ਸਵਾਲ: ਤੁਸਾਂ ਨਾਵਲ ਲਿਖਣ ਦੀ ਕਲਾ ਬਾਰੇ ਕਾਫੀ ਕੁਝ ਲਿਖਿਆ ਹੇ। ਕੀ ਨਾਵਲ ਦੀ ਤਕਨੀਕ ਬਾਰੇ ਕੋਈ ਪੁਸਤਕ ਹੈ ਜਿਨ੍ਹਾਂ ਦੀ ਤੁਸੀਂ ਸਿਫਾਰਿਸ਼ ਕਰਦੇ ਹੋ?
ਜਵਾਬ:ਪਰਸੀ ਲੂਬਾਕ ਦੀ ‘ਨਾਵਲ ਦੀ ਸ਼ਿਲਪ’ ਮੇਰੇ ਖ਼ਿਆਲ ਵਿਚ ਇਸ ਵਿਸ਼ੇ ਬਾਰੇ ਸਭ ਤੋਂ ਵਧੀਆ ਪੁਸਤਕਾਂ ਵਿਚੋਂ ਹੈ; ਈæਐਮæ ਫੋਰਸਟਰ ਦੀ ‘ਨਾਵਲ ਦੇ ਪੱਖ’ ਨਾਲੋਂ ਵੀ ਚੰਗੇਰੀ। ਦੋਵਾਂ ਪੁਸਤਕਾਂ ਨੇ ਮੇਰੀ ਲਿਖਤ ਨੂੰ ਬੜਾ ਪ੍ਰਭਾਵਿਤ ਕੀਤਾ ਸੀ, ਭਾਵੇਂ ਮੈਂ ਦੋਵਾਂ ਦੇ ਦ੍ਰਿਸ਼ਕੋਣਾਂ ਤੇ ਪਹੁੰਚਾਂ ਨਾਲ ਸਹਿਮਤ ਨਹੀਂ ਸੀ ਹੋ ਸਕਿਆ।
ਸਵਾਲ: ਤੁਸਾਂ ਆਪਣੇ ਨਾਲ ਦੇ ਨਾਵਲਕਾਰਾਂ ਆਰæਕੇæ ਨਾਰਾਇਣ ਅਤੇ ਰਾਜਾ ਰਾਓ ਨਾਲੋਂ ਵੱਧ ਗਿਣਤੀ ਵਿਚ ਨਾਵਲ ਲਿਖੇ ਹਨ। ਤੁਸੀਂ ਆਪਣੇ ਕਿਹੜੇ ਨਾਵਲ ਨੂੰ ਸਭ ਤੋਂ ਵਧੀਆ ਸਮਝਦੇ ਹੋ?
ਜਵਾਬ: ਮੈਨੂੰ ਕੋਈ ਹੱਕ ਨਹੀਂ ਕਿ ਕਹਾਂ, ਮੇਰਾ ਕਿਹੜਾ ਨਾਵਲ ਸਭ ਤੋਂ ਵਧੀਆ ਹੈ। ਕੁਝ ਕਿਤਾਬਾਂ ਸਫ਼ਲ ਹਨ; ਇਸ ਕਾਰਨ ਨਹੀਂ ਕਿ ਉਹ ਅਸਲ ਵਿਚ ਚੰਗੀਆਂ ਹੁੰਦੀਆਂ ਹਨ, ਸਗੋਂ ਇਸ ਕਾਰਨ ਕਿ ਉਹ ਆਲੋਚਕਾਂ ਦੇ ਇੱਕ ਗਰੁੱਪ ਦੀਆਂ ਜਾਣੀਆਂ-ਪਛਾਣੀਆਂ ਭਾਵਨਾਵਾਂ ਦੀ ਤਸਦੀਕ ਕਰਦੀਆਂ ਹਨ; ਜਿਹੜੇ ਆਲੋਚਕ ਕਿ ਅਕਸਰ ਪੱਖਪਾਤੀ ਭਾਵਨਾਵਾਂ ਦੇ ਵਹਿਣ ਵਿਚ ਵਹਿ ਜਾਂਦੇ ਹਨ। ਅਸਲ ਵਿਚ ਹਰ ਪੁਸਤਕ ਤਾਂ ਇੱਕ ਪ੍ਰਕਿਰਿਆ ਹੈ ਜਿਸ ਵਿਚ ਕਾਫੀ ਕੁਝ ਚੰਗਾ ਤੇ ਮਾੜਾ ਹੁੰਦਾ ਹੈ। ਨਾਵਲ ਅਜਿਹਾ ਬੇਤਰਤੀਬਾ ਸਾਹਿਤ-ਰੂਪ ਹੈ ਜਿਸ ਨੂੰ ਸੰਖੇਪ ਰੂਪ ਵਿਚ ਕਾਬੂ ਕਰਨਾ ਹੁੰਦਾ ਹੈ। ਕਿਸੇ ਕਿਤਾਬ ਦੇ ਸਾਪੇਖਕ ਗੁਣ, ਲੇਖਕ ਦੇ ਦ੍ਰਿਸ਼ਟੀਕੋਣ ਤੋਂ, ਉਸ ਦੀਆਂ ਉਨ੍ਹਾਂ ਭਾਵਨਾਵਾਂ ਵਿਚ ਹੁੰਦੇ ਹਨ ਜੋ ਉਹ ਆਪਣੀ ਰੂਹ ਦੇ ਨਾਟਕ ਬਾਰੇ ਪ੍ਰਗਟ ਕਰਨ ਵਿਚ ਸਫਲ ਹੁੰਦਾ ਹੈ ਅਤੇ ਇਹ ਵੀ ਕਿ ਉਸ ਨੂੰ ਕਿਹੜੇ ਪੱਧਰਾਂ ਉੱਤੇ ਪ੍ਰਗਟ ਕਰਦਾ ਹੈ। ਸ਼ਾਇਦ ਇਸ ਪੱਖ ਤੋਂ ਮੈਂ ‘ਅਛੂਤ’ ਨਾਵਲ ਨੂੰ ਦੂਜੀਆਂ ਲਿਖਤਾਂ ਨਾਲੋਂ ਵਧੇਰੇ ਤੀਬਰ ਲਿਖਤ ਸਮਝਦਾ ਹਾਂ।
ਸਵਾਲ: ਅਜੇ ਵੀ ਇਸ ਗੱਲ ਬਾਰੇ ਕਾਫੀ ਭਰਮ-ਭੁਲੇਖਾ ਹੈ ਕਿ ਪਹਿਲਾਂ ਜਦੋਂ ਤੁਸੀਂ ‘ਅਛੂਤ’ ਨਾਵਲ ਲਿਖਿਆ ਸੀ ਤੇ ਜਦੋਂ ਇਹ ਮਹਾਤਮਾ ਗਾਂਧੀ ਨੂੰ ਦਿਖਾਇਆ ਸੀ?
ਜਵਾਬ: ਮੈਂ ਪਹਿਲੀ ਵਾਰ ਮਹਾਤਮਾ ਗਾਂਧੀ ਨੂੰ ਸਾਬਰਮਤੀ ਆਸ਼ਰਮ ਵਿਚ 1927 ਵਿਚ ਮਿਲਿਆ ਸੀ, ਜਦੋਂ ਮੈਂ ਜੋਇਸੀਨੇ ਅੰਗਰੇਜ਼ੀ ਵਿਚ ਉਸ ਨੂੰ ਖਰੜਾ ਦਿਖਾਇਆ ਸੀ। ਮੈਂ 1930 ਵਿਚ ਇਹ ਕਿਤਾਬ ਨਹੀਂ ਸੀ ਲਿਖੀ, ਸਗੋਂ ਇਹ 1925 ਵਿਚ ਸ਼ੁਰੂ ਕੀਤੀ ਸੀ। ਇਹ ਇਕਬਾਲੀਆ ਬਿਆਨ ਦਾ ਹਿੱਸਾ ਸੀ। ਮੈਂ ਇਰਾਨੀ ਨੂੰ ਮਿਲਣ ਡਬਲਿਨ ਵਿਚ ਗਰਮੀਆਂ ਦੀ ਰੁੱਤ ਵਿਚ 1926 ਵਿਚ ਗਿਆ ਸੀ ਤੇ ਜਾਰਜ ਰੱਸਲ ਨੂੰ ਮਿਲਿਆ ਸੀ। ਮੈਨੂੰ ਦਿਨ ਤੇ ਮਹੀਨਾ ਚੇਤੇ ਨਹੀਂ ਪਰ ਮੈਂ ਜੋ ਲਿਖਿਆ ਹੈ, ਉਹ ਤੱਥਮਈ ਹਵਾਲੇ ਹਨ।
ਸਵਾਲ: 1930ਵਿਆਂ ਦੇ ਲੇਖਕ ਹੋਣ ਦੇ ਨਾਤੇ ਤੁਸਾਂ ਕੀ ਸਿੱਖਿਆ ਸੀ ਤੇ ਉਸ ਸਮੇਂ ਨੇ ਤੁਹਾਨੂੰ ਕੀ ਸਿਖਾਇਆ?
ਜਵਾਬ: ਮੈਂ ਇਹ ਸਿੱਖਿਆ ਕਿ ਸ਼ਬਦ ਤੇ ਕਾਰਜ ਆਪੋ ਵਿਚ ਘੁਲੇ-ਮਿਲੇ ਹੋਣੇ ਚਾਹੀਦੇ ਹਨ, ਜੇ ਲੇਖਕ ਨੇ ਮਹੱਤਵਪੂਰਨ ਸਥਾਨ ਦੀ ਪ੍ਰਾਪਤੀ ਕਰਨੀ ਹੈ, ਤਾਂ। ਗੋਰਕੀ ਨੇ ਪਹਿਲਾਂ ਹੀ ਇਹ ਕੰਮ ਰੂਸ ਵਿਚ ਕਰ ਦਿੱਤਾ ਸੀ ਤੇ ਜੋਲਾ ਨੇ ਫਰਾਂਸ ਵਿਚ ਅਤੇ ਡਿਕਨਜ਼ ਨੇ ਇੰਗਲੈਂਡ ਵਿਚ। ਭਾਰਤ ਵਿਚ ਇਹ ਕੰਮ ਨਹੀਂ ਸੀ ਹੋਇਆ। ਜੇ ਤੁਸੀਂ ਬੁਰੇ ਪੱਖ ਬਾਰੇ ਲਿਖਣਾ ਹੈ ਤਾਂ ਉਹ ਇਹ ਹੈ ਤੇ ਇਸ ਨੂੰ ਨੰਗਾ ਕਰਨਾ ਚਾਹੀਦਾ ਹੈ। ਇਹੀ ਕੁਝ ਸੀ ਜੋ ਮੈਂ ‘ਅਛੂਤ’ ਤੇ ‘ਕੁੱਲੀ’ ਵਿਚ ਕੀਤਾ ਸੀ। ਮੈਂ ‘ਕੁੱਲੀ’ ਨਾਵਲ ਵਿਚ ਇੱਕ ਅਜਿਹੇ ਮੁੰਡੇ ਦੀ ਸਿਰਜਣਾ ਕਰਨਾ ਚਾਹੁੰਦਾ ਸੀ ਜੋ ਫਜ਼ੂਲ ਭਾਂਤ ਦੇ ਕਿਮ ਦੀ ਥਾਂ ਮਨੁੱਖੀ ਗੁਣਾਂ ਵਾਲਾ ਹੋਵੇ।
ਸਵਾਲ: ਜੀਵਨ ਦੇ ਬੁਰੇ ਪੱਖ ਨੂੰ ਚਿਤਰਨ ਦੀ ਇੱਛਾ ਅਧੀਨ ਕੀ ਤੁਸੀਂ ਦਸਤਾਵੇਜ਼ੀ ਨਹੀਂ ਸੀ ਹੋ ਗਏ?
ਜਵਾਬ: ਕੇਵਲ ਉਦੋਂ ਹੀ, ਜਦ ਕੋਈ ਕਲਾਕਾਰ ਵਜੋਂ ਅਸਫਲ ਹੋ ਜਾਂਦਾ ਹੈ ਤਾਂ ਸਵਾਲ ਉੱਠਦਾ ਹੈ ਕਿ ਕੀ ਲਿਖਤ ਦਸਤਾਵੇਜ਼ੀ ਹੈ ਜਾਂ ਪ੍ਰਚਾਰ? ਖੁਸ਼ਕਿਸਮਤੀ ਨੂੰ ਨਾਵਲ ਦਾ ਰੂਪ ਐਨਾ ਢਿੱਲਾ ਹੈ ਕਿ ਇਸ ਵਿਚ ‘ਅੰਨਾ ਕਾਰਨੇਨਾ’ ਦਾ ਸਕੈਂਡਲ ਅਤੇ ‘ਜੰਗ ਤੇ ਅਮਨ’ ਵਿਚ ਨੈਪੋਲੀਅਨ ਵੇਲੇ ਦੀਆਂ ਆਵਾਜ਼ਾਂ ਦੋਵੇਂ ਹੀ ਸ਼ਾਮਿਲ ਹੋ ਸਕਦੀਆਂ ਹਨ। ਸ਼ਰਤ ਇਹ ਹੈ ਕਿ ਨਾਵਲਕਾਰ ਪੁਤਲੀਆਂ ਦੇ ਅਰਥਾਂ ਵਿਚ ਨਹੀਂ, ਸਗੋਂ ਮਨੁੱਖੀ ਜੀਵਾਂ ਦੇ ਅਰਥਾਂ ਵਿਚ ਗੱਲ ਕਰੇ।
ਸਵਾਲ: ਕੀ ਕਲਾਤਮਕ ਨਿਭਾਅ ਅਤੇ ਰੂਪ ਜੋ ਕਲਾ ਦੀ ਬੁਨਿਆਦ ਹਨ, ਨਾਵਲ ਦੀ ਵਸਤੂ ਨਾਲੋਂ ਵਧੇਰੇ ਮਹੱਤਵ ਵਾਲੇ ਹਨ?
ਜਵਾਬ: ਇਹ ਸਭ ਕੁਝ ਰਲਿਆ-ਮਿਲਿਆ ਹੁੰਦਾ ਹੈ। ਨਾਵਲ ਵਿਚ ਕੀ ਇਹ ਜਲਣਾ ਤੇ ਪਿਘਲਣਾ ਹੈ? ਜਾਂ ਕੀ ਇਹ ਵੇਦਾਂਤ, ਸਾਮਵਾਦ ਜਾਂ ਕਮਿਊਨਿਸਟ ਵਿਰੋਧਾਂ ਦੇ ਸਿਧਾਂਤਾਂ ਦਾ ਪ੍ਰਚਾਰ ਹੈ? ਮੈਂ ਹਮੇਸ਼ਾ ਹੀ ਇਹ ਸੋਚਿਆ ਹੈ ਕਿ ਨਾਵਲ ਇੱਕ ਭਾਂਤ ਦੀ ਕਵਿਤਾ ਹੈ, ਵੀਹਵੀਂ ਸਦੀ ਦੀ ਬੀਰ-ਗਾਥਾ, ਨਵੀਆਂ ਸ਼੍ਰੇਣੀਆਂ ਦੀ ਲੋਕ-ਐਪਿਕ। ਇਹ ਕੁਝ ਰੂਪ-ਰਹਿਤ ਹੈ। ਜੀਵਨ ਦੀ ਰਫਤਾਰ ਦੀ ਤੁਰੰਤ ਪ੍ਰਵਾਨਗੀ ਵਾਲੀ (ਜਦ ਇਹ ਚੰਗੀ ਹੋਵੇ ਤਾਂ) ਛੁੱਟੜ ਇਸਤਰੀਆਂ, ਬੁੱਢੇ ਸਿਪਾਹੀਆਂ ਤੇ ਜੋਸ਼ੀਲੇ ਨੌਜਵਾਨ ਲੋਕਾਂ ਦੇ ਨਿੱਕੇ ਚੂਚੇ ਜਿਹੀ।
ਸਵਾਲ: ਕੀ ਤੁਸੀਂ ਕਦੇ ਆਪਣੇ ਨਾਵਲਾਂ ਨੂੰ ਸੋਧਣ ਬਾਰੇ ਸੋਚਿਆ ਹੈ?
ਜਵਾਬ: ਮੈਨੂੰ ਨਹੀਂ ਪਤਾ ਕਿ ਪਹਿਲੀ ਕੁਦਰਤੀ ਲਿਖਤ ਨੂੰ ਮੁੱਢੋਂ ਸੁੱਢੋਂ ਸੋਧਿਆ ਜਾ ਸਕਦਾ ਹੈ। ਮੇਰੇ ਨਾਵਲ ਹੜ੍ਹ ਵਾਂਗ ਆਉਂਦੇ ਹਨ ਅਤੇ ਭਾਵੇਂ ਮੈਂ ਪਹਿਲੇ ਬਰਫ ਦੇ ਤੋਦੇ ਨੂੰ ਕਾਬੂ ਕਰਨ ਦਾ ਯਤਨ ਕਰਦਾ ਹਾਂ, ਪਰ ਮੈਂ ਦੇਖਦਾ ਹਾਂ ਕਿ ਕੁਝ ਟੁਕੜਿਆਂ ਨੂੰ ਕੱਟਣ ਤੋਂ ਬਿਨਾਂ, ਭਾਵੇਂ ਕੱਚਾ ਖਰੜਾ ਹੀ ਸਹੀ, ਪਰ ਸਾਰੀ ਬੀਰ-ਗਾਥਾ ਦੇ ਤਾਲਮਈ ਵਹਾਓ ਨੂੰ ਢਹਿ-ਢੇਰੀ ਕਰਨਾ ਸੰਭਵ ਨਹੀਂ ਹੁੰਦਾ।
ਸਵਾਲ: ਕੀ ਤੁਸੀਂ ਕਹੋਗੇ ਕਿ ਤੁਹਾਡੀਆਂ ਸਵੈ-ਜੀਵਨੀਆਂ ਬਾਰੇ ਵੀ ਇਹ ਗੱਲ ਸੱਚ ਹੈ?
ਜਵਾਬ: ਮੈਂ ਸਵੈ-ਜੀਵਨੀਆਂ ਨਹੀਂ ਲਿਖ ਰਿਹਾ, ਸਗੋਂ ਸਵੈ-ਜੀਵਨੀ ਮੂਲਕ ਨਾਵਲ ਲਿਖ ਰਿਹਾ ਹਾਂ। ਇਹ ਫ਼ਰਕ ਕਰਨਾ ਜ਼ਰੂਰੀ ਹੈ। ਮੈਂ ਇਕਬਾਲੀਆ ਨਾਵਲ ਵਿਚ ਵਿਸ਼ਵਾਸ ਕਰਦਾ ਹਾਂ। ਉੱਤਮ ਪੁਰਖ ਵਿਚ ਤੇ ਇਸ ਵਿਚ ਲੇਖਕ ਇਮਾਨਦਾਰ ਹੋ ਸਕਦਾ ਹੈ। ਉਹ ਗੰਢੇ ਦੀ ਛਿੱਲ ਦੀ ਤਹਿ-ਦਰ-ਤਹਿ ਉਤਾਰ ਸਕਦਾ ਹੈ ਤੇ ਆਪਣੀ ਆਤਮਾ ਤੀਕ ਪਹੁੰਚ ਸਕਦਾ ਹੈ। ਚੰਗੇ ਸਾਹਿਤ ਦੀ ਇਹੀ ਨਿਸ਼ਾਨੀ ਹੁੰਦੀ ਹੈ।
Leave a Reply