ਹੋਇ ਇਕਤ੍ਰ ਮਿਲਹੁ ਮੇਰੇ ਭਾਈ

ਡਾ. ਗੁਰਨਾਮ ਕੌਰ, ਕੈਨੇਡਾ
‘ਪੰਜਾਬ ਟਾਈਮਜ਼’ ਦੇ 21 ਨਵੰਬਰ ਦੇ ਅੰਕ ਵਿਚ ਛਪੇ ਪਿਛਲੇ ਲੇਖ ‘ਮਿੱਟੀ ਦੇ ਪੁੱਤਰੋ’ ਵਿਚ ਕਿਸਾਨ ਅੰਦੋਲਨ ਦੀ ਗੱਲ ਕਰਦਿਆਂ ਕਿਹਾ ਸੀ ਕਿ ਇਸ ਅੰਦੋਲਨ ਦਾ ਹਾਂ-ਮੁਖੀ ਪੱਖ ਇਹ ਹੈ ਕਿ ਇਹ ਸੰਘਰਸ਼ ਸਿਰਫ ਕਿਸਾਨਾਂ ਵੱਲੋਂ ਹੀ ਨਹੀਂ ਲੜਿਆ ਜਾ ਰਿਹਾ, ਸਗੋਂ ਪੰਜਾਬ ਦੀ ਸਮੁੱਚੀ ਜਨਤਾ-ਕਿਸਾਨ, ਮਜ਼ਦੂਰ, ਦੁਕਾਨਦਾਰ, ਆੜ੍ਹਤੀਏ, ਅਨਾਜ ਮੰਡੀਆਂ ਨਾਲ ਜੁੜੇ ਕਾਮਿਆਂ, ਬੀਬੀਆਂ, ਬੱਚੇ ਬਜੁਰਗਾਂ ਅਤੇ ਸਿਨੇਮਾ, ਰੰਗ ਮੰਚ, ਗਾਇਕੀ ਆਦਿ ਹਰ ਖੇਤਰ ਨਾਲ ਜੁੜੇ ਕਲਾਕਾਰਾਂ ਨੇ ਇਸ ਵਿਚ ਸ਼ਮੂਲੀਅਤ ਕੀਤੀ ਹੈ।

ਭਾਵ ਪੰਜਾਬ ਦੇ ਲੋਕ ਆਪਣੇ ਜਾਤੀ, ਜਮਾਤੀ, ਧਰਮ, ਕਿੱਤਿਆਂ, ਦਰਜਾ, ਉਮਰ, ਔਰਤ, ਪੁਰਸ਼ ਆਦਿ ਹਰ ਤਰ੍ਹਾਂ ਦੇ ਵਖਰੇਵਿਆਂ ਤੋਂ ਉੱਪਰ ਉੱਠ ਕੇ ਸਾਂਝੇ ਮੁਹਾਜ ‘ਤੇ ਪੰਜਾਬ ਦੇ ਹਿਤਾਂ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਇਕੱਠੇ ਹੋ ਗਏ ਹਨ। ਇਹ ਲੜਾਈ ਖੇਤੀ ਸਬੰਧੀ ਬਣਾਏ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਤੋਂ ਸ਼ੁਰੂ ਹੋ ਕੇ ਆਪਣੇ ਘਰ ਨੂੰ, ਪੰਜਾਬ ਦੀ ਹੋਂਦ ਨੂੰ ਬਚਾਉਣ ਦੀ ਲੜਾਈ, ਸੂਬਿਆਂ ਲਈ ਵੱਧ ਅਧਿਕਾਰਾਂ, ਮਿਲੇ ਹੋਏ ਸੰਵਿਧਾਨਕ ਹੱਕਾਂ ਦੀ ਰਾਖੀ ਦੀ, ਜਮੂਹਰੀਅਤ ਦੀ ਬਹਾਲੀ ਦੀ ਲੜਾਈ ਬਣ ਗਈ ਹੈ।
ਲੋਕ-ਰਾਜ ਦੀ ਜੋ ਪਰਿਭਾਸ਼ਾ ਸੁਣਦੇ/ਪੜ੍ਹਦੇ ਆਏ ਹਾਂ, ਉਹ ਇਹੀ ਕੀਤੀ ਹੋਈ ਹੈ ਕਿ ਲੋਕਾਂ ਦੀ, ਲੋਕਾਂ ਦੁਆਰਾ, ਲੋਕਾਂ ਲਈ ਚੁਣੀ ਹੋਈ ਸਰਕਾਰ। ਭਾਰਤ ਵਿਚ ਮੌਜੂਦਾ ਸਰਕਾਰਾਂ ਦੀ ਜਿਸ ਤਰ੍ਹਾਂ ਚੋਣ ਹੁੰਦੀ ਹੈ, ਉਸ ਤੋਂ ਸਾਰੇ ਭਲੀ ਭਾਂਤ ਜਾਣੂ ਹਨ। ਚੋਣਾਂ ਦਾ ਅਮਲ ਦਿਨੋ ਦਿਨ ਜਿੰਨਾ ਨਿਘਰਦਾ ਜਾ ਰਿਹਾ ਹੈ, ਉਸ ਨੇ ਲੋਕਾਂ ਵਿਚ ਖੂਨ-ਖਰਾਬਾ, ਨਸ਼ਿਆਂ, ਭ੍ਰਿਸ਼ਟਾਚਾਰ, ਡੇਰਾਵਾਦ ਆਦਿ ਦੇ ਰੁਝਾਨ ਦੇ ਨਾਲ ਨਾਲ ਜਾਤੀ, ਇਲਾਕਾਈ ਅਤੇ ਧਰਮ ਦੇ ਨਾਂ ‘ਤੇ ਵਖਰੇਵਿਆਂ ਨੂੰ ਸਿਰਫ ਸ਼ਹਿ ਹੀ ਨਹੀਂ ਦਿੱਤੀ, ਸਗੋਂ ਲੋਕ-ਮਨਾਂ ਵਿਚ ਏਨਾ ਰਚਾ ਦਿੱਤਾ ਹੈ ਕਿ ਇਸ ਨਾਲ ਭਾਈਚਾਰਕ ਸਾਂਝ ਦਿਨੋ ਦਿਨ ਖਤਮ ਹੁੰਦੀ ਜਾ ਰਹੀ ਹੈ। ਅੱਜ ਲੋਕ ਵੱਖ ਵੱਖ ਪਾਰਟੀਆਂ ਦੀਆਂ ਮਹਿਜ ਵੋਟਾਂ ਬਣ ਕੇ ਰਹਿ ਗਏ ਹਨ। ਪਿੰਡਾਂ ਥਾਂਵਾਂ ਵਿਚ ਜਾ ਕੇ ਜੇ ਗਹੁ ਨਾਲ ਦੇਖੀਏ ਤਾਂ ਲੋਕ ਬੰਦੇ ਨਾ ਹੋ ਕੇ ਅੱਜ ਕੱਲ੍ਹ ਅਕਾਲੀ, ਕਾਂਗਰਸੀ, ਬਸਪਾ ਜਾਂ ਕੁਝ ਅਜਿਹਾ ਹੀ ਹੋ ਗਏ ਹਨ।
ਮੌਜੂਦਾ ਸਰਕਾਰਾਂ ਲਈ, ਕੇਂਦਰ ਹੋਵੇ ਭਾਵੇਂ ਸੂਬੇ ਹੋਣ, ਲੋਕ ਸਿਰਫ ਵੋਟਾਂ ਹਨ, ਜਿਨ੍ਹਾਂ ਵੋਟਾਂ ਨੂੰ ਪੱਕਿਆਂ ਕਰਨ ਲਈ ਉਨ੍ਹਾਂ ਨੂੰ ਹਰ ਤਰ੍ਹਾਂ ਨਾਲ ਵੰਡਿਆ ਜਾ ਰਿਹਾ ਹੈ। ਸਰਕਾਰ ਦੇ ਏਜੰਡੇ ‘ਤੇ ਸਿਰਫ ਕਾਰਪੋਰੇਸ਼ਨਾਂ ਜਾਂ ਕਾਰਪੋਰੇਟ ਘਰਾਣੇ ਹਨ, ਜਿਨ੍ਹਾਂ ਨੂੰ ਮੌਜੂਦਾ ਕੇਂਦਰ ਸਰਕਾਰ ਨੇ, ਵਰ੍ਹਿਆਂ ਦੀ ਮਿਹਨਤ ਅਤੇ ਜਨਤਕ ਪੈਸੇ ਨਾਲ ਜਨਤਾ ਲਈ ਉਸਾਰੇ ਸਰਕਾਰੀ ਅਦਾਰੇ ਵੇਚ ਦਿੱਤੇ ਹਨ ਜਾਂ ਵੇਚਣੇ ਲਾ ਦਿੱਤੇ ਹਨ। ਸਿਹਤ ਸਹੂਲਤਾਂ, ਵਿੱਦਿਆ, ਨਿੱਜੀ ਸੁਰੱਖਿਆ ਆਦਿ ਜਿਨ੍ਹਾਂ ਨੂੰ ਕਿਸੇ ਵੀ ਮੁਲਕ ਦੇ ਲੋਕਾਂ ਦੇ ਮੂਲ ਹੱਕ ਸਮਝਿਆ ਜਾਂਦਾ ਹੈ, ਅੱਜ ਆਮ ਭਾਰਤੀ ਸ਼ਹਿਰੀ ਦੀ ਪਹੁੰਚ ਤੋਂ ਬਾਹਰ ਹੋ ਗਏ ਹਨ।
ਲੋਕਾਂ ਦੇ ਹੱਕਾਂ ਦੀ ਪੁਨਰਬਹਾਲੀ ਲਈ ਲੋਕਾਂ ਨੂੰ ਮਿਲ ਕੇ ਹੰਭਲਾ ਮਾਰਨ ਦੀ ਲੋੜ ਹੈ। ਸਾਂਝੀਆਂ ਸਮੱਸਿਆਵਾਂ, ਭਾਵੇਂ ਉਹ ਪਰਿਵਾਰਕ ਹੋਣ, ਪਿੰਡ, ਮੁਹੱਲੇ, ਸੂਬੇ ਜਾਂ ਦੇਸ਼ ਦੀਆਂ ਹੋਣ, ਨੂੰ ਸੁਲਝਾਉਣ ਲਈ ਏਕਾ ਤੇ ਮਿਲ ਬੈਠਣਾ ਇੱਕ ਲਾਜ਼ਮ ਤੱਥ ਹੈ, ਕਿਉਂਕਿ ਇਕੱਲੇ-ਇਕਹਿਰੇ ਯਤਨਾਂ ਨਾਲ ਕਿਸੇ ਵੀ ਮੁਹਿੰਮ ਨੂੰ ਸਰ ਕਰ ਸਕਣਾ ਮੁਸ਼ਕਿਲ ਹੀ ਨਹੀਂ, ਕਈ ਵਾਰ ਅਸੰਭਵ ਵੀ ਹੋ ਜਾਂਦਾ ਹੈ। ਪੰਜਾਬ ਗੁਰੂ ਦੇ ਨਾਮ ‘ਤੇ ਜੀਂਦਾ ਹੈ ਅਤੇ ਗੁਰੂ ਨੇ ਸਾਨੂੰ ਗੁਰੂ ਦਾ ਦੱਸਿਆ ਮਾਰਗ ਖੋਜਣ, ਮਾਰਗ ‘ਤੇ ਚੱਲਣ ਦੀ ਜਾਚ ਸਿੱਖਣ ਲਈ ਸੰਗਤੀ ਮਾਡਲ ਦਿੱਤਾ ਹੈ। ਗੁਰੂ ਅਰਜਨ ਦੇਵ ਪਾਤਿਸ਼ਾਹ ਨੇ ਸੰਗਤ ਵਿਚ ਮਿਲ ਬੈਠ ਕੇ ਆਪਣੇ ਸ਼ੰਕੇ, ਦੁਬਿਧਾਵਾਂ ਨੂੰ ਸਮਝ ਕੇ ਵਿਚਾਰ ਰਾਹੀਂ ਦੂਰ ਕਰਨ ਦਾ ਅਦੇਸ਼ ਕੀਤਾ ਹੈ। ਕਿਸਾਨੀ ਸੰਘਰਸ਼ ਮੌਜੂਦਾ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਜਾਂ ਉਨ੍ਹਾਂ ਵਿਚ ਤਰਮੀਮਾਂ ਕਰਾਉਣ ਵਿਚ ਕਿੰਨਾ ਕੁ ਸਫਲ ਹੁੰਦਾ ਹੈ, ਇਹ ਸਮਾਂ ਦਸੇਗਾ, ਪਰ ਇਸ ਅੰਦੋਲਨ ਦੇ ਹੋਰ ਬਹੁਤ ਸਾਰੇ ਹਾਂ-ਮੁਖੀ ਪੱਖ ਸਾਹਮਣੇ ਆ ਰਹੇ ਹਨ, ਜਿਨ੍ਹਾਂ ਨੂੰ ਬਰਕਰਾਰ ਰੱਖਣਾ ਅਰਥਾਤ ਭਵਿੱਖ ਵਿਚ ਅਮਲ ਵਿਚ ਲਿਆਈ ਰੱਖਣਾ ਬਹੁਤ ਉਸਾਰੂ ਅਤੇ ਸਰਬੱਤ ਦੇ ਭਲੇ ਵਾਲਾ ਹੋ ਸਕਦਾ ਹੈ।
ਇਸ ਅੰਦੋਲਨ ਨੇ ਪੰਜਾਬੀ ਸਮਾਜ ਦੇ ਹਰ ਵਰਗ ਵਿਚ ਨਵੀਂ ਚੇਤਨਾ ਦਾ ਸੰਚਾਰ ਕੀਤਾ ਹੈ। ਇਹ ਪਹਿਲੀ ਵਾਰ ਦੇਖਣ ਵਿਚ ਆਇਆ ਹੈ ਕਿ ਕਿਸਾਨ-ਕਿਰਤੀ ਅਤੇ ਹੋਰ ਤਬਕਿਆਂ ਨਾਲ ਸਬੰਧਤ ਹਰ ਉਮਰ ਦੀਆਂ ਬੀਬੀਆਂ, ਦਾਦੀਆਂ-ਪੋਤੀਆਂ, ਮਾਂਵਾਂ ਵੱਡੀ ਤਾਦਾਦ ਵਿਚ ਧਰਨਿਆਂ ਵਿਚ ਹਰ ਰੋਜ਼ ਹਾਜ਼ਰੀ ਲੁਆ ਰਹੀਆਂ ਹਨ। ਰਿਲਾਇੰਸ ਦੇ ਪੈਟਰੋਲ ਪੰਪਾਂ ਅਤੇ ਟੋਲ ਪਲਾਜ਼ਿਆਂ ਅਤੇ ਬਹੁਤ ਥਾਂਵਾਂ ‘ਤੇ ਤੁਹਾਨੂੰ ਰੰਗਦਾਰ ਚੁੰਨੀਆਂ ਦੇ ਨਾਲ ਨਾਲ ਹਰੀਆਂ ਅਤੇ ਪੀਲੀਆਂ ਚੁੰਨੀਆਂ ਸਿਰਾਂ ‘ਤੇ ਲਈ ਬੀਬੀਆਂ ਦਾ ਵੱਡਾ ਇਕੱਠ ਨਜ਼ਰ ਆਉਂਦਾ ਹੈ। ਬੀਬੀਆਂ ਨੂੰ ਧਰਨਿਆਂ ‘ਤੇ ਕਿਸਾਨ ਇਕੱਠਾਂ ਨੂੰ ਸੰਬੋਧਨ ਕਰਦਿਆਂ ਵੀ ਦੇਖਿਆ ਜਾ ਸਕਦਾ ਹੈ। ਕਈ ਥਾਂਵਾਂ ‘ਤੇ, ਖਾਸ ਕਰਕੇ ਮਾਲਵੇ ਦੇ ਪਿੰਡਾਂ ਵਿਚ ਬੀਬੀਆਂ ਵਾਰੀਆਂ ਬੰਨ੍ਹ ਕੇ ਧਰਨਿਆਂ ‘ਤੇ ਬੈਠੀ ਸੰਗਤ ਲਈ ਲੰਗਰ ਇਕੱਠਾ ਕਰਕੇ ਸੇਵਾ ਕਰ ਰਹੀਆਂ ਹਨ। ਇਸਤਰੀ ਚੇਤਨਾ-ਸ਼ਕਤੀ ਦਾ ਇਹ ਵਿਲੱਖਣ ਪ੍ਰਗਟਾਵਾ ਹੈ। ਇਸ ਤੋਂ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜੋ ਸਥਾਪਤੀ ਦੀ ਪਹਿਲੀ ਸਦੀ ਪੂਰੀ ਹੋਣ ਦੇ ਜਸ਼ਨ ਮਨਾ ਰਹੀ ਹੈ, ਨੂੰ ਵੀ ਕੁਝ ਸਿੱਖਣਾ ਚਾਹੀਦਾ ਹੈ।
ਭਾਰਤੀ ਸਮਾਜ ਵਿਚ ਸਭ ਤੋਂ ਪਹਿਲਾਂ ਔਰਤ ਦੇ ਹੱਕ ਵਿਚ ਅਵਾਜ਼ ਗੁਰੂ ਨਾਨਕ ਸਾਹਿਬ ਨੇ ਉਠਾਈ ਸੀ ਅਤੇ ਸਿੱਖ ਔਰਤ ਬਰਾਬਰ ਤੇ ਅੰਮ੍ਰਿਤ ਪਾਨ ਕਰਨ ਅਤੇ ਸੇਵਾ ਕਰਨ ਦੀ ਉਸੇ ਤਰ੍ਹਾਂ ਅਧਿਕਾਰੀ ਹੈ, ਜਿਵੇਂ ਪੁਰਸ਼। ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਉਤੇ ਕਾਬਜ਼ ਉਦਾਸੀ ਅਤੇ ਸੰਨਿਆਸੀ ਸੰਪਰਦਾਵਾਂ ਨੇ ਆਪਣੀ ਰਹਿਤ ਮਰਿਆਦਾ ਪ੍ਰਚੱਲਤ ਕਰ ਰੱਖੀ ਸੀ, ਜਿਸ ਤਹਿਤ ਬੀਬੀਆਂ ਨੂੰ ਅੰਮ੍ਰਿਤ ਵੇਲੇ ਦੀ ਸੇਵਾ ਅਤੇ ਹਰਿਮੰਦਰ ਸਾਹਿਬ ਵਿਚ ਕੀਰਤਨ ਕਰਨ ਦੀ ਮਨਾਹੀ ਕੀਤੀ ਹੋਈ ਹੈ। ਇੱਕ ਪੂਰੀ ਸਦੀ ਬੀਤ ਜਾਣ ‘ਤੇ ਵੀ ਸ਼੍ਰੋਮਣੀ ਕਮੇਟੀ ਨੇ ਸਿੱਖੀ ਸਿਧਾਂਤਾਂ ਦਾ ਸਤਿਕਾਰ ਕਰਦਿਆਂ ਬੀਬੀਆਂ ਨੂੰ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਅਤੇ ਅੰਮ੍ਰਿਤ ਵੇਲੇ ਦੀ ਸੇਵਾ ਕਰਨ ਦਾ ਹੱਕ ਨਹੀਂ ਦਿੱਤਾ ਹੈ। ਗੁਰਬਾਣੀ ਪੜ੍ਹਨ/ਸੁਣਨ ਵਾਲਾ ਹਰ ਸਿੱਖ ਜਾਣਦਾ ਹੈ ਕਿ ਸਿੱਖ ਧਰਮ ਵਿਚ ਗੁਰੂ ਨੇ ਕਿਸੇ ਕਿਸਮ ਦੇ ਸੂਤਕ ਜਾਂ ਵਹਿਮ ਦੀ ਆਗਿਆ ਨਹੀਂ ਦਿੱਤੀ। ਜਾਣਕਾਰੀ ਲਈ ਰਾਗੁ ਆਸਾ ਵਿਚ ਗੁਰੂ ਨਾਨਕ ਸਾਹਿਬ ਵੱਲੋਂ ਰਚੀ ਗਈ ਵਾਰ ਦਾ ਪਠਨ-ਪਾਠਨ ਕਰਕੇ ਇਹ ਗਿਆਨ ਹਾਸਲ ਕੀਤਾ ਜਾ ਸਕਦਾ ਹੈ।
ਪਿਛਲੇ ਲੇਖ ਵਿਚ ਕਲਾਕਾਰਾਂ ਵੱਲੋਂ ਕਿਸਾਨ ਧਰਨਿਆਂ ਵਿਚ ਲਗਾਤਾਰ ਸ਼ਮੂਲੀਅਤ ਕਰਨ, ਰੰਗ-ਮੰਚ, ਗੀਤਾਂ ਅਤੇ ਭਾਸ਼ਣਾਂ ਰਾਹੀਂ ਨੌਜੁਆਨ ਪੀੜ੍ਹੀ ਨੂੰ ਬਜੁਰਗਾਂ ਦੀ ਅਗਵਾਈ ਵਿਚ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨ ਲਈ ਪ੍ਰੇਰਨਾ ਦੇਣ ਦੀ ਵੀ ਗੱਲ ਕੀਤੀ ਸੀ। ਇਸ ਮੋਰਚੇ ਨੇ ਨੌਜੁਆਨ ਪੀੜ੍ਹੀ ਵਿਚ ਇੱਕ ਨਵੀਂ ਰੂਹ ਫੂਕੀ ਹੈ। ਹੁਣ ਧਰਨਿਆਂ ‘ਤੇ ਨੌਜੁਆਨ ਵੀ ਕਾਫੀ ਗਿਣਤੀ ਵਿਚ ਨਜ਼ਰ ਆਉਂਦੇ ਹਨ। ਹੌਲੀ ਹੌਲੀ ਉਨ੍ਹਾਂ ਦੇ ਮਨਾਂ ਅੰਦਰ ਇਹ ਅਹਿਸਾਸ ਜਾਗ ਰਿਹਾ ਹੈ ਕਿ ਉਨ੍ਹਾਂ ਦਾ ਭਵਿੱਖ ਅਤੇ ਹੋਂਦ ਕਿਸੇ ਨਾ ਕਿਸੇ ਰੂਪ ਵਿਚ ਪੰਜਾਬ ਦੇ ਭਵਿੱਖ ਨਾਲ, ਕਿਸਾਨੀ ਦੇ ਭਵਿੱਖ ਨਾਲ ਜੁੜਿਆ ਹੋਇਆ ਹੈ। ਇਥੇ ਪਿੰਡ ਮਹਿਰਾਜ ਦੇ ਨੌਜੁਆਨਾਂ ਦੀ ਮਿਸਾਲ ਦੇਣੀ ਦਿਲਚਸਪ ਹੋਣ ਦੇ ਨਾਲ ਨਾਲ ਹੋਰ ਨੌਜੁਆਨਾਂ ਲਈ ਪ੍ਰੇਰਨਾ ਦਾ ਸਬੱਬ ਵੀ ਬਣ ਸਕਦੀ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਸਿਆਸੀ ਪਾਰਟੀਆ ਵੱਲੋਂ ਆਪਣੇ ਵੋਟ ਬੈਂਕ ਨੂੰ ਪੱਕਾ ਕਰਨ ਲਈ ਪਾਰਟੀਆਂ ਦੇ ਨਾਂਵਾਂ ਤੇ ਲੋਕਾਂ ਵਿਚ ਧੜੇਬੰਦੀ ਖੜ੍ਹੀ ਕੀਤੀ ਜਾਂਦੀ ਹੈ, ਖਾਸ ਕਰਕੇ ਪਿੰਡਾਂ ਵਿਚ। ਕਿਸੇ ਜ਼ਮਾਨੇ ਵਿਚ ਪਿੰਡ ਦਾ ਭਾਈਚਾਰਾ ਇੱਕ ਪਰਿਵਾਰ ਦੀ ਤਰ੍ਹਾਂ ਰਹਿੰਦਾ ਸੀ ਅਤੇ ਇੱਕ ਦੂਸਰੇ ਦੇ ਦੁੱਖ-ਸੁੱਖ ਵਿਚ ਹਾਜ਼ਰ ਹੋ ਕੇ ਮਦਦ ਕਰਦਾ ਸੀ, ਪਰ ਵੋਟਾਂ ਦੀ ਰਾਜਨੀਤੀ ਨੇ ਪਿੰਡ ਦੇ ਭਾਈਚਾਰੇ ਨੂੰ ਵੱਖ ਵੱਖ ਧੜਿਆਂ ਵਿਚ ਵੰਡ ਦਿੱਤਾ ਹੈ ਅਤੇ ਇਹ ਧੜੇਵੰਦੀ ਸਮੇਂ ਨਾਲ ਏਨੀ ਪੱਕ ਗਈ ਹੈ ਕਿ ਪਾਰਟੀ ਪਿੱਛੇ ਲੋਕ ਇੱਕ ਦੂਜੇ ਨਾਲ ਸਿਰਫ ਮਿਲਵਰਤਨ ਹੀ ਬੰਦ ਨਹੀਂ ਕਰਦੇ, ਸਗੋਂ ਇੱਕ ਦੂਜੇ ਨਾਲ ਵੈਰ ਵਿੱਢ ਲੈਂਦੇ ਹਨ।
ਇੱਕ ਪੰਜਾਬੀ ਟੀ. ਵੀ. ਚੈਨਲ ਵੱਲੋਂ ਪਿੰਡ ਮਹਿਰਾਜ ਦੇ, ਜੋ ਵੱਸੋਂ ਅਤੇ ਰਕਬੇ ਦੇ ਲਿਹਾਜ਼ ਨਾਲ ਬਹੁਤ ਵੱਡਾ ਪਿੰਡ ਹੈ, ਨੌਜੁਆਨਾਂ ਨਾਲ ਇਨ੍ਹਾਂ ਦਿਨਾਂ ਵਿਚ ਇੰਟਰਵਿਊ ਕੀਤੀ ਗਈ। ਇਨ੍ਹਾਂ ਨੌਜੁਆਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਧਰਨਿਆਂ ਵਿਚ ਜਾਣ ਅਤੇ ਧਰਨੇ ‘ਤੇ ਬੈਠੇ ਕਿਸਾਨਾਂ ਦੀ ਲੰਗਰ ਪਾਣੀ ਨਾਲ ਸੇਵਾ ਕਰਨ ਦੀ ਸੋਚ ਸ਼ਾਇਦ ਲੰਬੀ ਦੇ ਧਰਨੇ ਤੋਂ ਆਈ। ਉਨ੍ਹਾਂ ਨੇ ਸਭ ਤੋਂ ਪਹਿਲਾਂ ਇਹ ਫੈਸਲਾ ਕੀਤਾ ਕਿ ਉਹ ਆਪਣੇ ਪਿੰਡ ਵਿਚ ਧੜੇਬਾਜੀ ਤੋਂ ਉਪਰ ਉੱਠ ਕੇ ਇੱਕ ਇਕਾਈ ਵਜੋਂ ਕੰਮ ਕਰਨਗੇ। ਪਿੰਡ ਵੱਡਾ ਹੋਣ ਕਰਕੇ ਉਥੇ ਛੇ ਪੱਤੀਆਂ ਹਨ ਅਤੇ ਨੌਜੁਆਨਾਂ ਨੇ ਫੈਸਲਾ ਕਰ ਲਿਆ ਕਿ ਦੁਹਰਾਉ ਨੂੰ ਰੋਕਣ ਲਈ ਧਰਨਿਆਂ ‘ਤੇ ਬੈਠੇ ਕਿਸਾਨਾਂ ਲਈ ਵਾਰੀ ਸਿਰ ਇੱਕ ਪੱਤੀ ਤੋਂ ਉਸ ਪੱਤੀ ਦੇ ਨੌਜੁਆਨ ਲੰਗਰ ਇਕੱਠਾ ਕਰਕੇ ਲੈ ਕੇ ਜਾਣਗੇ। ਇਸ ਤਰ੍ਹਾਂ ਹਰ ਪੱਤੀ ਦੀ ਵਾਰੀ ਛੇਵੇਂ ਦਿਨ ਆਉਂਦੀ ਹੈ। ਅੱਜ ਕੱਲ੍ਹ ਉਹ ਰਾਮਪੁਰਾ ਫੂਲ ਵਿਚ ਧਰਨੇ ਦੇ ਰਹੇ ਕਿਸਾਨਾਂ ਦੀ ਲੰਗਰ ਨਾਲ ਸੇਵਾ ਕਰਦੇ ਹਨ। ਇੰਟਰਵਿਊ ਵਿਚ ਨੌਜੁਆਨ ਦੱਸ ਰਹੇ ਸਨ ਕਿ ਉਹ ਆਪਣਾ ਕਾਲਾ ਝੰਡਾ ਲੈ ਕੇ ਧਰਨੇ ਵਿਚ ਜਾਂਦੇ ਹਨ।
ਉਨ੍ਹਾਂ ਦਾ ਵਿਚਾਰ ਹੈ ਕਿ ਕਿਸਾਨਾਂ ਦੀਆਂ ਇੱਕ ਤੋਂ ਜ਼ਿਆਦਾ ਜਥੇਬੰਦੀਆਂ ਹੋਣ ਕਰਕੇ ਉਹ ਕਿਸੇ ਦੇ ਵੀ ਝੰਡੇ ਹੇਠਾਂ ਨਹੀਂ ਜਾਂਦੇ; ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਭਾਵੇਂ ਸਾਰੇ ਸੰਮਤੀ ਬਣਾ ਕੇ ਲੜ ਰਹੇ ਹਨ, ਪਰ ਯੂਨੀਅਨ ਇੱਕ ਹੀ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਆਪਣਾ ਝੰਡਾ ਇਸ ਲਈ ਰੱਖਿਆ ਹੈ ਤਾਂ ਕਿ ਵੱਖ ਵੱਖ ਯੂਨੀਅਨਾਂ ਉਨ੍ਹਾਂ ਨੂੰ ਆਪਣੇ ਵਿਚ ਸ਼ਾਮਲ ਹੋਣ ਲਈ ਨਾ ਖਿੱਚਣ। ਉਨ੍ਹਾਂ ਦਾ ਕਹਿਣਾ ਹੈ ਕਿ ਪਿੰਡਾਂ ਦਾ ਵਿਕਾਸ ਕਰਨ ਲਈ ਸਾਨੂੰ ਪਿੰਡਾਂ ਵਿਚ ਸਿਆਸੀ ਪਾਰਟੀਆਂ ਵੱਲੋਂ ਪਾਏ ਦੁਫੇੜਾਂ ਨੂੰ ਦੂਰ ਕਰਨਾ ਹੋਵੇਗਾ ਅਤੇ ਮਿਲ ਕੇ ਪਿੰਡਾਂ ਦੀ ਤਰੱਕੀ ਕਰਨੀ ਹੋਵੇਗੀ। ਸਿਆਸੀ ਪਾਰਟੀਆਂ ਪੰਜ ਸਾਲ ਬਾਅਦ ਪਿੰਡਾਂ ਵੱਲ ਫੇਰਾ ਪਾਉਂਦੀਆਂ ਹਨ ਅਤੇ ਲੋਕਾਂ ਨੂੰ ਆਪਸ ਵਿਚ ਲੜਾਉਣ ਦਾ ਸਬੱਬ ਬਣਦੀਆਂ ਹਨ। ਵੋਟ ਪਾਰਟੀ ਮੁਤਾਬਕ ਨਹੀਂ ਪਾਉਣੀ ਚਾਹੀਦੀ, ਸਗੋਂ ਉਮੀਦਵਾਰ ਦੇ ਕਿਰਦਾਰ ਅਤੇ ਈਮਾਨਦਾਰੀ ਨੂੰ ਦੇਖ-ਪਰਖ ਕੇ, ਬਿਨਾ ਕਿਸੇ ਲਾਲਚ ਵਿਚ ਆਇਆਂ ਪਾਉਣੀ ਚਾਹੀਦੀ ਹੈ। ਇਸ ਤਰ੍ਹਾਂ ਦੀ ਚੇਤਨਾ ਨੌਜੁਆਨ ਪੀੜ੍ਹੀ ਵਿਚ ਆਉਣੀ ਇੱਕ ਚੰਗੀ ਅਤੇ ਸਿਹਤਮੰਦ ਸ਼ੁਰੂਆਤ ਹੈ।
ਇਸੇ ਤਰ੍ਹਾਂ ਇੱਕ ਦਿਨ ਇੱਕ ਕਲਾਕਾਰ ਕਿਸੇ ਥਾਂ ‘ਤੇ ਕਿਸਾਨ ਧਰਨੇ ਵਿਚ ਸ਼ਾਮਲ ਹੋਣ ਲਈ ਨੌਜੁਆਨਾਂ ਨੂੰ ਸੰਬੋਧਨ ਕਰ ਰਿਹਾ ਸੀ। ਉਹ ਉਨ੍ਹਾਂ ਤੋਂ ਪੁੱਛ ਰਿਹਾ ਸੀ ਕਿ ਸੁਣਿਆ ਹੈ ਤੁਹਾਡੇ ਪਿੰਡ ਵਿਚ ਸਰਪੰਚੀ ਲਈ ਦੋ ਉਮੀਦਵਾਰ ਖੜ੍ਹੇ ਹੋਏ ਸੀ ਅਤੇ ਦੋਹਾਂ ਨੇ ਪੱਚੀ ਪੱਚੀ ਲੱਖ ਰੁਪਿਆ ਚੋਣਾਂ ਲਈ ਖਰਚ ਕੀਤਾ। ਉਸ ਦਾ ਕਹਿਣਾ ਸੀ ਕਿ ਜਿਹੜਾ ਸਰਪੰਚ ਪੱਚੀ ਲੱਖ ਰੁਪਿਆ ਖਰਚ ਕਰਕੇ ਸਰਪੰਚ ਬਣੇਗਾ, ਉਹ ਫਿਰ ਗਰਾਂਟਾਂ ਪਿੰਡ ਦੀ ਬਿਹਤਰੀ ‘ਤੇ ਕਿਉਂ ਖਰਚ ਕਰੂਗਾ? ਇਹ ਇੱਕ ਵੱਡਾ ਸਵਾਲ ਹੈ। ਇਸ ਲਈ ਸਾਨੂੰ ਚਾਹੀਦਾ ਹੈ ਕਿ ਧੜੇਬੰਦੀਆਂ ਤੋਂ ਪਿੰਡਾਂ ਨੂੰ ਮੁਕਤ ਕਰੀਏ ਅਤੇ ਪਿੰਡਾਂ ਦੀਆਂ ਪੰਚਾਇਤਾਂ ਕੰਮ ਕਰਨ ਵਾਲੇ, ਚੰਗੇ ਸੱਚੇ-ਸੁੱਚੇ ਕਿਰਦਾਰ ਵਾਲੇ ਈਮਾਨਦਾਰ ਬੰਦਿਆਂ ਨੂੰ ਸਰਬਸੰਮਤੀ ਨਾਲ ਚੁਣ ਕੇ ਬਣਾਈਏ ਤਾਂ ਕਿ ਪਿੰਡਾਂ ਦੀ ਪੜ੍ਹਾਈ, ਸਿਹਤ ਅਤੇ ਤਰੱਕੀ ਵੱਲ ਧਿਆਨ ਦੇ ਸਕੀਏ। ਜੋ ਏਕਾ ਅੱਜ ਬਣ ਰਿਹਾ ਹੈ, ਇਸ ਨੂੰ ਅੱਗੇ ਵਧਾ ਕੇ ਸਦਾ ਲਈ ਬਣਾ ਕੇ ਰੱਖਣਾ ਚਾਹੀਦਾ ਹੈ। ਇਹ ਕੰਮ ਤਾਂ ਹੀ ਹੋ ਸਕਦਾ ਹੈ, ਜੇ ਸਮਝਦਾਰ ਨੌਜੁਆਨ ਨਵੀਂ ਚੇਤਨਾ ਲੈ ਕੇ ਅੱਗੇ ਆਉਣਗੇ।
ਇੱਕ ਹੋਰ ਸਮਾਜ-ਸੇਵੀ ਕਾਰਕੁਨ ਇੱਕ ਦਿਨ ਮਾਝੇ ਵੱਲ ਇੱਕ ਕਿਸਾਨ ਧਰਨੇ ਨੂੰ ਸਟੇਜ ਤੋਂ ਮੁਖਾਤਿਬ ਹੋ ਰਿਹਾ ਸੀ। ਉਸ ਦਾ ਕਹਿਣਾ ਸੀ ਕਿ ਪਿਛਲੇ ਸਾਲਾਂ ਵਿਚ ਸਭ ਨੇ ਦੇਖ ਲਿਆ ਹੈ ਕਿ ਪੰਜਾਬ ਨੂੰ ਨਸ਼ਾ-ਮੁਕਤ ਕਰਾਉਣ ਲਈ, ਨੌਜੁਆਨਾਂ ਨੂੰ ਇਸ ਦਲਦਲ ਵਿਚੋਂ ਕੱਢਣ ਲਈ ਕੋਈ ਵੀ ਸਰਕਾਰ ਜਾਂ ਪ੍ਰਸ਼ਾਸਨ ਗੰਭੀਰ ਨਹੀਂ ਹੈ। ਜੇ ਪੰਜਾਬ ਦੇ ਨੌਜੁਆਨਾਂ ਨੂੰ ਨਸ਼ਿਆਂ ਦੇ ਅੰਨ੍ਹੇ ਖੂਹ ਵਿਚੋਂ ਕੱਢਣਾ ਹੈ ਤਾਂ ਹਰ ਪਿੰਡ ਵਿਚ ਸਾਨੂੰ ਪਿੰਡ-ਪੱਧਰ ‘ਤੇ ਖੁਦ ਯਤਨ ਕਰਨੇ ਪੈਣਗੇ। ਉਸ ਦਾ ਕਹਿਣਾ ਸੀ ਕਿ ਆਪ ਉਹ ਸਰਕਾਰੀ ਨੌਕਰੀ ਕਰਦਾ ਹੈ। ਅੱਠ ਕੁ ਸਾਲ ਪਹਿਲਾਂ ਉਸ ਦੇ ਭਰਾ ਦੀ ਨਸ਼ਿਆਂ ਕਰਕੇ ਮੌਤ ਹੋ ਗਈ ਸੀ ਅਤੇ ਉਸ ਨੇ ਤਹੱਈਆ ਕਰ ਲਿਆ ਕਿ ਉਹ ਪਿੰਡ ਪਿੰਡ ਜਾ ਕੇ ਲੋਕਾਂ ਨੂੰ ਜਾਗ੍ਰਿਤ ਕਰੇਗਾ। ਉਸ ਨੇ ਦੱਸਿਆ ਕਿ ਉਸ ਨੇ ਕਰੀਬ ਸਾਰੇ ਮਾਝੇ ਦਾ ਟੂਰ ਕਰ ਲਿਆ ਹੈ ਅਤੇ ਹੁਣ ਦੁਆਬੇ ਦਾ ਕਰੇਗਾ, ਫਿਰ ਮਾਲਵੇ ਦਾ।
ਉਸ ਨੇ ਸਟੇਜ ਤੋਂ ਇੱਕ ਗੱਲ ਸੁਣਾਈ ਕਿ ਇੱਕ ਦਿਨ ਆਪਣੇ ਸਾਥੀ ਨਾਲ ਉਹ ਮਾਝੇ ਦੇ ਇੱਕ ਪਿੰਡ ਵਿਚ ਗਿਆ, ਜਿਥੇ ਪਿੰਡ ਦੀ ਜੂਹ ਵਿਚ ਇੱਕ ਪਿੱਪਲ ਦੇ ਰੁੱਖ ਹੇਠਾਂ ਕੁਝ ਬਜੁਰਗ ਬੈਠੇ ਸਨ। ਉਹ ਉਨ੍ਹਾਂ ਨਾਲ ਗੱਲਾਂ ਕਰਨ ਲੱਗ ਪਿਆ ਕਿ ਕੀ ਪਿੰਡ ਵਿਚ ਕੋਈ ਨੌਜੁਆਨ ‘ਚਿੱਟੇ’ ਦਾ ਜਾਂ ਕੋਈ ਹੋਰ ਨਸ਼ਾ ਵੀ ਕਰਦਾ ਹੈ? ਬਜੁਰਗਾਂ ਨੇ ਜੁਆਬ ਦਿੱਤਾ ਕਿ ਹਾਂ ਕਈ ਕਰਦੇ ਹਨ ਅਤੇ ਬਾਹਰੋਂ ਲੋਕੀਂ ਇਥੇ ਨਸ਼ਾ ਵੇਚਣ ਆਉਂਦੇ ਹਨ। ਉਸ ਸਮਾਜ ਸੇਵੀ ਕਾਰਕੁਨ ਨੇ ਉਨ੍ਹਾਂ ਨੂੰ ਕਿਹਾ, “ਬਜੁਰਗੋ ਤੁਸੀਂ ਬਾਹਰੋਂ ਨਸ਼ਾ ਵੇਚਣ ਵਾਲਿਆਂ ਨੂੰ ਮੂਹਰੇ ਹੋ ਕੇ ਰੋਕਦੇ ਕਿਉਂ ਨਹੀਂ? ਜੇ ਤੁਸੀ ਏਕਾ ਕਰਕੇ ਤਕੜੇ ਹੋ ਕੇ ਰੋਕੋਂ ਤਾਂ ਕੀ ਮਜ਼ਾਲ ਕਿ ਬਾਹਰੋਂ ਆ ਕੇ ਕੋਈ ਜਣਾ ਤੁਹਾਡੇ ਪਿੰਡ ਵਿਚ ਨਸ਼ਾ ਵੇਚ ਜਾਵੇ!”
ਕਹਿੰਦਾ, ਏਨੀ ਦੇਰ ਨੂੰ ਦੋ ਮੁੰਡੇ ਮੋਟਰਸਾਈਕਲ ‘ਤੇ ਆਏ ਅਤੇ ਉਨ੍ਹਾਂ ਦੇ ਸਾਹਮਣੇ ਪਿੰਡ ਵਿਚ ਵੜ ਗਏ। ਇੱਕ ਬਾਬਾ ਬੋਲਿਆ ਕਿ ਇਹ ‘ਚਿੱਟਾ’ ਵੇਚਣ ਆਏ ਹਨ। ਉਸ ਨੇ ਬਜੁਰਗ ਨੂੰ ਕਿਹਾ, “ਬਾਬੇ ਤੁਸੀਂ ਏਨੇ ਜਾਣੇ ਸੱਥ ਵਿਚ ਬੈਠੇ ਹੋ, ਕੋਈ ਬਾਹਰ ਵਾਲਾ ਚਿੱਟਾ ਵੇਚਣ ਤੁਹਾਡੇ ਪਿੰਡ ਵਿਚ ਕਿਵੇਂ ਵੜ ਜਾਵੇ?” ਕਹਿੰਦਾ, “ਏਨੀ ਦੇਰ ਨੂੰ ਪਿੰਡ ਵਿਚੋਂ ਮੋਟਰ ਸਾਈਕਲ ਵਾਲੇ ਆਉਂਦੇ ਦਿਸੇ ਤਾਂ ਮੈਂ ਬਾਬੇ ਨੂੰ ਕਿਹਾ, ਬਾਬਾ ਤਕੜਾ ਹੋ ਕੇ ਪੈ ਨਿਕਲ।” ਬਾਬਾ ਮੋਟਰ ਸਾਈਕਲ ਨੂੰ ਸਾਹਮਣਾ ਆਪਣਾ ਖੂੰਡਾ ਲੈ ਕੇ ਰੋਕਣ ਲਈ ਖੜ੍ਹਾ ਹੋ ਗਿਆ। ਮੁੰਡੇ ਡਿਗਦੇ ਕਰਦੇ ਮੋਟਰ ਸਾਈਕਲ ਕੱਢਣ ਵਿਚ ਸਫਲ ਹੋ ਗਏ, ਪਰ ਬਾਬੇ ਨੇ ਮੋਟਰ ਸਾਈਕਲ ‘ਤੇ ਪਿੱਛੇ ਬੈਠੇ ਮੁੰਡੇ ਦੇ ਸਾਰੇ ਜ਼ੋਰ ਨਾਲ ਵਗਾਹ ਕੇ ਆਪਣਾ ਖੂੰਡਾ ਮਾਰਿਆ ਅਤੇ ਉਸ ਨੂੰ ਬਹੁਤ ਸੱਟ ਲੱਗ ਗਈ। ਉਸ ਨੇ ਬਾਬੇ ਨੂੰ ਕਿਹਾ ਕਿ ਅੱਜ ਤੋਂ ਬਾਅਦ ਇਹ ਮੁੰਡੇ ਤੁਹਾਡੇ ਪਿੰਡ ਚਿੱਟਾ ਵੇਚਣ ਨਹੀਂ ਵੜਨਗੇ। ਅਸੀਂ ਦੇਖ ਹੀ ਰਹੇ ਹਾਂ ਕਿ ਕਿਸ ਤਰ੍ਹਾਂ ਕਿਸਾਨਾਂ ਨੇ ਟੋਲ ਪਲਾਜ਼ੇ, ਰਿਲਾਇੰਸ ਪੈਟਰੋਲ ਪੰਪ, ਸ਼ਾਪਿੰਗ ਮਾਲ ਘੇਰ ਰੱਖੇ ਹਨ। ਅਜਿਹਾ ਏਕਾ ਕਰਕੇ ਪਿੰਡਾਂ, ਮੁਹੱਲਿਆਂ ਵਿਚ ਵਿਕਦੇ ਨਸ਼ੇ ਨੂੰ ਰੋਕ ਸਕਣਾ ਮੁਸ਼ਕਿਲ ਨਹੀਂ ਹੈ। ਜੇ ਲੋਕ ਤਕੜੇ ਹੋਣਗੇ, ਫਿਰ ਨੇਤਾ ਲੋਕ ਵੀ ਅਜਿਹੇ ਲੋਕਾਂ ਨੂੰ ਬਚਾਉਣ ਲਈ ਕੁਝ ਨਹੀਂ ਕਰ ਸਕਦੇ।
ਗੁਰੂ ਨਾਨਕ ਦੇਵ ਨੇ ਸਾਨੂੰ ਜਾਤ-ਪਾਤ, ਊਚ-ਨੀਚ ਦੇ ਭੇਦ ਭਾਵ ਮਿਟਾ ਕੇ ਇੱਕ ਹੋਣ ਦੀ ਜਾਚ ਦੱਸੀ। ਗੁਰੂ ਨਾਨਕ ਸਾਹਿਬ ਦਾ ਉਪਦੇਸ ਸਾਰੀ ਲੋਕਾਈ ਲਈ ਸਾਂਝਾ ਹੈ, ਜਿਸ ਨੇ ‘ਚਾਰਿ ਵਰਨਿ ਇਕੁ ਵਰਨੁ ਕਰਾਇਆ।’ ਗੁਰੂ ਨਾਨਕ ਨੇ ਭਾਈ ਮਰਦਾਨੇ ਨੂੰ ਉਸ ਦੀ ਉਮਰ ਦੇ ਆਖਰੀ ਪਲਾਂ ਤੱਕ ਆਪਣੇ ਨਾਲ ਰੱਖਿਆ ਅਤੇ ਮਲਿਕ ਭਾਗੋ ਵਰਗਿਆਂ ਦਾ ਤਿਆਗ ਕੀਤਾ ਤੇ ਭਾਈ ਲਾਲੋ ਵਰਗੇ ਕਿਰਤੀਆਂ ਪਾਸ ਟਿਕਾਣਾ ਕੀਤਾ। ਦਸਮ ਪਿਤਾ ਗੁਰੂ ਗੋਬਿੰਦ ਸਿੰਘ ਨੇ ਇੱਕੋ ਬਾਟੇ ਵਿਚੋਂ ਖੰਡੇ ਦੀ ਪਾਹੁਲ ਛਕਾ ਕੇ ਸਭ ਨੂੰ ਬਰਾਬਰ ਕੀਤਾ। ਗੁਰੂ ਦੇ ਲਾਡਲੇ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੇ ਜਾਗੀਰਦਾਰੀ ਪ੍ਰਬੰਧ ਤੋੜ ਕੇ ਹਲ-ਵਾਹਕਾਂ ਨੂੰ ਜ਼ਮੀਨਾਂ ਦੇ ਮਾਲਕ ਬਣਾ ਦਿੱਤਾ ਅਤੇ ਨੀਵੇਂ ਕਹੇ ਜਾਣ ਵਾਲਿਆਂ ਨੂੰ ਬਹਾਦਰੀ ਦੇ ਖਿਤਾਬਾਂ ਨਾਲ ਨਿਵਾਜਿਆ। ਸਾਡਾ ਵਿਰਸਾ ਬਹੁਤ ਤਕੜਾ ਅਤੇ ਗੁਰੂ ਦੀਆਂ ਬਖਸ਼ਿਸ਼ਾਂ ਨਾਲ ਭਰਪੂਰ ਹੈ, ਪਰ ਸਿਆਸਤਦਾਨਾਂ ਨੇ ਨਿੱਜੀ ਲਾਲਚਾਂ ਕਰਕੇ ਤਰ੍ਹਾਂ ਤਰ੍ਹਾਂ ਦੀਆਂ ਵੰਡੀਆਂ ਪਾ ਕੇ ਪੰਜਾਬ ਨੂੰ ਰੋਲ ਦਿੱਤਾ। ਨੌਜੁਆਨ ਅੱਗੇ ਆਉਣ, ਤਹੱਈਆ ਕਰਨ ਕਿ ਇੱਕ ਪਿੰਡ ਵਿਚ ਸਭ ਦਾ ਸਾਂਝਾ ਇੱਕੋ ਗੁਰਦੁਆਰਾ ਹੋਵੇ, ਇੱਕੋ ਸ਼ਮਸ਼ਾਨਘਾਟ ਹੋਵੇ। ਸਾਰੇ ਭਾਈਚਾਰੇ ਗੁਰੂ ਦੀ ਸਿੱਖਿਆ ਨੂੰ ਪੱਲੇ ਬੰਨ੍ਹ ਕੇ ਆਪਸ ਵਿਚ ਮਿਲ ਬੈਠ ਕੇ ਰਹਿਣ ਅਤੇ ਪਿੰਡਾਂ ਦੀ ਭਲਾਈ ਬਾਰੇ ਸੋਚਣ, ਆਪਣੇ ਪਿੰਡਾਂ ਦੇ ਵਿਕਾਸ ਵਿਚ ਯੋਗਦਾਨ ਪਾਉਣ।