ਗੁਰੂ ਨਾਨਕ ਪ੍ਰਕਾਸ਼ ਪੁਰਬ ਇਸ ਸਾਲ ਮੱਘਰ ਪੂਰਨਮਾਸ਼ੀ ਨੂੰ ਕਿਉਂ?

ਡਾ. ਆਸਾ ਸਿੰਘ ਘੁੰਮਣ
ਨਡਾਲਾ (ਕਪੂਰਥਲਾ)
ਫੋਨ: 91-97798-53245
ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ‘ਕੱਤਕ ਕਿ ਵਿਸਾਖ’ ਦਾ ਵਿਵਾਦ ਤਾਂ ਨਿਰੰਤਰ ਜਾਰੀ ਹੀ ਹੈ, ਪਰ ਇਸ ਸਾਲ ਇਕ ਹੋਰ ਵਰਤਾਰਾ ਨਜ਼ਰ ਆ ਰਿਹਾ ਹੈ ਕਿ ਗੁਰੂ ਜੀ ਦਾ ਗੁਰਪੁਰਬ ਕੱਤਕ ਦੀ ਪੂਰਨਮਾਸ਼ੀ ਨੂੰ ਨਹੀਂ, ਸਗੋਂ ਮੱਘਰ ਦੀ ਪੂਰਨਮਾਸ਼ੀ ਨੂੰ ਮਨਾਇਆ ਜਾ ਰਿਹਾ ਹੈ। ਪਿਛਲੇ ਸਾਲ ਗੁਰੂ ਜੀ ਦਾ 550ਸਾਲਾ ਬੜੇ ਉਤਸ਼ਾਹ ਨਾਲ ਸਾਰੇ ਸਿੱਖ ਜਗਤ ਨੇ ਕੱਤਕ ਪੂਰਨਮਾਸ਼ੀ, 13 ਨਵੰਬਰ ਨੂੰ ਮਨਾਇਆ ਸੀ, ਪਰ ਇਸ ਸਾਲ ਕੱਤਕ ਦੀ ਪੂਰਨਮਾਸ਼ੀ ਭਾਵੇਂ ਕਿ ਦੀਵਾਲੀ ਤੋਂ ਪਹਿਲਾਂ 15 ਕੱਤਕ ਨੂੰ ਆ ਗਈ ਸੀ, ਪਰ ਇਹ ਦਿਹਾੜਾ ਉਸ ਦਿਨ ਨਹੀਂ ਮਨਾਇਆ ਗਿਆ।

ਸੁਭਾਵਿਕ ਹੀ ਜਗਿਆਸੂ ਮਨ ਦਾ ਸੁਆਲ ਪੈਦਾ ਕਰਨਾ ਬਣਦਾ ਹੈ ਕਿ ਅਜਿਹਾ ਕਿਉਂ? ਅਜਿਹਾ ਹੋਣ ਨਾਲ ਇੱਕ ਵਾਰੀ ਫੇਰ ਚੇਤੰਨ ਸਿੱਖ ਸੁਆਲ ਕਰਦੇ ਹਨ ਕਿ ਜੇ ਨਾਨਕਸ਼ਾਹੀ ਕੈਲੰਡਰ ਹੂਬਹੂ ਲਾਗੂ ਕਰ ਲਿਆ ਜਾਂਦਾ ਤਾਂ ਪ੍ਰਕਾਸ਼ ਉਤਸਵ ਦੀਆਂ ਤਾਰੀਖਾਂ ਵਿਚ ਅਜਿਹੀ ਅਜੀਬ ਅਦਲਾ-ਬਦਲੀ ਨਹੀਂ ਸੀ ਹੋਇਆ ਕਰਨੀ। ਕੈਨੇਡਾ ਵਾਸੀ ਪਾਲ ਸਿੰਘ ਪੁਰੇਵਾਲ ਨੇ ਬਹੁਤ ਮਿਹਨਤ ਕਰਕੇ ਇਹ ਕੈਲੰਡਰ ਤਿਆਰ ਕੀਤਾ ਸੀ, ਜਿਸ ਦਾ ਇਕੋ ਇੱਕ ਮਕਸਦ ਇਹੀ ਸੀ ਕਿ ਸਾਰੇ ਸੰਸਾਰ ਵਿਚ ਵਿਚਰ ਰਿਹਾ ਸਿੱਖ ਜਗਤ, ਕਿਉਂਕਿ ਹੁਣ ਸੂਰਜੀ ਕੈਲੰਡਰ ਵਰਤ ਰਿਹੈ, ਇਸ ਲਈ ਇਸ ਕੈਲੰਡਰ ਦੇ ਮੁਤਾਬਕ ਗੁਰਪੁਰਬਾਂ, ਸੰਗਰਾਂਦਾਂ ਅਤੇ ਹੋਰ ਇਤਿਹਾਸਕ ਦਿਹਾੜਿਆਂ ਨੂੰ ਨਿਸ਼ਚਿਤ ਤਾਰੀਖਾਂ ਨਾਲ ਜੋੜ ਦੇਣਾ ਚਾਹੀਦਾ ਹੈ।
ਗੁਰੂ ਨਾਨਕ ਦੇਵ ਜੀ ਦਾ ਜਨਮ ਭਾਵੇਂ ਵਿਸਾਖ ਸੁਦੀ ਤਿੰਨ ਸੰਮਤ 1526 ਭਾਵ 15 ਅਪਰੈਲ 1469 ਈਸਵੀ ਨੂੰ ਹੋਇਆ, ਪਰ ਸਿੱਖ ਸੰਗਤਾਂ ਵਿਚ ਇਹ ਦਿਹਾੜਾ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਣਾ ਪ੍ਰਚਲਿਤ ਹੋ ਗਿਆ, ਭਾਵੇਂ ਇਸ ਦੇ ਕਾਰਨ ਕੋਈ ਵੀ ਹੋਣ। ਸੰਨ 1469 ਵਿਚ ਕੱਤਕ ਪੂਰਨਮਾਸ਼ੀ 20 ਅਕਤੂਬਰ ਨੂੰ ਸੀ। ਇਸ ਲਈ ਪਾਲ ਸਿੰਘ ਪੁਰੇਵਾਲ ਦੇ ਮੁਤਾਬਕ ਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀ ਤਾਰੀਖ ਪੱਕੇ ਤੌਰ ‘ਤੇ 20 ਅਕਤੂਬਰ ਨਿਸ਼ਚਿਤ ਕੀਤੀ ਜਾ ਸਕਦੀ ਹੈ; ਪਰ ਅਜਿਹਾ ਹੋ ਨਾ ਹੋ ਸਕਿਆ। ਉਸ ਦੇ ਵੀ ਕੁਝ ਠੋਸ ਕਾਰਨ ਹਨ।
ਨਾਨਕਸ਼ਾਹੀ ਕੈਲੰਡਰ ਨੂੰ ਕਈ ਮੁੱਦਿਆਂ ‘ਤੇ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ ਅਤੇ ਇਸ ਵਿਚ ਕੁਝ ਅਦਲਾ-ਬਦਲੀਆਂ ਵੀ ਕੀਤੀਆਂ ਗਈਆਂ। ਉਨ੍ਹਾਂ ਵਿਚੋਂ ਮੁੱਖ ਇਹ ਵੀ ਸੀ ਕਿ ਗੁਰੂ ਨਾਨਕ ਦੇਵ ਜੀ ਦਾ ਦਿਹਾੜਾ ਚੰਦਰਮਾ ਵਰ੍ਹੇ ਮੁਤਾਬਕ ਮਨਾਇਆ ਜਾਣਾ ਜਾਰੀ ਰੱਖਿਆ ਜਾਵੇ। ਹਿੰਦੁਸਤਾਨ ਸਮੇਤ ਹੋਰ ਕਈ ਦੇਸ਼ ਅਤੇ ਕੌਮਾਂ ਸੂਰਜੀ ਵਰ੍ਹੇ ਦੇ ਨਾਲ ਨਾਲ ਚੰਦਰਮਾ ਵਰ੍ਹੇ ਦੀਆਂ ਤਿੱਥਾਂ/ਤਾਰੀਖਾਂ ਵਰਤਦੀਆਂ ਹਨ ਅਤੇ ਉਨ੍ਹਾਂ ਦੇ ਵਿਸ਼ੇਸ਼ ਤੌਰ ‘ਤੇ ਧਾਰਮਿਕ ਤਿਉਹਾਰ ਚੰਦਰਮਾ ਵਰ੍ਹੇ ਮੁਤਾਬਕ ਹਨ। ਮਿਸਾਲ ਵਜੋਂ ਮੁਸਲਮਾਨਾਂ ਭਰਾਵਾਂ ਦੇ ਸਾਰੇ ਧਾਰਮਿਕ ਤਿਉਹਾਰ ਚੰਦਰਮਾ ਚਾਲ ‘ਤੇ ਆਧਾਰਿਤ ਹਨ। ਚੰਦਰਮਾ ਸਾਲ ਦੀ ਇੱਕੋ ਇੱਕ ਸਮੱਸਿਆ ਹੈ ਕਿ ਇਸ ਅਨੁਸਾਰ ਦਿਨ ਅੱਗੇ-ਪਿੱਛੇ ਹੁੰਦੇ ਰਹਿੰਦੇ ਹਨ, ਪਰ ਚੰਦਰਮਾ ਕਿਉਂਕਿ ਉਸ ਪਰਮਾਤਮਾ ਦਾ ਅਨੋਖਾ ਕ੍ਰਿਸ਼ਮਾ ਹੈ ਅਤੇ ਸੀਤਲ, ਸੁੰਦਰ, ਸਦੀਵੀ ਚਾਨਣ ਸਰੋਤ ਹੈ, ਇਸ ਲਈ ਮਾਨਵੀ-ਮੁੱਢ ਤੋਂ ਹੀ ਇਸ ਨਾਲ ਸਾਡੇ ਅਨੇਕਾਂ ਕਿਸਮ ਦੇ ਹਾਵ-ਭਾਵ ਅਤੇ ਅਹਿਸਾਸ ਜੁੜੇ ਹਨ।
ਹਿੰਦੁਸਤਾਨ ਦੇ ਬ੍ਰਾਹਮਣਾਂ ਵੱਲੋਂ ਚੰਦਰਮਾ ਸਾਲ ਨੂੰ ਸੂਰਜੀ ਸਾਲ ਦੇ ਬਰਾਬਰ ਬਣਾਈ ਰੱਖਣ ਲਈ ਯਤਨ ਨਿਰੰਤਰ ਜਾਰੀ ਹਨ। ਅਸਲ ਵਿਚ ਚੰਦਰਮੀ ਸਾਲ ਸੂਰਜੀ ਸਾਲ ਦੇ ਮੁਕਾਬਲੇ ਕਰੀਬ 11 ਦਿਨ ਛੋਟਾ ਹੁੰਦਾ ਹੈ। ਚੰਦਰਮਾ ਸਾਲ ਵਿਚ 354 ਦਿਨ ਹੁੰਦੇ ਹਨ, ਜਦੋਂ ਕਿ ਸੂਰਜੀ ਸਾਲ ਵਿਚ 365 ਦਿਨ। ਇਨ੍ਹਾਂ ਨੂੰ ਬਰਾਬਰ ਤੋਰਨ ਲਈ ਹਰ ਤੀਸਰੇ ਸਾਲ ਚੰਦਰਮਾ ਸਾਲ ਵਿਚ ਇਕ ਮਹੀਨਾ ਜੋੜ ਦਿੱਤਾ ਜਾਂਦਾ ਹੈ, ਜਿਸ ਨੂੰ ਮਲ ਮਾਸ ਜਾਂ ਲੌਂਦ ਦਾ ਮਹੀਨਾ ਕਹਿੰਦੇ ਹਨ। ਮਲ ਮਾਸ ਵਿਚ ਸ਼ੁਭ ਕੰਮ ਭਾਵ ਗੁਰਪੁਰਬ ਵਗੈਰਾ ਮਨਾਉਣਾ ਵਰਜਿਤ ਹੁੰਦਾ ਹੈ। ਇਸੇ ਵਹਿਮ-ਭਰਮ ਜਾਂ ਅੰਧ ਵਿਸ਼ਵਾਸੀ ਪਰੰਪਰਾ ਕਰਕੇ ਇਸ ਸਾਲ ਕੱਤਕ ਦੇ ਮਹੀਨੇ ਵਿਚਲੀ ਪੂਰਨਮਾਸ਼ੀ ਸ਼ੁਭ ਨਹੀਂ ਸੀ ਅਤੇ ਹੁਣ ਗੁਰੂ ਜੀ ਦਾ ਪਰਗਟ ਦਿਵਸ ਮੱਘਰ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਵੇਗਾ। ਗੁਰੂ ਜੀ ਦੇ ਫਲਸਫੇ ਨੂੰ ਯਾਦ ਕੀਤਾ ਜਾਵੇਗਾ, ਸ਼ਬਦਾਂ ਦਾ ਕੀਰਤਨ ਕੀਤਾ ਜਾਵੇਗਾ ਅਤੇ ਮਹਾਪੁਰਖਾਂ ਵੱਲੋਂ ਕੌਮ ਦੇ ਨਾਂ ਸੰਦੇਸ਼ ਦਿੱਤੇ ਜਾਣਗੇ।
ਅਫਸੋਸ! ਜਿਸ ਸਰਵਉੱਚ ਗੁਰੂ ਮਹਾਰਾਜ ਨੇ ਸਾਨੂੰ ਵਹਿਮਾਂ-ਭਰਮਾਂ-ਭੁਲੇਖਿਆਂ ਵਿਚੋਂ ਬਾਹਰ ਕੱਢ ਕੇ ਇੱਕ ਉਚੇਰਾ, ਸੁਚੇਰਾ ਅਤੇ ਕੁਦਰਤ ਨਾਲ ਇੱਕਸਾਰਤਾ ਵਾਲਾ ਜੀਵਨ ਬਤੀਤ ਕਰਨ ਦਾ ਸੰਦੇਸ਼ ਦਿੱਤਾ, ਉਨ੍ਹਾਂ ਦਾ ਪ੍ਰਕਾਸ਼ ਦਿਹਾੜਾ ਹੀ ਭਰਮ-ਭੁਲੇਖਿਆਂ ਵਿਚ ਤੁਰਿਆ ਫਿਰਦਾ ਹੈ।