ਕਾਹਮੇ ਦਾ ਇਤਿਹਾਸਕ ਫੁੱਟਬਾਲ ਖਿਡਾਰੀ-ਗੁਰਸ਼ਰਨ ‘ਛੰਨਾ’

ਇਕਬਾਲ ਜੱਬੋਵਾਲੀਆ
1957 ‘ਚ ਜਨਮੇ ਕਾਹਮੇ ਦੇ ਗੱਭਰੂ ਛੰਨੇ ਨੇ ਗਿਆਰਾਂ ਸਾਲ ਦੀ ਉਮਰੇ ਪ੍ਰਾਇਮਰੀ ਪੜ੍ਹਦੇ ਹੀ ਫੁੱਟਬਾਲ ਖੇਡਣਾ ਸ਼ੁਰੂ ਕਰ ਦਿੱਤਾ ਸੀ। ਪ੍ਰਾਇਮਰੀ ਤੇ ਹਾਈ ਸਕੂਲ ਦੀ ਪੜ੍ਹਾਈ ਪਿੰਡੋਂ ਕਰਨ ਉਪਰੰਤ ਨਵਾਂਸ਼ਹਿਰ ਦੇ ਖਾਲਸਾ ਹਾਈ ਸਕੂਲ ਵਿਖੇ ਦਾਖਲ ਹੋਇਆ। ਦਿਨੋ ਦਿਨ ਗੇਮ ਨਿਖਰਦੀ ਗਈ। ਕਿਉਂਕਿ ਪਿੰਡ ‘ਚ ਬਿਹਾਰੀ ਤੇ ਸ਼ੀਰੀ ਵਰਗੇ ਧੱਕੜ ਖਿਡਾਰੀ ਸਨ, ਉਨ੍ਹਾਂ ਵੱਲ ਵੇਖ ਵੇਖ ਸਖਤ ਮਿਹਨਤ ਕਰਦਾ ਰਿਹੈ। ਦੂਜੀ ਗੱਲ, ਜਰਨੈਲ ਸਿੰਘ ਪਨਾਮ ਦੀ ਖੇਡ ਤੋਂ ਉਹ ਬੜਾ ਪ੍ਰਭਾਵਿਤ ਸੀ ਤੇ ਉਹਦੀਆਂ ਪੈੜਾਂ ‘ਤੇ ਚੱਲਣ ਦੀ ਕੋਸ਼ਿਸ਼ ਕੀਤੀ।

ਨਵਾਂਸ਼ਹਿਰ ਦੇ ਖਾਲਸਾ ਹਾਈ ਸਕੂਲ ਵਿਚ ਇਕ ਸਾਲ ਲਾਇਆ ਤੇ ਉਹ ਐਸ਼ ਐਨ. ਕਾਲਜ ਬੰਗਾ ਚਲਾ ਗਿਆ। ਬੰਗਾ ਕਾਲਜ ਵੀ ਇਕ ਸਾਲ ਪੜ੍ਹਾਈ ਕੀਤੀ ਤੇ ਖੇਡਿਆ। ਇਕ ਸਾਲ ਬਾਅਦ ਛੰਨਾ ਤੇ ਮੰਗੂਵਾਲ ਵਾਲਾ ਸਰਬਜੀਤ ਸਰਬਾ ਰਾਮਗੜ੍ਹੀਆ ਕਾਲਜ, ਫਗਵਾੜਾ ਚਲੇ ਗਏ।
ਸੰਨ 1977 ‘ਚ ਰਾਮਗੜ੍ਹੀਆ ਕਾਲਜ ਫਗਵਾੜਾ ਖੇਡਦਾ ਰਿਹਾ ਤੇ ਨਾਲ ਦੀ ਨਾਲ ਪੜ੍ਹਾਈ ਵੀ ਕਰਦਾ ਰਿਹਾ। ਰਾਮਗੜ੍ਹੀਆ ਕਾਲਜ ਵਲੋਂ ਖੇਡਦਿਆਂ 1979-80 ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਬੜੇ ਸਾਲਾਂ ਬਾਅਦ ਜਿੱਤ ਕੇ ਇਤਿਹਾਸ ਰਚਿਆ। ਸਰਬੇ ਤੇ ਛੰਨੇ ਦਾ ਜੁੱਟ ਬਹੁਤ ਤਕੜਾ ਸੀ। ਬਾਲ ਨੂੰ ਮੂਹਰੇ ਮੂਹਰੇ ਭਜਾਈ ਫਿਰਦੇ ਰਹਿੰਦੇ ਸਨ। ਤਿੰਨ ਸਾਲ ਉਹ ਉਥੇ ‘ਕੱਠੇ ਖੇਡੇ।
ਤਿੰਨਾਂ ਸਾਲਾਂ ਬਾਅਦ ਛੰਨਾਂ ‘ਕੱਲਾ ਬਿਜਲੀ ਬੋਰਡ ਹੁਸ਼ਿਆਰਪੁਰ ਵਿਖੇ ਚਲਾ ਗਿਆ। 1979 ‘ਚ ਉਹਦੀ ਵਾਈਸ ਕਪਤਾਨੀ ਹੇਠ ਖੇਡਦਿਆਂ ਟੀਮ ਨੇ ਆਲ ਇੰਡੀਆ ਇੰਟਰ-ਵਰਸਿਟੀ ਉਜੈਨ ਜਿੱਤੀ। 1980 ‘ਚ ਡੀ. ਸੀ. ਐਮ. ਟੂਰਨਾਮੈਂਟਾਂ ਵਿਚ ਬਿਜਲੀ ਬੋਰਡ ਨੇ ਪਹਿਲੀ ਵਾਰ ਈਸਟ-ਬੰਗਾਲ ਨੂੰ ਇਕ ਗੋਲ ਨਾਲ ਹਰਾਇਆ ਸੀ। ਉਹ ਪਹਿਲਾ ਤੇ ਆਖਰੀ ਸੁਨਹਿਰੀ ਗੋਲ ਛੰਨੇ ਨੇ ਕੀਤਾ ਸੀ। 1980 ਤੋਂ 1985 ਤੱਕ ਖੇਡਦਿਆਂ ਮੋਹਣ-ਬਾਗਾਨ, ਈਸਟ-ਬੰਗਾਲ ਤੇ ਮੁਹੰਮਦਨ ਸਪੋਰਟਸ ਵਰਗੀਆਂ ਕਹਿੰਦੀਆਂ ਕਹਾਉਂਦੀਆਂ ਭਾਰਤੀ ਕਲੱਬਾਂ ਹਰਾਈਆਂ।
ਸਰਬਜੀਤ ਸਰਬੇ ਦੇ ਦੱਸਣ ਅਨੁਸਾਰ ਕਿ ਛੰਨਾ ਤਕੜਾ ਖਿਡਾਰੀ ਸੀ। ਪੰਜਾਬ ਦੇ ਖਿਡਾਰੀਆਂ ‘ਚ ਛੰਨੇ ਤੇ ਸਰਬੇ ਦਾ ਪੂਰਾ ਬੋਲ-ਬਾਲਾ ਸੀ। ਮਾਹਿਲਪੁਰ ਦੇ ਇਲਾਕੇ ‘ਚ ਦੋਹਾਂ ਦੇ ਨਾਂ ਨੂੰ ਅੱਜ ਵੀ ਯਾਦ ਕੀਤੇ ਜਾਂਦੈ। ਫਗਵਾੜਾ ਦੇ ਰਾਮਗੜ੍ਹੀਆ ਸਪੋਰਟਸ ਵਿੰਗ ਵਿਖੇ 1977 ਤੋਂ 1980 ਤੱਕ ‘ਕੱਠੇ ਖੇਡੇ। ਫਗਵਾੜੇ ਵਾਲਾ ਜੂਨੀਅਰ ਪਰਮਿੰਦਰ ਬਿੱਲਾ ਵੀ ਨਾਲ ਹੁੰਦਾ। ਸਰਬਾ, ਛੰਨਾ ਤੇ ਪਰਮਿੰਦਰ ਬਿੱਲਾ ਤਿੰਨਾਂ ਦਾ ਆਪਸੀ ਬੜਾ ਤਾਲਮੇਲ ਸੀ। ਅੱਖ ਮਿਲਦੇ ਹੀ ਬਾਲ ਪਹਿਲੇ ਕੋਲ ਪਹੁੰਚਿਆ ਹੁੰਦਾ। ਖਿਡਾਰੀਆਂ ‘ਚ ਉਨ੍ਹਾਂ ਦਾ ਕਾਫੀ ਦਬਦਬਾ ਸੀ। ਦੂਜੇ ਕਾਲਜਾਂ ਦੀ ਤਰ੍ਹਾਂ ਰਾਮਗੜ੍ਹੀਆ ਕਾਲਜ ਫਗਵਾੜਾ ਵਲੋਂ ਉਹ ਤਿੰਨੋਂ ‘ਵਧੀਆ ਖਿਡਾਰੀ’ ਐਲਾਨੇ ਗਏ ਸਨ।
ਛੰਨਾ ਸੈਂਕੜੇ ਖਿਡਾਰੀਆਂ ਨਾਲ ਖੇਡ ਚੁਕੈ। ਕੁਝ ਦਾ ਜ਼ਿਕਰ ਕਰਨਾ ਜਰੂਰੀ ਹੈ। ਜਿਵੇਂ ਪੱਪੂ ਧਮਾਈ, ਮਨਜੀਤ ਸਿੰਘ ਖਰੜ-ਅਛਰਵਾਲ, ਸਰਬਜੀਤ ਸਰਬਾ ਮੰਗੂਵਾਲ, ਗੁਰਪਾਲ ਫੌਜੀ ਮੰਗੂਵਾਲ, ਗੁਰਦਿਆਲ ਸਿੰਘ ਜਗਤਪੁਰ, ਬਲਿਹਾਰ ਖਾਨਖਾਨਾ, ਰਾਣਾ ਖਾਨਖਾਨਾ, ਇਕਬਾਲ ਖਾਨਖਾਨਾ, ਰਾਜ ਨਿਊ ਯਾਰਕ, ਛੋਟੂ ਨਿਊ ਯਾਰਕ, ਦਵਿੰਦਰ ਕੁਮਾਰ ਫਿਲਿਪ ਖਾਨਖਾਨਾ, ਬਘੌਰਾਂ ਵਾਲਾ ਸਤੀਸ਼ ਪੰਡਿਤ, ਮਿਲਖੀ ਬਰਨਾਲਾ, ਕੁਲਵਰਨ ਭੱਜਲਾਂ, ਛੋਟੂ ਭੱਜਲਾਂ, ਪੱਲੀਆਂ ਵਾਲਾ ਪਿੰਦਾ, ਅਮਰੀਕ ਸਿੰਘ ਨਰੂੜ-ਪਾਂਸ਼ਟਾ (ਨਿਊ ਜਰਸੀ), ਸਤਵਿੰਦਰ ਸਿੰਘ ਮੰਗੂਵਾਲ, ਰਘਵੀਰ ਸਿੰਘ, ਬਿੱਲਾ ਕੈਪਟਨ ਫਗਵਾੜਾ, ਫਗਵਾੜੇ ਵਾਲਾ ਜੱਗਾ (ਇੰਦਰ ਸਿੰਘ ਦਾ ਬੇਟਾ), ਭਜਨ ਸਿੰਘ (ਗੁਰਦੇਵ ਗਿੱਲ ਦਾ ਭਰਾ), ਪਹਿਲਵਾਨ ਤੇ ਫੁੱਟਬਾਲ ਖਿਡਾਰੀ ਖੋਤੜਾਂ ਵਾਲਾ ਵੱਡਾ ਭਾਈ, ਪਾਲੀ ਭੌਰਾ, ਸੱਤਾ ਨੌਰਾ ਤੇ ਅਨੇਕਾਂ ਹੋਰ ਖਿਡਾਰੀਆਂ ਨਾਲ ਖੇਡਿਆ।
ਕਾਹਮਾ ਦੇ ਹਾਈ ਸਕੂਲ ਅਤੇ ਐਸ਼ ਐਨ. ਕਾਲਜ ਬੰਗਾ ਦਾ ਫੁੱਟਬਾਲ ਖਿਡਾਰੀ ਅਤੇ ਛੰਨੇ ਦੇ ਗੁਆਂਢੀ ਦਿਲਾਵਰ ਸਿੰਘ ਦਾਵਰੀ (ਨਿਊ ਯਾਰਕ) ਦੇ ਦੱਸਣ ਅਨੁਸਾਰ ਕਿ ਛੰਨਾ ਬੜਾ ਮਿਹਨਤੀ ਸੀ। ਮੀਂਹ, ‘ਨੇਰੀ, ਧੁੱਪ, ਛਾਂ ਕਦੇ ਨਾ ਵੇਖਦਾ, ਹਰ ਪਲ ਫੁੱਟਬਾਲ ਦੁਆਲੇ ਲੱਗਾ ਰਹਿੰਦਾ।
ਉਹ ਨਿਰੰਜਨ ਦਾਸ (ਭਗਤ) ਮੰਗੂਵਾਲ ਤੇ ਮਹਾਲੋਂ ਵਾਲੇ ਵੀਰ੍ਹੀ ਦੀ ਖੇਡ ਨੂੰ ਬੜਾ ਪਸੰਦ ਕਰਦਾ ਸੀ। ਲੋਧੀਪੁਰ ਵਾਲੇ ਅਜੈਬ ਜੈਬੀ ਅਤੇ ਸਾਹਲੋਂ ਵਾਲੇ ਗਿਆਨ ਨੂੰ ਫੁੱਟਬਾਲ ਦੇ ਜ਼ਬਰਦਸਤ ਖਿਡਾਰੀ ਮੰਨਦਾ ਸੀ।
ਛੰਨੇ ਦੇ ਕਜ਼ਨ ਲਖਵਿੰਦਰ ਕਾਕਾ ਤੇ ਸੁਰਜੀਤ (ਨੈਸ਼ਨਲ ਖਿਡਾਰੀ), ਸੋਹਣ ਸਿੰਘ ਤੇ ਸੁਖਦੇਵ ਸਿੰਘ ਪਿੰਡ ਦੀ ਫੁੱਟਬਾਲ ਟੀਮ ਦੇ ਖਿਡਾਰੀ ਹੁੰਦੇ ਸਨ। ਕਿਸੇ ਵਕਤ ਪਿੰਡ ਦੀ ਟੀਮ ‘ਚ ਉਨ੍ਹਾਂ ਦੇ ਪਰਿਵਾਰ ਦੇ ਛੇ-ਸੱਤ ਚਾਚਿਆਂ-ਤਾਇਆਂ ਦੇ ਪੁੱਤਰ ਖਿਡਾਰੀ ਹੁੰਦੇ ਸਨ। ਇਸ ਪਰਿਵਾਰ ਦੀ ਕਾਹਮਾ ਫੁੱਟਬਾਲ ਨੂੰ ਬੜੀ ਦੇਣ ਰਹੀ ਐ।
ਛੰਨੇ ਦੇ ਪਿਤਾ ਸ਼ ਗਿਆਨ ਸਿੰਘ ਨੂੰ ਆਪਣੇ ਪੁੱਤਰਾਂ ‘ਤੇ ਹਮੇਸ਼ਾ ਮਾਣ ਰਿਹੈ। ਜਿਨ੍ਹਾਂ ਖੇਡ ਮੇਲਿਆਂ, ਕਲੱਬਾਂ ਅਤੇ ਇਲਾਕੇ ‘ਚ ਨਾਂ ਉਚਾ ਕੀਤਾ। ਉਹਦੇ ਪਰਿਵਾਰ ਵਿਚ ਫੁੱਟਬਾਲ ਦਾ ਬੜਾ ਜਨੂੰਨ ਸੀ। ਉਹ ਪੰਜਾਂ ਭਰਾਵਾਂ ‘ਚੋਂ ਚਾਰ ਫੁੱਟਬਾਲ ਖਿਡਾਰੀ ਸਨ। ਗੋਗੀ, ਨਿੰਮਾ, ਛੰਨਾ ਤੇ ਬਿੱਟੂ। (ਅਫਸੋਸ ਗੋਗੀ ਤੇ ਨਿੰਮਾ ਸਾਡੇ ਵਿਚਕਾਰ ਨਹੀਂ ਰਹੇ)। ਛੋਟਾ ਭਰਾ ਜਗਤਜੋਤ ਸਿੰਘ ਬਿੱਟੂ ਜਰਨੈਲ ਸਿੰਘ ਪਨਾਮ ਦੇ ਬੇਟਿਆਂ ਜਗਮੋਹਣ ਤੇ ਹਰਸ਼ਮੋਹਣ ਨਾਲ ਮਾਹਿਲਪੁਰ ਵਿੰਗ ‘ਚ ਖੇਡਦਾ ਰਿਹੈ।
1968 ਤੋਂ 1985 ਤੱਕ ਪੰਜਾਬ ਦੇ ਖੇਡ ਮੇਲਿਆਂ ਤੋਂ ਲੈ ਭਾਰਤ ਦੇ ਨਾਮਵਰ ਕਲੱਬਾਂ ਤੱਕ ਬੜੇ ਮੈਚ ਖੇਡੇ ਤੇ ਪੈਰਾਂ ਨੇ ਬਿਹਤਰੀਨ ਗੋਲ ਕੀਤੇ। 1985 ਤੱਕ ਕੈਨੇਡਾ ਜਾਣ ਤੱਕ ਖੇਡਦਾ ਰਿਹੈ। ਕੈਨੇਡਾ ਜਾਣ ਤੋਂ ਪਹਿਲਾਂ ਉਹ ਇੰਗਲੈਂਡ ਗਿਆ। ਫਿਰ ਛੇਤੀ ਹੀ ਪੱਕੇ ਤੌਰ ‘ਤੇ ਕੈਨੇਡਾ ਦੇ ਸ਼ਹਿਰ ਵੈਨਕੂਵਰ ਪਹੁੰਚ ਗਿਆ।
ਬੇਗਾਨੀ ਧਰਤੀ ‘ਤੇ ਪਹੁੰਚ ਕੇ ਵੀ ਖੇਡ ਸ਼ੌਕ ਬਰਕਰਾਰ ਰੱਖਿਆ ਤੇ 1985 ਤੋਂ 1988 ਤੱਕ ‘ਖਾਲਸਾ ਕਲੱਬ’ ਵਲੋਂ ਖੇਡੇ। ਫਿਰ ਉਸੇ ਸਾਲ ਹੀ 1988 ‘ਚ ਫੁੱਟਬਾਲ ਦੇ ਸ਼ੌਕੀਨ ਸਾਥੀ ਖਿਡਾਰੀਆਂ ‘ਯੁਨਾਈਟਿਡ ਵੈਨਕੂਵਰ ਕਲੱਬ’ ਦੀ ਸਥਾਪਨਾ ਕੀਤੀ। ਕਲੱਬ ਦੇ ਮੈਂਬਰਾਂ ‘ਚ ਹਰਜਿੰਦਰ ਝੁੱਟੀ, ਤੇਲੂ ਝੁੱਟੀ ਤੇ ਬਲਵੀਰ ਝੁੱਟੀ (ਤਿੰਨੇ ਭਰਾ), ਗੁਰਸ਼ਰਨ ਛੰਨਾ ਤੇ ਬਿੱਟੂ (ਦੋਵੇਂ ਭਰਾ), ਹਰਜਿੰਦਰ ਸਾਂਘਰਾ, ਬਲਵਿੰਦਰ ਨਿੱਝਰ ਤੇ ਸਰਬਜੀਤ ਪੰਨੂੰ ਵਰਗੇ ਖੇਡਾਂ ਦੇ ਸ਼ੌਕੀਨ ਸਾਥੀ ਸਨ। ਉਸ ਕਲੱਬ ਵਿਚ ਜ਼ਿਆਦਾਤਰ ਇਲਾਕਾ ਮਾਹਿਲਪੁਰ ਦੇ ਖਿਡਾਰੀ ਖੇਡਦੇ ਸਨ।
ਨਿਊ ਯਾਰਕ ਦੇ ਕਪੂਰਥਲਾ ਸਪੋਰਟਸ ਕਲੱਬ ਵਾਲਿਆਂ ਉਹਨੂੰ (ਛੰਨਾ) ਤੇ ਪੱਪੂ ਧਮਾਈ ਨੂੰ ਕੈਨੇਡਾ ਤੋਂ ਉਚੇਚੇ ਤੌਰ ‘ਤੇ ਸੱਦ ਕੇ ਮਾਣ ਬਖਸ਼ਿਆ। ਹੋਰ ਪੁਰਾਣੇ ਸਾਥੀ ਖਿਡਾਰੀਆਂ ਨੂੰ ਉਥੇ ਬੜੇ ਸਾਲਾਂ ਬਾਅਦ ਮਿਲੇ।
ਕੈਨੇਡਾ ਰਹਿੰਦਾ ਹੋਇਆ ਵੀ ਛੰਨਾ ਪਿੰਡ ਪ੍ਰਤੀ ਪੂਰਾ ਮੋਹ ਰੱਖਦੈ। ਨੇਕ-ਦਿਲ ਤੇ ਬਹੁਪੱਖੀ-ਸ਼ਖਸੀਅਤ ਸ਼ ਹਰਦੇਵ ਸਿੰਘ ਦੀ ਪਿੰਡ ਪ੍ਰਤੀ ਵਿਕਾਸ, ਖੇਡਾਂ, ਗਰਾਊਂਡ ਅਤੇ ਸਕੂਲ ਦੀ ਬਿਲਡਿੰਗ ਲਈ ਵੱਡਮੁੱਲਾ ਯੋਗਦਾਨ ਪਾਉਣ ਲਈ ਕਦਰ ਕਰਦੈ। ਪਿੰਡ ਦੇ ਮੌਜੂਦਾ ਸਰਪੰਚ ਮੈਡਮ ਪਰਮਿੰਦਰਜੀਤ ਕੌਰ ਦੀ ਪਿੰਡ ਦੇ ਵਿਕਾਸ ਕਾਰਜਾਂ ਅਤੇ ਖੇਡਾਂ ਦੀ ਪ੍ਰਫੁਲਤਾ ਲਈ ਬੜੀ ਇੱਜਤ ਕਰਦਾ ਹੈ। ਏ. ਐਸ਼ ਆਈ. ਸ਼ ਸਤਨਾਮ ਸਿੰਘ ਦਾ ਵੀ ਧੰਨਵਾਦੀ ਹੈ, ਜੋ ਘਰਵਾਲੀ ਦਾ ਹਮੇਸ਼ਾ ਹਰ ਕੰਮ ‘ਚ ਸਾਥ ਦੇ ਰਿਹੈ।
ਗੁਰਸ਼ਰਨ ਛੰਨਾ ਆਪਣੀ ਪਤਨੀ, ਦੋ ਬੇਟੀਆਂ ਤੇ ਇਕਲੌਤੇ ਬੇਟੇ ਅੰਮ੍ਰਿਤ ਸਿੰਘ ਨਾਲ ਵੈਨਕੂਵਰ ਵਿਖੇ ਜ਼ਿੰਦਗੀ ਦੇ ਨਜ਼ਾਰੇ ਮਾਣ ਰਿਹੈ। ਬੇਟਾ ਅਮਰੀਕਨ ਫੁੱਟਬਾਲ ਖੇਡਦਾ ਰਿਹੈ। ਛੰਨਾ ਪੂਰਾ ਫਿੱਟ ਐ। ਸਰੀਰ ਦਾ ਹਮੇਸ਼ਾ ਖਿਆਲ ਰੱਖਦੈ। ਸੱਤ-ਅੱਠ ਮੀਲ ਰੋਜ਼ਾਨਾ ਦੌੜਦੈ…। ਨਸ਼ਿਆਂ ਬਗੈਰਾ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖੀ। ਨਸ਼ਾ ਹਮੇਸ਼ਾ ਫੁੱਟਬਾਲ ਦਾ ਰਿਹੈ। ਬਨਾਵਟੀ ਖੁਰਾਕਾਂ ਦੇ ਲਾਗੇ ਨਹੀਂ ਗਿਆ। ਘਰ ਦਾ ਦੇਸੀ ਸ਼ੁੱਧ ਖਾਣਾ ਦੁੱਧ, ਘਿਓੁ, ਮੱਖਣ ਖਾ ਕੇ ਫੁੱਟਬਾਲ ਦਾ ਨਾਮਵਰ ਖਿਡਾਰੀ ਬਣਿਐ।
ਗੱਲ ਬੜੀ ਹੈ ਸੱਚੀ ਕੋਈ ਮੰਨੇ ਜਾਂ ਨਾ ਮੰਨੇ।
ਪੁਰਾਣੇ ਖਿਡਾਰੀ ਖੇਡਦੇ ਰਹੇ ਚੂਪਕੇ ਗੰਨੇ।
ਖਾ ਖੁਰਾਕਾਂ ਦੇਸੀ ਧੱਕੜ ਖੇਡੇ ਕਾਹਮੇਂ ਵਾਲੇ ਛੰਨੇ।