ਜਪੁਜੀ-ਸੰਖੇਪ ਸਾਰ (2)

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਇਸ ਸੰਸਾਰ ਵਿਚ ਚਲਦੇ ਕੁਦਰਤੀ ਨਿਯਮਾਂ ਤੇ ਉਨ੍ਹਾਂ ਦੇ ਇੰਤਜ਼ਾਮ ਨੂੰ ਹੋਰ ਨੇੜਿਓ ਘੋਖਣ ਨਾਲ ਪਤਾ ਲਗਦਾ ਹੈ ਕਿ ਇਹ ਬ੍ਰਹਿਮੰਡ ਬੇਅੰਤ ਹੈ। ਇਸ ਵਿਚ ਕੁਦਰਤੀ ਪਦਾਰਥਾਂ ਦੀ ਭਰਮਾਰ ਹੈ, ਜਿਨ੍ਹਾਂ ਦੇ ਭੰਡਾਰ ਥਾਂ ਥਾਂ ਲੱਗੇ ਹੋਏ ਹਨ। ਉਨ੍ਹਾਂ ਵਿਚ ਜੋ ਕੁਝ ਪਿਆ ਹੈ, ਉਹ ਇਕੋ ਵੇਲੇ ਦਾ ਪਾਇਆ ਹੋਇਆ ਹੈ। ਇੱਦਾਂ ਕਰਨਾ ਉਸ ਪਰਮ-ਸਤਿ ਦਾ ਬੁਨਿਆਦੀ ਕੰਮ ਹੈ, ਜੋ ਦਿਸਦਾ ਹੀ ਹੈ। ਇਹ ਉਸ ਨੇ ਕਰਨ ਲਈ ਕੀਤਾ ਹੈ, ਮੁਨਾਫੇ ਲਈ ਨਹੀਂ। ਉਸ ਦੇ ਭੰਡਾਰ ਬਿਨਾ ਕਿਸੇ ਕੀਮਤ ਦੇ ਉਪਲੱਭਦ ਹਨ। ਇਹ ਕਹੋ ਕਿ ਇਹ ਸੰਸਾਰ ਇਕ ਮੁਫਤ ਮੰਡੀ ਹੈ, ਜਿੱਥੇ ਵਸਤਾਂ ਦਾ ਆਉਣਾ, ਜਾਣਾ, ਤੁਲਣਾ, ਭਰਨਾ, ਤੱਕੜੀ, ਵੱਟਾ, ਬਾਰਦਾਨਾ, ਮਜ਼ਦੂਰੀ, ਮਸੂਲ ਆਦਿ ਸਭ ਬੇਲਾਗਤ ਹਨ।

ਵਸਤਾਂ ਦੀ ਖਪਤ ‘ਤੇ ਵੀ ਕੋਈ ਹੱਦਬੰਦੀ ਨਹੀਂ ਹੈ। ਇੰਨਾ ਕੁਝ ਮੁਫਤ ਹੈ ਕਿ ਗਿਣਾਇਆ ਨਹੀਂ ਜਾ ਸਕਦਾ। ਵੇਦ ਤੇ ਪੁਰਾਣ ਅਤੇ ਉਨ੍ਹਾਂ ਵਿਚਲੇ ਬ੍ਰਹਮਾ, ਮਹੇਸ਼, ਇੰਦਰ, ਕ੍ਰਿਸ਼ਨ, ਗੋਪੀਆਂ, ਸਿੱਧ, ਬੁੱਧ, ਦੇਵਤੇ, ਰਿਸ਼ੀ-ਮੁਨੀ ਤੇ ਸ਼ਾਸਤਰਾਂ ਨੂੰ ਪੜ੍ਹਨ ਵਾਲੇ ਵਿਖਿਆਨੀ ਸਦੀਆਂ ਤੋਂ ਉਨ੍ਹਾਂ ਦਾਤਾਂ ਦਾ ਜਾਇਜ਼ਾ ਲਾਉਂਦੇ ਆ ਰਹੇ ਹਨ, ਪਰ ਲਾ ਨਹੀਂ ਸਕੇ। ਆਪਣੀਆਂ ਆਪਣੀਆਂ ਅਨੁਮਾਨੀ ਗੱਲਾਂ ਕਹਿ ਕਹਿ ਕੇ ਚਲੇ ਜਾਂਦੇ ਰਹੇ, ਪਰ ਇਹ ਕਾਰਜ ਪੂਰਾ ਨਾ ਹੋਇਆ। ਹੋਵੇ ਵੀ ਕਿਵੇਂ? ਇਹ ਬ੍ਰਹਿਮੰਡ ਹੈ ਹੀ ਐਸਾ ਕਿ ਜਿੱਡਾ ਵੱਡਾ ਕਹਿ ਦੇਵੋ, ਉੱਡਾ ਈ ਵੱਡਾ ਹੋ ਜਾਂਦਾ ਹੈ। ਇਸ ਬਾਰੇ ਇਹੀ ਤੱਥ ਸਹੀ ਹੈ ਕਿ ਇਹ ਗਿਣਤੀਆਂ-ਮਿਣਤੀਆਂ ਤੋਂ ਪਰ੍ਹੇ ਹੈ। ਜੇ ਕੋਈ ਇਸ ਤੱਥ ਨੂੰ ਤੋੜ-ਮਰੋੜ ਕੇ ਪੇਸ਼ ਕਰਦਾ ਹੈ, ਉਸ ਨੂੰ ਮੂਰਖਾਂ ਦੇ ਮਹਾਂ ਮੂਰਖਾਂ ਦਾ ਮੋਹਰੀ ਆਖਣਾ ਬਣਦਾ ਹੈ। (ਪਉੜੀ 26 ਅਤੇ 31)
ਪਰ ਇਸ ਦਾ ਭਾਵ ਇਹ ਬਿਲਕੁਲ ਨਹੀਂ ਕਿ ਇਸ ਬ੍ਰਹਿਮੰਡੀ ਬਾਜ਼ਾਰ ਵਿਚ ਸਭ ਕੁਝ ਹੀ ਮੁਫਤ ਹੈ। ਭੋਲੇ ਲੋਕ ਮੁਫਤ ਸਮਝ ਕੇ ਪੂਜਾ, ਭਗਤੀ ਅਤੇ ਅਰਦਾਸਾਂ ਰਾਹੀਂ ਬਹੁਤ ਚੀਜ਼ਾਂ ਮੰਗਦੇ ਹਨ। ਕਈ ਅਸੀਮ ਤਾਕਤ ਮੰਗਦੇ ਹਨ, ਕਈ ਤਰ੍ਹਾਂ ਤਰ੍ਹਾਂ ਦੀਆਂ ਹੋਰ ਦੁਨਿਆਵੀ ਵਸਤਾਂ ਮੰਗਦੇ ਹਨ, ਕਈ ਖਾਂਦੇ-ਪੀਂਦੇ ਬਿਨਾ ਲੋੜ ਤੋਂ ਹੀ ਮੰਗੀ ਜਾਂਦੇ ਹਨ ਅਤੇ ਬਹੁਤ ਸਾਰੇ ਗਰੀਬ ਦੁੱਖ-ਭੁੱਖ ਦੇ ਮਾਰੇ ਲਾਚਾਰ ਹੋਏ ਮੰਗਦੇ ਹਨ। ਲੋਕ ਸਮਝਦੇ ਹਨ ਕਿ ਕੁਦਰਤ ਦਾ ਵਿਤਰਣ ਅਨਿਯਮਿਤ ਢੰਗ ਨਾਲ ਹੁੰਦਾ ਹੈ, ਜੋ ਮਰਜੀ ਮੰਗੋ, ਮਿਲ ਜਾਂਦਾ ਹੈ। ਪਰ ਨਹੀਂ, ਕਾਇਨਾਤ ਦੀ ਇਸ ਮੰਡੀ ਦਾ ਪ੍ਰਬੰਧ ਕਿਸੇ ਦੀਆਂ ਅਰਜ਼ਾਂ ਅਰਜ਼ੋਈਆਂ, ਅਮੀਰੀ-ਗਰੀਬੀ ਦੇ ਵਾਸਤਿਆਂ ਅਤੇ ਤਰਸ ਮਿਹਰ ਕਰਨ ਨਾਲ ਨਹੀਂ ਚਲਦਾ। ਇਹ ਪੱਕੇ ਕੁਦਰਤੀ ਨਿਯਮਾਂ ਅਨੁਸਾਰ ਚਲਦਾ ਹੈ, ਜੋ ਕਿਸੇ ਵਾਸਤੇ ਮੁੜਦੇ ਤੇ ਝੁਕਦੇ ਨਹੀਂ। ਅਮੁਲ ਸਿਰਫ ਜੀਵਨ ਦੇਣ ਵਾਲੇ ਤੇ ਜੀਵਨ-ਵਰਧਕ ਪਦਾਰਥ ਹੀ ਹਨ, ਜਿਵੇਂ ਹਵਾ, ਪਾਣੀ, ਮਿੱਟੀ, ਧੁੱਪ ਤੇ ਬਨਸਪਤੀ ਆਦਿ। ਬਾਕੀ ਸਭ ਵਸਤਾਂ ਮਿਹਨਤ ਭਰੇ ਕਰਮ ਕਰ ਕੇ ਹਾਸਲ ਕਰਨੀਆਂ ਪੈਂਦੀਆਂ ਹਨ। ਜੋ ਕਰੇਗਾ, ਸੋ ਲਵੇਗਾ। ਜੋ ਲੋਕ ਇਸ ਭੇਤ ਨੂੰ ਸਮਝ ਗਏ, ਉਹ ਬਾਦਸ਼ਾਹਾਂ ਦੇ ਬਾਦਸ਼ਾਹ ਹਨ; ਜੋ ਨਹੀਂ ਸਮਝਦੇ, ਉਹ ਚਪੇੜਾਂ ਦੇ ਲਾਇਕ ਹਨ। ਇਸ ਤੋਂ ਵਧ ਇਸ ਬਾਰੇ ਕੋਈ ਕੁਝ ਨਹੀਂ ਕਹਿ ਸਕਦਾ। (ਪਉੜੀ 25 ਅਤੇ ਅੰਤਮ ਸਲੋਕ)
ਮੰਗਣ ਦੇ ਨਾਲ ਨਾਲ ਕਈ ਪੁੱਛਦੇ ਹਨ ਕਿ ਕੁਦਰਤ ਦਾ ਇਹ ਅਧਭੁਤ ਪ੍ਰਬੰਧ ਚਲਦਾ ਕਿਹੋ ਜਿਹੀ ਰਿਹਾਇਸ਼ਗਾਹ ਤੋਂ ਹੈ? ਮੀਰਾਂ, ਸ਼ਾਹਾਂ ਤੇ ਸ਼ਹਿਨਸ਼ਾਹਾਂ ਦੇ ਮਹਿਲ ਦੇਖ ਕੇ ਉਹ ਸੋਚਦੇ ਹਨ ਕਿ ਉੱਥੇ ਤਾਂ ਬਹੁਤ ਸਾਰੇ ਗਵੱਈਏ ਤਰ੍ਹਾਂ ਤਰ੍ਹਾਂ ਦੇ ਸਾਜਾਂ ਨਾਲ ਬੜੇ ਹੀ ਸੁੰਦਰ ਰਾਗ ਅਲਾਪਦੇ ਰਹਿੰਦੇ ਹੋਣਗੇ? ਹਾਂ, ਅਲਾਪਦੇ ਹਨ; ਪਰ ਉਹ ਗਵੱਈਏ ਮਨੁੱਖ ਤੇ ਔਰਤਾਂ ਨਹੀਂ, ਸਗੋਂ ਪੌਣ, ਪਾਣੀ, ਅਗਨੀ, ਸਮਾਨਤਾ ਵਾਲੇ ਨਿਯਮ ਤੇ ਕੁਦਰਤੀ ਸ਼ਕਤੀਆਂ ਹਨ। ਉਸ ਦੇ ਦਰ ‘ਤੇ ਗਾਉਣ ਵਾਲਿਆਂ ਵਿਚ ਮਨੁੱਖਤਾ ਦੇ ਉਹ ਸਾਰੇ ਸਨਮਾਨ ਪਾਤਰ ਹਨ, ਜੋ ਮਨੁੱਖ ਨੇ ਘੜੇ ਤੇ ਸਵਾਰੇ ਹਨ। ਉਨ੍ਹਾਂ ਵਿਚ ਦੇਵੀ-ਦੇਵਤੇ ਹਨ; ਸਮਾਧੀਆਂ ਲਾਉਣ ਵਾਲੇ ਸਾਧ ਸੰਤ ਤੇ ਸਿੱਧ ਪੁਰਖ ਹਨ; ਜਤੀ, ਸਤੀ, ਸੰਤੋਖੀ, ਸੂਰਬੀਰ, ਵੇਦ ਪੜ੍ਹਦੇ ਪੰਡਿਤ ਤੇ ਰਿਸ਼ੀ-ਮੁਨੀ ਹਨ; ਸੁਰਗਾਂ ਵਿਚ ਰਹਿੰਦੀਆਂ ਮਨਮੋਹਨ ਸੁੰਦਰੀਆਂ ਤੇ ਚਾਰੇ ਜਨਮ-ਜਾਤਾਂ ਦੇ ਜੀਵ ਹਨ; ਧਰਤੀ ਦੇ ਸਭ ਖੰਡ, ਤਾਰਾ ਮੰਡਲ ਤੇ ਬ੍ਰਹਿਮੰਡ ਹਨ ਅਤੇ ਉਨ੍ਹਾਂ ਸਭਨਾਂ ਨੂੰ ਪੂਜਣ ਵਾਲੇ ਹਰ ਤਰ੍ਹਾਂ ਦੇ ਭਗਤ ਜਨ ਹਨ। ਇਸ ਤੋਂ ਇਲਾਵਾ ਕਿੰਨੇ ਹੋਰ ਸਿਫਤਗੀਰ ਹਨ, ਜੋ ਇਸ ਵੇਲੇ ਯਾਦ ਨਹੀਂ ਆ ਰਹੇ। ਹਰ ਵੱਡੀ ਛੋਟੀ ਚੀਜ਼, ਜੋ ਕੁਦਰਤ ਨੇ ਬਣਾਈ ਹੈ ਤੇ ਜੋ ਇਸ ਦਾ ਸ਼ਿੰਗਾਰ ਬਣੀ ਹੋਈ ਹੈ, ਮਾਨੋ ਉਹੀ ਉਸ ਪਰਮ-ਸਤਿ ਦੇ ਅਨੂਠੇ ਦਰ ਅੱਗੇ ਬੈਠੀ ਉਸ ਦੀਆਂ ਵਡਿਆਈਆਂ ਦੇ ਗੀਤ ਗਾ ਰਹੀ ਹੈ। ਇਹ ਤਮਾਮ ਕੁਦਰਤ ਉਸ ਦਾ ਦਰ ਹੈ, ਜਿਸ ‘ਤੇ ਬੈਠੀ ਸਾਰੀ ਕਾਇਨਾਤ ਉਸ ਪ੍ਰਤੀ ਕ੍ਰਤਿੱਗਤਾ ਦਾ ਪ੍ਰਗਟਾਵਾ ਕਰ ਰਹੀ ਹੈ। ਇਹ ਉਹੀ ਪੱਕੇ ਨਿਯਮਾਂ ਵਾਲਾ ਸਦੀਵੀ ਸੱਚ ਹੈ, ਜਿਸ ਨੇ ਬਹੁ-ਰੰਗੀ ਤੇ ਬਹੁ-ਭਾਂਤੀ ਪਦਾਰਥੀ ਦੁਨੀਆਂ ਰਚੀ ਹੋਈ ਹੈ ਤੇ ਜੋ ਆਪਣੇ ਸੁਭਾਅ ਅਨੁਸਾਰ ਇਸ ਨੂੰ ਕਰ ਕਰ ਕੇ ਨਿਹਾਰਦਾ ਰਹਿੰਦਾ ਹੈ। ਉਸ ਦੇ ਨਿਯਮਾਂ ਦੀ ਉਲੰਘਣਾ ਨਹੀਂ ਹੋ ਸਕਦੀ। ਜੋ ਲੋਕ ਇਹ ਗੱਲ ਜਾਣ ਕੇ ਉਨ੍ਹਾਂ ਨਿਯਮਾਂ ਦੀ ਪਾਲਣਾ ਕਰਦੇ ਹਨ, ਉਹ ਬਾਦਸ਼ਾਹਾਂ ਦੇ ਵੀ ਬਾਦਸ਼ਾਹ ਹਨ। (ਪਉੜੀ 27)
ਕਈ ਚਿੰਤਕ ਇਸ ਬਾਰੇ ਵੀ ਸੋਚਦੇ ਹਨ ਕਿ ਇਹ ਕੁਦਰਤ ਕਦੋਂ ਬਣੀ ਤੇ ਕਿਵੇਂ ਬਣੀਂ? ਇਸ ਗੱਲ ਦਾ ਨਾ ਕਿਸੇ ਨਜ਼ੂਮੀ ਨੂੰ ਪਤਾ ਹੈ, ਨਾ ਪੰਡਿਤ ਨੂੰ, ਨਾ ਕਾਦੀ ਨੂੰ ਤੇ ਨਾ ਹੀ ਕਿਸੇ ਜੋਗੀ ਨੂੰ। ਕਹਿਣ ਨੂੰ ਸਾਰੇ ਬਹੁਤ ਕੁਝ ਕਹਿੰਦੇ ਹਨ, ਪਰ ਬਿਨਾ ਕਿਸੇ ਠੋਸ ਆਧਾਰ ਤੋਂ ਕਹਿਣ ਨਾਲ ਪੱਕੀ ਗੱਲ ਨਹੀਂ ਬਣਦੀ। ਇਸ ਭੇਤ ਨੂੰ ਓਹੀ ਵੱਡੇ ਨਿਯਮਾਂ ਦੇ ਘੜ੍ਹਨ ਵਾਲਾ ਪਰਮ-ਸਤਿ ਜਾਣਦਾ ਹੈ, ਜਿਸ ਦਾ ਕੀਤਾ ਸਾਰਾ ਕੁਝ ਵਾਪਰਦਾ ਹੈ। ਵੇਦਾਂ ਤੇ ਕਤੇਬਾਂ ਨੇ ਲੱਖ ਵਾਰ ਪਾਤਾਲਾਂ ਆਕਾਸ਼ਾਂ ਨੂੰ ਪੁਣ-ਛਾਣ ਕੇ ਦੇਖ ਲਿਆ ਹੈ ਤੇ ਸਭ ਇਕੋ ਮੋਟੀ ਗੱਲ ਕਹਿੰਦੇ ਹਨ ਕਿ ਤੱਥ ਮਿਟ ਚੁੱਕੇ ਹਨ ਤੇ ਤੱਥਾਂ ਦੀ ਅਣਹੋਂਦ ਕਾਰਨ ਕੁਝ ਨਹੀਂ ਕਿਹਾ ਜਾ ਸਕਦਾ। ਇਸ ਲਈ ਇਹ ਮਸਲਾ ਇਕ ਬੁਝਾਰਤ ਬਣਿਆ ਹੋਇਆ ਹੈ। ਗੁਣ ਵਡਿਆਈਆਂ ਦੇ ਸਾਧਾਰਨ ਵਿਚਾਰ ਨਾਲ ਵੀ ਇੱਡੀ ਕਿੱਡੀ ਕੁ ਵੱਡੀ ਗੱਲ ਕਹੀ ਜਾ ਸਕਦੀ ਹੈ। ਵਿਚਾਰ ਕਰਨ ਵਾਲਿਆਂ ਦੀ ਤਾਂ ਆਪਣੀ ਸੁਰਤ ਉਨ੍ਹਾਂ ਨਦੀ ਨਾਲਿਆਂ ਵਰਗੀ ਹੈ, ਜਿਨ੍ਹਾਂ ਨੇ ਸਮੁੰਦਰ ਵਿਚ ਡਿਗਣਾ ਹੈ, ਪਰ ਉਨ੍ਹਾਂ ਨੇ ਉਸ ਨੂੰ ਕਦੇ ਦੇਖਿਆ ਨਹੀਂ ਕਿ ਉਹ ਕਿੱਡਾ ਕੁ ਵੱਡਾ ਹੈ। ਉਨ੍ਹਾਂ ਦੀ ਤੁੱਛ ਕਲਪਨਾ ਵਾਲਾ ਸਮੁੰਦਰ ਤਾਂ ਅਸਲ ਸਮੁੰਦਰ ਦੇ ਪਹਾੜਾਂ ਜਿੱਡੇ ਪਸਾਰ ਸਾਹਮਣੇ ਕੀੜੀ ਬਰਾਬਰ ਵੀ ਨਹੀਂ ਹੋਣਾ। (ਪਉੜੀ 21, 22 ਅਤੇ 23)
ਇਸ ਹਾਲਤ ਦੇ ਬਾਵਜੂਦ ਵੀ ਚਿੰਤਕ, ਜਗਿਆਸੂ ਤੇ ਸ਼ਰਧਾਲੂ ਸ੍ਰਿਸ਼ਟੀ ਦੇ ਕਾਰਕ-ਅੰਸ਼ ਨੂੰ ਮਿਲ ਕੇ ਉਸ ਨੂੰ ਦੇਖਣਾ ਚਾਹੁੰਦੇ ਹਨ। ਉਹ ਪੂਜਾ ਪਾਠ ਤੇ ਨਾਮ ਰਟਨ ਰਾਹੀਂ ਉਸ ਨਾਲ ਸੰਪਰਕ ਬਣਾਉਣਾ ਲੋਚਦੇ ਹਨ ਤੇ ਪ੍ਰੇਮ ਵਸ ਉਸ ਦੀ ਟਹਿਲ ਸੇਵਾ ਕਰਨਾ ਚਾਹੁੰਦੇ ਹਨ; ਪਰ ਇਹ ਬਚਕਾਨੀ ਤੇ ਹਾਸੋਹੀਣੀ ਗੱਲ ਹੈ, ਕਿਉਂਕਿ ਕਰੋੜਾਂ ਵਾਰ ਜੀਭ-ਰਟਨ ਕੀਤਿਆਂ ਵੀ ਇੱਦਾਂ ਨਹੀਂ ਹੁੰਦਾ। ਕੀ ਕਦੇ ਕੀਟ ਪਤੰਗੇ ਵੀ ਉਡ ਕੇ ਅਸਮਾਨ ਨੂੰ ਮਿਲੇ ਹਨ? ਕਈ ਮੋਟੀ ਅਕਲ ਵਾਲੇ ਮੰਤਰਾਂ, ਤੰਤਰਾਂ, ਸਿਆਣਪਾਂ ਤੇ ਯੋਗ ਸਾਧਨਾਵਾਂ ਨਾਲ ਆਪਣੀ ਤਾਕਤ ਵਧਾ ਕੇ ਕੁਦਰਤ ਜਿਹੀਆਂ ਸ਼ਕਤੀਆਂ ਆਪਣੇ ਹੱਥ ਵਿਚ ਕਰਨਾ ਚਾਹੁੰਦੇ ਹਨ। ਪਰ ਨਾ ਕਿਸੇ ਨੇ ਅਜਿਹੀ ਕੋਈ ਤਾਕਤ ਹਾਸਲ ਕੀਤੀ ਤੇ ਨਾ ਕਿਸੇ ਦੀ ਤਾਕਤ ਅੱਜ ਤੀਕ ਚੱਲੀ। ਇਹ ਕੁਦਰਤ ਨੂੰ ਵਸ ਕਰਨ ਦੇ ਸਹੀ ਢੰਗ ਨਹੀਂ, ਸਿਰਫ ਪਖੰਡ ਹਨ। ਇਹ ਲੋਕ ਕਈ ਇੱਦਾਂ ਦੀਆਂ ਬੇਤੁਕੀਆਂ ਗੱਲਾਂ ਵੀ ਕਰਦੇ ਹਨ ਕਿ ਇਸ ਸੰਸਾਰ ਦਾ ਕਾਰ-ਵਿਹਾਰ ਇਕ ਮਾਈ ਦੇ ਤਿੰਨ ਪੁੱਤਰ ਚਲਾ ਰਹੇ ਹਨ, ਜੋ ਪਤਾ ਨਹੀਂ ਕਿਵੇਂ ਗਰਭਵਤੀ ਹੋਈ ਸੀ। ਤਿੰਨਾਂ ਨੇ ਦੁਨੀਆਂ ਨੂੰ ਪੈਦਾ ਕਰਨ, ਪਾਲਣ ਪੋਸਣ ਤੇ ਖਤਮ ਕਰਨ ਦੇ ਕੰਮ ਆਪਸ ਵਿਚ ਵੰਡੇ ਹੋਏ ਹਨ। ਪਰ ਅਸਚਰਜ ਦੀ ਗੱਲ ਹੈ ਕਿ ਉਨ੍ਹਾਂ ਨੂੰ ਉਹ ਕਲਪਿਤ ਮਾਈ ਤੇ ਉਸ ਦੇ ਫਰਜ਼ੀ ਪੁੱਤਰ ਤਾਂ ਖਾਧ ਖੁਰਾਕ ਵਰਤਾਉਂਦੇ ਦਿਸਦੇ ਹਨ, ਪਰ ਕੁਦਰਤ ਦੇ ਥਾਂ ਥਾਂ ਸਥਾਪਤ ਕੀਤੇ ਉਹ ਅਮੁੱਕ ਭੰਡਾਰ ਨਹੀਂ ਦਿੱਸਦੇ, ਜਿਨ੍ਹਾਂ ਵਿਚ ਪਹਿਲਾਂ ਹੀ ਆਦਿ ਤੋਂ ਅੰਤ ਤੀਕ ਦੇ ਖਾਧ ਪਦਾਰਥ ਇਕੋ ਵਾਰ ਦੇ ਪਾਏ ਹੋਏ ਹਨ, ਜੋ ਕਦੇ ਖਤਮ ਨਹੀਂ ਹੋਏ। ਉਨ੍ਹਾਂ ਭਰੇ ਭਰਾਏ ਭੰਡਾਰ ਦੇ ਹੁੰਦਿਆਂ ਦੇਵੀ-ਦੇਵਤਿਆਂ ਦਾ ਕੀ ਕੰਮ? ਦੇਵਤਿਆਂ ਦੀ ਗੱਲ ਛੱਡੋ, ਉਨ੍ਹਾਂ ਦੇ ਪਿਛੋਕੜ ਪਿਆ ਜੋ ਪਰਮ-ਸਤਿ ਹਮੇਸ਼ਾ ਤੋਂ ਇਹ ਕੌਤਕ ਰਚਾ ਰਿਹਾ ਹੈ, ਉਹੀ ਮਨੁੱਖੀ ਧਿਆਨ ਦਾ ਅਸਲ ਪਾਤਰ ਹੈ, ਉਸੇ ਨੂੰ ਵਿਚਾਰੋ! (ਪਉੜੀ 30, 31 ਅਤੇ 32)
ਜੇ ਇਹ ਸ਼ਰਧਾਵਾਨ ਭਗਤ ਹਵਾਈ ਗੱਲਾਂ ਛੱਡ ਕੇ ਜਮੀਨੀ ਪੱਧਰ ‘ਤੇ ਆਉਣ ਤਾਂ ਇਹ ਕੁਝ ਸਿੱਖ ਵੀ ਸਕਦੇ ਹਨ। ਆਪਣੇ ਕੰਨੋਂ ਮੁੰਦਰਾਂ ਲਾਹ ਕੇ ਮਨ ਵਿਚ ਸੰਤੋਖ ਲਿਆਉਣ, ਭਿਖਿਆ ਦੀ ਝੋਲੀ ਸੁੱਟ ਕੇ ਕਿਰਤ ਕਮਾਈ ਕਰਨ, ਸਵਾਹ ਮਲਣੀ ਛੱਡ ਕੇ ਸੋਚ ਵਿਚਾਰ ਵਲ ਪੈਣ, ਹੱਟੀ ਕੱਟੀ ਅਣਲੱਗ ਦੇਹ ਮਿਹਨਤ ਮੁਸ਼ੱਕਤ ਲੇਖੇ ਲਾਉਣ ਤੇ ਜੋਗ ਜੁਗਤਾਂ ਦਾ ਡੰਡਾ ਫੇਰਨ ਦੀ ਥਾਂ ਆਪਣੇ ਵਿਚ ਸਵੈ ਵਿਸ਼ਵਾਸ ਪੈਦਾ ਕਰਨ। ਜੇ ਇਹ ਇਸ ਤਰ੍ਹਾਂ ਸਮਝਦਾਰੀ ਨਾਲ ਵਿਚਰਨਾ ਸ਼ੁਰੂ ਕਰਨ ਤਾਂ ਹੀ ਯਥਾਰਥਕ ਸੋਚ ਦੇ ਮਾਲਕ ਬਣ ਸਕਦੇ ਹਨ। ਦਿਮਾਗ ਨੂੰ ਤਰਕ ਵਿਵੇਕ ਅਨੁਸਾਰ ਕੰਮ ਲੈਣ ਲਈ ਸਿਧਾਉਣਾ ਸਭ ਤੋਂ ਵੱਡੀ ਸਿੱਧੀ ਹੈ। ਇਸ ਨਾਲ ਸਭ ਜਮਾਤਾਂ ਦਾ ਪੰਥੀ-ਗਿਆਨ ਘਰ ਬੈਠੇ ਸਮਝ ਆ ਜਾਵੇਗਾ। ਜੇ ਇਹ ਲੋਕ ਗਿਆਨ ਨੂੰ ਆਪਣਾ ਚੂਰਮਾ ਬਣਾਉਣ ਤੇ ਉਸ ਨੂੰ ਹਲੀਮੀ ਨਾਲ ਸਭ ਨੂੰ ਵਰਤਾਉਣ, ਸੰਜੋਗ ਵਿਜੋਗ ਭਾਵ ਘਾਟੇ-ਵਾਧੇ ਨੂੰ ਜੀਵਨ ਦੇ ਜਰੂਰੀ ਅੰਗ ਸਮਝਣ ਤੇ ਆਪਣੇ ਕੰਮਾਂ ਨੂੰ ਆਪ ਕਰਨਾ ਸਿੱਖਣ ਤਾਂ ਸਿੱਧੀਆਂ ਰਿੱਧੀਆਂ ਬਾਰੇ ਸੋਚਣ ਦੀ ਲੋੜ ਹੀ ਨਾ ਪਵੇ। (ਪਉੜੀ 28-29)।
ਇਸ ਲਈ ਸੱਚ ਦੇ ਨੇੜੇ ਲੱਗਣ ਲਈ ਸੰਸਾਰ ਨੂੰ ਮਨਘੜਤ ਖਿਆਲੀ ਜ਼ਾਵੀਏ ਤੋਂ ਦੇਖਣ ਦੀ ਥਾਂ ਅਸਲੀਅਤ ਦੀ ਨਜ਼ਰ ਨਾਲ ਦੇਖਣਾ ਜਰੂਰੀ ਹੈ। ਇਹ ਬਹੁਤੀ ਵੱਡੀ ਨਹੀਂ, ਸਿੱਧੀ ਜਿਹੀ ਗੱਲ ਹੈ। ਜਰਾ ਸੋਚੋ ਕਿ ਕਿਵੇਂ ਪੌਣ, ਪਾਣੀ, ਅਗਨੀ ਤੇ ਪਤਾਲ ਨਾਲ ਬਣੀ ਇਹ ਧਰਤੀ ਇਕ ਧਰਮਸਾਲ ਦੀ ਨਿਆਈਂ ਆਸਮਾਨੀ ਫਿਜ਼ਾ ਵਿਚ ਟਿਕੀ ਹੋਈ ਹੈ। ਸਾਰਾ ਸੰਸਾਰ ਇਸ ਦੇ ਦਿਨਾਂ, ਰਾਤਾਂ, ਰੁਤਾਂ, ਤਿੱਥਾਂ ਤੇ ਵਾਰਾਂ ਦੇ ਪਾਲਣੇ ਵਿਚ ਝੂਲ ਕੇ ਵਧਦਾ ਫੁਲਦਾ ਹੈ। ਮਨੁੱਖ ਦਾ ਗਿਆਨ ਇਸ ਦੁਆਲੇ ਹੀ ਘੁੰਮਦਾ ਹੈ, ਕਿਉਂਕਿ ਇਸ ਤੋਂ ਬਾਹਰ ਉਹ ਕਿਤੇ ਗਿਆ ਨਹੀਂ ਹੈ। ਜੇ ਧਰਤੀ ਤੇ ਰਹਿੰਦੇ ਮਨੁੱਖ ਦੇ ਗਿਆਨ ਨੂੰ ਖੇਤਰਾਂ ਵਿਚ ਵੰਡ ਲਈਏ ਤਾਂ ਪਹਿਲਾ ਖੇਤਰ ਧਰਮ ਦਾ ਹੈ। ਸਾਰੀ ਧਰਤੀ ਤੇ ਧਰਮ ਦਾ ਪਹਿਰਾ ਹੈ ਤੇ ਇਸ ਵਿਚ ਹਰੇਕ ਚੀਜ਼ ਸਮਾਨਤਾ ਦੀਆਂ ਹਿਸਾਬੀ ਸਮੀਕਰਣਾਂ ਅਨੁਸਾਰ ਵਿਚਰਦੇ ਸਖਤ ਕੁਦਰਤੀ ਨਿਯਮਾਂ ਵਿਚ ਜਕੜੀ ਹੋਈ ਹੈ। ਹਰ ਕਰਮ ਦਾ ਕਾਰਕ ਹੈ ਤੇ ਹਰ ਕਰਮ ਦਾ ਕਰਮ ਜਿੱਡਾ ਹੀ ਪ੍ਰਤੀਕਰਮ ਹੈ। ਜੋ ਕਰੋ ਉਹੀ ਵਾਪਸ ਮਿਲਦਾ ਹੈ। ਹਰ ਚੀਜ਼ ਵਿਧੀ ਵਿਧਾਨ ਅਨੁਸਾਰ ਗਿਣ-ਮਿਣ ਕੇ ਵਿਚਰਦੀ ਹੈ। ਇਸ ਵਿਚ ਤਰ੍ਹਾਂ ਤਰ੍ਹਾਂ ਦੇ ਰੰਗਾਂ, ਨਸਲਾਂ ਤੇ ਨਾਂਵਾਂ ਵਾਲੇ ਜੀਵ ਜੰਤੂ ਹਨ। ਸਭ ਨੂੰ ਆਪਣੇ ਹਰ ਇਕ ਕਰਮ ਦੇ ਸਿੱਟੇ ਸਹੀ ਸਹੀ ਅਨੁਪਾਤ ਵਿਚ ਭੁਗਤਣੇ ਪੈਂਦੇ ਹਨ। ਮਾਨੋ ਇੱਥੇ ਹਰ ਚੰਗੇ ਮਾੜੇ ਕਰਮ ਦੀ ਪਛਾਣ ਕਰਨ ਤੇ ਉਸ ਦਾ ਹਿਸਾਬ ਕਰਨ ਲਈ ਅਚੂਕ ਪੰਚ ਬੈਠੇ ਹੋਏ ਹਨ। ਉਨ੍ਹਾਂ ਦਾ ਕੰਮ ਇੰਨਾ ਪੱਕਾ ਤੇ ਇਮਾਨਦਾਰੀ ਵਾਲਾ ਹੈ ਕਿ ਜੇ ਕਿਸੇ ਨੇ ਸੱਚ-ਝੂਠ ਦੀ ਪਰਖ ਕਰਨੀ ਹੋਵੇ ਤਾਂ ਉਹ ਇੱਥੇ ਆ ਕੇ ਕਰੇ। ਇਸ ਜਹਾਨ ਵਿਚ ਇੰਨੇ ਸੱਚੇ ਕੁਦਰਤੀ ਇਨਸਾਫ ਦਾ ਮਾਹੌਲ ਹੈ ਕਿ ਬਿਨ ਦੇਖਿਆਂ ਵਿਸ਼ਵਾਸ ਨਹੀਂ ਹੁੰਦਾ। (ਪਉੜੀ 34)
ਧਰਮ ਦੇ ਖੇਤਰ ਵਿਚ ਤਾਂ ਸਹੀ-ਗਲਤ ਦੀ ਪਛਾਣ ਕਰਨ ਤੇ ਕਰਮ ਅਨੁਸਾਰ ਫਲ ਦੇਣ ਵਾਲਾ ਧਰਮ ਸਹੀ ਤੌਰ ‘ਤੇ ਚਲ ਹੀ ਰਿਹਾ ਹੈ। ਦੂਜਾ ਖੇਤਰ ਗਿਆਨ ਦਾ ਹੈ, ਜੋ ਧਰਮ ਖੰਡ ਦੇ ਗਿਆਨ ਨਾਲ ਸਬੰਧਤ ਹੈ। ਇਸ ਦੀ ਗੱਲ ਕਰੀਏ ਤਾਂ ਮਨੁੱਖ ਨੇ ਇਸ ਵਿਚ ਗਿਆਨ ਦਾ ਕੋਈ ਉਪਰਾਲਾ ਨਹੀਂ ਕੀਤਾ। ਉਸ ਨੂੰ ਨਹੀਂ ਪਤਾ ਕਿ ਕੁਦਰਤ ਦਾ ਧਰਮ ਪਿਛੋਂ ਕਿਵੇਂ ਚਲ ਰਿਹਾ ਹੈ। ਗਿਆਨ ਪ੍ਰਾਪਤੀ ਦੀ ਥਾਂ ਸਾਰੀ ਦੁਨੀਆਂ ਭਰਮਾਂ ਵਿਚ ਪੈ ਕੇ ਪੂਜਾ ਪਾਠ ਤੇ ਨਾਮ ਰਟਨ ਵਿਚ ਲੱਗੀ ਹੋਈ ਹਨ। ਲੋਕ ਕਈ ਤਰ੍ਹਾਂ ਦੇ ਦੇਵੀ-ਦੇਵਤਿਆਂ ਦੀਆਂ ਆਰਤੀਆਂ ਉਤਾਰ ਰਹੇ ਹਨ ਤੇ ਜਾਨਵਰਾਂ ਪੱਥਰਾਂ ਤੀਕ ਨੂੰ ਧਿਆ ਰਹੇ ਹਨ। ਪਵਨ, ਜਲ, ਅਗਨੀ, ਬ੍ਰਹਮਾ, ਵਿਸ਼ਨੂੰ, ਸ਼ਿਵ, ਪਾਰਬਤੀ, ਇੰਦਰ, ਪਹਾੜ, ਸੂਰਜ, ਚੰਦਰਮਾ, ਤਾਰਾ-ਮੰਡਲ, ਰਿਸ਼ੀ ਮੁਨੀ, ਸਿੱਧ ਪੁਰਖ, ਗੌਤਮ ਬੁੱਧ, ਕੀਮਤੀ ਪੱਥਰ, ਸਾਗਰ, ਸਮੂਹ ਜੋਨੀਆਂ ਦੇ ਜੀਵ, ਹਨੁਮਾਨ ਤੇ ਰਾਜੇ ਮਹਾਰਾਜੇ, ਸਭ ਪੂਜਾ ਦੇ ਪਾਤਰ ਬਣਾਏ ਹੋਏ ਹਨ। ਹਿਸਾਬ ਲਾਉ ਤਾਂ ਉਨ੍ਹਾਂ ਦੀ ਗਿਣਤੀ ਹੀ ਕੋਈ ਨਹੀਂ ਹੈ, ਕਿਉਂਕਿ ਗਿਆਨ-ਵਿਹੂਣੇ ਲੋਕ ਹਰ ਥਾਂ ਸ਼ਰਧਾ ਨਾਲ ਮੱਥੇ ਟੇਕ ਰਹੇ ਹਨ। ਗਿਆਨ ਸੋਚ ਵਿਚਾਰ ਦਾ ਵਿਸ਼ਾ ਨਾ ਰਹਿ ਕੇ ਦਿਖਾਵੇ ਦੀ ਖੇਡ ਬਣ ਗਿਆ ਹੈ। ਇਹ ਤਾਂਡਵ ਰੂਪ ਧਾਰਨ ਕਰ ਗਿਆ ਹੈ ਅਤੇ ਇਸ ਦੀ ਥਾਂ ਗੀਤ-ਸੰਗੀਤ, ਕੌਤਕ, ਮਨ-ਪ੍ਰਚਾਵੇ ਤੇ ਮਨੋਰੰਜਨੀ ਸਵਾਦਾਂ ਨੇ ਲੈ ਲਈ ਹੈ। ਗਿਆਨ ਦਾ ਵਿਕਾਸ ਮੂਲੋਂ ਹੀ ਖੜੋਤ ਵਿਚ ਹੈ। (ਪਉੜੀ 35)
ਤੀਜਾ ਖੇਤਰ ਮਿਹਨਤ ਮੁਸ਼ੱਕਤ ਕਰ ਕੇ ਵਸਤਾਂ ਸਿਰਜਣ ਦਾ ਹੈ। ਬਸ ਇਹੀ ਖੰਡ ਹੈ, ਜਿੱਥੇ ਮਨੁੱਖ ਨੇ ਵੱਡੀ ਮਾਰ ਮਾਰੀ ਹੈ। ਇਸ ਵਿਚ ਇੰਨਾ ਲਾਜਵਾਬ ਕੰਮ ਹੋਇਆ ਹੈ ਕਿ ਪੂਰੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ। ਇਸ ਵਿਚ ਅਤਿ-ਸੁੰਦਰ ਵਸਤਾਂ ਹੀ ਨਹੀਂ ਘੜੀਆਂ ਗਈਆਂ, ਸਗੋਂ ਇੱਥੇ ਕੀਤੀ ਦਿਮਾਗੀ ਮਿਹਨਤ ਸਦਕਾ ਮਨੁੱਖ ਦੀ ਸੋਚ ਤੇ ਬੁੱਧੀ ਦਾ ਵਿਕਾਸ ਵੀ ਹੋਇਆ ਹੈ। ਮਨੁੱਖ ਦਾ ਮਨ, ਬੁੱਧੀ, ਸੁਰਤ, ਸੋਚ ਤੇ ਸਮਝ ਉਸ ਪੱਧਰ ਤੀਕ ਉੱਚੇ ਹੋ ਗਏ ਹਨ, ਜਿਸ ਪੱਧਰ ਦੇ ਉਸ ਨੇ ਸਿੱਧਾਂ ਤੇ ਦੇਵਤਿਆਂ ਨੂੰ ਕਲਪਿਆ ਹੋਇਆ ਸੀ। ਚੌਥਾ ਖੇਤਰ ਸੂਰਬੀਰਤਾ, ਸ਼ਕਤੀ ਤੇ ਬਹਾਦਰੀ ਦਾ ਹੈ। ਇਸ ਖੰਡ ਵਿਚ ਫਿਰ ਕੋਈ ਉਪਲਬਧੀ ਨਹੀਂ ਹੋਈ। ਸੁਰੱਖਿਆ, ਉਤਪਾਦਨ ਤੇ ਤਕਨੀਕੀ ਸੋਚ, ਉਨ੍ਹਾਂ ਵਿਚੋਂ ਕਿਸੇ ਇਕ ਦਾ ਵਿਕਾਸ ਨਹੀਂ ਹੋਇਆ। ਜੋਰ, ਤਾਕਤ ਨੂੰ ਅਕਲ ਨਾਲ ਵਧਾ ਕੇ ਉੱਨਤੀ ਵਲ ਕੋਈ ਧਿਆਨ ਨਹੀਂ ਦਿੱਤਾ ਗਿਆ। ਲੋਕ ਜੋਰ ਦੀਆਂ ਗੱਲਾਂ ਕਰਦੇ ਹਨ, ਪਰ ਇਸ ਨੂੰ ਵਰਤਣ ਦਾ ਜਿਗਰਾ ਨਹੀਂ ਰੱਖਦੇ। ਆਪ ਸੂਰਬੀਰ ਬਣਨ ਦੀ ਥਾਂ ਸੂਰਬੀਰਾਂ ਦੀ ਪੂਜਾ ਕਰਦੇ ਹਨ। ਧਾੜਵੀਆਂ ਦੀਆਂ ਧਾੜਾਂ ਵੇਲੇ ਵੀ ਮੈਦਾਨ ਵਿਚ ਨਹੀਂ ਆਉਂਦੇ। ਹਮਲਾਵਰ ਹਮਲਾ ਕਰਦੇ ਹਨ ਤੇ ਇਹ ਸੂਰਮੇ ਮੈਦਾਨ ਵਿਚ ਸੂਰਮਗਤੀ ਦਿਖਾਉਣ ਦੀ ਥਾਂ ਆਪਣੇ ਤੋਂ ਪਹਿਲੇ ਸੂਰਮਿਆਂ ਦੀ ਪੂਜਾ ਕਰਨ ਬੈਠ ਜਾਂਦੇ ਹਨ। ਸਭ ਤੋਂ ਵੱਧ ਭਗਤ ਵੱਡੇ ਸੂਰਮੇ ਰਾਮ ਚੰਦਰ ਦੇ ਹਨ। ਉਸ ਦੀ ਪਤਨੀ ਸੀਤਾ ਦੀ ਵੀਰਤਾ ਦੀ ਵੀ ਸ਼ਰਧਾਲੂਆਂ ਵਿਚ ਬੜੀ ਚਰਚਾ ਹੈ। ਲੋਕ ਉਨ੍ਹਾਂ ਦੀਆਂ ਸੁੰਦਰ ਮੂਰਤੀਆਂ ਬਣਾ ਕੇ ਪੂਜਦੇ ਹਨ। ਉਨ੍ਹਾਂ ਦੇ ਭਗਤ ਟੁੱਟ ਕੇ ਨਾ ਕਿਸੇ ਹੋਰ ਪਾਸੇ ਜਾਂਦੇ ਹਨ ਤੇ ਨਾ ਹੀ ਕਿਸੇ ਹੋਰ ਕਾਰਨ ਉਨ੍ਹਾਂ ਦੀ ਗਿਣਤੀ ਕਦੇ ਘਟਦੀ ਹੈ। ਉਨ੍ਹਾਂ ਤੋਂ ਇਲਾਵਾ ਇੱਥੇ ਕਈ ਹੋਰ ਲੋਕਾਂ ਦੇ ਭਗਤ ਵੀ ਹਨ, ਜੋ ਉਨ੍ਹਾਂ ਦੇ ਸੇਵਕ ਬਣ ਕੇ ਹੀ ਸੱਚਾ ਅਨੰਦ ਅਨੁਭਵ ਕਰ ਲੈਂਦੇ ਹਨ। ਪੰਜਵਾਂ ਖੇਤਰ ਸੱਚ ਖੰਡ ਦਾ ਹੈ, ਜਿੱਥੇ ਨਿਰੰਕਾਰ ਦਾ ਨਿਵਾਸ ਹੈ। ਇਸ ਵਿਚ ਤਾਂ ਦੇਸ਼, ਦੁਨੀਆਂ ਤੇ ਬ੍ਰਹਿਮੰਡ ਸਮੇਤ ਸਭ ਕੁਝ ਦੀ ਸਿਰਜਣਾ ਹੁੰਦੀ ਹੈ। ਇਸ ਖੇਤਰ ਦੀ ਸੱਚੀ ਕਿਰਤ ਰਾਹੀਂ ਤਰ੍ਹਾਂ ਤਰ੍ਹਾਂ ਦੀਆਂ ਬਸਤੀਆਂ ਤੇ ਵਸਤਾਂ ਬਣਦੀਆਂ ਹਨ ਤੇ ਉਨ੍ਹਾਂ ਦੇ ਗੁਣਾਂ ਤੇ ਨਿਯਮਾਂ ਅਨੁਸਾਰ ਉਨ੍ਹਾਂ ਨੂੰ ਨਾਮ ਤੇ ਕੰਮ ਮਿਲਦੇ ਹਨ। ਕਿਉਂਕਿ ਕਿਸੇ ਨੇ ਦੇਖਿਆ ਨਹੀਂ, ਇਸ ਲਈ ਇਸ ਖੇਤਰ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ। ਬੱਸ ਸੋਚ ਕੇ ਹੈਰਾਨ ਹੀ ਹੋ ਸਕੀਦਾ ਹੈ। (ਪਉੜੀ 36-37)।
ਭਾਵੇਂ ਮਿਹਨਤ ਦੇ ਖੇਤਰ ਵਿਚ ਤਸੱਲੀਬਖਸ਼ ਪ੍ਰਾਪਤੀਆਂ ਹੋਈਆਂ ਹਨ, ਪਰ ਗਿਆਨ ਤੇ ਜੋਰ ਦੇ ਖੇਤਰ ਵਿਚ, ਖਾਸ ਤੌਰ ‘ਤੇ ਤਾਕਤ ਪੈਦਾ ਕਰਨ ਦੀਆਂ ਤਕਨੀਕਾਂ ਦੇ ਖੇਤਰਾਂ ਵਿਚ, ਮਨੁੱਖ ਬਹੁਤ ਪਛੜਿਆ ਹੋਇਆ ਹੈ। ਫਿਰ ਵੀ ਗਿਆਨ ਪ੍ਰਾਪਤੀ ਦਾ ਇਹ ਉੱਦਮ ਛੱਡਿਆ ਨਹੀਂ ਜਾ ਸਕਦਾ। ਗਿਆਨ ਦੀ ਕੁੰਜੀ ਸੱਚ ਖੰਡ ਵਿਚ ਹੈ ਤੇ ਸੱਚ ਖੰਡ ਦਾ ਰਾਹ ਤਕਨੀਕੀ ਰਾਹ ਹੈ। ਇਸ ਲਈ ਸੱਚ ਖੰਡ ਦਾ ਗਿਆਨ ਗੱਲਾਂ ਨਾਲ ਨਹੀਂ, ਸਗੋਂ ਲੰਮੇ ਤਕਨੀਕੀ ਸੰਘਰਸ਼ ਰਾਹੀਂ ਪ੍ਰਾਪਤ ਹੋਵੇਗਾ। ਇਸ ਨੂੰ ਪਾਉਣ ਲਈ ਧੀਰਜਵਾਨ ਸੁਨਿਆਰੇ ਵਾਂਗ ਸਿਰ ਸੁੱਟ ਕੇ ਬਾਰੀਕ ਕੰਮ ਕਰਨ ਵਾਲੇ ਤਕਨੀਕੀ ਕਾਮਿਆਂ ਦੀ ਲੋੜ ਹੈ। ਉਸ ਮਹੀਨ ਕਾਰਜਸ਼ੀਲਤਾ ਵਾਲੇ ਕਾਰਖਾਨੇ ਵਿਚ ਵਰਤੇ ਜਾਣ ਵਾਲੇ ਔਜਾਰਾਂ ਵਾਂਗ ਡੂੰਘੇ ਸਰਵੇਖਣ (ੌਬਸeਰਵਅਟਿਨ) ਦੇ ਨਵੇਂ ਨਵੇਂ ਔਜ਼ਾਰ ਘੜਨੇ ਪੈਣਗੇ। ਡੂੰਘਾਈ ਵਿਚ ਜਾਣ ਲਈ ਸਿਰੜ ਦੀ ਭੱਠੀ, ਵੇਦਾਂ ਭਾਵ ਪੁਸਤਕਾਲਿਆਂ ਦਾ ਹਥੌੜਾ, ਲਗਨ ਦੀ ਧੌਂਕਣੀ ਅਤੇ ਹੌਸਲੇ ਦੀ ਅਗਨੀ ਵਰਤਣੀ ਪਵੇਗੀ। ਫਿਰ ਆਸ਼ਾਵੰਦੀ ਲਾਭ ਦੀ ਕੁਠਾਲੀ ਵਿਚ ਸੱਚੇ ਤੱਥਾਂ ਦਾ ਅੰਮ੍ਰਿਤ ਢਾਲਣਾ ਪਵੇਗਾ। ਅਜਿਹੀ ਟਕਸਾਲ ਵਿਚ ਸੱਚ ਦਾ ਅੰਮ੍ਰਿਤ ਢਲ ਕੇ ਹੀ ਪਰਮ-ਸਤਿ ਦੇ ਅਸਲ ਨਾਮ ਵਾਲਾ ਸ਼ਬਦ ਘੜਿਆ ਜਾਵੇਗਾ। ਇਸ ਤਰ੍ਹਾਂ ਦੀ ਸੱਚੀ ਪ੍ਰਯੋਗਸ਼ਾਲਾ ਵਿਚ ਉਹੀ ਲੋਕ ਕੰਮ ਕਰਨ ਦੇ ਕਾਬਲ ਹੋਣਗੇ, ਜੋ ਨਿਰਪੱਖ ਤੇ ਬੇਲਾਗ ਨਜ਼ਰ ਨਾਲ ਪੇਖ ਸਕਣਗੇ ਤੇ ਜਿਨ੍ਹਾਂ ਦੀ ਉਦਾਸੀਨਤਾ ਦੇਖ ਕੇ ਦੇਖਣ ਵਾਲੇ ਵੀ ਅੱਸ਼-ਅੱਸ਼ ਕਰ ਉਠਣਗੇ; ਪਰ ਇਹ ਬਹੁਤ ਲੰਮਾ ਤੇ ਜੋਖਮ ਭਰਿਆ ਕਾਰਜ ਹੈ। ਜਿਨ੍ਹਾਂ ਨੇ ਵੀ ਇਸ ਕੰਮ ਨੂੰ ਹੱਥ ਪਾਇਆ, ਉਹ ਬਿਨਾ ਕੁਝ ਪ੍ਰਾਪਤ ਕੀਤੇ ਮੁਸ਼ੱਕਤ ਘਾਲ ਕੇ ਚਲੇ ਗਏ। ਭਾਵੇਂ ਉਹ ਕੋਈ ਕਾਮਯਾਬੀ ਹਾਸਲ ਨਾ ਕਰ ਸਕੇ ਤਾਂ ਵੀ ਉਨ੍ਹਾਂ ਦੇ ਨਾਮ ਇਤਿਹਾਸ ਦੇ ਪੰਨਿਆਂ ਵਿਚ ਚਮਕਦੇ ਹਨ, ਪਰ ਉਨ੍ਹਾਂ ਤੋਂ ਬਾਅਦ ਕਰਨ ਵਾਲੀ ਕਿੰਨੀ ਹੀ ਮੁਸ਼ੱਕਤ ਬਾਕੀ ਰਹਿੰਦੀ ਹੈ, ਜੋ ਆਉਣ ਵਾਲੀਆਂ ਪੀੜ੍ਹੀਆਂ ਨੇ ਕਰਨੀ ਹੈ। ਇਹ ਕਾਰਜ ਵਿਗਿਆਨਕ ਸੋਚ ਤੇ ਤਕਨੀਕੀ ਵਿਕਾਸ ਦੇ ਰਸਤੇ ਸੰਭਵ ਹੋਵੇਗਾ, ਜਿਸ ਦਾ ਮੁਢਲਾ ਪ੍ਰਤੀਕ ਇਮਾਨਦਾਰ ਸੁਨਿਆਰੇ ਦਾ ਕਾਰਖਾਨਾ ਹੈ। ਇਸੇ ਪਾਸਿਉਂ ਕਰਤਾ ਪੁਰਖ ਦਾ ਸੱਚਾ ਨਾਂ ਭਾਵ ਸਤਿ ਨਾਮ ਘੜ ਕੇ ਸਾਹਮਣੇ ਆਵੇਗਾ। ਇਸ ਲਈ ਪਰਮ-ਸਤਿ ਦੇ ਗਿਆਨ ਦੀ ਸੇਧ ਪੂਜਾ ਪਾਠ ਵੱਲ ਨਹੀਂ, ਸਗੋਂ ਤਕਨੀਕ-ਕਲਾ ਤੇ ਆਧੁਨਿਕ ਪ੍ਰਯੋਗਸ਼ਾਲਾਵਾਂ ਮਿਲਵੇਂ ਮਾਡਲ ਵੱਲ ਹੈ। ਯਕੀਨ ਮੰਨੋ, ਪਰਮ-ਸਤਿ ਹੈ ਤਾਂ ਇਸ ਕੁਦਰਤ ਵਿਚ ਹੈ, ਇਸ ਦੀ ਗਹਿਰਾਈ ਵਿਚ ਹੈ। ਇਸ ਦੀ ਖੋਜ ਜਾਰੀ ਰਹਿਣੀ ਚਾਹੀਦੀ ਹੈ। (ਪਉੜੀ 38 ਤੇ ਅੰਤਿਮ ਸਲੋਕ)
ਇਸ ਤਰ੍ਹਾਂ ਜਪੁਜੀ ਕਿਸੇ ਧਰਮ ਦੀ ਰੂਪ ਰੇਖਾ ਨਹੀਂ ਹੈ, ਸਗੋਂ ਗੁਰੂ ਨਾਨਕ ਦੀ ਸਿੱਖੀ ਵਿਚਾਰਧਾਰਾ ਦਾ ਮੂਲ ਸਿਧਾਂਤ ਹੈ। ਇਹ ਸਿੱਖੀ ਨੂੰ ਦੂਜੇ ਸਭ ਧਰਮਾਂ, ਵਿਸ਼ਵਾਸਾਂ ਅਤੇ ਅਧਿਆਤਮਕ ਸੋਚਾਂ ਨਾਲੋਂ ਨਿਖੇੜਦਾ ਹੈ। ਇਹ ਵਿਗਿਆਨਕ ਵਿਧੀ ਦਾ ਪਹਿਲਾ ਸੰਪੂਰਨ ਸ਼ਾਹਕਾਰ ਹੈ, ਜਿਸ ਨੇ ਮਨੁੱਖਤਾ ਨੂੰ ਸੱਚ ਦੀ ਸਹੀ ਸੇਧ ਦਿੱਤੀ ਹੈ। ਇਸੇ ਜਿਹੀ ਦਿਸ਼ਾ ਵਿਚ ਚਲ ਕੇ ਆਧੁਨਿਕ ਵਿਗਿਆਨ ਨੇ ਕੁਦਰਤ ਦੇ ਬਹੁਤ ਸਾਰੇ ਭੇਤ ਪਾਏ ਹਨ। ਇਨ੍ਹਾਂ ਪ੍ਰਾਪਤੀਆਂ ਸਦਕਾ ਅੱਜ ਮਨੁੱਖ ਕੁਦਰਤ ਦੀਆਂ ਅਣਗਿਣਤ ਪ੍ਰਕ੍ਰਿਆਵਾਂ ਨੂੰ ਸਮਝ ਗਿਆ ਹੈ ਤੇ ਬਾਕੀਆਂ ਨੂੰ ਸਮਝ ਜਾਵੇਗਾ। ਜਿਹੋ ਜਿਹੀ ਬੁੱਧ ਤੇ ਸੁੱਧ ਉਸ ਨੇ ਪ੍ਰਾਪਤ ਕਰ ਲਈ ਹੈ, ਉਸ ਨਾਲ ਹੁਣ ਪਰਮ-ਸਤਿ ਦੀ ਅਸਲ ਰੂਪ ਰੇਖਾ ਤਿਆਰ ਕਰ ਲੈਣਾ ਉਸ ਲਈ ਬਹੁਤਾ ਕਠਿਨ ਕੰਮ ਨਹੀਂ ਹੈ। ਜੇ ਪੰਜਾਂ ਖੰਡਾਂ ਦੀ ਵਾਰਤਾ ਗੁਰੂ ਸਾਹਿਬ ਅੱਜ ਮੁੜ ਵਿਚਾਰਨ ਤਾਂ ਉਨ੍ਹਾਂ ਨੂੰ ਸਰਮ ਖੰਡ ਵਾਂਗ ਹਰ ਪਾਸੇ ਅਥਾਹ ਉੱਨਤੀ ਪ੍ਰਤੀਤ ਹੋਵੇਗੀ।
ਭਾਵੇਂ ਗੁਰੂ ਸਾਹਿਬ ਨੇ ਆਪਣੇ ਅਨੁਭਵ ਤਰਕ ਤੇ ਦ੍ਰਿੜਤਾ ਨਾਲ ਵਰਣਨ ਕੀਤੇ ਹਨ, ਪਰ ਫਿਰ ਵੀ ਕਈ ਅਜੋਕੇ ਸਿੱਖ ਵਿਦਵਾਨ ਗੁਰੂ ਸਾਹਿਬ ਦੇ ਇਸ ਪਾਰਦਰਸ਼ੀ ਗਿਆਨ ਸੁਨੇਹੇ ਨੂੰ ਈਸਾਈ ਧਾਰਮ ਦੀ ਵਿਆਖਿਆ ਵਾਂਗ ਰੈਡੀਕਲ ਹਰਮੀਨਿਊਟਿਕਸ (੍ਰਅਦਚਿਅਲ ੍ਹeਰਮeਨeੁਟਚਿਸ) ਨਾਲ ਜੋੜ ਕੇ ਦੇਖਦੇ ਹਨ। ਇਹ ਸਿੱਖ ਮੱਤ ਦੀ ਤ੍ਰਾਸਦੀ ਹੈ ਕਿ ਉਹ ਇਸ ਨੂੰ ਸਮਝ ਨਹੀਂ ਸਕੇ। ਉਨ੍ਹਾਂ ਦਾ ਇਹ ਪਿੱਛਾਖੜੀ ਕਾਰਾ ਸਪਸ਼ਟ ਸਿੱਖ ਜਗਿਆਸੂਆਂ ਨੂੰ ਪੋਸਟ ਮਾਡਰਨਿਜ਼ਮ (ਫੋਸਟ-ਮੋਦeਰਨਸਿਮ) ਦੇ ਨਾਂ ਹੇਠ ਪਿੱਛਲਖੁਰੀ ਮੋੜ ਕੇ ਅਗਿਆਨ ਦੇ ਅੰਧੇਰਿਆਂ ਵੱਲ ਧੱਕਣ ਵਾਲਾ ਹੈ। ਇਹ ਅਧਿਆਤਮਵਾਦ ਦਾ ਆਖਰੀ ਵਿਚਾਰ-ਧਾਰਾਤਮਿਕ ਪੈਂਤੜਾ ਹੈ, ਪਰ ਇਹ ਗੁਰੂ ਸਾਹਿਬ ਦੇ ਸਿੱਖੀ ਸਿਧਾਂਤ ‘ਤੇ ਨਹੀਂ ਚਲੇਗਾ। ਕਾਰਨ ਇਹ ਕਿ ਇਹ ਸਿਧਾਂਤ ਪਹਿਲਾਂ ਹੀ ਤਰਕ, ਵਿਵੇਕ ਤੇ ਵਿਗਿਆਨ ਦੀ ਨਿੱਗਰ ਨੀਂਹ ਉੱਤੇ ਟਿਕਿਆ ਹੈ। ਇਸ ਨਾਲ ਟੱਕਰ ਲੈਣਾ ਵਿਗਿਆਨ ਨਾਲ ਟੱਕਰ ਲੈਣ ਬਰਾਬਰ ਹੈ।