ਮਾਯੂਸੀ ਦਾ ਮਹਾਤਮ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਉਦਾਸੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਦੱਸਿਆ ਸੀ ਕਿ ਸਾਡੀ ਖੁਸ਼ੀ ਸਾਡੇ ਤੋਂ ਬੇਮੁੱਖ ਨਾ ਹੋਵੇ। ਉਨ੍ਹਾਂ ਕਿਹਾ ਸੀ, “ਉਦਾਸ ਜਰੂਰ ਹੋਵੋ, ਪਰ ਕਦੇ ਵੀ ਨਿਰਾਸ਼ ਜਾਂ ਹਤਾਸ਼ ਨਾ ਹੋਵੋ, ਕਿਉਂਕਿ ਨਿਰਾਸ਼ਾ ਵਿਚੋਂ ਹੀ ਜ਼ਿੰਦਗੀ ਪ੍ਰਤੀ ਉਪਰਾਮਤਾ ਪੈਦਾ ਹੁੰਦੀ।

ਹਤਾਸ਼ ਲੋਕ ਤਾਂ ਆਪਣੀ ਕਬਰ ਪੁੱਟਣ ਵਿਚ ਹੀ ਸਦਾ ਮਸ਼ਰੂਫ ਹੁੰਦੇ।…ਜਦ ਬੰਦਾ ਖੁਦ ਸੰਗ ਸੰਵਾਦ ਰਚਾਉਂਦਾ, ਉਦਾਸੀ ਨੂੰ ਅੰਤਰੀਵ ਵਿਚ ਵਸਾਉਂਦਾ ਅਤੇ ਇਸ ਵਿਚੋਂ ਚਾਨਣ ਕਾਤਰਾਂ ਤਲਾਸ਼ਦਾ, ਇਨ੍ਹਾਂ ਨੂੰ ਮਾਰਗ-ਦਰਸ਼ਨਾ ਬਣਾਉਂਦਾ ਤਾਂ ਉਦਾਸੀ ਇਕ ਰਹਿਮਤ ਦੀ ਨਿਆਈਂ ਹੁੰਦੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਛੋਟੇ ਜਿਹੇ ਕਾਵਿ ਬੰਦ ਵਿਚ ਵੱਡਾ ਸੁਨੇਹਾ ਦਿੱਤਾ ਹੈ, “ਮਨਾਂ ਮਾਯੂਸ ਨਾ ਹੋਵੀਂ, ਮਾਯੂਸੀ ਨਿਘਲ ਜਾਂਦੀ ਆ।” ਉਨ੍ਹਾਂ ਦਾ ਕਹਿਣਾ ਹੈ, “ਮਾਯੂਸੀ ਕਾਰਨ ਮੌਤ ਨੂੰ ਅਪਨਾਉਣ ਵਾਲੇ ਲੋਕ ਡਰਪੋਕ ਅਤੇ ਸੁਪਨਹੀਣ। ਉਹ ਮਨੁੱਖੀ ਜੀਵਨ ਦੀਆਂ ਕੁੜੱਤਣਾਂ, ਔਕੜਾਂ ਅਤੇ ਮੁਸ਼ਕਿਲਾਂ ਨਾਲ ਆਢਾ ਲਾਉਣ ਦੀ ਥਾਂ ਜੀਵਨ ਲੀਲਾ ਦੀ ਸਮਾਪਤੀ ਨੂੰ ਹੱਲ ਮੰਨਦੇ। ਖੁਦਕੁਸ਼ੀ ਦਰਅਸਲ ਮਾਨਸਿਕਤਾ ਵਿਚ ਅਸੁਰੱਖਿਆ ਦੀ ਭਾਵਨਾ ਹੁੰਦੀ, ਜੋ ਹੀਣ-ਭਾਵਨਾ ਬਣ ਕੇ, ਡਰਾਕਲ ਅਤੇ ਸਹਿਮੀ ਸ਼ਖਸੀਅਤ ਬਣਦੀ।” ਡਾ. ਭੰਡਾਲ ਨੇ ਨਸੀਹਤ ਕੀਤੀ ਹੈ ਕਿ ਮਾਯੂਸ ਹੋਣ ਦੀ ਥਾਂ ਕਦੇ ਪ੍ਰਾਪਤ ਨਿਆਮਤਾਂ ਪ੍ਰਤੀ ਸ਼ੁਕਰਾਨਾ ਕਰਨਾ, ਮਾਯੂਸੀ ਖੁਦ ਹੀ ਕਾਫੂਰ ਹੋ ਜਾਵੇਗੀ।…ਮਾਯੂਸੀ ਤੋਂ ਮਜਬੂਤੀ ਦੇ ਰਾਹੀ ਬਣੋ, ਜੀਵਨ-ਤੋਰ ਦੀ ਡਗਮਗਾਹਟ ਖਤਮ ਹੋ ਜਾਵੇਗੀ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ
ਮਾਯੂਸੀ, ਮਨ ਦੀ ਮੌਲਤਾ ਵਿਚ ਪਿਲੱਤਣ ਦੀ ਪਰਤ, ਚਾਅਵਾਂ ਦੀ ਚਹਿਕਣੀ ਨੂੰ ਚੁੱਪ ਰਹਿਣ ਦਾ ਆਦੇਸ਼, ਚਿੰਤਾਵਾਂ ਦਾ ਚਿੱਤ ਦੇ ਚਿੱਤਰਪੱਟ ‘ਤੇ ਫੈਲਣਾ ਅਤੇ ਆਪਣੇ ਆਪ ਨੂੰ ਕੋਸਣਾ ਤੇ ਕੋਹਣਾ।
ਮਾਯੂਸੀ, ਮਨ ਦੀਆਂ ਮਹੀਨ ਪਰਤਾਂ ਵਿਚ ਪਸਰ ਕੇ, ਮਨੁੱਖੀ ਮਾਨਸਿਕਤਾ ਨੂੰ ਪ੍ਰਭਾਵਤ ਕਰਦੀ। ਇਸ ਨਾਲ ਸਰੀਰਕ ਤੇ ਊਰਜਿਕ ਵਿਕਾਸ ਵਿਚ ਰੁਕਾਵਟ, ਉਤਸ਼ਾਹ ਨੂੰ ਉਪਰਾਮਤਾ ਘੇਰਦੀ ਅਤੇ ਬੰਦਾ ਆਪਣੀ ਗੁੰਮਸ਼ੁਦਗੀ ਨੂੰ ਹੰਢਾਉਣ ਲਈ ਮਜਬੂਰ ਹੁੰਦਾ।
ਮਾਯੂਸੀ ਕਦੇ ਵੀ, ਕਿਸੇ ਵੀ ਹਾਲਾਤ, ਸਥਾਨ, ਸੋਚ ਅਤੇ ਸਰੋਕਾਰਾਂ ਵਿਚ ਉਤਪਨ ਹੁੰਦੀ, ਜਿਹੜੇ ਕਈ ਵਾਰ ਸਾਡੇ ਵਿੱਤੋਂ ਬਾਹਰੇ ਹੁੰਦੇ ਜਾਂ ਜਿਨ੍ਹਾਂ ਨੂੰ ਅਸੀਂ ਆਪਣੀ ਮਰਜ਼ੀ ਅਨੁਸਾਰ ਨਹੀਂ ਵਿਉਂਤ ਸਕਦੇ।
ਮਾਯੂਸੀ, ਬੱਚੇ ਦਾ ਮਾਂ ਕੋਲੋਂ ਵਿਛੜਨਾ, ਪ੍ਰੇਮੀ ਦਾ ਪ੍ਰੇਮਿਕਾ ਤੋਂ ਵਿਛੜ ਜਾਣਾ, ਮਾਪਿਆਂ ਦਾ ਔਲਾਦ ਤੋਂ ਵਿਛੋੜਾ ਜਾਂ ਬਜੁਰਗੀ ਦੀ ਮਹਰੂਮੀਅਤ ਨੂੰ ਹੰਢਾਉਣ ਦਾ ਵੀ ਨਾਮ ਹੁੰਦਾ।
ਮਾਯੂਸੀ ਕਈ ਵਾਰ ਖੁਸ਼ੀ ਦੇ ਮੌਕੇ ‘ਤੇ ਅਚਨਚੇਤੀ ਦਸਤਕ ਦਿੰਦੀ, ਜਦ ਸਦਾ ਲਈ ਵਿਦਾ ਹੋ ਚੁੱਕੇ ਪਿਆਰੇ ਯਾਦ ਆਉਂਦੇ, ਜਿਨ੍ਹਾਂ ਦੀ ਮੌਜੂਦਗੀ ਵਿਚ ਖੁਸ਼ੀਆਂ ਨੇ ਦੂਣ-ਸਵਾਇਆ ਹੋਣਾ ਹੁੰਦਾ ਅਤੇ ਖੇੜਿਆਂ ਦੇ ਮੁਖੜੇ ‘ਤੇ ਤਾਰਿਆਂ ਦੀ ਚਾਨਣੀ ਨੇ ਫੈਲਣਾ ਹੁੰਦਾ।
ਮਾਯੂਸੀ, ਮੁਹੱਬਤ ਦਾ ਬਹੁਤ ਹੀ ਸੂਖਮ ਰੂਪ, ਕਿਉਂਕਿ ਮਾਯੂਸ ਵੀ ਅਸੀਂ ਉਸ ਲਈ ਹੀ ਹੁੰਦੇ, ਜੋ ਸਾਨੂੰ ਸਭ ਤੋਂ ਪਿਆਰੇ ਹੁੰਦੇ। ਭਾਵੇਂ ਇਹ ਕੋਈ ਵਿਅਕਤੀ, ਵਸਤ, ਵਰਤਾਰਾ ਜਾਂ ਵਿਯੋਗ ਹੋਵੇ। ਬਿਗਾਨਿਆਂ ਲਈ ਕੌਣ ਮਾਯੂਸੀ ਦਾ ਸਾਥ ਭਾਲਦਾ?
ਮਾਯੂਸੀ ਕਦੇ ਪੇਤਲੀ, ਮਾਂਗਵੀਂ ਜਾਂ ਮਖੌਟਾ ਨਹੀਂ ਹੁੰਦੀ। ਜੇ ਇਹ ਰੂਹ ਵਿਚ ਉਤਰਦੀ ਤਾਂ ਬਹੁਤ ਸੂਖਮ ਅਤੇ ਸੁੱਚੀਆਂ ਤੰਦਾਂ ਵਿਚੋਂ ਜੀਵਨ ਦਾ ਸੁੱਚਮ ਤੇ ਉਚਮ ਜ਼ਿੰਦਗੀ ਨੂੰ ਹੋਰ ਰੁਸ਼ਨਾਉਂਦਾ।
ਕਈ ਵਾਰ ਅਸੀਂ ਕਿਸੇ ਨੂੰ ਦਿਖਾਉਣ ਲਈ ਮਾਯੂਸ ਅਤੇ ਉਦਾਸੀ ਵਿਚ ਉਤਰਦੇ, ਜਿਸ ਦੇ ਕੋਈ ਅਰਥ ਨਹੀਂ। ਮਾਯੂਸੀ ਜਦ ਮਖੌਟਾ ਹੁੰਦੀ ਤਾਂ ਇਸ ਦੀ ਅਸਲੀਅਤ ਜੱਗ-ਜਾਹਰ ਹੋਣ ‘ਤੇ ਇਕ ਨਮੋਸ਼ੀ ਹੁੰਦੀ।
ਮਾਯੂਸੀ ਤਾਂ ਉਹ ਹੁੰਦੀ, ਜੋ ਤੁਸੀਂ ਖੁਦ ਮਾਣਦੇ ਹੋ। ਇਸ ਦੇ ਵਿਚ ਉਤਰਦੇ ਹੋ, ਇਸ ਦੀਆਂ ਲਹਿਰਾਂ ਸੰਗ ਤਰਦੇ ਹੋ। ਇਸ ਨਾਲ ਸੰਵਾਦ ਰਚਾਉਂਦੇ ਹੋ। ਇਸ ਦੀ ਥਾਹ ਪਾਉਂਦੇ ਤੇ ਇਸ ਨੂੰ ਹਮਸਫਰ ਬਣਾਉਂਦੇ ਹੋ। ਇਸ ਦੀ ਸਾਰਥਿਕਤਾ ਨੂੰ ਨਵੀਂਆਂ ਪੇਸ਼ਕਦਮੀਆਂ ਬਣਾਉਂਦੇ ਹੋ।
ਮਾਯੂਸੀ, ਜਦ ਕਿਸੇ ਦਰਸ਼ਕ ਨੂੰ ਕੋਈ ਦਰਦਵੰਤਾ ਸੀਨ ਦੇਖਦਿਆਂ ਘੇਰੇ। ਲਿਖਤ ਪੜ੍ਹਦਿਆਂ ਪਾਠਕ ਦੀ ਅੱਖ ਨਮ ਹੋ ਜਾਵੇ। ਲਿਖਤ ਵਿਚ ਸਿੰਮਦੇ ਅੱਥਰੂਆਂ ਦੇ ਸਨਮੁੱਖ ਹੋਵੋ। ਕਿਸੇ ਟੁੱਕ ਮੰਗਦੇ ਅਨਾਥ ਬੱਚੇ ਦੀ ਨੈਣਾਂ ਵਿਚ ਉਤਰੀ ਉਪਰਾਮਤਾ ਨੂੰ ਜਦ ਕੋਈ ਰਾਹੀ ਆਪਣੇ ਅੰਦਰ ਉਤਾਰੇ ਤਾਂ ਇਹ ਮਾਯੂਸੀ ਨੇਕ ਕਾਰਜਾਂ ਵੱਲ ਕਦਮ ਵਧਾਵੇ। ਕਿਸੇ ਦੇ ਹੰਝੂ ਵਿਚ ਹੰਝੂ ਹੰਝੂ ਹੋ ਜਾਣ ਵਾਲੀ ਮਾਯੂਸੀ ਨੂੰ ਨਤਮਸਤਕ ਹੋਣ ਨੂੰ ਜੀਅ ਕਰਦਾ, ਕਿਉਂਕਿ ਮਾਯੂਸੀ ਤੋਂ ਅੱਖਾਂ ਦੀ ਸਿੱਲ ਤੀਕ ਦਾ ਫਾਸਲਾ ਬਹੁਤ ਘੱਟ ਲੋਕ ਕਰਦੇ। ਜਿਹੜੇ ਲੋਕ ਕਰਦੇ, ਉਹ ਇਨਸਾਨੀਅਤ ਦੇ ਰਹਿਬਰ ਹੁੰਦੇ।
ਮਾਯੂਸੀ ਵਿਚ ਕਈ ਵਾਰ ਖੁਸ਼ੀ ਅਤੇ ਆਸ ਦਾ ਵਾਸਾ ਹੁੰਦਾ, ਜੋ ਮਾਯੂਸੀ ਨੂੰ ਮਾਯੂਸ ਨਹੀਂ ਹੋਣ ਦਿੰਦਾ। ਅਜਿਹੀ ਮਾਯੂਸੀ ਥੋੜ੍ਹਚਿੱਰੀ ਹੁੰਦੀ, ਜਦ ਕੋਈ ਬੱਚਾ ਉਚੇਰੀ ਵਿਦਿਆ ਪ੍ਰਾਪਤੀ ਲਈ ਘਰੋਂ ਬਾਹਰ ਪੈਰ ਧਰਦਾ। ਅਣਛੋਹੀਆਂ ਮੰਜ਼ਿਲਾਂ ਦੀ ਪ੍ਰਾਪਤੀ ਲਈ ਕੋਈ ਵਿਦੇਸ਼ ਨੂੰ ਉਡਾਣ ਭਰਦਾ ਜਾਂ ਕੋਈ ਲਾਡਾਂ ਪਾਲੀ ਧੀ ਆਪਣੇ ਬਾਪ ਦੇ ਘਰੋਂ ਵਿਦਾ ਹੋ, ਕਿਸੇ ਹੋਰ ਘਰ ਨੂੰ ਵਸਾਉਣ ਅਤੇ ਚਾਰ ਚੰਨ ਲਾਉਣ ਲਈ ਘਰ ਦੀ ਦਹਿਲੀਜ਼ ਟੱਪਦੀ। ਮਾਯੂਸੀ ਦੀ ਅਜਿਹੀ ਰੰਗਤ ਭਵਿੱਖੀ ਮਾਣਮੱਤੀ ਪ੍ਰਾਪਤੀਆਂ ਦਾ ਸੰਦੀਲਾ ਸੱਚ ਬਣਨ ਵੰਨੀਂ ਪਲੇਠਾ ਕਦਮ ਹੁੰਦੀ।
ਮਾਯੂਸੀ ਕਈ ਵਾਰ ਸਾਨੂੰ ਘੇਰਦੀ, ਜਦ ਕੁਝ ਲੋੜਾਂ ਤੇ ਥੁੜ੍ਹਾਂ ਦਾ ਸਾਹਮਣਾ ਕਰਦਿਆਂ, ਜੀਵਨ ਜਦੋਜਹਿਦ ਨੂੰ ਆਪਣੇ ਹੱਕ ਵਿਚ ਭੁਗਤਾਉਣ ਲਈ ਜੀਵਨ-ਮੁਹਾਰਾਂ ਚੜ੍ਹਦੇ ਪਾਸੇ ਮੋੜਦੇ। ਅਜਿਹੀ ਮਾਯੂਸੀ, ਮਾਣ ਦਾ ਰੁਤਬਾ ਪਾਉਂਦੀ, ਜਦ ਮੁਸ਼ਕਿਲਾਂ ਵਿਚੋਂ ਨਿੱਖਰ ਕੇ ਇਕ ਹੀਰਾ ਆਪਣੀ ਲਿਸ਼ਕ ਤੇ ਹੋਂਦ ਨਾਲ ਪਰਿਵਾਰ ਅਤੇ ਸਮਾਜ ਨੂੰ ਨਿਵੇਕਲੀ ਪਛਾਣ ਦਿੰਦਾ।
ਮਾਯੂਸੀ ਮਾਤਮ ਨਹੀਂ। ਇਹ ਤਾਂ ਸਗੋਂ ਮੰਥਨ ਹੈ ਆਪਣੇ ਆਪ ਦਾ, ਸੰਭਾਵਨਾਵਾਂ ਤੇ ਸਮਰਥਾਵਾਂ ਦਾ, ਸਿਰੜ ਤੇ ਸਾਧਨਾ ਦਾ ਅਤੇ ਸੁਪਨੇ ਤੇ ਸੱਚ ਵਿਚਲੇ ਫਾਸਲੇ ਨੂੰ ਮਿਟਾਉਣ ਦਾ। ਨਿਸ਼ਚਾ ਤੇ ਨਿੱਗਰਤਾ ਨਾਲ ਕਦਮਾਂ ਨੂੰ ਅਡੋਲਤਾ ਅਤੇ ਅਪਣੱਤ ਦਿੰਦਿਆਂ, ਇਨ੍ਹਾਂ ਵਿਚ ਮੰਜ਼ਿਲਾਂ ਨੂੰ ਉਗਾਉਣ ਦੀ ਚੇਸ਼ਟਾ। ਕਮੀਆਂ, ਕੁਤਾਹੀਆਂ ਅਤੇ ਕੁਰੀਤੀਆਂ ਨੂੰ ਸਮਝਣਾ। ਨਵੀਂ ਸ਼ਖਸੀਅਤ ਦੀ ਉਸਾਰੀ ਵੰਨੀਂ ਪਹਿਲ ਕਰਨ ਦੀ। ਮਾਣਮੱਤੇ ਸਫਰ ਦਾ ਆਗਾਜ਼ ਜੋ ਬਣਦੀ ਏ ਅੰਬਰੀਂ ਪਰਵਾਜ਼ ਅਤੇ ਜੋ ਸਿਰਜਦਾ ਏ ਅਲਬੇਲਾ ਜੀਵਨ-ਅੰਦਾਜ਼।
ਮਾਯੂਸੀ ਤਾਂ ਮੁਲਾਂਕਣ ਹੁੰਦੀ ਏ, ਸੁਪਨਿਆਂ ਨੂੰ ਹਾਸਲ ਕਰਨ ਲਈ ਤਰਜ਼ੀਹਾਂ ਤੇ ਤਦਬੀਰਾਂ ਦੀ ਸਿਰਜਾਣਤਮਕਤਾ ਦਾ। ਰਾਹਾਂ ਨੂੰ ਨਿਸ਼ਚਿਤ ਕਰਨ ਦੀ ਤਮੰਨਾ, ਸੁਪਨਿਆਂ ਦੀ ਸਾਰਥਕਤਾ ਤੇ ਸੁਹਾਵਣੇਪਣ ‘ਚੋਂ ਸਮਾਜਕ ਸੇਧ ਅਤੇ ਸਮਰਪਣ ਦੀ ਲੋਚਾ। ਸੁਪਨੇ ਨੂੰ ਸੁਪਨਹੀਣ ਦੀਦਿਆਂ ਵਿਚ ਧਰਨ ਦੀ ਤੀਬਰਤਾ। ਫਿਰ ਮਾਯੂਸੀ ਨਿਵੇਕਲੇ ਅਤੇ ਵਿਲੱਖਣ ਰਾਹਾਂ ਦੀ ਕਰਮਵੇਤਾ ਬਣਦੀ।
ਮਾਯੂਸੀ, ਮਰਿਆਦਾਵਾਂ ਨੂੰ ਉਲੰਘ ਨੇ ਨਵੀਆਂ ਪਿਰਤਾਂ ਤੇ ਪਰੰਪਰਵਾਂ ਨੂੰ ਸਿਰਜਣ ਦੀ ਪਹਿਲ ਹੁੰਦੀ, ਜਦ ਮਾਯੂਸੀ ਵਿਚੋਂ ਹੀ ਸਿਰ ਉਚਾ ਰੱਖ ਕੇ ਜਿਉਣ ਨੂੰ ਜੀਵਨ-ਸ਼ੈਲੀ ਬਣਾਇਆ ਜਾਂਦਾ। ਕਈ ਵਾਰ ਬੇਹੀਆਂ ਤੇ ਥੋਥੀਆਂ ਕਦਰਾਂ-ਕੀਮਤਾਂ ਅਤੇ ਸਮਾਜਕ ਵਲਗਣਾਂ ਨੂੰ ਤੋੜਨ ਲੱਗਿਆਂ ਪਲ ਭਰ ਲਈ ਮਾਯੂਸੀ ਘੇਰਦੀ ਕਿ ਲੋਕ ਕੀ ਕਹਿਣਗੇ? ਪਰ ਜਦ ਤੁਸੀਂ ਇਸ ਤੋਂ ਉਪਰ ਉਠ ਕੇ ਕੁਝ ਅਜਿਹਾ ਕਰਦੇ ਹੋ ਕਿ ਲੋਕਾਂ ਦੀਆਂ ਜੀਭਾਂ ਠਾਕੀਆਂ ਜਾਂਦੀਆਂ ਅਤੇ ਉਹ ਨਿਸ਼ਾਨਦੇਹੀ ਤੇ ਨੇਕਨਾਮੀ ਦੀ ਸਿਫਤਾਂ ਕਰਦੇ ਤਾਂ ਮਾਯੂਸੀ ਨੂੰ ਨਵੀਂ ਮਾਨਤਾ ਮਿਲਦੀ।
ਮਾਯੂਸੀ ਜਦ ਕਿਸੇ ਕਿਰਤ, ਲਿਖਤ ਵਿਚ ਉਤਰਦੀ ਤਾਂ ਕਿਰਤ ਦੀ ਕਰਮਯੋਗਤਾ ਅਤੇ ਕਿਰਿਆਸ਼ੀਲਤਾ ਨੂੰ ਨਵਾਂ ਹੁਲਾਰ ਅਤੇ ਪਸਾਰ ਮਿਲਦਾ। ਜਦ ਕੋਈ ਕਿਰਤ ਕਿਸੇ ਦੀ ਮਾਯੂਸੀ ਨੂੰ ਉਲਥਾਉਣ ਅਤੇ ਇਸ ਨੂੰ ਨਵੇਂ ਦਾਇਰੇ ਦੇਣ ਦੇ ਕਾਬਲ ਹੋ ਜਾਵੇ ਤਾਂ ਕਿਰਤ, ਪਾਠਕ ਨੂੰ ਆਪਣੀ ਹੀ ਜੀਵਨ ਕਹਾਣੀ ਲੱਗਦੀ। ਅਜਿਹੀ ਮਾਯੂਸੀ ਬਹੁਤ ਨਾਯਾਬ ਹੁੰਦੀ ਅਤੇ ਇਸ ਦੀ ਬੇਨਿਆਜ਼ੀ ਵਿਚੋਂ ਹੀ ਬਰਕਤਾਂ ਤੇ ਬਹੁਲਤਾਵਾਂ ਦੀ ਬਾਰਸ਼ ਹੁੰਦੀ।
ਮਾਯੂਸੀ ਕਾਰਨ ਮੌਤ ਨੂੰ ਅਪਨਾਉਣ ਵਾਲੇ ਲੋਕ ਡਰਪੋਕ ਅਤੇ ਸੁਪਨਹੀਣ। ਉਹ ਮਨੁੱਖੀ ਜੀਵਨ ਦੀਆਂ ਕੁੜੱਤਣਾਂ, ਔਕੜਾਂ ਅਤੇ ਮੁਸ਼ਕਿਲਾਂ ਨਾਲ ਆਢਾ ਲਾਉਣ ਦੀ ਥਾਂ ਜੀਵਨ ਲੀਲਾ ਦੀ ਸਮਾਪਤੀ ਨੂੰ ਹੱਲ ਮੰਨਦੇ। ਖੁਦਕੁਸ਼ੀ ਦਰਅਸਲ ਮਾਨਸਿਕਤਾ ਵਿਚ ਅਸੁਰੱਖਿਆ ਦੀ ਭਾਵਨਾ ਹੁੰਦੀ, ਜੋ ਹੀਣ-ਭਾਵਨਾ ਬਣ ਕੇ, ਡਰਾਕਲ ਅਤੇ ਸਹਿਮੀ ਸ਼ਖਸੀਅਤ ਬਣਦੀ। ਅਜਿਹੇ ਲੋਕ ਉਲਾਰੂ ਬਿਰਤੀਆਂ ਦੇ ਮਾਲਕ ਹੁੰਦੇ, ਬਹੁਤ ਜਲਦੀ ਟੁੱਟ ਜਾਂਦੇ; ਪਰ ਮਾਯੂਸੀ ਵਿਚੋਂ ਉਭਰਨ ਵਾਲੇ ਉਦਮੀਆਂ ਨੂੰ ਆਵਾਮ ਸਲਾਮ ਕਰਦਾ।
ਮਾਯੂਸੀ ਨੂੰ ਮੰਨਤ ਬਣਾਓ ਕਿਉਂਕਿ ਮਾਯੂਸੀ ਇਕ ਮੌਕਾ ਏ ਖੁਦ ਦੇ ਰੂਬਰੂ ਹੋਣ ਦਾ, ਅੰਤਰ-ਝਾਤ ਮਾਰਨ ਦਾ ਅਤੇ ਅੰਦਰਲੀ ਪੁੰਨਿਆਂ ਨੂੰ ਬਾਹਰਲੀ ਮੱਸਿਆ ਦੇ ਨਾਮ ਕਰਨ ਦਾ। ਮੱਥੇ ਵਿਚਲੇ ਸੂਰਜ ਨਾਲ ਆਲੇ-ਦੁਆਲੇ ਦੇ ਹਨੇਰ ਨੂੰ ਦੂਰ ਕਰੋ ਅਤੇ ਮਾਨਵਤਾ ਨੂੰ ਮਾਨਵ-ਮਾਰਗ ਬਣਾਓ।
ਮਾਯੂਸੀ, ਸਵੈ-ਚਿੰਤਨ। ਖੁਦ ਤੋਂ ਖੁਦ ਤੀਕ ਦਾ ਸਫਰ। ਖੁਦ ਨੂੰ ਵਿਸਥਾਰਨ ਅਤੇ ਉਭਾਰਨ ਦਾ ਮੌਕਾ ਤੇ ਤਰਤੀਬ। ਕਦੇ ਵੀ ਨਕਾਰਾਤਮਕ ਨਾ ਸਮਝੋ, ਸਗੋਂ ਇਸ ਨੂੰ ਸਕਾਰਾਤਮਕ ਸਮਝੋਗੇ ਤਾਂ ਇਸ ਦੀ ਸੰਯੋਗਤਾ ਵਿਚੋਂ ਬਹੁਤ ਕੁਝ ਪ੍ਰਾਪਤ ਕੀਤਾ ਜਾ ਸਕਦਾ। ਮਨੁੱਖ ਵਿਚ ਹੁੰਦੀ ਹੈ ਅਸੀਮ ਸਮਰੱਥਾ, ਤਾਕਤ ਅਤੇ ਦ੍ਰਿੜਤਾ। ਲੋੜ ਹੈ ਕਿ ਸੁੱਤੀਆਂ ਪ੍ਰਵਿਰਤੀਆਂ ਨੂੰ ਜਗਾ ਕੇ, ਰੂਹ ਵਿਚ ਕੁਝ ਚੰਗੇਰਾ ਕਰਨ ਦਾ ਹੰਭਲਾ ਮਾਰੀਏ।
ਮਾਯੂਸੀ, ਮਹਾਤਮ ਹੁੰਦੀ, ਜਿਸ ਦਾ ਸੁਖਾਵਾਂ ਅਸਰ ਬਹੁਤ ਦੇਰ ਤੀਕ ਰਹਿੰਦਾ। ਕਈ ਵਾਰ ਤਾਂ ਕਈ ਪੀੜ੍ਹੀਆਂ ਤੱਕ ਹੁੰਦਾ। ਸੋ, ਮਾਯੂਸੀ ਨੂੰ ਕਿਹੜੇ ਅਰਥਾਂ ਵਿਚ ਅਗਲੀਆਂ ਪੀੜ੍ਹੀਆਂ ਦੇ ਨਾਮ ਕਰਨਾ, ਇਹ ਮਨੁੱਖ ਦੇ ਹੱਥ। ਮਾਯੂਸੀ ਨੂੰ ਮਰਨਹਾਰੀ ਰਾਹੀਂ ਚੇਤੇ ਕਰਿਆ ਜਾਵੇ ਜਾਂ ਇਸ ਨੂੰ ਮੰਨਣ ਤੇ ਮਾਣਨਯੋਗ ਰਹਿਤਲ ਦਾ ਨਾਮ ਦਿੱਤਾ ਜਾਵੇ, ਇਹ ਮਨੁੱਖੀ ਸੋਚ ਦੀ ਪੁਖਤਗੀ ਤੇ ਪਕੜ ‘ਤੇ ਨਿਰਭਰ।
ਮਾਯੂਸੀ ਮਨ ਦਾ ਦਰ ਖੜਕਾਉਂਦੀ ਤਾਂ ਇਸ ਦਾ ਸਮੁੱਚੇ ਸਰੀਰ ‘ਤੇ ਇਕਦਮ ਅਸਰ ਹੁੰਦਾ। ਸੋਚ, ਦ੍ਰਿਸ਼ਟੀਕੋਣ, ਕਾਰਜਕੁਸ਼ਲਤਾ, ਤੀਬਰਤਾ ਅਤੇ ਕਿਰਤ-ਕਾਮਨਾ ਪ੍ਰਭਾਵਤ ਹੁੰਦੀ। ਇਸ ਪ੍ਰਭਾਵ ਨੂੰ ਕਿਸ ਰੂਪ ਵਿਚ ਆਪਣੇ ‘ਤੇ ਹਾਵੀ ਹੋਣ ਦੇਣਾ ਜਾਂ ਇਸ ‘ਤੇ ਕਾਬੂ ਪਾ ਕੇ ਆਪਣੀ ਹਿੰਮਤ ਤੇ ਹੌਂਸਲੇ ਨੂੰ ਨਵੀਂ ਪਰਵਾਜ਼ ਦੇਣੀ, ਇਹ ਮਨੁੱਖੀ ਸੋਚ ਦੇ ਦਾਇਰੇ ਅਤੇ ਦਾਈਏ ਨਿਰਧਾਰਤ ਕਰਦੇ।
ਮਾਯੂਸੀ ਨੂੰ ਮਹਿਲ ਬਣਾਓ, ਜਿਸ ਦੀਆਂ ਨੀਂਹਾਂ ਵਿਚ ਤੁਹਾਡੇ ਚਰਿੱਤਰ ਦੀ ਬਜਰੀ ਹੋਵੇ, ਹੱਠ ਦਾ ਸੀਮਿੰਟ ਹੋਵੇ ਅਤੇ ਮੁੜ੍ਹਕੇ ਦਾ ਪਾਣੀ ਹੋਵੇ। ਮਜਬੂਤ ਨੀਂਹਾਂ ਉਪਰ ਵਿਅਕਤੀਤਵ-ਮਹਿਲ ਦੇ ਰੁਤਬੇ ਤੇ ਆਭਾ ਵਿਚੋਂ ਸੁਖਨ, ਸਕੂਨ, ਸੰਤੋਖ ਅਤੇ ਸਬਰ-ਸਬੂਰੀ ਦੀਆਂ ਕਿਰਨਾਂ ਚੌਗਿਰਦੇ ਨੂੰ ਰੁਸ਼ਨਾਉਂਦੀਆਂ ਨੇ। ਤੁਸੀਂ ਰੰਗਲੀਆਂ ਕਿਰਨਾਂ ਦੀ ਸਤਰੰਗੀ ਬਣਨਾ ਜਾਂ ਪਿਲੱਤਣਾਂ ਵਿਚ ਡੁੱਬੀ ਰੌਸ਼ਨੀ ਦਾ ਮਰਸੀਆ ਪੜ੍ਹਨਾ, ਇਹ ਮਨੁੱਖ ‘ਤੇ ਨਿਰਭਰ।
ਮਾਯੂਸੀ ਨੂੰ ਹਲੀਮੀ, ਹਮਦਰਦੀ ਤੇ ਹੱਲਾਸ਼ੇਰੀ ਨਾਲ ਬਹੁਤ ਛੇਤੀ ਦੂਰ ਕੀਤਾ ਜਾ ਸਕਦਾ। ਮਾਯੂਸ ਵਿਅਕਤੀ ਨਾਲ ਚੜ੍ਹਦੀ ਕਲਾ ਦੀਆਂ ਬਾਤਾਂ ਪਾਓ। ਢਹਿ-ਢੇਰੀ ਸੋਚ ਵਿਚ ਉਸਾਰੂ ਬਿਰਤੀਆਂ ਦਾ ਜਾਗ ਲਾਓ। ਤਿੜਕੇ ਸੁਪਨਿਆਂ ਨੂੰ ਸਹਿਲਾਓ ਅਤੇ ਫਿਰ ਤੋਂ ਉਡਾਣ ਭਰਨ ਲਈ ਉਕਸਾਓ। ਦੇਖਣਾ! ਇਕ ਹੀ ਹੰਭਲੇ ਵਿਚ ਉਹ ਕਈ ਅਸਮਾਨਾਂ ਨੂੰ ਛੂਹਣ ਦੇ ਕਾਬਲ ਹੋ ਜਾਵੇਗਾ। ਲੋੜ ਹੈ, ਮਾਯੂਸੀ ਦੇ ਪੱਲੇ ਵਿਚ ਮਿਹਨਤ ਦੀਆਂ ਨਿਆਜ਼ਾਂ ਪਾਓ, ਬਹੁਤ ਸਾਰੀਆਂ ਨਿਆਮਤਾਂ ਤੇ ਬਰਕਤਾਂ ਮਨੁੱਖ ਦੀ ਝੋਲੀ ਵਿਚ ਪੈ ਜਾਣਗੀਆਂ।
ਮਾਯੂਸੀ ਅੰਤਰਯਾਤਮਾ ਵੀ ਹੁੰਦੀ, ਜਦੋਂ ਅਸੀਂ ਅੰਤਰ ਯਾਤਰਾ ‘ਤੇ ਤੁਰਦੇ, ਗਵਾਚੇ ਆਪੇ ਨੂੰ ਲੱਭਣ ਦੀ ਤਮੰਨਾ ਮਨ ਵਿਚ ਪੈਦਾ ਹੁੰਦੀ। ਆਪੇ ਦੀ ਖੋਜ ਕਾਰਨ ਪੈਦਾ ਹੋਈ ਮਾਯੂਸੀ ਇਕ ਤੜਪ ਤੇ ਲੋਚਾ ਬਣ ਕੇ ਮਨੁੱਖੀ ਮਨ ਦੀਆਂ ਤਰਕੀਬਾਂ ਨੂੰ ਨਵੀਂ ਤਰਤੀਬ ਦਿੰਦੀ। ਮਾਯੂਸੀ ਦੇ ਉਸਾਰੂ ਰੰਗ ਨੂੰ, ਜੀਵਨੀ ਰੰਗਤ ਬਣਾ ਕੇ ਇਸ ਦੀਆਂ ਵਸੀਹ ਪਰਤਾਂ ਨੂੰ ਫਰੋਲਣਾ ਚਾਹੀਦਾ। ਇਸ ਨੂੰ ਜਗਿਆਸਾ ਬਣਾ ਕੇ ਨਵੀਆਂ ਧਰਾਤਲਾਂ ਦੀ ਚੋਣ ਕਰਨ ਅਤੇ ਇਨ੍ਹਾਂ ਵਿਚੋਂ ਮਨੁੱਖੀ ਸਦੀਵਤਾ ਤੇ ਸਥਿਰਤਾ ਨੂੰ ਸਮਾਜ ਦੇ ਨਾਵੇਂ ਲਾਉਣ ਵਾਲੇ ਹੀ ਦਰਅਸਲ ਸਹੀ ਨਾਇਕ ਹੁੰਦੇ। ਉਹ ਅਦਿੱਖ ਰਹਿ ਕੇ ਵੀ ਦਿਸਦਿਆਂ ਨਾਲੋਂ ਜ਼ਿਆਦਾ ਦੇਣਦਾਰੀਆਂ ਦੇ ਸਿਰਜਕ।
ਮਾਯੂਸੀ, ਸਾਡੇ ਆਲੇ-ਦੁਆਲੇ ਫੈਲੀ। ਵਾਪਰਦੀਆਂ ਘਟਨਾਵਾਂ ਕਾਰਨ ਲੋਕ ਮਾਯੂਸ। ਕੁਝ ਤਾਂ ਆਪਣੀ ਜ਼ਿੰਦਗੀ ਤੋਂ ਨਿਰਾਸ਼ ਤੇ ਉਪਰਾਮ ਹੋਣ ਕਾਰਨ ਮਾਯੂਸ ਹੁੰਦੇ, ਪਰ ਕੁਝ ਕਿਸੇ ਦੀਆਂ ਪ੍ਰਾਪਤੀਆਂ ਵਿਚੋਂ ਆਪਣੇ ਬੇਮਤਲਬੀ ਮਾਯੂਸੀ ਹੰਢਾਉਂਦੇ। ਮਾਯੂਸ ਹੋਣ ਦੀ ਥਾਂ ਕਦੇ ਪ੍ਰਾਪਤ ਨਿਆਮਤਾਂ ਪ੍ਰਤੀ ਸ਼ੁਕਰਾਨਾ ਕਰਨਾ, ਮਾਯੂਸੀ ਖੁਦ ਹੀ ਕਾਫੂਰ ਹੋ ਜਾਵੇਗੀ।
ਮਾਯੂਸ ਕਈ ਵਾਰ ਅਸੀਂ ਇਸ ਲਈ ਵੀ ਹੁੰਦੇ ਕਿ ਸਾਡੀਆਂ ਪ੍ਰਾਪਤੀਆਂ ਉਮੀਦ ਤੋਂ ਘੱਟ ਹੁੰਦੀਆਂ ਜਾਂ ਅਸੀਂ ਬੇਲੋੜਾ ਹੀ ਹੀਣ-ਭਾਵਨਾ ਦਾ ਸ਼ਿਕਾਰ ਹੋ ਕੇ ਖੁਦ ਨੂੰ ਕੋਸਣ ਤੀਕ ਹੀ ਸੀਮਤ ਹੋ ਜਾਂਦੇ। ਕਦੇ ਕੋਸਣ ਦੀ ਥਾਂ ਆਪਣੇ ਆਪ ਨੂੰ ਸ਼ਾਬਾਸ਼ ਦੇਣਾ, ਤੁਹਾਡਾ ਮਨ ਖਿੜਿਆ ਰਹੇਗਾ ਅਤੇ ਮਾਯੂਸੀ ਦੀ ਪਿਲੱਤਣ ਮੁੱਖ ਦੀ ਬਹਾਰ ਨੂੰ ਪੱਤਝੱੜ ਵਿਚ ਬਦਲਣ ਦਾ ਹੀਆ ਨਹੀਂ ਕਰੇਗੀ। ਮਨੁੱਖ ਨੇ ਹਰਦਮ ਮਾਯੂਸ ਰਹਿਣਾ ਜਾਂ ਹਸਮੁੱਖਤਾ ਦਾ ਨਿੱਘ ਮਾਣਨਾ, ਇਹ ਮਨੁੱਖੀ ਮਨ ਦੀ ਉਸਾਰੂ ਜਾਂ ਢਹਿੰਦੀ ਕਲਾ ਦੀ ਨਿਸ਼ਾਨੀ ਹੁੰਦਾ।
ਮਾਯੂਸੀ, ਮਨੁੱਖ ਨੂੰ ਅੰਦਰੋਂ ਖੋਰਦੀ। ਸਵੈ-ਮਾਣ ਨੂੰ ਤੋੜਦੀ। ਆਤਮ-ਵਿਸ਼ਵਾਸ ਨੂੰ ਵਿਸਾਰਦੀ। ਮਨ ਦੀ ਤਕੜਾਈ ਨੂੰ ਸਿਉਂਕਦੀ ਅਤੇ ਸਵੈ-ਭਰੋਸੇ ਨੂੰ ਸੰਨ ਲਾਉਂਦੀ। ਅਜਿਹੀਆਂ ਅਲਾਮਤਾਂ ਵਿਚ ਘਿਰਿਆ ਵਿਅਕਤੀ ਬਹੁਤ ਜਲਦੀ ਤਿੜਕਦਾ। ਤਿੜਕਣ ਨਾਲ ਬਹੁਤ ਕੁਝ ਅਜਿਹਾ ਵੀ ਟੁੱਟ ਜਾਂਦਾ, ਜਿਸ ਦੀ ਮੁਰੰਮਤ ਹੋਣ ਦੀ ਕੋਈ ਆਸ ਨਹੀਂ ਹੁੰਦੀ। ਮਾਯੂਸੀ ਵਿਚ ਕਦੇ ਨਾ ਤਿੜਕੋ ਸਗੋਂ ਮਜਬੂਤ ਹੋਵੇ ਅਤੇ ਮਾਯੂਸੀ ਨੂੰ ਫਤਿਹ ਕਰੋ। ਇਸ ਦੀਆਂ ਮੁਹਾਰਾਂ ਨੂੰ ਜੀਵਨ ਦੀ ਸਦਉਪਯੋਗਤਾ ਵੱਲ ਮੋੜੋ, ਕਿਉਂਕਿ ਜ਼ਿੰਦਗੀ ਤਾਂ ਜਿੰ.ਦਾਦਿਲੀ ਦਾ ਨਾਮ ਹੈ। ਹੌਂਸਲਾ ਹਾਰਨ ਵਾਲੇ ਤਾਂ ਰਾਹਾਂ ਦੀ ਖਾਕ ਬਣਨ ਜੋਗੇ ਹੀ ਹੁੰਦੇ।
ਮਾਯੂਸੀ, ਮਨ ਤੋਂ ਮਨ ਤੀਕ ਦਾ ਸਫਰ। ਸੋਚ ਤੋਂ ਸੋਚ ਤੀਕ ਦੀ ਯਾਤਰਾ। ਬਾਹਰਮੁਖਤਾ ਤੋਂ ਅੰਤਰਮੁਖਤਾ ਤੀਕ ਦਾ ਫਾਸਲਾ। ਰਾਤ ਤੋਂ ਦਿਨ ਤੀਕ ਦੀ ਜਾਚਨਾ। ਸ਼ਾਮ ਤੋਂ ਸਰਘੀ ਤੀਕ ਦੀ ਸੰਵੇਦਨਾ ਅਤੇ ਹਨੇਰ ਤੋਂ ਚਾਨਣ ਪੱਖ ਨੂੰ ਜਾਂਦੇ ਰਾਹਾਂ ਦੀ ਪਛਾਣ। ਸੋ, ਲੋੜ ਤਰਤੀਬਾਂ ਅਤੇ ਤਰਕੀਬਾਂ ਰਾਹੀਂ ਮਾਯੂਸੀ ਨੂੰ ਮਾਣ ਬਣਾ ਕੇ ਇਸ ਦੀਆਂ ਬਖਸ਼ਿਸ਼ਾਂ ਦਾ ਹਾਸਲ ਬਣੀਏ। ਮਾਯੂਸੀ ਵਿਚੋਂ ਮਾਰਗ, ਮੰਜ਼ਿਲਾਂ, ਮਾਣ-ਸਨਮਾਨ, ਮਰਤਬਿਆਂ ਅਤੇ ਮੁਕਟਾਂ ਦੀ ਪੁਨਰ ਸਿਰਜਣਾ ਹੋਵੇਗੀ।
ਅੰਤਰੀਵੀ ਮਾਯੂਸੀ ਵਿਚ ਰੰਗੇ ਹੁੰਦੇ ਨੇ ਮਹਾਤਮਾ, ਕਿਉਂਕਿ ਉਹ ਖੁਦ ਦੇ ਖੋਜੀ ਹੁੰਦੇ। ਮਾਯੂਸੀ ਵਿਚ ਓਤਪੋਤ ਹੁੰਦੀਆਂ ਨੇ ਮਾਂਵਾਂ, ਕਿਉਂਕਿ ਉਨ੍ਹਾਂ ਦੀ ਮਾਯੂਸੀ ਵਿਚ ਆਪਣੀ ਔਲਾਦ ਅਤੇ ਘਰ-ਪਰਿਵਾਰ ਲਈ ਮੰਨਤਾਂ ਮੰਗਣਾ ਅਤੇ ਇਸ ਦੀ ਪ੍ਰਾਪਤੀ ਹੁੰਦੀ।
ਮਾਯੂਸੀ ਨੂੰ ਮਸ਼ਹੂਰੀ ਨਾ ਬਣਾਓ, ਸਗੋਂ ਇਸ ਨੂੰ ਨਿੱਜੀ ਜੀਵਨ ਰੰਗ-ਢੰਗ ਬਣਾਓ, ਜਿਸ ਦਾ ਖੁਦ ਨੂੰ ਵੀ ਪਤਾ ਨਾ ਹੋਵੇ। ਇਹ ਦਿਖਾਉਣ ਦੀ ਚੀਜ ਨਹੀਂ, ਸਗੋਂ ਮਨ ਦੀ ਮੌਜ ਨੂੰ ਸਿਰਜਣਾਤਮਕਤਾ ਵੰਨੀਂ ਪ੍ਰੇਰਿਤ ਕਰਨ ਦਾ ਵੱਲ ਹੁੰਦਾ। ਮਾਯੂਸੀ ਉਹ, ਜੋ ਉਸਾਰੂ, ਨਿੱਗਰ, ਨਿਰਮਾਣ ਭਰੀ, ਉਦੇਸ਼ ਪੂਰਕ, ਉਤਸ਼ਾਹਵੰਤੀ, ਉਦਮ ਵਾਲੀ ਅਤੇ ਅਰਦਾਸ ਤੋਂ ਅਰਥਮਈ ਜੀਵਨ ਦੀ ਆਧਾਰਸ਼ਿਲਾ ਬਣੇ।
ਮਾਯੂਸੀ ਦੀ ਉਪਰਾਮਤਾ ਨੂੰ ਇਲਹਾਮੀ, ਅਜ਼ਲੀ ਅਤੇ ਆਵੇਸ਼ੀ ਕਿਰਦਾਰ ਸੰਗ ਉਤਾਰਿਆ ਜਾ ਸਕਦਾ।
ਸਰਘੀ ਜਦ ਦਿਨ ਦੇ ਦਰ ਦੀ ਦਸਤਕ ਬਣਦੀ,
ਤਾਂ ਸ਼ਾਮ ਦੀ ਮਾਯੂਸੀ ਨੂੰ ਤ੍ਰੇਲ-ਤੁਪਕਿਆਂ ਨਾਲ ਧੋਵੇ।
ਦਰਿਆਂ ਦੀਆਂ ਲਹਿਰਾਂ ਦਾ ਆਵੇਸ਼ ਜਦ ਆਈ ‘ਤੇ ਆਵੇ,
ਤਾਂ ਬਰੇਤਿਆਂ ਦੀ ਬਸਤੀ ਵੀ ਪਾਣੀ ਪਾਣੀ ਹੋਵੇ।
ਕਾਲੀਆਂ ਘਟਾਵਾਂ ਦਾ ਕਾਫਲਾ ਜਦ ਅੰਬਰ ਢਕਦਾ,
ਤਾਂ ਰੱਕੜਾਂ ਦੇ ਨਾਂਵੇਂ ਵੀ ਮੌਲਣ ਰੁੱਤ ਵਰਸੋਵੇ।
ਸੁਪਨਿਆਂ ਦਾ ਸੱਚ ਜਦ ਢਾਰਿਆਂ ‘ਚੋਂ ਉਦੈ ਹੁੰਦਾ,
ਤਾਂ ਆਸਾਂ ਦਾ ਨੂਰ ਤਿੜਕੇ ਸ਼ਤੀਰਾਂ ਵਿਚੋਂ ਵੀ ਚੋਵੇ।
ਹਰਫਾਂ ਵਿਚ ਸੂਰਜ ਰੰਗੇ ਅਰਥਾਂ ਦੀ ਲੋਅ ਜਗਦੀ,
ਤਾਂ ਵਰਕਿਆਂ ਵਿਚਲੀ ਇਬਾਰਤ, ਨੂਰੀ ਇਬਾਦਤ ਹੋਵੇ।
ਜਦ ਕਿਸੇ ਪਰਿੰਦੇ ਦਾ ਬੋਲ ਗੁਟਕਣੀ ਦੀ ਬਾਤ ਪਾਵੇ,
ਤਾਂ ਹੋਠਾਂ ‘ਤੇ ਚਿੱਪਕੀ ਚੁੱਪ ਦੇ ਗਲ ਜੀਵਨ-ਨਾਦ ਪਰੋਵੇ।
ਜਦ ਕੋਈ ਪੂਰਨਿਆਂ ਵਿਚੋਂ ਅੱਖਰ-ਜੋਤ ਦੇ ਦੀਦਾਰ ਕਰਦਾ,
ਤਾਂ ਉਸ ਦੇ ਅੰਦਰਲਾ ਹਨੇਰ, ਚਾਨਣ ਦਾ ਹਾਣੀ ਹੋਵੇ।
ਮਾਯੂਸੀ ਜਦ ਹੰਝੂਆਂ ਵਿਚ ਉਤਰਦੀ ਤਾਂ ਇਹ ਹੰਝੂ ਕੁਝ ਅਜਿਹਾ ਕਹਿ ਜਾਂਦੇ, ਜੋ ਕਈ ਗ੍ਰੰਥ ਵੀ ਨਹੀਂ ਕਹਿ ਸਕਦੇ। ਮਾਯੂਸੀ ਨੂੰ ਸਮਝਣ ਲਈ ਅੱਥਰੂ ਬਣਨਾ ਪੈਂਦਾ।
ਮਾਯੂਸੀ ਇਕ ਸਮੁੰਦਰ ਦੀ ਨਿਆਈਂ। ਬੇਹਿੰਮਤੇ ਰਹੇ ਜਾਂ ਹਿੰਮਤ ਹਾਰ ਗਏ ਤਾਂ ਡੁੱਬਣ ਤੋਂ ਕੌਣ ਬਚਾਵੇਗਾ? ਹਿੰਮਤ ਕਰਕੇ ਤਰਨਾ ਸ਼ੁਰੂ ਕਰ ਦੇਵੋਗੇ ਤਾਂ ਸਮੁੰਦਰ ਦੀਆਂ ਲਹਿਰਾਂ ਵੀ ਤੁਹਾਡੇ ਹੱਕ ਵਿਚ ਹੋ, ਕੰਢਿਆਂ ‘ਤੇ ਪਹੁੰਚਾ ਦੇਣਗੀਆਂ। ਬੇਹਿੰਮਤੇ ਨਹੀਂ, ਸਗੋਂ ਹਿੰਮਤੀ ਬਣ ਕੇ ਮਾਯੂਸੀ ਨੂੰ ਮਾਤ ਦਿਓ।
ਮਾਯੂਸੀ ਮਿੱਤਰ-ਮੋਢੇ ਵਰਗੀ ਏ, ਜਿਸ ‘ਤੇ ਸਿਰ ਰੱਖ ਕੇ ਰੋਣ ਨਾਲ ਮਨ ਹਲਕਾ ਹੋ ਜਾਂਦਾ। ਆਪਣੇ ਦੁੱਖਾਂ ਨੂੰ ਦੀਦਿਆਂ ਥੀਂ ਵਹਾਅ, ਹੌਲੇ ਹੋ ਕੇ ਜਿੰ.ਦਗੀ ਨੂੰ ਨਵੇਂ ਸਿਰਿਓਂ ਵਿਉਂਤਣ ਲੱਗ ਪੈਣ ਤੇ ਜ਼ਿੰਦਗੀ ਇਸ ਨਵੀਂ ਪਹਿਲ ਨੂੰ ਜੀ ਆਇਆਂ ਕਹਿੰਦੀ।
ਸਭ ਤੋਂ ਜ਼ਿਆਦਾ ਮਾਯੂਸ ਅਸੀਂ ਉਸ ਵੇਲੇ ਹੁੰਦੇ, ਜਦੋਂ ਸਾਡੇ ਆਪਣੇ ਹੀ ਦਗਾ ਕਰਦੇ। ਮੁਸੀਬਤਾਂ ਵਿਚ ਘਿਰਿਆਂ ਨੂੰ ਕੋਈ ਵੀ ਆਪਣਾ ਨਜ਼ਰ ਨਾ ਆਉਂਦਾ, ਜਿਸ ਨਾਲ ਦੁੱਖ ਸਾਂਝਾ ਕੀਤਾ ਜਾ ਸਕੇ। ਫਿਰ ਖੁਦ ਹੀ ਦੁੱਖ ਤੇ ਖੁਦ ਹੀ ਮੋਢੇ ਬਣ ਕੇ ਅੰਦਰਲੇ ਗੁਬਾਰ ਨੂੰ ਰਾਹਤ ਦੇਣੀ ਪੈਂਦੀ ਅਤੇ ਮਾਯੂਸੀ ਬਣਦੀ ਸੱਜਣ ਦੀ ਬਾਂਹ।
ਮਾਯੂਸੀ ਦਾ ਸਵੈ-ਪ੍ਰਗਟਾਵਾ ਹੁੰਦਾ ਏ ਅੱਖਾਂ ਵਿਚੋਂ, ਬੋਲਾਂ ਰਾਹੀਂ, ਤੋਰ ‘ਚੋਂ, ਚਿਹਰੇ ਤੋਂ, ਰੰਗ-ਰੂਪ ‘ਚੋਂ, ਲਿਬਾਸ ਵਿਚੋਂ ਅਤੇ ਜੀਵਨ ਦੇ ਨਜ਼ਰੀਏ ਵਿਚੋਂ। ਤੁਹਾਡਾ ਸਮੁੱਚ, ਤੁਹਾਡਾ ਬਿੰਬ ਹੀ ਤਾਂ ਹੁੰਦਾ ਅਤੇ ਇਸ ਬਿੰਬ ਨੂੰ ਖੁਦ ਤੋਂ ਵੱਖ ਕਿੰਜ ਕਰੋਗੇ?
ਮਾਯੂਸੀ ਤੋਂ ਮਜਬੂਤੀ ਦੇ ਰਾਹੀ ਬਣੋ, ਜੀਵਨ-ਤੋਰ ਦੀ ਡਗਮਗਾਹਟ ਖਤਮ ਹੋ ਜਾਵੇਗੀ। ਤੁਸੀਂ ਨਿਗਰ ਕਦਮਾਂ ਦਾ ਨਾਮਕਰਣ ਹੋਵੋਗੇ। ਮਾਯੂਸੀ, ਮੜੀਆਂ ਨੂੰ ਜਾਂਦਾ ਮਾਰਗ ਨਹੀਂ, ਸਗੋਂ ਕਬਰ ਵਿਚੋਂ ਉਗਣ ਦਾ ਨਾਮ ਹੁੰਦੀ।
ਮਾਯੂਸੀ ਤਪਦਾ ਮਾਰੂਥਲ
ਜਿੰਦ ਪਿਘਲ ਜਾਂਦੀ ਆ
ਮਾਯੂਸੀ ਤਿੱਖੀ ਢਲਾਣ
ਰੂਹ ਫਿਸਲ ਜਾਂਦੀ ਆ
ਮਾਯੂਸੀ ਪੱਤਹੀਣ ਬਿਰਖ
ਹਮੇਸ਼ਾ ਨਿਫਲ ਜਾਂਦੀ ਆ
ਮਾਯੂਸੀ ਆਤਮ ਜਾਈ ਆ
ਹਮੇਸ਼ਾ ਇਕੱਲ ਪਾਂਦੀ ਆ
ਮਾਯੂਸੀ ਬੰਦ ਰਾਹ ਵਰਗੀ
ਸੋਚ ਸਿੱਥਲ ਜਾਂਦੀ ਆ
ਮਾਯੂਸੀ ਮੜੀਆਂ ਦੀ ਮਮਟੀ
ਜਿੰ.ਦਗੀ ਬਿਫਲ ਜਾਂਦੀ ਆ
ਪਰ
ਮਨਾਂ ਮਾਯੂਸ ਨਾ ਹੋਵੀਂ
ਮਾਯੂਸੀ ਨਿਘਲ ਜਾਂਦੀ ਆ।
ਕਦੇ ਉਨ੍ਹਾਂ ਲੋਕਾਂ ਦੇ ਨੈਣਾਂ ਵਿਚ ਉਤਰੀ ਮਾਯੂਸੀ ਨੂੰ ਮਹਿਸੂਸ ਕਰਨਾ, ਜੋ ਦਿਨ ਭਰ ਦੂਸਰਿਆਂ ਨੂੰ ਹਸਾਉਂਦੇ, ਖੁਦ ਸਾਰੀ ਰਾਤ ਰੋਂਦਿਆਂ ਹੀ ਲੰਘਾਉਂਦੇ; ਕਿਉਂਕਿ ਉਨ੍ਹਾਂ ਦੇ ਅੰਤਰੀਵ ਵਿਚ ਵੱਸਦੀ ਮਾਯੂਸੀ ਕਦ ਚੈਨ ਨਾਲ ਸੌਣ ਦਿੰਦੀ ਆ। ਅਜਿਹੇ ਹਾਸਿਆਂ ਦੇ ਵਪਾਰੀ ਹੌਕਿਆਂ ਵਿਚੋਂ ਹੀ ਜ਼ਿੰਦਗੀ ਦੀ ਸਾਹ-ਸੰਗੀਕਤਾ ਨੂੰ ਲੋਚਦੇ ਨੇ।
ਮਾਯੂਸੀ ਹੋਵੇ ਜਾਂ ਮਹੂਰਤ, ਮੌਤ ਹੋਵੇ ਜਾਂ ਮੇਲਾ, ਮੁੱਕਰਨਾ ਹੋਵੇ ਜਾਂ ਮਿਲਾਪ, ਮਰਨਹਾਰੀ ਜਾਂ ਮੌਲਣਹਾਰੀ ਰੁੱਤ ਹੋਵੇ, ਮੋੜ-ਮੁੜਾਈ ਜਾਂ ਮੁਹੱਬਤ ਹੋਵੇ, ਮੰਗਤਾ ਹੋਵੇ ਜਾਂ ਮਹਾਂ-ਦਾਨੀ, ਮੜੀ ਹੋਵੇ ਜਾਂ ਮੰਦਿਰ, ਮੁਤਬੰਨਾ ਹੋਵੇ ਜਾਂ ਮਾਲਕ ਅਤੇ ਮਹਿੰਗਾ ਹੋਵੇ ਜਾਂ ਮੁਫਤ, ਜ਼ਿੰਦਗੀ ਤਾਂ ਚੱਲਦੀ ਹੀ ਰਹਿਣੀ ਏ। ਫਿਰ ਮਾਯੂਸੀ ਦੀ ਮੁਹਾਰਨੀ ਕਿਉਂ ਰੱਟੀਏ? ਜ਼ਿੰਦਗੀ ਨੂੰ ਉਸੇ ਰੂਪ ਵਿਚ ਹੀ ਮਾਣੀਏ ਜਿਵੇਂ ਜਿੰ.ਦਗੀ ਸਾਨੂੰ ਮਿਲਦੀ ਏ। ਸਦੀਵੀ ਮਾਯੂਸੀ ਮੌਤ ਹੁੰਦੀ, ਜਦੋਂ ਕਿ ਪਲ ਭਰ ਦੀ ਮਾਯੂਸੀ ਵਿਚੋਂ ਮਹਾਨਤਾਵਾਂ ਜਨਮ ਲੈਂਦੀਆਂ।