ਲਿਖਣ ਕਲਾ

ਹਰਜੀਤ ਦਿਓਲ, ਬਰੈਂਪਟਨ
ਮਨੁੱਖੀ ਵਿਕਾਸ ਦੇ ਇਤਿਹਾਸ ਵਿਚ ਬੜੇ ਅਹਿਮ ਕ੍ਰਾਂਤੀਕਾਰੀ ਮੀਲ ਪੱਥਰ ਆਏ, ਜਦ ਉਸ ਨੇ ਕੁਝ ਵਿਸ਼ੇਸ਼ ਨਵਾਂ ਹੁਨਰ ਸਿੱਖਣ ‘ਚ ਸਫਲਤਾ ਪ੍ਰਾਪਤ ਕੀਤੀ। ਅੱਗ ਦੀ ਖੋਜ, ਔਜਾਰਾਂ ਤੇ ਹਥਿਆਰਾਂ ਦੀ ਖੋਜ, ਖੇਤੀ ਅਤੇ ਪਹੀਏ ਦੀ ਖੋਜ ਆਦਿ। ਇਸੇ ਲੜੀ ਵਿਚ ਉਹ ਸਮਾਂ ਵੀ ਆਇਆ, ਜਦ ਮਨੁੱਖ ਨੇ ਲਿਖਣਾ ਸਿੱਖਿਆ, ਜਿਸ ਨੇ ਮਨੁੱਖੀ ਸਭਿਅਤਾ ਦੇ ਇਤਿਹਾਸ ਨੂੰ ਇੱਕ ਨਵਾਂ ਮੋੜ ਦਿੱਤਾ। ਪੁਰਾਤੱਤ ਵਿਗਿਆਨੀਆਂ ਦੀ ਬੇਮਿਸਾਲ ਲਗਨ ਸਦਕਾ ਅਸੀਂ ਨਾ ਸਿਰਫ ਧਰਤੀ ਥੱਲੇ ਦਫਨ ਅਣਗਿਣਤ ਭੇਦਾਂ ਦੀ ਥਾਹ ਪਾ ਸਕੇ, ਸਗੋਂ ਇਸ ਧਰਤੀ ਦੇ ਜੀਵ ਵਿਕਾਸ ਦੀਆਂ ਲੜੀਆਂ ਜੋੜਨ ‘ਚ ਸਫਲ ਹੋਏ। ਸੰਸਾਰ ਦੇ ਵੱਖ ਵੱਖ ਸਥਾਨਾਂ ਤੋਂ ਖੁਦਾਈ ਰਾਹੀਂ ਪ੍ਰਾਪਤ ਹੋਏ ਅਵਸ਼ੇਸ਼ਾਂ ਰਾਹੀਂ ਅਸੀਂ ਮਨੁੱਖ ਦੀ ਲਿਖਣ ਕਲਾ ਦਾ ਦਿਲਚਸਪ ਮੁੱਢ ਸਮਝਣ ਵਿਚ ਕਾਮਯਾਬ ਹੋਏ।

ਵਿਗਿਆਨੀਆਂ ਦਾ ਮੰਨਣਾ ਹੈ ਕਿ ਲਿਖਣ ਕਲਾ ਦਾ ਮੁੱਢ ਕੋਈ 22,000 ਸਾਲ ਪਹਿਲਾਂ ਮਨੁੱਖ ਦੁਆਰਾ ਪ੍ਰਾਚੀਨ ਗੁਫਾਵਾਂ ਵਿਚ ਮੌਜੂਦ ਪੱਥਰਾਂ ਉੱਤੇ ਚਿੱਤਰਕਾਰੀ ਕਰਨ ਨਾਲ ਬੱਝਿਆ। ਇਸ ਉਪਰੰਤ ਲਗਭਗ 17,000 ਸਾਲ ਪਹਿਲਾਂ ਮਨੁੱਖ ਨੇ ਲਿਖਣ ਕਲਾ ਦੇ ਹੁਨਰ ਵੱਲ ਇੱਕ ਹੋਰ ਕਦਮ ਵਧਾ ਕੇ ਇੱਕ ਅਦੁੱਤੀ ਇਤਿਹਾਸ ਸਿਰਜਿਆ। 10 ਕੁ ਹਜਾਰ ਸਾਲ ਤੱਕ ਸੁਨੇਹਿਆਂ ਦਾ ਆਦਾਨ-ਪ੍ਰਦਾਨ ਕੁਝ ਸੰਕੇਤਾਂ ਅਤੇ ਚਿੰਨ੍ਹਾਂ ਦੀ ਚਿੱਤਰਕਾਰੀ ਦੁਆਰਾ ਹੀ ਕੀਤਾ ਜਾਂਦਾ ਰਿਹਾ, ਪਰ ਲਿਖਣ ਕਲਾ ਦਾ ਅਸਲ ਮੰਤਵ ਇਨ੍ਹਾਂ ਚਿੰਨ੍ਹ ਸੰਕੇਤਾਂ ਉੱਪਰ ਇੱਕ ਖਾਸ ਖੇਤਰ ‘ਚ ਵਸ ਰਹੀਆਂ ਸੱਭਿਅਤਾਵਾਂ ਦੀ ਆਪਸੀ ਸਹਿਮਤੀ ਨਾਲ ਪੂਰਾ ਹੋਇਆ।
ਚਿੱਤਰ ਸੰਕੇਤਾਂ ਦਾ ਵਿਕਾਸ ਅਚਾਨਕ ਨਹੀਂ ਹੋਇਆ, ਸਗੋਂ ਲੰਮੇ ਸਮੇਂ ਤੋਂ ਇਸ ਕਾਰਜ ਲਈ ਜੁਟੇ ਰਹੇ ਬੁੱਧੀਮਾਨ ਵਿਅਕਤੀਆਂ ਦੀ ਘਾਲਣਾ ਰਾਹੀਂ ਥੋੜ੍ਹੀ ਸਫਲਤਾ ਹਾਸਲ ਹੋਈ। ਪ੍ਰਾਚੀਨ ਮੈਸੋਪੋਟਾਮੀਆ (ਅੱਜ ਦਾ ਇਰਾਕ) ਖੇਤਰ ‘ਚ ਮਿਲੇ ਅਵਸ਼ੇਸ਼ਾਂ ਰਾਹੀਂ ਇਹ ਜਾਣਿਆ ਗਿਆ ਕਿ ਸਭ ਤੋਂ ਪਹਿਲੀ ਲਿਖਾਈ ਚੀਕਣੀ ਮਿੱਟੀ ਦੀਆਂ ਸਲੇਟਾਂ ਉੱਪਰ ਕੁਝ ਸੰਕੇਤ ਚਿੱਤਰ ਉਕੇਰਨ ਨਾਲ ਅਰੰਭ ਹੋਈ। ਲਗਭਗ ਪੰਜ ਕੁ ਹਜਾਰ ਸਾਲ ਪਹਿਲਾਂ ਇਨ੍ਹਾਂ ਚਿੱਤਰਾਂ ਵਿਚੋਂ ਗੋਲਾਈ (ਕਰਵ) ਨੂੰ ਖਤਮ ਕੀਤਾ ਗਿਆ, ਕਿਉਂਕਿ ਗਿੱਲੀ ਮਿੱਟੀ ਉੱਪਰ ਇਹ ਉਕੇਰਨਾ ਔਖਾ ਕੰਮ ਸੀ। ਇਸ ਦੀ ਜਗ੍ਹਾ ਸਿੱਧੀਆਂ ਫਾਨੇ ਵਰਗੀਆਂ ਲਕੀਰਾਂ ਉਕੇਰ ਕੇ ਸੰਕੇਤ ਚਿੱਤਰ ਬਣਾਉਣ ਦਾ ਰਾਹ ਕੱਢਿਆ ਗਿਆ।
ਕਈ ਸੌ ਸਾਲ ਇਵੇਂ ਹੀ ਸੂਚਨਾਵਾਂ ਦਾ ਆਦਾਨ-ਪ੍ਰਦਾਨ ਚਲਦਾ ਰਿਹਾ, ਪਰ ਇਸ ਕਲਾ ਵਿਚ ਵੱਡੀ ਤਬਦੀਲੀ ਆਈ ਜਦ ਇਹ ਚਿੰਨ੍ਹ ਸੰਕੇਤ ਬੋਲੇ ਜਾਣ ਵਾਲੇ ਸ਼ਬਦਾਂ ਦਾ ਰੂਪਾਂਤਰਣ ਕਰਨ ਲੱਗੇ। ਪੁਰਾਤੱਤ ਵਿਗਿਆਨੀਆਂ ਦਾ ਮੰਨਣਾ ਹੈ ਕਿ ਮੈਡੀਟੇਰੀਅਨ ਅਤੇ ਚੀਨ ਵਿਚ ਲਿਖਣ ਕਲਾ ਦੇ ਇਸ ਮੂਲ ਵਿਕਾਸ ‘ਚ ਵੱਡਾ ਯੋਗਦਾਨ ਪਾਇਆ ਗਿਆ। ਅੱਜ ਵੀ ਚੀਨੀ ਲਿਖਾਈ ਇਨ੍ਹਾਂ ਪ੍ਰਾਚੀਨ ਚਿੰਨ੍ਹ ਸੰਕੇਤਾਂ ਨਾਲ ਬਹੁਤ ਮੇਲ ਖਾਂਦੀ ਹੈ। ਇਸ ਦੌਰਾਨ ਸੰਸਾਰ ਦੇ ਕਈ ਖੇਤਰਾਂ ਵਿਚ ਇਸ ਵਿਧੀ ਦੁਆਰਾ ਇਤਿਹਾਸ, ਕਾਨੂੰਨ ਅਤੇ ਕਹਾਣੀਆਂ ਨੂੰ ਮਿੱਟੀ ਦੀਆਂ ਸਲੇਟਾਂ, ਪੱਥਰ ਅਤੇ ਇੱਕ ਖਾਸ ਕਿਸਮ ਦੇ ਪੱਤਿਆਂ ਉੱਤੇ ਦਰਜ ਕੀਤਾ ਜਾਣ ਲੱਗਾ।
ਤਿੰਨ ਕੁ ਹਜਾਰ ਸਾਲ ਹੋਏ ਲਿਖਣ ਕਲਾ ਵਿਚ ਕ੍ਰਾਂਤੀਕਾਰੀ ਪਰਿਵਰਤਨ ਆਇਆ, ਜਦ ਬੁੱਧੀਮਾਨਾਂ ਨੇ ਅਲਫਾਬੈਟ (ਵਰਣਮਾਲਾ) ਦੀ ਖੋਜ ਕਰਨ ‘ਚ ਸਫਲਤਾ ਪ੍ਰਾਪਤ ਕਰ ਲਈ। ਇਸ ਨਾਲ ਬੋਲੀਆਂ ਜਾਣ ਵਾਲੀਆਂ ਧੁਨੀਆਂ ਦੀ ਅੱਖਰਾਂ ਨਾਲ ਤਰਜਮਾਨੀ ਹੋਣ ਲੱਗੀ। ਇਸ ਉਪਰੰਤ ਲਿਖਣ ਕਲਾ ਦਾ ਵਿਕਾਸ ਬੜੀ ਤੇਜੀ ਨਾਲ ਹੋਇਆ ਅਤੇ ਦੁਨੀਆਂ ਦੇ ਵੱਖ ਵੱਖ ਹਿੱਸਿਆਂ ‘ਚ ਆਪੋ-ਆਪਣੀ ਬੋਲੀ ਅਨੁਸਾਰ ਲਿਖਣ ਭਾਸ਼ਾਵਾਂ ਦਾ ਵਿਸਤਾਰ ਹੁੰਦਾ ਗਿਆ। ਇਸ ਤਰ੍ਹਾਂ ਬੁੱਧੀਮਾਨ ਮਨੁੱਖ ਜਾਤੀ ਨੇ ਇਸ ਅਨੋਖੇ ਹੁਨਰ ਨਾਲ ਮਨੁੱਖਤਾ ਦਾ ਨਵਾਂ ਇਤਿਹਾਸ ਸਿਰਜਣ ਵਿਚ ਵੱਡਾ ਯੋਗਦਾਨ ਪਾਇਆ। ਅੱਜ ਕੰਪਿਊਟਰ ਯੁਗ ਨੇ ਭਾਵੇਂ ਇਸ ਦਿਸ਼ਾ ਵਿਚ ਹੈਰਾਨੀਜਨਕ ਬਦਲਾਓ ਲੈ ਆਂਦਾ ਹੈ, ਪਰ ਸਾਨੂੰ ਮਾਣ ਹੈ ਆਪਣੇ ਉਨ੍ਹਾਂ ਪੁਰਖਿਆਂ ‘ਤੇ, ਜਿਨ੍ਹਾਂ ਪੱਥਰਾਂ ਉੱਤੇ ਚਿੱਤਰ ਉਕੇਰ ਇਸ ਹੁਨਰ ਵੱਲ ਪਹਿਲਾ ਕਦਮ ਵਧਾਇਆ।