ਨਵਦੀਪ ਗਿੱਲ ਦੀ ਖੇਡ ਪੱਤਰਕਾਰੀ

ਪ੍ਰਿੰ. ਸਰਵਣ ਸਿੰਘ
ਨਵਦੀਪ ਸਿੰਘ ਗਿੱਲ ਪੰਜਾਬੀ ਖੇਡ ਪੱਤਰਕਾਰੀ ਦਾ ਹੀਰਾ ਹੈ। ਉਹਦੀ ਲਿਖਤ ਵਿਚ ਸਾਹਿਤਕ ਛੋਹਾਂ ਹੁੰਦੀਆਂ ਹਨ। ਵੇਖਣ ਨੂੰ ਉਹ ਪਹਿਲਵਾਨ ਲੱਗਦੈ, ਪਰ ਹੈਗਾ ਕਲਮ ਦਾ ਧਨੀ। ਪਿਛੇ ਜਿਹੇ ਉਹਦਾ ਜੁੱਸਾ ਕੁਇੰਟਲ ਤੋਂ ਉਤੇ ਹੋ ਗਿਆ ਸੀ, ਹੁਣ ਹੋ ਸਕਦੈ ਨੱਬੇ ਕਿੱਲੋ ਦਾ ਕਰ ਲਿਆ ਹੋਵੇ। ਅੱਸੀ ਕਿੱਲੋ ਦਾ ਕਰ ਲਵੇ ਤਾਂ ਕਿਆ ਰੀਸਾਂ! ਖੇਡ ਪੱਤਰਕਾਰੀ ਵਿਚ ਉਹ ਵੱਡੀਆਂ ਮੱਲਾਂ ਮਾਰ ਰਿਹੈ। ਉਸ ਨੇ ਦੋਹਾ ਦੀਆਂ ਏਸ਼ਿਆਈ ਖੇਡਾਂ ਤੇ ਨਵੀਂ ਦਿੱਲੀ ਦੀਆਂ ਕਾਮਨਵੈੱਲਥ ਖੇਡਾਂ ਤੋਂ ਲੈ ਕੇ ਬੀਜਿੰਗ ਦੀਆਂ ਓਲੰਪਿਕ ਖੇਡਾਂ ਤਕ ਦੀ ਕਵਰੇਜ ਕੀਤੀ ਹੈ। ਦੋਹਾ ਦੀਆਂ ਏਸ਼ਿਆਈ ਖੇਡਾਂ ਬਾਰੇ ਉਹਦੀ ਪੁਸਤਕ ‘ਮੈਂ ਇਵੇਂ ਵੇਖੀਆਂ ਏਸ਼ਿਆਈ ਖੇਡਾਂ’ ਛਪੀ ਹੈ। ਫਿਰ ਬੀਜਿੰਗ ਦੀਆਂ ਓਲੰਪਿਕ ਖੇਡਾਂ ਬਾਰੇ ਪੁਸਤਕ ਛਪੀ ਹੈ, ‘ਅੱਖੀਂ ਵੇਖੀਆਂ ਓਲੰਪਿਕ ਖੇਡਾਂ।’

ਇਹ ਪੁਸਤਕ ਜਿਥੇ ਬੀਜਿੰਗ ਦੀਆਂ ਓਲੰਪਿਕ ਖੇਡਾਂ ਬਾਰੇ ਜਾਣਕਾਰੀ ਦਿੰਦੀ ਹੈ, ਉਥੇ ਲੇਖਕ ਦਾ ਚੰਡੀਗੜ੍ਹ ਤੋਂ ਬੀਜਿੰਗ ਤਕ ਜਾਣ-ਆਉਣ ਦਾ ਰੌਚਿਕ ਬਿਰਤਾਂਤ ਵੀ ਪੇਸ਼ ਕਰਦੀ ਹੈ। ਇਸ ਨੂੰ ਬੀਜਿੰਗ ਦਾ ਸਫਰਨਾਮਾ ਵੀ ਕਿਹਾ ਜਾ ਸਕਦੈ।
ਨਵਦੀਪ ਦੇ ਇਸ ਖੇਡ ਸਫਰਨਾਮੇ ਦੀਆਂ ਕਈ ਗੱਲਾਂ ਨਿਵੇਕਲੀਆਂ ਹਨ। ਉਸ ਨੇ ਬੀਜਿੰਗ ਦੇ ਸਫਰ ਦੀ ਬਾਤ ਪਾਉਂਦਿਆਂ ਖੇਡਾਂ ਤੇ ਖਿਡਾਰੀਆਂ ਬਾਰੇ ਦਿਲਚਸਪ ਜਾਣਕਾਰੀ ਦਿੱਤੀ ਹੈ। ਪਾਠਕਾਂ ਨੂੰ ਪਤਾ ਲੱਗ ਜਾਂਦੈ ਕਿ ਓਲੰਪਿਕ ਖੇਡਾਂ ਦਾ ਮਾਹੌਲ ਕੀ ਹੁੰਦੈ ਤੇ ਇਹ ਕਿਵੇਂ ਹੁੰਦੀਆਂ? ਉਸ ਦੀ ਪਹਿਲੀ ਪੁਸਤਕ ਦਾ ਨਾਂ ‘ਖੇਡ ਅੰਬਰ ਦੇ ਪੰਜਾਬੀ ਸਿਤਾਰੇ’ ਸੀ, ਜੋ 2004 ਵਿਚ ਛਪੀ। 2019 ਵਿਚ ਛਪੀ ਉਸ ਦੀ ਚੌਥੀ ਕਿਤਾਬ ਦਾ ਨਾਂ ‘ਨੌਂਲੱਖਾ ਬਾਗ’ ਹੈ, ਜਿਸ ਵਿਚ ਨੌਂ ਰਤਨਾਂ ਦੇ ਸ਼ਬਦ ਚਿੱਤਰ ਹਨ। ਉਹਦੀ ਬੋਲੀ ਆਮ ਬੋਲ ਚਾਲ ਵਾਲੀ ਤੇ ਸ਼ੈਲੀ ਸਰਲ ਹੈ। ਕਿਤੇ ਕੋਈ ਵਿੰਗ ਵਲ ਨਹੀਂ ਤੇ ਨਾ ਹੀ ਲੰਮੇ ਗੁੰਝਲਦਾਰ ਵਾਕ ਹਨ, ਜਿਨ੍ਹਾਂ ਨੂੰ ਦੁਬਾਰਾ-ਤਿਬਾਰਾ ਪੜ੍ਹ ਕੇ ਸਮਝਣਾ ਪਵੇ। ਬੋਲੀ ਦਾ ਮੰਤਵ ਹੀ ਇਹੋ ਹੁੰਦੈ ਕਿ ਸੰਚਾਰ ਸੁਖਾਲਾ ਤੇ ਤੁਰਤ ਹੋਵੇ। ਪੰਜਾਬੀ ਭਾਸ਼ਾ ਹਰ ਵਿਸ਼ੇ ਬਾਰੇ ਲਿਖਣ ਦੇ ਸਮਰੱਥ ਹੈ। ਇਹਦੇ ਰਾਹੀਂ ਕੋਈ ਗੱਲ ਕਹਿਣ ਲਈ ਢੁੱਕਵੇਂ ਸ਼ਬਦਾਂ ਦੀ ਕਦੇ ਘਾਟ ਨਹੀਂ ਆਉਂਦੀ। ਮੈਂ ਖੁਦ ਖੇਡ ਲੇਖਕ ਹਾਂ, ਮੈਨੂੰ ਖੇਡਾਂ-ਖਿਡਾਰੀਆਂ ਬਾਰੇ ਲਿਖਦਿਆਂ ਕਦੇ ਲੋੜੀਂਦੇ ਲਫਜ਼ਾਂ ਦਾ ਤੋੜਾ ਨਹੀਂ ਆਇਆ। ਨਵਦੀਪ ਨੂੰ ਸਮਝ ਹੈ ਕਿ ਖੇਡਾਂ-ਖਿਡਾਰੀਆਂ ਦੀ ਗੱਲ ਕਿਹੋ ਜਿਹੀ ਸ਼ਬਦਾਵਲੀ ਵਿਚ ਕਰਨੀ ਹੈ। ਉਸ ਦੇ ਸਿਰਲੇਖਾਂ ‘ਤੇ ਹੀ ਝਾਤੀ ਮਾਰ ਵੇਖ ਲਓ: ਬੀਜਿੰਗ ਦੀ ਅੰਗੜਾਈ, ਚੀਨ ‘ਚ ਪੰਜਾਬੀ ਤੜਕਾ, ਪੱਤਰਕਾਰਾਂ ਦਾ ਅਖਾੜਾ, ਖਿਡਾਰੀਆਂ ਦਾ ਰੈਣ ਬਸੇਰਾ, ਸੁਸ਼ੀਲ ਨੇ ਮਾਰਿਆ ਕਾਂਸੀ ਦਾ ਦਾਅ, ਭਿਵਾਨੀ ਦੇ ਲਾਲ ਦਾ ਕਮਾਲ, ਮੁੱਕੇਬਾਜ਼ੀ ਵਿਚ ਕਿਊਬਾ ਦਾ ਗੜ੍ਹ ਟੁੱਟਿਆ, ਚੀਨ ਦਾ ਦੀਨ ਖੇਡਾਂ, ਜੱਗ ਜੇਤੂਆਂ ਦੀ ਸੰਗਤ, ਚੀਨ ਦੇ ਆਠਿਆਂ ਦਾ ਕਮਾਲ, ਭਾਰਤ ਲਈ ਭਾਗਾਂ ਭਰੀ ਓਲੰਪਿਕਸ, ਚਾਈਨਾ ਟੂ ਚਾਂਦਨੀ ਚੌਕ ਅਤੇ ਅਲਵਿਦਾ ਬੀਜਿੰਗ!
‘ਅੱਖੀਂ ਵੇਖੀਆਂ ਓਲੰਪਿਕ ਖੇਡਾਂ’ ਇਕ ਪੱਤਰਕਾਰ ਦੀ ਚੰਡੀਗੜ੍ਹ ਤੋਂ ਚੀਨ ਜਾ ਕੇ ਓਲੰਪਿਕ ਖੇਡਾਂ ਕਵਰ ਕਰਨ ਦੀ ਦਿਲਚਸਪ ਕਹਾਣੀ ਹੈ, ਜਿਸ ਵਿਚ ਕਹਾਣੀ ਵਰਗਾ ਹੀ ਕਥਾ ਰਸ ਹੈ। ਉਹ ਉਥੇ ਸੁਣੀਆਂ ਵੇਖੀਆਂ ਖਾਸ ਗੱਲਾਂ ਤੇ ਥਾਂਵਾਂ ਦਾ ਵਰਣਨ ਹੁੱਬ ਕੇ ਕਰਦਾ ਹੈ। ਲਿਖਦਾ ਹੈ, ਕਿਵੇਂ ਪੰਜਾਬ ਦੇ ਚਾਰ ਪੱਤਰਕਾਰ ‘ਕੱਠੇ ਰਹੇ ਤੇ ਤੜਕੇ ਲਾ ਕੇ ਦਾਲ ਚੌਲ ਖਾਂਦੇ ਰਹੇ। ਮੂੰਗੀ, ਮਸਰ ਤੇ ਲੂਣ ਵਸਾਰ ਉਹ ਘਰੋਂ ਹੀ ਨਾਲ ਲੈ ਗਏ ਸਨ। ਬੀਅਰ ਦੀ ਭਰੀ ਹੋਈ ਬੋਤਲ ਸਸਤੀ ਮਿਲਦੀ ਸੀ, ਪਰ ਖਾਲੀ ਹੋਈ ਮਹਿੰਗੀ ਵਿਕਦੀ ਸੀ। ਇਸ ਲਈ ਭਰੀ ਹੋਈ ਜਿਥੋਂ ਸਸਤੀ ਮਿਲਦੀ, ਉਹ ਉਥੋਂ ਖਰੀਦਦੇ ਤੇ ਖਾਲੀ ਹੋਈ ਜਿਸ ਦੁਕਾਨ ‘ਤੇ ਮਹਿੰਗੀ ਵਿਕਦੀ, ਉਥੇ ਵੇਚਦੇ। ਇਹ ਸੀ ਪੰਜਾਬੀਆਂ ਦਾ ਜੁਗਾੜ!
ਪੁਸਤਕ ਵਿਚ ਲਿਖਿਆ ਹੈ ਕਿ ਟੈਨਿਸ ਸਟਾਰ ਸਾਨੀਆ ਮਿਰਜ਼ਾ ਦੇ ਨਖਰੇ ਹੀ ਨਹੀਂ ਸਨ ਮਾਣ! ਉਹ ਹੈਦਰਾਬਾਦ ਦੀ ਜੁ ਹੋਈ। ਲਿਏਂਡਰ ਪੇਸ ਤੇ ਮਹੇਸ਼ ਭੂਪਤੀ ਦੀ ਸੁਰ ਨਹੀਂ ਸੀ ਰਲਦੀ। ਬੱਸ ਨਰੜ ਕੇ ਖਿਡਾਉਣੇ ਪਏ! ਪੱਗਾਂ ਵਾਲੇ ਖਿਡਾਰੀ ਭਾਰਤੀ ਦਲ ਵਿਚ ਘੱਟ ਸਨ, ਕੈਨੇਡਾ ਦੀ ਟੀਮ ਵਿਚ ਵੱਧ। ਭਾਰਤ ਲਈ ਓਲੰਪਿਕ ਖੇਡਾਂ ਦਾ ਪਹਿਲਾ ਵਿਅਕਤੀਗਤ ਗੋਲਡ ਮੈਡਲ ਪੰਜਾਬ ਦੇ ਅਭਿਨਵ ਬਿੰਦਰਾ ਨੇ ਜਿੱਤਿਆ। ਸਪਰਿੰਟ ਦੌੜਾਂ ‘ਚ ਵਿਸ਼ਵ ਰਿਕਾਰਡ ਰੱਖਣ ਵਾਲਾ ਓਸੈਨ ਬੋਲਟ ਜਿਸ ਨੂੰ ਮਿਲਦਾ, ਗੋਲੀ ਚਲਾਉਣ ਵਾਂਗ ਉਂਗਲ ਸਿੱਧੀ ਕਰ ਕੇ ਮਿਲਦਾ। ਨਵਦੀਪ ਨੂੰ ਵੀ ਉਹ ਇੰਜ ਹੀ ਮਿਲਿਆ। ਉਥੇ ਉਸ ਨੂੰ ਜਿਮਨਾਸਟਿਕਸ ਦੀ ਰਾਣੀ ਨਾਦੀਆ ਕੁਮੈਂਸੀ ਤੇ ਹੋਰ ਨਾਮੀ ਖਿਡਾਰੀਆਂ ਨੂੰ ਮਿਲਣ ਦੇ ਮੌਕੇ ਮਿਲੇ, ਜੋ ਉਹਦੇ ਖਾਬ ਖਿਆਲ ਵਿਚ ਵੀ ਨਹੀਂ ਸਨ।
ਅਰਜਨਟੀਨਾ ਦੇ ਮਹਾਨ ਫੁੱਟਬਾਲਰ ਮੈਰਾਡੋਨਾ ਦਾ ਨਵਦੀਪ ਬਚਪਨ ਤੋਂ ਹੀ ਬੜਾ ਉਪਾਸ਼ਕ ਸੀ। ਉਹ ਉਸ ਨੂੰ ਦਿਸ ਤਾਂ ਪਿਆ, ਪਰ ਉਹਨੂੰ ਮਿਲਿਆ ਕਿਵੇਂ ਜਾਵੇ? ਉਸ ਨੇ ਮਨ ਦੀ ਰੀਝ ਆਈ. ਓ. ਸੀ. ਦੇ ਮੈਂਬਰ ਰਾਜਾ ਰਣਧੀਰ ਸਿੰਘ ਨੂੰ ਦੱਸੀ। ਰਾਜੇ ਨੇ ਕਿਹਾ, ਆਪਣਾ ਆਈ. ਡੀ. ਕਾਰਡ ਪੁੱਠਾ ਕਰ ਕੇ ਮੇਰੇ ਮਗਰੇ ਤੁਰਿਆ ਆ। ਉਹ ਉਸ ਨੂੰ ਮੈਰਾਡੋਨਾ ਕੋਲ ਲੈ ਗਿਆ। ਅੱਗੇ ਪੁਸਤਕ ਵਿਚੋਂ ਪੜ੍ਹੋ: ਮੈਂ ਜਦੋਂ ਮੈਰਾਡੋਨਾ ਨਾਲ ਹੱਥ ਮਿਲਾਉਣ ਲਈ ਵਧਾਇਆ ਤਾਂ ਉਸ ਨੇ ਮੇਰਾ ਹੱਥ ਦੋਵਾਂ ਹੱਥਾਂ ਨਾਲ ਘੁੱਟ ਲਿਆ। ਮੈਂ ਪਲਕ ਝਪਕਦਿਆਂ ਹੀ ਉਸ ਦੇ ਪੈਰ ਛੋਂਹਦਿਆਂ ਆਪਣੀ ਵੱਡੀ ਪ੍ਰਾਪਤੀ ਮਹਿਸੂਸ ਕੀਤੀ ਕਿ ਅੱਜ ਮੈਂ ਫੁੱਟਬਾਲ ਦੀਆਂ ਕਲਾਬਾਜ਼ੀਆਂ ਲਵਾਉਣ ਵਾਲੇ ਉਨ੍ਹਾਂ ਪੈਰਾਂ ਨੂੰ ਛੋਹ ਲਿਆ, ਜਿਨ੍ਹਾਂ ਦੀ ਚਾਲ ਨੂੰ ਰੋਕਣ ਲਈ ਕੁਲ ਦੁਨੀਆਂ ਦੇ ਧਨੰਤਰ ਫੁੱਲਬੈਕ ਫੇਲ੍ਹ ਹੋ ਗਏ। ਇਸੇ ਪਲ ਮੈਰਾਡੋਨਾ ਨੇ ਜਦੋਂ ਮੈਨੂੰ ਗਲਵੱਕੜੀ ਪਾਈ ਤਾਂ ਮੇਰੇ ਮੂੰਹੋਂ ਆਪ ਮੁਹਾਰੇ ‘ਔਲੇ ਔਲੇ ਮੈਰਾਡੋਨਾ’ ਲਫਜ਼ ਨਿਕਲੇ। ਕਾਸ਼! ਮੈਨੂੰ ਕੈਮਰਾ ਲਿਜਾਣ ਦੀ ਖੁੱਲ੍ਹ ਮਿਲੀ ਹੁੰਦੀ ਤਾਂ ਮੈਂ ਯਾਦਗਾਰੀ ਫੋਟੋ ਉਤਾਰ ਲੈਂਦਾ।
ਅਗਸਤ 2008 ਵਿਚ ਮੈਨੂੰ ਪਹਿਲੀ ਵਾਰ ਓਲੰਪਿਕ ਖੇਡਾਂ ਦੀ ਕਵਰੇਜ਼ ਕਰਨ ਦਾ ਮੌਕਾ ਮਿਲਿਆ। ‘ਪੰਜਾਬੀ ਟ੍ਰਿਬਿਊਨ’ ਦੇ ਸੰਪਾਦਕ ਸਿੱਧੂ ਦਮਦਮੀ ਵੱਲੋਂ ਪ੍ਰਗਟਾਏ ਭਰੋਸੇ ਕਾਰਨ ਹੀ ਮੈਂ ਬੀਜਿੰਗ ਜਾ ਸਕਿਆ। ਖੇਡਾਂ ਦੇ ਮੇਜ਼ਬਾਨ ਸ਼ਹਿਰ ਨੂੰ ਬੀਜਿੰਗ ਲਿਖਿਆ ਹੈ, ਜਦੋਂ ਕਿ ਖੇਡਾਂ ਦੀ ਕਵਰੇਜ਼ ਵਿਚ ਮੈਂ ਪੇਈਚਿੰਗ ਲਿਖਦਾ ਸੀ। ‘ਪੰਜਾਬੀ ਟ੍ਰਿਬਿਊਨ’ ਦੇ ਤੱਤਕਾਲੀ ਸਮਾਚਾਰ ਸੰਪਾਦਕ ਸੁਰਿੰਦਰ ਸਿੰਘ ਤੇਜ ਨੇ ਮੈਨੂੰ ਦੱਸਿਆ ਸੀ ਕਿ ਬੀਜਿੰਗ ਦਾ ਚੀਨੀ ਭਾਸ਼ਾ ਵਿਚ ਨਾਂ ਪੇਈਚਿੰਗ ਹੈ, ਇਸ ਲਈ ਆਪਾਂ ਉਹੀ ਛਾਪਾਂਗੇ। ਚੀਨ ਜਾ ਕੇ ਤੇਜ ਹੁਰਾਂ ਦੀ ਕਹੀ ਗੱਲ ਦੀ ਪੁਸ਼ਟੀ ਹੋ ਗਈ, ਜਦੋਂ ਚੀਨ ਵਾਸੀ ਮੇਰੇ ਪੇਈਚਿੰਗ ਕਹਿਣ ‘ਤੇ ਅਸ਼ ਅਸ਼ ਕਰ ਉੱਠਦੇ। ਮੈਨੂੰ ਬਹੁਤ ਸਾਰਿਆਂ ਨੇ ਪੁੱਛਿਆ ਕਿ ਤੂੰ ਇਕੱਲਾ ਪੇਈਚਿੰਗ ਕਿਉਂ ਲਿਖਦਾ ਹੈਂ, ਜਦੋਂ ਕਿ ਸਾਰੇ ਅਖਬਾਰ ਤੇ ਹੋਰ ਪੱਤਰਕਾਰ ਬੀਜਿੰਗ ਲਿਖਦੇ ਹਨ। ਅਸੀਂ ਆਮ ਬੋਲਚਾਲ ਵਿਚ ਵੀ ਬੀਜਿੰਗ ਹੀ ਬੋਲਦੇ ਹਾਂ, ਜਿਸ ਕਰਕੇ ਮੈਂ ਹੱਥਲੀ ਪੁਸਤਕ ਵਿਚ ਚੀਨੀ ਨਾਂ ਪੇਈਚਿੰਗ ਦੀ ਥਾਂ ਸਾਡੇ ਲੋਕਾਂ ਦੇ ਮੂੰਹ ਚੜ੍ਹੇ ਨਾਂ ਬੀਜਿੰਗ ਨੂੰ ਬੀਜਿੰਗ ਹੀ ਲਿਖ ਰਿਹਾ ਹਾਂ।
…ਬੀਜਿੰਗ ਹਵਾਈ ਅੱਡੇ ‘ਤੇ ਟੈਕਸੀ ‘ਚ ਬਹਿੰਦਿਆਂ ਹੀ ਮੈਂ ਚੀਨ ਵੱਲੋਂ ਕੀਤੀ ਤਰੱਕੀ ਨੂੰ ਆਪਣੀਆਂ ਅੱਖਾਂ ਨਾਲ ਦੇਖ ਰਿਹਾ ਸਾਂ। ਗਜ਼ਬ ਦੇ ਨਜ਼ਾਰੇ ਸਨ ਅਤੇ ਅਨੇਕਾਂ ਲੇਨਾਂ ਵਾਲੀਆਂ ਖੁੱਲ੍ਹੀਆਂ ਸੜਕਾਂ ਦੇਖ ਕੇ ਮੇਰੀਆਂ ਅੱਖਾਂ ਚੁੰਧਿਆ ਗਈਆਂ ਸਨ। ਫਲਾਈਓਵਰ ਅਤੇ ਐਲੀਵੇਟਿਡ ਸੜਕਾਂ ਦਾ ਜਾਲ ਦੇਖ ਕੇ ਲੱਗ ਰਿਹਾ ਸੀ, ਕਿਤੇ ਕੰਪਿਊਟਰ ਉਪਰ ਨਕਸ਼ੇ ਤਾਂ ਨਹੀਂ ਦੇਖ ਰਿਹਾ? ਹਰਿਆਲੀ ਵੀ ਕਮਾਲ ਦੀ ਸੀ। ਏਅਰ ਪੋਰਟ ਤੋਂ ਨਿਕਲਦਿਆਂ ਆਲੇ-ਦੁਆਲੇ ਦਾ ਨਜ਼ਾਰਾ ਖੇਤਾਂ ਵਰਗਾ ਸੀ। ਚੀਨ ਦੀਆਂ ਟੋਪੀਨੁਮਾ ਘਰਾਂ ਦੀਆਂ ਛੱਤਾਂ, ਚੀਨੀ ਭਾਸ਼ਾ, ਓਲੰਪਿਕ ਖੇਡਾਂ ਦੇ ਝੂਲਦੇ ਝੰਡੇ ਅਤੇ ਥਾਂ-ਥਾਂ ਲਿਖੇ ‘ਵਨ ਵਰਲਡ ਵਨ ਡਰੀਮ’ ਦੇ ਨਾਅਰਿਆਂ ਨਾਲ ਜਾਪ ਰਿਹਾ ਸੀ ਜਿਵੇਂ ਕਿਸੇ ਨਵੀਂ ਦੁਨੀਆਂ ਵਿਚ ਆ ਗਿਆ ਹਾਂ। ਸਾਰਾ ਸ਼ਹਿਰ ਓਲੰਪਿਕ ਖੇਡਾਂ ਦੇ ਰੰਗ ਵਿਚ ਰੰਗਿਆ ਪਿਆ ਸੀ। ਬੀਜਿੰਗ ਭਾਵੇਂ ਬਹੁਤ ਵੱਡਾ ਤੇ ਸੰਘਣੀ ਆਬਾਦੀ ਵਾਲਾ ਸ਼ਹਿਰ ਹੈ, ਓਲੰਪਿਕ ਖੇਡਾਂ ਕਰਕੇ ਵੱਡੀ ਗਿਣਤੀ ਵਿਚ ਵਿਦੇਸ਼ੀ ਆਉਣ ਦੇ ਬਾਵਜੂਦ ਸਾਨੂੰ ਕਿਧਰੇ ਵੀ ਭੀੜ-ਭੜੱਕਾ ਨਹੀਂ ਦਿਸਿਆ। ਕਿਸੇ ਵੀ ਚੌਕ ‘ਤੇ ਟ੍ਰੈਫਿਕ ਲਾਈਟਾਂ ਨਹੀਂ ਸਨ ਲੱਗੀਆਂ, ਸਗੋਂ ਹਰ ਪਾਸੇ ਜਾਣ ਨੂੰ ਉਪਰੋ-ਹੇਠਾਂ ਫਲਾਈਓਵਰ ਤੇ ਅੰਡਰ ਬ੍ਰਿਜ ਐਲੀਵੇਟਿਡ ਸੜਕਾਂ ਸਨ।
ਟੈਕਸੀ ਟਿਕਾਣੇ ਪੁੱਜੀ ਤਾਂ ਜੌਰਜ ਨੇ ਦੱਸਿਆ, ਪਹਿਲਾਂ ਆਪਾਂ ਨੂੰ ਨਜ਼ਦੀਕੀ ਪੁਲਿਸ ਸਟੇਸ਼ਨ ‘ਤੇ ਜਾ ਕੇ ਆਪਣੀ ਆਰਜ਼ੀ ਰਿਹਾਇਸ਼ ਬਾਰੇ ਸਰਟੀਫਿਕੇਟ ਲੈਣਾ ਪਵੇਗਾ। ਫੁੱਟਪਾਥ ‘ਤੇ ਜਾਂਦਿਆਂ ਮੈਂ ਆਲਾ-ਦੁਆਲਾ ਨੀਝ ਨਾਲ ਤੱਕ ਰਿਹਾ ਸਾਂ। ਪੁਲਿਸ ਸਟੇਸ਼ਨ ਦਿਸਿਆ ਤਾਂ ਅਸੀਂ ਹੈਰਾਨ ਹੋ ਗਏ ਕਿ ਉਹ ਕਿਸੇ ਸ਼ੋਅ ਰੂਮ ਵਰਗਾ ਸੀ। ਅੰਦਰ ਜਾ ਕੇ ਹੋਰ ਵੀ ਹੈਰਾਨੀ ਹੋਈ ਜਦੋਂ ਹੋਟਲਨੁਮਾ ਮਾਹੌਲ ਮਿਲਿਆ। ਅਸੀਂ ਆਪਣੇ ਪਾਸਪੋਰਟਾਂ ਦੀਆਂ ਫੋਟੋ ਕਾਪੀਆਂ ਦੇ ਕੇ ਆਪਣੇ ਨਾਂ ਰਜਿਸਟਰ ਕਰਾਏ। ਸਾਨੂੰ 23 ਅਗਸਤ ਤੱਕ ਆਰਜ਼ੀ ਰਿਹਾਇਸ਼ ਦਾ ਸਰਟੀਫਿਕੇਟ ਮਿਲ ਗਿਆ, ਜੋ ਬਾਅਦ ਵਿਚ ਸਾਡੇ ਬੜਾ ਕੰਮ ਆਇਆ, ਕਿਉਂਕਿ ਉਸ ਉਪਰ ਚੀਨੀ ਭਾਸ਼ਾ ਵਿਚ ਸਾਡਾ ਰਿਹਾਇਸ਼ੀ ਪਤਾ ਲਿਖਿਆ ਸੀ। ਅਸੀਂ ਘੁੰਮਦੇ ਹੋਏ ਆਪਣੇ ਅਪਰਾਟਮੈਂਟ ਦਾ ਅਤਾ ਪਤਾ ਭੁੱਲ ਜਾਂਦੇ ਤਾਂ ਉਸ ਸਰਟੀਫਿਕੇਟ ਨੂੰ ਦਿਖਾ ਕੇ ਰਾਹਗੀਰਾਂ ਤੋਂ ਰਸਤਾ ਪੁੱਛ ਲੈਂਦੇ। ਦੁਆ ਸਲਾਮ ਕਰਨ ਲਈ ‘ਨੀ ਹਾਊ’ ਤੇ ਧੰਨਵਾਦ ਲਈ ‘ਸ਼ੇਸ਼ੇ’ ਸ਼ਬਦ ਅਸੀਂ ਹਰ ਰਾਹਗੀਰ ਨੂੰ ਬੋਲਦੇ। ਅੱਗੋਂ ਚੀਨੇ ਵੀ ਸਾਨੂੰ ਚੀਨੀ ਬੋਲਦੇ ਸੁਣ ਕੇ ਖੁਸ਼ ਹੁੰਦੇ।
ਅਪਾਰਟਮੈਂਟ ਵਿਚ ਅਸੀਂ ਚਾਰ ਪੱਤਰਕਾਰ ਸਾਂ। ਮੇਰੇ ਇਲਾਵਾ ਪ੍ਰਭਜੋਤ ਸਿੰਘ, ਜਤਿੰਦਰ ਸਾਬੀ ਤੇ ਹਰਜਿੰਦਰ ਲਾਲ। ਅਸੀਂ ਸਵੇਰੇ ਮੈਗੀ ਤੇ ਰਾਤ ਨੂੰ ਦਾਲ-ਚੌਲ ਬਣਾ ਲੈਂਦੇ। ਰੋਟੀ ਪਕਾਉਣ ਦੇ ਝੰਜਟ ਵਿਚ ਨਹੀਂ ਪਏ। ਤੜਕਾ ਅਸੀਂ ਸੇਬ ਆਦਿ ਕੱਟ ਕੇ ਬਟਰ ਨਾਲ ਲਾ ਲੈਂਦੇ। ਇਸ ਤਰ੍ਹਾਂ ਚਾਰਾਂ ਨੇ ਅਪਾਰਟਮੈਂਟ ਨੂੰ ਆਪਣਾ ਘਰ ਬਣਾ ਲਿਆ ਤੇ ਪੰਜਾਬ ਵਾਲਾ ਮਾਹੌਲ ਸਿਰਜ ਲਿਆ। ਸਾਡੇ ਐਕਰੀਡੇਸ਼ਨ ਕਾਰਡਾਂ ਕਰਕੇ ਸਾਨੂੰ ਪਬਲਿਕ ਟਰਾਂਸਪੋਰਟ ਵਿਚ ਮੁਫਤ ਸਫਰ ਕਰਨ ਦੀ ਸਹੂਲਤ ਸੀ। ਪਹਿਲੇ ਦਿਨ ਜਦੋਂ ਅਸੀਂ ਬੱਸ ਵਿਚ ਬੈਠੇ ਤਾਂ ਲੇਡੀ ਕੰਡਕਟਰ ਦੇਖ ਕੇ ਮੇਰੇ ਜ਼ਿਹਨ ਵਿਚ ਕਮੇਡੀ ਕਲਾਕਾਰ ਭਗਵੰਤ ਮਾਨ ਦਾ ਚੁਟਕਲਾ ਯਾਦ ਆ ਗਿਆ, ਜਿਸ ਵਿਚ ਉਸ ਨੇ ਪੰਜਾਬ ਰੋਡਵੇਜ਼ ਦੀਆਂ ਬੱਸਾਂ ਵਿਚ ਲੇਡੀ ਕੰਡਕਟਰ ਰੱਖੇ ਜਾਣ ਬਾਅਦ ਸਵਾਰੀਆਂ ਦੀ ਮਨੋਦਸ਼ਾ ਬਾਰੇ ਵਿਅੰਗ ਕੀਤਾ ਸੀ।
ਬੀਜਿੰਗ ਵਿਚ ਗੁਜ਼ਾਰੇ 21 ਦਿਨਾਂ ਦੌਰਾਨ ਅਸੀਂ ਚੀਨ ਦੀ ਹਰ ਚੀਜ਼ ਤੋਂ ਕਾਇਲ ਹੋਏ। ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਵਿਸ਼ਵ ਪੱਧਰ ਦਾ ਖੇਡ ਇੰਫਰਾਸਟਰਕਚਰ ਸਥਾਪਤ ਕੀਤਾ ਹੋਇਆ ਸੀ। ਆਟੋ ਵਾਹਨਾਂ ਦਾ ਪ੍ਰਦੂਸ਼ਣ ਰੋਕਣ ਲਈ ਸਾਈਕਲਾਂ ਦੀ ਵਰਤੋਂ ਬਹੁਤ ਸੀ। ਕਈ ਨਵੇਂ ਤਜਰਬੇ ਵੀ ਹੋਏ। ਇੱਕ ਦਿਨ ਮੈਂ ਨਹਾਉਣ ਲੱਗਾ ਤਾਂ ਮੂੰਹ ‘ਤੇ ਸਾਬਣ ਲਗਾਇਆ ਹੀ ਸੀ ਕਿ ਪਾਣੀ ਚਲਾ ਗਿਆ। ਫੁਆਰੇ ਹੇਠ ਨਹਾਉਣ ਕਰਕੇ ਬਾਲਟੀ ਵਿਚ ਵੀ ਪਾਣੀ ਨਹੀਂ ਸੀ ਭਰਿਆ। ਮੈਂ ਵਾਰੀ ਵਾਰੀ ਸਾਰੀਆਂ ਟੂਟੀਆਂ ਖੋਲ੍ਹੀਆਂ ਪਰ ਕੋਈ ਨਾ ਚੱਲੀ। ਅਖੀਰ ਮੈਂ ਸਾਬੀ ਤੋਂ ਫਰਿੱਜ ਦਾ ਠੰਡਾ ਪਾਣੀ ਮੰਗਾ ਕੇ ਮੂੰਹ ਤੋਂ ਸਾਬਣ ਲਾਹਿਆ ਤੇ ਤੌਲੀਆ ਲਪੇਟ ਕੇ ਬਿਨਾ ਨਹਾਤੇ ਹੀ ਬਾਹਰ ਆਇਆ। ਪਾਣੀ ਬੰਦ ਹੋਣ ਕਾਰਨ ਅਸੀਂ ਅਪਾਰਟਮੈਂਟ ਸਟਾਫ ਨੂੰ ਫੋਨ ਕੀਤਾ। ਸਾਡੇ ਦੱਸਣ ‘ਤੇ ਸਟਾਫ ਮੈਂਬਰ ਦਫਤਰ ਤੋਂ ਇੱਕ ਏ. ਟੀ. ਐਮ. ਨੁਮਾ ਕਾਰਡ ਲੈ ਆਏ ਤੇ ਰਸੋਈ ਵਿਚ ਪਾਣੀ ਦੇ ਮੀਟਰ ਉਪਰ ਕਾਰਡ ਨੂੰ ਸਵੈਪ ਕਰ ਕੇ ਪਾਣੀ ਚਾਲੂ ਕਰਵਾ ਗਏ। ਇਹਦਾ ਸਾਨੂੰ ਬਾਅਦ ਵਿਚ ਪਤਾ ਲੱਗਾ ਕਿ ਪਾਣੀ ਦੇ ਕੁਨੈਕਸ਼ਨ ਲਈ ਪ੍ਰੀ-ਪੇਡ ਕਾਰਡ ਮਿਲਦਾ ਹੈ। ਕਾਰਡ ਚਲਾਉਣ ਤੋਂ ਬਾਅਦ ਤੈਅਸ਼ੁਦਾ ਮਾਤਰਾ ਵਿਚ ਪਾਣੀ ਦੀ ਸਪਲਾਈ ਹੋਣ ਪਿੱਛੋਂ ਪਾਣੀ ਆਪਣੇ ਆਪ ਬੰਦ ਹੋ ਜਾਂਦਾ ਹੈ। ਇਸ ਘਟਨਾ ਤੋਂ ਅਸੀਂ ਜਿੱਥੇ ਹੈਰਾਨ ਹੋਏ, ਉਥੇ ਸੋਚਿਆ ਕਿ ਪਾਣੀ ਦੀ ਦੁਰਵਰਤੋਂ ਰੋਕਣ ਲਈ ਇਹ ਵਧੀਆ ਸਿਸਟਮ ਹੈ।
ਪੱਤਰਕਾਰਾਂ ਨੂੰ ਓਲੰਪਿਕ ਵਿਲੇਜ਼ ਅੰਦਰ ਜਾਣ ਦੀ ਮਨਾਹੀ ਸੀ। ਸਿਰਫ ਐਂਟਰੀ ਗੇਟ ਦੇ ਅੰਦਰ ਖਿਡਾਰੀਆਂ ਤੇ ਪੱਤਰਕਾਰਾਂ ਲਈ ਬਣਾਏ ਮਿਕਸਡ ਜ਼ੋਨ ਤੱਕ ਹੀ ਜਾਣ ਦੀ ਇਜਾਜ਼ਤ ਸੀ। ਅਸੀਂ ਜਦੋਂ ਵੀ ਵਿਲੇਜ਼ ਅੰਦਰ ਬਣੇ ਮਿਕਸਡ ਜ਼ੋਨ ‘ਚ ਪਹੁੰਚਦੇ ਤਾਂ ਪਹਿਲਵਾਨ ਕਰਤਾਰ ਸਿੰਘ ਖਾਣ-ਪੀਣ ਦੇ ਲਿਫਾਫੇ ਚੁੱਕੀ ਆਉਂਦਾ ਤੇ ਸਾਡੀ ਸੇਵਾ ਕਰਦਾ। ਸਭ ਧਰਮਾਂ ਦੇ ਖਿਡਾਰੀਆਂ ਲਈ ਪੂਜਾ-ਪਾਠ ਕਰਨ ਦੇ ਵੱਖੋ-ਵੱਖਰੇ ਕੇਂਦਰ ਬਣਾਏ ਹੋਏ ਸਨ। ਜਮਾਇਕਾ ਦੇ ਪ੍ਰਸਿੱਧ ਅਥਲੀਟ ਓਸੈਨ ਬੋਲਟ ਦੇ ਜਨਮ ਦਿਨ ‘ਤੇ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ। ਮਹਾਨ ਫੁੱਟਬਾਲਰ ਡਿਏਗੋ ਮਾਰਾਡੋਨਾ, ਲਿਓਨਲ ਮੈਸੀ, ਰੋਨਾਲਡੀਓ, ਟੈਨਿਸ ਸਟਾਰ ਰੌਜਰ ਫੈਡਰਰ, ਰਾਫੇਲ ਨਡਾਲ, ਵੀਨਸ ਵਿਲੀਅਮ, ਸੇਰੇਨਾ ਵਿਲੀਅਮ, ਮਾਈਕਲ ਫੈਲਪਸ, ਯੇਲੇਨਾ ਇਸਨੇਬਾਅਵਾ, ਕ੍ਰਿਸਟੋਫਰ ਜ਼ੈਲਰ ਆਦਿ ਖਿਡਾਰੀਆਂ ਨੂੰ ਦੇਖ ਕੇ ਪੱਤਰਕਾਰ ਤੇ ਹੋਰ ਲੋਕ ਮਿਲਣ ਨੂੰ ਉਤਾਵਲੇ ਹੋ ਜਾਂਦੇ। ਜੇ ਕਿਸੇ ਨੂੰ ਉਨ੍ਹਾਂ ਨਾਲ ਫੋਟੋ ਖਿਚਾਉਣ ਦਾ ਮੌਕਾ ਮਿਲ ਜਾਂਦਾ ਤਾਂ ਉਹਦੀ ਖੁਸ਼ੀ ਦਾ ਟਿਕਾਣਾ ਨਾ ਰਹਿੰਦਾ। ਓਲੰਪਿਕ ਵਿਲੇਜ਼ ਵਿਚ ਭਾਰਤੀ ਖੇਡ ਦਲ ਵਿਚੋਂ ਲਿਏਂਡਰ ਪੇਸ, ਸਾਨੀਆ ਮਿਰਜ਼ਾ ਤੇ ਰਾਜਵਰਧਨ ਰਾਠੌਰ ਦੀ ਮਸ਼ਹੂਰੀ ਹੋਰਨਾਂ ਤੋਂ ਵਧੇਰੇ ਸੀ, ਜਦੋਂ ਕਿ ਆਖਰੀ ਦਿਨਾਂ ਵਿਚ ਤਮਗੇ ਜਿੱਤਣ ਵਾਲੇ ਅਭਿਨਵ ਬਿੰਦਰਾ ਤੇ ਵਿਜੇਂਦਰ ਸਿੰਘ ਦੀ ਗੁੱਡੀ ਵੀ ਖੂਬ ਚੜ੍ਹੀ।
ਅੱਠ ਸੋਨ ਤਮਗੇ ਜਿੱਤਣ ਵਾਲੇ ਅਮਰੀਕੀ ਤੈਰਾਕ ਮਾਈਕਲ ਫੈਲਪਸ ਨੇ ਇੱਕ ਇੰਟਰਵਿਊ ਵਿਚ ਕਿਹਾ ਕਿ ਉਹ ਓਲੰਪਿਕ ਵਿਲੇਜ਼ ਵਿਚ ਰੋਜ਼ਾਨਾ ਪੀਕਿੰਗ ਡੱਕ ਖਾਂਦਾ ਹੈ। ਫੈਲਪਸ ਦੇ ਇਹ ਕਹਿਣ ਦੀ ਦੇਰ ਸੀ ਕਿ ਬੀਜਿੰਗ ਸ਼ਹਿਰ ਵਿਚ ਪੀਕਿੰਗ ਡੱਕ ਦੀ ਖਪਤ ਬਹੁਤ ਵਧ ਗਈ। ਅਸੀਂ ਵੀ ਜਦੋਂ ਵਿਲੇਜ਼ ਵੱਲ ਚੱਕਰ ਲਾਉਂਦੇ ਤਾਂ ਪੀਕਿੰਗ ਡੱਕ ਦਾ ਸਵਾਦ ਜ਼ਰੂਰ ਚੱਖਦੇ।
ਚੀਨ ‘ਚ ਜਿਉਂ ਹੀ 8-8-8 ਨੂੰ 8, 8, 8 ਦਾ ਸਮਾਂ ਹੋਇਆ ਤਾਂ ਸਭ ਕੁਝ ਖੜ੍ਹ ਗਿਆ। ਪੂਰੇ ਵਿਸ਼ਵ ਦੀਆਂ ਨਜ਼ਰਾਂ ਬੀਜਿੰਗ ‘ਤੇ ਟਿਕ ਗਈਆਂ। 2008ਵੇਂ ਸਾਲ ਦੇ ਅੱਠਵੇਂ ਮਹੀਨੇ ਦੀ ਅੱਠ ਤਰੀਕ ਨੂੰ ਰਾਤ ਦੇ ਅੱਠ ਵੱਜ ਕੇ ਅੱਠ ਮਿੰਟ ਤੇ ਅੱਠ ਸਕਿੰਟ ‘ਤੇ ਬਰਡਜ਼ ਨੈਸਟ ਸਟੇਡੀਅਮ ਵਿਖੇ ਸ਼ੁਰੂ ਹੋਏ ਉਦਘਾਟਨੀ ਸਮਾਰੋਹ ਨਾਲ ਚੀਨ ਵਿਸ਼ਵ ਦੇ ਖੇਡ ਨਕਸ਼ੇ ‘ਤੇ ਓਲੰਪਿਕ ਖੇਡਾਂ ਦੀ ਮੇਜ਼ਬਾਨੀ ਕਰਨ ਵਾਲਾ ਤੀਜਾ ਏਸ਼ਿਆਈ ਮੁਲਕ ਬਣ ਗਿਆ।
ਨਿਸ਼ਾਨੇਬਾਜ਼ੀ ਦੇ 10 ਮੀਟਰ ਏਅਰ ਰਾਈਫਲ ਈਵੈਂਟ ਵਿਚ ਸੋਨ ਤਮਗਾ ਜਿੱਤ ਕੇ ਪੰਜਾਬ ਦਾ ਅਭਿਨਵ ਬਿੰਦਰਾ ਓਲੰਪਿਕ ਖੇਡਾਂ ਦੇ ਇਤਿਹਾਸ ਵਿਚ ਭਾਰਤ ਲਈ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਓਲੰਪੀਅਨ ਬਣਿਆ। ਅਭਿਨਵ ਵੱਲੋਂ ਇਤਿਹਾਸ ਸਿਰਜਣ ਦੇ ਨਾਲ ਹੀ ਖੇਡ ਮੰਤਰੀ ਮਨੋਹਰ ਸਿੰਘ ਗਿੱਲ, ਭਾਰਤੀ ਓਲੰਪਿਕ ਸੰਘ ਦੇ ਜਨਰਲ ਸਕੱਤਰ ਰਾਜਾ ਰਣਧੀਰ ਸਿੰਘ, ਭਾਰਤੀ ਦਲ ਦੇ ਡਿਪਟੀ ਮੁਖੀ ਬਲਜੀਤ ਸਿੰਘ ਸੇਠੀ, ਨਿਸ਼ਾਨੇਬਾਜ਼ੀ ਦੇ ਕੋਚ ਤੇ ਤੇਜਿੰਦਰ ਸਿੰਘ ਆਈ. ਜੀ. ਸਮੇਤ ਭਾਰਤੀ ਖੇਡ ਅਧਿਕਾਰੀ ਖੁਸ਼ੀ ਵਿਚ ਭੰਗੜੇ ਪਾਉਣ ਲੱਗ ਪਏ। ਬੀਜਿੰਗ ਦੀਆਂ ਓਲੰਪਿਕ ਖੇਡਾਂ ਹੋਰਨਾਂ ਓਲੰਪਿਕ ਖੇਡਾਂ ਦੇ ਮੁਕਾਬਲੇ ਭਾਰਤ ਲਈ ਭਾਗਾਂ ਵਾਲੀਆਂ ਰਹੀਆਂ। ਅਭਿਨਵ ਬਿੰਦਰਾ ਦੇ ਸੋਨ ਤਮਗੇ ਤੋਂ ਇਲਾਵਾ ਕੁਸ਼ਤੀ ਵਿਚ ਸੁਸ਼ੀਲ ਕੁਮਾਰ ਨੇ 66 ਕਿਲੋਗਰਾਮ ਫਰੀ ਸਟਾਈਲ ਅਤੇ ਮੁੱਕੇਬਾਜ਼ੀ ਵਿਚ ਵਿਜੇਂਦਰ ਸਿੰਘ ਨੇ 75 ਕਿਲੋਗਰਾਮ ਮਿਡਲ ਵੇਟ ਵਿਚ ਕਾਂਸੀ ਦੇ ਤਮਗੇ ਜਿੱਤੇ।
ਓਸੈਨ ਬੋਲਟ 16 ਅਗਸਤ ਦੀ ਸ਼ਾਮ ਨੂੰ ਬਰਡਜ਼ ਨੈਸਟ ਦੇ ਸਿੰਥੈਟਿਕ ਟਰੈਕ ‘ਤੇ 91 ਹਜ਼ਾਰ ਦਰਸ਼ਕਾਂ ਸਾਹਵੇਂ ਚੀਤੇ ਵਾਂਗ ਦੌੜਿਆ। ਉਸ ਨੇ 9.69 ਸਕਿੰਟਾਂ ਵਿਚ 100 ਮੀਟਰ ਦੌੜ ਪੂਰੀ ਕਰਦਿਆਂ ਨਵੇਂ ਵਿਸ਼ਵ ਤੇ ਓਲੰਪਿਕ ਰਿਕਾਰਡਾਂ ਨਾਲ ਦੁਨੀਆਂ ਦੇ ਸਭ ਤੋਂ ਤੇਜ਼-ਤਰਾਰ ਪੁਰਸ਼ ਹੋਣ ਦਾ ਖਿਤਾਬ ਜਿੱਤਿਆ। ਬੋਲਟ ਨੇ 9.70 ਸਕਿੰਟਾਂ ਦੀ ਮਿੱਥ ਨੂੰ ਤੋੜ ਕੇ ਖੇਡ ਪੰਡਤਾਂ ਨੂੰ ਹੈਰਾਨ ਕਰ ਦਿੱਤਾ। ਉਸ ਨੇ ਆਪਣਾ ਹੀ 9.72 ਸਕਿੰਟਾਂ ਦਾ ਪੁਰਾਣਾ ਰਿਕਾਰਡ ਤੋੜਿਆ। ਬੋਲਟ ਦਾ ਫਨਿਸ਼ਿੰਗ ਲਾਈਨ ਮੂਹਰੇ ਆਸੇ-ਪਾਸੇ ਦੇਖਦਿਆਂ ਛਾਤੀ ‘ਤੇ ਹੱਥ ਮਾਰ ਕੇ ਸ਼ਾਨ ਨਾਲ ਦੌੜ ਜਿੱਤਣ ਦਾ ਸਟਾਈਲ ਬਹੁਤ ਮਕਬੂਲ ਹੋਇਆ। ਉਹਦੇ ਪੈਰਾਂ ਹੇਠ ਆਇਆ ਜਲਜਲਾ ਹਾਲੇ ਹੋਰਨਾਂ ਦੌੜਾਂ ਵਿਚ ਵੀ ਆਉਣਾ ਬਾਕੀ ਸੀ। ਉਸ ਨੇ 200 ਮੀਟਰ ਦੌੜ ਵੀ 19.30 ਸਕਿੰਟਾਂ ‘ਚ ਲਾ ਕੇ ਨਵਾਂ ਵਿਸ਼ਵ ਤੇ ਓਲੰਪਿਕ ਰਿਕਾਰਡ ਰੱਖਦਿਆਂ ਸੋਨ ਤਮਗਾ ਜਿੱਤਿਆ। ਬੋਲਟ ਨੇ ਗੋਲਡਨ ਹੈਟ੍ਰਿਕ ‘ਤੇ ਅੱਖ ਰੱਖਦਿਆਂ 4+100 ਮੀਟਰ ਰਿਲੇਅ ਦੌੜ ਵਿਚ ਤੀਜੇ ਨੰਬਰ ‘ਤੇ ਦੌੜਦਿਆਂ ਟੀਮ ਨੂੰ ਵੱਡੀ ਲੀਡ ਦਿਵਾਈ, ਜਿਸ ਨੂੰ ਅਗਾਂਹ ਅਸਾਫਾ ਪਾਵੇਲ ਨੇ ਕਾਇਮ ਰੱਖਦਿਆਂ ਜਮਾਇਕਾ ਦੀ ਟੀਮ ਨੂੰ 37.10 ਸਕਿੰਟਾਂ ਦੇ ਸਮੇਂ ਨਾਲ ਸੋਨ ਤਮਗਾ ਜਿਤਾਇਆ। ਇਹ ਵੀ ਨਵਾਂ ਵਿਸ਼ਵ ਤੇ ਓਲੰਪਿਕ ਰਿਕਾਰਡ ਸੀ।
ਓਲੰਪਿਕ ਖੇਡਾਂ ਦੌਰਾਨ ਸਭ ਤੋਂ ਵੱਧ ਸਰੂਰ ਜੱਗ ਜੇਤੂ ਖਿਡਾਰੀਆਂ ਨਾਲ ਨਿੱਜੀ ਮੁਲਾਕਾਤਾਂ ਕਰ ਕੇ ਤਸਵੀਰਾਂ ਖਿਚਵਾਉਣ ਦਾ ਸੀ। ਵਿਸ਼ਵ ਦੇ ਮਹਾਨ ਖਿਡਾਰੀਆਂ ਨੂੰ ਮਿਲਣ ਦਾ ਮੌਕਾ ਮੈਨੂੰ ਪਹਿਲੀ ਵਾਰ ਮਿਲ ਰਿਹਾ ਸੀ। ਮੈਂ ਕਈ ਵਾਰ ਕਿਸੇ ਵੱਡੇ ਖਿਡਾਰੀ ਨੂੰ ਮਿਲਣ ਲਈ ਕੋਈ ਵੱਡਾ ਖੇਡ ਮੁਕਾਬਲਾ ਵੇਖਣਾ ਛੱਡ ਵੀ ਦਿੰਦਾ। ਕਦੇ ਏਧਰ ਕਦੇ ਓਧਰ ਨੱਠਾ ਫਿਰਦਾ। ਇੰਜ ਮੈਂ ਬਥੇਰੀ ਬੇਆਰਾਮੀ ਝੱਲੀ। ਮੈਂ ਅਪਾਰਟਮੈਂਟ ਤੋਂ ਸਵੇਰੇ 6-7 ਵਜੇ ਚਲਾ ਜਾਂਦਾ ਤੇ ਰਾਤ 12 ਵਜੇ ਤੋਂ ਬਾਅਦ ਵਾਪਸ ਆਉਂਦਾ। ਕਈ ਵਾਰ ਮੈਂ ਦੇਰ ਰਾਤ ਤੱਕ ਖਿਡਾਰੀਆਂ ਨਾਲ ਮੁਲਕਾਤਾਂ ਕਰਦਾ ਅਪਾਰਟਮੈਂਟ ‘ਚ ਵਾਪਸ ਆਉਂਦਾ ਹੀ ਨਾ। ਉਥੇ ਹੀ ਮੇਨ ਪ੍ਰੈਸ ਸੈਂਟਰ ਦੇ ਸੋਫਿਆਂ ‘ਤੇ ਅੱਧ ਵਿਚਾਲੇ ਲੇਟ ਕੇ ਨੀਂਦ ਪੂਰੀ ਕਰ ਲੈਂਦਾ। ਸਾਬੀ ਮੈਨੂੰ ਘੂਰਦਾ, ”ਤੂੰ ਅਰਾਮ ਬਿਲਕੁਲ ਨਹੀਂ ਕਰਦਾ। ਸਾਰਾ ਦਿਨ ਨੱਠ-ਭੱਜ ਠੀਕ ਨਹੀਂ।” ਮੇਰਾ ਹਰ ਵਾਰ ਸਾਬੀ ਨੂੰ ਘੜਿਆ ਘੜਾਇਆ ਜੁਆਬ ਹੁੰਦਾ, “ਸੌਣਾ ਤਾਂ ਸਾਰੀ ਉਮਰ ਹੈ, ਪਰ ਏਡੇ ਵੱਡੇ ਖਿਡਾਰੀਆਂ ਨੂੰ ਮਿਲਣ ਦਾ ਮੌਕਾ ਜ਼ਿੰਦਗੀ ਵਿਚ ਫੇਰ ਨਹੀਂ ਮਿਲਣਾ।”
…ਓਲੰਪਿਕ ਖੇਡਾਂ ਦੇ ਸਮਾਪਤੀ ਸਮਾਰੋਹ ਦੀਆਂ ਯਾਦਾਂ ਚੇਤੇ ‘ਚ ਵਸਾਉਂਦਿਆਂ 25 ਅਗਸਤ ਤੋਂ ਬੀਜਿੰਗ ਵਾਸੀਆਂ ਨੇ ਮੁੜ ਆਪਣੇ ਕੰਮਾਂ ਕਾਜਾਂ ‘ਤੇ ਜਾਣਾ ਸ਼ੁਰੂ ਕਰ ਦਿੱਤਾ। 17 ਦਿਨ ਕੁੰਭ ਦੇ ਮੇਲੇ ਵਰਗੀ ਭੀੜ ਲੱਗੇ ਰਹਿਣ ਵਾਲੇ ਓਲੰਪਿਕ ਗਰੀਨ ਏਰੀਏ ਸਮੇਤ ਖੇਡ ਮੁਕਾਬਲਿਆਂ ਵਾਲੀਆਂ ਸਾਰੀਆਂ ਥਾਂਵਾਂ ‘ਤੇ ਅੱਜ ਸੰਨਾਟਾ ਛਾਇਆ ਹੋਇਆ ਸੀ। ਓਲੰਪਿਕ ਮੁਕਾਬਲਿਆਂ ਵਾਲੀਆਂ ਥਾਂਵਾਂ ‘ਤੇ ਲਿਜਾਣ ਲਈ ਸ਼ੁਰੂ ਕੀਤੀਆਂ ਵਿਸ਼ੇਸ਼ ਓਲੰਪਿਕ ਬੱਸਾਂ ਖਾਲੀ ਚੱਲ ਰਹੀਆਂ ਸਨ। ਇਸ ਦੇ ਮੁਕਾਬਲੇ ਆਮ ਕੰਮ ਕਾਜ ‘ਤੇ ਜਾਣ ਦੇ ਰਸਤਿਆਂ, ਖਰੀਦੋ-ਫਰੋਖਤ ਦੀਆਂ ਦੁਕਾਨਾਂ, ਪਾਰਕਾਂ ਆਦਿ ਵਿਚ ਅੱਗੇ ਨਾਲੋਂ ਵੱਧ ਭੀੜ ਸੀ। ਸ਼ਹਿਰ ਵਿਚ ਓਲੰਪਿਕ ਖੇਡਾਂ ਦੇ ਲਾਏ ਝੰਡੇ ਉਤਾਰੇ ਜਾ ਰਹੇ ਸਨ ਅਤੇ ਅਗਲੇ ਮਹੀਨੇ ਹੋਣ ਵਾਲੀਆਂ ਪੈਰਾਲੰਪਿਕ ਖੇਡਾਂ ਦੇ ਝੰਡੇ ਲਾਏ ਜਾ ਰਹੇ ਸਨ।
ਬਰਡਜ਼ ਨੈਸਟ, ਇਨਡੋਰ ਸਟੇਡੀਅਮ, ਹਾਕੀ ਸਟੇਡੀਅਮ, ਟੈਨਿਸ ਕੰਪਲੈਕਸ, ਤਲਵਾਰਬਾਜ਼ੀ ਹਾਲ ਤੇ ਤੈਰਨ ਪੂਲ ਵਾਲੇ ਸਟੇਡੀਅਮ ਦੇ ਓਲੰਪਿਕ ਗਰੀਨ ਖੇਤਰ ਵਿਚ ਜਿਥੇ ਪਹਿਲਾਂ ਪੈਰ ਰੱਖਣ ਨੂੰ ਜਗ੍ਹਾ ਨਹੀਂ ਸੀ ਹੁੰਦੀ, ਉਥੇ ਹੁਣ ਚੁੱਪ ਛਾਈ ਹੋਈ ਹੈ ਤੇ ਕੋਈ ਵੀ ਖੇਡ ਦਰਸ਼ਕ ਨਹੀਂ ਸੀ ਦਿਸ ਰਿਹਾ। ਮਾਈਕਲ ਫੈਲਪਸ ਦੇ ਜਲਵੇ ਦਾ ਗਵਾਹ ਬਣਿਆ ਤੈਰਾਕੀ ਪੂਲ ਸ਼ਾਂਤ ਸੀ। ਬੋਲਟ ਦੀਆਂ ਪੈੜਾਂ ਨਾਲ ਧੜਕਣ ਵਾਲਾ ਅਥਲੈਟਿਕ ਟਰੈਕ ਉਦਾਸ ਸੀ ਤੇ ਬੀਚ ਵਾਲੀਬਾਲ ਦੇ ਕੋਰਟ ਦੀ ਰੇਤ ਸੁੱਤੀ ਪਈ ਸੀ। ਖੇਡ ਮੁਕਾਬਲਿਆਂ ਵਾਲੀ ਹਰ ਥਾਂ ਉਤੇ ਸੰਨਾਟਾ ਛਾਇਆ ਹੋਇਆ ਸੀ। ਓਲੰਪਿਕ ਖੇਡਾਂ ‘ਚ ਜਾਹੋ-ਜਲਾਲ ਦਿਖਾਉਣ ਵਾਲੇ ਖਿਡਾਰੀ ਕਦੋਂ ਦੇ ਆਪੋ ਆਪਣੇ ਵਤਨਾਂ ਵੱਲ ਰਵਾਨਾ ਹੋ ਗਏ ਸਨ।
ਸਾਡਾ ਵੀ ਹਵਾਈ ਜਹਾਜ ਵਿਚ ਬੈਠਿਆਂ ਦਾ ਦਿਲ ਵੈਰਾਗਿਆ ਹੋਇਆ ਸੀ। ਅਸੀਂ ਬੀਜਿੰਗ ਦੀਆਂ ਅਭੁੱਲ ਯਾਦਾਂ ਸੰਭਾਲੀ ਸੱਤ ਘੰਟਿਆਂ ਦੇ ਸਫਰ ਪਿੱਛੋਂ ਪਹੁਫੁਟਾਲੇ ਤੋਂ ਵੀ ਪਹਿਲਾਂ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਉਤਰੇ। ਖਿਡਾਰੀਆਂ ਦੇ ਸਵਾਗਤ ਲਈ ਹਵਾਈ ਅੱਡੇ ‘ਤੇ ਬਣੇ ਜਸ਼ਨਾਂ ਵਾਲੇ ਮਾਹੌਲ ਨੂੰ ਦੇਖਦਿਆਂ ਮਾਣ ਮਹਿਸੂਸ ਕਰਨ ਲੱਗੇ। ਭਾਵੇਂ ਅਸੀਂ ਓਲੰਪੀਅਨ ਖਿਡਾਰੀ ਨਹੀਂ ਸਾਂ, ਪਰ ਓਲੰਪੀਅਨ ਪੱਤਰਕਾਰ ਤਾਂ ਜ਼ਰੂਰ ਸਾਂ। ਮੈਂ ਸਾਬੀ ਨੂੰ ਹੱਸਣ ਲੱਗਾ ਕਿ ਆਪਾਂ ਵੀ ਕਹਿ ਦਿੰਦੇ ਕਿ ਅਸੀਂ ਹੀ ਸੁਸ਼ੀਲ ਤੇ ਵਿਜੇਂਦਰ ਹਾਂ। ਫਿਰ ਆਪਾਂ ਨੂੰ ਵੀ ਬਥੇਰੇ ਹਾਰ ਪੈ ਜਾਂਦੇ!
‘ਦਾ ਟ੍ਰਿਬਿਊਨ’ ਵਾਲੇ ਪ੍ਰਭਜੋਤ ਨੇ ਲਿਖਿਆ: ਬੀਜਿੰਗ ਬੇਸ਼ੱਕ ਮੇਰੀ ਪੰਜਵੀਂ ਓਲੰਪਿਕ ਸੀ, ਪਰ ਇਸ ਨੂੰ ਨਵਦੀਪ ਦੀ ਪਹਿਲਕਦਮੀ ਨੇ ਸਭ ਤੋਂ ਨਿਵੇਕਲੀ ਤੇ ਵੱਖਰੀ ਬਣਾ ਦਿੱਤਾ। ਨਵਦੀਪ ਦੀ ਭਾਵੁਕਤਾ, ਉਸ ਦੀ ਤਸਵੀਰ ਲੈਣ ਤੇ ਲਹਾਉਣ ਦੀ ਤੀਬਰਤਾ ਅਤੇ ਪੱਤਰਕਾਰੀ ਵਿਚ ਮੱਲਾਂ ਮਾਰਨ ਦੀ ਉਤੇਜਕਤਾ ਨੇ ਮੈਨੂੰ ਬਹੁਤ ਪ੍ਰਭਾਵਿਤ ਕੀਤਾ। ਉਸ ਨਾਲ ਬੀਜਿੰਗ ਵਿਚ ਬਿਤਾਏ ਸਾਰੇ ਪਲ, ਇਸ ਕਿਤਾਬ ਨੇ ਨਾ ਸਿਰਫ ਸੁਰਜੀਤ ਕੀਤੇ ਹਨ, ਸਗੋਂ ਉਸ ਦਾ ਪੱਤਰਕਾਰੀ ਤੋਂ ਵੱਖ ਇਕ ਲੇਖਕ ਤੇ ਸੰਪਾਦਕ ਵਾਲਾ ਅਕਸ ਵੀ ਜੱਗ ਜਾਹਰ ਕੀਤਾ ਹੈ।
ਗੁਰਭਜਨ ਗਿੱਲ ਨੇ ਲਿਖਿਆ: ਮੈਂ ਨਵਦੀਪ ਨੂੰ ਉਸਰਦਿਆਂ ਦੇਖਿਆ ਹੈ। ਸ਼ਬਦ ਦਰ ਸ਼ਬਦ, ਪੌੜੀ ਦਰ ਪੌੜੀ ਚੜ੍ਹਦਾ। ਬਰਨਾਲੇ ਤੋਂ ਪਟਿਆਲੇ, ਪਟਿਆਲੇ ਤੋਂ ਜਲੰਧਰ ਅਤੇ ਜਲੰਧਰ ਤੋਂ ਚੰਡੀਗੜ੍ਹ ਤੱਕ ਦੇ ਸਫਰ ਦੌਰਾਨ ਉਸ ਨੇ ਭਰਪੂਰ ਮੁਹੱਬਤ ਦਾ ਪ੍ਰਕਾਸ਼ ਕਰ ਕੇ ਸਮੁੱਚੇ ਵਿਸ਼ਵ ਤੋਂ ਆਪਣੀ ਕਲਮ ਤੇ ਕਲਾ ਦਾ ਲੋਹਾ ਮਨਵਾਇਆ ਹੈ। ‘ਅੱਖੀਂ ਵੇਖੀਆਂ ਓਲੰਪਿਕ ਖੇਡਾਂ’ ਤੁਹਾਨੂੰ ਲਾਜ਼ਮੀ ਪਹਿਲਾਂ ਨਾਲੋਂ ਵਧੇਰੇ ਗਿਆਨਵਾਨ ਬਣਾਏਗੀ।
ਮੇਰੀ ਨਜ਼ਰ ‘ਚ ਨਵਦੀਪ ਹਾਲੇ ਨੌਜਵਾਨ ਹੈ ਤੇ ਜਦੋਂ ਮੇਰੀ ਉਮਰ ਦਾ ਹੋਵੇਗਾ ਤਾਂ ਖੇਡਾਂ ਤੇ ਖਿਡਾਰੀਆਂ ਬਾਰੇ ਮੈਥੋਂ ਕਿਤੇ ਵੱਧ ਲਿਖ ਚੁਕਾ ਹੋਵੇਗਾ। ਕਹਾਵਤ ਵੀ ਹੈ ਕਿ ਗੁਰੂ ਜਿਨ੍ਹਾਂ ਦੇ ਟੱਪਣੇ, ਚੇਲੇ ਜਾਣ ਛੜੱਪ!