ਕੈਨੇਡਾ ‘ਚ ਹੋ ਰਹੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ: ਕੁਝ ਨੁਕਤੇ ਕੁਝ ਵਿਚਾਰ

ਕੈਨੇਡਾ ਵਿਚ ਅਗਲੇ ਸਾਲ ਜੂਨ ਮਹੀਨੇ ਤਿੰਨ ਵਿਸ਼ਵ ਪੰਜਾਬੀ ਕਾਨਫਰੰਸਾਂ ਹੋ ਰਹੀਆਂ ਹਨ। ਇਹ ਕਾਨਫਰੰਸਾਂ ਵਿਸ਼ਵ ਭਰ ਵਿਚ ਫੈਲੇ ਪੰਜਾਬੀਆਂ ਦੇ ਯੋਗਦਾਨ ਬਾਰੇ ਹੋ ਰਹੀਆਂ ਹਨ ਪਰ ਉਹ ਕਿਹੜੇ ਕਾਰਨ ਜਾਂ ਮਸਲੇ ਹਨ ਜਿਨ੍ਹਾਂ ਕਰਕੇ ਕੈਨਡਾ ਵਿਚ ਐਤਕੀਂ ਇਕ ਨਹੀਂ, ਬਲਕਿ ਤਿੰਨ-ਤਿੰਨ ਵਿਸ਼ਵ ਪੰਜਾਬੀ ਕਾਨਫਰੰਸਾਂ ਦੀ ਨੌਬਤ ਆ ਗਈ ਹੈ। ਇਸ ਬਾਰੇ ਵਿਸਥਾਰ ਸਹਿਤ ਚਰਚਾ ਡਾ. ਹਰਕੰਵਲ ਕੋਰਪਾਲ ਨੇ ਆਪਣੇ ਇਸ ਲੇਖ ਵਿਚ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਇਨ੍ਹਾਂ ਕਾਨਫਰੰਸਾਂ ਦੇ ਪ੍ਰਬੰਧਕਾਂ ਲਈ ਕੁਝ ਸਵਾਲ ਵੀ ਛੱਡੇ ਹਨ।

-ਸੰਪਾਦਕ

ਡਾ. ਹਰਕੰਵਲ ਕੋਰਪਾਲ

ਅੱਜ ਜਦੋਂ ਪੂਰੇ ਸੰਸਾਰ ਦੀਆਂ ਨਜ਼ਰਾਂ ਕਰੋਨਾ ਮਹਾਂਮਾਰੀ ਤੋਂ ਮੁਕਤੀ ਲਈ ਵੈਕਸੀਨਾਂ ਦੇ ਟ੍ਰਾਇਲਾਂ ‘ਤੇ ਲੱਗੀਆਂ ਹੋਈਆਂ ਹਨ, ਤਾਂ ਕੈਨੇਡਾ ਦੇ ਸਭ ਤੋਂ ਵੱਡੀ ਆਬਾਦੀ ਵਾਲੇ, ਦੂਜੇ ਵੱਡੇ ਪ੍ਰੋਵਿੰਸ ਉਂਟਾਰੀਓ ਦੇ ਗ੍ਰੇਟਰ ਟੋਰਾਂਟੋ ਏਰੀਆ ਵਿਚ ਪੈਂਦੇ ਇਸ ਦੇ ਤੀਜੇ ਵੱਡੇ ਅਤੇ ਪ੍ਰਭਾਵੀ ਪੰਜਾਬੀ ਵਸੋਂ ਵਾਲੇ ਸ਼ਹਿਰ ਬਰੈਂਪਟਨ ਵਿਚ ਕੁਝ ਪੰਜਾਬੀ ਪੇਸ਼ਾਵਰ ਕਾਰੋਬਾਰੀ ਅਗਲੇ ਸਾਲ 2021 ਵਿਚ ਸਮਾਨਾਂਤਰ ਕਰਵਾਈਆਂ ਜਾਣ ਵਾਲੀਆਂ ਤਿੰਨ ਛੇਵੀਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਲਈ ਤਿਆਰੀਆਂ ਕਰ ਰਹੇ ਹਨ। ਇਨ੍ਹਾਂ ਕਾਨਫਰੰਸਾਂ ਦੇ ਪ੍ਰਬੰਧਕ ਵੈਬੀਨਾਰਾਂ (ਇੰਟਰਨੈੱਟ ਦੇ ਮਾਧਿਅਮ ਰਾਹੀਂ ਸੈਮੀਨਾਰ), ਵੈੱਬ ਚੈਨਲਾਂ, ਵ੍ਹੱਟਸਐਪ ਗਰੁੱਪਾਂ, ਫੇਸਬੁੱਕ ਪੋਸਟਾਂ, ਜ਼ੂਮ ਮੀਟਿੰਗਾਂ, ਡਾਕੂਮੈਂਟਰੀਆਂ ਅਤੇ ਅਖਬਾਰੀ ਖਬਰਸਾਜ਼ੀ ਜ਼ਰੀਏ ਹੁਣੇ ਤੋਂ ਆਪੋ-ਆਪਣੀਆਂ ਪ੍ਰਚਾਰ ਮੁਹਿੰਮਾਂ ਚਲਾ ਰਹੇ ਹਨ।
ਦਿਲਚਸਪ ਪਹਿਲੂ ਇਹ ਹੈ ਕਿ ਜੂਨ ਮਹੀਨੇ ਇਕੋ ਤਾਰੀਕ ਜਾਂ ਚਾਰ ਪੰਜ ਦਿਨਾਂ ਦੇ ਅੱਗੜ ਪਿੱਛੜ ਫਰਕ ਨਾਲ ਹੋਣ ਵਾਲੀਆਂ ਇਨ੍ਹਾਂ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਮੁੱਖ ਪ੍ਰਬੰਧਕ ਜਲੰਧਰ ਤੋਂ ਨਕੋਦਰ ਤੀਕ ਪੈਂਦੇ ਦੁਆਬੇ ਦੇ ਇਕੋ ਇਲਾਕੇ ਨਾਲ ਸੰਬੰਧਿਤ ਹਨ। ਤਿੰਨੇ ਪ੍ਰਬੰਧਕ ਹੀ ਇਥੇ 2017 ਦੀ ਚੌਥੀ ਵਿਸ਼ਵ ਪੰਜਾਬੀ ਕਾਨਫਰੰਸ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮਿਲੇ ਪੰਜ ਲੱਖ ਰੁਪਏ ਦੇ ਫੰਡ ਦੇ ਉਭਰੇ ਵਿਵਾਦ ਕਾਰਨ ਰਿਸ਼ਤਿਆਂ ਵਿਚ ਤ੍ਰੇੜਾਂ ਪੈਣ ਪਿੱਛੋਂ ਬਿਖਰਨ ਅਤੇ ਫਿਰ ਧੜੇਬੰਦੀਆਂ ਤੋਂ ਪਹਿਲਾਂ 2009 ਦੀ ਪਹਿਲੀ, 2011 ਦੀ ਦੂਜੀ ਅਤੇ 2015 ਦੀ ਤੀਜੀ ਵਿਸ਼ਵ ਪੰਜਾਬੀ ਕਾਨਫਰੰਸ ਸਮੇਂ ਇਕੋ ਮੰਚ ‘ਤੇ ਸਨ। ਤਿੰਨਾਂ ਦੀਆਂ ਰਿਸ਼ਤੇਦਾਰੀਆਂ ਸਾਕ-ਸਕੀਰੀਆਂ ਵੀ ਸੁਣੀਂਦੀਆਂ ਹਨ, ਬਲਕਿ ਤਿੰਨਾਂ ਵਿਚੋਂ ਦੋ ਤਾਂ ਨੇੜਲੇ ਰਿਸ਼ਤੇ ਵਿਚੋਂ ਭਰਾ ਭੈਣ ਹੀ ਦੱਸੇ ਜਾਂਦੇ ਹਨ। ਤਿੰਨੇ ਪ੍ਰਬੰਧਕ ਹੀ ਵਿਸ਼ਵ ਭਰ ਵਿਚ ਫੈਲੇ ਪੰਜਾਬੀਆਂ ਨੂੰ ਤਾਲਮੇਲ ਦਾ ਸਬਕ ਪੜ੍ਹਾਉਣ ਲਈ ਪੱਬਾਂ ਭਾਰ ਹਨ ਅਤੇ ਏਕਤਾ ਦੇ ਸੂਤਰ ਦੀ ਲੜੀ ਵਿਚ ਪਰੋਣ ਦੇ ਸੁਨੇਹੜੇ ਦੇ ਦਾਅਵੇਦਾਰ ਹਨ ਪਰ ਖੁਦ ਉਹ ਇਕਮੁੱਠ ਹੋ ਕੇ ਕਾਨਫਰੰਸ ਕਰਨ ਲਈ ਤਿਆਰ ਨਹੀਂ। ਇਸ ਤੋਂ ਪਹਿਲਾਂ ਕਿ ਅਸੀਂ 2017 ਵਿਚ ਚੌਥੀ ਕਾਨਫਰੰਸ ਮੌਕੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਮਿਲੇ ਪੰਜ ਲੱਖ ਰੁਪਏ ਫੰਡ ਬਾਰੇ ਕੋਈ ਚਰਚਾ ਕਰੀਏ, ਸਾਡੇ ਵਿਚਾਰ ਅਨੁਸਾਰ ਹੁਣ ਤਕ ਸੰਸਾਰ ਭਰ ਵਿਚ ਹੋਈਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਤਬਸਰਾ ਕਰਨਾ ਯੋਗ ਹੋਵੇਗਾ ਤਾਂ ਜੋ ਇਨ੍ਹਾਂ ਦੇ ਸੰਕਲਪ, ਅਮਲੀ ਨੁਹਾਰ, ਇਤਿਹਾਸ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ ਅਤੇ ਇਨ੍ਹਾਂ ਦੇ ਮਨੋਰਥ ਅਤੇ ਦਿਸ਼ਾ ਦ੍ਰਿਸ਼ਟੀ ਬਾਰੇ ਕੋਈ ਸੇਧ ਲਈ ਜਾ ਸਕੇ।
ਸਤੰਬਰ 1980 ਵਿਚ ਲੰਡਨ ਵਿਚ ਹੋਈ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਤੋਂ ਲੈ ਕੇ ਪਿਛਲੇ 40 ਵਰ੍ਹਿਆਂ ਦੌਰਾਨ ਸਮੇਂ ਸਮੇਂ ਭਾਰਤ, ਪਾਕਿਸਤਾਨ, ਕੈਨੇਡਾ, ਅਮਰੀਕਾ, ਇੰਗਲੈਂਡ, ਥਾਈਲੈਂਡ ਆਦਿ ਵਿਚ ਹੋਈਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਉਦੇਸ਼ਾਂ ਅਤੇ ਪ੍ਰਾਪਤੀਆਂ ਦਾ ਮੁਲੰਕਣ ਕਰੀਏ ਤਾਂ ਪਤਾ ਲਗਦਾ ਹੈ ਕਿ ਪ੍ਰਬੰਧਕਾਂ ਨੇ ਹਮੇਸ਼ਾ ਹੀ ਇਨ੍ਹਾਂ ਦਾ ਮਕਸਦ ਵਿਸ਼ਵ ਭਰ ਵਿਚ ਫੈਲੇ ਪੰਜਾਬੀ ਭਾਈਚਾਰੇ ਦਰਮਿਆਨ ਤਾਲਮੇਲ ਬਣਾਉਣਾ; ਮੇਲਜੋਲ ਵਧਾਉਣ ਲਈ ਪੁਲ ਬਣਾਉਣਾ; ਵਿਚਾਰਾਂ ਦੇ ਲੈਣ-ਦੇਣ ਰਾਹੀਂ ਸਦਭਾਵਨਾ ਤੇ ਪੰਜਾਬੀ ਏਕੇ ਨੂੰ ਮਜ਼ਬੂਤ ਕਰਨਾ; ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ, ਕਲਾ, ਸਿਨੇਮਾ, ਰੰਗਮੰਚ, ਖੇਡ ਜਗਤ, ਸਿੱਖਿਆ ਤੇ ਅਰਥਚਾਰੇ ਦੀ ਤਰੱਕੀ ਬਾਰੇ ਵਿਚਾਰਾਂ ਵਾਸਤੇ ਕੋਈ ਕੌਮਾਂਤਰੀ ਮੌਕਾ ਤੇ ਮੰਚ ਮੁਹੱਈਆ ਕਰਨਾ; ਪੰਜਾਬੀਆਂ ਦੀ ਵਿਸ਼ਵ ਪੱਧਰੀ ਪਛਾਣ, ਵਿਸ਼ੇਸ਼ ਪ੍ਰਾਪਤੀਆਂ, ਨੈਤਿਕ ਜੀਵਨ ਮੁੱਲਾਂ ਤੇ ਉਨ੍ਹਾਂ ਦੇ ਗਲੋਬਲੀ ਨਾਗਰਿਕ ਬਿੰਬ ਨੂੰ ਉਭਾਰਨਾ; ਪੰਜਾਬੀ ਡਾਇਸਪੋਰਾ ਦੇ ਚਲੰਤ ਮੁੱਦਿਆਂ, ਸਰੋਕਾਰਾਂ ਤੇ ਮਸਲਿਆਂ ਬਾਰੇ ਨਿੱਠ ਕੇ ਚਰਚਾ ਤੇ ਇਨ੍ਹਾਂ ਦੇ ਹੱਲ ਦੀ ਤਲਾਸ਼ ਕਰਨਾ ਅਤੇ ਪਰਵਾਸੀ ਪੰਜਾਬੀ ਚੇਤਨਾ ਦੇ ਵਿਹਾਰਕ ਪੈਟਰਨ ਨੂੰ ਉਤਰ ਆਧੁਨਿਕ ਪ੍ਰਸੰਗ ਵਿਚ ਸਮਝਣ ਦੇ ਨਾਲ ਨਾਲ ਪੰਜਾਬੀਅਤ ਦੇ ਦੇਸ਼ਾਂ ਦੇਸ਼ਾਂਤਰਾਂ ਤੀਕ ਖਿੰਡੇ ਗੁਣਾਤਮਕ ਵਰਕਿਆਂ ਨੂੰ ਏਕਤਾ ਦੇ ਸਿਧਾਂਤ-ਸੂਤਰ ਵਿਚ ਗੁੰਦਣਾ ਆਦਿ ਦੱਸਿਆ ਜਾਂਦਾ ਰਿਹਾ ਹੈ। ਯੂਨੀਵਰਸਿਟੀਆਂ ਜਾਂ ਵੱਡੀਆਂ ਵਿਦਿਅਕ ਸੰਸਥਾਵਾਂ ਵਿਚ ਹੁੰਦੀਆਂ ਵਿਧੀਵਤ ਵਿਸ਼ਵ ਪੰਜਾਬੀ ਕਾਨਫਰੰਸਾਂ ਭਾਵੇਂ ਕਿਸੇ ਹੱਦ ਤੀਕ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਦਰਪੇਸ਼ ਚੁਣੌਤੀਆਂ ਬਾਰੇ ਦਿਸ਼ਾ ਤੇ ਦ੍ਰਿਸ਼ਟੀ ਨੂੰ ਮਰਕਜ਼ ਵਿਚ ਰੱਖਣ ਵਿਚ ਸਫਲ ਹੋ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਸ਼ਾਨ ਤੇ ਮਰਿਆਦਾ ਬਰਕਰਾਰ ਰਹਿੰਦੀ ਹੈ ਪਰ ਪੰਜਾਬੀ ਮੁਆਸ਼ਰੇ ਦੇ ਪੈਸੇ ਤੇ ਵੱਕਾਰ ਪੱਖੋਂ ਸੰਪੂਰਨ, ਸਭਿਆਚਾਰਕ ਚੇਤਨਾ ਪੱਖੋਂ ਕੋਰੇ ਪਰ ਸਿਆਸੀ ਪੈਂਠ ਰੱਖਣ ਵਾਲੇ ਲੋਕ, ਜਿਨ੍ਹਾਂ ਅੰਦਰ ਸਪਾਂਸਰਾਂ ਅਤੇ ਪ੍ਰੋਮੋਟਰਾਂ ਨੂੰ ਕੀਲਣ ਦੀ ਸਮਰੱਥਾ ਹੁੰਦੀ ਹੈ, ਦੀ ਪ੍ਰਬੰਧਕੀ ਮਾਰ ਹੇਠ ਅਜਿਹੀਆਂ ਕਾਨਫਰੰਸਾਂ ਮਹਿਜ਼ ‘ਮੌਜ ਮੇਲੇ ਦੇ ਜਸ਼ਨ’, ‘ਆਓ ਭਗਤ ਦੇ ਮੇਲੇ’ ਜਾਂ ਕਾਰੋਬਾਰੀ ਕਿਸਮ ਦਾ ਨਿੱਜੀ ਲਘੁਤਮ ਮਹੱਤਮ ਕੱਢਣ ਦਾ ਵਸੀਲਾ ਬਣ ਜਾਂਦੀਆਂ ਹਨ। ਫਿਰ ਇਨ੍ਹਾਂ ਵਿਚ ਉਹੋ ਚਿਹਰੇ, ਉਹੋ ਮੁੱਦੇ, ਉਹੋ ਭਾਸ਼ਣ ਦਾ ਦੁਹਰਾਓ ਰਹਿੰਦਾ ਹੈ। ਕਈ ਵਾਰ ਫੰਡਾਂ ਦੇ ਵਿਵਾਦ ਦਾ ਚੱਕਰਵਾਤ ਅਚਨਚੇਤੀ ਉਠ ਖਲੋਂਦਾ ਹੈ। ਖੈਰ, ਵਿਸ਼ਵ ਪੰਜਾਬੀ ਕਾਨਫਰੰਸ ਦੇ ਇਤਿਹਾਸ ਦੀਆਂ ਮੁੱਢਲੀਆਂ ਦੋ ਤਿੰਨ ਕਾਨਫਰੰਸਾਂ ਤਾਂ ਲੇਖਕਾਂ ਲਈ ਵਿਦੇਸ਼ੀ ਵੀਜ਼ੇ ਲਵਾਉਣ, ਜਹਾਜ਼ ਦੇ ਝੂਟੇ ਲੈਣ, ਸੈਰ ਸਪਾਟਾ, ਦਾਅਵਤਾਂ ਦੇ ਵਿਅੰਜਨਾਂ ਦਾ ਲੁਤਫ ਲੈਣ ਦਾ ਵੱਧ ਵਸੀਲਾ ਸਮਝੀਆਂ ਜਾਂਦੀਆਂ ਰਹੀਆਂ ਹਨ।
ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਇਤਿਹਾਸ ਦਾ ਮੁੱਢ ਸਤੰਬਰ 1980 ਵਿਚ ਲੰਡਨ (ਇੰਗਲੈਂਡ) ਵਿਚ ਹੋਈ ਪਹਿਲੀ ਕਾਨਫਰੰਸ ਨਾਲ ਬੱਝਦਾ ਹੈ। ਇਸ ਦੀ ਰੂਪ-ਰੇਖਾ ਘੜਨ ਅਤੇ ਪਿਰਤ ਪਾਉਣ ਵਾਲੇ ਇਸ ਦੇ ਪ੍ਰਬੰਧਕੀ ਕਰਤਾ ਧਰਤਾ ਰਣਜੀਤ ਧੀਰ ਸਨ ਜੋ ਅੱਜ ਉਮਰ ਦੀ ਢਲ ਰਹੀ ਸ਼ਾਮ ‘ਤੇ ਵੀ ਸਭਿਆਚਾਰਕ ਅਤੇ ਸਿਆਸੀ ਤੌਰ ‘ਤੇ ਉਵੇਂ ਚੇਤਨਸ਼ੀਲ ਸਾਹਿਤ ਰਸੀਏ ਨਜ਼ਰ ਆਉਂਦੇ ਹਨ। ਪਹਿਲੀ ਕਾਨਫਰੰਸ ਵਿਚ ਭਾਵੇਂ ਸਰੋਤਿਆਂ ਦੀ ਨਿਗੂਣੀ ਹਾਜ਼ਰੀ ਸੀ ਪਰ ਭਾਰਤ ਤੋਂ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਪ੍ਰਿੰਸੀਪਲ ਸੰਤ ਸਿੰਘ ਸੇਖੋਂ, ਨਾਵਲਕਾਰ ਗੁਰਦਿਆਲ ਸਿੰਘ, ਸ਼ਾਇਰ ਐਸ਼ਐਸ਼ ਮੀਸ਼ਾ ਆਦਿ ਦੀ ਸ਼ਮੂਲੀਅਤ ਇਸ ਨੂੰ ਯਾਦਗਾਰੀ ਬਣਨ ਦਾ ਰੰਗ ਭਾਗ ਲਾ ਗਈ। ਡਾ. ਰਣਧੀਰ ਸਿੰਘ ਚੰਦ ਜੋ ਆਪ ਇਸ ਵਿਚ ਸ਼ਾਮਲ ਹੋਇਆ ਸੀ, ਨੇ ਇਸ ਨੂੰ ਆਪਣੇ ਪੱਤਰ ‘ਸੁਰਤਾਲ’ ਵਿਚ ਸਫਲ ਪਖੰਡ ਗਰਦਾਨਦਿਆਂ ਲਿਖਿਆ ਸੀ, “40-50 ਆਦਮੀਆਂ ਦੇ ਸਮਾਗਮਾਂ ਦੀ ਹਾਜ਼ਰੀ ਵਾਲੀ ਇਸ ਕਾਨਫਰੰਸ ਦੀਆਂ ਪ੍ਰਾਪਤੀਆਂ ਸੈਰ ਸਪਾਟਾ, ਮੌਜ ਮੇਲਾ, ਪ੍ਰਬੰਧਕਾਂ ਦੀ ਪਬਲੀਸਿਟੀ ਅਤੇ ਆਰਥਿਕ ਲਾਭ ਰਹੀਆਂ ਹਨ।” ਪ੍ਰਿੰਸੀਪਲ ਸੇਖੋਂ ਸਮੇਤ ਕਈ ਲੇਖਕਾਂ ਬਾਰੇ ਉਦੋਂ ਕਈ ਲਤੀਫੇ ਵੀ ਹਾਸੇ ਦੇ ਅਨਾਰ ਬਣ ਕੇ ਚੱਲਦੇ ਰਹੇ।
ਇਸ ਕਾਨਫਰੰਸ ਦੀ ਜੋ ਵੀ ਪ੍ਰਾਪਤੀ ਰਹੀ ਹੋਵੇ ਪਰ ਇਸ ਭਾਗਾਂ ਭਰੀ ਕਾਨਫਰੰਸ ਦੀ ਮਿਹਰ ਨਾਲ ਦੋ ਸਾਲ ਬਾਅਦ ਹੀ 1982 ਵਿਚ ਰਣਜੀਤ ਧੀਰ ਈਲਿੰਗ ਦੇ ਕੌਂਸਲਰ ਜ਼ਰੂਰ ਬਣ ਗਏ। ਫਿਰ 2001 ਵਿਚ ਉਹ ਮੇਅਰ ਵੀ ਹੋ ਗਏ ਅਤੇ 2015 ਵਿਚ ਉਨ੍ਹਾਂ ਦੀ ਪਤਨੀ ਮੇਅਰ ਦੀ ਕੁਰਸੀ ‘ਤੇ ਪੁੱਜ ਗਈ। ਪੰਜਾਬੀ ਪ੍ਰੇਮ ਨਾਲ ਛਿੜੀ ਸਿਆਸੀ ਵਾਰ ਧੀਰ ਨੂੰ ਇੰਨੀ ਰਾਸ ਆਈ ਕਿ 2017 ਵਿਚ ਰਾਣੀ ਐਲਿਜ਼ਬਥ ਦੂਜੀ ਨੇ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ। ਖੈਰ, ਰਣਜੀਤ ਧੀਰ ਤਾਂ ਇਸ ਦੇ ਯੋਗ ਹੀ ਸਨ ਪਰ ਉਨ੍ਹਾਂ ਦੀ ਰੀਸੇ ਤੁਰੇ ਅਮੀਨ ਮਲਿਕ ਨੇ ਜਦੋਂ ਜੂਨ 2002 ਵਿਚ ਇੰਗਲੈਂਡ ਅੰਦਰ ਅਜਿਹੀ ਕਾਨਫਰੰਸ ਕਰਵਾਈ ਤਾਂ ਕਾਨਫਰੰਸ ਦੇ ਦੂਜੇ ਦਿਨ ਸਫਲਤਾ ਦਾ ਆਨੰਦ ਮਾਣਦੇ ਅਤੇ ਦਾਰੂ ਪੀ ਕੇ ਢੋਲ ਦੇ ਡੱਗੇ ‘ਤੇ ਨੱਚਦੇ ਬੱਕਰੇ ਬੁਲਾਉਂਦੇ ਚਾਂਭਲੇ ਪੰਜਾਬੀਆਂ ਦੇ ਵਿਚਕਾਰ ਹੀ ਅਮੀਨ ਵਿਰੋਧੀਆਂ ਨੇ ਅਮੀਨ ਮਲਿਕ ਦਾ ਕੁਟਾਪਾ ਚਾੜ੍ਹ ਦਿੱਤਾ। ਇਸ ਕਾਂਡ ਕਰ ਕੇ ਪਾਕਿਸਤਾਨੀ ਸ਼ਾਇਰ ਇਕਬਾਲ ਕੈਸਰ ਨੂੰ ਜੇਲ੍ਹ ਦੀ ਹਵਾ ਵੀ ਖਾਣੀ ਪਈ ਸੀ।
ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ, ਸਾਬਕਾ ਐਮ.ਪੀ. ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਮੈਂਬਰ ਐਚ.ਐਸ਼ ਹੰਸਪਾਲ ਨੇ ਵੀ ਮੁੱਖ ਪ੍ਰਬੰਧਕ ਵਜੋਂ ਦੋ ਕਾਨਫਰੰਸਾਂ ਕਰਵਾਈਆਂ ਜਿਨ੍ਹਾਂ ਵਿਚੋਂ 1983 ਨੂੰ ਬੈਂਕਾਕ (ਥਾਈਲੈਂਡ) ਵਿਚ ਨਾਮਧਾਰੀ ਸੰਗਤ ਦੇ ਸਹਿਯੋਗ ਨਾਲ ਕਰਵਾਈ ਪਹਿਲੀ ਕਾਨਫਰੰਸ (ਇਸ ਵਿਚ ਨਾਮਧਾਰੀ ਗੁਰੂ ਜਗਜੀਤ ਸਿੰਘ ਵੀ ਸ਼ਾਮਿਲ ਸੀ) ਨੂੰ ਆਸ਼ਿਫ ਸ਼ਾਹਕਾਰ ਨੇ ‘ਅੱਧ-ਸਰਕਾਰੀ’ ਕਿਹਾ ਸੀ। ਉਨ੍ਹਾਂ ਵੱਲੋਂ 2018 ਵਿਚ ਚੰਡੀਗੜ੍ਹ ਵਿਚ ਕਰਵਾਈ ਗਈ ਦੂਜੀ ਕਾਨਫਰੰਸ ਨੂੰ ਇਸ ਲਿਹਾਜ਼ ਤੋਂ ਤਾਂ ‘ਪੂਰੀ ਸਰਕਾਰੀ’ ਮੰਨਿਆ ਜਾ ਸਕਦਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ ਨਾਲ ਹੋਈ ਇਸ ਕਾਨਫਰੰਸ ਲਈ ਪੰਜਾਬ ਆਰਟਸ ਕੌਂਸਲ ਦੇ ਪ੍ਰਧਾਨ ਡਾ. ਸੁਰਜੀਤ ਪਾਤਰ ਅਤੇ ਪਾਕਿਸਤਾਨੀ ਪੰਜਾਬ ਤੋਂ ਸਭਿਆਚਾਰਕ ਦੂਤ ਫਖਰ ਜ਼ਮਾਨ ਉਨ੍ਹਾਂ ਦੇ ਮੁੱਖ ਸਹਿਯੋਗੀ ਸਨ।
ਇਨ੍ਹਾਂ ਕਾਨਫਰੰਸਾਂ ਦੇ ਪ੍ਰਸੰਗ ਵਿਚ ਜ਼ਿਕਰਯੋਗ ਵੱਡੀ ਪੁਲਾਂਘ ਦਸੰਬਰ 1983 ਵਿਚ ਡਾ. ਵਿਸ਼ਵਨਾਥ ਤਿਵਾੜੀ ਵੱਲੋਂ 1982 ਵਿਚ ਰਾਜ ਸਭਾ ਮੈਂਬਰ ਬਣਨ ਦੇ ਇਕ ਸਾਲ ਬਾਅਦ ਕਰਵਾਈ ਕਾਨਫਰੰਸ ਮੰਨੀ ਜਾ ਸਕਦੀ ਹੈ। ਇਸ ਕਾਨਫਰੰਸ ਵਿਚ ਭਾਰਤ ਦੇ ਤਤਕਾਲੀ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅਤੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੋਵੇਂ ਸ਼ਾਮਿਲ ਸਨ। ਉਂਜ, ਇਸ ਕਾਨਫਰੰਸ ਦੇ ਸਾਲ ਬਾਅਦ 1984 ਵਿਚ ਪੰਜਾਬ ਯੂਨੀਵਰਸਿਟੀ ਵਿਚ ਹੀ ਕਿਸੇ ਅਣਪਛਾਤੇ ਸ਼ਖਸ ਨੇ ਗੋਲੀ ਮਾਰ ਕੇ ਉਨ੍ਹਾਂ ਦੀ ਹੱਤਿਆ ਕਰ ਦਿੱਤੀ।
ਪਾਕਿਸਤਾਨੀ ਪੰਜਾਬ ਵਿਚ ਹੋਈਆਂ ਕਾਨਫਰੰਸਾਂ ਦੀ ਚਰਚਾ ਕਰੀਏ ਤਾਂ ਵਰਲਡ ਪੰਜਾਬੀ ਕਾਂਗਰਸ ਨਾਂ ਦੇ ਸੰਗਠਨ ਦੀ 1984 ਵਿਚ ਕਾਇਮੀ ਪਿੱਛੋਂ 1986 ਨੂੰ ਲਾਹੌਰ ਵਿਚ ਪਹਿਲੀ ਵਿਸ਼ਵ ਪੰਜਾਬੀ ਕਾਨਫਰੰਸ ਕਰਵਾ ਕੇ ਪੰਜਾਬੀ ਲੇਖਕ ਤੇ ਸਿਆਸੀ ਆਗੂ ਫਖਰ ਜ਼ਮਾਨ ਨੇ ਇਸ ਦੀ ਮੋੜ੍ਹੀ ਗੱਡੀ। ਫਖਰ ਜ਼ਮਾਨ ਜੋ ਮਰਹੂਮ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੀ ਵਜ਼ਾਰਤ ਵਿਚ ਸਭਿਆਚਾਰਕ ਮਾਮਲਿਆਂ ਦੇ ਮੰਤਰੀ ਵੀ ਰਹੇ, ਨੇ ਭਾਰਤੀ ਪੰਜਾਬ ਦੇ ਆਪਣੇ ਮਿੱਤਰਾਂ ਮਰਹੂਮ ਡਾ. ਸੁਤਿੰਦਰ ਸਿੰਘ ਨੂਰ ਤੇ ਡਾ. ਦੀਪਕ ਮਨਮੋਹਨ ਸਿੰਘ ਜ਼ਰੀਏ ਭਾਰਤੀ ਪੰਜਾਬੀ ਲੇਖਕਾਂ ਨਾਲ ਆਪਣੇ ਰਾਬਤੇ ਦਾ ਤਾਣਾ ਬਾਣਾ ਮਜ਼ਬੂਤ ਕਰਦਿਆਂ 2001 ਤੋਂ ਫਰਵਰੀ 2020 ਤਕ ਲਗਾਤਾਰ ਕਾਨਫਰੰਸਾਂ ਦੀ ਲੜੀ ਜਾਰੀ ਰੱਖੀ। 1992 ਵਿਚ ਹੋਈ ਉਸ ਦੀ ਕਾਨਫਰੰਸ ਵਿਚ ਬੇਨਜ਼ੀਰ ਭੁੱਟੋ ਨੇ ਵੀ ਸ਼ਮੂਲੀਅਤ ਕੀਤੀ ਸੀ। 2005 ਵਿਚ ਉਸ ਦੀ ਕਰਵਾਈ 11ਵੀਂ ਕੌਮਾਂਤਰੀ ਪੰਜਾਬੀ ਕਾਨਫਰੰਸ ਇਸ ਪੱਖੋਂ ਅਹਿਮ ਸੀ। ਇਸ ਵਿਚ ਸ਼ਾਮਿਲ ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਚੌਧਰੀ ਪਰਵੇਜ਼ ਇਲਾਹੀ ਨੇ ਲਾਹੌਰ ਵਿਚ ਪੰਜਾਬੀ ਇੰਸਟੀਚਿਊਟ ਆਫ ਲੈਂਗੂਏਜ਼ ਐਂਡ ਕਲਚਰ ਖੋਲ੍ਹਣ ਦਾ ਐਲਾਨ ਕੀਤਾ ਜਦਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਟਿਆਲਾ ਵਿਚ ਵਰਲਡ ਪੰਜਾਬੀ ਸੈਂਟਰ ਦੀ ਸਥਾਪਨਾ ਦਾ ਐਲਾਨ ਕੀਤਾ ਸੀ। ਬਹਰਹਾਲ ਫਖਰ ਜ਼ਮਾਨ ਇਨ੍ਹਾਂ ਕਾਨਫਰੰਸਾਂ ਰਾਹੀਂ 15 ਦੇਸ਼ਾਂ ਤੋਂ ਡੈਲੀਗੇਟ ਸੱਦ ਕੇ ਭਾਰਤ ਪਾਕਿਸਤਾਨ ਸੰਬੰਧਾਂ ਦੇ ਸੁਖਾਵੇਂਪਨ ਲਈ ਸਮਝੌਤਾ ਐਕਸਪ੍ਰੈਸ ਦੀ ਬਹਾਲੀ, ਵੀਜ਼ਾ ਸ਼ਰਤਾਂ ਹੋਰ ਨਰਮ ਕਰਨ ਅਤੇ ਕੈਨੇਡਾ ਸਮੇਤ ਉਤਰੀ ਅਮਰੀਕਾ ਵਿਚ ਵੱਸਦੇ ਪੰਜਾਬੀਆਂ ਨੂੰ ਪੰਜਾਬੀ ਭਾਸ਼ਾ ਦੀ ਤਰੱਕੀ ਲਈ ਲਹਿਰ ਪੈਦਾ ਕਰਨ ਦਾ ਹੋਕਾ ਦਿੰਦੇ ਰਹਿੰਦੇ ਹਨ। ਫਖਰ ਜ਼ਮਾਨ ਤੋਂ ਇਲਾਵਾ ਡਾ. ਨਬੀਲਾ ਰਹਿਮਾਨ (ਮੁਖੀ, ਪੰਜਾਬੀ ਵਿਭਾਗ, ਯੂਨੀਵਰਸਿਟੀ ਆਫ ਪੰਜਾਬ, ਲਾਹੌਰ) ਦੁਨੀਆ ਦੀ ਪਹਿਲੀ ਔਰਤ ਹੈ ਜਿਸ ਨੇ ਲਾਹੌਰ ਵਿਚ ਨਿਰੋਲ ਆਪਣੇ ਦਮ ‘ਤੇ ਅਜਿਹੀ ਕਾਨਫਰੰਸ ਦਾ ਸੁਫਨਾ ਸਾਕਾਰ ਕੀਤਾ ਹੈ। ਇਕ ਹੋਰ ਪੰਜਾਬਣ ਲਾਹੌਰ ਦੀ ਡਾ. ਮੁਜਾਹਿਦ ਭੱਟ (ਮੁਖੀ, ਪੰਜਾਬੀ ਵਿਭਾਗ, ਵਿਮੈਨ ਕਾਲਜ ਯੂਨੀਵਰਸਿਟੀ, ਲਾਹੌਰ) ਹੈ ਜੋ ਆਪਣੇ ਵਸੀਲਿਆਂ ਨਾਲ ਤਿੰਨ ਕਾਨਫਰੰਸਾਂ ਕਰਵਾ ਚੁੱਕੀ ਹੈ। ਭਾਰਤੀ ਪੰਜਾਬ ਵਿਚ ਅਜਿਹੀ ਇਕ ਕਾਨਫਰੰਸ ਦੇ ਸੁਫਨੇ ਨੂੰ ਤਾਮੀਰ ਕਰਨ ਵਾਲੀ ਇਕੋ ਇਕ ਲੇਖਕਾ ਫਿਲਹਾਲ ਪੰਜਾਬੀ ਸਾਹਿਤ ਅਕਾਦਮੀ ਚੰਡੀਗੜ੍ਹ ਦੀ ਪ੍ਰਧਾਨ ਡਾ. ਸਰਬਜੀਤ ਕੌਰ ਸੋਹਲ ਹੈ ਜਿਸ ਨੇ ਐਚ.ਐਮ.ਵੀ. ਕਾਲਜ, ਜਲੰਧਰ ਵਿਚ ਪ੍ਰਿੰਸੀਪਲ ਅਜੈ ਸਰੀਨ ਨਾਲ ਰਲ ਕੇ ਕਰਵਾਈ ਸੀ।
ਅਮਰੀਕਾ ਵਿਚ ਹੋਈਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਵਿਚੋਂ 1997 ਵਿਚ ਮਿਲਵਾਕੀ ਦੀ ਯੂਨੀਵਰਸਿਟੀ ਆਫ ਵਿਸਕੌਨਸਿਨ ਵਿਚ ਹੋਈ ਪੰਜਵੀਂ ਕਾਨਫਰੰਸ ਜ਼ਿਕਰਯੋਗ ਹੈ ਜਿਸ ਵਿਚ ਆਸਟਰੇਲੀਆ, ਕੈਨੇਡਾ, ਇੰਗਲੈਂਡ, ਭਾਰਤ, ਪਾਕਿਸਤਾਨ ਆਦਿ ਤੋਂ 750 ਡੈਲੀਗੇਟ ਨੇ ਭਾਗ ਲਿਆ ਸੀ। ਜਾਰਜ ਬੁਸ਼ ਦੇ ਕਰੀਬੀ ਅਤੇ ਮਿਲਵਾਕੀ ਵਿਚ ਪੈਟਰੋਲ ਪੰਪਾਂ ਦੇ ਮਾਲਕ ਦਰਸ਼ਨ ਸਿੰਘ ਧਾਲੀਵਾਲ ਅਤੇ ਪੱਛਮੀ ਗੋਰੇ ਸਿੱਖ ਭਾਈਚਾਰੇ ਦੇ ਰਹਿਬਰ ਮਰਹੂਮ ਯੋਗੀ ਹਰਿਭਜਨ ਸਿੰਘ ਦੀ ਸਰਪ੍ਰਸਤੀ ਕਾਰਨ ਇਸ ਵਿਚ ਉਦੋਂ ਭਾਰਤੀ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ, ਵਿੱਤ ਮੰਤਰੀ, ਭਾਰਤੀ ਪਾਰਲੀਮੈਂਟ ਦੇ ਸਾਬਕਾ ਸਪੀਕਰ, ਵਿਸਕੌਨਸਿਨ ਦੇ 39ਵੇਂ ਗਵਰਨਰ ਮਾਰਟੀ ਸੈਚਰੀਬਰ ਸਮੇਤ ਅਮਰੀਕਾ ਦੀਆਂ ਕਈ ਰਾਜਸੀ ਕਾਰੋਬਾਰੀ ਹਸਤੀਆਂ ਸ਼ਾਮਿਲ ਹੋਈਆਂ ਸਨ। ਪ੍ਰਬੰਧਕਾਂ ਵਿਚ ਸ਼ਾਮਿਲ ਫੈਡਰਲ ਰਿਜ਼ਰਵ ਬੈਂਕ ਆਫ ਸ਼ਿਕਾਗੋ ਅਤੇ ਵਰਲਡ ਬੈਂਕ ਦੇ ਕੰਸਲਟੈਂਟ ਰਹੇ ਡਾ. ਸਵਰਨਜੀਤ ਸਿੰਘ ਅਰੋੜਾ ਅਨੁਸਾਰ, ਇਹ ਕਾਨਫਰੰਸ ਪਰਵਾਸੀ ਪੰਜਾਬੀਆਂ ਦੇ ਬੱਚਿਆਂ ਦੀ ਭਲਾਈ ਅਤੇ ਪੰਜਾਬ ਤੇ ਪੰਜਾਬੀਆਂ ਦੇ ਅਰਥਚਾਰੇ ਦੀ ਮਜ਼ਬੂਤੀ ਦੇ ਥੀਮ ‘ਤੇ ਕੇਂਦ੍ਰਿਤ ਸੀ। ਕੈਲੀਫੋਰਨੀਆ ਦੇ ਸਕੂਲਾਂ ਵਿਚ ਪੰਜਾਬੀ ਨੂੰ ਸਕੂਲੀ ਪਾਠਕ੍ਰਮਾਂ ਵਿਚ ਸ਼ਾਮਿਲ ਕਰਾਉਣ ਦੀ ਅਲਖ ਜਗਾਉਣ ਲਈ ਇਕ ਹੋਰ ਕਾਨਫਰੰਸ ਕੈਲੀਫੋਰਨੀਆ ਦੇ ਅਮੀਰ ਕਿਸਾਨ ਚਰਨਜੀਤ ਸਿੰਘ ਬਾਠ ਨੇ ਵੀ ਮੁੱਖ ਪ੍ਰਬੰਧਕ ਵਜੋਂ 2016 ਵਿਚ ਕਰਵਾਈ ਸੀ।
ਪਰਵਾਸੀ ਪੰਜਾਬੀ ਸਾਹਿਤ ਚਿੰਤਨ ਲਈ ਪ੍ਰਭਾਵੀ ਤਹਿਰੀਕ ਖੜ੍ਹੀ ਕਰਨ ਵਾਲੇ ਡਾ. ਸ਼ਪ. ਸਿੰਘ (ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ) ਦੀ ਪ੍ਰਬੰਧਕੀ ਨਿਰਦੇਸ਼ਨਾ ਹੇਠ 21 ਫਰਵਰੀ 2019 ਨੂੰ ਗੁਜਰਾਂਵਾਲਾ ਗੁਰੂ ਨਾਨਕ ਖਾਲਸ ਕਾਲਜ, ਲੁਧਿਆਣਾ ਵਿਖੇ ‘ਪਰਵਾਸੀ ਪੰਜਾਬ ਸਾਹਿਤ: ਗਲੋਬਲੀ ਪਰਿਪੇਖ’ ਦੇ ਵਿਸ਼ੇ ‘ਤੇ ਹੋਈ ਕਾਨਫਰੰਸ ਇਸ ਵਿਸ਼ੇ ‘ਤੇ ਕੌਮਾਂਤਰੀ ਮਾਹਿਰਾਂ ਦੀ ਹਾਜ਼ਰੀ ਕਾਰਨ ਮਹੱਤਵਪੂਰਨ ਰਹੀ। ਇਹ ਕਾਨਫਰੰਸ ਜਿਸ ਵਿਚ ਪ੍ਰੋ ਜਾਹਨ ਰੀਡ (ਮੁਖੀ, ਇੰਡੋ-ਕੈਨੇਡੀਅਨ ਇੰਸਟੀਚਿਊਟ, ਸੇਂਟ ਮੈਰੀ, ਯੂਨੀਵਰਸਿਟੀ, ਹੈਲੀਫੈਕਸ), ਡਾ. ਪ੍ਰਚੀ ਕੌਲ (ਪ੍ਰੋਫੈਸਰ, ਏਸ਼ੀਅਨ ਸਟੱਡੀਜ਼, ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ, ਕੈਨੇਡਾ), ਡਾ. ਰਾਣਾ ਨੱਈਅਰ ਅਤੇ ਪੰਜਾਬੀ ਭਵਨ, ਸਰੀ ਦੇ ਬਾਨੀ ਸੁੱਖੀ ਬਾਠ ਨੇ ਭਾਗ ਲਿਆ, ਵਿਚ ਪਰਵਾਸੀ ਪੰਜਾਬੀ ਸਾਹਿਤਕਾਰਾਂ ਲਈ 51 ਅਤੇ 31 ਹਜ਼ਾਰ ਦੇ ਦੋ ਐਵਾਰਡ ਵੀ ਸਥਾਪਤ ਕੀਤੇ ਗਏ। ਪੰਜਾਬ ਵਿਚ ਹੋਈਆਂ ਹੋਰ ਕਾਨਫਰੰਸਾਂ ਵਿਚੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਦਸੰਬਰ 2004 ਵਾਲੀ ਕਾਨਫਰੰਸ ਵੀ ਮਹੱਤਵਪੂਰਨ ਹੈ। ਸਰਕਾਰੀ ਸਰਪ੍ਰਸਤੀ ਹੇਠਲੀ ਇਸ ਕਾਨਫਰੰਸ ਵਿਚ ਭਾਰਤੀ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਾਕਿਸਤਾਨੀ ਪੰਜਾਬ ਦੇ ਮੁੱਖ ਮੰਤਰੀ ਪਰਵੇਜ਼ ਇਲਾਹੀ ਅਤੇ ਸੀ.ਪੀ.ਐਮ. ਦੇ ਜਨਰਲ ਸਕੱਤਰ ਮਰਹੂਮ ਕਾਮਰੇਡ ਹਰਿਕ੍ਰਿਸ਼ਨ ਸਿੰਘ ਸੁਰਜੀਤ ਸ਼ਾਮਲ ਸਨ। ਭਾਰਤ-ਪਾਕਿਸਤਾਨ ਦੇ ਸੁਖਾਵੇਂ ਸੰਬੰਧਾਂ ਲਈ ਪੰਜਾਬੀਅਤ ਨੂੰ ਵੱਡੇ ਆਧਾਰ ਦਾ ਵਾਹਨ ਦਰਸਾਉਣ ਵਾਲੀ ਇਸ ਕਾਨਫਰੰਸ ਵਿਚ ਪਹਿਲੀ ਵਾਰ ਸ਼ਾਹਮੁਖੀ ਲਿਪੀ ਨੂੰ ਗੁਰਮੁਖੀ ਲਿਪੀ ਅਤੇ ਗੁਰਮੁਖੀ ਲਿਪੀ ਨੂੰ ਸ਼ਾਹਮੁਖੀ ਵਿਚ ਬਦਲਣ ਲਈ ਸੌਫਟਵੇਅਰ ਤਿਆਰ ਕਰਨ ਦੇ ਮੁੱਦੇ ‘ਤੇ ਚਰਚਾ ਛਿੜੀ।
ਕਾਬਿਲ-ਏ-ਜ਼ਿਕਰ ਹੈ ਕਿ ਗੈਰ ਸਿੱਖ ਪੰਜਾਬੀ ਚਿਹਰਿਆਂ ਨੂੰ ਆਪਣੀ ਪਾਰਟੀ ਵਿਚ ਸ਼ਾਮਿਲ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਜਿਨ੍ਹਾਂ ਵਿਚ ਪ੍ਰਕਾਸ਼ ਸਿੰਘ ਬਾਦਲ ਅਤੇ ਹੁਣ ਸੁਖਬੀਰ ਸਿੰਘ ਬਾਦਲ ਮੋਹਰੀ ਹਨ, ਨੇ ਪੰਜਾਬੀ ਪ੍ਰਚਾਰ ਪਾਸਾਰ ਲਈ ਅਜਿਹੀਆਂ ਕਾਨਫਰੰਸਾਂ ਕਰਵਾਉਣ ਨੂੰ ਸੰਜੀਦਗੀ ਨਾਲ ਨਹੀਂ ਲਿਆ। ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਪ੍ਰਧਾਨਗੀ ਕਾਲ ਵੇਲੇ ਵਿਸ਼ਵ ਸਿੱਖ ਸੰਮੇਲਨ ਕਰਵਾਉਣ ਵਾਲੀ ਸ਼੍ਰੋਮਣੀ ਕਮੇਟੀ ਨੇ ਵਿਸ਼ਵ ਪੰਜਾਬੀ ਕਾਨਫਰੰਸ ਦਾ ਫੁਰਨਾ ਇਕ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਦੇ ਹੁੰਦਿਆਂ ਜ਼ਰੂਰ ਲਿਆ ਸੀ ਜਦੋਂ ਉਨ੍ਹਾਂ 5-7 ਫਰਵਰੀ 2016 ਨੂੰ ਫਤਿਹਗੜ੍ਹ ਸਾਹਿਬ ਵਿਚ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਸੀ ਪਰ ਇਹ ਨਾਮ-ਧਰੀਕ ਹੀ ਸੀ ਅਤੇ ਇਸ ਦਾ ਬਹੁਤੇਰਾ ਮੰਤਵ ਨਵੀਂ ਕਾਇਮ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਦਾ ਪ੍ਰਚਾਰ ਸੀ। ਖਾਲਸਾ ਕਾਲਜ ਪਟਿਆਲਾ ਨੇ ਵੀ ਪ੍ਰਿੰਸੀਪਲ ਡਾ. ਧਰਮਿੰਦਰ ਸਿੰਘ ਉਭਾ ਦੇ ਨਿਰਦੇਸ਼ਨ ਹੇਠ ਤਿੰਨ ਵਿਸ਼ਵ ਪੰਜਾਬੀ ਕਾਨਫਰੰਸਾਂ ਹੋਈਆਂ ਪਰ ਪੰਥ ਦੇ ਆਗੂ ਉਥੇ ਵੀ ਦਿਖਾਈ ਨਾ ਦਿੱਤੇ।
ਕੈਨੇਡਾ ਵਿਚ ਹੁਣ ਤਕ ਹੋਈਆਂ ਵਿਸ਼ਵ ਪੰਜਾਬੀ ਕਾਨਫਰੰਸਾਂ ਬਾਰੇ ਤਰਲੋਚਨ ਸਿੰਘ ਗਿੱਲ ਦੀ ਕਿਤਾਬ ‘ਅਮਰੀਕਾ ਕੈਨੇਡਾ ਤੇ ਪੰਜਾਬੀ’ ਵਿਚੋਂ ਪ੍ਰਾਪਤ ਵੇਰਵਿਆਂ ਅਨੁਸਾਰ ਪਹਿਲੀ ਕਾਨਫਰੰਸ 1982 ਵਿਚ ਓਟਾਵਾ ਅਤੇ ਦੂਜੀ 1990 ਵਿਚ ਟੋਰਾਂਟੋ ਵਿਚ ਹੋਈ ਸੀ। ਟੋਰਾਂਟੋ ਵਾਲੀ ਕਾਨਫਰੰਸ ਵਿਚ ‘ਹੁਣ’ ਦੇ ਬਾਨੀ ਸੰਪਾਦਕ ਮਰਹੂਮ ਅਵਤਾਰ ਜੰਡਿਆਲਵੀ, ਗਜ਼ਲਗੋ ਡਾ. ਜਗਤਾਰ, ਡਾ. ਮਹੀਪ ਸਿੰਘ ਅਤੇ ਦਿੱਲੀ ਤੋਂ ਪ੍ਰਸਿੱਧ ਪਬਲਿਸ਼ਰ ਭਾਪਾ ਪ੍ਰੀਤਮ ਸਿੰਘ ਵੀ ਸ਼ਾਮਿਲ ਹੋਏ ਸਨ। ਇਕ ਹੋਰ ਕਾਨਫਰੰਸ 28 ਜੂਨ ਤੋਂ 1 ਜੁਲਾਈ 2003 ਤਕ ਨੌਰਦਰਨ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ, ਪ੍ਰਿੰਸ ਜਾਰਜ ਵਿਚ ਹੋਣ ਦੇ ਵੇਰਵੇ ਵੀ ਮਿਲਦੇ ਹਨ ਜਿਸ ਵਿਚ .ਹeਦਿਲ ਿਠ’eਨਨeਹ ਾਂਰਿਸਟ ਂਅਟਿਨ ਦੇ ਲੀਡਰ ਰੇਨ ਸੇਈਮੋਰ ਨੇ ਪੰਜਾਬੀਆਂ ਨੂੰ ਆਪਣੀ ਭਾਸ਼ਾ, ਸਭਿਆਚਾਰਕ ਵਿਰਾਸਤ ਅਤੇ ਪਛਾਣ ਸੰਭਾਲਣ ਲਈ ਜ਼ੋਰ ਦਿੱਤਾ ਸੀ ਜਦਕਿ ਇੰਡਸਟ੍ਰੀਅਲ ਵੁੱਡ ਐਂਡ ਅਲਾਈਡ ਵਰਕਰਜ਼ ਯੂਨੀਅਨ ਦੇ ਤਤਕਾਲੀ ਪ੍ਰਧਾਨ ਫਰੈਂਕ ਈਵਰਿਟ ਨੇ ਲੱਕੜ ਦੇ ਕਿੱਤੇ ਨਾਲ ਪੰਜਾਬੀ ਕਾਮਿਆਂ ਦੇ ਇਥੇ ਦੇ ਜੀਵਨ ਸਫਰ ਆਰੰਭਣ ਨਾਲ ਜੋੜਦਿਆਂ ਪੰਜਾਬੀਆਂ ਦੀ ਘੁਮੱਕੜ ਪਰ ਉਦਮੀ ਪ੍ਰਵਿਰਤੀ ਦੀ ਸ਼ਲਾਘਾ ਕੀਤੀ ਸੀ। ਸਾਊਥ ਏਸ਼ੀਅਨ ਰੀਵਿਊ ਦੇ ਐਡੀਟਰ ਸੁੱਚਾ ਦੀਪਕ ਅਤੇ ਭੁਪਿੰਦਰ ਮੱਲ੍ਹੀ ਨੇ ਇਸ ਵਿਚ ਪੰਜਾਬੀ ਭਾਸ਼ਾ ਅਤੇ ਸੰਗੀਤ ਨੂੰ ਬਹੁਕੌਮੀ ਸਭਿਆਚਾਰ ਵਿਚ ਮਾਨਤਾ ਦਿਵਾਉਣ ਲਈ ਆਪਣੀਆਂ ਧਾਰਨਾਵਾਂ ਪੇਸ਼ ਕੀਤੀਆਂ ਸਨ। ਇਸ ਕਾਨਫਰੰਸ ਵਿਚ ਡਾ. ਮਨਜ਼ੂਰ ਏਜਾਜ਼, ਡਾ. ਸਵਰਾਜ ਸਿੰਘ, ਡਾ. ਰੌਣਕੀ ਰਾਮ, ਬਰਤਾਨੀਆ ਦੇ ਸ਼ਾਇਰ ਮਜ਼ਹਰ ਤਿਰਮਜ਼ੀ, ਕੈਨੇਡਾ ਤੋਂ ਸੁਰਿੰਦਰ ਧੰਜਲ ਆਦਿ ਵਿਦਵਾਨ ਸ਼ਾਮਿਲ ਸਨ।
ਆਓ ਹੁਣ 2021 ਵਿਚ ਜੂਨ ਮਹੀਨੇ ਬਰੈਂਪਟਨ ਵਿਚ ਹੋ ਰਹੀਆਂ ਤਿੰਨ ਸਮਾਨਾਂਤਰ ਛੇਵੀਆਂ ਵਿਸ਼ਵ ਪੰਜਾਬ ਕਾਨਫਰੰਸਾਂ ਦਾ ਜਾਇਜ਼ਾ ਲਈਏ। ਇਨ੍ਹਾਂ ਕਾਨਫਰੰਸਾਂ ਦੀ ਸ਼ੁਰੂਆਤ ਦਾ ਸੁਫਨਾ ਟੋਰਾਂਟੋ ਦੇ ਉਘੇ ਪੰਜਾਬੀ ਪੱਤਰਕਾਰ ਅਤੇ ‘ਅਜੀਤ’ ਵੀਕਲੀ ਦੇ ਸੰਪਾਦਕ ਡਾ. ਦਰਸ਼ਨ ਸਿੰਘ ਬੈਂਸ ਨੇ ਯੂਨੈਸਕੋ ਦੀ ਉਦੋਂ ਅਖਬਾਰਾਂ ਵਿਚ ਛਪੀ ਇਸ ਚਿੰਤਾਜਨਕ ਖਬਰ ਕਿ 2050 ਤੀਕ ਪੰਜਾਬੀ ਭਾਸ਼ਾ ਸੰਸਾਰ ਦੀਆਂ ਭਾਸ਼ਾਵਾਂ ਦੇ ਨਕਸ਼ੇ ਤੋਂ ਲੋਪ ਹੋ ਜਾਵੇਗੀ, ਨੂੰ ਮੁੱਖ ਰੱਖਦਿਆਂ ਲਿਆ ਸੀ। ਉਨ੍ਹਾਂ ਦੀ ਸੰਸਥਾ ਕਲਮ ਫਾਊਂਡੇਸ਼ਨ (ਕਲਮ ਲੈਂਗੂਏਜ਼ ਡਿਵਲਪਮੈਂਟ ਫਾਊਂਡੇਸ਼ਨ ਆਫ ਨਾਰਥ ਅਮਰੀਕਾ) ਦੇ ਬੈਨਰ ਹੇਠ 2009 ਉਨ੍ਹਾਂ ਦੀ ਸਰਪ੍ਰਸਤੀ ਅਧੀਨ ਟੋਰਾਂਟੋ ਵਿਚ ਪਹਿਲੀ ਕਾਨਫਰੰਸ ਹੋਈ। ਉਨ੍ਹਾਂ ਨੇ ਹੀ ਉਦੋਂ ਆਪਣੇ ਕਰੀਬੀ ਰਿਸ਼ਤੇਦਾਰ ਐਡਵੋਕੇਟ ਅਜਾਇਬ ਸਿੰਘ ਚੱਠਾ ਨੂੰ ਇਸ ਦਾ ਚੇਅਰਮੈਨ ਥਾਪਿਆ ਸੀ। 2011 ਵਿਚ ਹੋਈ ਕਾਨਫਰੰਸ ਸਮੇਂ ਵੀ ਡਾ. ਬੈਂਸ ਹੀ ਸਰਪ੍ਰਸਤ ਸਨ ਪਰ 2012 ਵਿਚ ਉਨ੍ਹਾਂ ਦੀ ਮੌਤ ਪਿੱਛੋਂ ਪ੍ਰਬੰਧਕਾਂ ਨੇ ਉਨ੍ਹਾਂ ਦੀ ਪਤਨੀ ਕੰਵਲਜੀਤ ਕੌਰ ਬੈਂਸ ਨੂੰ ਸਰਪ੍ਰਸਤ ਬਣਾ ਦਿੱਤਾ। ਇਸ ਪਿੱਛੋਂ 2015 ਦੀ ਕਾਨਫਰੰਸ ਤਾਂ ਸੁੱਖੀਂ-ਸਾਂਦੀ ਲੰਘੀ ਪਰ 2017 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਭੇਜੇ ਪੰਜ ਲੱਖ ਰੁਪਏ ਅਤੇ ਡੈਲੀਗੇਟਾਂ ਵਾਸਤੇ 98 ਅਟੈਚੀਕੇਸ ਨਾ ਮਿਲਣ ਦੇ ਵਿਵਾਦ ਕਾਰਨ ਸਰਪ੍ਰਸਤ, ਚੇਅਰਮੈਨ ਅਤੇ ਪ੍ਰਧਾਨ ਵਿਚਕਾਰ ਤ੍ਰੇੜਾਂ ਪੈ ਗਈਆਂ ਜੋ ਅਗਾਂਹ ਚੱਲ ਕੇ ਵੱਖਰੀਆਂ ਕਾਨਫਰੰਸਾਂ ਦਾ ਆਧਾਰ ਬਣ ਗਈਆਂ। ਪੰਜਾਬੀ ਦੇ ਵੱਡੇ ਅਖਬਾਰਾਂ ਵਿਚ ਉਦੋਂ ਇਹ ਖਬਰਾਂ ਛਪੀਆਂ ਸਨ ਕਿ ਕਾਨਫਰੰਸ ਦੇ ਪ੍ਰਧਾਨ (ਤਤਕਾਲੀ) ਗਿਆਨ ਸਿੰਘ ਕੰਗ ਨੇ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਭੇਜੇ ਪੰਜ ਲੱਖ ਰੁਪਏ ਪ੍ਰਾਪਤ ਨਾ ਹੋਣ ਕਾਰਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦਾ ਸੰਦੇਸ਼ ਕਾਨਫਰੰਸ ਦੌਰਾਨ ਟੀ.ਵੀ. ਸਕਰੀਨ ‘ਤੇ ਦਿਖਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਜਿਸ ‘ਤੇ ਪ੍ਰਬੰਧਕਾਂ ਦੀ ਤੂੰ-ਤੂੰ ਮੈਂ-ਮੈਂ ਹੋ ਗਈ।
ਜ਼ਿਕਰਯੋਗ ਹੈ ਕਿ ਸ਼੍ਰੋਮਣੀ ਕਮੇਟੀ ਨੇ ਇਸ ਫੰਡ ਬਾਰੇ 27 ਫਰਵਰੀ 2017 ਨੂੰ ਆਪਣਾ ਮਤਾ (ਨੰ. 420) ਪਾਸ ਕੀਤਾ ਸੀ। ਸ਼੍ਰੋਮਣੀ ਕਮੇਟੀ ਦੇ ਦੋ ਅਧਿਕਾਰੀ ਡਾ. ਪਰਮਜੀਤ ਸਿੰਘ ਸਰੋਆ ਅਤੇ ਹਰਭਜਨ ਸਿੰਘ ਮਨਾਵਾਂ ਤੋਂ ਇਲਾਵਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ ਦੇ ਪ੍ਰੋਫੈਸਰ ਡਾ. ਪਰਮਵੀਰ ਸਿੰਘ ਜੋ ਇਸ ਕਾਨਫਰੰਸ ਵਿਚ ਸ਼ਾਮਿਲ ਹੋਏ, ਨੇ ਇਹ ਦੱਸਿਆ ਕਿ ਕਾਨਫਰੰਸ ਦੇ ਚੇਅਰਮੈਨ ਅਜਾਇਬ ਸਿੰਘ ਚੱਠਾ ਦੀ ਸਿਫਾਰਸ਼ ‘ਤੇ ਧਰਮ ਪ੍ਰਚਾਰ ਕਮੇਟੀ ਦੇ ਐਲਾਨੇ ਪੰਜ ਲੱਖ ਦੇ ਫੰਡ ਵਿਚੋਂ 1 ਲੱਖ 70 ਹਜ਼ਾਰ 500 ਰੁਪਏ ਤਾਂ 98 ਅਟੈਚੀਕੇਸ ਡੈਲੀਗੇਟਾਂ ਨੂੰ ਵੰਡਣ ਲਈ ਕਾਨਫਰੰਸ ਦੇ ਮੀਡੀਆ ਇੰਚਾਰਜ ਡਾ. ਅਰਵਿੰਦਰ ਸਿੰਘ ਢਿੱਲੋਂ (ਜੋ ਹੁਣ ਸ੍ਰੀ ਚੱਠਾ ਦੇ ਪ੍ਰਬੰਧਕੀ ਕਾਫਿਲੇ ਵਿਚ ਕੋਆਰਡੀਨੇਟਰ ਹਨ) ਨੇ ਨਾਭੇ ਹੀ ਰੱਖ ਲਏ ਸਨ। ਵਿਅੰਗ ਦੀ ਗੱਲ ਇਹ ਹੈ ਕਿ ਇਹ ਸਾਰਾ ਮਾਮਲਾ ਉਦੋਂ ਅਖਬਾਰਾਂ ਵਿਚ ਆਉਣ ਦੇ ਬਾਵਜੂਦ ਨਾ ਤਾਂ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੋਈ ਜਾਂਚ ਕਰਵਾਈ ਅਤੇ ਨਾ ਹੀ ਕਾਨਫਰੰਸ ਦੇ ਪ੍ਰਬੰਧਕ ਸ੍ਰੀ ਚੱਠਾ ਨੇ ਹੀ ਕਿਸੇ ਜਾਂਚ ਰਾਹੀਂ ਸਚਾਈ ਤੋਂ ਪਰਦਾ ਖੋਲ੍ਹਿਆ। ਫਲਸਰੂਪ, ਸ੍ਰੀ ਚੱਠਾ ਦੀ ਚੇਅਰਮੈਨਸ਼ਿਪ ਵਾਲੀ ਕਾਨਫਰੰਸ ਤੋਂ ਵੱਖ ਹੁੰਦਿਆਂ ਇਸ ਦੀ ਪੂਰਬਲੀ ਸਰਪ੍ਰਸਤ ਅਜੀਤ ਵੀਕਲੀ ਦੀ ਕੰਵਲਜੀਤ ਕੌਰ ਬੈਂਸ ਅਤੇ ਇਸ ਦੇ ਪੂਰਬਲੇ ਪ੍ਰਧਾਨ ਗਿਆਨ ਸਿੰਘ ਕੰਗ ਨੇ 2019 ਵਿਚ ਅਲੱਗ ਅਲੱਗ ਕਾਨਫਰੰਸਾਂ ਕਰਵਾਉਣ ਦਾ ਡਮਰੂ ਖੜਕਾ ਦਿੱਤਾ।
2019 ਦੀ ਪਿਰਤ ਅਨੁਸਾਰ ਹੀ 2021 ਵਿਚ ਇਕੋ ਸਾਲ, ਇਕ ਮਹੀਨੇ ਅਤੇ ਇਕੋ ਸ਼ਹਿਰ (ਖੇਤਰ) ਵਿਚ ਹੋ ਰਹੀਆਂ ਤਿੰਨ ਧਿਰਾਂ ਦੀਆਂ ਤਿੰਨ ਕਾਨਫਰੰਸਾਂ ‘ਤੇ ਨਜ਼ਰ ਮਾਰੀਏ ਤਾਂ ਪੇਸ਼ੇ ਵਜੋਂ ਵਕੀਲ ਅਜਾਇਬ ਸਿੰਘ ਚੱਠਾ ਦੀ ਚੇਅਰਮੈਨਸ਼ਿਪ ਬਨਾਮ ਪ੍ਰਬੰਧਕੀ ਹੇਠ ਬਰੈਂਪਟਨ ਵਿਚ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ, ਕੈਨੇਡਾ ਅਤੇ ਜਗਤ ਪੰਜਾਬੀ ਸਭਾ (ਦੋਵਾਂ ਸੰਸਥਾਵਾਂ ਦੇ ਚੇਅਰਮੈਨ ਵੀ ਉਹੀ ਹਨ) ਵੱਲੋਂ 25 ਤੋਂ 27 ਜੂਨ ਤਕ ਹੋਣ ਵਾਲੀ ਕਾਨਫਰੰਸ ‘ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਵਿਦਿਅਕ ਪ੍ਰਣਾਲੀ: ਜਗਤ ਦ੍ਰਿਸ਼ਟੀਕੋਣ’ ਦੇ ਕੇਂਦਰੀ ਥੀਮ ‘ਤੇ ਨਿਸ਼ਚਿਤ ਕੀਤੀ ਗਈ ਹੈ। ਸਭ ਤੋਂ ਵੱਧ ਯੋਜਨਾਬੱਧ ਡਿਜ਼ੀਟਲ ਢੰਗ ਤਰੀਕੇ ਅਪਣਾ ਕੇ ਵੈਬੀਨਾਰਾਂ, ਜ਼ੂਮ ਮੀਟਿੰਗਾਂ, ਡਾਕੂਮੈਂਟਰੀਆਂ, ਫੇਸਬੁੱਕ ਪੋਸਟਾਂ ਆਦਿ ਰਾਹੀਂ ਕਾਨਫਰੰਸ ਦੇ ਪੱਖ ਵਿਚ ਤੂਫਾਨੀ ਪ੍ਰਚਾਰ ਮੁਹਿੰਮ ਚਲਾ ਰਹੇ ਸ੍ਰੀ ਚੱਠਾ ਨੇ ਪਿਛਲੇ ਡੇਢ ਮਹੀਨੇ ਦੌਰਾਨ ਛੇ ਵੈਬੀਨਾਰਾਂ ਦੀ ਲੜੀ ਚਲਾ ਕੇ ਪਿਛਲੀਆਂ 40 ਸਾਲਾਂ ਦੀਆਂ ਕੁਝ ਚਰਚਿਤ ਵਿਸ਼ਵ ਕਾਨਫਰੰਸਾਂ ਦੇ ਮੁੱਖ ਪ੍ਰਬੰਧਕਾਂ ਰਣਜੀਤ ਧੀਰ, ਐਚ.ਐਸ਼ ਹੰਸਪਾਲ, ਚਰਨਜੀਤ ਸਿੰਘ ਬਾਠ, ਡਾ. ਐਸ਼ਪੀ. ਸਿੰਘ, ਡਾ. ਨਬੀਲਾ ਰਹਿਮਾਨ, ਡਾ. ਧਰਮਿੰਦਰ ਸਿੰਘ ਉਭਾ ਅਤੇ ਫਖਰ ਜ਼ਮਾਨ ਦੇ ਕਰੀਬੀ ਸਹਿਯੋਗੀਆਂ ਨਾਲ ਸੰਵਾਦ ਰਚਾਇਆ ਅਤੇ ਉਨ੍ਹਾਂ ਦੇ ਪ੍ਰਬੰਧਕੀ ਅਨੁਭਵਾਂ ਤੇ ਕਾਨਫਰੰਸਾਂ ਦੀਆਂ ਪ੍ਰਾਪਤੀਆਂ ਨੂੰ ਫਰੋਲਦਿਆਂ ਇਸ ਵਿਚੋਂ ਆਪਣੀ ਕਾਨਫਰੰਸ ਦੇ ਆਸ਼ੇ, ਰੂਪ-ਰੇਖਾ ਅਤੇ ਦਿਸ਼ਾ ਦ੍ਰਿਸ਼ਟੀ ਘੜਨ ਦਾ ਯਤਨ ਕੀਤਾ ਹੈ। ਵੈਬੀਨਾਰਾਂ ਰਾਹੀਂ ਉਨ੍ਹਾਂ ਨੇ ਵਿਸ਼ਵ ਪੰਜਾਬੀ ਕਾਨਫਰੰਸਾਂ ਦੇ ਇਤਿਹਾਸ ਦੀ ਕਿਤਾਬੀ ਰਚਨਾ ਦੇ ਆਪਣੇ ਪ੍ਰਾਜੈਕਟ ਨੂੰ ਮੁਕੰਮਲ ਕਰਨ ਲਈ ਵੇਰਵੇ ਵੀ ਇਕੱਠੇ ਕੀਤੇ ਹਨ। ਵੱਖ-ਵੱਖ ਖੇਤਰਾਂ ਵਿਚ ਕੌਮਾਂਤਰੀ ਨਾਮਣਾ ਖੱਟਣ ਵਾਲੇ 101 ਪੰਜਾਬੀਆਂ ਨੂੰ ਸਨਮਾਨਤ ਕਰਨ ਦੀ ਤਜਵੀਜ਼ ਵੀ ਉਨ੍ਹਾਂ ਦੇ ਏਜੰਡੇ ‘ਤੇ ਹੈ। ਕਾਨਫਰੰਸ ਵਿਚ ਉਨ੍ਹਾਂ ਦੇ ਨੀਤੀ ਘਾੜਿਆਂ ਤੇ ਸਹਿਯੋਗੀਆਂ ਵਿਚ ਕਾਨੂੰਨ ਦੇ ਪ੍ਰੋਫੈਸਰ ਡਾ. ਦਲਜੀਤ ਸਿੰਘ, ਡਾ. ਸਵਿੰਦਰ ਸਿੰਘ ਗਿੱਲ (ਦੋਵੇਂ ਸਰਪ੍ਰਸਤ), ਕਾਨਫਰੰਸ ਦੇ ਪ੍ਰਧਾਨ ਰਵਿੰਦਰ ਸਿੰਘ ਕੰਗ, ਪਟਿਆਲਾ ਤੋਂ ਉਘੇ ਪੰਜਾਬੀ ਨਾਟਕਕਾਰ ਤੇ ਐਂਕਰ ਡਾ. ਸਤੀਸ਼ ਕੁਮਾਰ ਵਰਮਾ, ਕੋਆਰਡੀਨੇਟਰ ਡਾ. ਅਰਵਿੰਦਰ ਸਿੰਘ ਢਿੱਲੋਂ ਅਤੇ ਹਮਦਰਦ ਮੀਡੀਆ ਗਰੁੱਪ ਦੇ ਮਾਲਕ ਅਮਰ ਸਿੰਘ ਭੁੱਲਰ (ਮੀਡੀਆ ਪਾਰਟਨਰ) ਸ਼ਾਮਿਲ ਹਨ। ਡਾ. ਰਮਨੀ ਬਤਰਾ ਅਤੇ ਰਮਿੰਦਰ ਵਾਲੀਆ ਦੀ ਅਗਵਾਈ ਹੇਠ ਬੀਬੀਆਂ ਦਾ ਕਾਫਿਲਾ ਵੀ ਉਨ੍ਹਾਂ ਦੇ ਨਾਲ ਹੈ।
ਦੂਸਰੇ ਬੰਨੇ ਕਲਮ ਫਾਊਂਡੇਸ਼ਨ (ਕਲਮ ਲੈਂਗੂਏਜ਼ ਡਿਵਲਪਮੈਂਟ ਆਫ ਨਾਰਥ ਅਮਰੀਕਾ) ਦੇ ਬੈਨਰ ਹੇਠ ਅਤੇ ਅਜੀਤ ਵੀਕਲੀ ਨਿਊਜ਼ ਪੇਪਰ ਦੀ ਸੰਪਾਦਕ ਕੰਵਲਜੀਤ ਕੌਰ ਬੈਂਸ ਦੀ ਸਰਪ੍ਰਸਤੀ ਹੇਠ 18-19-20 ਜੂਨ ਨੂੰ ਹੋ ਰਹੀ ਕਾਨਫਰੰਸ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਹੈ। ਇਸ ਕਾਨਫਰੰਸ ਦੇ ਚੇਅਰਮੈਨ ਭੁਪਿੰਦਰ ਸਿੰਘ ਬਾਜਵਾ, ਪ੍ਰਧਾਨ ਜਸਬੀਰ ਸਿੰਘ ਬੋਪਾਰਾਏ, ਸਕੱਤਰ ਸੁਖਵਿੰਦਰ ਸਿੰਘ ਸਿੱਧੂ, ਬਰਤਾਨੀਆ ਤੋਂ ਕੋਆਰਡੀਨੇਟਰ ਮਨਜੀਤ ਖੁਰਮੀ ਹਿੰਮਤਪੁਰਾ, ਜਰਮਨੀ ਤੋਂ ਸਾਦੀਆ ਸਫਦਰ ਆਦਿ ਆਪਣੇ ਡੈਲੀਗੇਟਾਂ ਨਾਲ ਰਾਬਤਾ ਬਣਾ ਰਹੇ ਹਨ। ਕੰਵਲਜੀਤ ਕੌਰ ਬੈਂਸ ਨੇ ਕਿਹਾ ਕਿ ਕਾਨਫਰੰਸ ਦਾ ਇਕ ਦਿਨ ਗੁਰੂ ਤੇਗ ਬਹਾਦਰ ਜੀ ਦੇ ਸ਼ਹਾਦਤ ਦੇ ਸੰਕਲਪ ਅਤੇ ਉਨ੍ਹਾਂ ਦੇ ਬਾਣੀ ਸੰਦੇਸ਼ ਨੂੰ ਸਮਰਪਿਤ ਹੋਵੇਗਾ। ਦੂਜੇ ਦੋ ਦਿਨਾਂ ਦੌਰਾਨ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਨੂੰ ਦਰਪੇਸ਼ ਵਰਤਮਾਨ ਚੁਣੌਤੀਆਂ, ਪੰਜਾਬੀਆਂ ਦੀਆਂ ਵਿਸ਼ਵ ਪੱਧਰੀ ਪ੍ਰਾਪਤੀਆਂ ਦੇ ਲੇਖੇ ਜੋਖੇ ਅਤੇ ਪਰਵਾਸੀ ਪੰਜਾਬੀਆਂ ਦੇ ਸਰੋਕਾਰਾਂ ‘ਤੇ ਵਿਚਾਰ ਦੇ ਨਾਲ-ਨਾਲ ਕੈਨੇਡਾ ਦੇ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਦੇ ਪ੍ਰਬੰਧਾਂ ਨੂੰ ਸੰਭਵ ਬਣਾਉਣ ਦੇ ਮੁੱਦਿਆਂ ਬਾਰੇ ਵਿਚਾਰ ਹੋਵੇਗੀ। ਕਾਨਫਰੰਸਾਂ ਦੇ ਪ੍ਰਭਾਵ ਲਈ ਇਨ੍ਹਾਂ ਦੇ ਏਕੀਕਰਨ ਬਾਰੇ ਪੁੱਛਣ ‘ਤੇ ਉਨ੍ਹਾਂ ਕਿਹਾ ਕਿ ਇਨ੍ਹਾਂ ਵਿਸ਼ਵ ਪੰਜਾਬੀ ਕਾਨਫਰੰਸਾਂ ਦਾ ਸੁਫਨਾ ਉਨ੍ਹਾਂ ਦੇ ਮਰਹੂਮ ਪਤੀ ਡਾ. ਦਰਸ਼ਨ ਸਿੰਘ ਬੈਂਸ ਨੇ ਲਿਆ ਸੀ, ਇਸ ਲਈ ਉਹ ਉਨ੍ਹਾਂ ਦੀ ਸੋਚ ਦੀ ਜੋਤ ਨੂੰ ਪ੍ਰਚੰਡ ਰੱਖਣਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਪਤੀ ਦੀ ਮੌਤ ਪਿੱਛੋਂ ਕਾਨਫਰੰਸ ਵਿਚ ਸ਼੍ਰੋਮਣੀ ਕਮੇਟੀ ਦੇ ਫੰਡ ਦਾ ਵਿਵਾਦ ਉਠਣ ਅਤੇ ਕੁਝ ਅਹੁਦੇਦਾਰਾਂ ਵਲੋਂ ਹਓਮੈ, ਨਿੱਜੀ ਮੁਫਾਦਾਂ ਦੀ ਸਿੱਧੀ ਅਤੇ ਆਸ਼ੇ ਨੂੰ ਲਾਂਭੇ ਕਰ ਦੇਣ ਆਦਿ ਦੇ ਕਾਰਨਾਂ ਕਾਰਨ ਹੀ ਉਹ ਮਜਬੂਰੀ ਵਸ ਵੱਖਰੀ ਕਾਨਫਰੰਸ ਦੇ ਰਾਹ ਪਏ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਹੋਰ ਦੇਸ਼ਾਂ ਤੋਂ ਬੁਲਾਏ ਜਾਣ ਵਾਲੇ ਡੈਲੀਗੇਟਾਂ ਨੂੰ ਉਹ ਸਪਾਂਸਰਸ਼ਿਪ ਤਾਂ ਭੇਜਣਗੇ ਅਤੇ ਕੈਨੇਡੀਅਨ ਦੂਤਾਵਾਸ ਨੂੰ ਇਸ ਬਾਰੇ ਸੂਚਨਾ ਪੱਤਰ ਵੀ ਲਿਖਣਗੇ ਪਰ ਵੀਜ਼ੇ ਲਵਾਉਣ ਦੀ ਜ਼ਿੰਮੇਵਾਰੀ ਡੈਲੀਗੇਟਾਂ ਦੀ ਖੁਦ ਹੋਵੇਗੀ।
ਚੰਗੇ ਕਾਰੋਬਾਰੀ ਅਤੇ ਡਿਕਸੀ ਗੁਰਦੁਆਰੇ ਨੇੜੇ ਬਿਜਲੀ ਦੇ ਸਾਮਾਨ ਦੇ ਵੱਡੇ ਸਟੋਰ ਦੇ ਮਾਲਕ ਗਿਆਨ ਸਿੰਘ ਕੰਗ ਦੀ ਚੇਅਰਮੈਨਸ਼ਿਪ ਅਧੀਨ 18 ਤੋਂ 20 ਜੂਨ ਤਕ ਹੋ ਰਹੀ ਤੀਜੀ ਕਾਨਫਰੰਸ ਵੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਸ਼ਹੀਦੀ ਪੁਰਬ ਨੂੰ ਸਮਰਪਿਤ ਦੱਸੀ ਜਾ ਰਹੀ ਹੈ। ਉਨ੍ਹਾਂ ਦੀ ਕਾਨਫਰੰਸ ਦੇ ਨੀਤੀ ਘਾੜਿਆਂ ਅਤੇ ਮੁੱਖ ਸਹਿਯੋਗੀਆਂ ਵਿਚ ਡਾ. ਕੰਵਲਜੀਤ ਸਿੰਘ ਲਾਲੀ ਕਿੰਗ, ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਬਿੰਦਰਾ ਅਤੇ ਸ੍ਰੀਮਤੀ ਸੁਰਜੀਤ ਕੌਰ ਸਮੇਤ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਨਾਲ ਜੁੜੇ ਕਈ ਨਾਮਵਰ ਲੇਖਕ ਹਨ। ਮੁੱਦੇ ਉਨ੍ਹਾਂ ਦੇ ਵੀ ਲਗਭਗ ਸ੍ਰੀਮਤੀ ਬੈਂਸ ਦੇ ਧੜੇ ਵਾਲੀ ਕਾਨਫਰੰਸ ਵਾਲੇ ਹਨ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਮਹਾਨ ਸ਼ਹਾਦਤ ਅਤੇ ਉਨ੍ਹਾਂ ਦਾ ਮਨੁੱਖਤਾ ਨੂੰ ਰਾਹ ਦਿਖਾਉਂਦਾ ਬਾਣੀ ਸੰਦੇਸ਼, ਕਾਨਫਰੰਸ ਦੇ ਕੇਂਦਰੀ ਥੀਮ ਹੋਣਗੇ ਕਿਉਂਕਿ ਉਨ੍ਹਾਂ ਦੀ ਸ਼ਹਾਦਤ ਸਹਿ-ਹੋਂਦ ਦੇ ਸਿਧਾਂਤ ਦੀ ਜ਼ਾਮਨ ਹੈ ਅਤੇ ਨਿਰਭੈਤਾ ਤੇ ਨਿਰਭਉ ਦੀ ਤਰਜਮਾਨੀ ਦਾ ਇਹ ਵੱਡਾ ਸਾਕਾ ਪਾਰ-ਸੰਪਰਦਾਇਕ ਦ੍ਰਿਸ਼ਟੀ ਨੂੰ ਹੋਰ ਵਸੀਹ ਕਰਨ ਅਤੇ ਪੰਜਾਬੀਆਂ ਦੇ ਗਲੋਬਲ ਏਕੇ ਨੂੰ ਨਵੇਂ ਪਸਾਰ ਦੇਣ ਵਾਲਾ ਹੈ। ਕਾਨਫਰੰਸਾਂ ਦੇ ਏਕੀਕਰਨ ਬਾਰੇ ਉਨ੍ਹਾਂ ਕਿਹਾ, “ਏਕਤਾ ‘ਤੇ ਕੋਈ ਉਜ਼ਰ ਨਹੀਂ। ਸ੍ਰੀਮਤੀ ਕੰਵਲਜੀਤ ਬੈਂਸ ਨਾਲ ਤਾਂ ਉਨ੍ਹਾਂ ਦੀ ਇਸ ਮਾਮਲੇ ‘ਤੇ ਗੱਲਬਾਤ ਵੀ ਚੱਲ ਰਹੀ ਹੈ ਪਰ ਸ੍ਰੀ ਅਜਾਇਬ ਸਿੰਘ ਚੱਠਾ ਨਾਲ ਸਾਂਝੀ ਕਾਨਫਰੰਸ ਨਾਲ ਏਕਤਾ ਲਈ ਕੋਈ ਸੰਭਾਵਨਾ ਨਹੀਂ ਕਿਉਂਕਿ ਜਦੋਂ ਮੈਂ 2017 ਦੀ ਕਾਨਫਰੰਸ ਮੌਕੇ ਸ਼੍ਰੋਮਣੀ ਕਮੇਟੀ ਦੇ ਪੰਜ ਲੱਖ ਫੰਡ ਵਾਲਾ ਮੁੱਦਾ ਉਠਾਇਆ ਸੀ ਤਾਂ ਉਦੋਂ ਸ੍ਰੀ ਚੱਠਾ ਨੇ ਚੇਅਰਮੈਨ ਵਜੋਂ ਸਥਿਤੀ ਸਪਸ਼ਟ ਨਹੀਂ ਕੀਤੀ।” ਉਹ ਜ਼ੋਰ ਦੇ ਕੇ ਕਹਿੰਦੇ ਹਨ ਕਿ ਸ੍ਰੀ ਚੱਠਾ ਦੀ ਸਪਸ਼ਟ ਬਿਆਨੀ ਇਸ ਲਈ ਜ਼ਰੂਰੀ ਹੈ ਕਿਉਂਕਿ ਪ੍ਰੋ. ਬਡੂੰਗਰ ਨੇ ਫੰਡ ਦਾ ਐਲਾਨ ਵੀ ਉਨ੍ਹਾਂ ਦੀ ਮੌਜੂਦਗੀ ਵਿਚ ਪਟਿਆਲੇ ਕਿਸੇ ਸਮਾਗਮ ‘ਤੇ ਕੀਤਾ ਸੀ। ਉਨ੍ਹਾਂ ਕਿਹਾ ਕਿ ਜੇਕਰ ਪ੍ਰਬੰਧਾਂ ਵਿਚ ਪਾਰਦਰਸ਼ਤਾ ਤੇ ਦਿਆਨਤਦਾਰੀ ਨਹੀਂ ਰਹੇਗੀ ਤਾਂ ਕਾਨਫਰੰਸ ਦਾ ਮੰਤਵ ਅਤੇ ਆਦਰਸ਼ ਉਚਾ ਸੁੱਚਾ ਨਹੀਂ ਰਹਿ ਸਕਦਾ।
ਇਨ੍ਹਾਂ ਕਾਨਫਰੰਸਾਂ ਨੂੰ ਲੈ ਕੇ ਕੈਨੇਡਾ ਦੇ ਪੰਜਾਬੀ ਲੇਖਕਾਂ ਵਿਚ ਘੁਸਰ ਮੁਸਰ ਹੋ ਰਹੀ ਹੈ। ਕੈਨੇਡਾ ਦੇ ਪ੍ਰਸਿੱਧ ਕਵੀ, ਨਾਟਕਕਾਰ ਤੇ ਕਹਾਣੀਕਾਰ ਰਵਿੰਦਰ ਰਵੀ ਦਾ ਕਹਿਣਾ ਹੈ, “ਕਾਨਫਰੰਸਾਂ ਇਕ ਹੋਣ ਨਾਲ ਥੀਮ ਦੀ ਸ਼ਿੱਦਤ ਅਤੇ ਪ੍ਰਭਾਵ ਉਸਰਦੇ ਹਨ। ਕਾਨਫਰੰਸ ਦੇ ਕੇਂਦਰੀ ਥੀਮ ਨੂੰ ਖਿਲਰਨ ਤੋਂ ਬਚਾਉਣ ਲਈ ਪੇਸ਼ ਹੋਣ ਵਾਲੇ ਖੋਜ ਪੱਤਰਾਂ ਬਾਰੇ ਪਹਿਲਾਂ ਸਰਵੇ ਕਰ ਲੈਣਾ ਜ਼ਰੂਰੀ ਹੈ।” ‘ਸੰਵਾਦ’ ਮੈਗਜ਼ੀਨ ਦੇ ਸੰਪਾਦਕ ਤੇ ਸ਼ਾਇਰ ਸੁਖਿੰਦਰ ਦੀ ਵਿਅੰਗਮਈ ਟਿੱਪਣੀ ਇਸ ਮਜ਼ਮੂਨ ਦੇ ਦੁੰਮਛੱਲੇ ਵਜੋਂ ਪੇਸ਼ ਹੈ, “ਤਿੰਨ ਨਹੀਂ ਜੀ, ਘੱਟੋ-ਘੱਟ 10 ਕਾਨਫਰੰਸਾਂ ਤਾਂ ਹੋਣੀਆਂ ਚਾਹੀਦੀਆਂ ਹਨ ਤਾਂ ਜੋ ਇਸੇ ਬਹਾਨੇ 100 ਲੇਖਕ ਤਾਂ ਘੱਟੋ-ਘੱਟ ਭਾਰਤ ਤੋਂ ਕੈਨੇਡਾ ਸੈਰ ਲਈ ਆ ਸਕਣ। ਬਾਕੀ ਜੇ ਇਹ ਪੁੱਛੋ ਕਿ ਇਨ੍ਹਾਂ ਕਾਨਫਰੰਸਾਂ ਵਿਚੋਂ ਕੀ ਨਿਕਲਦਾ ਹੈ ਤਾਂ ਇਨ੍ਹਾਂ ਵਿਚੋਂ ਨਿਕਲਦਾ ਹੈ- ਪੀਜ਼ਾ, ਤੰਦੂਰੀ ਮੱਛੀ, ਬਰਬੀਕਿਊ ਚਿਕਨ, ਬੱਕਰੇ ਦਾ ਮੀਟ, ਬੀਅਰ, ਵਾਈਨ, ਵਧੀਆ ਵਿਸਕੀ।”