ਬਿਰਧ ਆਸ਼ਰਮ ਦੀ ਹੂਕ

ਲਖਬੀਰ ਸਿੰਘ ਮਾਂਗਟ
ਫੋਨ: 917-932-6439
ਬਣੀ ਆਦਤ ਕਰਕੇ ਰਾਤੀਂ ਪਿਸ਼ਾਬ ਕਰਨ ਜਦ ਉਠਣ ਲੱਗਿਆ ਤਾਂ ਮੱਥਾ ਕੰਧ ਵਿਚ ਲੱਗਿਆ। ਮੈਨੂੰ ਕੰਧ ਮੰਜੇ ਤੋਂ ਥੱਲੇ ਨਾ ਉਤਰਨ ਦੇਵੇ। ਬਲਬ ਜਗਾਉਣ ਦੀ ਸੋਚੀ ਤਾਂ ਬੈੱਡ ਸਵਿਚ ਨਾ ਲੱਭੇ, ਜੋ ਮੇਰੇ ਪੋਤੇ ਨੇ ਮੇਰੀ ਸੌਖ ਲਈ ਮੇਰੇ ਮੰਜੇ ਦੇ ਕੋਲ ਨੂੰ ਲਮਕਾ ਦਿੱਤੀ ਸੀ। ਮੈਨੂੰ ਲੱਗਿਆ, ਮੈਂ ਸੁਪਨੇ ਵਿਚ ਕਿਧਰੇ ਹੋਰ ਪਿਆ ਹਾਂ। ਮੈਂ ਆਪਣੇ ਆਪ ਨੂੰ ਝੰਜੋੜਿਆ, ਮੂੰਹ ਉਤੇ ਦੋਵੇਂ ਹੱਥ ਕਈ ਵਾਰ ਫੇਰੇ। ਥੋੜ੍ਹੀ ਸੁਰਤ ਫੜੀ ਤਾਂ ਮੈਂ ਵੇਖਿਆ ਇਸ ਕਮਰੇ ਦੀ ਤਾਂ ਖਿੜਕੀ ਵੀ ਮੇਰੇ ਸਾਹਮਣੇ ਨਹੀਂ, ਸਗੋਂ ਪਿਛਲੇ ਪਾਸੇ ਹੈ; ਖਿੜਕੀ ਵਿਚੋਂ ਆ ਰਹੇ ਚਾਨਣ ਨਾਲ ਮੈਂ ਜਾਣਿਆ ਕਿ ਕਮਰੇ ਵਿਚ ਦੋ ਹੋਰ ਮੰਜਿਆਂ ‘ਤੇ ਵੀ ਕੋਈ ਸੁੱਤੇ ਹੋਏ ਸਨ। ਹੁਣ ਮੈਨੂੰ ਪਤਾ ਲੱਗ ਗਿਆ ਕਿ ਮੈਂ ਸੱਚਮੁਚ ਹੀ ਕਿਧਰੇ ਹੋਰ ਸੁੱਤਾ ਹੋਇਆ ਸਾਂ।

ਇਹ ਸੁਪਨਾ ਨਹੀਂ, ਹਕੀਕਤ ਹੈ। ਮੈਨੂੰ ਇਹ ਵੀ ਖਿਆਲ ਆਇਆ ਕਿ ਸ਼ਾਇਦ ਮੈਂ ਕਿਸੇ ਰਿਸ਼ਤੇਦਾਰੀ ਵਿਚ ਨਾ ਆਇਆ ਹੋਵਾਂ, ਪਰ ਇਹ ਸੋਚ ਵੀ ਛੇਤੀ ਹੀ ਉੜ ਗਈ, ਜਦ ਸਾਰਾ ਕੁਝ ਵਾਪਰਿਆ ਘਟਨਾਕ੍ਰਮ ਮੈਨੂੰ ਯਾਦ ਆਇਆ। ਪਿਸ਼ਾਬ ਕਰਨ ਜਾਣ ਦੀ ਮੇਰੇ ਵਿਚ ਸੱਤਿਆ ਹੀ ਨਾ ਬਚੀ। ਮੇਰਾ ਸਿਰ ਮੈਥੋਂ ਸੰਭਾਲਿਆ ਨਾ ਜਾਵੇ ਤੇ ਮੈਂ ਮੁੜ ਮੰਜੇ ਵਿਚ ਢੇਰੀ ਹੋ ਗਿਆ। ਬਾਕੀ ਸਾਰੀ ਰਾਤ ਨੀਂਦ ਮੇਰੇ ਨੇੜੇ ਨਾ ਫਟਕੀ। ਕਈ ਦਿਨ ਮੇਰੇ ਨਾਲ ਇਸੇ ਤਰ੍ਹਾਂ ਵਾਪਰਿਆ ਤੇ ਮੈਂ ਕੰਧ ਵਾਲੇ ਪਾਸੇ ਹੀ ਮੰਜੇ ਤੋਂ ਉਤਰਨ ਲਈ ਉਠਦਾ ਰਿਹਾ।
ਉੱਠ ਖੜ੍ਹ ਬਾਈ, ਚਾਹ ਦਾ ਟਾਈਮ ਹੋ ਗਿਆ। ਹੁਣ ਤੱਕ ਮੈਂ ਅਸਲੀਅਤ ਨੂੰ ਮੰਨਣ ਦੇ ਆਪਣੇ ਆਪ ਨੂੰ ਕਾਬਲ ਕਰ ਲਿਆ ਸੀ। ਬੇਸ਼ਕ ਉਠਣ ਲੱਗੇ ਮੈਂ ਇਹ ਜਾਹਰ ਕਰਨਾ ਚਾਹਿਆ ਕਿ ਮੈਂ ਠੀਕ ਠਾਕ ਹਾਂ, ਪਰ ਉਨ੍ਹਾਂ ਦੇ ਇਹ ਬੋਲ, ‘ਕੋਈ ਨਾ ਬਾਈ, ਇਹ ਸਾਰਾ ਕੁਝ ਸਾਡੇ ਨਾਲ ਵੀ ਵਾਪਰਿਆ, ਹੌਸਲਾ ਰੱਖ’ ਨੇ ਮੇਰਾ ਹਉਕਾ ਕਢਾ ਹੀ ਦਿੱਤਾ। ਉਹ ਦੋਵੇਂ ਮੇਰੇ ਮੰਜੇ ‘ਤੇ ਆ ਬੈਠੇ। ਉਹ ਮੈਨੂੰ ਧਰਵਾਸ ਦਿੰਦੇ ਦਿੰਦੇ ਚਾਹ ਪੀਣ ਆਪਣੇ ਨਾਲ ਲੈ ਗਏ। ‘ਹਾਏ ਓ ਰੱਬਾ! ਮੰਜੇ ਦੀ ਚਾਹ ਵੀ ਛੁੱਟ’ਗੀ।’ ਦਿਲ ਦੀ ਕੂਕ ਦਿਲ ਵਿਚ ਹੀ ਦਬ ਗਈ।
ਛੇਤੀ ਹੀ ਮੈਂ ਜਾਣ ਗਿਆ ਕਿ ਇਥੇ ਜਿੰਨੇ ਵੀ ਬਜੁਰਗ ਹਨ, ਸਾਰੇ ਉਪਰੋਂ ਤਾਂ ਦਿਖਣ ਨੂੰ ਬੜੇ ਖੁਸ਼ ਨਜ਼ਰ ਆਉਂਦੇ ਨੇ, ਪਰ ਸੱਚਾਈ ਬਿਲਕੁਲ ਹੀ ਉਲਟ ਹੈ। ਸਭ ਘਰਾਂ ਨੂੰ ਓਦਰੇ ਪਏ ਨੇ। ਇਸ ਦਾ ਪਹਿਲਾ ਚਾਨਣ, ਜੋ ਸਿਰਫ ਮੈਂ ਹੀ ਵੇਖ ਸਕਿਆ ਸਾਂ, ਪਹਿਲੀ ਵਾਰ ਅੰਦਰ ਵੜਨ ਲੱਗਿਆ, ਉਹ ਮੈਨੂੰ ਕਦੇ ਵੀ ਭੁੱਲ ਨਹੀਂ ਸਕਦਾ। ਜਿੰਨੇ ਵੀ ਬਿਰਧ ਨਵੇਂ ਆਏ ਬੰਦੇ ਨੂੰ ਵੇਖਣ ਲਈ ਜਾਂ ਕਹਿ ਲਉ ਮੇਰੇ ਸੁਆਗਤ ਲਈ ਖੜ੍ਹੇ ਸਨ, ਦਿਖਦੇ ਤਾਂ ਖੁਸ਼ ਸਨ, ਪਰ ਸਭ ਦੀਆਂ ਅੱਖਾਂ ਵਿਚ ਤੈਰਦਾ ਪਾਣੀ ਵੀ ਮੈਂ ਮਹਿਸੂਸ ਕਰ ਲਿਆ ਸੀ। ਇਹ ਸਿਰਫ ਮੈਨੂੰ ਹੀ ਨਹੀਂ, ਸਗੋਂ ਹਰ ਉਸ ਬਿਰਧ ਨੂੰ ਦਿਖਦਾ ਸੀ, ਜੋ ਪਹਿਲੀ ਵਾਰ ਆਪਣੀਆਂ ਲੱਤਾਂ ਨੂੰ ਧੂੰਹਦਾ ਹੋਇਆ ਇਥੇ ਅਣਮੰਨੇ ਮਨ ਨਾਲ ਗੇਟ ਦੇ ਅੰਦਰ ਪੈਰ ਰੱਖਦਾ ਸੀ ਅਤੇ ਉਸ ਦੇ ਕਾਲਜੇ ਦੀਆਂ ਤੰਦਾਂ ਘਰ ਦੀਆਂ ਕੰਧਾਂ ਨਾਲੋਂ ਕੜੱਕ ਕੜੱਕ ਕਰਕੇ ਟੁੱਟਦੀਆਂ ਸਨ। ਜੇ ਤੁਹਾਨੂੰ ਯਕੀਨ ਨਹੀਂ ਤਾਂ ਕਦੇ ਉਨ੍ਹਾਂ ਦੀਆਂ ਅੱਖਾਂ ਥਾਣੀ ਦਿਲ ਵਿਚ ਝਾਕ ਕੇ ਵੇਖਣਾ ਜਾਂ ਫਿਰ ਉਨ੍ਹਾਂ ਦੀ ਜਗ੍ਹਾ ਆਪਣੇ ਆਪ ਦਾ ਤਸੱਵਰ ਕਰਕੇ ਵੇਖਣਾ, ਸੱਚਾਈ ਪਤਾ ਲੱਗ ਜਾਵੇਗੀ। ਬਿਰਧ ਆਸ਼ਰਮ ਦੀਆਂ ਸੁੱਖ ਸਹੂਲਤਾਂ ਤੁਹਾਡਾ ਘਰ ਨਾਲੋਂ ਮੋਹ ਨਹੀਂ ਤੋੜ ਸਕਦੀਆਂ; ਇਹ ਇਥੇ ਵਸਦੇ ਬੁੱਤਾਂ ਦੇ ਦਿਲ ਵਿਚ ਉਤਰ ਕੇ ਹੀ ਵੇਖਿਆ ਜਾ ਸਕਦਾ ਹੈ ਕਿ ਉਹ ਘਰ ਨੂੰ ਕਿੰਨੇ ਤਰਸਦੇ ਰਹਿੰਦੇ ਨੇ। ਇਸ ਉਦਰੇਵੇਂ ਨੂੰ ਨਾ ਤਾਂ ਬਿਰਧ ਆਸ਼ਰਮ ਦੇ ਬਾਹਰ ਲਿਖੇ ਸੁਆਗਤੀ ਸ਼ਬਦ ਅਤੇ ਨਾ ਹੀ ਆਸ਼ਰਮ ਦੇ ਅੰਦਰ ਸਜਾਵਟ ਲਈ ਲੱਗੇ ਫੁੱਲ ਬੂਟੇ ਕਿਸੇ ਤਰੀਕੇ ਘਟਾ ਸਕਦੇ ਨੇ।
ਮੈਨੂੰ ਲੱਗਿਆ, ਮੈਂ ਕੋਈ ਸੁਪਨਾ ਵੇਖ ਰਿਹਾ ਹਾਂ, ਪਰ ਇਹ ਤਾਂ ਹਕੀਕਤ ਸੀ। ਥੋੜ੍ਹਾ ਥੋੜ੍ਹਾ ਹਨੇਰਾ ਹੋ ਗਿਆ ਸੀ, ਜਦ ਮੈਨੂੰ ਇਥੇ ਬਿਰਧ ਆਸ਼ਰਮ ਵਿਚ ਦਾਖਲ ਕਰਾਇਆ ਗਿਆ। ਮੇਰੇ ਨਾਮ ਦਾ ਇੱਕ ਫਾਰਮ ਭਰਿਆ ਗਿਆ, ਜਿਸ ਉਪਰ ਮੇਰੇ ਵੱਡੇ ਪੁੱਤਰ ਨੇ ਦਸਤਖਤ ਕੀਤੇ। ਰਜਿਸਟਰ ਵਿਚ ਮੇਰਾ ਨਾਮ ਦਰਜ ਕੀਤਾ ਗਿਆ। ਮੈਨੂੰ ਯਾਦ ਆਇਆ, ਇਵੇਂ ਮੇਰਾ ਬਾਪ ਮੈਨੂੰ ਪਿੰਡ ਦੇ ਸਕੂਲੇ ਕੱਚੀ ਪਹਿਲੀ ਵਿਚ ਦਾਖਲ ਕਰਾ ਕੇ ਆਇਆ ਸੀ। ਫਰਕ ਸਿਰਫ ਇੰਨਾ ਕੁ ਹੀ ਆ ਕਿ ਬਾਪ ਨੇ ਸਵੇਰ ਦੇ ਚਾਨਣ ਵਿਚ ਦਾਖਲ ਕਰਾਇਆ ਸੀ ਤੇ ਪੁੱਤ ਨੇ ਸ਼ਾਮ ਦੇ ਘੁਸਮੁਸੇ ਵਿਚ। ਮੇਰੇ ਵਰਗੇ ਅਨੇਕਾਂ ਨਰ-ਨਾਰੀਆਂ ਇਥੇ ਸਨ। ਸਾਰੇ ਮੇਰੇ ਨਾਲ ਗੱਲਾਂ ਕਰ ਰਹੇ ਸਨ, ਬਸ ਕਹਿਣ ਨੂੰ। ਮੈਨੂੰ ਲੱਗਿਆ ਇਹ ਸਿਖਾਈਆਂ ਹੋਈਆਂ ਗੱਲਾਂ ਹੀ ਕਰ ਰਹੇ ਨੇ ਤਾਂ ਕਿ ਨਵਾਂ ਆਇਆ ਪਿੱਛੇ ਨੂੰ ਯਾਦ ਨਾ ਕਰੇ, ਸਗੋਂ ਉਸ ਨੂੰ ਭੁੱਲਣਾ ਸ਼ੁਰੂ ਕਰ ਦੇਵੇ। ਰੋਟੀ ਦਾ ਟਾਈਮ ਹੋਇਆ, ਸਾਰੇ ਕਹਿਣ ਲੱਗੇ, ‘ਚਲੋ ਬਈ ਚਲੋ’, ਪਰ ਮੇਰੀ ਭੁੱਖ ਤਾਂ ਘਰੋਂ ਚਲਦੇ ਸਾਰ ਹੀ ਮਰ ਗਈ ਸੀ। ਮੈਂ ਆਪਣੇ ਬਿਸਤਰੇ ਵਿਚ ਜਾ ਕੇ ਘੁਸ ਗਿਆ। ਜ਼ਿੰਦਗੀ ਦੇ ਪੁਰਾਣੇ ਤੋਂ ਪੁਰਾਣੇ ਦ੍ਰਿਸ਼ ਮੇਰੀਆਂ ਅੱਖਾਂ ਅੱਗੇ ਆਈ ਜਾਣ ਤੇ ਜਾਈ ਜਾਣ। ਮੇਰੇ ਮਾਪਿਆਂ ਨੇ ਚਾਰ ਕੁੜੀਆਂ ਬਾਅਦ ਸੁੱਖਾਂ ਸੁੱਖ ਸੁੱਖ ਹੋਏ ਪੁੱਤ ਨੂੰ ਪਤਾ ਨਹੀਂ ਕਿੰਨੇ ਚਾਵਾਂ ਨਾਲ ਪਾਲਿਆ ਹੋਵੇਗਾ। ਜੇ ਕਿਤੇ ਉਨ੍ਹਾਂ ਨੂੰ ਮੇਰੇ ਇਥੇ ਹੋਣ ਬਾਰੇ ਪਤਾ ਲੱਗ ਜਾਵੇ ਤਾਂ ਉਹ ਜਿਸ ਵੀ ਦੁਨੀਆਂ ਵਿਚ ਨੇ, ਥਾਂਏਂ ਮਰ ਜਾਣਗੇ; ਪਰ ਮੇਰੇ ਤਿੰਨੇ ਪੁੱਤ ਜਿਉਂਦੇ ਨੇ। ਬੱਚਿਆਂ ਵਾਲੇ ਨੇ। ਚਲੋ ਕਦੇ ਤਾਂ ਪੁੱਤਾਂ ਨੂੰ ਮੇਰੀ ਸੋਚ ਸਮਝ ਆਏਗੀ ਹੀ। ਮੈਨੂੰ ਇਹ ਸਮਝ ਨਹੀਂ ਆਈ ਕਿ ਜੇ ਬੁੱਢਾ ਬੰਦਾ ਕੰਮ ਕਰਨਯੋਗ ਨਹੀਂ ਰਹਿੰਦਾ ਤਾਂ ਉਹ ਘਰ ਵਿਚ ਵਾਧੂ ਦਾ ਭਾਰ ਕਿਉਂ ਲੱਗਣ ਲੱਗ ਜਾਂਦਾ ਹੈ? ਕਿਹਾ ਜਮਾਨਾ ਆ ਗਿਆ, ਬੁੱਢੇ ਬੰਦਿਆਂ ਤੇ ਬੁੱਢੇ ਡੰਗਰਾਂ ਵਿਚ ਕੋਈ ਫਰਕ ਨਹੀਂ ਰਹਿ ਗਿਆ। ਡੰਗਰਾਂ ਲਈ ਸ਼ਾਲਾਵਾਂ ਤੇ ਮਨੁੱਖਾਂ ਲਈ ਆਸ਼ਰਮ! ਮੇਰੇ ਬਾਬੇ ਅਤੇ ਬਾਪ ਨੇ ਤਾਂ ਬੁੱਢੇ ਹੋਏ ਬਲਦਾਂ ਤੋਂ ਕਦੇ ਝੁੱਲ ਵੀ ਨਹੀਂ ਸੀ ਉਤਰਨ ਦਿੱਤਾ। ਸੁਪਨਮਈ ਸੱਚਾਈ ਦੇ ਨਾਲ ਘੁਲਦਿਆਂ ਕਦੋਂ ਅੱਖ ਲੱਗੀ ਪਤਾ ਹੀ ਨਹੀਂ ਲੱਗਾ।
ਮੇਰੀ ਦੂਜੇ ਹੀ ਦਿਨ ਇਕ ਆਪਣੇ ਹਾਣੀ ਨਾਲ ਗੱਲਬਾਤ ਚਲ ਰਹੀ ਸੀ। ਭਰਾ ਆਪਣੇ ਕਮਰੇ ਵਿਚ ਤਾਂ ਸ਼ੀਸ਼ਾ ਹੀ ਨਹੀਂ ਹੈ, ਸਵੇਰੇ ਨਹਾ ਕੇ ਆਇਆ ਤਾਂ ਸ਼ੀਸ਼ਾ ਵੇਖਣ ਨੂੰ ਦਿਲ ਕੀਤਾ। ਉਸ ਆਖਿਆ ਕਿ ਸ਼ੀਸ਼ਾ ਤਾਂ ਸੀ, ਪਰ ਅਸੀਂ ਲਾਹ ਦਿੱਤਾ, ਮਤਾਂ ਆਪਣਾ ਮਸੋਸਿਆ ਜਿਹਾ ਮੂੰਹ ਵਿਖ ਜਾਵੇ। ਨਾਲੇ ਆਪਾਂ ਕਿਹੜਾ ਕਿਧਰੇ ਵਾਂਢੇ ਜਾਣੈ। ਮੈਂ ਮੂੰਹ ਦੂਜੇ ਪਾਸੇ ਨੂੰ ਕਰਕੇ ਅੱਖਾਂ ਦਾ ਪਾਣੀ ਪੂੰਝਿਆ ਤੇ ਸੋਚਿਆ ਕੀ ਇਹ ਕੱਲ੍ਹ ਵਾਲਾ ਬੰਦਾ ਹੀ ਹੈ, ਜੋ ਮੈਨੂੰ ਹੌਸਲਾ ਦਿੰਦਾ ਸੀ। ਸਿਰ ‘ਤੇ ਬੰਨ੍ਹੇ ਪਰਨੇ ਨੂੰ ਖੋਲ੍ਹ ਕੇ ਸਿਰ ਤੇ ਦਾੜ੍ਹੀ ਵਿਚ ਕੰਘਾ ਕੀਤਾ। ਪਰਨਾ ਮੂੰਹ ‘ਤੇ ਚੰਗੀ ਤਰ੍ਹਾਂ ਫੇਰਿਆ ਤੇ ਸਿਰ ‘ਤੇ ਲਪੇਟ ਲਿਆ। ਫਿਰ ਅੱਖਾਂ ਵਿਚ ਪਾਣੀ ਆਉਂਦਾ ਮਹਿਸੂਸ ਕਰ ਮੈਂ ਜਲਦੀ ਨਾਲ ਮੰਜੇ ‘ਤੇ ਮੂੰਹ ਦੂਜੇ ਪਾਸੇ ਨੂੰ ਕਰਕੇ ਲਿਟ ਗਿਆ। ਸ਼ਾਇਦ ਭਰਾ ਵੀ ਮੇਰੀ ਹਾਲਤ ਸਮਝ ਗਿਆ ਸੀ, ਉਹ ਵੀ ਚੁੱਪ ਕਰ ਗਿਆ। ਇਹ ਮੇਰੇ ਦਿਲ ਨੂੰ ਪਹਿਲਾ ਹਲੂਣਾ ਸੀ।
ਕਾਰ ਵਿਚੋਂ ਉੱਤਰ ਅੰਦਰ ਵੜਦੇ ਸਮੇਂ ਬੇਸ਼ਕ ਮੈਂ ਨੀਵੀਂ ਪਾਈ ਹੋਈ ਸੀ ਤੇ ਮੇਰਾ ਮੂੰਹ ਵੀ ਕਾਫੀ ਢਕਿਆ ਹੋਇਆ ਸੀ, ਪਰ ਗੇਟ ‘ਤੇ ਲਿਖੇ ਹੋਏ ਸੁਆਗਤੀ ਸ਼ਬਦ ਪਤਾ ਨਹੀਂ ਮੇਰੇ ਮੱਥੇ ਵਿਚ ਕੀਕਣ ਚਲੇ ਗਏ ਸਨ। ਮੈਂ ਆਪਣੇ ਆਪ ਨੂੰ ਹੀ ਗਾਲ੍ਹ ਕੱਢ ਕੇ ਲਾਹਨਤ ਦੇਣ ਤੋਂ ਰੁਕ ਨਾ ਸਕਿਆ। ਪਤੰਦਰਾ ਤੂੰ ਆਪਦਾ ਵੰਸ਼ ਕਾਹਦੇ ਲਈ ਵਧਾਇਆ ਸੀ, ਜੇ ਤੇਰਾ ਸੁਆਗਤ ਇਥੇ ਹੀ ਹੋਣਾ ਸੀ। ਬਿਨਾ ਸ਼ੱਕ ਇਥੇ ਸਭ ਸੁਖ ਸਹੂਲਤਾਂ ਨੇ, ਸ਼ਾਨਦਾਰ ਕਮਰਾ ਹੈ, ਪਰ ਮੇਰਾ ਨਹੀਂ ਹੈ। ਵਧੀਆ ਮੰਜਾ ਬਿਸਤਰਾ ਹੈ, ਪਰ ਉਸ ਵਿਚ ਬਾਹਰਲੀ ਬੈਠਕ ਦੇ ਮੰਜੇ ਵਾਲਾ ਆਰਾਮ ਨਹੀਂ ਹੈ। ਬਹੁਤ ਵਧੀਆ ਖਾਣਾ ਹੈ, ਪਰ ਉਸ ਵਿਚ ਘਰ ਵਾਲਾ ਸੁਆਦ ਨਹੀਂ ਹੈ। ਬਹੁਤ ਖੁੱਲ੍ਹਾ-ਡੁੱਲ੍ਹਾ ਮੈਦਾਨ ਹੈ, ਪਰ ਵਿਹੜਾ ਨਹੀਂ ਹੈ। ਬਹੁਤ ਜਣੇ ਨੇ, ਪਰ ਮੇਰਾ ਕੋਈ ਨਹੀਂ ਹੈ। ਇਥੇ ਸਿਰਫ ਬਜੁਰਗ ਹਨ, ਬੁਢਾਪੇ ਦਾ ਅਸਲੀ ਸਾਥ ਜੁਆਕ, ਪੋਤੇ-ਪੋਤੀਆਂ ਨਹੀਂ ਹਨ। ਜੁਆਨੀ ਵੇਲੇ ਪੜ੍ਹੇ ਕਵੀ ਪਾਸ਼ ਦਾ ਲਿਖਿਆ ਯਾਦ ਆਇਆ ਕਿ ਚਾਰ ਕੰਧਾਂ ਦੀ ਵਲਗਣ ਘਰ ਨਹੀਂ ਹੁੰਦਾ। ਚਾਹੇ ਸਾਰਾ ਕੁਝ ਇਥੇ, ਘਰ ਤੋਂ ਵੀ ਵੱਧ ਕੇ ਹੈ, ਪਰ ਇਹ ਘਰ ਨਹੀਂ ਹੈ।
ਇਕ ਦਿਨ ਮੇਰਾ ਇਕ ਹੋਰ ਹਾਣੀ ਕਹਿ ਰਿਹਾ ਸੀ, ਮੈਂ ਘਰ ਵਿਚ ਪੈਦਾ ਹੋਇਆ। ਘਰ ਵਿਚ ਪਲਿਆ ਖੇਡਿਆ, ਘਰ ਵਿਚ ਜੁਆਨੀ ਆਈ ਤੇ ਗਈ। ਉਸ ਦੇ ਬੋਲਣ ਵਿਚ ਤੇਜ਼ੀ ਆਈ ਜਾ ਰਹੀ ਸੀ, ਘਰ ਵਿਚ ਹੀ ਮੇਰਾ ਆਪਣਾ ਪਰਿਵਾਰ ਬਣਿਆ, ਪਾਲਿਆ, ਘਰ ਵਿਚ ਹੀ ਮੈਂ ਬੁੱਢਾ ਹੋਇਆ ਤੇ ਹੁਣ ਮਰਨਾ ਵੀ ਮੈਂ ਉਸੇ ਘਰ ਵਿਚ ਹੀ ਚਾਹੁੰਨਾ। ਉਸ ਦੀਆਂ ਅੱਖਾਂ ਹੁਣ ਉਸ ਦੇ ਕਹਿਣੇ ਤੋਂ ਬਾਹਰ ਹੋ ਕੇ ਛਲਕ ਪਈਆਂ ਸਨ। ਜਿਵੇਂ ਆਖ ਰਹੀਆਂ ਹੋਣ, ਆਪਣੇ ਘਰ ਵਿਚ ਮਰਨ ਦਾ ਮਾਣ ਆਪਣਾ ਹੀ ਹੁੰਦਾ, ਉਹ ਇਥੇ ਨਹੀਂ ਹੋਣਾ, ਉਹ ਤਾਂ ਸਿਰਫ ਆਪਣੇ ਘਰ ਹੀ ਆ ਸਕਦਾ। ਜਿਵੇਂ ਉਸ ਨੂੰ ਲਗਦਾ ਹੋਵੇ ਕਿ ਲੋਕਾਂ ਦੇ ਚਿਹਰਿਆਂ ‘ਤੇ ਲਿਖਿਆ ਦਿਸਿਆ ਕਰੇਗਾ ਕਿ ਉਹ ਬੁੜ੍ਹਾ ਘਰੋਂ ਬੇਘਰ ਹੋ ਕੇ ਮਰ ਗਿਆ। ਮੈਨੂੰ ਲੱਗਿਆ ਜਿਵੇਂ ਉਹ ਕੂਕ ਰਿਹਾ ਸੀ।
ਤੂੰ ਤਾਂ ਫਿਰ ਚੰਗਾਂ, ਮੇਰਾ ਤਾਂ ਕੋਈ ਭੋਗ ਪਾਉਣ ਵਾਲਾ ਵੀ ਨਹੀਂ। ਭੋਗ ਦੇ ਪੈਸੇ ਵੀ ਜਮ੍ਹਾਂ ਕਰਵਾ ਗਏ ਨੇ। ਸਾਡੇ ਦੂਜੇ ਸਾਥੀ ਨੇ ਕਿਹਾ ਤਾਂ ਮੇਰੇ ਕਾਲਜੇ ਰੁੱਗ ਭਰਿਆ ਗਿਆ। ਉਨ੍ਹਾਂ ਦੀਆਂ ਹੂਕਾਂ ਸੁਣ ਸੁਣ ਕੇ ਮੈਂ ਆਪਣੇ ਆਪ ਨੂੰ ਕਾਫੀ ਟਿਕਾਣੇ ਲੈ ਆਂਦਾ। ਭਾਈ ਇਹ ਤਾਂ ਹੁੰਦਾ ਸੀ ਕਿ ਬਾਬੇ ਦਾ ਮੰਜਾ ਅੰਦਰਲੇ ਕਮਰੇ ‘ਚੋਂ ਖਿਸਕਦਾ ਖਿਸਕਦਾ ਬਾਹਰਲੀ ਬੈਠਕ ਵਿਚ ਆ ਜਾਂਦਾ ਸੀ, ਪਰ ਇੰਨੀ ਦੂਰ, ਇਹ ਤਾਂ ਕਦੇ ਨਹੀਂ ਸੀ ਸੁਣਿਆ ਚਿਤਵਿਆ। ਯਾਦ ਚੇਤੇ ਵਿਚ ਵੀ ਨਹੀਂ ਸੀ ਕਿ ਇਹ ਕੁਝ ਵੀ ਸਾਡੇ ਨਾਲ ਵਾਪਰੇਗਾ। ਕਾਸ਼! ਰੱਬ ਸਾਡੀ ਸੁਣਦਾ ਤੇ ਇਥੇ ਜਮ੍ਹਾਂ ਹੋਣ ਤੋਂ ਪਹਿਲਾਂ ਹੀ ਕਿਤੇ ਸਾਨੂੰ ਚੁੱਕ ਲੈਂਦਾ। ਮੈਂ ਵੀ ਆਪਣੇ ਦਿਲ ਦੀ ਭੜਾਸ ਸਾਂਝੀ ਕਰ ਲਈ। ਸਾਡੇ ਸਾਰਿਆਂ ਦੇ ਦਿਲ ਦੀ ਹੂਕ ਸ਼ਾਇਦ ਇਹੋ ਹੀ ਸੀ।