ਬਰਾਕ ਓਬਾਮਾ ਦੀ ਸਾਫਗੋਈ, ਕਾਂਗਰਸ ਲਾਲ-ਪੀਲੀ ਹੋਈ

ਰਵਿੰਦਰ ਸਿੰਘ ਸੋਢੀ
ਫੋਨ: 604-369-2371
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ, ਜਿਨ੍ਹਾਂ ਨੇ ਅੱਠ ਸਾਲ ‘ਵ੍ਹਾਈਟ ਹਾਊਸ’ ਦੇ ‘ਓਵਲ ਆਫਿਸ’ ਵਿਚ ਬੈਠ ਅਮਰੀਕਾ ਦੀ ਜਨਤਾ ਦਾ ਦਿਲ ਹੀ ਨਹੀਂ ਸੀ ਜਿੱਤਿਆ, ਸਗੋਂ ਦੁਨੀਆਂ ਭਰ ਤੋਂ ਵੀ ਵਾਹ ਵਾਹ ਖੱਟੀ ਸੀ। ਆਪਣੇ ਦੇਸ਼ ਵਿਚ ਟੀਸੀ ਦਾ ਰੁਤਬਾ ਹਾਸਲ ਕਰਨ ਵਾਲੇ ਉਹ ਪਹਿਲੇ ਸਿਆਹਫਾਮ (ਕਾਲਿਆਂ ਦੀ ਨਸਲ ਵਿਚੋਂ) ਸਨ। ਇਸੇ ਲਈ ਉਨ੍ਹਾਂ ਦੀ ਜਿੱਤ ਕਈ ਕੱਟੜ ਕਿਸਮ ਦੇ ਗੋਰਿਆਂ ਨੂੰ ਹਜਮ ਨਹੀਂ ਸੀ ਹੋਈ, ਪਰ ਜਲਦੀ ਹੀ ਉਨ੍ਹਾਂ ਦੀਆਂ ਲੋਕ-ਪੱਖੀ ਨੀਤੀਆਂ ਕਾਰਨ ਉਹ ਹਰਮਨ ਪਿਆਰੇ ਹੋ ਗਏ। ਇਸੇ ਲਈ ਉਹ ਦੂਜੀ ਵਾਰ ਵੀ ਜੇਤੂ ਰਹੇ ਸਨ। ਅਮਰੀਕਾ ਦੇ ਸੈਨਟਰ ਹੋਣ ਕਾਰਨ ਉਹ ਕਈ ਅਹਿਮ ਕਮੇਟੀਆਂ ਵਿਚ ਰਹੇ, ਜਿਸ ਕਾਰਨ ਉਹ ਆਪਣੇ ਦੇਸ਼ ਦੇ ਵੱਖ ਵੱਖ ਪਹਿਲੂਆਂ ਸਬੰਧੀ ਹੀ ਜਾਣਕਾਰੀ ਨਹੀਂ ਸੀ ਰਖਦੇ, ਸਗੋਂ ਉਨ੍ਹਾਂ ਨੂੰ ਕੌਮਾਂਤਰੀ ਪੱਧਰ ਦੇ ਮਾਮਲਿਆਂ ਦੀ ਵੀ ਪੂਰੀ ਸੋਝੀ ਸੀ। ਅਜਿਹੀ ਪਰਪੱਕ ਅਤੇ ਸੁਲਝੀ ਰਾਜਸੀ ਜਾਣਕਾਰੀ ਕਰਕੇ ਹੀ ਕੌਮਾਂਤਰੀ ਪੱਧਰ ‘ਤੇ ਉਨ੍ਹਾਂ ਦੀ ਬਹੁਤ ਭੱਲ ਬਣੀ ਹੋਈ ਸੀ।

ਉਹ ਕਰੜੇ ਤੋਂ ਕਰੜੇ ਕਦਮ ਚੁੱਕਣ ਤੋਂ ਦਰੇਗ ਨਹੀਂ ਸੀ ਕਰਦੇ। ਇਸ ਦੀ ਸਭ ਤੋਂ ਪ੍ਰਮੁੱਖ ਮਿਸਾਲ ਪਾਕਿਸਤਾਨ ਵਿਚ ਛੁਪੇ ਓਸਾਮਾ-ਬਿਨ-ਲਾਦੇਨ ਦੀ ਸੂਹ ਕੱਢ ਕੇ, ਪਾਕਿਸਤਾਨ ਨੂੰ ਦੱਸੇ ਬਿਨਾ ਹੀ ਉਸ ਦਾ ਖੁਰਾ-ਖੋਜ ਮਿਟਾਉਣ ਵਾਲਾ ਕਾਰਜ ਸੀ।
ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਸਵੈ ਜੀਵਨੀ ‘ਏ ਪ੍ਰੋਮਿਸਡ ਲੈਂਡ’ ਦਾ ਪਹਿਲਾ ਹਿੱਸਾ ਪ੍ਰਕਾਸ਼ਿਤ ਹੋਇਆ ਹੈ। ਇਹ ਕਿਤਾਬ ਅਜੇ ਅਮਰੀਕਾ ਤੋਂ ਬਾਹਰ ਤਾਂ ਬਾਜ਼ਾਰ ਵਿਚ ਮਿਲ ਨਹੀਂ ਰਹੀ, ਪਰ ਕਿਤਾਬ ਦੇ ਕੁਝ ਕੁਝ ਹਿੱਸੇ ਅਖਬਾਰਾਂ ਰਾਹੀਂ ਸਾਹਮਣੇ ਆ ਰਹੇ ਹਨ। ਭਾਰਤ, ਭਾਰਤੀ ਰਾਜਸੀ ਪ੍ਰਣਾਲੀ, ਰਾਜਸੀ ਨੇਤਾਵਾਂ ਸਬੰਧੀ ਕੀਤੀਆਂ ਉਨ੍ਹਾਂ ਦੀਆਂ ਬੇਬਾਕ ਟਿੱਪਣੀਆਂ ਖੂਬ ਚਰਚਾ ਵਿਚ ਹਨ। ਆਪਣੇ ਅਹੁਦੇ ਦੇ ਅੱਠ ਸਾਲ ਦੀ ਮਿਆਦ ਦੌਰਾਨ ਉਹ 2010 ਵਿਚ ਸਰਕਾਰੀ ਦੌਰੇ ‘ਤੇ ਭਾਰਤ ਗਏ ਸਨ। ਉਸ ਸਮੇਂ ਭਾਰਤ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਅਤੇ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਸਨ। ਰਾਹੁਲ ਗਾਂਧੀ ਕਾਂਗਰਸ ਦੇ ਜਨਰਲ ਸਕੱਤਰ ਸਨ। ਓਬਾਮਾ ਦੀ ਪ੍ਰਧਾਨ ਮੰਤਰੀ ਨਾਲ ਤਾਂ ਗੱਲਬਾਤ ਹੋਣੀ ਹੀ ਸੀ, ਕਾਂਗਰਸ ਦੀ ਪ੍ਰਧਾਨ ਅਤੇ ਜਨਰਲ ਸਕੱਤਰ ਨਾਲ ਵੀ ਰਸਮੀ ਗੱਲਬਾਤ ਹੋਈ। ਡਾ. ਮਨਮੋਹਨ ਸਿੰਘ ਨੂੰ ਤਾਂ ਉਹ ਪਹਿਲਾ ਵੀ ਮਿਲ ਚੁਕੇ ਸਨ ਅਤੇ ਉਸ ਤੋਂ ਬਾਅਦ ਵੀ ਮਿਲੇ।
ਆਪਣੀ ਸਵੈ-ਜੀਵਨੀ ਵਿਚ ਓਬਾਮਾ ਨੇ ਇਨ੍ਹਾਂ ਤਿੰਨਾਂ ਸ਼ਖਸੀਅਤਾਂ ਸਬੰਧੀ ਵਿਚਾਰ ਤਾਂ ਪ੍ਰਗਟਾਏ ਹਨ ਹੀ, ਇਸ ਦੇ ਨਾਲ ਨਾਲ ਉਨ੍ਹਾਂ ਨੇ ਸਾਡੇ ਦੇਸ਼ ਦੇ ਰਾਜਨੀਤਕ ਤਾਣੇ-ਬਾਣੇ ‘ਤੇ ਵੀ ਕੁਝ ਟਿੱਪਣੀਆਂ ਕੀਤੀਆਂ ਹਨ। ਭਾਰਤ ਦੇ ਰਾਜਸੀ ਸਿਸਟਮ ਦੀਆਂ ਕੁਝ ਬੁਨਿਆਦੀ ਗੱਲਾਂ ਜਿਵੇਂ ਰਾਜਸੀ ਚੌਧਰ ਲਈ ਹਿੰਸਾ ਦੀ ਵਰਤੋਂ, ਜਾਤ-ਪਾਤ ਦਾ ਬੋਲਬਾਲਾ, ਪਰਿਵਾਰਵਾਦ ਦੇ ਦੁਆਲੇ ਸੁੰਗੜ ਚੁਕਾ ਰਾਜਸੀ ਪਾਰਟੀਆਂ ਦਾ ਢਾਂਚਾ ਆਦਿ। ਇਸ ਤੋਂ ਇਹ ਅੰਦਾਜ਼ਾ ਨਹੀਂ ਲਾਉਣਾ ਚਾਹੀਦਾ ਕਿ ਇਹ ਗੱਲਾਂ ਉਨ੍ਹਾਂ ਨੇ ਸਿਰਫ ਆਪਣੇ ਭਾਰਤੀ ਦੌਰੇ ਸਮੇਂ ਹੀ ਮਹਿਸੂਸ ਕੀਤੀਆਂ। ਇਹ ਸੰਖੇਪ ਜਿਹੀ ਟਿੱਪਣੀ ਓਬਾਮਾ ਦੀ ਭਾਰਤ ਸਬੰਧੀ ਡੂੰਘੀ ਜਾਣਕਾਰੀ ਦੀ ਲਖਾਇਕ ਹੈ। ਉਹ ਲੰਮਾ ਸਮਾਂ ਸੈਨੇਟਰ ਰਹੇ। ਇਸ ਲਈ ਇਸ ਪਰਪੱਕ ਰਾਜਸੀ ਹਸਤੀ ਨੇ ਵਿਸ਼ਵ ਦੇ ਕੁਝ ਪ੍ਰਸਿੱਧ ਦੇਸ਼ਾਂ ਪ੍ਰਤੀ ਆਪਣੀ ਜਾਣਕਾਰੀ ਵਧਾਉਣ ਦੇ ਉਪਰਾਲੇ ਜਾਰੀ ਰੱਖੇ। ਦੂਜਾ, ਜਦੋਂ ਉਨ੍ਹਾਂ ਨੇ ਆਪਣੇ ਮੁਲਕ ਦੇ ਰਾਸ਼ਟਰਪਤੀ ਦਾ ਅਹੁਦਾ ਸੰਭਾਲਿਆ ਹੋਵੇਗਾ ਤਾਂ ਉਸ ਤੋਂ ਬਾਅਦ ਇਸ ਪੱਖ ਵਲ ਵੱਧ ਧਿਆਨ ਦਿੱਤਾ ਹੋਵੇਗਾ ਤਾਂ ਜੋ ਦੂਜੇ ਮੁਲਕਾਂ ਨਾਲ ਆਪਸੀ ਸਬੰਧਾਂ ਨੂੰ ਅੱਗੇ ਵਧਾਉਣ ਲਈ ਉਸ ਦੇਸ਼ ਦੀ ਰਾਜਨੀਤਕ ਪ੍ਰਣਾਲੀ ਦੀ ਉਨ੍ਹਾਂ ਨੂੰ ਪੂਰੀ ਜਾਣਕਾਰੀ ਹੋਵੇ।
ਇਕ ਚੰਗਾ ਕੌਮਾਂਤਰੀ ਨੇਤਾ ਉਹੀ ਹੋ ਸਕਦਾ ਹੈ, ਜੋ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਤੋਂ ਵੀ ਭਲੀ ਭਾਂਤ ਜਾਣੂੰ ਹੋਵੇ। ਅਮਰੀਕਾ ਵਰਗੇ ਦੇਸ਼ ਦੇ ਰਾਸ਼ਟਰਪਤੀ ਨੂੰ ਤਾਂ ਹਰ ਪੱਖੋਂ ਚੇਤੰਨ ਹੋਣ ਦੀ ਲੋੜ ਹੁੰਦੀ ਹੈ, ਕਿਉਂਕਿ ਉਹ ਇਕ ਸੁਪਰ ਪਾਵਰ ਮੁਲਕ ਹੈ, ਜਿਸ ਨੂੰ ਕੁਝ ਕੁ ਵਿਦਵਾਨ ਆਪੇ ਥਾਪਿਆ ਥਾਣੇਦਾਰ ਵੀ ਕਹਿ ਦਿੰਦੇ ਹਨ। ਅਜਿਹੀ ਸ਼ਕਤੀਸ਼ਾਲੀ ਹਸਤੀ ਦੇ ਸਲਾਹਕਾਰ ਵੀ ਬਹੁਤ ਸ਼ਾਤਰ ਦਿਮਾਗ ਹੁੰਦੇ ਹਨ ਅਤੇ ਹਰ ਮੁਲਕ ਦੇ ਮਾਮਲਿਆਂ ਨੂੰ ਨਜਿੱਠਣ ਲਈ ਵੱਖਰੇ ਵੱਖਰੇ ਆਹਲਾ ਅਫਸਰ ਹੁੰਦੇ ਹਨ, ਪਰ ਚੰਗਾ ਮੁਖੀ ਹਮੇਸ਼ਾ ਸਲਾਹਕਾਰਾਂ ‘ਤੇ ਹੀ ਨਿਰਭਰ ਨਹੀਂ ਰਹਿੰਦਾ, ਸਗੋਂ ਆਪ ਵੀ ਲੋੜੀਂਦੀ ਜਾਣਕਾਰੀ ਨਾਲ ਲੈਸ ਹੁੰਦਾ ਹੈ।
ਇਸ ਤੋਂ ਪਹਿਲਾਂ ਕਿ ਬਰਾਕ ਓਬਾਮਾ ਦੀਆਂ ਹੋਰ ਟਿੱਪਣੀਆਂ ਦਾ ਜ਼ਿਕਰ ਕੀਤਾ ਜਾਵੇ, ਉਨ੍ਹਾਂ ਦੇ ਉਪਰੋਕਤ ਕਥਨ ਨੂੰ ਹੀ ਵਾਚਦੇ ਹਾਂ। ਇਸ ਵਿਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਤੋਂ ਬਾਅਦ ਦਾ ਕੁਝ ਸਮਾਂ ਛੱਡ ਕੇ ਸਾਡੇ ਦੇਸ਼ ਦੀ ਰਾਜਨੀਤੀ ਰਸਾਤਲ ਵੱਲ ਹੀ ਗਈ ਹੈ। ਰਾਜਨੀਤੀ ਵਿਚ ਲੱਠਮਾਰਾਂ ਦਾ ਇਜ਼ਫਾ ਹੋਇਆ ਹੈ, ਪਰਿਵਾਰਵਾਦ ਸਿਖਰ ‘ਤੇ ਪਹੁੰਚ ਚੁਕਾ ਹੈ, ਚੋਣ-ਤੰਤਰ ਪੈਸੇ ਵਾਲਿਆਂ ਦੇ ਅਧੀਨ ਹੋ ਚੁਕਾ ਹੈ, ਜਾਤ-ਪਾਤ ਦਾ ਬੋਲਬਾਲਾ ਸਮਾਜਕ ਜੀਵਨ ਵਿਚ ਹੀ ਨਹੀਂ, ਸਗੋਂ ਰਾਜਸੀ ਵਰਤਾਰੇ ਵਿਚ ਪੂਰੀ ਤਰ੍ਹਾਂ ਪੈਰ ਪਸਾਰ ਚੁਕਾ ਹੈ। ਆਮ ਇਨਸਾਨ ਤਾਂ ਚੋਣਾਂ ਲੜਨ ਦੀ ਸੋਚ ਵੀ ਨਹੀਂ ਸਕਦਾ। ਭਾਵੇਂ ਸਾਰੀਆਂ ਰਾਜਸੀ ਪਾਰਟੀਆਂ ਇਹ ਕਹਿੰਦੀਆਂ ਹਨ ਕਿ ਉਹ ਪੰਚਾਇਤ ਦੀਆਂ ਚੋਣਾਂ ਵਿਚ ਸਿੱਧੇ ਦਖਲ ਦੇ ਵਿਰੁੱਧ ਹਨ, ਪਰ ਇਹ ਕਥਨ ਸੱਚਾਈ ਤੋਂ ਕੋਹਾਂ ਮੀਲ ਦੂਰ ਹੈ। ਔਰਤਾਂ ਤੇ ਐਸ਼ ਸੀ., ਬੀ. ਸੀ. ਲਈ ਰਾਖਵੀਆਂ ਸੀਟਾਂ ‘ਤੇ ਵੀ ਪਾਰਟੀਆਂ ਵੱਲੋਂ ਹੀ ਉਮੀਦਵਾਰ ਨਾਮਜ਼ਦ ਕੀਤੇ ਜਾਂਦੇ ਹਨ ਅਤੇ ਉਨ੍ਹਾਂ ਦੀ ਜਿੱਤ ਉਪਰੰਤ ਉਹ ਪਾਰਟੀ ਦੇ ਉਪਰਲੇ ਨੇਤਾਵਾਂ ਦੇ ਇਸ਼ਾਰੇ ‘ਤੇ ਹੀ ਚਲਦੇ ਹਨ। ਜੋ ਔਰਤਾਂ ਪੰਚ ਜਾਂ ਸਰਪੰਚ ਬਣਦੀਆਂ ਹਨ, ਉਨ੍ਹਾਂ ਵਿਚੋਂ ਬਹੁਤੀਆਂ ਦੇ ਪਤੀ ਹੀ ਸਾਰੇ ਕੰਮ-ਕਾਜ ਕਰਦੇ ਹਨ। ਔਰਤਾਂ ਤਾਂ ਅੰਗੂਠਾ ਲਾਉਣ ਜੋਗੀਆਂ ਹੀ ਹੁੰਦੀਆਂ ਹਨ।
ਸੂਬਿਆਂ ਦੀਆਂ ਵਿਧਾਨ ਸਭਾਵਾਂ ਅਤੇ ਲੋਕ ਸਭਾ ਲਈ ਚੋਣਾਂ ਦਾ ਰੌਲ-ਘਚੋਲਾ ਵੱਡੇ ਪੱਧਰ ਦਾ ਹੀ ਹੁੰਦਾ ਹੈ। ਵੋਟਾਂ ਤੋਂ ਪਹਿਲਾਂ ਦੇ ਲੜਾਈ ਝਗੜਿਆਂ ਦੀ ਤਾਂ ਗੱਲ ਹੀ ਕੀ ਕਰਨੀ ਹੈ, ਵੋਟਾਂ ਵਾਲੇ ਦਿਨ ਜਾਅਲੀ ਵੋਟਾਂ ਦੇ ਭੁਗਤਾਨ ਤੋਂ ਲੈ ਕੇ ਪੋਲਿੰਗ ਬੂਥਾਂ ‘ਤੇ ਕਬਜ਼ਾ ਕਰਨ ਦੀਆਂ ਵਾਰਦਾਤਾਂ ਵੱਡੀ ਗਿਣਤੀ ਵਿਚ ਵਾਪਰਦੀਆਂ ਹਨ। ਜਦੋਂ ਤੋਂ ਵੋਟਿੰਗ ਮਸ਼ੀਨਾਂ ਦੀ ਵਰਤੋਂ ਸ਼ੁਰੂ ਹੋਈ ਹੈ, ਇਨ੍ਹਾਂ ਨਾਲ ਛੇੜ-ਛਾੜ ਦਾ ਰੌਲਾ ਵੀ ਚੱਲ ਰਿਹਾ ਹੈ, ਖਾਸ ਕਰ ਵਰਤਮਾਨ ਕੇਂਦਰੀ ਸਰਕਾਰ ਦੇ ਸਮੇਂ ਤੋਂ। ਇਨ੍ਹਾਂ ਤੱਥਾਂ ਦੀ ਰੌਸ਼ਨੀ ਵਿਚ ਬਰਾਕ ਓਬਾਮਾ ਦੇ ਪ੍ਰਗਟਾਏ ਵਿਚਾਰਾਂ ‘ਤੇ ਕਿਸੇ ਕਿਸਮ ਦੇ ਕਿੰਤੂ-ਪ੍ਰੰਤੂ ਦੀ ਲੋੜ ਨਹੀਂ ਭਾਸਦੀ।
ਭਾਰਤ ਦੀ ਬਹੁਤੀ ਜਨਤਾ ਗਰੀਬੀ ਰੇਖਾ ਤੋਂ ਹੇਠਾਂ ਰਹਿ ਰਹੀ ਹੈ। ਪੱਛਮੀ ਮੁਲਕਾਂ ਵਿਚ ਸਾਡੇ ਦੇਸ਼ ਪ੍ਰਤੀ ਇਹ ਧਾਰਨਾ ਪੱਕੀ ਘਰ ਕਰ ਗਈ ਹੈ। ਇਹ ਠੀਕ ਹੈ ਕਿ ਪਿਛਲੇ ਕੁਝ ਸਮੇਂ ਤੋਂ ਹਾਲਾਤ ਕੁਝ ਬਦਲੇ ਹਨ। ਮੱਧ ਵਰਗ ਦੀ ਗਿਣਤੀ ਵਿਚ ਵਾਧਾ ਹੋਇਆ ਹੈ। ਨਵੇਂ ਧਨਾਢ ਵੀ ਤੇਜੀ ਨਾਲ ਵੱਧ ਰਹੇ ਹਨ, ਪਰ ਇਸ ਹਕੀਕਤ ਤੋਂ ਵੀ ਮੂੰਹ ਨਹੀਂ ਮੋੜਿਆ ਜਾ ਸਕਦਾ ਕਿ ਗਰੀਬੀ ਦੂਰ ਕਰਨ ਦੇ ਮਾਮਲੇ ਵਿਚ ਅਸੀਂ ਅਜੇ ਪੂਣੀ ਵੀ ਨਹੀਂ ਕੱਤੀ। ਸੋ, ਬਰਾਕ ਓਬਾਮਾ ਨੇ ਸਾਡੀ ਦੁਖਦੀ ਰਗ ‘ਤੇ ਹੱਥ ਠੀਕ ਜਗਾ ਹੀ ਧਰਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦੇਸ਼ ਦੇ ਧਨ ਕੁਬੇਰਾਂ ਸਬੰਧੀ ਸੰਖੇਪ ਵਿਚ ਹੀ ਸੱਚਾਈ ਬਿਆਨ ਕਰ ਦਿੱਤੀ ਹੈ ਕਿ ਉਨ੍ਹਾਂ ਦਾ ਰਹਿਣ-ਸਹਿਣ ਮੁਗਲ ਸ਼ਾਸਕਾਂ ਵਰਗਾ ਹੈ। ਉਨ੍ਹਾਂ ਨੇ ਨਿਸ਼ਾਨਾ ਟਿਕਾਣੇ ‘ਤੇ ਲਾਇਆ ਹੈ। ਵੈਸੇ ਦੇਖਿਆ ਜਾਵੇ ਤਾਂ ਵਿਸ਼ਵ ਦੇ ਚੋਟੀ ਦੇ ਅਮੀਰ ਸ਼ਖਸਾਂ ਦੀ ਸੂਚੀ ਵਿਚ ਭਾਰਤੀ ਕਿਤੇ ਨੇੜੇ-ਤੇੜੇ ਨਹੀਂ ਖੜ੍ਹਦੇ, ਪਰ ਦੂਜੇ ਦੋਸ਼ਾਂ ਦੇ ਅਮੀਰ ਜਿਥੇ ਆਪਣੀ ਦੌਲਤ ਦੀ ਵਰਤੋਂ ਨਿਜੀ ਐਸ਼ੋ-ਅਰਾਮ ਲਈ ਤਾਂ ਕਰਦੇ ਹੀ ਹਨ, ਉਥੇ ਉਹ ਦਾਨ-ਪੁੰਨ ਵੀ ਬਹੁਤ ਕਰਦੇ ਹਨ। ਇਸ ਪੱਖੋਂ ਸਾਡੇ ਦੇਸ਼ ਦੇ ਅਮੀਰ ਫਾਡੀ ਹੀ ਹਨ।
ਬਰਾਕ ਓਬਾਮਾ ਨੇ ਭਾਰਤ ਦੇ ਤਿੰਨ ਰਾਜਸੀ ਨੇਤਾਵਾਂ ਸਬੰਧੀ ਵੀ ਟਿੱਪਣੀਆਂ ਕੀਤੀਆਂ ਹਨ ਅਤੇ ਇਹ ਤਿੰਨੋ ਕਾਂਗਰਸ ਨਾਲ ਸਬੰਧ ਰੱਖਦੇ ਹਨ। ਭਾਰਤ ਦੇ ਉਸ ਸਮੇਂ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਪ੍ਰਤੀ ਬਰਾਕ ਓਬਾਮਾ ਨੇ ਬੜਾ ਸਤਿਕਾਰ ਪ੍ਰਗਟ ਕੀਤਾ ਹੈ। ਸੋਨੀਆ ਗਾਂਧੀ ਪ੍ਰਤੀ ਹਾਂ-ਵਾਚੀ ਟਿੱਪਣੀ ਵੀ ਕੀਤੀ ਹੈ ਅਤੇ ਉਨ੍ਹਾਂ ਦੇ ਪੁੱਤਰ-ਮੋਹ ਵੱਲ ਵੀ ਇਸ਼ਾਰਾ ਕੀਤਾ ਹੈ, ਪਰ ਰਾਹੁਲ ਗਾਂਧੀ ਵਿਚ ਉਨ੍ਹਾਂ ਨੂੰ ਦੂਰਦਰਸ਼ਤਾ ਦੀ ਘਾਟ ਮਹਿਸੂਸ ਹੋਈ ਅਤੇ ਲੱਗਿਆ ਜਿਵੇਂ ਉਨ੍ਹਾਂ ਵਿਚ ‘ਜਨੂੰਨ’ ਦੀ ਘਾਟ ਹੈ। ਓਬਾਮਾ ਨੂੰ ਮਹਿਸੂਸ ਹੋਇਆ ਜਿਵੇਂ ਰਾਹੁਲ ਗਾਂਧੀ ਉਨ੍ਹਾਂ ਨਾਲ ਗੱਲਬਾਤ ਕਰਦੇ ਸਮੇਂ ਥੋੜ੍ਹਾ ਝਿਜਕ ਰਿਹਾ ਹੋਵੇ। ਬਸ ਇਸੇ ਗੱਲ ਤੋਂ ਕੁਝ ਕਾਂਗਰਸੀ ਨੇਤਾਵਾਂ ਨੂੰ ਬੇਚੈਨੀ ਹੋ ਗਈ ਕਿ ਉਨ੍ਹਾਂ ਦੇ ‘ਹੋਣਹਾਰ ਨੇਤਾ’, ‘ਕਾਂਗਰਸ ਪਾਰਟੀ ਦੇ ਭਵਿੱਖ’, ‘ਰੂਹੇ-ਰਵਾਂ’, ‘ਦੇਸ਼ ਦੇ ਨੌਜਵਾਨਾਂ ਦੇ ਦਿਲ ਦੀ ਧੜਕਣ’, ‘ਭਵਿੱਖ ਦੇ ਪ੍ਰਧਾਨ ਮੰਤਰੀ’ ਸਬੰਧੀ ਅਜਿਹੇ ਨਕਾਰਾਤਮਕ ਸ਼ਬਦ ਕਹਿਣ ਵਾਲਾ ਓਬਾਮਾ ਹੁੰਦਾ ਕੌਣ ਹੈ? ਇਹ ਭੜਾਸ ਕਿਸੇ ਪੁਰਾਣੇ ਨੇਤਾ ਜਾਂ ਨੇਤਾਵਾਂ ਨੇ ਨਹੀਂ, ਸਗੋਂ ਰਾਹੁਲ ਦੇ ਕਰੀਬੀ ਕੁਝ ਨੌਜਵਾਨ ਨੇਤਾਵਾਂ ਨੇ ਹੀ ਕੱਢੀ ਹੈ। ਆਖਿਰ ਅਜਿਹੇ ਮੌਕੇ ਰੋਜ਼ ਰੋਜ਼ ਤਾਂ ਮਿਲਦੇ ਨਹੀਂ ਕਿ ਆਪਣੇ ਪਿਆਰੇ ਨੇਤਾ ਪ੍ਰਤੀ ਵਫਾਦਾਰੀ ਦਿਖਾਈ ਜਾ ਸਕੇ!
ਜਿਹੜੇ ਕਾਂਗਰਸੀ ਰਾਹੁਲ ਸਬੰਧੀ ਟਿੱਪਣੀ ਤੋਂ ਔਖੇ ਹਨ, ਕੀ ਉਹ ਦੱਸ ਸਕਦੇ ਹਨ ਕਿ ਜਦੋਂ ਤੋਂ ਰਾਹੁਲ ਨੂੰ ਪਾਰਟੀ ਪ੍ਰਧਾਨ ਬਣਾਇਆ ਗਿਆ, ਉਸ ਨੇ ਪਾਰਟੀ ਵਿਚ ਕਿਹੜੀ ਨਵੀਂ ਰੂਹ ਫੂਕੀ? ਇਕ ਤੋਂ ਬਾਅਦ ਇਕ ਚੋਣਾਂ ਵਿਚ ਕਾਂਗਰਸ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਗਈ। ਜਦੋਂ ਡਾ. ਮਨਮੋਹਨ ਸਿੰਘ ਦੀ ਸਰਕਾਰ ਦੇ ਪੰਜ ਸਾਲ ਦੀ ਮਿਆਦ ਪੂਰੀ ਹੋਣ ਬਾਅਦ ਮੁੜ ਕਾਂਗਰਸ ਦੀ ਸਰਪ੍ਰਸਤੀ ਵਾਲੇ ਮੋਰਚੇ ਦਾ ਬਹੁਮਤ ਆ ਗਿਆ ਤਾਂ ਸਾਰਿਆਂ ਨੂੰ ਯਕੀਨ ਸੀ ਕਿ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਾਇਆ ਜਾਵੇਗਾ। ਡਾ. ਮਨਮੋਹਨ ਸਿੰਘ ਨੇ ਵੀ ਕਹਿ ਦਿੱਤਾ ਸੀ ਕਿ ਰਾਹੁਲ ਪ੍ਰਧਾਨ ਮੰਤਰੀ ਬਣ ਜਾਵੇ; ਪਰ ਰਾਹੁਲ ਆਪ ਪਿੱਛੇ ਹਟ ਗਿਆ। ਅਸਲ ਕਾਰਨ ਤਾਂ ਰਾਹੁਲ ਜਾਂ ਸੋਨੀਆ ਗਾਂਧੀ ਹੀ ਦੱਸ ਸਕਦੇ ਹਨ, ਪਰ ਆਮ ਧਾਰਨਾ ਇਹੋ ਹੈ ਕਿ ਰਾਹੁਲ ਨੂੰ ਉਸ ਸਮੇਂ ਆਪਣੇ ਆਪ ‘ਤੇ ਪੂਰਾ ਵਿਸ਼ਵਾਸ ਨਹੀਂ ਸੀ ਕਿ ਉਹ ਇਹ ਅਹੁਦਾ ਸੰਭਾਲ ਲਵੇਗਾ ਜਾਂ ਨਹੀਂ? ਜੇ ਬਰਾਕ ਓਬਾਮਾ ਵਰਗਾ ਸੂਝਵਾਨ ਸਿਆਸਤਦਾਨ ਇਹ ਲਿਖ ਰਿਹਾ ਹੈ ਕਿ ਉਹ ਅਯੋਗ ਹੈ ਜਾਂ ਉਸ ਵਿਚ ਜਨੂੰਨ ਦੀ ਘਾਟ ਹੈ ਤਾਂ ਇਸ ਤੇ ਹੋ-ਹੱਲਾ ਕਰਨ ਦੀ ਕੀ ਲੋੜ ਹੈ? ਇਹ ਤਾਂ ਹੈ ਨਹੀਂ ਕਿ ਓਬਾਮਾ ਦੀ ਕਾਂਗਰਸ ਜਾਂ ਗਾਂਧੀ ਪਰਿਵਾਰ ਨਾਲ ਕੋਈ ਜ਼ਾਤੀ ਦੁਸ਼ਮਣੀ ਹੈ। ਅਮਰੀਕਾ ਦਾ ਸਾਬਕਾ ਰਾਸ਼ਟਰਪਤੀ ਕਿਸੇ ਨੌਜਵਾਨ ਨੇਤਾ ਪ੍ਰਤੀ ਜਾਣ-ਬੁਝ ਕੇ ਤਾਂ ਗਲਤ ਬਿਆਨੀ ਕਰਨ ਤੋਂ ਰਿਹਾ?
ਦੂਜੀ ਗੱਲ ਇਹ ਕਿ ਅਮਰੀਕੀ ਖੁਫੀਆ ਤੰਤਰ ਦੀ ਮਾਰ ਬਹੁਤ ਦੂਰ ਤੱਕ ਹੈ। ਉਹ ਦੁਨੀਆਂ ਭਰ ਦੀਆਂ ਖਾਸ ਖਾਸ ਹਸਤੀਆਂ ‘ਤੇ ਘੋਖਵੀਂ ਨਜ਼ਰ ਰੱਖਦੇ ਹਨ। ਕੌਣ ਕਿੰਨੇ ਪਾਣੀ ‘ਚ ਹੈ, ਇਸ ਦੀ ਉਨ੍ਹਾਂ ਨੂੰ ਖਬਰ ਹੁੰਦੀ ਹੈ। ਅਸਲ ਵਿਚ ਇਕ ਤਾਂ ਕੁਦਰਤੀ ਹੀ ਰਾਹੁਲ ਵਿਚ ਰਾਜਸੀ ਜੋੜ-ਤੋੜ ਕਰਨ ਦੀ ਸਮਰਥਾ ਨਹੀਂ। ਅਜਿਹੀ ਕਾਬਲੀਅਤ ਦੀ ਅਣਹੋਂਦ ਕਾਰਨ ਕੋਈ ਵੀ ਸ਼ਖਸ ਰਾਜਨੀਤੀ ਵਿਚ ਪ੍ਰਵਾਨ ਨਹੀਂ ਚੜ੍ਹ ਸਕਦਾ, ਵਿਸ਼ੇਸ਼ ਕਰ ਭਾਰਤੀ ਰਾਜਨੀਤਕ ਮਾਹੌਲ ਵਿਚ। ਰਾਹੁਲ ਮੂਲ ਰੂਪ ਵਿਚ ਬੇਹੱਦ ਸ਼ਰੀਫ ਸ਼ਖਸ ਹੈ। ਉਹ ਬਹੁਤੀਆਂ ਤਿਗੜਮਬਾਜ਼ੀਆਂ ਵਿਚ ਪੈ ਹੀ ਨਹੀਂ ਸਕਦਾ। ਸੱਚੇ-ਸੁੱਚੇ ਕਿਰਦਾਰ ਵਾਲਾ ਹੈ, ਹਾਰ ਲਈ ਜ਼ਿੰਮੇਵਾਰੀ ਲੈਣ ਨੂੰ ਤਿਆਰ ਹੈ। ਇਸੇ ਲਈ 2019 ਦੀਆਂ ਚੋਣਾਂ ਤੋਂ ਬਾਅਦ ਆਪਣੀ ਪਾਰਟੀ ਦੀ ਹਾਰ ਦੀ ਜ਼ਿੰਮੇਵਾਰੀ ਸਵੀਕਾਰ ਕਰਕੇ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਲਾਂਭੇ ਹੋ ਗਿਆ। ਉਸ ‘ਤੇ ਪਾਰਟੀ ਆਗੂਆਂ ਅਤੇ ਪਰਿਵਾਰ ਵੱਲੋਂ ਆਪਣਾ ਫੈਸਲਾ ਬਦਲਣ ਲਈ ਬਹੁਤ ਦਬਾ ਪਾਇਆ ਗਿਆ, ਪਰ ਉਹ ਆਪਣੀ ਜ਼ਿਦ ‘ਤੇ ਅੜਿਆ ਰਿਹਾ। ਅਜਿਹਾ ਹੌਂਸਲਾ ਘੱਟ-ਵੱਧ ਨੇਤਾਵਾਂ ਨੇ ਹੀ ਦਿਖਾਇਆ ਹੈ।
ਕਾਂਗਰਸ ਪਾਰਟੀ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਰਾਹੁਲ ਗਾਂਧੀ ਪਾਰਟੀ ਨੂੰ ਅੱਗੇ ਨਹੀਂ ਲਿਜਾ ਸਕਦਾ। ਪਾਰਟੀ ਨੂੰ ਕਿਸੇ ਬਦਲਵੇਂ ਨੇਤਾ ਦੀ ਭਾਲ ਕਰਨੀ ਚਾਹੀਦੀ ਹੈ ਅਤੇ ਰਾਹੁਲ ਨੂੰ ਪਾਰਟੀ ਦਾ ਸਰਬਰਾਹ ਥਾਪ ਦੇਣ। ਰਾਹੁਲ ਦੀ ਬਦਕਿਸਮਤੀ ਇਹ ਵੀ ਰਹੀ ਕਿ ਉਸ ਨੂੰ ਰਾਜਨੀਤੀ ਦੀ ਸਿਖਿਆ ਦੇਣ ਵਾਲੇ ਕਿਸੇ ਸੁਲਝੇ ਨੇਤਾ ਦੀ ਚੋਣ ਨਹੀਂ ਕੀਤੀ ਗਈ। ਇਸ ਦੀ ਇਕ ਛੋਟੀ ਜਿਹੀ ਮਿਸਾਲ ਹੈ ਕਿ ਜਦੋਂ ਡਾ. ਮਨਮੋਹਨ ਸਿੰਘ ਦੀ ਦੂਜੀ ਪਾਰੀ ਸਮੇਂ ਦਾਗੀ ਰਾਜਸੀ ਨੇਤਾਵਾਂ ਨੂੰ ਬਚਾਉਣ ਲਈ ਇਕ ਆਰਡੀਨੈਂਸ ਲਿਆਉਣ ਦੀ ਤਿਆਰੀ ਸੀ ਤਾਂ ਕਾਂਗਰਸ ਪਾਰਟੀ ਵੱਲੋਂ ਬੁਲਾਈ ਗਈ ਇਕ ਪ੍ਰੈਸ ਕਾਨਫਰੰਸ ਵਿਚ ਰਾਹੁਲ ਨੇ ਆ ਕੇ ਉਸ ਆਰਡੀਨੈਂਸ ਦੀ ਕਾਪੀ ਪਾੜ ਦਿੱਤੀ ਅਤੇ ਉਸ ਆਰਡੀਨੈਂਸ ਨੂੰ ‘ਬਕਵਾਸ’ ਕਿਹਾ ਸੀ। ਜੇ ਇਹ ਘਟਨਾ ਅਚਨਚੇਤ ਹੀ ਵਾਪਰੀ ਸੀ ਤਾਂ ਇਹ ਨਿਰਸੰਦੇਹ ਹੀ ਰਾਹੁਲ ਗਾਂਧੀ ਦਾ ਗੈਰ ਰਾਜਨੀਤਕ ਵਿਹਾਰ ਅਤੇ ਹੋਛੀ ਰਾਜਨੀਤਕ ਸਿਖਿਆ ਦਾ ਕੋਝਾ ਨਮੂਨਾ ਸੀ। ਜੇ ਇਸ ਘਟਨਾ ਦੁਆਰਾ ਉਨ੍ਹਾਂ ਦਾ ਰਾਜਸੀ ਕੱਦ ਉੱਚਾ ਚੁੱਕਣ ਦਾ ਨਾਟਕ ਕੀਤਾ ਗਿਆ ਸੀ ਤਾਂ ਵੀ ਬਿਨਾ ਸ਼ੱਕ ਇਹ ਨਾਟਕ ਹੇਠਲੇ ਦਰਜੇ ਦਾ ਨਾਟਕ ਸੀ। ਇਸ ਤੋਂ ਸਪਸ਼ਟ ਹੁੰਦਾ ਹੈ ਕਿ ਰਾਹੁਲ ਦੇ ਰਾਜਸੀ ਅਧਿਆਪਕ ਆਪ ਹੀ ਰਾਜਨੀਤੀ ਤੋਂ ਕੋਰੇ ਸਨ।
ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਕਾਂਗਰਸ ਇਸ ਸਮੇਂ ਅਨੁਭਵੀ ਨੇਤਾ ਦੀ ਘਾਟ ਕਾਰਨ ਘੁੰਮਣ-ਘੇਰੀ ਵਿਚ ਫਸੀ ਹੋਈ ਹੈ। ਇਸ ਦਾ ਪ੍ਰਤੱਖ ਪ੍ਰਮਾਣ ਹੈ ਕਿ ਗੁਲਾਮ ਨਬੀ ਅਜ਼ਾਦ, ਕਪਿਲ ਸਿੱਬਲ ਅਤੇ ਉਨ੍ਹਾਂ ਵਰਗੇ ਪੁਰਾਣੇ, ਅਨੁਭਵੀ ਨੇਤਾ ਪਾਰਟੀ ਵਿਚ ਆਈ ਖੜੋਤ ਨੂੰ ਤੋੜਨ ਲਈ ਅਵਾਜ਼ ਬੁਲੰਦ ਕਰ ਰਹੇ ਹਨ, ਪਰ ਇਸ ਦੇ ਉਲਟ ਗਾਂਧੀ ਪਰਿਵਾਰ ਦੇ ਕਈ ਜੀ-ਹਜੂਰੀਏ ਇਨ੍ਹਾਂ ਪੁਰਾਣੇ ਨੇਤਾਵਾਂ ਨੂੰ ਕਾਂਗਰਸ ਵਿਰੋਧੀ ਗਰਦਾਨ ਰਹੇ ਹਨ। ਜੇ ਰਾਹੁਲ ਗਾਂਧੀ ਵਿਚ ਅਨੁਭਵ ਅਤੇ ਜਨੂੰਨ ਹੁੰਦਾ ਤਾਂ ਉਹ ਨਿਸ਼ਚੇ ਹੀ ਅਜਿਹੀ ਗੁੰਝਲਦਾਰ ਸਥਿਤੀ ਵਿਚੋਂ ਪਾਰਟੀ ਨੂੰ ਬਾਹਰ ਕੱਢਣ ਦਾ ਉਪਰਾਲਾ ਕਰਦੇ। ਸੋ, ਸਮਾਂ ਇਹ ਮੰਗ ਕਰਦਾ ਹੈ ਕਿ ਬਰਾਕ ਓਬਾਮਾ ਦੇ ਰਾਹੁਲ ਵਿਰੁੱਧ ਪ੍ਰਗਟਾਏ ਵਿਚਾਰਾਂ ਤੇ ਪ੍ਰਤੀਕਿਰਿਆ ਜਾਹਰ ਕਰਨ ਨਾਲੋਂ ਕਾਂਗਰਸ ਆਪਣਾ ਘਰ ਸਵਾਰਨ ਵੱਲ ਜਿਆਦਾ ਧਿਆਨ ਦੇਵੇ। ਕਾਂਗਰਸ ਨੂੰ ਤਾਂ ਇਸ ਗੱਲੋਂ ਖੁਸ਼ ਹੋਣਾ ਚਾਹੀਦਾ ਹੈ ਕਿ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਸੋਨੀਆ ਗਾਂਧੀ ਦੀ ਬਾਹਰੀ ਦਿਖ ਦੀ ਹੀ ਪ੍ਰਸ਼ੰਸਾ ਨਹੀਂ ਕੀਤੀ, ਸਗੋਂ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਰਾਜਸੀ ਹਸਤੀ ਮੰਨਿਆ ਹੈ ਅਤੇ ਕਾਂਗਰਸੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਬੇਹਦ ਇਮਾਨਦਾਰ ਪ੍ਰਧਾਨ ਮੰਤਰੀ ਕਹਿ ਕੇ ਵਡਿਆਇਆ ਹੈ। ਪਰ ਸ਼ਾਇਦ ਕੱਟੜ ਕਾਂਗਰਸੀ ਸਮਰਥਕਾਂ ਲਈ ‘ਕਾਂਗਰਸ ਹੀ ਗਾਂਧੀ ਪਰਿਵਾਰ ਅਤੇ ਗਾਂਧੀ ਪਰਿਵਾਰ ਹੀ ਕਾਂਗਰਸ’ ਤੋਂ ਵੱਧ ਸੱਚ ਕੁਝ ਹੈ ਹੀ ਨਹੀਂ। ਇਸ ਲਈ ਉਹ ਡਾ. ਮਨਮੋਹਨ ਸਿੰਘ ਦੀ ਵਡਿਆਇਆ ਤੋਂ ਖੁਸ਼ ਨਹੀਂ, ਪਰ ਰਾਹੁਲ ਗਾਂਧੀ ਵਿਰੁੱਧ ਵਰਤੇ ਸ਼ਬਦਾਂ ਤੋਂ ਖਫਾ ਹਨ।