇ ਹੈਰਾਨ ਹੁੰਦੇ ਰਹੇ ਸਾਂ ਕਿ ਉਥੇ ਇੱਕੋ ਕਸੂਰ ਬਦਲੇ ਗੋਰੇ ਨੂੰ ਘੱਟ ਸਜ਼ਾ ਅਤੇ ਗੈਰ-ਗੋਰੇ ਨੂੰ ਵੱਧ ਸਜ਼ਾ ਦਿੱਤੀ ਜਾਣ ਦੀਆਂ ਰਿਪੋਰਟ ਹਨ ਤੇ ਪੁਲਿਸ ਪੜਤਾਲ ਵਿਚ ਵੀ ਇਹੋ ਕੁਝ ਹੋਈ ਜਾਂਦਾ ਹੈ।
ਅੱਜ ਭਾਰਤ ਵਿਚ ਵੀ ਇਹੋ ਕੁਝ ਹੁੰਦਾ ਦਿੱਸ ਰਿਹਾ ਹੈ। ਪੁਲਿਸ ਜਾਂਚ ਤੋਂ ਅਦਾਲਤੀ ਫੈਸਲਿਆਂ ਤੱਕ ਕੇਂਦਰ ਦੇ ਹਾਕਮਾਂ ਦੀ ਧਰਮ-ਧਾਰਨਾ ਵਾਲੇ ਲੋਕਾਂ ਅਤੇ ਇਸ ਧਾਰਨਾ ਦਾ ਵਿਰੋਧ ਕਰਨ ਵਾਲੇ ਲੋਕਾਂ ਲਈ ਵਖਰੇਵਾਂ ਸਾਫ ਨਜ਼ਰ ਆਉਣ ਲੱਗ ਪਿਆ ਹੈ। ਰਾਜਨੀਤੀ ਦਾ ਇਹ ਰੰਗ ਭਾਰਤੀ ਸਮਾਜ ਉੱਤੇ ਜਿਸ ਹੱਦ ਤੱਕ ਚੜ੍ਹ ਚੁਕਾ ਹੈ ਅਤੇ ਦਿਨੋ-ਦਿਨ ਹੋਰ ਗਹਿਰਾ ਹੁੰਦਾ ਜਾਂਦਾ ਹੈ, ਇਸ ਦੇ ਲਈ ਪਹਿਲਾ ਦੋਸ਼ ਉਨ੍ਹਾਂ ਲੋਕਾਂ ਸਿਰ ਹੀ ਜਾਂਦਾ ਹੈ, ਜਿਹੜੇ ਕਿਸੇ ਵੇਲੇ ਇਸ ਦੇਸ਼ ਦੀ ਧਰਮ-ਨਿਰਪੱਖਤਾ ਦੀ ਮਿਸਾਲ ਬਣਨ ਵਾਲੇ ਪ੍ਰਮੁੱਖ ਆਗੂਆਂ ਦੇ ਸਿਆਸੀ ਵਾਰਸ ਹਨ।
ਅਸੀਂ ਪਹਿਲਾਂ ਕਹਿ ਆਏ ਹਾਂ ਕਿ ਜਵਾਹਰ ਲਾਲ ਨਹਿਰੂ ਦੇ ਨਾਂ ਨਾਲ ‘ਪੰਡਿਤ’ ਲੱਗਣ ਦੇ ਬਾਵਜੂਦ ਉਹ ਸਦਾ ਧਰਮ-ਨਿਰਪੱਖ ਰਿਹਾ ਤੇ ਧਰਮ ਨੂੰ ਰਾਜਨੀਤੀ ਤੋਂ ਏਨਾ ਦੂਰ ਰੱਖਦਾ ਸੀ ਕਿ ਕਦੇ ਕਿਸੇ ਧਰਮ ਅਸਥਾਨ ਨਹੀਂ ਜਾਂਦਾ ਸੀ। ਕਹਿੰਦੇ ਹਨ ਕਿ ਪੁਰਖਿਆਂ ਦੀ ਸੋਚ ਦੀ ਜੜ੍ਹ ਕਈ ਪੀੜ੍ਹੀਆਂ ਤੱਕ ਜਾਂਦੀ ਹੈ, ਪਰ ਜਵਾਹਰ ਲਾਲ ਨਹਿਰੂ ਦੇ ਜੀਨ ਦੀ ਜੜ੍ਹ ਪਹਿਲੀ ਪੀੜ੍ਹੀ ਇੰਦਰਾ ਗਾਂਧੀ ਨਾਲ ਵੀ ਨਹੀਂ ਨਿਭੀ। ਆਪਣੇ ਬਾਪ ਤੋਂ ਉਲਟ ਉਹ ਸਿਰਫ ਕੁਰਸੀ ਕਾਇਮ ਰੱਖਣ ਵਾਸਤੇ ਕਿਸੇ ਵੀ ਧਰਮ ਅਸਥਾਨ ਵਿਚ ਮੱਥਾ ਟੇਕਣ ਤੁਰੀ ਰਹਿੰਦੀ ਸੀ ਅਤੇ ਨਾਲ ਦੀ ਨਾਲ ਧਰਮਾਂ ਦੇ ਭੇੜ ਕਰਾਉਣ ਦੇ ਗਲਤ ਰਾਹੇ ਪੈ ਗਈ ਸੀ। ਪੰਜਾਬ ਦੀ ਜਿਹੜੀ ਸਮੱਸਿਆ ਪੰਝੀ ਹਜ਼ਾਰ ਤੋਂ ਵੱਧ ਲੋਕਾਂ ਦੀਆਂ ਮੌਤਾਂ ਦਾ ਕਾਰਨ ਬਣੀ, ਉਹ ਵੀ ਇੰਦਰਾ ਗਾਂਧੀ ਅਤੇ ਉਸ ਦੇ ਦੁਆਲੇ ਜੁੜੀ ਜੁੰਡੀ ਦੀਆਂ ਰਾਜਨੀਤਕ ਤਿਕੜਮਾਂ ਦਾ ਨਤੀਜਾ ਸੀ ਤੇ ਫਿਰ ਜਦੋਂ ਉਹ ਖੁਦ ਜਿੰ.ਦਾ ਨਾ ਰਹੀ ਤਾਂ ਬਹੁ-ਗਿਣਤੀ ਧਰਮ ਦੇ ਲੋਕਾਂ ਨੂੰ ਕੱਟੜਪੁਣੇ ਦੀ ਚੋਭ ਲਾਉਣ ਦਾ ਕੰਮ ਉਸ ਦੇ ਪੁਤਰ ਰਾਜੀਵ ਗਾਂਧੀ ਨੇ ਵੀ ਇਸ ਇਰਾਦੇ ਨਾਲ ਕੀਤਾ ਸੀ ਕਿ ਇਸ ਤਰ੍ਹਾਂ ਰਾਜ-ਗੱਦੀ ਦੀ ਹੰਢਣਸਾਰਤਾ ਵਧ ਜਾਵੇਗੀ। ਨਤੀਜਾ ਇਸ ਦਾ ਇਹ ਹੋਇਆ ਕਿ ਉਸ ਧਰਮ ਵਿਚ ਉਨ੍ਹਾਂ ਤੋਂ ਵੱਧ ਤਿੱਖੀਆਂ ਸੁਰਾਂ ਕੱਢਣ ਵਾਲਿਆਂ ਨੂੰ ਮੌਕਾ ਨਸੀਬ ਹੋ ਗਿਆ ਤੇ ਭਾਰਤ ਵਿਚ ਧਰਮ-ਨਿਰਪੱਖਤਾ ਦੇ ਜੜ੍ਹੀਂ ਤੇਲ ਦਿੱਤਾ ਹੋਣ ਕਰ ਕੇ ਉਹ ਧਿਰ ਲੰਮੀਆਂ ਰਾਜਸੀ ਪੁਲਾਂਘਾਂ ਪੁੱਟਣ ਲੱਗ ਪਈ, ਜਿਸ ਨੂੰ ਦੇਸ਼ ਦੇ ਲੋਕ ਕਈ ਵਾਰ ਰੱਦ ਕਰ ਚੁਕੇ ਸਨ। ਉਸ ਧਿਰ ਦੀ ਉਠਾਣ ਦਾ ਪੜੁੱਲ ਇਨ੍ਹਾਂ ਚੁਸਤੀਆਂ ਨੇ ਹੀ ਬੰਨ੍ਹਿਆ ਸੀ।
ਅੱਜ ਤੋਂ ਪੰਝੀ-ਸਾਲ ਪਹਿਲਾਂ ਜਦੋਂ ਇਹ ਕਿਹਾ ਜਾਂਦਾ ਸੀ ਕਿ ਗਲਤ ਧਾਰਨਾਵਾਂ ਵਿਚੋਂ ਰਾਜਸੀ ਲਾਭ ਲੈਣ ਦੇ ਰਾਹ ਪਈ ਕਾਂਗਰਸ ਲੀਡਰਸ਼ਿਪ ਆਪਣਾ ਵੀ ਨੁਕਸਾਨ ਕਰੇਗੀ ਅਤੇ ਦੇਸ਼ ਦਾ ਵੀ ਕਰਾਵੇਗੀ ਤਾਂ ਕਈ ਲੋਕਾਂ ਨੂੰ ਇਹ ਕਹਿਣਾ ਚੰਗਾ ਨਹੀਂ ਸੀ ਲੱਗਦਾ। ਉਨ੍ਹਾਂ ਨੂੰ ਇਹ ਗੱਲ ਸੁਣਨੀ ਮਨਜ਼ੂਰ ਨਹੀਂ ਸੀ ਕਿ ਜਿਹੜੇ ਕਾਂਗਰਸੀ ਅੱਜ ਇਸ ਪਾਰਟੀ ਵਿਚ ਰਹਿ ਕੇ ਇਹ ਖੇਡਾਂ ਖੇਡ ਰਹੇ ਹਨ, ਉਹ ਕੱਲ੍ਹ-ਕਲੋਤਰ ਨੂੰ ਬਹੁ-ਗਿਣਤੀ ਭਾਈਚਾਰੇ ਦੇ ਨਾਂ ਉੱਤੇ ਰਾਜਨੀਤੀ ਕਰਨ ਦੇ ਝੰਡਾਬਰਦਾਰਾਂ ਨਾਲ ਜਾ ਮਿਲਣਗੇ। ਅੱਜ ਇਹ ਸਭ ਕੁਝ ਸਾਡੇ ਸਾਹਮਣੇ ਹੈ। ਕਿਸੇ ਵੀ ਰਾਜ ਵਿਚ ਵੇਖ ਲਵੋ ਤਾਂ ਭਾਜਪਾ ਵਿਚ ਕਾਂਗਰਸੀਆਂ ਦੀ ਉਹ ਧਾੜ ਆਰਾਮ ਨਾਲ ਲੱਭ ਜਾਵੇਗੀ, ਜਿਹੜੀ ਕਾਂਗਰਸੀ ਰਾਜ ਵਿਚ ਅੰਗੂਰੀ ਚਰਦੀ ਤੇ ਧਰਮ-ਨਿਰਪੱਖਤਾ ਦੇ ਓਹਲੇ ਹੇਠ ਇੱਕ ਖਾਸ ਸੋਚ ਵਾਲੇ ਲੋਕਾਂ ਨਾਲ ਸਾਂਝਾਂ ਰੱਖੀ ਜਾਂਦੀ ਸੀ। ਗੋਆ ਵਰਗੇ ਧਰਮ-ਨਿਰਪੱਖ ਦਿੱਖ ਵਾਲੇ ਰਾਜ ਵਿਚ ਪਿਛਲੀ ਵਾਰੀ ਕਾਂਗਰਸ ਦੇ ਸਤਾਰਾਂ ਵਿਧਾਇਕ ਜਿੱਤੇ ਸਨ, ਚੌਦਾਂ ਜਣੇ ਭਾਜਪਾ ਦੇ ਨਾਲ ਚਲੇ ਗਏ ਅਤੇ ਤਿੰਨ ਮਸਾਂ ਇਸ ਪਾਰਟੀ ਵਿਚ ਟਿਕੇ ਰਹੇ ਹਨ। ਮੱਧ ਪ੍ਰਦੇਸ਼ ਵਿਚੋਂ ਬਾਈ ਵਿਧਾਇਕ ਇੱਕੋ ਛੜੱਪੇ ਵਿਚ ਆਪਣੀ ਧਰਮ-ਨਿਰਪੱਖਤਾ ਨੂੰ ਕੂੜੇਦਾਨ ਵਿਚ ਸੁੱਟ ਕੇ ਭਾਜਪਾ ਵਿਚ ਚਲੇ ਗਏ ਸਨ। ਇਹ ਸਭ ਸਹਿਜ-ਸੁਭਾਅ ਨਹੀਂ ਹੋ ਗਿਆ।
ਅਸੀਂ ਫਿਰ ਓਸੇ ਗੱਲ ਉੱਤੇ ਆਈਏ, ਜਿੱਥੋਂ ਕਹਾਣੀ ਸ਼ੁਰੂ ਕੀਤੀ ਸੀ। ਅੱਜ ਦਾ ਭਾਰਤ ਪਹਿਲਾਂ ਵਾਲੀ ਪਟੜੀ ਤੋਂ ਲੱਥ ਚੁਕਾ ਅਤੇ ਉਸ ਲੀਹ ਉੱਤੇ ਪੈ ਚੁਕਾ ਹੈ, ਜਿੱਥੇ ਧਰਮ-ਨਿਰਪੱਖਤਾ ਨੂੰ ਚਿੜਾਇਆ ਜਾਂਦਾ ਹੈ। ਭਾਰਤੀ ਸਮਾਜ ਵਿਚ ਵੰਡੀਆਂ ਪਾਉਣ ਵਾਲੇ ਲੋਕ ਉਲਟਾ ਦੂਸਰਿਆਂ ਨੂੰ ‘ਟੁਕੜੇ-ਟੁਕੜੇ ਗੈਂਗ’ ਆਖ ਕੇ ਭਾਰਤੀ ਲੋਕਾਂ ਸਾਹਮਣੇ ਬਦਨਾਮ ਅਤੇ ਗਏ-ਗੁਜ਼ਰੇ ਬਣਾ ਕੇ ਪੇਸ਼ ਕਰ ਰਹੇ ਹਨ। ਜਿਹੜਾ ਕੋਈ ਇਨ੍ਹਾਂ ਦੇ ਨਾਲ ਖੜੋ ਕੇ ਇੱਕ ਖਾਸ ਧਰਮ ਦੀ ਰਾਜਨੀਤੀ ਵਾਲੀ ਮੁਹਾਰਨੀ ਪੜ੍ਹਨ ਲੱਗ ਜਾਵੇ, ਉਹ ਠੀਕ ਹੈ ਤੇ ਬਾਕੀ ਸਾਰੇ ਲੋਕ ਇਨ੍ਹਾਂ ਦੀ ਨਜ਼ਰ ਵਿਚ ‘ਟੁਕੜੇ-ਟੁਕੜੇ’ ਗੈਂਗ ਬਣ ਜਾਂਦੇ ਹਨ। ਜੰਮੂ-ਕਸ਼ਮੀਰ ਦੇ ਫਾਰੂਕ ਅਬਦੁੱਲਾ ਤੇ ਉਸ ਦਾ ਪੁੱਤਰ ਕਿਸੇ ਸਮੇਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੇ ਮੰਤਰੀ ਬਣਾਏ ਗਏ ਸਨ, ਉਦੋਂ ਉਹ ਠੀਕ ਸਨ ਤੇ ਮਹਿਬੂਬਾ ਮੁਫਤੀ ਏਸੇ ਭਾਜਪਾ ਨਾਲ ਸਾਂਝੀ ਸਰਕਾਰ ਚਲਾਉਣ ਦੇ ਲਈ ਮੁੱਖ ਮੰਤਰੀ ਬਣੀ ਰਹੀ ਸੀ, ਉਦੋਂ ਉਹ ਵੀ ਠੀਕ ਸੀ, ਅੱਜ ਦੋਵੇਂ ‘ਟੁਕੜੇ-ਟੁਕੜੇ ਗੈਂਗ’ ਦੇ ਆਗੂ ਬਣਾ ਕੇ ਭਾਰਤ ਦੀ ਜਨਤਾ ਮੂਹਰੇ ਇਸ ਤਰ੍ਹਾਂ ਪੇਸ਼ ਕੀਤੇ ਜਾਂਦੇ ਹਨ, ਜਿਵੇਂ ਇਨ੍ਹਾਂ ਦੀ ਹੋਂਦ ਉਨ੍ਹਾਂ ਦੇ ਰਾਹ ਦਾ ਰੋੜਾ ਬਣਦੀ ਹੋਵੇ। ਧਰਮ ਨਿਰਪੱਖ ਧਿਰਾਂ ਇਸ ਦਾ ਰਾਹ ਰੋਕਣ ਜੋਗੀਆਂ ਨਹੀਂ ਰਹਿ ਗਈਆਂ। ਇਸ ਹਾਲਤ ਵਿਚ ਸਾਹਿਰ ਲੁਧਿਆਣਵੀ ਦਾ ਗੀਤ ਯਾਦ ਆਉਂਦਾ ਅਤੇ ਉਨ੍ਹਾਂ ਸਾਰੇ ਲੋਕਾਂ ਨੂੰ ਟੁੰਬ ਕੇ ਜਗਾਉਣ ਦੀ ਕੋਸ਼ਿਸ਼ ਕਰਦਾ ਹੈ, ਜਿਹੜੇ ਭਾਰਤ ਦੀ ਪ੍ਰਾਚੀਨਤਾ ਵਿਚੋਂ ਨਿਕਲੀ ਅਤੇ ਅੱਜ ਤੱਕ ਰਾਹ ਵਿਖਾਉਂਦੀ ਆਈ ਵਿਰਾਸਤ ਦੇ ਹਾਮੀ ਹਨ। ਸਾਹਿਰ ਨੇ ਲਿਖਿਆ ਸੀ,
ਜ਼ਰਾ ਮੁਲਕ ਕੇ ਰਹਿਬਰੋਂ ਕੋ ਬੁਲਾਓ,
ਯੇ ਕੂਚੇ, ਯੇ ਗਲੀਆਂ, ਯੇ ਮੰਜ਼ਰ ਦਿਖਾਓ,
ਜਿਨਹੇਂ ਨਾਜ਼ ਹੈ ਹਿੰਦ ਪਰ, ਉਨ ਕੋ ਲਾਓ,
ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈ, ਵੋ ਕਹਾਂ ਹੈਂ।
ਸੱਚੀ ਗੱਲ ਹੈ ਕਿ ਅੱਜ ਜਣਾ-ਖਣਾ ਆਗੂ ਬਣਿਆ ਪਿਆ ਹੈ, ਪਰ ਦੇਸ਼ ਦੀ ਵਿਰਾਸਤ ਦੀ ਸੰਭਾਲ ਲਈ ਹਾਲਾਤ ਦਾ ਸਾਹਮਣਾ ਕਰਨ ਵਾਲੇ ਲੋਕ, ‘ਜਿਨਹੇਂ ਨਾਜ਼ ਹੈ ਹਿੰਦ ਪਰ, ਵੋ ਕਹਾਂ ਹੈਂ’, ਇਹੀ ਪਤਾ ਨਹੀਂ ਲੱਗ ਰਿਹਾ।