ਆਦਤ ਤੋਂ ਮਜਬੂਰ

ਪ੍ਰਿੰ. ਬ੍ਰਿਜਿੰਦਰ ਸਿੰਘ ਸਿੱਧੂ ਨੇ ਆਪਣੇ ਇਸ ਲੇਖ ਵਿਚ ਜ਼ਿੰਦਗੀ ਦਾ ਅਜਿਹਾ ਨਕਸ਼ਾ ਖਿੱਚਿਆ ਹੈ, ਜੋ ਦੇਖਣ-ਪੜ੍ਹਨ-ਸੁਣਨ ਨੂੰ ਭਾਵੇਂ ਬਹੁਤ ਸਾਧਾਰਨ ਲਗਦਾ ਹੈ, ਪਰ ਰਤਾ ਕੁ ਧਿਆਨ ਲਾਉਂਦਿਆਂ ਇਸ ਅੰਦਰ ਸੰਵੇਦਨਸ਼ੀਲਤਾ ਦੀਆਂ ਛੱਲਾਂ ਨਜ਼ਰੀਂ ਪੈ ਜਾਂਦੀਆਂ ਹਨ। ਇਹੀ ਛੱਲਾਂ ਅਸਲ ਵਿਚ ਰੁੱਖੀ ਜਾਪਦੀ ਜ਼ਿੰਦਗੀ ਨੂੰ ਤਰ ਕਰਦੀਆਂ ਅਤੇ ਬੰਦੇ ਨੂੰ ਖੇੜਾ ਬਖਸ਼ਦੀਆਂ ਹਨ।

-ਸੰਪਾਦਕ

ਪ੍ਰਿੰ. ਬ੍ਰਿਜਿੰਦਰ ਸਿੰਘ ਸਿੱਧੂ
ਫੋਨ: 925-683-1982

ਮਨੁੱਖ ਕੀ ਹੈ? ਕੁਝ ਆਦਤਾਂ ਦਾ ਮੁਜੱਸਮਾ! ਮਜਬੂਰੀ ਕੁਦਰਤ ਦੀ ਖੇਡ ਹੈ। ਪਸ਼ੂ ਜਾਂ ਮਨੁੱਖ ਜਾਤੀ ਹੀ ਕਈ ਆਦਤਾਂ ਤੋਂ ਮਜਬੂਰ ਨਹੀਂ, ਕਈ ਵਾਰ ਕੁਦਰਤ ਵੀ ਲਾਚਾਰ ਨਜ਼ਰ ਆਉਂਦੀ ਹੈ। ਇਹ ਲੱਖਾਂ ਰਹਿਮਤਾਂ ਲੋਕਾਈ ‘ਤੇ ਨਿਛਾਵਰ ਕਰਦੀ ਹੈ, ਫਿਰ ਵੀ ਸ਼ਾਇਦ ਉਸ ਦੀ ਆਦਤ ਦੀ ਮਜਬੂਰੀ ਹੋਵੇ ਕਿ ਕਦੀ-ਕਦਾਈਂ ਦੁਨੀਆਂ ਨੂੰ ਤਰੱਕੀ ਦੇ ਘੁਮੰਡ ਅਤੇ ਸਭ ਬਿਮਾਰੀਆਂ ਦੇ ਇਲਾਜ ਵਾਲੇ ਮਨੁੱਖ ਨੂੰ ਕੁਝ ਸਬਕ ਸਿਖਾਵੇ! ਕਰੋਨਾ ਵਾਇਰਸ ਜਿਹੇ ਦੁਖਦਾਇਕ ਅਤੇ ਭਿਆਨਕ ਮੰਜ਼ਰ ਕੁਦਰਤ ਦੀ ਆਦਤ ਦੀ ਮਜਬੂਰੀ ਹੀ ਸਮਝੋ।
ਮੇਰਾ ਪਿਛੋਕੜ ਪਿੰਡਾਂ ਦਾ ਹੈ। ਦਸ ਕੁ ਸਾਲ ਦਾ ਅਣਜਾਣ ਜਿਹਾ ਬੱਚਾ ਸਾਂ। ਘਰ ਦੇ ਵੱਡੇ ਵਿਹੜੇ ਵਿਚ ਮੱਝਾਂ, ਗਊਆਂ ਅਤੇ ਬਲਦ ਸਣ ਦੇ ਰੱਸਿਆਂ ਨਾਲ ਬੰਨ੍ਹੇ ਹੋਏ ਸਨ। ਉਨ੍ਹਾਂ ਲਈ ਬਹੁਤ ਚੰਗੇ ਪੱਠੇ (ਚਾਰਾ) ਖੁਰਲੀਆਂ ਵਿਚ ਰੱਖੇ ਹੋਏ ਸਨ, ਫਿਰ ਵੀ ਕੁਝ ਪਸ਼ੂ ਰੱਸੇ ਚੱਬ ਰਹੇ ਸਨ। ਮੇਰੇ ਭੋਲੇ ਮਨ ਨੂੰ ਬਹੁਤ ਹੈਰਾਨੀ ਹੋਈ। ਇਹ ਜਾਨਵਰ ਹਰਾ-ਚਾਰਾ ਖਾਣ ਪਿਛੋਂ ਰੱਸੇ ਕਿਉਂ ਚਬਦੇ ਹਨ? ਮੈਨੂੰ ਸਾਡੇ ਸੀਰੀਆਂ/ਸਾਂਝੀਆਂ ਨੇ ਦੱਸਿਆ, “ਕਾਕਾ ਜੀ, ਇਹ ਚੰਦਰੀ ਆਦਤ ਤੋਂ ਮਜਬੂਰ ਹਨ।” ਮੇਰੇ ਲਈ ਬਾਲਪਨ ਦੀ ਇਹ ਘਟਨਾ ਜੀਵਨ ਵਿਚ ਆਦਤ ਦੀ ਮਜਬੂਰੀ ਦਾ ਪਹਿਲਾ ਤਜਰਬਾ ਸੀ।
ਸਮਾਂ ਬੀਤਦਾ ਗਿਆ। ਮਨੁੱਖਾਂ ਦੀਆਂ ਆਦਤਾਂ ਦੀ ਮਜਬੂਰੀ ਦਾ ਅਨੁਭਵ ਮੇਰੀ ਸੂਝ ਦੀ ਪਕੜ ਵਿਚ ਕਾਫੀ ਦੇਰ ਨਾ ਆਇਆ, ਪਰ ਖੇਤੀ ਨਾਲ ਸਬੰਧਤ ਹੋਣ ਕਰ ਕੇ ਪਸ਼ੂਆਂ ਦੀਆਂ ਆਦਤਾਂ ਦੀ ਵੰਨਗੀ ਮੈਨੂੰ ਹੈਰਾਨ ਕਰਦੀ ਰਹੀ।
ਇਕੋ ਹੀ ਨਸਲ ਦੇ ਜਾਨਵਰ ਕੋਈ ਸੀਲ, ਕੋਈ ਮਾਰਖੰਡਾ; ਕੋਈ ਚਲਾਕ ਤੇ ਕੋਈ ਮੱਠਾ। ਕੁੱਤਿਆਂ ਦੀ ਤਾਂ ਗੱਲ ਹੀ ਨਾ ਪੁੱਛੋ! ਕਈ ਮਿਲਦਿਆਂ ਹੀ ਪੈਰਾਂ ਵਿਚ ਲੋਟ-ਪੋਟ ਹੋ ਜਾਂਦੇ ਹਨ ਅਤੇ ਕਈ ਦੇਖਣ ਵਿਚ ਹੀ ਖੂੰਖਾਰ ਲਗਦੇ ਹਨ। ਸ਼ਾਇਦ ਇਹ ਸਭ ਆਪਣੀ ਆਦਤ ਤੋਂ ਮਜਬੂਰ ਹੋਣ।
ਆਦਮੀਆਂ ਵਿਚ ਸਿਗਰਟਨੋਸ਼ੀ ਚੰਗੀ ਆਦਤ ਨਹੀਂ। ਬਹੁਤ ਸਾਰੀਆਂ ਅਲਾਮਤਾਂ ਇਸ ਦੀ ਦੇਣ ਹਨ, ਫਿਰ ਵੀ ਲੁਧਿਆਣੇ ਦਾ ਬਹੁਤ ਮਸ਼ਹੂਰ ਅਤੇ ਲਾਇਕ ਸਰਜਨ ਇਸ ਭੈੜੀ ਆਦਤ ਤੋਂ ਇਸ ਹੱਦ ਤੱਕ ਮਜਬੂਰ ਸੀ ਕਿ ਪਤਾ ਨਹੀਂ ਸਵੇਰ ਤੋਂ ਸ਼ਾਮ ਤੱਕ ਕਿੰਨੀਆਂ ਸਿਗਰਟਾਂ ਫੂਕ ਦਿੰਦਾ ਸੀ। ਬੁੱਧੀਜੀਵੀ ਇਸ ਨੂੰ ਆਦਤ ਦੀ ਮਜਬੂਰੀ ਕਹਿਣ ਦੀ ਥਾਂ ਐਸੇ ਰੌਚਿਕ ਸ਼ਬਦਾਂ ਦਾ ਸਹਾਰਾ ਲੈਂਦੇ ਹਨ ਕਿ ਸੁਣਨ ਵਾਲਾ ਲਾਜਵਾਬ ਹੋ ਜਾਂਦਾ ਹੈ।
ਮੈਂ ਐਮ. ਐਸ਼ ਸੀ. ਭੌਤਿਕ ਵਿਗਿਆਨ ਅਲੀਗੜ੍ਹ ਯੂਨੀਵਰਸਟੀ ਵਿਚ ਕਰ ਰਿਹਾ ਸਾਂ। ਹੋਸਟਲ ਵਿਚ ਉਰਦੂ ਦੇ ਉਭਰਦੇ ਸ਼ਾਇਰ ਨਾਲ ਮੁਲਾਕਾਤ ਹੋਈ। ਉਸ ਨੇ ਸ਼ਿਅਰ ਸੁਣਾਇਆ, “ਲੁਤਫ ਆਤਾ ਹੈ ਤੇਰੀ ਜਫਾਓਂ (ਬੇਵਫਾਈ) ਮੇਂ, ਕਾਸ਼ ਹਮ ਭੀ ਬੇਵਫਾ ਹੋਤੇ!” ਉਸ ਦਾ ਤਖੱਲਸ (ਕਲਮੀ ਨਾਮ) ਸ਼ੱਰe (ਚੰਗਿਆੜੀ) ਸੀ। ਮੈਨੂੰ ਉਸ ਦਾ ਕਲਾਮ ਬਹੁਤ ਪਿਆਰਾ ਲੱਗਿਆ। ਉਹ ਬਹੁਤ ਹੀ ਮਾੜਚੂ ਜਿਹਾ ਹਰ ਵੇਲੇ ਮੂੰਹ ਵਿਚ ਬੀੜੀ ਰੱਖਦਾ ਸੀ। ਮੈਥੋਂ ਰਿਹਾ ਨਾ ਗਿਆ, ਕਹਿ ਹੀ ਬੈਠਾ, “ਤੇਰੀ ਸਿਹਤ ਖਰਾਬ ਹੋ ਰਹੀ ਹੈ, ਸਾਰਾ ਦਿਨ ਬੀੜੀ ਪੀਣ ਦਾ ਕੀ ਫਾਇਦਾ?” ਉਸ ਨੇ ਜਵਾਬ ਦਿੱਤਾ, “ਸਰਦਾਰ ਬਹਾਦਰ, ਜ਼ਿੰਦਗੀ ਮੇਂ ਹਰ ਕਾਮ ਫਾਇਦੇ ਕੇ ਲੀਏ ਨਹੀਂ ਕੀਆ ਜਾਤਾ, ਕੁਛ ਕਾਮ ਸਿਰਫ ਸ਼ੌਕ ਕੇ ਲੀਏ ਕੀਏ ਜਾਤੇ ਹੈ।” ਮੈਂ ਲਾ ਜਵਾਬ ਹੋ ਗਿਆ। ਆਦਤ ਦੀ ਮਜਬੂਰੀ ਖੂਬਸੂਰਤ ਅਦਾ ਬਣ ਗਈ ਸੀ।
ਸ਼ਰਾਬ ਦੀ ਆਦਤ ਤੋਂ ਮਜਬੂਰੀ ਦੇ ਕਿੱਸੇ ਕਮਾਲਾਂ ਕਰਦੇ ਹਨ। ਵਿਸਥਾਰ ਵਿਚ ਨਾ ਜਾਂਦਿਆਂ ਇਕ-ਦੋ ਦਾ ਜ਼ਿਕਰ ਕਰਨਾ ਪਾਠਕਾਂ ਨੂੰ ਕੁਥਾਂ ਨਹੀਂ ਲੱਗੇਗਾ। ਲੱਖਾਂ ਐਕਸੀਡੈਂਟ ਸ਼ਰਾਬ ਨੇ ਨਸ਼ੇ ਅਧੀਨ ਹੁੰਦੇ ਹਨ। ਜੇਲ੍ਹ ਵਿਚ ਕਰੋੜਾਂ ਕੈਦੀ ਇਹੀ ਕਹਿੰਦੇ ਹਨ ਕਿ ਇਸ ਨਾਮੁਰਾਦ ਸ਼ਰਾਬ ਦੀ ਆਦਤ ਅਧੀਨ ਸਾਥੋਂ ਇਹ ਕੁਕਰਮ ਹੋ ਗਿਆ। ਅਮਰੀਕਾ ਵਿਚ ਸ਼ਰਾਬੀ ਡਰਾਈਵਰਾਂ ਖਿਲਾਫ ਬਹੁਤ ਸਖਤ ਕਾਨੂੰਨ ਹਨ। ਇਸੇ ਕਰ ਕੇ ਪਾਰਟੀਆਂ ਪਿੱਛੋਂ ਬਹੁਤ ਪੜ੍ਹੇ-ਲਿਖੇ ਮਨੁੱਖਾਂ ਦੀਆਂ ਪਤਨੀਆਂ ਨੂੰ ਹੀ ਡਰਾਈਵ ਕਰਨਾ ਪੈਂਦਾ ਹੈ। ਇਹ ਬਹੁਤ ਅਕਲਮੰਦ ਸੱਜਣ ਕਦੀ ਵੀ ਸ਼ਰਾਬ ਨੂੰ ਬੁਰੀ ਆਦਤ ਦੀ ਮਜਬੂਰੀ ਨਹੀਂ ਕਹਿੰਦੇ, ਸਗੋਂ ਦਿਲਚਸਪ ਅੰਦਾਜ਼ ਵਿਚ ਕਹਿੰਦੇ ਹਨ, ‘ਇਹ ਤਾਂ ਸੋਮ ਰਸ ਹੈ।’ ਕੋਈ ਕਹਿੰਦਾ ਹੈ, ‘ਕੌਨ ਕਹਿਤਾ ਹੈ, ਮੈਂ ਪੀਤਾ ਹੂੰ ਸ਼ਰਾਬ, ਮੈਂ ਤੋਂ ਪੀਤਾ ਹੂੰ ਦੁਨੀਆਂ ਕੇ ਗਮ ਘੋਲ ਕਰ।’
ਇਕ ਘਟਨਾ ਲਿਖੇ ਬਗੈਰ ਮੈਨੂੰ ਇਹ ਨਿਮਾਣਾ ਜਿਹਾ ਲੇਖ ਅਧੂਰਾ ਲਗਦਾ ਹੈ। ਮੈਂ ਸਰਕਾਰੀ ਕਾਲਜ ਨਾਭਾ ਤੋਂ ਬਤੌਰ ਪ੍ਰਿੰਸੀਪਲ ਸੇਵਾ ਮੁਕਤ ਹੋ ਕੇ ਚੰਡੀਗੜ੍ਹ ਵਾਪਸ ਆਇਆ ਹੀ ਸਾਂ। ਇਕ ਦੋਸਤ ਦੇ ਘਰ ਇਕ ਬੀਬੀ ਨਾਲ ਮੁਲਾਕਾਤ ਹੋਈ। ਉਹ ਫਿਰੋਜ਼ਪੁਰ ਵੱਲ ਦੇ ਇਕ ਚੰਗੇ ਕਾਲਜ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਘਰਵਾਲੀ ਸੀ। ਮੇਰੇ ਦੋਸਤ ਨੇ ਮੇਰੀ ਜਾਣ-ਪਛਾਣ ਨੇਕ ਅਤੇ ਸੋਫੀ ਪ੍ਰਿੰਸੀਪਲ ਕਹਿ ਕੇ ਕਰਾਈ। ਬੀਬੀ ਬੜੀ ਜ਼ਿੰਦਾਦਿਲ ਅਤੇ ਹੱਸਮੁਖ ਅੰਦਾਜ਼ ਵਿਚ ਬੋਲੀ, “ਸਾਡੇ ਕਾਲਜ ਵਿਚ ਇਕ ਪ੍ਰਿੰਸੀਪਲ ਦੀ ਨਿਯੁਕਤੀ ਕਰਨੀ ਸੀ। ਇਕ ਮਾੜਚੂ ਜਿਹਾ ਕਈ ਡਿਗਰੀਆਂ ਵਾਲਾ ਆਦਮੀ ਸਾਡੇ ਘਰ ਸ਼ਾਮ ਵੇਲੇ ਆਇਆ। ਮੇਰੇ ਪਤੀ ਨੇ ਬਹੁਤ ਪਿਆਰ ਨਾਲ ਇਕ ਪੈੱਗ ਵਿਸਕੀ ਦਾ ਪੇਸ਼ ਕੀਤਾ। ਉਹ ਤਾਂ ਜੀ ਉਸੇ ਨਾਲ ਹੀ ਆਊਟ ਹੋ ਗਿਆ। ਮੈਂ ਤਾਂ ਉਸੇ ਵੇਲੇ ਆਪਣੇ ਪਤੀ ਨੂੰ ਕਹਿ ਦਿੱਤਾ ਜੀ, ਇਸ ਨੇ ਸੁਆਹ ਪ੍ਰਿੰਸੀਪਲੀ ਕਰਨੀ ਹੈ, ਜਿਹੜਾ ਇਕ ਪੈੱਗ ਨਾਲ ਹੀ ਲੜਖੜਾ ਗਿਆ। ਐਡੇ ਵੱਡੇ ਸਟਾਫ ਅਤੇ ਹਜ਼ਾਰਾਂ ਵਿਦਿਆਰਥੀਆਂ ਨੂੰ ਇਹ ਕਿਵੇਂ ਕੰਟਰੋਲ ਕਰੇਗਾ?” ਉਸ ਬੀਬੀ ਲਈ ਮਨੁੱਖ ਦੀ ਪੂਰਨਤਾ ਲਈ ਸ਼ਰਾਬ ਦੀ ਆਦਤ ਭੈੜੀ ਚੀਜ਼ ਨਹੀਂ, ਸਗੋਂ ਸ਼ਰਾਬ ਦੀ ਆਦਤ ਵਾਲਾ ਸਦਾ ਚੜ੍ਹਦੀ ਕਲਾ ਵਿਚ ਰਹਿੰਦਾ ਹੈ। ਬੀਬੀ ਦਾ ਅੰਦਾਜ਼ ਐਸਾ ਸੀ ਕਿ ਮੇਰੇ ਉਤੇ ਉਸ ਦਾ ਕੱਸਿਆ ਵਿਅੰਗ ਮੈਨੂੰ ਬੁਰਾ ਨਾ ਲੱਗਿਆ।
ਸਰਕਾਰੀ ਕਾਲਜ ਚੰਡੀਗੜ੍ਹ ਵਿਚ ਅਸੀਂ ਹਰ ਸਾਲ ਮੁਸ਼ਾਇਰਾ ਸਮਾਗਮ ਕਰਦੇ ਸਾਂ। ਮੈਂ ਪ੍ਰਬੰਧਕੀ ਕਮੇਟੀ ਦਾ ਮੈਂਬਰ ਹੁੰਦਾ ਸਾਂ। ਕਈ ਕਲਾਕਾਰ ਆਪਣਾ ਕਲਾਮ ਪੇਸ਼ ਕਰਨ ਪਿੱਛੋਂ ਸਮਾਗਮ ਦੀ ਸਮਾਪਤੀ ਤੋਂ ਪਹਿਲਾਂ ਹੀ ਆਪਣਾ ਭੱਤਾ ਲੈ ਕੇ ਸ਼ਰਾਬ ਦੇ ਠੇਕੇ ਵੱਲ ਰਫੂ-ਚੱਕਰ ਹੋ ਜਾਂਦੇ। ਅਖੀਰ ਵਿਚ ਸੁਆਦਲਾ ਭੋਜਨ ਅਤੇ ਦੂਜੇ ਕਲਾਕਾਰਾਂ ਨਾਲ ਮੇਲ-ਮਿਲਾਪ ਉਨ੍ਹਾਂ ਲਈ ਬੇਮਾਇਨੇ ਹੁੰਦਾ ਸੀ। ਇਹੀ ਹੈ ਆਦਤ ਦੀ ਮਜਬੂਰੀ ਦਾ ਕਮਾਲ।
ਇਸ ਮਜਬੂਰੀ ਦਾ ਦੁਖਾਂਤ ਉਸ ਵੇਲੇ ਹੱਦਾਂ-ਬੰਨੇ ਪਾਰ ਕਰ ਜਾਂਦਾ ਹੈ ਜਦੋਂ ਭੈੜੀ ਤੋਂ ਭੈੜੀ ਅਤੇ ਜ਼ਹਿਰੀਲੀ ਸ਼ਰਾਬ ਨਾਲ ਹਜ਼ਾਰਾਂ ਆਦਮੀ ਮੌਤ ਸਹੇੜ ਲੈਂਦੇ ਹਨ। ਮਾਮੂਲੀ ਮਜ਼ਦੂਰੀ ਕਰਨ ਵਾਲੇ ਬੰਦੇ ਆਪਣੇ ਬੱਚਿਆਂ ਨੂੰ ਨਰਕ ਭਰੀ ਜ਼ਿੰਦਗੀ ਦੇ ਵਾਰਿਸ ਬਣਾ ਜਾਂਦੇ ਹਨ।
ਆਓ, ਹੁਣ ਅੱਗੇ ਤੁਰੀਏ।
ਮੇਰੇ ਕਈ ਸਹਿ-ਕਰਮੀ ਬਹੁਤ ਲਾਇਕ ਅਤੇ ਨੇਕ ਇਨਸਾਨ ਸਨ। ਕੁਝ ਆਦਤਾਂ ਤੋਂ ਉਹ ਭੋਲੇਪਨ ਵਿਚ ਮਜਬੂਰ ਸਨ। ਇਕ ਨੂੰ ਨਾਲ ਬੈਠੇ ਦੋਸਤ ਦੇ ਚੂੰਢੀ ਵੱਢਣ ਦੀ ਆਦਤ ਸੀ। ਇਕ ਹੋਰ ਸਹਿਜ ਸੁਭਾਅ ਹੀ ਹਰ ਵਿਅਕਤੀ ਵੱਲ ਅੱਖ ਮਾਰ ਜਾਂਦਾ ਸੀ। ਇਸਤਰੀ ਕੁਲੀਗਜ਼ ਨੂੰ ਉਸ ਦੀ ਇਹ ਆਦਤ ਬਹੁਤ ਬੁਰੀ ਲੱਗਦੀ ਸੀ।
ਕੁਝ ਸਾਲ ਪਹਿਲਾਂ ਮੇਰੇ ਇਕ ਪੁਰਾਣੇ ਕੁਲੀਗ ਦੀ ਮੌਤ ਹੋ ਗਈ। ਅਖੀਰਲੇ ਦਿਨਾਂ ਵਿਚ ਉਸ ਨੇ ਇਕ ਪਛਤਾਵਾ ਮੇਰੇ ਨਾਲ ਸਾਂਝਾ ਕੀਤਾ। ਉਹ ਆਪਣੀ ਆਦਤ ਦੀ ਮਜਬੂਰੀ ਅਨੁਸਾਰ ਸਾਰੀ ਉਮਰ ਹਰ ਬੰਦੇ ਦੀ ਪਿੱਠ ਪਿਛੇ ਉਸ ਦੀ ਖਿੱਲੀ ਉਡਾਉਂਦਾ ਰਿਹਾ ਸੀ। ਆਪਣੇ ਨਜ਼ਦੀਕੀਆਂ ਦੇ ਵੀ ਕੁਝ ਨਾਮ ਉਸ ਦੀ ਬਾਤ-ਚੀਤ ਦਾ ਅਹਿਮ ਹਿੱਸਾ ਹੁੰਦਾ ਸੀ। ਇਸ ਹਾਸੋ-ਹੀਣੀ ਹਰਕਤ ਨੂੰ ਉਹ ਜੀਵਨ ਦਾ ਸ਼ਿੰਗਾਰ ਸਮਝਦਾ ਰਿਹਾ। ਆਖਰੀ ਮੁਲਾਕਾਤ ਉਸ ਦੀ ਇਸ ਨਾਗਵਾਰ ਆਦਤ ਦੀ ਮਜਬੂਰੀ ਦਾ ਅਨੋਖਾ ਦਰਦ ਜ਼ਾਹਿਰ ਕਰਦੀ ਸੀ।
‘ਪੰਜਾਬ ਟਾਈਮਜ਼’ ਵਿਚ ਆਪਣੇ ਲੇਖ ਭੇਜਣ ਵਾਲੇ ਕਈ ਲੇਖਕ ਵਗਦੇ ਦਰਿਆ ਹਨ। ਮੈਂ ਉਨ੍ਹਾਂ ਦਾ ਬਹੁਤ ਪ੍ਰਸੰਗਕ ਹਾਂ। ਮੈਨੂੰ ਤਾਂ ਉਨ੍ਹਾਂ ਦੇ ਮੁਕਾਬਲੇ ਕੁਝ ਵੀ ਨਹੀਂ ਸੁਝਦਾ। ਕੋਈ ਲਫਜ਼ ਆਉਂਦਾ ਨਹੀਂ, ਫਿਰ ਵੀ ਕਈ ਅਣਭੋਲ ਅਤੇ ਮਾਸੂਮ ਆਦਤਾਂ ਤੋਂ ਉਹ ਮਜਬੂਰ ਨਜ਼ਰ ਆਉਂਦੇ ਹਨ। ਕਈਆਂ ਨੂੰ ਆਪਣੇ ਨੁਕਤਾ-ਨਿਗਾਹ ‘ਤੇ ਗਰੂਰ ਤਾਂ ਨਹੀਂ, ਭਰੋਸਾ ਜ਼ਰੂਰ ਹੋਣਾ ਚਾਹੀਦਾ ਹੈ। ਕਿਸੇ ਹੋਰ ਵਿਦਵਾਨ ਜਾਂ ਲੇਖਕ ਦੀ ਆਲੋਚਨਾ ਕਰਨ ਦੀ ਲੋੜ ਕਿਉਂ ਮਹਿਸੂਸ ਕਰਦੇ ਹਨ? ਪਾਠਕ ਕਈ ਪੁਰਾਣੇ ਬੁਧੀਜੀਵੀਆਂ ਦੇ ਸ਼ਰਧਾਲੂ ਹੁੰਦੇ ਹਨ, ਉਨ੍ਹਾਂ ਨੂੰ ਇਹ ਨੁਕਤਾਚੀਨੀ ਚੰਗੀ ਨਹੀਂ ਲਗਦੀ। ਇਸੇ ਤਰ੍ਹਾਂ ਅੱਜ ਕਲ੍ਹ ਕਈ ਮੰਨੇ-ਪ੍ਰਮੰਨੇ ਲਿਖਾਰੀਆਂ ਦੀ ਸੌ ਸਾਲਾ ਯਾਦ ਮਨਾਉਣ ਦਾ ਰਿਵਾਜ਼ ਹੋ ਗਿਆ ਹੈ। ਉਨ੍ਹਾਂ ਦੀ ਰੱਜ ਰੱਜ ਤਾਰੀਫ ਲਿਖੋ, ਉਹ ਇਸ ਦੇ ਹੱਕਦਾਰ ਹਨ, ਪਰ ਜੇ ਕਿਸੇ ਭਲੇ ਬੰਦੇ ਨੇ ਬੇਧਿਆਨੀ ਵਿਚ ਉਨ੍ਹਾਂ ਬਾਬਤ ਕੁਝ ਗਲਤ ਬਿਆਨਬਾਜ਼ੀ ਕਰ ਦਿੱਤੀ ਹੋਵੇ, ਉਸ ਦਾ ਜ਼ਿਕਰ ਕਰਨਾ ਜ਼ਰੂਰੀ ਨਹੀਂ ਹੁੰਦਾ।
ਗੁਸਤਾਖੀ ਮੁਆਫ! ਇਕ ਦਿਲਚਸਪ ਆਦਤ ਦੀ ਮਜਬੂਰੀ ਵੀ ਲਿਖ ਹੀ ਦੇਵਾਂ। ਕੁਝ ਸਾਹਿਤਕਾਰਾਂ ਨੂੰ ਸ਼ੌਕ ਹੈ, ਕਿਸੇ ਵੱਡੀ ਹਸਤੀ ਦੇ ਨਜ਼ਦੀਕੀ ਕਹਾਉਣ ਦਾ, ਬੇਸ਼ਕ ਉਨ੍ਹਾਂ ਨੂੰ ਇਕ ਵਾਰ ਹੀ ਮਿਲੇ ਹੋਣ, ਪਰ ਮੇਰੇ ਵਰਗੇ ਮਾਮੂਲੀ ਬੰਦਿਆਂ ਨੂੰ ਪੰਜਾਹ ਵਾਰ ਮਿਲਣ ਪਿਛੋਂ ਵੀ ਇਹ ਕਹਿਣ ਦਾ ਕਿ ਤੁਹਾਨੂੰ ਪਛਾਣਿਆ ਨਹੀਂ, ਸ਼ਾਇਦ ਕਿਤੇ ਮਿਲੇ ਹੋਈਏ!
ਆਦਤ ਦੇ ਰੰਗ ਨਿਆਰੇ ਹਨ। ਇਸ ਦੀ ਜਾਤ ਉਤਮ ਹੈ। ਇਹ ਬੇਪਰਵਾਹ ਹੈ। ਇਸ ਉਤੇ ਕਿਸੇ ਦਾ ਜ਼ੋਰ ਨਹੀਂ। ਹਰ ਬੰਦਾ ਇਸ ਦਾ ਗੁਲਾਮ ਹੈ। ਚੰਗੀਆਂ ਆਦਤਾਂ ਦਾ ਮਾਲਕ ਘੋੜ ਸਵਾਰ ਹੈ। ਭੈੜੀਆਂ ਆਦਤਾਂ ਨਾਲ ਮਨੁੱਖ ਬਦਨਾਮ ਹੋ ਜਾਂਦਾ ਹੈ। ਇਸ ਅਨੋਖੀ ਅਤੇ ਜ਼ਬਰਦਸਤ ਰੁਚੀ ਤੋਂ ਮਜਬੂਰ ਹੋ ਜਾਣਾ ਸੁਭਾਵਕ ਜਿਹੀ ਗੱਲ ਹੈ। ਸੈਰ ਕਰਨ ਵੇਲੇ ਹਰ ਰੋਜ਼ ਵੱਖਰੇ-ਵੱਖਰੇ ਆਦਮੀਆਂ ਨਾਲ ਟਾਕਰਾ ਹੁੰਦਾ ਹੈ। ਕਈ ਖਿੜੇ ਮੱਥੇ ਨਾਲ ਮਿਲਦੇ ਹਨ ਅਤੇ ਕਈ ਰੱਬ ਨਾਲ ਰੁੱਸੇ ਨਜ਼ਰ ਆਉਂਦੇ ਹਨ। ਇਕ ਗੱਲ ਸਪਸ਼ਟ ਨਜ਼ਰ ਆਉਂਦੀ ਹੈ ਕਿ ਪਸ਼ੂ ਜਾਤੀ ਤੋਂ ਲੈ ਕੇ ਮਨੁੱਖ ਜਾਤੀ ਤੱਕ ਆਦਤਾਂ ਵਿਚ ਵੰਨਗੀ ਹੈ। ਫਿਰ ਸਾਰਿਆਂ ਲਈ ਮਾਰਕਸਿਜ਼ਮ, ਸੋਸ਼ਲਿਜ਼ਮ, ਕੈਪਟਲਿਜ਼ਮ ਕਿਵੇਂ ਮਨਜ਼ੂਰ ਹੋ ਸਕਦਾ ਹੈ? ਹਰ ਦੇਸ਼ ਦੀ ਸਭਿਅਤਾ ਵੱਖਰੀ-ਵੱਖਰੀ ਹੈ। ਇਸੇ ਕਰ ਕੇ ਨਤੀਜੇ ਜੱਗ ਜਾਹਰ ਹਨ।
ਮੇਰਾ ਅਨੁਭਵ ਸ਼ਬਦਾਂ ਦੀ ਘਾਟ ਹੋਣ ਕਰ ਕੇ ਕੁਝ ਅਣਗਹਿਲੀ ਦਾ ਸ਼ਿਕਾਰ ਹੋ ਸਕਦਾ ਹੈ, ਪਰ ਭੌਤਿਕ ਵਿਗਿਆਨ ਦਾ ਵਿਦਿਆਰਥੀ ਹੋਣ ਦੇ ਨਾਤੇ ਅਤੇ ਕੁਦਰਤ ਦੇ ਬਖਸ਼ੇ ਹੋਏ ਭਰੋਸੇ ਨਾਲ ਕਹਿ ਸਕਦਾ ਹਾਂ ਕਿ ਅਗਿਆਨਤਾ ਮੇਰੀ ਮਹਿਮਾਨ ਨਹੀਂ ਅਤੇ ਬਿਨਾ ਸਬੂਤ ਮਾਮੂਲੀ ਗਿਆਨ ਦੀ ਡੁਗ-ਡੁਗੀ ਵਜਾਉਣਾ ਮੇਰੀ ਫਿਤਰਤ ਨਹੀਂ। ਸਾਹਿਤ ਪੜ੍ਹਨ ਦੀ ਕੁਝ ਲਾਲਸਾ ਸ਼ੁਰੂ ਤੋਂ ਹੀ ਹੈ। ਪਿੱਛੇ ਜਿਹੇ ਪਿਆਰੇ ਜੰਗ ਬਹਾਦਰ ਗੋਇਲ ਦੇ ਚਾਰ ਵਾਲਿਊਮ ‘ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ’ ਅਤੇ ‘ਮੁਹੱਬਤਨਾਮਾ’ ਪੜ੍ਹਨ ਪਿੱਛੋਂ ਕੁਝ ਲਫਜ਼ ਲਿਖਣਾ ਆਦਤ ਦੀ ਮਜਬੂਰੀ ਹੀ ਸਮਝ ਲਵੋ। ਵਿਸ਼ਵ ਦੇ ਲਗਭਗ ਸਾਰੇ ਹੀ ਵਿਦਵਾਨਾਂ ਦੀ ਇਕ ਗੱਲ ਸਾਂਝੀ ਹੈ। ਇਨ੍ਹਾਂ ਦਾ ਬਚਪਨ ਇਕੱਲ ਵਿਚ ਗੁਜ਼ਰਿਆ ਹੈ। ਕਿਸੇ ਦਾ ਬਾਪ ਸਖਤ ਤਬੀਅਤ ਦਾ ਮਾਲਕ ਸੀ, ਕੋਈ ਯਤੀਮ ਸੀ ਅਤੇ ਕਿਸੇ ਦੀ ਮਾਤਾ ਨੂੰ ਆਪਣੀ ਪੂੰਜੀ ਦਾ ਗਰੂਰ ਸੀ। ਨਿਆਣੀ ਉਮਰ ਵਿਚ ਹੀ ਯਥਾਰਥਵਾਦ ਦੇ ਅਧੀਨ ਰੌਸ਼ਨ ਦਿਮਾਗ ਹੋ ਗਏ। ਉਚ ਕੋਟੀ ਦੇ ਸਾਹਿਤ ਰਚੈਤਾ ਬਣੇ। ਪਤਾ ਨਹੀਂ ਕਿਵੇਂ, ਇਹ ਸਭ ਪਦਾਰਥਵਾਦ ਦੀ ਬੁੱਕਲ ਵਿਚ ਆ ਗਏ। ਦਿਨਾਂ ਵਿਚ ਹੀ ਮਾਇਆਧਾਰੀ ਦੀ ਚਾਦਰ ਨੇ ਇਨ੍ਹਾਂ ਨੂੰ ਮਜ਼ਬੂਤੀ ਨਾਲ ਜਕੜ ਲਿਆ।
ਪਦਾਰਥਵਾਦ ਦੇ ਬਹੁਤ ਦਿਲਚਸਪ ਪਹਿਲੂ ਹਨ। ਸੰਖੇਪਤਾ ਨੂੰ ਮੁੱਖ ਰੱਖਦਿਆਂ ਸਿਰਫ ਇਕ ਪਹਿਲੂ ਹੀ ਲਿਖਣਾ ਸ਼ਾਇਦ ਮੁਨਾਸਿਬ ਹੋਵੇ, ਉਹ ਹੈ ਮੀ ਟੂ (ੰe ਠੋ)। ਇਹ ਮਹਾਨ ਸ਼ਖਸੀਅਤਾਂ ਅਤੇ ਇਨ੍ਹਾਂ ਦੇ ਅਸਰ ਹੇਠ ਆਏ ਸਮਾਜ ਦੇ ਬਹੁਤ ਵਿਅਕਤੀ ਆਪਣੀ ਸੋਚ ਨੂੰ ਤਾਂ ਉਚਾਈਆਂ ‘ਤੇ ਲੈ ਗਏ, ਪਰ ਮਨ ਨੂੰ ਅਸ਼ਾਂਤ ਅਤੇ ਬੇਚੈਨੀ ਦੀ ਹਾਲਤ ਵਿਚ ਮੁਬਤਲਾ ਕਰ ਗਏ। ਸਿੱਟੇ ਵਜੋਂ ਕਈ ਬੇਢਬੇ ਇਸ਼ਕ ਦਾ ਸ਼ਿਕਾਰ ਹੋ ਗਏ। ਕਿਸੇ ਭੀ ਹਮਖਿਆਲ ਨਾਲ ਹਮਬਿਸਤਰ ਹੋਣਾ ਇਨ੍ਹਾਂ ਲਈ ਸਾਧਾਰਨ ਜਿਹੀ ਘਟਨਾ ਜਾਪੀ। ਇਨ੍ਹਾਂ ਦੇ ਪਿਆਰ ਸਬੰਧਾਂ ਨੂੰ ਮੈਂ ਸਾਧਾਰਨ ਅੰਗਰੇਜ਼ੀ ਸ਼ਬਦਾਂ ਵਿਚ ਕਹਿ ਸਕਦਾ ਹਾਂ, “.ੋਵe ਲਿe ਾ ਟਹeਸe ਨਿਟeਲਲeਚਟੁਅਲਸ ਸਿ ਅਨ eਨਗਿਮਅ ੱਰਅਪਪeਦ ਨਿ ਟਹe ਮੇਸਟeਰੇ ਾ ਅਮਬਗੁਟੇ।” ਤਲਾਕ, ਬਗੈਰ ਸ਼ਾਦੀ ਇਕੱਠੇ ਰਹਿਣਾ, ਕੁਝ ਦਾ ਖੁਦਕੁਸ਼ੀ ਕਰਨਾ, ਕਿਸੇ-ਕਿਸੇ ਦਾ ਪਾਗਲਖਾਨੇ ਚਲੇ ਜਾਣਾ, ਆਪਣੇ ਬੱਚਿਆਂ ਨਾਲ ਵੀ ਖੁਸ਼ਗਵਾਰ ਮਾਹੌਲ ਨਾ ਸਿਰਜ ਸਕਣਾ ਅਤੇ ਪ੍ਰਕਾਸ਼ਕਾਂ ਨਾਲ ਰਾਇਲਟੀ ਬਾਬਤ ਝਗੜਨਾ ਨਜ਼ਰ ਆਇਆ ਹੈ।
ਇਸ ਦੇ ਉਲਟ ਕਈ ਐਸੇ ਇਨਸਾਨ ਵੀ ਹਨ, ਜਿਨ੍ਹਾਂ ਦਾ ਬਚਪਨ ਵੀ ਇਕੱਲ ਵਿਚ ਹੀ ਗੁਜ਼ਰਿਆ ਹੈ, ਪਰ ਕਈਆਂ ਨੂੰ ਕੁਦਰਤ ਵਲੋਂ ਜਾਂ ਕਿਸੇ ਅਨੋਖੀ ਸ਼ਖਸੀਅਤ ਵੱਲੋਂ ਅਧਿਆਤਮ ਦੀ ਰੁਚੀ ਪ੍ਰਾਪਤ ਹੋ ਗਈ। ਉਨ੍ਹਾਂ ਨੇ ਵੀ ਸਾਰੀ ਉਮਰ ਯਥਾਰਥਵਾਦ ਦਾ ਸਹਾਰਾ ਲਿਆ। ਕਈ ਆਜ਼ਾਦੀ ਦੀ ਲਹਿਰ ਵਿਚ ਕੁੱਦ ਪਏ। ਕਈ ਗਰੀਬਾਂ ਅਤੇ ਮਜ਼ਲੂਮਾਂ ਦੀ ਸੇਵਾ ਕਰਦੇ ਰਹੇ, ਫਿਰ ਵੀ ਪਦਾਰਥਵਾਦ ਤੋਂ ਦੂਰ ਹੀ ਰਹੇ; ਜਿਵੇਂ ਭਗਤ ਪੂਰਨ ਸਿੰਘ, ਭਾਈ ਰਣਧੀਰ ਸਿੰਘ, ਡਾਕਟਰ ਵਿਦਿਆ ਸਾਗਰ (ਮੈਂਟਲ ਹਸਪਤਾਲ ਵਾਲੇ) ਅਤੇ ਕਈ ਹੋਰ। ਇਨ੍ਹਾਂ ਦਾ ਅੰਤਮ ਸਮਾਂ ਸਕੂਨ ਅਤੇ ਸ਼ਾਂਤੀ ਨਾਲ ਲਬਰੇਜ਼ ਸੀ। ਜੇ ਮੌਤ ਨੂੰ ਜੀਵਨ ਦੀ ਆਖਰੀ ਮੰਜ਼ਿਲ ਸਮਝੀਏ ਤਾਂ ਪਦਾਰਥਵਾਦੀ ਬੁੱਧੀਜੀਵੀਆਂ ਨੇ ਬਹੁਤ ਕੁਝ ਹਾਸਲ ਕਰ ਕੇ ਬਹੁਤ ਕੁਝ ਖੋਇਆ ਹੈ।
ਵਿਸ਼ਵ ਸਾਹਿਤ ਦੇ ਸ਼ਾਹਕਾਰ ਨਾਵਲ ਪੜ੍ਹਨ ਪਿੱਛੋਂ ਇਕ ਮਹਾਨ ਲੇਖਕ ਦਾ ਜ਼ਿਕਰ ਕਰਨਾ ਮੇਰੀ ਆਦਤ ਦੀ ਮਜਬੂਰੀ ਹੈ। ਉਸ ਦਾ ਨਾਮ ਹੈ, ਏਂਟਨੀ ਦ ਸੇਂਟ ਐਕਸੂਪੇਰੀ। ਉਹ ਫਰਾਂਸ ਦੇ ਇਕ ਉਚ ਘਰਾਣੇ ਵਿਚ ਪੈਦਾ ਹੋਇਆ ਸੀ। ਬਚਪਨ ਵਿਚ ਹੀ ਪਿਤਾ ਦਾ ਦੇਹਾਂਤ ਹੋਣ ਨਾਲ ਗਰੀਬੀ ਦਾ ਸ਼ਿਕਾਰ ਹੋ ਗਿਆ। ਨਿਆਣੀ ਉਮਰ ਵਿਚ ਜ਼ਿੰਮੇਵਾਰੀਆਂ ਨੇ ਉਸ ਨੂੰ ਯਥਾਰਥਵਾਦ ਦੀ ਸੂਝ ਦਿੱਤੀ। ਇਸ ਫਰਿਸ਼ਤੇ ਦੀ ਪਰੀਆਂ ਵਰਗੀ ਪਤਨੀ ਅਨੁਸਾਰ, ਉਹ ਬੱਚੇ ਵਾਂਗ ਪਵਿੱਤਰ ਸੀ। ਉਸ ਦੇ ਮੱਥੇ ‘ਤੇ ਸੂਰਜ ਸੀ ਅਤੇ ਅੱਖਾਂ ਵਿਚ ਸਵਰਗ! ‘ਨਿਊ ਯਾਰਕ ਟਾਈਮਜ਼’ ਦੀ ਰਿਪੋਰਟਰ ਅਨੁਸਾਰ, ਉਸ ਦੇ ਕਦਮਾਂ ਦੀ ਆਹਟ ਸੁਣ ਕੇ ਹੀ ਮੇਰਾ ਦਿਲ ਧੜਕਣ ਲੱਗ ਪੈਂਦਾ ਸੀ ਅਤੇ ਉਸ ਦੇ ਪੈਰਾਂ ਦੀ ਧੂੜ ਵੀ ਮਹਿਕਾਂ ਨਾਲ ਭਰੀ ਹੁੰਦੀ ਸੀ। ਉਸ ਦਾ ਜਨਮ 20 ਜੂਨ 1900 ਨੂੰ ਫਰਾਂਸ ਦੇ ਸ਼ਹਿਰ ਲਿਓਨ ਵਿਖੇ ਹੋਇਆ ਸੀ। ਉਸ ਦੇ ਸਮਕਾਲੀ ਬੁੱਧੀਜੀਵੀਆਂ ਨੇ ਉਸ ਨੂੰ ਰੱਜ ਕੇ ਸਲਾਹਿਆ। ਉਸ ਦੇ ਕਈ ਨਾਵਲਾਂ ਵਿਚੋਂ ਸਭ ਤੋਂ ਮਸ਼ਹੂਰ ‘ਲਿਟਲ ਪ੍ਰਿੰਸ’ ਹੈ। ਇਹ ਅੰਗਰੇਜ਼ੀ ਵਿਚ ਪਹਿਲੀ ਵਾਰ 16 ਅਪਰੈਲ 1943 ਨੂੰ ਪ੍ਰਕਾਸ਼ਿਤ ਹੋਇਆ। ਇਸ ਦਾ 250 ਭਾਸ਼ਾਵਾਂ ਵਿਚ ਅਨੁਵਾਦ ਹੋ ਚੁਕਾ ਹੈ ਅਤੇ 15 ਕਰੋੜ ਕਾਪੀਆਂ ਵਿਕ ਚੁਕੀਆਂ ਹਨ। ‘ਲਿਟਲ ਪ੍ਰਿੰਸ’ ਨਾਮ ਨਾਲ ਹਜ਼ਾਰਾਂ ਪਾਰਕ, ਸਿਨੇਮਾ ਘਰ ਅਤੇ ਰੈਸਟੋਰੈਂਟ ਖੁੱਲ੍ਹ ਚੁਕੇ ਹਨ। ਫਰਾਂਸ ਦੇ ਨੋਟਾਂ ਉਤੇ ਉਸ ਦਾ ਉਸੇ ਤਰ੍ਹਾਂ ਦਾ ਚਿੱਤਰ ਹੈ, ਜਿਸ ਤਰ੍ਹਾਂ ਭਾਰਤ ਵਿਚ ਮਹਾਤਮਾ ਗਾਂਧੀ ਦਾ।
ਦੂਜੇ ਵਿਸ਼ਵ ਯੁੱਧ ਦੌਰਾਨ ਉਸ ਨੇ ਕੁਝ ਠਿਕਾਣਿਆਂ ਦੀ ਸ਼ਨਾਖਤ ਕਰਨ ਲਈ 31 ਜੁਲਾਈ 1944 ਨੂੰ ਕਰੋਸਿਕਾ ਨਾਮੀ ਥਾਂ ਤੋਂ ਅਜਿਹੀ ਉਡਾਨ ਭਰੀ ਕਿ ਫਿਰ ਉਹ ਕਦੀ ਮੁੜ ਧਰਤੀ ‘ਤੇ ਨਹੀਂ ਆਇਆ। ਕਿਸੇ ਮਛੇਰੇ ਨੂੰ 1998 ਵਿਚ ਮੱਧ-ਸਾਗਰ ਵਿਚੋਂ ਚਾਂਦੀ ਦਾ ਬਰੇਸਲੈਟ ਲੱਭਿਆ, ਜਿਸ ਉਤੇ ਸੇਂਟ ਐਕਸੂਪੇਰੀ ਅਤੇ ਉਸ ਦੀ ਪਤਨੀ ਦਾ ਨਾਮ ਉਕਰਿਆ ਹੋਇਆ ਸੀ। ਆਖਿਰ 7 ਅਪਰੈਲ 2004 ਨੂੰ ਮੰਦਭਾਗੇ ਜਹਾਜ ਦੇ ਕੁਝ ਟੁਕੜੇ ਲੱਭੇ। ਉਸ ਦੀ ਯਾਦ ਵਿਚ ਲਗਭਗ ਹਰ ਸਾਲ ਪ੍ਰੋਗਰਾਮ ਕੀਤੇ ਜਾਂਦੇ ਹਨ। ਉਸ ਦੀ ਇਕ ਡਾਇਰੀ ਵਿਚ ਇਸ ਹਾਦਸੇ ਤੋਂ ਪਹਿਲਾਂ ਲਿਖੇ ਕੁਝ ਸ਼ਬਦ ਇਸ ਤਰ੍ਹਾਂ ਹਨ,
“ਮੈਂ ਆਪਣੀ ਪੀੜ੍ਹੀ ਲਈ ਉਦਾਸ ਹਾਂ। ਮਨੁੱਖੀ ਸੰਵੇਦਨਾ ਤੋਂ ਇਹ ਬਿਲਕੁਲ ਸੱਖਣੀ ਹੈ। ਹਰ ਥਾਂ ‘ਤੇ ਆਦਮੀ ਨੂੰ ਇਕੋ ਜਿਹਾ ਕਲਚਰ ਪਰੋਸਿਆ ਜਾ ਰਿਹਾ ਹੈ। ਜਿਵੇਂ ਪਸ਼ੂਆਂ ਦੀ ਖੁਰਲੀ ਵਿਚ ਇਕੋ ਜਿਹਾ ਚਾਰਾ। ਸਾਨੂੰ ਲੋੜ ਹੈ ਆਦਮੀ ਅੰਦਰ ਅਧਿਆਤਮਕਤਾ ਦੇ ਸੁੱਕ ਰਹੇ ਸਰੋਤਾਂ ਨੂੰ ਮੁੜ ਸੁਰਜੀਤ ਕਰਨ ਦੀ!”
ਪਤਾ ਨਹੀਂ ਕਿਉਂ, ਮੈਨੂੰ ਇਹ ਸ਼ਬਦ ਬਹੁਤ ਪਿਅਰੇ ਲੱਗੇ, “ੰੇ ੱਹੋਲe ਬeਨਿਗ ਾeਲਟ ਟਹe ਟਹਰਲਿਲ ਾ ਚੋਨਸਚੁਸਨeਸਸ।”
ਕੁਝ ਸ਼ਬਦ ਗੁਰੂ ਨਾਨਕ ਦੇਵ ਜੀ ਦੇ 551ਵੇਂ ਜਨਮ ਉਤਸਵ ਬਾਬਤ ਲਿਖਣ ਲਈ ਮਨ ਕਰ ਆਇਆ। ਅੱਜ ਦੀ ਪਦਾਰਥਵਾਦ ਨਾਲ ਲਬਰੇਜ਼ ਦੁਨੀਆਂ ਅਸ਼ਾਂਤ ਹੈ। ਮਾਨਸਿਕ ਚਤੁਰਾਈ ਦੀ ਆੜ ਵਿਚ ਮਨੁੱਖ ਜਿੰਨੀਆਂ ਮਰਜ਼ੀ ਫੜ੍ਹਾਂ ਮਾਰੇ, ਇਹ ਅੰਦਰੋਂ ਖੋਖਲਾ ਹੈ। ਗੁਰੂ ਨਾਨਕ ਜਿਹੀ ਪਵਿੱਤਰ ਆਤਮਾ ਕਦੀ-ਕਦੀ ਹੀ ਤਪ ਰਹੀ ਇਸ ਧਰਤੀ ਨੂੰ ਨਸੀਬ ਹੁੰਦੀ ਹੈ। ਉਨ੍ਹਾਂ ਦਾ ਸੰਦੇਸ਼ ਸਿੱਧੇ ਸ਼ਬਦਾਂ ਵਿਚ ਇਹ ਹੈ ਕਿ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਜੇ ਮਨਭਾਉਂਦੀ ਕਿਰਤ ਮਿਲੇ, ਹਰ ਕੋਈ ਕਰਨ ਵਿਚ ਖੁਸ਼ੀ ਮਹਿਸੂਸ ਕਰਦਾ ਹੈ। ਐਸੀ ਕਿਰਤ ਪਿਛੋਂ ਬੰਦਾ ਥੱਕਦਾ ਨਹੀਂ। ਮੈਂ ਅੱਖੀਂ ਦੇਖਿਆ ਹੈ ਕਿ ਮੰਦ ਬੁੱਧੀ ਵਾਲੇ ਬੱਚੇ ਅਤੇ ਕਮਲੇ-ਰਮਲੇ ਬੰਦੇ ਬਹੁਤ ਸੁਹੱਪਣ ਨਾਲ ਸਫਾਈਆਂ ਕਰਦੇ ਅਤੇ ਮੰਜੇ ਬੁਣਦੇ ਹਨ। ਸ਼ੁਭ ਕਰਮ ਲਈ ਮੀਲਾਂ ਚੱਲਦੇ ਆਦਮੀ ਥੱਕਦੇ ਨਹੀਂ। ਗੁਰੂ ਨਾਨਕ ਲੰਮੇ ਪੈਂਡਿਆਂ ਪਿਛੋਂ ਵੀ ਥੱਕਦੇ ਨਹੀਂ ਸਨ। ਉਨ੍ਹਾਂ ਨਾਲ ਭਾਈ ਮਰਦਾਨਾ ਵੀ ਚੜ੍ਹਦੀ ਕਲਾ ਵਿਚ ਰਹਿੰਦਾ ਸੀ। ਪਹੁੰਚਣ ਸਾਰ ਉਸ ਨੂੰ ਕੋਮਲ ਸੰਗੀਤ ਦੀ ਧੁਨੀ ਲਈ ਕਹਿੰਦੇ ਸਨ। ਇਸ ਅਨੰਦਮਈ ਸੰਗੀਤ ਵਿਚ ਅਜਿਹੀ ਕਸ਼ਿਸ਼ ਹੈ ਕਿ ਪੰਛੀ ਅਤੇ ਜਾਨਵਰ ਵੀ ਇਸ ਨਾਲ ਲਿਵ ਲਾ ਲੈਂਦੇ ਹਨ। ਮਨੁੱਖਾਂ ਦਾ ਇਕੱਠ ਹੋ ਜਾਣਾ ਸੁਭਾਵਿਕ ਹੈ। ਇਸ ਅਵਸਥਾ ਵਿਚ ਪਹੁੰਚਿਆ ਇਨਸਾਨ ਅਧਿਆਤਮ ਦੀ ਮੰਜ਼ਿਲ ਦੇ ਨਜ਼ਦੀਕ ਹੈ। ਫਿਰ ਹੀ ਉਹ ਸਾਰੇ ਗੁਰੂ ਨਾਨਕ ਦੇ ਅਰਥ-ਭਰਪੂਰ ਵਿਗਿਆਨ ਦੀ ਗੱਲ ਨੂੰ ਧਿਆਨ ਨਾਲ ਸੁਣਦੇ ਸਨ। ਗੁਰੂ ਨਾਨਕ ਨੂੰ ਸੰਗੀਤ ਦੀ ਵਡਮੁੱਲੀ ਤਾਕਤ ਦਾ ਗਿਆਨ ਸੀ। ਜੇ ਕਦੀ ਇਕੱਠ ਨੂੰ ਸਿੱਧੇ ਹੀ ਕਰਤਾਰਪੁਰ ਨੂੰ ਪਾਣੀ ਦੇਣ ਜਿਹੀ ਗੱਲ ਜਾਂ ਮੱਕੇ ਵੱਲ ਪੈਰ ਕਰਨ ਦੀ ਘਟਨਾ ਕਰਦੇ ਤਾਂ ਸ਼ਾਇਦ ਭੀੜ ਨੂੰ ਪ੍ਰਭਾਵਿਤ ਕਰਨਾ ਕੁਝ ਔਖਾ ਹੁੰਦਾ। ਨਾਮ ਜਪਣਾ ਕੀ ਹੈ? ਕੋਮਲ ਸੰਗੀਤ ਦੀ ਧੁਨ ਜਾਂ ਕਿਸੇ ਹੋਰ ਸ਼ਾਂਤਮਈ ਢੰਗ ਨਾਲ ਲਿਵ ਲਾਉਣਾ ਹੀ ਤਾਂ ਹੈ। ਗੁਰੂ ਅਮਰਦਾਸ ਅਨੰਦ ਸਾਹਿਬ ਵਿਚ ਫਰਮਾਉਂਦੇ ਹਨ, “ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ॥”
ਲਿਵ ਲੱਗੀ ਵਾਲੇ ਹਾਲ ਵਿਚ ਪਹੁੰਚਿਆ ਬੰਦਾ ਊਚ ਨੀਚ ਦੇ ਭੇਦਭਾਓ ਤੋਂ ਬਾਹਰ ਆ ਜਾਂਦਾ ਹੈ। ਉਸ ਲਈ ਵੰਡ ਛਕਣਾ ਔਖਾ ਨਹੀਂ ਲਗਦਾ। ਇਸ ਦੀ ਕੁਝ ਝਲਕ ਦਰਬਾਰ ਸਾਹਿਬ ਵਿਚ ਲੰਗਰ ਛਕਦਿਆਂ ਦੇਖੀ ਜਾ ਸਕਦੀ ਹੈ। ਕੋਈ ਨਹੀਂ ਦੇਖਦਾ ਕਿ ਇਸ ਦੇ ਨਾਲ ਬੈਠਾ ਲੰਗਰ ਛਕਣ ਵਾਲਾ ਕਿਸ ਜਾਤੀ ਦਾ ਹੈ।
ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਸਾਹਿਬ ਵਿਚ ਖੇਤਾਂ ਵਿਚ ਹਲ ਵਾਹੁਣ ਪਿਛੋਂ ਸ਼ਾਮ ਨੂੰ ਰਸ ਭਿੰਨੇ ਕੀਰਤਨ ਦੁਆਰਾ ਸੰਗਤ ਨੂੰ ਲਿਵ ਲਾਉਣ ਦੇ ਕਾਬਲ ਬਣਾਇਆ ਅਤੇ ਫਿਰ ਆਪਸ ਵਿਚ ਵੰਡ ਕੇ ਲੰਗਰ ਛਕਿਆ।
ਅੱਜ ਦੇ ਯੁੱਗ ਵਿਚ ਵੀ ਗੁਰੂ ਨਾਨਕ ਦਾ ਫਲਸਫਾ ਕਾਰ-ਆਮਦ ਕੀਤਾ ਜਾ ਸਕਦਾ ਹੈ। ਪੰਜਾਬ ਦੇ ਪਿੰਡਾਂ ਵਿਚ ਐਗਰੋ ਇੰਡਸਟਰੀ ਦੀਆਂ ਵੱਖ-ਵੱਖ ਕਿਸਮ ਦੀਆਂ ਬਰਾਂਚਾਂ ਖੋਲ੍ਹੀਆਂ ਜਾ ਸਕਦੀਆਂ ਹਨ। ਵਿਹਲੜਾਂ ਨੂੰ ਉਨ੍ਹਾਂ ਦੀ ਇੱਛਾ ਅਨੁਸਾਰ ਕਿਸੇ ਨਾ ਕਿਸੇ ਧੰਦੇ ਲਾਇਆ ਜਾ ਸਕਦਾ ਹੈ। ਵੇਤਨ ਚੰਗਾ ਮਿਲੇ, ਹਰ ਕੋਈ ਉਤਸ਼ਾਹਿਤ ਹੋਵੇਗਾ। ਅਮਰੀਕਾ ਵਿਚ ਉਹੀ ਵਿਹਲੜ ਦਿਨ-ਰਾਤ ਕੰਮ ਕਰਦੇ ਹਨ, ਕਿਉਂਕਿ ਵੇਤਨ ਚੰਗਾ ਹੈ।
ਸ਼ਾਮ ਵੇਲੇ ਸ਼ਾਂਤਮਈ ਅਤੇ ਰਸ ਭਿੰਨਾ ਕੋਮਲ ਸੰਗੀਤ ਮੁਹੱਈਆ ਕਰਨਾ ਕੋਈ ਔਖਾ ਨਹੀਂ। ਕੰਪਿਊਟਰ ਯੁੱਗ ਵਿਚ ਕੀ ਨਹੀਂ ਹੋ ਸਕਦਾ! ਇਹ ਲੋਕਾਂ ਦੇ ਲਿਵ ਲਾਉਣ ਵਿਚ ਸਹਾਈ ਹੋਵੇਗਾ। ਬਾਅਦ ਵਿਚ ਸਰਕਾਰ ਦੀ ਆਟਾ ਦਾਲ ਸਕੀਮ ਵਿਚੋਂ ਅਤੇ ਹਰ ਘਰ ਆਪਣੇ ਵਿਤ ਅਨੁਸਾਰ ਯੋਗਦਾਨ ਪਾ ਕੇ ਬਹੁਤ ਚੰਗਾ ਲੰਗਰ ਤਿਆਰ ਕੀਤਾ ਜਾ ਸਕਦਾ ਹੈ। ਇਹ ਸਭ ਦਾ ਸਾਂਝਾ ਹੋਵੇਗਾ। ਕੋਈ ਵੀ ਬੰਦਾ ਭੁੱਖਾ ਨਹੀਂ ਸੌਂਵੇਗਾ। ਖੁਦਕੁਸ਼ੀਆਂ ਕੱਲ੍ਹ ਦੀ ਕਹਾਣੀ ਬਣ ਜਾਣਗੀਆਂ।
ਮਨਭਾਉਂਦਾ ਕੰਮ ਕਰਨ ਲਈ ਦੁਨੀਆਂ ਦਾ ਹਰ ਬੰਦਾ ਤਿਆਰ ਹੈ। ਕੋਮਲ ਸੰਗੀਤ ਬੱਚੇ, ਜੁਆਨ, ਬਿਰਧ ਅਤੇ ਸਭ ਦੇਸ਼ਾਂ ਦੇ ਲੋਕਾਂ ਲਈ ਲਿਵ ਲਾਉਣ ਲਈ ਸਹਾਈ ਹੋ ਸਕਦਾ ਹੈ। ਲਿਵ ਲਾਉਣਾ ਅਧਿਆਤਮ ਦੀ ਅਵਸਥਾ ਵਿਚ ਪਹੁੰਚਣ ਲਈ ਇਕ ਪੜਾਅ ਹੈ। ਇਸ ਦੇ ਸੁੱਕ ਰਹੇ ਸਰੋਤਾਂ ਨੂੰ ਜੀਵਤ ਰੱਖਣ ਲਈ ਹਰ ਇਕ ਨੂੰ ਭਾਉਂਦਾ ਕੋਮਲ ਸੰਗੀਤ ਸਹਾਈ ਹੋਵੇਗਾ। ਲੋਕਾਈ ਦੇ ਹਰ ਬੰਦੇ ਅੰਦਰ ਵੰਡ ਛਕਣ ਦੀ ਪਿਆਰੀ ਜਿਹੀ ਆਦਤ ਬਣ ਜਾਏਗੀ। ਇਹੋ ਜਿਹਾ ਮਾਹੌਲ ਸਿਰਜਣਾ ਗੁਰੂ ਨਾਨਕ ਦੇ ਸਿਧਾਂਤ ਦੀ ਸਹੀ ਪਾਲਣਾ ਹੋਵੇਗੀ। ਫਿਰ ਨੋਬੇਲ ਪੁਰਸਕਾਰ ਜੇਤੂ ਪਰਲ ਬੱਕ ਅਤੇ ਵੀਹਵੀਂ ਸਦੀ ਦੇ ਸੰਸਾਰ ਪ੍ਰਸਿੱਧ ਇਤਿਹਾਸਕਾਰ ਆਰਨੋਲਡ ਟਾਇਨਬੀ ਦਾ ਕਥਨ ਕਿ ‘ਇੱਕੀਵੀਂ ਸਦੀ ਵਿਚ ਆਦ ਗ੍ਰੰਥ ਅਤੇ ਗੁਰੂ ਨਾਨਕ ਦਾ ਫਲਸਫਾ ਹੀ ਦੁਨੀਆਂ ਨੂੰ ਸੇਧ ਦੇਵੇਗਾ’, ਠੀਕ ਸਾਬਤ ਹੋਵੇਗਾ। ਇਸ ਸਭ ਕੁਝ ਨਿੱਕ-ਸੁੱਕ ਦੀ ਸਾਂਝ ਕਰਨਾ ਮੇਰੀ ਆਦਤ ਦੀ ਮਜਬੂਰੀ ਹੈ।