ਜੋਗਿੰਦਰ ਤੂਰ ਦੀਆਂ ‘ਅੱਖਾਂ ਖੁਲ੍ਹੀਆਂ, ਬੁੱਲ੍ਹ ਸੀਤੇ’

ਗੁਲਜ਼ਾਰ ਸਿੰਘ ਸੰਧੂ
ਮੈਂ ਕੱਲ ਤੱਕ ਜੋਗਿੰਦਰ ਸਿੰਘ ਤੂਰ ਨੂੰ ਉੱਘੇ ਵਕੀਲ ਤੇ ਖੱਬੇ ਪੱਖੀ ਵਿਚਾਰਧਾਰਾ ਦੇ ਧਾਰਨੀ ਵਜੋਂ ਜਾਣਦਾ ਸਾਂ। ਉਹ ਕਹਾਣੀਕਾਰ ਵੀ ਹੈ, ਮੈਨੂੰ ਹਾਲ ਵਿਚ ਹੀ ਛਪੀ ਪੁਸਤਕ ‘ਅੱਖਾਂ ਖੁਲ੍ਹੀਆਂ, ਬੁੱਲ੍ਹ ਸੀਤੇ’ ਪੜ੍ਹਨ ‘ਤੇ ਪਤਾ ਲੱਗਾ। ਰੌਚਿਕ ਤੇ ਸੰਖੇਪ ਬਿਰਤਾਂਤ ਦੀ ਨਿਵੇਕਲੀ ਕਥਾ ਵਿਧੀ ਨੂੰ ਪਰਨਾਇਆ ਉਹ ਆਪਣੀ ਤਰ੍ਹਾਂ ਦਾ ਲੇਖਕ ਹੈ। ਉਹ ਪਾਠਕ ਨੂੰ ਆਪਣੇ ਨਾਲ ਤੋਰ ਕੇ ਘਟਨਾ ਦੇ ਅੰਤ ਤੱਕ ਸਾਹ ਨਹੀਂ ਲੈਣ ਦਿੰਦਾ। ਹੋਈ ਬੀਤੀ ਗੱਲ ਨੂੰ ਨੀਝ ਨਾਲ ਤਕ ਕੇ ਚੁਪ-ਚੁਪੀਤੇ ਪੇਸ਼ ਕਰਨ ਵਿਚ ਉਸ ਦਾ ਕੋਈ ਸਾਨੀ ਨਹੀਂ।

ਤੂਰ-ਕਥਾ ਸਹਿਜ ਤੇ ਸੰਖੇਪ ਬਿਰਤਾਂਤ ਚੰਗੇ ਵਕੀਲਾਂ ਵਾਲਾ ਹੈ। ਜੇ ਤੁਸੀਂ ਜੱਜ ਹੋ ਤਾਂ ਤੁਹਾਡੇ ਕੋਲ ਉਸ ਦੀ ਦਲੀਲ ਮੰਨੇ ਬਿਨਾ ਹੋਰ ਕੋਈ ਚਾਰਾ ਨਹੀਂ। ਉਸ ਦੇ ਪਾਤਰਾਂ ਦੇ ਸ਼ੌਕ ਨਿਰਾਲੇ ਹਨ। ਇਕ ਨੀਲਾ ਨਾਂ ਦਾ ਪਾਤਰ ਪਸੂ-ਪੰਛੀਆਂ ਤੇ ਜੰਗਲੀ ਜਾਨਵਰਾਂ ਦੇ ਬੋਲ ਬੋਲਣ ਜਾਂ ਆਟੇ ਵਾਲੀ ਚੱਕੀ ਦੀ ਟੂਹ ਟੂਹ ਉਚਾਰਨ ਦਾ ਏਨਾ ਮਾਹਿਰ ਹੈ ਕਿ ਚੱਕੀ ਦੇ ਚਲਦੇ ਹੋਣ ਦੀ ਅਵਾਜ਼ ਸੁਣ ਕੇ ਕੋਈ ਪ੍ਰਾਣੀ ਆਪਣਾ ਜ਼ਰੂਰੀ ਕੰਮ ਛੱਡ ਕੇ ਦਾਣਿਆਂ ਦੀ ਬੋਰੀ ਚੁੱਕ ਕੇ ਚੱਕੀ ਉੱਤੇ ਪਹੁੰਚਦਾ ਹੈ ਤਾਂ ਉਸ ਦੀ ਨਿਰਾਸ਼ਾ ਦਾ ਕੋਈ ਅੰਤ ਨਹੀਂ ਰਹਿੰਦਾ, ਜਦੋਂ ਉਸ ਨੂੰ ਪਤਾ ਲਗਦਾ ਹੈ ਕਿ ਕਈ ਦਿਨਾ ਤੋਂ ਬੰਦ ਪਈ ਚੱਕੀ ਤਾਂ ਹਾਲੀ ਵੀ ਠੀਕ ਨਹੀਂ ਹੋਈ। ਮਾਪਿਆਂ ਕੋਲੋਂ ਕੁੱਟ ਪੈਂਦੀ ਹੈ ਤਾਂ ਨੀਲਾ ਘਰੋਂ ਭੱਜ ਕੇ ਕਿਸੇ ਸਰਕਸ ਵਾਲੇ ਦਾ ਨੌਕਰ ਜਾ ਲਗਦਾ ਹੈ।
ਉਥੇ ਜਦੋਂ ਉਹ ਸਰਕਸ ਦੇ ਚੱਕਰ ਕੱਟ ਰਹੇ ਚੰਡੋਲ ਦੇ ਜੰਗਲੀ ਬੂਟਿਆਂ ਵਿਚੋਂ ਪਸੂ-ਪੰਛੂਆਂ ਦੀਆਂ ਅਵਾਜ਼ਾਂ ਕੱਢ ਕੇ ਦਰਸ਼ਕਾਂ ਤੇ ਸਰੋਤਿਆਂ ਨੂੰ ਨਿਹਾਲ ਕਰਦਾ ਹੈ ਤਾਂ ਸਰਕਸ ਵਾਲੇ ਨੂੰ ਮਾਲਾ-ਮਾਲ ਕਰ ਦਿੰਦਾ ਹੈ। ਇਹੀਓ ਸਰਕਸ ਨੀਲਾ ਦੇ ਜੱਦੀ ਪਿੰਡ ਪਹੁੰਚਦਾ ਹੈ ਤਾਂ ਪਿੰਡ ਵਾਲੇ ਨੀਲਾ ਨੂੰ ਸਰਕਸ ਦਾ ਸਭ ਤੋਂ ਹਰਮਨ ਪਿਆਰਾ ਪਾਤਰ ਦੇਖ ਕੇ ਅਚੰਭਤ ਹੁੰਦੇ ਹਨ ਤੇ ਉਸ ਉੱਤੇ ਮਾਣ ਵੀ ਕਰਦੇ ਹਨ।
ਤੂਰ ਦੇ ਜਾਣੇ ਪਛਾਣੇ ਤੇ ਵੇਖੇ ਸੁਣੇ ਪਾਤਰਾਂ ਦੇ ਬੁੱਲ੍ਹ ਕਿੰਨੇ ਵੀ ਸੀਤੇ ਹੋਣ, ਅੱਖਾਂ ਸਭ ਕੁਝ ਵੇਖਦੀਆਂ ਤੇ ਦਸਦੀਆਂ ਹਨ। ‘ਆਸਰਾ’ ਸਿਰਲੇਖ ਵਾਲੀ ਕਹਾਣੀ ਦਾ ਨਾਇਕ ਜਲਾਲੁਦੀਨ 1947 ‘ਚ ਮੁਸਲਮਾਨਾਂ ਦੀ ਵੱਢ ਟੁੱਕ ਸਮੇਂ ਆਪਣੀ ਜਾਨ ਬਚਾਉਣ ਖਾਤਰ ਆਪਣੇ ਘਰ ਨੂੰ ਤਾਲਾ ਮਾਰ ਕੇ ਕਿਸੇ ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਕਿਰਾਏ ਦੇ ਮਕਾਨ ਵਿਚ ਰਹਿਣ ਲਗਦਾ ਹੈ। ਉਥੇ ਰਹਿੰਦਿਆਂ ਉਹ ਆਪਣਾ ਅਮੀਰੀ ਸ਼ੌਕ ਪਾਲਣ ਲਈ ਇੱਕ ਬਾਜ ਪਾਲ ਕੇ ਉਸ ਦੇ ਨਖਰੇ ਸਹਿੰਦਾ ਹੈ। ਉਧਰ ਸਮੇਂ ਦੀ ਸਰਕਾਰ ਉਸ ਦੀ ਜੱਦੀ ਤੇ ਸ਼ਾਹੀ ਕੋਠੀ ਕਿਸੇ ਸ਼ਰਨਾਰਥੀ ਨੂੰ ਅਲਾਟ ਕਰ ਦਿੰਦੀ ਹੈ ਤੇ ਉਸ ਨੂੰ ਮਜਬੂਰੀ ਬੱਸ ਕਿਰਾਏ ਵਾਲੀ ਛੋਟੀ ਕੋਠੀ ਵਿਚ ਹੀ ਰਹਿਣਾ ਪੈਂਦਾ ਹੈ। ਉਹ ਆਪਣੇ ਸ਼ਾਹੀ ਪਿਛੋਕੜ ਦੀ ਸੂਹ ਤੱਕ ਨਹੀਂ ਲੱਗਣ ਦਿੰਦਾ ਭਾਵੇਂ ਉਸ ਦਾ ਸ਼ਾਹੀ ਸ਼ੌਕ ਉਸ ਦਾ ਪਿੱਛਾ ਨਹੀਂ ਛੱਡਦਾ। ਉਹ ਉਦੋਂ ਤੱਕ ਅਪਣੇ ਮਹਿਲ ਮਾੜੀਆਂ, ਰਾਜ, ਭਾਗ ਤੇ ਫੌਜਾਂ ਲਈ, ਝੂਰਦਾ ਰਹਿੰਦਾ ਹੈ, ਜਦੋਂ ਤੱਕ ਉਸ ਨੂੰ ਏਸ ਘਰ ਦੇ ਸਾਹਮਣੇ ਵਾਲੇ ਕਿਉੜੇ ਦੇ ਬਾਗ ਵਾਲੇ ਆਦਮ ਕੱਦ ਬੂਟੇ ਉਸ ਦੀ ਜੱਦੀ ਪੁਸ਼ਤੀ ਫੌਜ ਦਾ ਸਰੂਪ ਨਹੀਂ ਧਾਰ ਲੈਂਦੇ। ਤੇਜ ਹਵਾ ਵਿਚ ਉਨ੍ਹਾਂ ਦੇ ਮੁੜ ਮੁੜ ਝੁਕਣਾ ਤੇ ਉੱਠ ਖਲੋਣ ਵਿਚੋਂ ਉਸ ਨੂੰ ਸ਼ਾਹੀ ਸਲੂਟ ਵਾਲਾ ਅਨੰਦ ਆਉਣ ਲੱਗ ਜਾਂਦਾ ਹੈ। ਏਥੋਂ ਤੱਕ ਕਿ ਜਦੋਂ ਉਸ ਦੇ ਬੇਟੇ ਨੂੰ ਬਹੁਤ ਵੱਡਾ ਬੰਗਲਾ ਅਲਾਟ ਹੋ ਜਾਂਦਾ ਹੈ ਤਾਂ ਉਹ ਆਪਣੇ ਬਾਜ ਤੇ ਕਿਉੜੇ ਦੇ ਸਲੂਟਾਂ ਨੂੰ ਤਿਆਗ ਕੇ ਉਸ ਬੰਗਲੇ ਵਿਚ ਜਾਣ ਤੋਂ ਮੁਨਕਰ ਹੋ ਜਾਂਦਾ ਹੈ।
ਪੰਜਾਬੀ ਦੇ ਕਥਾ ਜਗਤ ਵਿਚ ‘ਘਟਨਾਵਾਂ ‘ਤੇ ਆਧਾਰਤ ਕਹਾਣੀਆਂ ਦਾ ਤਾਂ ਕੋਈ ਅੰਤ ਨਹੀਂ, ਪਰ ਤੁਰ ਆਪਣੀ ‘ਆਸਰਾ’ ਨਾਂ ਦੀ ਕਹਾਣੀ ਵਿਚ ਖਾਨਦਾਨੀ ਪਰੰਪਰਾ ਦਾ ਚਿਤੇਰਾ ਹੋ ਨਿਬੜਦਾ ਹੈ। ਉਸ ਦਾ ਇਹ ਵਾਲਾ ਗੁਣ ‘ਆਰਜ਼ੀ ਹਲੀਮੀ’, ‘ਬੇਲੋੜਾ ਦਾਜ’, ‘ਨਵਾਂ ਟੈਲੀਫੋਨ’, ‘ਪੁੱਤਰਾਂ ਦਾ ਮੋਢਾ’ ‘ਸਾਵਾਂ ਦਰਦ’ ਆਦਿ ਬਾਕੀ ਕਹਾਣੀਆਂ ਉੱਤੇ ਵੀ ਏਨਾ ਹੀ ਢੁਕਦਾ ਹੈ। ‘ਅੱਖਾਂ ਖੁਲ੍ਹੀਆਂ ਬੁੱਲ੍ਹ ਸੀਤੇ’ ਲੋਕਗੀਤ ਪ੍ਰਕਾਸ਼ਨ ਵਲੋਂ ਛਪੀ ਪੁਸਤਕ ਦੀ ਕਥਾਕਾਰੀ ਦਾ ਮੇਰੇ ਵਲੋਂ ਉਚੇਚਾ ਸਵਾਗਤ ਹੈ। ਇਸ ਲਈ ਵੀ ਕਿ ਇਹ ਪੁਸਤਕ ਸਾਡੇ ਬਹੁਤ ਪਿਆਰੇ ਤੇ ਸਾਂਝੇ ਮਿੱਤਰ ਗੋਬਿੰਦ ਠੁਕਰਾਲ ਨੂੰ ਸਮਰਪਿਤ ਹੈ।
ਚਿੱਠੀ-ਪੱਤਰਾਂ ਦਾ ਮਰਸੀਆ: ਮੈਂ ਆਪਣੇ ਜੀਵਨ ਵਿਚ ਸਮਾਚਾਰ ਪੱਤਰਾਂ ਦੇ ਐਤਵਾਰੀ ਅੰਕਾਂ ਦੇ ਹੱਥੋਂ ‘ਪ੍ਰੀਤ ਲੜੀ’, ‘ਪੰਜ ਦਰਿਆ’ ‘ਫੁਲਵਾੜੀ’ ‘ਲੋਕ ਸਾਹਿਤ’ ਆਦਿ ਉੱਘੇ ਸਾਹਿਤਕ ਰਸਾਲਿਆਂ ਦੀ ਹਤਿਆ ਵੀ ਤੱਕੀ ਹੈ, ਬਿਜਲਈ ਮੀਡੀਆਂ ਦੇ ਹੱਥੋਂ ਸਮਾਚਾਰ ਪੱਤਰਾਂ ਦਾ ਕਤਲ ਵੀ ਤੱਕਿਆ ਹੈ; ਪਰ ਜੋ ਦੁਰਦਸ਼ਾ ਟੈਲੀਫੋਨਾਂ ਤੇ ਮੋਬਾਈਲਾਂ ਆਦਿ ਦੂਰ ਸੰਚਾਰ ਸਾਧਨਾਂ ਨੇ ਚਿੱਠੀ-ਪੱਤਰਾਂ ਦੀ ਕੀਤੀ ਹੈ, ਇਸ ਦੀ ਗੱਲ ਕਰਨਾ, ਕਿਸੇ ਜਿਉਂਦੀ ਜਾਗਦੀ ਵਿਧਾ ਦਾ ਮਰਸੀਆਂ ਪੜ੍ਹਨ ਤੋਂ ਘੱਟ ਨਹੀਂ। ਅੱਜ ਦੇ ਦਿਨ ਮਿਰਜ਼ਾ ਗਾਲਿਬ ਦੇ ਲਿਖੇ ਖਤਾਂ ਦਾ ਜ਼ਿਕਰ ਕਰਨਾ ਵੀ ਉਸ ਅਜ਼ੀਮ ਸ਼ਾਇਰ ਦੀਆਂ ਚਿੱਠੀਆਂ ਦਾ ਮਰਸੀਆਂ ਹੋ ਨਿਬੜਦਾ ਹੈ। ਪੰਜਾਬੀ ਭਾਸ਼ਾ ਵਿਚ ਮੇਰੇ ਸਮਕਾਲੀ ਕਰਮਜੀਤ ਸਿੰਘ ਦੀ ਪਤਨੀ ਪ੍ਰਿਤਪਾਲ ਕੌਰ ਨੇ ਪਤੀ ਵਲੋਂ ਲਿਖੇ ਖੱਤ ਸੰਭਾਲ ਕੇ ਨਾਂ ਰੱਖੇ ਹੁੰਦੇ ਤਾਂ ਕਰਮਜੀਤ ਨੇ ਵੀ ਲੋਕ ਚੇਤਿਆਂ ਵਿਚੋਂ ਸਦਾ ਲਈ ਖੁਰ ਜਾਣਾ ਸੀ। ਖਤ ਦਸਦੇ ਹਨ ਕਿ ਜੇ ਜਿਉਂਦੇ ਜੀਅ ਕਰਮਜੀਤ ਆਪਣੀ ਪਤਨੀ ਦਾ ਵਿਗੋਚਾ ਨਹੀਂ ਸਹਿ ਸਕਿਆ ਤਾਂ ਉਸ ਦੇ ਤੁਰ ਜਾਣ ਤੋਂ ਪਿੱਛੋਂ ਉਸ ਦੀ ਜੀਵਨ ਸਾਥਣ ਵੀ ਬਾਦ ਵਿਚ ਘੱਟ ਵਿਆਕੁਲ ਨਹੀਂ। ਇਨ੍ਹਾਂ ਚਿੱਠੀਆਂ ਨੂੰ 2020 ਵਿਚ ਛਾਪਦੇ ਸਮੇਂ ਪ੍ਰਿਤਪਾਲ ਵਲੋਂ ਹੇਠ ਲਿਖੇ ਸ਼ਬਦ ਇਸ ਦੀ ਪੁਸ਼ਟੀ ਕਰਦੇ ਹਨ,
“ਤੈਨੂੰ ਗਏ ਨੂੰ 39 ਸਾਲ ਹੋ ਗਏ ਨੇ ਤੇ ਮੈਂ ਤੇਰੇ ਵਿਯੋਗ ਵਿਚ ਬੁੱਢੀ ਹੋ ਗਈ ਹਾਂ, ਨਿਕਾਰੀ ਜਿਹੀ। ਹੁਣ ਤੇਰੀਆਂ ਚਿੱਠੀਆਂ ਹੀ ਮੇਰੀ ਸਿਮਰਨੀ, ਤੇਰਾ ਨਾਮ ਮੇਰੀ ਰਸਨਾ ਦਾ ਜਾਪ ਤੇ ਉਨ੍ਹਾਂ ਵਿਚਲਾ ਹਰ ਸ਼ਬਦ ਮੇਰੇ ਸਵਾਸ ਸਵਾਸ ਵਿਚ ਰਸਿਆ ਹੋਇਆ ਹੈ।”
ਮੈਂ ਕਰਮਜੀਤ ਸਿੰਘ ਨੂੰ ਕਦੀ ਨਹੀਂ ਮਿਲਿਆ, ਪਰ ‘ਲਿਖਤੁਮ ਕਰਮਜੀਤੇ’ ਦਾ ਪਾਠ ਦੱਸਦਾ ਹੈ ਕਿ ਛੋਟੀ ਉਮਰੇ ਤੁਰ ਜਾਣ ਵਾਲੇ ਇਸ ਜਿਉੜੇ ਦੀਆਂ ਆਪਣੀ ਧਰਮ ਪਤਨੀ ਨੂੰ ਲਿਖੀਆਂ ਚਿੱਠੀਆਂ ਵਿਚ ਏਨਾ ਨਿੱਘ ਤੇ ਦਮ ਸੀ ਕਿ ਇਸ ਦੀਆਂ ਚਾਰ ਐਡੀਸ਼ਨਾਂ ਛਪ ਚੁਕੀਆਂ ਹਨ। ਬਿਜਲਈ ਸੰਚਾਰ ਨਾਂ ਹੱਥੋਂ ਕਤਲ ਹੋਈ ਚਿੱਠੀ-ਪੱਤਰ ਵਿਧੀ ਦੇ ਏਨੇ ਪਿਆਰ ਨਾਲ ਪੜ੍ਹਿਆ ਜਾਣਾ ਅਲੌਕਿਕ ਗੱਲ ਹੈ।
ਅੰਤਿਕਾ: ਗੁਰਚਰਨ ਕੌਰ ਕੋਚਰ
ਜਿਉਂ ਜਿਉਂ ਹਾਂ ਮੈਂ ਪੜ੍ਹਦੀ ਜਾਂਦੀ
ਅੱਖਾਂ ਵਿਚ ਭਰ ਜਾਏ ਖੁਮਾਰੀ,
ਪਿਆਰੇ ਸੱਜਣ ਦੀ ਚਿੱਠੀ ਦਾ
ਇੱਕ ਇੱਕ ਲਫਜ਼ ਨਸ਼ਾ ਦਿੰਦਾ ਹੈ।