ਪੰਜਾਬੀ ਦਾ ‘ਅਨਪੜ੍ਹ’ ਮਹਾਂ-ਗਿਆਨੀ-ਗਾਰਗੀ

ਗੁਰਬਚਨ ਸਿੰਘ ਭੁੱਲਰ
ਗਾਰਗੀ ਨੂੰ ਮਾਣ ਸੀ ਕਿ ਉਹਦਾ ਜਨਮ ਬਹੁਤ ਪੁਰਾਣੇ ਇਤਿਹਾਸ ਵਾਲੇ ਸ਼ਹਿਰ ਬਠਿੰਡਾ ਵਿਚ ਉਸ ਕਿਲ਼ੇ ਦੀ ਛਾਂ ਵਿਚ ਹੋਇਆ ਜਿਸ ਵਿਚੋਂ ਬੰਦੀ ਬਣਾਈ ਗਈ ਸੁਲਤਾਨ ਰਜ਼ੀਆ ਰੱਸੇ ਨਾਲ ਲਮਕ ਕੇ ਬਚ ਨਿਕਲੀ ਸੀ। ਇਸੇ ਕਰਕੇ ਉਹਨੇ ‘ਸੁਲਤਾਨ ਰਜ਼ੀਆ’ ਨਾਟਕ ਲਿਖਿਆ। ਸ਼ਹਿਰੀ ਪਰਿਵਾਰ ਵਿਚ ਇਕ ਮੁਲਾਜ਼ਮ ਦੇ ਘਰ ਪੈਦਾ ਹੋਣ ਸਦਕਾ ਉਹਨੂੰ ਅੱਗੇ ਵਧਣ ਲਈ ਸਾਡੇ ਇਲਾਕੇ ਦੇ ਆਮ ਮੁੰਡਿਆਂ ਨਾਲੋਂ ਵੱਧ ਸਹੂਲਤਾਂ ਤੇ ਮੌਕੇ ਹਾਸਲ ਸਨ। ਉਹਨੂੰ ਲਾਹੌਰ ਤੋਂ ਵਧੀਆ ਕਾਲਜੀ ਤਾਲੀਮ ਹਾਸਲ ਹੋਣ ਦੇ ਨਾਲ ਨਾਲ ਉਥੋਂ ਦੇ ਸਰਗਰਮ ਸਾਹਿਤਕ-ਸਭਿਆਚਾਰਕ ਮਾਹੌਲ ਵਿਚ ਵਿਚਰਨ ਦਾ ਖ਼ੂਬ ਮੌਕਾ ਮਿਲਿਆ। ਅੰਗਰੇਜ਼ੀ ਦੀ ਐਮæ ਏæ ਉਹਨੇ ਸਰਕਾਰੀ ਕਾਲਜ ਲਾਹੌਰ ਤੋਂ ਤੇ ਰਾਜਨੀਤੀ ਸ਼ਾਸਤਰ ਦੀ ਐਮæ ਏæ ਪ੍ਰਸਿੱਧ ਐਫ਼ ਸੀæ ਕਾਲਜ ਲਾਹੌਰ ਤੋਂ ਕੀਤੀ। ਲਾਹੌਰ ਉਸ ਸਮੇਂ ਸਾਂਝੇ ਪੰਜਾਬ ਦੀ ਰਾਜਧਾਨੀ ਹੀ ਨਹੀਂ, ਸਾਹਿਤ-ਸਭਿਆਚਾਰ ਦਾ ਇਕ ਵੱਡਾ ਕੇਂਦਰ ਵੀ ਸੀ। ਕਹਾਵਤ ‘ਜਿਸ ਲਾਹੌਰ ਨਹੀਂ ਦੇਖਿਆ, ਉਹ ਜੰਮਿਆ ਹੀ ਨਹੀਂ’ ਉਸ ਸਮੇਂ ਦੇ ਲਾਹੌਰ ਦੇ ਮਹੱਤਵ ਨੂੰ ਹੀ ਪ੍ਰਗਟਾਉਂਦੀ ਹੈ। ਦੇਸ ਦੀ ਵੰਡ ਮਗਰੋਂ ਉਹ ਦਿੱਲੀ ਪਹੁੰਚ ਗਿਆ ਜੋ ਦੇਸ ਦੀ ਰਾਜਧਾਨੀ ਹੋਣ ਤੋਂ ਇਲਾਵਾ ਪਹਿਲਾਂ ਹੀ ਸਾਹਿਤ ਤੇ ਸਭਿਆਚਾਰ ਦਾ ਲਾਹੌਰ ਤੋਂ ਵੀ ਵੱਡਾ ਕੇਂਦਰ ਸੀ ਅਤੇ ਵੰਡ ਦੀ ਮਾਰ ਕਾਰਨ ਆਏ ਇਨ੍ਹਾਂ ਖੇਤਰਾਂ ਦੇ ਨਾਮੀ ਲੋਕਾਂ ਨਾਲ ਇਸ ਪੱਖੋਂ ਹੋਰ ਵੀ ਮਹੱਤਵਪੂਰਨ ਹੋ ਗਿਆ ਸੀ।
ਉਹ ਲਿਖਦਾ ਹੈ ਕਿ ਅੰਗਰੇਜ਼ੀ ਸਾਹਿਤ ਤੇ ਪੁਲਿਟੀਕਲ ਸਾਇੰਸ ਦੀਆਂ ਐਮæ ਏæ ਕੀਤੀਆਂ ਸੀ ਤਾਂ ਜੋ ਕਿਤੇ ਪ੍ਰੋਫੈਸਰ ਲਗਦਾ, ਕਿਤੇ ਤਸੀਲਦਾਰ ਲਗਦਾ, ਪਰ ਮੈਂ ਪੰਜਾਬੀ ਚੁਣੀ। ਇਸ ਵਿਚ ਕੋਈ ਸ਼ੱਕ ਨਹੀਂ ਕਿ ਉਹਦਾ ਇਹ ਫੈਸਲਾ ਬਹੁਤ ਕਦਰਜੋਗ ਤੇ ਮਹੱਤਵਪੂਰਨ ਸੀ। ਉਹਨੇ ਲਿਖਣ ਦੇ ਮਾਧਿਅਮ ਵਜੋਂ ਹੀ ਪੰਜਾਬੀ ਨਹੀਂ ਅਪਨਾਈ ਸਗੋਂ ਕੁੱਲ-ਵਕਤੀ ਲੇਖਕ ਬਣ ਕੇ ਇਸੇ ਸਹਾਰੇ ਜੀਵਨ ਬਿਤਾਉਣ ਦਾ ਰਾਹ ਵੀ ਚੁਣਿਆ। ਪੰਜਾਬੀ ਜਿਹੀ ਸਮੱਸਿਆਵਾਂ-ਭਰੀ ਜ਼ਬਾਨ ਦੇ ਲੇਖਕ ਲਈ ਇਹ ਕੋਈ ਸੌਖਾ ਫੈਸਲਾ ਨਹੀਂ ਸੀ। ਉਹਨੇ ਕਦੀ-ਕਦਾਈਂ ਮਿਲਣ ਵਾਲੀਆਂ ਰਾਇਲਟੀਆਂ ਤੇ ਟੁੱਟਵੀਆਂ ਨੌਕਰੀਆਂ ਦੇ ਸਹਾਰੇ ਬਾਦਸ਼ਾਹੀ ਵੀ ਬਥੇਰੀ ਭੋਗੀ ਤੇ ਕਈ ਵਾਰ ਤੰਗੀ-ਤੁਰਸ਼ੀ ਦਾ ਸਾਹਮਣਾ ਵੀ ਕੀਤਾ। ਉਹਦੇ ਲਈ ਜੀਵਨ ਦਾ ਸਭ ਤੋਂ ਔਖਾ ਦੌਰ ਉਹ ਰਿਹਾ ਜਦੋਂ ਜੀਨੀ ਛੱਡ ਕੇ ਚਲੀ ਗਈ ਸੀ ਤੇ ਇਸ ਵੱਲੋਂ ਲਿਖਤ ਵਿਚ ਸਰੀਰੀ ਪੱਖ ਜੱਗ-ਜ਼ਾਹਿਰ ਕਰ ਦਿੱਤੇ ਜਾਣ ਕਰਕੇ ਜੀਨੀ ਤੋਂ ਬਾਹਰਲੇ ਪਿਆਰ ਦੀ ਦੁਨੀਆਂ ਵੀ ਉਜੜ ਗਈ ਸੀ। ਉਨ੍ਹਾਂ ਦਿਨਾਂ ਵਿਚ ਉਹਨੂੰ ਮਿਲਿਆ ਪੁਰਾਣਾ ਦੋਸਤ ਗੁਰਚਰਨ ਰਾਮਪੁਰੀ ਦਸਦਾ ਹੈ ਕਿ ਉਹ ਭਾਵੁਕ ਤੇ ਮਾਇਕ ਦੋਵਾਂ ਪੱਖਾਂ ਤੋਂ ਦੀਵਾਲਾ ਹੋਇਆ ਪਿਆ ਸੀ, ਮਾਨਸਿਕ ਪੱਖੋਂ ਬੇਵਸੀ ਦਾ ਸ਼ਿਕਾਰ ਸੀ ਅਤੇ ਨਿਰਾਸ਼ਾ ਦੇ ਉਸ ਆਲਮ ਵਿਚ ਕੁਛ ਵੀ ਲਿਖਣੋ ਜਾਂ ਕਰਨੋ ਅਸਮਰੱਥ ਸੀ।
ਪੰਜਾਬੀ ਪੱਖੋਂ ਉਹ ਆਪਣੇ ਆਪ ਨੂੰ ਬੇਝਿਜਕ ਹੋ ਕੇ ‘ਅਨਪੜ੍ਹ’ ਆਖਦਾ ਸੀ ਜਿਸ ਨੇ ਮਾਲਵੇ ਦੀ ਪੇਂਡੂ ਬੋਲੀ ਇਸ ਲਈ ਵਰਤੀ ਕਿ ਉਸ ਨੂੰ ਹੋਰ ਕੋਈ ਬੋਲੀ ਨਹੀਂ ਸੀ ਆਉਂਦੀ। ਜਦੋਂ ਉਹਨੇ ਮੁੱਢਲੀਆਂ ਕਹਾਣੀਆਂ ਤੇ ਪਹਿਲੇ ਨਾਟਕ ‘ਲੋਹਾ ਕੁੱਟ’ ਦੀ ਰਚਨਾ ਕੀਤੀ, ਉਹਨੇ ਸਵਾਏ ਗੁਰਬਖ਼ਸ਼ ਸਿੰਘ ‘ਪ੍ਰੀਤਲੜੀ’ ਦੇ ਕਿਸੇ ਪੰਜਾਬੀ ਲੇਖਕ ਦਾ ਨਾਂ ਨਹੀਂ ਸੀ ਸੁਣਿਆ, ਪੰਜਾਬੀ ਦੀ ਕੋਈ ਕਿਤਾਬ ਨਹੀਂ ਸੀ ਪੜ੍ਹੀ ਅਤੇ ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਭਾਈ ਵੀਰ ਸਿੰਘ ਕੌਣ ਹੈ! ਇਸ ਭਾਸ਼ਾਈ ਸੱਚ ਸਾਹਮਣੇ ਜੇ ਉਹ ਅੰਗਰੇਜ਼ੀ ਵਿਚ ਲਿਖਣ ਲੱਗ ਪੈਂਦਾ, ਕੋਈ ਹੈਰਾਨੀ ਵਾਲੀ ਗੱਲ ਨਾ ਹੁੰਦੀ। ਪਰ ਉਸ ਸੂਰਤ ਵਿਚ ਪੰਜਾਬੀ ਆਪਣੀ ਭਰਪੂਰ ਸੰਭਾਵਨਾ ਤੇ ਅਲੋਕਾਰ ਸਮਰੱਥਾ ਦੇ ਕੇਹੇ ਪ੍ਰਕਾਸ਼ਕਾਰ ਤੋਂ ਵਿਰਵੀ ਰਹਿ ਗਈ ਹੁੰਦੀ ਅਤੇ ਪੰਜਾਬੀ ਨਾਟਕ ਹੁਣ ਨਾਲੋਂ ਕਿੰਨੇ ਪੈਰ ਪਿੱਛੇ ਰਹਿ ਗਿਆ ਹੁੰਦਾ? ਇਹ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ।
‘ਅਨਪੜ੍ਹ’ ਗਾਰਗੀ ਨੇ ਪੰਜਾਬੀ ਦੀ ਏਨੀ ਮੁਹਾਰਤ ਹਾਸਲ ਕਰ ਲਈ ਜਿੰਨੀ ਪੰਜਾਬੀ ‘ਪੜ੍ਹੇ-ਲਿਖੇ’ ਲੇਖਕਾਂ ਵਿਚੋਂ ਵੀ ਵਿਰਲਿਆਂ ਨੂੰ ਹੀ ਨਸੀਬ ਹੋਈ ਹੈ। ਉਹਦੀ ਮਘਦੀ-ਦਗਦੀ ਪੰਜਾਬੀ ਨਿੱਘ ਵੀ ਦਿੰਦੀ ਹੈ ਤੇ ਚਾਨਣ ਵੀ ਕਰਦੀ ਹੈ। ਮਾਂ ਨੇ ਨਿਹੰਗ ਸਿੰਘਾਂ ਦੇ ਡੇਰੇ ਗੁਰਮੁਖੀ ਸਿੱਖਣ ਭੇਜਿਆ ਸੀ। ਨਿਹੰਗ ਸਿੰਘ ਨੇ ਰੇਤੇ ਉਤੇ ਡਾਂਗ ਨਾਲ ‘A’ ਪਾ ਕੇ ਇਹਨੂੰ ਯਾਦ ਕਰਨ ਲਈ ਕਿਹਾ। ਭੁੰਜੇ ਬੈਠੇ ਗਾਰਗੀ ਨੇ ਸਿਰ ਚੁੱਕ ਕੇ ਲੰਮੇ-ਉਚੇ ਨਿਹੰਗ ਸਿੰਘ ਨੂੰ ਦੇਖਿਆ ਤਾਂ ਇਹਨੂੰ ਉਹਦੀ ਦਾੜ੍ਹੀ ਅਤੇ ਬਹੁਤ ਉਚਾ ਦੁਮਾਲਾ ਇਕ ਬਹੁਤ ਵੱਡਾ ‘A’ ਜਾਪਿਆ। ਅਗਲੇ ਪਾਠ ਵਜੋਂ ਨਿਹੰਗ ਸਿੰਘ ਨੇ ਇਹਦੀ ਉਂਗਲ ਫੜ ਕੇ ਰੇਤੇ ਉਤੇ ਚਲਾਈ ਅਤੇ ਏਕਾ ਤੇ ਊੜਾ ਇਕਓਂਕਾਰ ਪਾ ਕੇ ਆਖਿਆ, “ਸਾਰੇ ਅੱਖਰ ਇਸ ਵਿਚੋਂ ਹੀ ਨਿਕਲੇ ਹਨ। ਇਸ ਨੂੰ ਯਾਦ ਕਰ ਲੈ ਤੇ ਸਾਰਾ ਕੁਸ਼ ਯਾਦ ਹੋ ਜੂ। ਸਾਡੇ ਬਚਨ ਬਲਾਸ ਯਾਦ ਰੱਖੀਂ। ਗੁਰੂ ਭਲੀ ਕਰੂ।” ਗੁਰੂ ਨੇ ਸੱਚਮੁੱਚ ਭਲੀ ਕੀਤੀ। ਇਹ ਪਾਠਾਂ-ਸਿਰ-ਪਾਠ ਪੜ੍ਹਨ ਮਗਰੋਂ ਉਹਨੂੰ ਅੱਗੇ ਹੋਰ ਗੁਰਮੁਖੀ ਜਾਂ ਪੰਜਾਬੀ ਪੜ੍ਹਨ ਦੀ ਕੋਈ ਲੋੜ ਹੀ ਨਾ ਰਹੀ! ਉਹਨੇ ਅੰਤ ਤੱਕ ਨਿਹੰਗ ਸਿੰਘ ਦਾ ਇਹ ਪਾਠ ਕਦੇ ਨਾ ਭੁਲਾਇਆ ਤੇ ਇਸੇ ਸਦਕਾ ਪੰਜਾਬੀ ਲੇਖਕਾਂ ਵਿਚ ਇਨੇ ਉਚੇ ਮਰਾਤਬੇ ਤੱਕ ਪਹੁੰਚਿਆ।
ਬਠਿੰਡੇ ਦੇ ਇਲਾਕੇ ਦੇ ਕੱਕੇ ਰੇਤੇ ਨਾਲ ਖੇਡਦਿਆਂ ਬਚਪਨ ਵਿਚ ਹੋਇਆ ਪਿਆਰ ਗਾਰਗੀ ਨੇ ਅੰਤਲੇ ਸਾਹ ਤੱਕ ਨਿਭਾਇਆ। ਇਸੇ ਕੱਕੇ ਰੇਤੇ ਉਤੇ ਪਹਿਲਾਂ ਡਾਂਗ ਨਾਲ ‘A’ ਪਾ ਕੇ ਤੇ ਫੇਰ ਇਹਦੀ ਉਂਗਲ ਨਾਲ ‘ਏਕਾ ਊੜਾ ਇਕਓਂਕਾਰ’ ਪੁਆ ਕੇ ਨਿਹੰਗ ਸਿੰਘ ਨੇ ਇਹ ਪਿਆਰ-ਤੰਦਾਂ ਅਟੁੱਟ ਬਣਾ ਦਿੱਤੀਆਂ। ਇਸੇ ਮੋਹ ਸਦਕਾ ਹੀ ਤਾਂ ਉਹਨੇ ਆਪਣੇ ਪਹਿਲੇ ਨਾਵਲ ਦਾ ਨਾਂ ‘ਕੱਕਾ ਰੇਤਾ’ ਰੱਖਿਆ। ਭਾਵੇਂ ਉਹ ਦੁਨੀਆਂ ਦੇ ਕਿਸੇ ਕੋਨੇ ਵਿਚ ਹੁੰਦਾ ਤੇ ਭਾਵੇਂ ਉਹ ਕਿੰਨੇ ਸਾਲ ਬਠਿੰਡੇ ਦਾ ਗੇੜਾ ਨਾ ਮਾਰ ਸਕਦਾ, ਉਹਦੇ ਪੈਰ ਇਸੇ ਰੇਤੇ ਉਤੇ ਹੀ ਤੁਰਦੇ! ਵਾਸ਼ਿੰਗਟਨ, ਮਾਸਕੋ, ਪੈਰਿਸ ਤੇ ਲੰਡਨ ਦੀਆਂ ਸੜਕਾਂ ਉਤੇ ਘੁੰਮਦਿਆਂ ਉਹਨੂੰ ਪੈਰਾਂ ਹੇਠ ਇਹੋ ਰੇਤਾ ਵਿਛਿਆ ਮਹਿਸੂਸ ਹੁੰਦਾ! ਪੂਰਾ ਹੋਣ ਤੋਂ ਕੋਈ ਸਾਢੇ ਪੰਜ ਸਾਲ ਪਹਿਲਾਂ, 17 ਸਤੰਬਰ 1997 ਨੂੰ ਮੰਨੂ ਲਈ ਅੰਗਰੇਜ਼ੀ ਵਿਚ ਟਾਈਪ ਕੀਤੀਆਂ ਚਾਰ ਸਤਰਾਂ ਦੇ ਰੂਪ ਵਿਚ ਲਿਖੀ ‘ਵਸੀਅਤ’ ਅਨੁਸਾਰ ਉਹ ਆਪਣੀ ਅੰਤਿਮ ਠਾਹਰ ਇਸੇ ਕੱਕੇ ਰੇਤੇ ਨੂੰ ਥਾਪਦਾ ਹੈ, “ਮੇਰੀ ਮੌਤ ਮਗਰੋਂ ਕੋਈ ਰੋਣਾ-ਪਿੱਟਣਾ ਨਹੀਂ ਹੋਣਾ ਚਾਹੀਦਾ। ਉਸ ਮੌਕੇ ਸਕੇ-ਸਨੇਹੀ ਬੱਸ ਡਿਨਰ ਵਾਸਤੇ ਮਿਲ ਬੈਠਣ। ਮੇਰੀ ਰਾਖ ਮੇਰੀ ਜਨਮਭੂਮੀ ਬਠਿੰਡੇ ਦੀ ਸਰਹਿੰਦ ਨਹਿਰ ਵਿਚ ਪਾਈ ਜਾਵੇ, ਜਿਥੇ ਮੈਂ ਬਚਪਨ ਵਿਚ ਸੁਨਹਿਰੀ ਰੇਤੇ ਵਿਚ ਖੇਡਿਆ!”
ਨਿਹੰਗ ਦੇ ਡਾਂਗ ਨਾਲ ਰੇਤੇ ਉਤੇ ਪਾਏ ‘A’ ਤੱਕ ਗੁਰਮੁਖੀ ਪੜ੍ਹੇ ਗਾਰਗੀ ਦਾ ਬਠਿੰਡੇ ਦੇ ਇਲਾਕੇ ਵਾਲਾ ਸ਼ਬਦ-ਭੰਡਾਰ ਦੰਗ ਕਰ ਦਿੰਦਾ ਹੈ। ਬਹੁਤੇ ਲੋਕਾਂ ਨੂੰ ਇਹ ਪਤਾ ਨਹੀਂ ਕਿ ਗਾਰਗੀ ਏਨੀ ਖ਼ੂਬਸੂਰਤ ਪੰਜਾਬੀ ਗੁਰਮੁਖੀ ਵਿਚ ਨਹੀਂ, ਫਾਰਸੀ ਅੱਖਰਾਂ ਵਿਚ ਲਿਖਦਾ ਸੀ ਅਤੇ ਫੇਰ ਉਰਦੂ ਤੇ ਪੰਜਾਬੀ, ਦੋਵੇਂ ਭਾਸ਼ਾਵਾਂ ਪੜ੍ਹੇ ਆਪਣੇ ਕਿਸੇ ਚੇਲੇ-ਚਾਟੜੇ ਤੋਂ ਗੁਰਮੁਖੀ ਵਿਚ ਉਤਾਰਾ ਕਰਵਾ ਲੈਂਦਾ ਸੀ। ਉਹਦਾ ਜਨਮ ਅੱਗੇ ਆ ਕੇ ਮੇਰੇ ਸ਼ਹਿਰ ਰਾਮਪੁਰਾ ਫੂਲ ਕੋਲੋਂ ਦੀ ਹੁੰਦੀ ਹੋਈ ਗਾਰਗੀ ਦੇ ਸ਼ਹਿਰ ਬਠਿੰਡਾ ਕੋਲੋਂ ਦੀ ਲੰਘਦੀ ਸਰਹਿੰਦ ਨਹਿਰ ਦੇ ਕਿਨਾਰੇ ਪਿੰਡ ਸ਼ਹਿਣਾ ਵਿਚ ਹੋਇਆ, ਜਿਥੇ ਉਹਦਾ ਪਿਤਾ, ਸ਼ਿਵ ਚੰਦ ਗਰਗ ਸਿੰਜਾਈ ਵਿਭਾਗ ਵਿਚ ਤਾਰ-ਬਾਬੂ ਸੀ। ਚੌਥੀ ਜਮਾਤ ਤੱਕ ਉਹ ਪੜ੍ਹਿਆ ਵੀ ਉਥੇ ਹੀ। ਫੇਰ ਉਹ ਦਸਵੀਂ ਤੱਕ ਬਠਿੰਡੇ ਰਿਹਾ-ਪੜ੍ਹਿਆ। ਉਸ ਪਿਛੋਂ ਉਹ ਲਾਹੌਰ, ਦਿੱਲੀ ਜਾਂ ਪਰਦੇਸੀਂ ਰਿਹਾ। ਕੱਚੀ ਉਮਰ ਦੇ ਗਿਣਵੇਂ ਸਾਲਾਂ ਵਿਚ ਉਹ ਕੰਜੂਸ ਬਾਣੀਏ ਵਾਂਗ ਪੰਜਾਬੀ ਸ਼ਬਦਾਂ ਦੀ ਕਿੰਨੀ ਵੱਡੀ ਪੂੰਜੀ ਜੋੜ ਲਿਆਇਆ, ਉਹਨੂੰ ਪੜ੍ਹਿਆਂ ਹੀ ਜਾਣਿਆ ਜਾ ਸਕਦਾ ਹੈ।
ਮਾਂ, ਜੋ ਆਪ ਸਕੂਲੀ ਪੱਖੋਂ ਅਨਪੜ੍ਹ ਸੀ, ਪਰ ਜੀਹਨੂੰ ਏਨੀ ਪੰਜਾਬੀ ਆਉਂਦੀ ਸੀ ਕਿ ਗਾਰਗੀ ਬੋਲੀ ਦੀਆਂ ਬਰੀਕੀਆਂ ਤੇ ਘੁੰਡੀਆਂ ਉਹਤੋਂ ਸਿੱਖ ਸਕੇ, ਬਲਵੰਤ ਦੀ ਥਾਂ ਉਹਨੂੰ ਸਾਰੀ ਉਮਰ ਬਲੰਤ ਆਖ ਕੇ ਹੀ ਬੁਲਾਉਂਦੀ ਰਹੀ। ਜੇ ਉਹ ਹੋਰ ਜਿਉਂਦੀ ਰਹਿੰਦੀ ਅਤੇ ਦੇਖਦੀ ਕਿ ਉਹਦਾ ਪੁੱਤ ਉਹਤੋਂ ਪੰਜਾਬੀ ਸਿੱਖ ਕੇ ਚਲੋ-ਚਾਲ ਚਲਦਾ ਚਲਦਾ ਬੜੀ ਚਲਾਕੀ ਤੇ ਚਤੁਰਾਈ ਨਾਲ ਕਿਥੋਂ ਦਾ ਕਿਥੇ ਪਹੁੰਚ ਗਿਆ ਹੈ, ਸ਼ਾਇਦ, ਉਹ ਬਲੰਤ ਨੂੰ ਚਲੰਤ ਕਹਿਣ ਵਿਚ ਮਾਣ ਮਹਿਸੂਸ ਕਰਦੀ। ਨਾਲੇ ਭਾਸ਼ਾ ਤਾਂ ਪੁਰਾਣਾ ਪਾਣੀ ਨਿਕਲਦੇ ਰਹਿਣ ਤੇ ਨਵਾਂ ਪਾਣੀ ਪੈਂਦੇ ਰਹਿਣ ਵਾਲੇ ਸਰੋਵਰ ਸਮਾਨ ਹੁੰਦੀ ਹੈ। ਕਿਸੇ ਦੇ ਸ਼ਬਦ-ਭੰਡਾਰ ਵਿਚੋਂ ਉਹ ਸ਼ਬਦ ਕਿਰਦੇ ਰਹਿੰਦੇ ਹਨ ਜਿਨ੍ਹਾਂ ਨਾਲ ਉਹਦਾ ਲੰਮੇ ਸਮੇਂ ਤੋਂ ਵਾਹ-ਵਾਸਤਾ ਨਾ ਰਹਿ ਗਿਆ ਹੋਵੇ, ਜਿਹੜੇ ਉਹਦੀ ਨਿਤ-ਵਰਤੋਂ ਵਿਚ ਨਾ ਆਉਂਦੇ ਹੋਣ। ਪਰ ਗਾਰਗੀ ਇਸ ਭਾਸ਼ਾਈ ਸਿਧਾਂਤ ਦੇ ਘੇਰੇ ਵਿਚ ਨਹੀਂ ਸੀ ਆਉਂਦਾ।
ਬੋਲੀ ਦੇ ਇਸ ਸਿਧਾਂਤ ਦੀ ਇਕ ਵਧੀਆ ਮਿਸਾਲ ਚੇਤੇ ਆ ਗਈ। ਨਵਯੁਗ ਪ੍ਰੈਸ ਤੋਂ ਛਪਦੇ ਦੂਤਾਵਾਸੀ ਪੱਤਰ ‘ਸੋਵੀਅਤ ਦਰਪਨ’ ਨੂੰ ਮੈਂ ਸ਼ੁੱਕਰਵਾਰ ਨੂੰ ਛੇਕੜਲੀ ਨਜ਼ਰ ਦੇਖ ਕੇ ਛਪਣਾ ਦੇਣਾ ਹੁੰਦਾ ਸੀ। ਭਾਪਾ ਜੀ ਦਾ ਕਹਿਣਾ ਸੀ, “ਕਿਥੇ ਮੁੰਡਾ ਪਰੂਫ ਲੈ ਕੇ ਆਊ, ਯਾਰ ਤੂੰ ਇਧਰੇ ਆ ਜਾਇਆ ਕਰ। ਨਾਲੇ ਮੇਲ-ਮੁਲਾਕਾਤ ਹੋ ਜਾਂਦੀ ਹੈ।” ਮੈਨੂੰ ਵੀ ਉਥੇ ਕੋਈ ਨਾ ਕੋਈ ਲੇਖਕ ਮਿਲ ਪੈਣ ਦਾ ਲਾਲਚ ਹੁੰਦਾ। ਸਤਿਆਰਥੀ ਜੀ ਤਾਂ ਉਥੇ ਅਕਸਰ ਮਿਲਦੇ, ਪਰ ਉਨ੍ਹਾਂ ਨੂੰ ਮੇਰੇ ਦਫਤਰੀ ਕੰਮ ਆਉਂਦੇ ਹੋਣ ਦਾ ਅਜੇ ਪਤਾ ਨਹੀਂ ਸੀ। ਇਕ ਦਿਨ ਪੁੱਛਣ ਲੱਗੇ, “ਭੁੱਲਰ ਜੀ, ਬੜੇ ਗੇੜੇ ਮਾਰਦੇ ਹੋ, ਥੋਡੀ ਕੋਈ ਕਿਤਾਬ ਛਪ ਰਹੀ ਐ?” ਮੈਂ ਕਿਹਾ, “ਨਹੀਂ, ਸਤਿਆਰਥੀ ਜੀ, ਜੇ ਕੁਛ ਦਿਨ ਨਾ ਆਈਏ, ਇਥੇ ਕੰਮ ਕਰਦੇ ਮਿੱਤਰ-ਦੋਸਤ ਰਿਹਾੜ ਕਰਨ ਲੱਗ ਜਾਂਦੇ ਨੇ, ਜ਼ਰੂਰ ਆਓ, ਜ਼ਰੂਰ ਆਓ!” ਸਤਿਆਰਥੀ ਜੀ ਬੋਲੇ, “ਰਿਹਾੜ! ਰਿਹਾੜ! ਭੁੱਲਰ ਜੀ, ਮੁੱਦਤਾਂ ਹੋ ਗਈਆਂ ਇਹ ਆਪਣਾ ਸ਼ਬਦ ਰਿਹਾੜ ਸੁਣਿਆਂ-ਵਰਤਿਆਂ।” ਤੇ ਉਨ੍ਹਾਂ ਨੇ ਕੱਛੇ ਮਾਰੇ ਖਰੜੇ ਦੇ ਪਹਿਲੇ ਪੰਨੇ ਉਤੇ ਰਿਹਾੜ ਲਿਖ ਲਿਆ। ਅਜਿਹਾ ਜ਼ੋਰਾਵਰ ਹੈ ਬੋਲੀ ਦਾ ਉਪਰੋਕਤ ਦਸਤੂਰ ਕਿ ਇਹ ਸਤਿਆਰਥੀ ਜੀ ਵਰਗੇ ਲੋਕਧਾਰਾ ਦੇ ਮਹਾਂਗਿਆਨੀ ਉਤੇ ਵੀ ਬਰਾਬਰ ਲਾਗੂ ਹੁੰਦਾ ਸੀ।
ਇਸ ਸੂਰਤ ਵਿਚ 60-70 ਸਾਲ ਪਹਿਲਾਂ ਸੁਣੇ-ਬੋਲੇ ਸ਼ਬਦਾਂ ਨੂੰ ਸਹਿਜੇ ਹੀ ਵਰਤਦੇ ਰਹਿਣਾ ਗਾਰਗੀ ਦੀ ਹੀ ਕਰਾਮਾਤ ਹੋ ਸਕਦੀ ਹੈ। ਅਕਸਰ ਮਿੱਤਰ ਦਿੱਲੀ ਵਿਚ ਅੱਧੀ ਸਦੀ ਤੋਂ ਰਹਿੰਦੇ ਹੋਣ ਦੇ ਬਾਵਜੂਦ ਮੇਰੀ ਪੰਜਾਬੀ ਦੀ ਨਿਰਮਲਤਾ ਦੀ ਗੱਲ ਕਰਦੇ ਹਨ। ਪਰ ਸੱਚੀ ਗੱਲ ਹੈ, ਜਦੋਂ ਗਾਰਗੀ ਦੇ ਲਿਖੇ ਅਜਿਹੇ ਸ਼ਬਦ ਪੜ੍ਹਦਾ ਹਾਂ ਜੋ ਉਹਤੋਂ ਵੀਹ ਸਾਲ ਮਗਰੋਂ ਦਿੱਲੀ ਆ ਕੇ ਮੇਰੀ ਵਰਤੋਂ ਵਿਚੋਂ ਵੀ ਕਿਰ ਗਏ ਹਨ, ਮੈਂ ਕੱਚਾ ਜਿਹਾ ਹੋ ਜਾਂਦਾ ਹਾਂ। ਮੈਂ ਜਿਸ ਨੂੰ ਪਰਖਣਾ ਜਾਂ ਅਜਮਾਉਣਾ ਕਹਿਣ ਲੱਗ ਪਿਆ ਹਾਂ, ਉਹ ਪਰਤਿਆਉਣਾ ਲਿਖਦਾ ਹੈ। ਲੱਕੜ ਵਿਚ ਛੇਕ ਕਰਨ ਨੂੰ ਉਹ ਸੱਲ ਕੱਢਣਾ ਆਖਦਾ ਹੈ। ਉਹ ਵਸਤਰਾਂ ਨੂੰ ਭੋਛਣ, ਟੀਕੇ ਨੂੰ ਸੂਆ ਤੇ ਚੌਥਾ ਬੱਚਾ ਜੰਮਣ ਨੂੰ ਚੌਥਾ ਸੂਆ ਪੈਣਾ ਕਹਿੰਦਾ ਹੈ। ਇਕ ਪਾਠਕ ਦੇ ਸਵਾਲ “ਤੁਸੀਂ ਦਿੱਲੀ ਬੈਠੇ ਪਿੰਡਾਂ ਬਾਰੇ ਕਿਵੇਂ ਲਿਖਦੇ ਓਂ” ਦੇ ਜਵਾਬ ਵਿਚ ਉਹ ਕਹਿੰਦਾ ਹੈ, “ਪੰਜਾਬੀ ਖਾਣਾ, ਪੰਜਾਬੀ ਜੱਫੀਆਂ, ਪੰਜਾਬੀ ਗੀਤ। ਇਕ ਵਾਰ ਬੰਦਾ ਪਿੰਡ ਵਿਚ ਜੰਮਿਆ ਹੋਵੇ, ਫਿਰ ਭਾਵੇਂ ਉਸ ਨੂੰ ਜੇਲ੍ਹ ਭੇਜ ਦੇਵੋ ਭਾਵੇਂ ਅਮਰੀਕਾ, ਉਹ ਪੰਜਾਬੀ ਨਹੀਂ ਭੁੱਲ ਸਕਦਾ। ਪੰਜਾਬੀ ਸਾਡੇ ਬੁੱਲ੍ਹਾਂ ‘ਤੇ ਨਹੀਂ, ਹੱਡਾਂ ਵਿਚ ਹੈ।”
ਸ਼ਬਦਾਂ ਦਾ ਇਹ ਪਾਰਖੂ ਉਨ੍ਹਾਂ ਦੀ ਟੁਣਕਾਰ ਸੁਣ ਸਕਦਾ ਸੀ, ਉਨ੍ਹਾਂ ਨੂੰ ਰਗੜ ਕੇ ਚੰਗਿਆੜੇ ਕੱਢ ਸਕਦਾ ਸੀ ਅਤੇ ਉਨ੍ਹਾਂ ਦੀ ਸ਼ਕਤੀ ਨੂੰ ਮਹਿਸੂਸ ਕਰ ਵੀ ਸਕਦਾ ਸੀ ਤੇ ਕਰਵਾ ਵੀ ਸਕਦਾ ਸੀ। ਜਿਵੇਂ ਬਾਜ਼ੀਗਰ ਇਕ ਹਥੇਲੀ ਉਤੇ ਸਾਰੇ ਸਰੀਰ ਦਾ ਭਾਰ ਪਾ ਕੇ ਉਲਟੇ ਖੜ੍ਹੇ ਹੋ ਜਾਂਦੇ ਹਨ, ਉਹ ਇਕ ਸ਼ਬਦ ਉਤੇ ਸਾਰੀ ਕਹਾਣੀ ਖੜ੍ਹੀ ਕਰ ਸਕਦਾ ਸੀ। ‘ਕੜਾਕਾ ਸਿੰਘ’ ਕਹਾਣੀ ਪੂਰੀ ਦੀ ਪੂਰੀ ਸਿਰਫ ਇਕ ਸ਼ਬਦ ‘ਸ਼ਰਨ’ ਦੇ ਸਹਾਰੇ ਟਿਕੀ ਹੋਈ ਹੈ। ਪਿੰਡ ਦੇ ਖੇਤਾਂ ਵਿਚ ਸੁੱਤੀ ਛੱਡ ਕੇ ਭੱਜ ਗਏ ਡਰਾਕਲ ਆਸ਼ਕ ਨਾਲ ਉਧਲੀ ਰਤਨੀ ਘਰ-ਦਿਆਂ ਦੇ ਗੰਡਾਸਿਆਂ ਤੋਂ ਡਰਦੀ ਜਦੋਂ ਗੁਰਦੁਆਰੇ ਦੇ ਮਹੰਤ ਕੜਾਕਾ ਸਿੰਘ ਨਿਹੰਗ ਕੋਲ ਜਾ ਕੇ ਡੁਸਕਦੀ ਹੈ, ਉਹ ਕਰੋਧ ਵਿਚ ਆ ਕੇ ਗਜਦਾ ਹੈ, “ਤੁੜਵਾ ਆਈਂ ਅਂੈ ਮੋਰਚਾ?æææਚਾਲੇ ਪਾ ਏਥੋਂ, ਕੁੱਤੀ!æææਜਾ ਐਥੋਂ!” ਪਰ ਜਦੋਂ ਰਤਨੀ ਆਖਦੀ ਹੈ, “ਮੈਂ ਥੋਡੀ ਸ਼ਰਨ ਆਈ ਆਂ”, ‘ਅੜੇ ਸੋ ਝੜੇ, ਸ਼ਰਨ ਪਰੇ ਸੋ ਤਰੇ’ ਦੀ ਅਟੱਲ-ਅਡੋਲ ਪਰੰਪਰਾ ਦਾ ਵਾਰਿਸ ਨਿਹੰਗ ਕੜਾਕਾ ਸਿੰਘ ਇਕਦਮ ਬਦਲ ਜਾਂਦਾ ਹੈ। ਉਹ ਗੁਰੂ-ਘਰ ਦਾ ਸੱਚਾ ਸੇਵਕ ਹੋਣ ਦੇ ਬਾਵਜੂਦ ਇਕ ਮਨੁੱਖੀ ਜਾਨ ਬਚਾਉਣ ਵਾਸਤੇ ਝੂਠੀ ਕਹਾਣੀ ਘੜਨ-ਸੁਣਾਉਣ ਤੋਂ ਵੀ ਨਹੀਂ ਝਿਜਕਦਾ ਜਿਸ ਕਰਕੇ ਰਤਨੀ ਨੂੰ ਉਹਦੇ ਘਰ ਦੇ ਵੱਢਣ ਦੀ ਥਾਂ, ਇੱਜ਼ਤ-ਮਾਣ ਤੇ ਪਿਆਰ ਨਾਲ ਘਰ ਲੈ ਜਾਂਦੇ ਹਨ।
ਗਾਰਗੀ ਵਿਚ ਕਿਸੇ ਦੇ ਬੋਲਾਂ ਦੇ ਉਡਦੇ ਟਟਿਆਣੇ ਫੜਨ ਦੀ ਤੇ ਉਨ੍ਹਾਂ ਨੂੰ ਆਪਣੇ ਸ਼ਬਦਾਂ ਦੇ ਜਗਦੇ-ਬਲਦੇ ਦੀਵੇ ਬਣਾ ਕੇ ਪੇਸ਼ ਕਰਨ ਦੀ ਕਮਾਲ ਸਮਰੱਥਾ ਸੀ। ਮਿਸਾਲ ਵਜੋਂ, ਉਹ ਪੁਸਤਕ ‘ਨਿੰਮ ਦੇ ਪੱਤੇ’ ਵਿਚਲੇ ਲੇਖ ‘ਕਵਿਤਾ ਦੀ ਕੁਠਾਲੀ’ ਵਿਚ ਮੋਹਨ ਸਿੰਘ ਵੱਲੋਂ ਉਹਦੇ ਸਾਹਮਣੇ ਰਚੀਆਂ ਗਈਆਂ ਤਿੰਨ ਕਵਿਤਾਵਾਂ ਦੀ ਜੰਮਣ-ਕਿਰਿਆ ਦਾ ਜੋ ਵਰਣਨ ਕਰਦਾ ਹੈ, ਉਹ ਪੰਜਾਬੀ ਵਿਚ ਸਿਰਫ ਗਾਰਗੀ ਹੀ ਕਰ ਸਕਦਾ ਸੀ; ‘ਬਹੁਤ ਅਲੌਕਿਕ ਅਨੰਦ’ ਵਾਲੇ ਤਜਰਬੇ ਦੀ ਇਹ ਜਾਦੂਗਰੀ ਕਿਸੇ ਹੋਰ ਲੇਖਕ ਦੇ ਵੱਸ ਦੀ ਗੱਲ ਉਕਾ ਨੀ ਨਹੀਂ। ਇਸ ਲੇਖ ਵਿਚ ਉਹ ਲਿਖਦਾ ਹੈ, “ਜਦੋਂ ਤੀਵੀਂ ਬੱਚਾ ਜੰਮਦੀ ਹੈ ਤਾਂ ਉਹ ਰਤਾ ਕੁ ਉਹਲਾ ਚਾਹੁੰਦੀ ਹੈ। ਇਸੇ ਤਰ੍ਹਾਂ ਕਵੀ ਕਵਿਤਾ ਰਚਣ ਲਈ ਰਤਾ ਕੁ ਉਹਲਾ ਜ਼ਰੂਰ ਚਾਹੁੰਦਾ ਹੈ। ਕਿਸੇ ਦੇ ਸਾਹਮਣੇ ਕਵਿਤਾ ਰਚਣੀ ਬਹੁਤ ਔਖੀ ਗੱਲ ਹੈ। ਕੋਈ ਵੱਡਾ ਕਲਾਕਾਰ ਹੀæææਇਹ ਜਿਗਰਾ ਕਰ ਸਕਦਾ ਹੈ।æææਪੰਜਾਬੀ ਕਵੀਆਂ ਵਿਚੋਂ ਮੈਂ ਪ੍ਰੋਫੈਸਰ ਮੋਹਨ ਸਿੰਘ ਨੂੰ ਕਵਿਤਾ ਰਚਦੇ ਵੇਖਿਆ ਹੈ।” ਮੈਂ ਇਥੇ ਇਹ ਜੋੜਨਾ ਚਾਹਾਂਗਾ ਕਿ ਮੋਹਨ ਸਿੰਘ ਵਰਗੇ ਵੱਡੇ ਕਵੀ ਦੀਆਂ ਕਵਿਤਾ ਰਚਣ ਵੇਲੇ ਦੀਆਂ ਜੰਮਣ-ਪੀੜਾਂ ਤੇ ਉਸ ਵੇਲੇ ਦੀਆਂ “ਔਟਲੀਆਂ ਖ਼ਿਆਲ-ਤੰਦਾਂ, ਟੁੱਟੇ-ਭੱਜੇ ਸ਼ਬਦ-ਚਿਤਰ ਤੇ ਅਧੂਰੇ ਬੰਦ” ਆਪਣੇ ਸ਼ਬਦਾਂ ਵਿਚ ਬੰਨ੍ਹ ਵੀ ਕੋਈ ਗਾਰਗੀ ਵਰਗਾ ਵੱਡਾ ਕਲਮਕਾਰ ਹੀ ਹੋ ਸਕਦਾ ਸੀ!
ਨਾਟਕ ਖੇਡਣ ਦੀ ਅਮਲੀ ਸਿੱਖਿਆ ਉਹਨੇ ਕਾਂਗੜਾ ਵਾਦੀ ਵਿਚ ਵਸੀ ਨੋਰਾ ਰਿਚਰਡਜ਼ ਤੋਂ ਲਈ ਜੋ ਸਹੀ ਅਰਥਾਂ ਵਿਚ ਆਧੁਨਿਕ ਪੰਜਾਬੀ ਨਾਟਕ ਦੀ ਜਨਮਦਾਤੀ ਸੀ। 1876 ਵਿਚ ਆਇਰਲੈਂਡ ਵਿਚ ਜੰਮੀ ਤੇ ਪੱਛਮੀ ਨਾਟ-ਪਰੰਪਰਾ ਤੇ ਨਾਟ-ਕਲਾ ਦੀ ਗਿਆਤਾ ਨੋਰਾ 1911 ਵਿਚ ਪਤੀ ਪ੍ਰੋਫੈਸਰ ਆਈæ ਰਿਚਰਡਜ਼ ਨਾਲ ਲਾਹੌਰ ਪਹੁੰਚੀ, ਜੋ ਦਿਆਲ ਸਿੰਘ ਕਾਲਜ ਵਿਚ ਅੰਗਰੇਜ਼ੀ ਪੜ੍ਹਾਉਣ ਆਇਆ ਸੀ। ਗਾਰਗੀ ਲਿਖਦਾ ਹੈ, “ਨੋਰਾ ਨੇ ਨੌਜਵਾਨ ਵਿਦਿਆਰਥੀਆਂ ਨੂੰ ਕਾਲਜਾਂ ਵਿਚ ਅੰਗਰੇਜ਼ੀ ਨਾਟਕ ਕਰਦੇ ਦੇਖਿਆ ਤਾਂ ਉਸ ਨੂੰ ਦੁੱਖ ਹੋਇਆ। ਉਸ ਦਾ ਵਿਸ਼ਵਾਸ ਸੀ ਕਿ ਪੰਜਾਬੀ ਲੋਕਾਂ ਨੂੰ ਅੰਗਰੇਜ਼ੀ ਵਿਚ ਨਹੀਂ, ਪੰਜਾਬੀ ਵਿਚ ਨਾਟਕ ਲਿਖਣੇ ਤੇ ਖੇਡਣੇ ਚਾਹੀਦੇ ਹਨ।” ਉਹਨੇ ਅੰਗਰੇਜ਼ੀ ਦੇ ਬੋਲਬਾਲੇ ਦੇ ਮਾਹੌਲ ਦੇ ਐਨ ਵਿਚਕਾਰ “ਪੰਜਾਬੀ ਵਲਵਲੇ ਤੇ ਬੋਲੀ ਦੇ ਗੁਣਾਂ ਨੂੰ ਸਲਾਹਿਆ।” ਉਹਨੇ ਵਿਦਿਆਰਥੀਆਂ ਨੂੰ ਨਾਟਕ ਲਿਖਣ ਤੇ ਖੇਡਣ ਦੀ ਕਲਾ ਸਿਖਾਉਣੀ ਸ਼ੁਰੂ ਕਰ ਦਿੱਤੀ।
ਉਹਨੇ ਆਪਣੇ ਸ਼ਿਸ਼ਾਂ ਲਈ ਦੇਸੀ ਵਿਸ਼ਾ, ਬੋਲੀ ਤੇ ਮਾਹੌਲ ਲੈ ਕੇ ਇਕ ਗਿੰਨੀ ਇਨਾਮ ਨਾਲ ਮੌਲਿਕ ਨਾਟਕ ਲਿਖਣ ਦਾ ਮੁਕਾਬਲਾ ਰੱਖਿਆ। ਇਹ ਇਨਾਮ ਅੱਗੇ ਚੱਲ ਕੇ ਪੰਜਾਬੀ ਦੇ ਪ੍ਰਸਿੱਧ ਨਾਟਕਕਾਰ ਬਣੇ ਆਈæ ਸੀæ ਨੰਦਾ ਨੇ ‘ਦੁਲਹਨ’ ਲਿਖ ਕੇ ਹਾਸਲ ਕੀਤਾ। ਅਗਲੇ ਸਾਲ ਦੇ ਮੁਕਾਬਲੇ ਵਿਚ ਨੰਦਾ ਨੇ ‘ਬੇਬੇ ਰਾਮ ਭਜਨੀ’ ਲਿਖ ਕੇ ਦੂਜਾ ਇਨਾਮ ਹਾਸਲ ਕੀਤਾ। 1914 ਵਿਚ ਨੋਰਾ ਨੇ ‘ਦੁਲਹਨ’ ਆਪ ਨਿਰਦੇਸ਼ਨ ਦੇ ਕੇ ਖੇਡਿਆ ਅਤੇ ਆਧੁਨਿਕ ਪੰਜਾਬੀ ਨਾਟ-ਮੰਚ ਦੀ ਬੁਨਿਆਦ ਰੱਖੀ। 1920 ਵਿਚ ਚੁਤਾਲੀ ਸਾਲ ਦੀ ਉਮਰ ਵਿਚ ਵਿਧਵਾ ਹੋਈ ਨੋਰਾ ਨੇ ਕੁਛ ਸਮੇਂ ਦੀ ਇੰਗਲੈਂਡ ਫੇਰੀ ਮਗਰੋਂ ਕਾਂਗੜਾ ਵਾਦੀ ਦੇ ਪਿੰਡ ਅੰਦਰੇਟਾ ਵਿਚ 15 ਏਕੜ ਜ਼ਮੀਨ ਵਲਾਇਤ ਮੁੜਦੇ ਇਕ ਅੰਗਰੇਜ਼ ਤੋਂ ਖ਼ਰੀਦੀ ਅਤੇ ਉਸ ਵਿਚ ਛੱਪਰ ਦੀ ਛੱਤ ਵਾਲਾ ਕੱਚਾ ਘਰ, ਖੁੱਲ੍ਹਾ ਕੱਚਾ ਮੰਚ ਤੇ ਸ਼ਿਸ਼ਾਂ ਲਈ ਕੱਚੀਆਂ ਕੁੱਲੀਆਂ ਉਸਾਰ ਕੇ ਪੰਜਾਬੀ ਨਾਟਕ ਦੇ ਵਿਕਾਸ ਵਾਸਤੇ ਅਡੋਲ ਤਪੱਸਿਆ ਕਰਨ ਲੱਗ ਪਈ। ਉਹ ਪੇਂਡੂਆਂ ਵਿਚਕਾਰ ਪੇਂਡੂ ਬਣ ਕੇ ਖੱਦਰ ਪਾਉਂਦੀ ਤੇ ਮਿੱਟੀ ਦੇ ਭਾਂਡਿਆਂ ਵਿਚ ਪਕਾਉਂਦੀ-ਖਾਂਦੀ। 1911 ਤੋਂ 1971 ਤੱਕ ਦੇ ਸੱਠ ਸਾਲ ਪੰਜਾਬੀ ਨਾਟਕ ਦੇ ਲੇਖੇ ਲਾ ਕੇ ਇਹ ਮੰਚ-ਤਪੱਸਵੀ 3 ਮਾਰਚ 1971 ਨੂੰ ਪੂਰੀ ਹੋ ਗਈ। ਇਹ ਗੱਲ ਚੰਗੀ ਹੋਈ ਕਿ ਪੰਜਾਬੀ ਯੂਨੀਵਰਸਿਟੀ ਨੇ ਉਹਦੇ ਜਿਉਂਦੇ-ਜੀਅ 1970 ਵਿਚ ਡੀæ ਲਿਟæ ਦੀ ਡਿਗਰੀ ਭੇਟ ਕਰ ਕੇ ਉਸ ਦਾ ਸਨਮਾਨ ਕਰ ਦਿੱਤਾ।
ਇਉਂ ਆਧੁਨਿਕ ਪੰਜਾਬੀ ਨਾਟਕ ਦੇ ਇਤਿਹਾਸ ਵਿਚ ਨੰਦਾ ਨੂੰ ਮੋਢੀ ਨਾਟਕਕਾਰ, ‘ਦੁਲਹਨ’ ਨੂੰ ਮੋਢੀ ਨਾਟਕ ਅਤੇ ਨੋਰਾ ਨੂੰ ਮੋਢੀ ਨਿਰਮਾਤਾ-ਨਿਰਦੇਸ਼ਕ ਬਣਨ ਦਾ ਮਾਣ ਮਿਲਿਆ। ਗਾਰਗੀ ਨੋਰਾ ਨੂੰ ਗੁਰੂ ਮੰਨਦਾ ਸੀ ਅਤੇ ‘ਪੰਜਾਬੀ ਨਾਟਕ ਦੀ ਨਕੜਦਾਦੀ’ ਆਖਦਾ ਸੀ। ਉਹਨੇ ਦਾਦੀ-ਪੜਦਾਦੀ ਤੋਂ ਇਕ ਪੀੜ੍ਹੀ ਹੋਰ ਪਿੱਛੇ ਜਾ ਕੇ ਨੋਰਾ ਨੂੰ ਨਕੜਦਾਦੀ ਐਵੇਂ ਭਾਸ਼ਾਈ ਟੁਣਕਾਰ ਪੈਦਾ ਕਰਨ ਲਈ ਹੀ ਨਹੀਂ ਸੀ ਲਿਖ ਦਿੱਤਾ, ਉਹ ਸੀ ਹੀ ਪੰਜਾਬੀ ਨਾਟਕ ਦੀ ਨਕੜਦਾਦੀ। ਉਹਦੇ ਸ਼ਿਸ਼ਾਂ ਵਿਚੋਂ ਇਕ ਪ੍ਰੋਫੈਸਰ ਜੈ ਦਿਆਲ ਸੀ ਤੇ ਅੱਗੇ ਉਹਦਾ ਸ਼ਿਸ਼ ਪ੍ਰਿਥਵੀ ਰਾਜ ਕਪੂਰ ਨੋਰਾ ਦਾ ਪੋਤਰਾ-ਸ਼ਿਸ਼ ਹੋਇਆ। ਪ੍ਰਿਥਵੀ ਰਾਜ ਕਪੂਰ ਦੇ ਪੁੱਤਰ ਰਾਜ ਕਪੂਰ ਵਾਂਗ ਅਗਲੀ ਪੀੜ੍ਹੀ ਵਿਚੋਂ ਪੋਤਰਾ ਰਣਧੀਰ ਕਪੂਰ ਵੀ ਪ੍ਰਿਥਵੀ ਥੀਏਟਰ ਦਾ ਅੰਗ ਬਣਿਆ। ਨੋਰਾ ਇਉਂ ਗਾਰਗੀ ਦੇ ਇਹ ਲੇਖ ਲਿਖਣ ਦੇ ਜ਼ਮਾਨੇ ਦੀ ਨਾਟ-ਐਕਟਰਾਂ ਦੀ ਪੀੜ੍ਹੀ ਦੇ ਰਣਧੀਰ ਕਪੂਰ ਦੇ ਦਾਦੇ ਦੀ ਦਾਦੀ, ਭਾਵ ਨਕੜਦਾਦੀ ਹੀ ਤਾਂ ਹੋਈ!
ਗਾਰਗੀ ਮੰਚ, ਬੋਲੀ ਤੇ ਫਾਟ ਦੇ ਪੱਖੋਂ ਸਫਲ ਨਾਟਕਾਂ ਦਾ ਲੇਖਕ ਅਤੇ ਹੁਨਰਮੰਦ ਨਿਰਦੇਸ਼ਕ ਸੀ। ਨਾਟਕ ਦੇ ਪਿੜ ਵਿਚ ਉਹਨੇ ਘਾਲਨਾ ਵੀ ਬਹੁਤ ਘਾਲੀ। ਉਹਨੇ ਆਪਣੇ ਵਿਸ਼ਿਆਂ ਵਾਸਤੇ ਵਿਸ਼ਾਲ ਖੇਤਰ ਚੁਣਿਆ ਜਿਸ ਵਿਚ ਸਮਕਾਲੀ ਸਮਾਜ ਦੇ ਨਾਲ ਨਾਲ ਲੋਕਧਾਰਾ, ਇਤਿਹਾਸ ਤੇ ਮਿਥਿਹਾਸ ਵੀ ਸ਼ਾਮਲ ਸਨ। ਆਪਣੇ ਨਾਟਕਾਂ ਵਿਚ ਸਮਾਜਕ ਯਥਾਰਥ ਤੋਂ ਇਤਿਹਾਸ-ਮਿਥਿਹਾਸ ਵੱਲ ਜਾਣ ਦਾ ਕਾਰਨ ਉਹਦਾ ਹੌਲੀ ਹੌਲੀ ਇਸ ਸਿੱਟੇ ਉਤੇ ਪੁੱਜਣਾ ਸੀ ਕਿ ਨਾਟਕ ਦੀ ਸੌਖੀ ਸਫਤਾ ਲਈ ਕਾਮ ਨਾਲ ਹਿੰਸਾ ਤੇ ਮ੍ਰਿਤੂ ਦੇ ਮੇਲ ਦੀ ਪੱਛਮੀ ਜੁਗਤ ਬੜੀ ਕੰਮ ਦੀ ਚੀਜ਼ ਹੈ। ਇਤਿਹਾਸ-ਮਿਥਿਹਾਸ ਵਿਚੋਂ ਇਨ੍ਹਾਂ ਤਿੰਨਾਂ ਨੂੰ ਸਮੋਣ ਵਾਲੇ ਵਿਸ਼ੇ ਸੌਖਿਆਂ ਹੀ ਮਿਲ ਜਾਂਦੇ ਹਨ। ‘ਸੁਲਤਾਨ ਰਜ਼ੀਆ’, ‘ਸੌਕਣ’, ‘ਅਭਿਸਾਰਕਾ’, ਆਦਿ ਨਾਟਕ ਉਹਦੀ ਇਸੇ ਸੋਚ ਦੀ ਉਪਜ ਸਨ। ਨਾਟਕਾਂ ਦੇ ਰੂਪ ਅਤੇ ਮੰਚ ਦੀ ਤਕਨੀਕ ਲਈ ਉਹਦਾ ਆਧਾਰ ਇਕ ਪਾਸੇ ਬੜੀ ਨਿੱਗਰ ਪਰੰਪਰਾ ਵਾਲਾ ਸੰਸਕ੍ਰਿਤ ਨਾਟ-ਸੰਸਾਰ ਸੀ ਅਤੇ ਦੂਜੇ ਪਾਸੇ ਸੰਸਾਰ-ਪ੍ਰਸਿੱਧ ਆਧੁਨਿਕ ਨਾਟਕਕਾਰਾਂ ਦੇ ਮੰਚ-ਤਜਰਬੇ ਸਨ।
ਆਪਣੇ ਨਾਟਕੀ ਆਧਾਰ, ਉਸਾਰ ਤੇ ਅਨੁਭਵ ਨੂੰ ਲੈ ਕੇ ਉਹਨੇ ਦੋ ਪੁਸਤਕਾਂ ‘ਰੰਗ ਮੰਚ’ ਤੇ ‘ਲੋਕ ਨਾਟਕ’ ਲਿਖੀਆਂ। ‘ਰੰਗ ਮੰਚ’ ਸਦਕਾ ਉਹਨੂੰ 1962 ਵਿਚ ਸਾਹਿਤ ਅਕਾਦਮੀ ਨੇ ਪੁਰਸਕਾਰਿਆ। ‘ਸੰਗੀਤ ਨਾਟਕ ਅਕਾਦਮੀ’ ਨੇ ਵੀ ਉਹਨੂੰ ਨਾਟ-ਕਲਾ ਦੇ ਨਿਰਦੇਸ਼ਨ ਜਿਹੇ ਕਿਸੇ ਹੋਰ ਪੱਖ ਦੀ ਥਾਂ 1998 ਵਿਚ ਨਾਟ-ਲੇਖਕ ਵਜੋਂ ਹੀ ਸਨਮਾਨਿਆ। ਨਾਟ-ਲੇਖਕ ਵਜੋਂ ਤਾਂ ਗੁਰਸ਼ਰਨ ਸਿੰਘ ਸੰਗੀਤ ਨਾਟਕ ਅਕਾਦਮੀ ਦਾ ਪੁਰਸਕਾਰ ਉਹਤੋਂ ਪਹਿਲਾਂ, 1993 ਵਿਚ ਹੀ ਪ੍ਰਾਪਤ ਕਰ ਚੁੱਕਿਆ ਸੀ, ਪਰ ਉਹਨੂੰ ਸਾਹਿਤ ਅਕਾਦਮੀ ਪੁਰਸਕਾਰ ਨਹੀਂ ਸੀ ਮਿਲ ਸਕਿਆ। ਗਾਰਗੀ ਤੋਂ ਬਿਨਾਂ ਪੰਜਾਬੀ ਦੇ ਅਜਿਹੇ ਸਿਰਫ ਦੋ ਹੋਰ ਨਾਟਕਕਾਰ ਅਜਮੇਰ ਸਿੰਘ ਔਲਖ ਤੇ ਆਤਮਜੀਤ ਹਨ ਜਿਨ੍ਹਾਂ ਨੂੰ ਨਾਟ-ਲੇਖਕਾਂ ਵਜੋਂ 2006 ਤੇ 2009 ਵਿਚ ਸਾਹਿਤ ਅਕਾਦਮੀ ਪੁਰਸਕਾਰ ਅਤੇ ਨਾਟ-ਲੇਖਕਾਂ ਵਜੋਂ ਹੀ 2005 ਤੇ 2010 ਵਿਚ ਸੰਗੀਤ ਨਾਟਕ ਅਕਾਦਮੀ ਪੁਰਸਕਾਰ ਮਿਲੇ ਹਨ। ਗਾਰਗੀ ਨੂੰ 1972 ਵਿਚ ਪਦਮਸ਼੍ਰੀ ਸਨਮਾਨ ਵੀ ਭੇਟ ਕੀਤਾ ਗਿਆ। ਉਹਦੀ ਕਲਾ ਨੂੰ ਅਨੇਕ ਦੇਸੀ-ਪਰਦੇਸੀ ਮਾਣ-ਸਨਮਾਨ ਮਿਲੇ।
ਇਹ ਸਿਹਰਾ ਇਕੱਲੇ ਗਾਰਗੀ ਦੇ ਸਿਰ ਬਝਦਾ ਹੈ ਕਿ ਉਹਨੇ ਪੰਜਾਬੀ ਨਾਟਕ ਨੂੰ ਸਹੀ ਅਰਥਾਂ ਵਿਚ ਕੌਮਾਂਤਰੀ ਪਛਾਣ ਦੁਆਈ। ਅਜੋਕੇ ਸਵੈਪ੍ਰਸੰæਸਕ ਦੌਰ ਵਿਚ ਅੰਗਰੇਜ਼ੀ ਅਨੁਵਾਦ ਹੋ ਕੇ ਛਪੀ ਇਕ ਕਿਤਾਬ ਦਾ ਲੇਖਕ ਆਪਣੇ ਆਪ ਨੂੰ ‘ਕੌਮਾਂਤਰੀ ਪ੍ਰਸਿੱਧੀ ਵਾਲਾ ਲੇਖਕ’ ਕਹਿਣ-ਕਹਾਉਣ ਲੱਗ ਪੈਂਦਾ ਹੈ, ਕਿਤਾਬ ਉਹਦੀ ਭਾਵੇਂ ਪਟਿਆਲੇ-ਚੰਡੀਗੜ੍ਹ ਦੀਆਂ ਹੱਦਾਂ ਨਾ ਲੰਘ ਸਕੀ ਹੋਵੇ। ਇਹ ਗਾਰਗੀ ਦੇ ਨਾਟਕ ਹੀ ਸਨ ਜੋ ਕਈ ਭਾਸ਼ਾਵਾਂ ਵਿਚ ਅਨੁਵਾਦੇ ਗਏ ਅਤੇ ਦੇਸ ਦੇ ਅਨੇਕ ਸ਼ਹਿਰਾਂ ਤੋਂ ਇਲਾਵਾ ਅਮਰੀਕਾ, ਇੰਗਲੈਂਡ, ਰੂਸ, ਜਰਮਨੀ, ਪੋਲੈਂਡ, ਆਦਿ ਦੇਸ਼ਾਂ ਵਿਚ ਵੀ ਖੇਡੇ ਤੇ ਸਲਾਹੇ ਗਏ। ਉਹ ਨਾਟਕਕਾਰ ਹੀ ਨਹੀਂ ਸੀ, ਨਾਟਕ ਦਾ ਚਿੰਤਕ ਤੇ ਸਿਧਾਂਤਕਾਰ ਵੀ ਸੀ। ਉਹਨੇ 1966-67 ਵਿਚ ਯੂਨੀਵਰਸਿਟੀ ਆਫ ਵਾਸ਼ਿੰਗਟਨ ਵਿਚ ਨਾਟਕ ਪੜ੍ਹਾਇਆ। ਇਥੇ ਹੀ ਉਹਨੂੰ ਭਵਿੱਖੀ ਪਤਨੀ ਜੀਨੀ ਮਿਲੀ। ਉਹਨੇ ਕੋਈ ਇਕ ਦਰਜਨ ਪੱਛਮੀ ਯੂਨੀਵਰਸਿਟੀਆਂ ਤੇ ਕਾਲਜਾਂ ਵਿਚ ਸਾਡੇ ਨਾਟਕ, ਨਾਟ-ਚਿੰਤਨ ਤੇ ਨਾਟ-ਸ਼ਾਸਤਰ ਬਾਰੇ ਭਾਸ਼ਨ ਦੇ ਕੇ ਪੰਜਾਬੀ ਨਾਟਕ ਦਾ ਪਰਚਮ ਝੁਲਾਇਆ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਚ ਉਹਨੇ ਥੀਏਟਰ ਵਿਭਾਗ ਦਾ ਮੁੱਢ ਬੰਨ੍ਹਿਆ ਅਤੇ ਬਾਨੀ ਨਿਰਦੇਸ਼ਕ ਵਜੋਂ ਕੰਮ ਕੀਤਾ। ਉਹਦੇ ਪੜ੍ਹਾਏ-ਸਿਖਾਏ ਹੋਏ ਅਨੂਪਮ ਤੇ ਕਿਰਨ ਦੀ ਖੇਰ ਜੋੜੀ, ਪੂਨਮ ਢਿੱਲੋਂ, ਸਤੀਸ਼ ਕੌਸ਼ਿਕ, ਅਮਰੀਕ ਗਿੱਲ ਜਿਹੇ ਕਈ ਸ਼ਿਸ਼ਾਂ ਨੇ ਮੰਚ ਅਤੇ ਫਿਲਮਾਂ ਦੀ ਦੁਨੀਆਂ ਵਿਚ ਚੰਗਾ ਨਾਮਣਾ ਖੱਟਿਆ ਹੈ।
(ਅਗਲੇ ਅੰਕ ਵਿਚ ਗਾਰਗੀ-3)

Be the first to comment

Leave a Reply

Your email address will not be published.