ਹੈਰਾਨਕੁਨ ਹਨ ਕਈ ਖਾਲਿਸਤਾਨੀ ਆਗੂਆਂ ਦੇ ਭਾਰਤੀ ਏਜੰਸੀਆਂ ਨਾਲ ਗੁਪਤ ਸਬੰਧ

ਭਾਰਤੀ ਖੁਫੀਆ ਏਜੰਸੀ ‘ਰਾਅ’ ਦੇ ਅਫਸਰ ਜੀ. ਬੀ. ਐਸ਼ ਸਿੱਧੂ ਦੀ ਕਿਤਾਬ ‘ਦਿ ਖਾਲਿਸਤਾਨ ਕਾਂਸਪਰੇਸੀ’ ਅੱਜਕੱਲ੍ਹ ਬੜੀ ਚਰਚਾ ਵਿਚ ਹੈ। ਇਸ ਕਿਤਾਬ ਵਿਚ ਭਾਰਤੀ ਖੁਫੀਆ ਏਜੰਸੀ ਦੇ ਅਫਸਰਾਂ ਅਤੇ ਖਾਲਿਸਤਾਨ ਨਾਲ ਜੁੜੇ ਕੁਝ ਆਗੂਆਂ ਬਾਰੇ ਖੁਲਾਸੇ ਕੀਤੇ ਗਏ ਹਨ। ਬਲਰਾਜ ਦਿਓਲ ਨੇ ਇਸ ਪ੍ਰਸੰਗ ਵਿਚ ਕੁਝ ਖਾਸ ਟਿੱਪਣੀਆਂ ਆਪਣੇ ਇਸ ਲੇਖ ਵਿਚ ਕੀਤੀਆਂ ਹਨ।

-ਸੰਪਾਦਕ

ਬਲਰਾਜ ਦਿਓਲ
ਸੰਪਾਦਕ ਖਬਰਨਾਮਾ
ਕਿਸੇ ਭਾਰਤੀ ਮਿਸ਼ਨ ਵਿਚ ਅਗਰ ਕੋਈ ਸਿੱਖ ਕਿਸੇ ਨਿੱਜੀ ਕੰਮ ਲਈ ਜਾ ਆਵੇ ਤਾਂ ਉਸ ਦੇ ਵਿਰੋਧੀ ਵੱਖਵਾਦੀ ਝੱਟ ‘ਗਦਾਰੀ’ ਦੇ ਇਲਜ਼ਾਮ ਲਗਾ ਦਿੰਦੇ ਹਨ। ਪੱਛਮੀ ਦੇਸ਼ਾਂ ਵਿਚ ਜੋ ਸਿੱਖ ਭਾਰਤੀ ਮਿਸ਼ਨਾਂ ਦੇ ਸਮਾਗਮਾਂ ਵਿਚ ਸ਼ਿਰਕਤ ਕਰ ਲੈਂਦੇ ਹਨ, ਉਹਨਾਂ ‘ਤੇ ਤਾਂ ਖਾਲਿਸਤਾਨੀ ਕੱਟੜਪੰਥੀ ਪੱਕਾ ਗਦਾਰੀ ਦਾ ਠੱਪਾ ਲਗਾ ਦਿੰਦੇ ਹਨ। ਕਈਆਂ ਨੂੰ ਤਾਂ ਜਨਤਕ ਤੌਰ ‘ਤੇ ਜ਼ਲੀਲ ਵੀ ਕੀਤਾ ਜਾਂਦਾ ਹੈ। ਕਥਿਤ ਖਾਲਿਸਤਾਨੀ ਇਸ ਵਰਤਾਰੇ ਨੂੰ ਆਪਣਾ ਧਰਮ ਸਮਝਦੇ ਹਨ ਹਾਲਾਂਕਿ ਖਾਲਿਸਤਾਨ ਨਿਰੋਲ ਰਾਜਸੀ ਵਿਚਾਰਧਾਰਾ ਹੈ ਜਿਸ ਨੂੰ ਬਹੁਤ ਸ਼ੈਤਾਨੀ ਨਾਲ ਧਰਮ ਦਾ ਜੁਗਾੜ ਲਗਾ ਕੇ ਖੜ੍ਹਾ ਕੀਤਾ ਗਿਆ ਹੈ। ਖਾਲਿਸਤਾਨੀ ਕੱਟੜਪੰਥੀ ਸਮਝਦੇ ਹਨ ਕਿ ਹਰ ਸਿੱਖ ਨੂੰ ਖਾਲਿਸਤਾਨ ਦਾ ਸਮਰਥਨ ਕਰਨਾ ਚਾਹੀਦਾ ਹੈ ਜਾਂ ਚੁੱਪ ਰਹਿਣਾ ਚਾਹੀਦਾ ਹੈ। ਉਹਨਾਂ ਦੀ ਇਹ ਮਨਸ਼ਾ ਜਨਤਕ ਤੌਰ ‘ਤੇ ਕਾਫੀ ਹੱਦ ਤੱਕ ਪੂਰੀ ਹੁੰਦੀ ਰਹੀ ਹੈ ਪਰ ਅੰਦਰਖਾਤੇ ਬਹੁਗਿਣਤੀ ਆਮ ਸਿੱਖਾਂ ਨੇ ਖਾਲਿਸਤਾਨ ਦੀ ਮੰਗ ਦਾ ਸਮਰਥਨ ਨਹੀਂ ਕੀਤਾ। ਖਾਲਿਸਤਾਨੀ ਲਹਿਰ ਦੀ ਬਦਕਿਸਮਤੀ ਇਹ ਰਹੀ ਹੈ ਕਿ ਉਹਨਾਂ ਦੇ ਕਈ ਆਗੂਆਂ ਦੀ ਕਹਿਣੀ ਅਤੇ ਕਰਨੀ ਵਿਚ ਬਹੁਤ ਵੱਡਾ ਫਰਕ ਰਿਹਾ ਹੈ। ਨਾਅਰੇ ਖਾਲਿਸਤਾਨ ਦੇ ਲਗਾਓ ਪਰ ਅੰਦਰਖਾਤੇ ਕਰੋ ਜੋ ਮਰਜ਼ੀ, ਇੱਕ ਵਧੀਆ ਬਦਲ ਬਣਿਆ ਆ ਰਿਹਾ ਹੈ। ਵਿਰੋਧ ਭਾਵੇਂ ਸਿਧਾਂਤ, ਤਰਕ ਅਤੇ ਤਲਖ ਤਜਰਬੇ ਉਤੇ ਆਧਾਰਿਤ ਹੋਵੇ, ਕਦਾਚਿਤ ਪ੍ਰਵਾਨ ਨਹੀਂ ਰਿਹਾ। ਇਮਾਨਦਾਰ ਰਾਜਸੀ ਵਿਰੋਧ ਦਾ ਫਲ ਸਦਾ ਗੋਲੀਆਂ, ਡਾਂਗਾਂ, ਧਮਕੀਆਂ ਅਤੇ ਗਦਾਰੀ ਦੇ ਫਤਵੇ ਰਿਹਾ ਹੈ। ਖਾਲਿਸਤਨੀ ਸਦਾ ਇਹ ਦਾਅਵੇ ਕਰਦੇ ਰਹੇ ਹਨ ਕਿ ਭਾਰਤ ਵਿਚ ਸਿੱਖਾਂ ਨੂੰ ਕੋਈ ਆਜ਼ਾਦੀ ਨਹੀਂ ਹੈ ਪਰ ਆਪ ਖਾਲਿਸਤਾਨੀ ਵਿਚਾਰਧਾਰਾ ਦੇ ਵਿਰੋਧੀਆਂ ਨੂੰ ਹਿੰਸਕ ਢੰਗ ਨਾਲ ਵੀ ਦਬਾਉਂਦੇ ਆ ਰਹੇ ਹਨ।
ਬੀਤੇ ਦੀਆਂ ਘਟਨਾਵਾਂ ਅਤੇ ਖਾਲਿਸਤਾਨ ਦੀ ਲਹਿਰ ਬਾਰੇ ਅਜੇ ਵੀ ਬਹੁਤ ਸਾਰੇ ਭੇਤ ਬਣੇ ਹੋਏ ਹਨ। ਇਹਨਾਂ ਵਿਚੋਂ ਕੁਝ ਭੇਤ ਜੱਗ ਜ਼ਾਹਰ ਕਰਨ ਵਾਲੀ ਇੱਕ ਕਿਤਾਬ 24 ਅਕਤੂਬਰ ਨੂੰ ਭਾਰਤ ਵਿਚ ਰਿਲੀਜ਼ ਕੀਤੀ ਗਈ ਹੈ ਜਿਸ ਦਾ ਨਾਮ ‘ਦਿ ਖਾਲਿਸਤਾਨ ਕਾਂਸਪਰੇਸੀ’ ਹੈ। ਇਹ ਕਿਤਾਬ ਭਾਰਤ ਦੀ ਮੁੱਖ ਖੁਫੀਆ ਏਜੰਸੀ ‘ਰਾਅ’ ਦੇ ਸਾਬਕਾ ਅਫਸਰ ਜੀ. ਬੀ. ਐਸ਼ ਸਿੱਧੂ ਦੀ ਲਿਖੀ ਹੋਈ ਹੈ। ਸਿੱਧੂ ਸਿੱਖ ਹੈ ਅਤੇ ਉਸ ਨੇ 26 ਕੁ ਸਾਲ ‘ਰਾਅ’ ਵਿਚ ਕੰਮ ਕੀਤਾ ਹੈ। 1998 ਵਿਚ ਉਹ ਸਪੈਸ਼ਲ ਸੈਕਟਰੀ ਦੇ ਅਹੁਦੇ ਤੋਂ ਰਿਟਾਇਰ ਹੋਇਆ ਸੀ। ਸਿੱਧੂ ਨੇ ਕੁਝ ਕਿਤਾਬਾਂ ਪਹਿਲਾਂ ਵੀ ਲਿਖੀਆਂ ਹਨ ਜਿਹਨਾਂ ਵਿਚੋਂ ‘ਸਿਕਮ- ਡਾਅਨ ਆਫ ਡੈਮੋਕਰੇਸੀ’ ਸ਼ਾਮਲ ਹੈ। ਸਿੱਧੂ 1973 ਵਿਚ ਸਿਕਮ ਦੀ ਰਾਜਧਾਨੀ ਗੰਗਟੌਕ ਵਿਚ ‘ਰਾਅ’ ਅਫਸਰ ਵਜੋਂ ਤਾਇਨਾਤ ਹੋਇਆ ਸੀ ਅਤੇ ਇਸ ਦੌਰਾਨ ਹੀ ਸਿਕਮ ਦਾ ਭਾਰਤ ਵਿਚ ਕਾਮਯਾਬ ਰਲੇਵਾਂ ਹੋਇਆ ਸੀ।
ਜੀ. ਬੀ. ਐਸ਼ ਸਿੱਧੂ ਇਸ ਕਿਤਾਬ ਵਿਚ ਬਹੁਤ ਸਨਸਨੀਖੇਜ ਖੁਲਾਸੇ ਕਰਦਾ ਹੈ ਅਤੇ ਸਬੂਤ ਵੀ ਪੇਸ਼ ਕਰਦਾ ਹੈ। ਸਿੱਧੂ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰਦਾ ਹੈ ਕਿ ਖਾਲਿਸਤਾਨ ਦੀ ਲਹਿਰ ਕਿਸੇ ਖਾਸ ਮਕਸਦ ਨਾਲ ਖੜ੍ਹੀ ਕੀਤੀ ਗਈ ਸੀ ਅਤੇ ਇਸ ਨੂੰ ਉਭਾਰਨ ਵਾਲਿਆਂ ਨੂੰ ਨੰਬਰ 1 ਅਕਬਰ ਰੋਡ ਬੇਸਡ ਸੈੱਲ ਦਾ ਸਮਰਥਨ ਹਾਸਲ ਸੀ। ਨੰਬਰ 1 ਅਕਬਰ ਰੋਡ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰਹਾਇਸ਼ ਨੰਬਰ 1 ਸਫਦਰਗੰਜ ਰੋਡ ਦੇ ਨਾਲ ਲਗਦਾ ਰੈਜ਼ੀਡੈਂਸ ਦਫਤਰ ਸੀ। 1 ਅਕਬਰ ਰੋਡ ਬੇਸਡ ਸੈੱਲ ਦਾ ਜ਼ਿਕਰ ਕਦੇ ਫਿਰ ਕਰਾਂਗੇ, ਇਸ ਲਿਖਤ ਵਿਚ ਕੁਝ ਅਹਿਮ ਖਾਲਿਸਤਾਨੀ ਆਗੂਆਂ ਦੇ ਭਾਰਤੀ ਏਜੰਸੀਆਂ, ਕਾਂਗਰਸ ਦੇ ਕੁਝ ਖਾਸ ਆਗੂਆਂ ਜਾਂ ਕਾਂਗਰਸ ਸਰਕਾਰ ਨਾਲ ਸਬੰਧਾਂ ਤੱਕ ਸੀਮਤ ਰਹਾਂਗੇ।
13 ਅਪਰੈਲ 1978 ਦੇ ਨਿਰੰਕਾਰੀ ਕਾਂਡ ਪਿੱਛੋਂ ਵੱਖਰੇ ਸਿੱਖ ਰਾਜ ਦੀ ਖੁੱਲ੍ਹ ਕੇ ਮੰਗ ਕਰਨ ਵਾਲਾ ਸੰਗਠਨ ਦਲ ਖਾਲਸਾ ਗਿਆਨੀ ਜ਼ੈਲ ਸਿੰਘ ਨੇ ਖੜ੍ਹਾ ਕਰਵਾਇਆ ਸੀ। ਇਸ ਲਈ ਪਹਿਲੀ ਮੀਟਿੰਗ ਚੰਡੀਗੜ੍ਹ ਦੇ ਹੋਟਲ ਅਰੋਮਾ ਵਿਚ ਕੀਤੀ ਗਈ ਸੀ। ਇਸ ਮੀਟਿੰਗ ਦਾ 600 ਰੁਪਏ ਦਾ ਬਿੱਲ ਗਿਆਨੀ ਜ਼ੈਲ ਸਿੰਘ ਨੇ ਅਦਾ ਕੀਤਾ ਸੀ। 6 ਅਗਸਤ 1978 ਨੂੰ ਗੁਰਦੁਆਰਾ ਅਕਾਲਗੜ੍ਹ ਸੈਕਟਰ 35 ਵਿਚ ਕੀਤੀ ਪ੍ਰੈਸ ਕਾਨਫਰੰਸ ਵਿਚ ਦਲ ਖਾਲਸਾ ਦਾ ਟੀਚਾ ਆਜ਼ਾਦ ਸਿੱਖ ਰਾਜ ਦੱਸਿਆ ਗਿਆ ਸੀ। ਦਲ ਖਾਲਸਾ ਨੂੰ ਗਿਆਨੀ ਜ਼ੈਲ ਸਿੰਘ ਦੀ ਛਤਰ ਛਾਇਆ ਲਗਾਤਾਰ ਮਿਲਦੀ ਰਹੀ ਸੀ। ਜ਼ੈਲ ਸਿੰਘ ਜਨਵਰੀ 1980 ਵਿਚ ਕੇਂਦਰੀ ਗ੍ਰਹਿ ਮੰਤਰੀ ਅਤੇ ਜੁਲਾਈ 1982 ਵਿਚ ਰਾਸ਼ਟਰਪਤੀ ਬਣਿਆ। ਰਿਪੋਰਟਾਂ ਮੁਤਾਬਿਕ ਜ਼ੈਲ ਸਿੰਘ ਚੰਡੀਗੜ੍ਹ ਬੇਸਡ ਰਿਪੋਰਟਰਾਂ ਨੂੰ ਫੋਨ ਕਰ ਕੇ ਦਲ ਖਾਲਸਾ ਦੀਆਂ ਖਬਰਾਂ ਆਪਣੇ ਅਖ਼ਬਾਰਾਂ ਦੇ ਮੁੱਖ ਪੰਨਿਆਂ ‘ਤੇ ਲਗਾਉਣ ਲਈ ਆਖਦਾ ਰਹਿੰਦਾ ਸੀ।
ਅਮਰੀਕਾ ਨਿਵਾਸੀ ਖਾਲਿਸਤਾਨੀ ਆਗੂ ਗੰਗਾ ਸਿੰਘ ਢਿਲੋਂ ਪਾਕਿਸਤਾਨੀ ਡਿਕਟੇਟਰ ਜ਼ਿਆ ਉਲ ਹੱਕ ਦੇ ਬਹੁਤ ਨੇੜੇ ਸੀ। ਅੱਧ ਮਾਰਚ 1981 ਵਿਚ ਗੰਗਾ ਸਿੰਘ ਢਿਲੋਂ ਚੰਡੀਗੜ੍ਹ ਵਿਚ ਚੀਫ ਖਾਲਸਾ ਦੀਵਾਨ ਕਾਨਫਰੰਸ ਦੀ ਸਦਾਰਤ ਕਰਦਾ ਹੈ ਜਿਸ ਵਿਚ ‘ਸਿੱਖ ਵੱਖਰੀ ਕੌਮ’ ਦਾ ਮਤਾ ਪਾਸ ਕੀਤਾ ਜਾਂਦਾ ਹੈ। ਗੰਗਾ ਸਿੰਘ ਢਿਲੋਂ ਸਿੱਖਾਂ ਨੂੰ ਯੂ. ਐਨ. ਵਿਚ ਐਸੋਸੀਏਟ ਮੈਂਬਰਸ਼ਿਪ ਦੇਣ ਦਾ ਮਤਾ ਪੇਸ਼ ਅਤੇ ਪਾਸ ਕਰਵਾਉਂਦਾ ਹੈ। ਢਿਲੋਂ ਦੀ ਫੇਰੀ ਪਿੱਛੋਂ ਬੀ. ਜੇ. ਪੀ. ਆਗੂ ਅਟਲ ਬਿਹਾਰੀ ਬਾਜਪਾਈ ਲੋਕ ਸਭਾ ਵਿਚ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਦੇ ਹਵਾਲੇ ਨਾਲ ਸਵਾਲ ਪੁੱਛਦਾ ਹੈ ਕਿ ਗਿਆਨੀ ਜ਼ੈਲ ਸਿੰਘ ਨੇ ਕਰਨਾਲ ਵਿਚ ਢਿਲੋਂ ਨਾਲ ਮੁਲਾਕਾਤ ਕੀਤੀ ਸੀ। ਇਸ ਸਮੇਂ ਜ਼ੈਲ ਸਿੰਘ ਭਾਰਤ ਦਾ ਗ੍ਰਹਿ ਮੰਤਰੀ ਸੀ ਅਤੇ ਪਿੱਛੋਂ ਰਾਸ਼ਟਰਪਤੀ ਬਣਿਆ ਸੀ। ਢਿਲੋਂ ਨੂੰ ਐਸੀ ਕਾਨਫਰੰਸ ਲਈ ਭਾਰਤ ਵਿਚ ਐਂਟਰੀ ਕਿਉਂ ਦਿੱਤੀ ਗਈ, ਦੇ ਜਵਾਬ ਵਿਚ 10 ਅਗਸਤ 1981 ਨੂੰ ਇੰਦਰਾ ਗਾਂਧੀ ਨੇ ਕਿਹਾ ਸੀ ਕਿ ਖਾਲਿਸਤਾਨ ਦੀ ਮੰਗ ਕੈਨੇਡਾ ਅਤੇ ਅਮਰੀਕਾ ਤੱਕ ਹੀ ਸੀਮਤ ਹੈ।
ਕਿਤਾਬ ਦੇ ਸਫਾ 155 ਉਤੇ ਸਿੱਧੂ ਨੇ ਗੰਗਾ ਸਿੰਘ ਢਿਲੋਂ ਦਾ ਇੱਕ ਹੋਰ ਹਵਾਲਾ ਦਿੱਤਾ ਹੈ। ਪੰਜਾਬ ਵਿਚ ਜਦ ਹਾਲਤ ਖਰਾਬ ਹੋ ਗਈ ਅਤੇ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਅਕਾਲ ਤਖਤ ‘ਤੇ ਡੇਰਾ ਲਾ ਲਿਆ ਤਾਂ ਜਨਵਰੀ-ਫਰਵਰੀ 1984 ਵਿਚ ਆਰ. ਐਨ. ਕਾਓ, ਬੀ. ਰਮਨ ਅਤੇ ‘ਰਾਅ’ ਦੇ ਦੋ ਹੋਰ ਅਫਸਰਾਂ ਨੇ ਲੰਡਨ ਤੇ ਯੂਰਿਕ ਦਾ ਦੌਰਾ ਕੀਤਾ। ਆਰ. ਐਨ. ਕਾਓ (ਰਾਮੇਸ਼ਵਰ ਨਾਥ ਕਾਓ) ਨੂੰ 1969 ਵਿਚ ‘ਰਾਅ’ ਦੀ ਕਾਇਮੀ ਸਮੇਂ ਪਹਿਲਾ ਮੁਖੀ ਬਣਾਇਆ ਗਿਆ ਸੀ ਅਤੇ ਸੇਵਾ ਮੁਕਤ ਹੋਣ ਪਿੱਛੋਂ ਇੰਦਰਾ ਗਾਂਧੀ ਨੇ ਉਸ ਨੂੰ ਆਪਣਾ ਵਿਸੇਸ਼ ਸਲਾਹਕਾਰ ਨਿਯੁਕਤ ਕਰ ਲਿਆ ਸੀ। ਬੀ. ਰਮਨ ‘ਰਾਅ’ ਦੇ ਕਾਊਂਟਰ ਟੈਰਰਿਜ਼ਮ ਯੂਨਿਟ ਦਾ ਮੌਕੇ ਮੁਖੀ ਸੀ। ਆਰ. ਐਨ. ਕਾਓ ਦਾ 1 ਅਕਬਰ ਰੋਡ ਬੇਸਡ ਸੈੱਲ ਵਿਚ ਵਿਸ਼ੇਸ਼ ਰੋਲ ਸੀ ਅਤੇ ਉਸ ਦਾ ਸਿੱਧਾ ਰਿਸਾਅ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੱਕ ਸੀ। ਇਹ ਦੋਵੇਂ ਇੰਦਰਾ ਗਾਂਧੀ ਦੇ ਪ੍ਰਿੰਸੀਪਲ ਸਕੱਤਰ ਪੀ. ਸੀ. ਅਲੈਗਜ਼ੈਂਡਰ ਦੇ ਲਗਾਤਾਰ ਸੰਪਰਕ ਵਿਚ ਰਹਿੰਦੇ ਸਨ। ਇਸ ਫੇਰੀ ਦਾ ਮਕਸਦ ਖਾਲਿਸਤਾਨੀ ਆਗੂਆਂ ਨੂੰ ਮਿਲ ਕੇ, ਭਿੰਡਰਾਂਵਾਲਾ ਨੂੰ ਦਰਬਾਰ ਸਾਹਿਬ ਸਮੂਹ ਤੋਂ ਬਾਹਰ ਨਿਕਲਣ ਲਈ ਮਨਾਉਣਾ ਸੀ। ਯੂਰਿਕ ਵਿਚ ਇਹਨਾਂ ਨੇ ਅਮਰੀਕਾ ਦੇ ਇੱਕ ਪ੍ਰਮੁੱਖ ਖਾਲਿਸਤਾਨੀ ਆਗੂ ਨਾਲ ਮੁਲਾਕਾਤ ਕੀਤੀ ਸੀ। ਇਸ ਸਿੱਖ ਆਗੂ ਨੇ ਇਹਨਾਂ ਨੂੰ ਦੱਸਿਆ ਕਿ ਉਹ ਮਦਦ ਕਰ ਸਕਦਾ ਹੈ ਅਗਰ ਉਸ ਨੂੰ ਭਾਰਤ ਆ ਕੇ ਭਿੰਡਰਾਂਵਾਲਾ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਮਿਲਣ ਦੀ ਆਗਿਆ ਦਿੱਤੀ ਜਾਵੇ। ਉਸ ਨੇ ‘ਰਾਅ’ ਅਫਸਰਾਂ ਨੂੰ ਇਹ ਵੀ ਦੱਸਿਆ ਕਿ ਅਮਰੀਕਾ ਵਿਚ ਕੁਝ ਖਾਲਿਸਤਾਨੀ ਆਗੂ ਵਾਸ਼ਿੰਗਟਨ ਵਿਚ ਤਾਇਨਾਤ ‘ਰਾਅ’ ਅਫਸਰ ਦਾ ਕਤਲ ਕਰਨਾ ਚਾਹੁੰਦੇ ਸਨ ਪਰ ਜਦ ਉਸ ਨੂੰ ਪਤਾ ਲੱਗਾ ਤਾਂ ਉਸ ਨੇ ਅਜਿਹਾ ਕਰਨ ਤੋਂ ਵਰਜ ਦਿੱਤਾ ਸੀ। ਸਿੱਧੂ ਨੇ ਦਾਅਵਾ ਕੀਤਾ ਹੈ ਕਿ ਇਹ ਆਗੂ ਗੰਗਾ ਸਿੰਘ ਢਿਲੋਂ ਸੀ। ‘ਰਾਅ’ ਨੇ ਢਿਲੋਂ ਦੀ ਮਦਦ ਦੀ ਆਫਰ ਇਸ ਪ੍ਰਵਾਨ ਨਹੀਂ ਸੀ ਕੀਤੀ ਕਿਉਂਕਿ ‘ਰਾਅ’ ਨੂੰ ਸ਼ੱਕ ਸੀ ਕਿ ਢਿਲੋਂ ਨੂੰ ਜਰਗਮਾਲ ਵਜੋਂ ਵਰਤਿਆ ਜਾ ਸਕਦਾ ਹੈ ਜਾਂ ਉਹ ਭਿੰਡਰਾਂਵਾਲਾ ਨਾਲ ਰਲ ਵੀ ਸਕਦਾ ਹੈ।
ਸਿੱਧੂ ਨੇ ਇਹ ਵੀ ਲਿਖਿਆ ਹੈ ਕਿ ਉਚ ‘ਰਾਅ’ ਅਫਸਰਾਂ ਦਾ ਇਹ ਗਰੁੱਪ ਲੰਡਨ ਵਿਚ ਜਗਜੀਤ ਸਿੰਘ ਚੌਹਾਨ ਸਮੇਤ ਹੋਰ ਕਈ ਖਾਲਿਸਤਾਨੀ ਆਗੂਆਂ ਨੂੰ ਵੀ ਮਿਲਿਆ ਸੀ।
ਜੀ. ਬੀ. ਐਸ਼ ਸਿੱਧੂ ਦੀ ਨਵੀਂ ਕਿਤਾਬ ਕੌਂਸਲ ਆਫ ਖਾਲਿਸਤਾਨ ਦੇ ਕੈਨੇਡਾ ਵਿਚ ਪ੍ਰਮੁੱਖ ਆਗੂ ਮਰਹੂਮ ਕੁਲਦੀਪ ਸਿੰਘ ਸੋਢੀ ਦਾ ਵੀ ਚੋਖਾ ਜ਼ਿਕਰ ਕਰਦੀ ਹੈ ਜਿਸ ਨੇ ਆਪਣੇ ਆਪ ਨੂੰ ਕੈਨੇਡਾ ਵਿਚ ਖਾਲਿਸਤਾਨ ਦਾ ਸਫੀਰ ਐਲਾਨਿਆ ਹੋਇਆ ਸੀ। ਸਿੱਧੂ ਲਿਖਦਾ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ 27 ਜੁਲਾਈ 1982 ਦੇ ਦਿਨ ਅਮਰੀਕਾ ਦੀ 8 ਦਿਨਾਂ ਦੀ ਸਟੇਟ ਫੇਰੀ ਲਈ ਪੁੱਜੀ ਸੀ। ਭਾਰਤ ਦੇ ਖੁਫੀਆ ਵਿਭਾਗ ਦੇ ਡਾਇਰੈਕਟਰ ਐਨ. ਐਫ਼ ਸਨਟੂਕ ਨੇ ਇਸ ਫੇਰੀ ਤੋਂ ਦੋ ਕੁ ਹਫਤੇ ਪਹਿਲਾਂ ‘ਰਾਅ’ ਅਫਸਰ ਸਿੱਧੂ ਨੂੰ ਕਾਲ ਕਰ ਕੇ ਦੱਸਿਆ ਸੀ ਕਿ ਗਾਂਧੀ ਨੂੰ ਅਮਰੀਕਾ ਅਤੇ ਕੈਨੇਡਾ ਵਿਚ ਵਸਦੇ ਖਾਲਿਸਤਾਨੀਆਂ ਤੋਂ ਖਤਰਾ ਹੈ ਜਿਸ ਲਈ ਚੇਤੰਨ ਰਹਿਣਾ ਪਵੇਗਾ ਪਰ ਇਸ ਖਤਰੇ ਬਾਰੇ ਕਿਸੇ ਕੋਲ ਕੋਈ ਪੱਕੀ ਜਾਣਕਾਰੀ ਨਹੀਂ ਸੀ। ਗਾਂਧੀ ਦੀ ਫੇਰੀ ਤੋਂ ਦੋ ਕੁ ਦਿਨ ਪਹਿਲਾਂ ਸਿੱਧੂ ਨਿਊ ਯਾਰਕ ਪੁੱਜ ਗਿਆ ਸੀ ਅਤੇ ਇੱਕ ਹੋਟਲ ਵਿਚ ਕਮਰਾ ਬੁੱਕ ਕਰਵਾ ਲਿਆ ਸੀ ਜੋ ਇੰਦਰਾ ਗਾਂਧੀ ਵਾਲੇ ਹੋਟਲ ਦੇ ਨਜ਼ਦੀਕ ਸੀ। ਭਾਰਤੀ ਸੁਰੱਖਿਆ ਏਜੰਸੀਆਂ ਦੇ ਹੋਰ ਕਈ ਅਫਸਰ ਵੀ ਅਮਰੀਕਾ ਪੁੱਜ ਗਏ ਸਨ। ਸਿੱਧੂ ਨੇ ਅਮਰੀਕਾ ਪੁੱਜਦੇ ਸਾਰ ਕੈਨੇਡਾ ਅਤੇ ਅਮਰੀਕਾ ਵਿਚ ਆਪਣੇ ਨਜ਼ਦੀਕੀਆਂ ਅਤੇ ਸੰਪਰਕਾਂ ਨੂੰ ਫੋਨ ਕਰਨੇ ਸ਼ੁਰੂ ਕਰ ਦਿੱਤੇ ਸਨ ਤਾਂ ਕਿ ਕਿਸੇ ਸੰਭਾਵੀ ਖਤਰੇ ਦੀ ਸੂਹ ਲੱਗ ਸਕੇ।
ਅਮਰੀਕੀ ਅਧਿਕਾਰੀਆਂ ਨਾਲ ਗੱਲਬਾਤ ਤੋਂ ਇਲਾਵਾ ਗਾਂਧੀ ਨੇ 31 ਜੁਲਾਈ ਨੂੰ ਹੋਟਲ ਵਿਚ ਭਾਰਤੀਆਂ ਨੂੰ ਮਿਲਣਾ ਸੀ ਅਤੇ ਪਹਿਲੀ ਅਗਸਤ ਨੂੰ ਰਿਚਮੰਡ ਹਿੱਲ ਗੁਰਦੁਆਰੇ ਜਾਣਾ ਸੀ। ਸਿੱਧੂ ਦੀ ਨਜ਼ਰ ਇਹਨਾਂ ਦੋ ਦਿਨਾਂ ਉਤੇ ਸੀ। ਪਹਿਲੀ ਅਗਸਤ ਨੂੰ ਜਦ ਇੰਦਰਾ ਗਾਂਧੀ ਰਿਚਮੰਡ ਹਿੱਲ ਗੁਰਦੁਆਰੇ ਪੁੱਜੀ ਤਾਂ ਪ੍ਰਧਾਨ ਤਜਿੰਦਰ ਸਿੰਘ ਕਾਹਲੋਂ ਸਮੇਤ ਕਮੇਟੀ ਨੇ ਨਿੱਘਾ ਸਵਾਗਤ ਕੀਤਾ। ਗੁਰਦੁਆਰੇ ਅੰਦਰ ਇੰਦਰਾ ਗਾਂਧੀ ਨੂੰ ਜੀ ਆਇਆਂ ਆਖ ਕੇ ਸਿਰੋਪਾ ਦੇਣ ਪਿੱਛੋਂ ਸੰਗਤ ਨੂੰ ਸੰਬੋਧਨ ਕਰਨ ਲਈ ਆਖਿਆ ਗਿਆ। ਸਿੱਧੂ ਹਾਲ ਵਿਚ ਅਜਿਹੀ ਥਾਂ ਖੜ੍ਹਾ ਸੀ ਜਿੱਥੋਂ ਸਾਰੇ ਹਾਲ ਉਤੇ ਬਾਜ਼ ਅੱਖ ਰੱਖੀ ਜਾ ਸਕਦੀ ਸੀ ਅਤੇ ਇੱਕ ਵਿੰਡੋ ਰਾਹੀਂ ਹਾਲ ਦੇ ਬਾਹਰ ਤੋਂ ਅੰਦਰ ਆ ਰਹੀ ਸੰਗਤ ਵੱਲ ਵੀ ਵੇਖਿਆ ਜਾ ਸਕਦਾ ਸੀ। ਜਦ ਇੰਦਰਾ ਗਾਂਧੀ ਬੋਲ ਰਹੀ ਸੀ ਤਾਂ ਵਿੰਡੋ ਰਾਹੀਂ ਸਿੱਧੂ ਦਾ ਧਿਆਨ ਹਾਲ ਦੇ ਬਾਹਰ ਚਾਰ ਸਿੱਖਾਂ ‘ਤੇ ਪਿਆ ਜਿਹਨਾਂ ਵਿਚੋਂ ਇੱਕ ਕੁਲਦੀਪ ਸਿੰਘ ਸੋਢੀ ਸੀ ਜੋ ਤਦ ਆਪਣੇ ਆਪ ਨੂੰ ਖਾਲਿਸਤਾਨ ਦਾ ਕੌਂਸਲ ਜਨਰਲ ਦੱਸਿਆ ਕਰਦਾ ਸੀ। ਸੋਢੀ ਦੀ ਇੱਕ ਸਿੱਖ ਨਾਲ ਤਲਖਕਲਾਮੀ ਹੋ ਰਹੀ ਜਾਪਦੀ ਸੀ ਅਤੇ ਦੂਜੇ ਦੋ ਸੋਢੀ ਦੀ ਮਦਦ ਕਰ ਰਹੇ ਸਨ ਤਾਂ ਕਿ ਚੌਥੇ ਨੂੰ ਗੁਰਦੁਆਰੇ ਅੰਦਰ ਦਾਖਲ ਹੋਣ ਤੋਂ ਰੋਕਿਆ ਜਾ ਸਕੇ। ਸੋਢੀ ਉਸ ਨੂੰ ਰੋਕਣ ਵਿਚ ਕਾਮਯਾਬ ਰਿਹਾ ਅਤੇ ਤਦ ਤੱਕ ਗਾਂਧੀ ਦਾ ਭਾਸ਼ਣ ਖਤਮ ਹੋ ਗਿਆ ਅਤੇ ਉਸ ਨੂੰ ਪਾਸੇ ਦੇ ਦਰਵਾਜ਼ੇ ਰਸਤੇ ਵਿਦਾ ਕਰ ਦਿੱਤਾ ਗਿਆ। ਗਾਂਧੀ ਦੇ ਵਿਦਾ ਹੁੰਦੇ ਸਾਰ ਆਈ. ਬੀ. ਦੇ ਡਿਪਟੀ ਐਸ਼ ਡੀ. ਤਰਵੇਦੀ ਨੇ ਸਿੱਧੂ ਨੂੰ ਪੁਛਿਆ, ‘ਤੇਰੇ ਗੰਨਮੈਨ ਕਿੱਥੇ ਹਨ?’ ਸਿੱਧੂ ਨੇ ਜਵਾਬ ਦਿੱਤਾ ਕਿ ਮੈਂ ਕਦੇ ਵੀ ਕਿਸੇ ਗੰਨਮੈਨ ਖਤਰੇ ਬਾਰੇ ਗੱਲ ਨਹੀਂ ਸੀ ਕੀਤੀ। ਤਰਵੇਦੀ ਨੇ ਕਿਹਾ ਕਿ ਤੇਰੇ ਵਿਭਾਗ (ਰਾਅ) ਨੇ ਤਾਂ ਆਈ. ਬੀ. ਨੂੰ ਇੰਦਰਾ ਗਾਂਧੀ ‘ਤੇ ਹਮਲੇ ਬਾਰੇ ਚਿਤਾਵਨੀ ਦਿੱਤੀ ਹੋਈ ਸੀ।
ਤਰਵੇਦੀ ਨਾਲ ਗੱਲ ਖਤਮ ਹੁੰਦੇ ਸਾਰੇ ਸਿੱਧੂ ਗੁਰਦੁਆਰੇ ਦੇ ਬਾਹਰ ਕੁਲਦੀਪ ਸਿੰਘ ਸੋਢੀ ਨੂੰ ਤਲਾਸ਼ਣ ਚਲੇ ਗਿਆ। ਸਿੱਧੂ ਮੁਤਾਬਿਕ ਉਹ ਕੁਲਦੀਪ ਸਿੰਘ ਸੋਢੀ ਨੂੰ ਮਾਰਚ 1979 ਵਿਚ ਟੋਰਾਂਟੋ ਦੇ ਇੱਕ ਹੋਟਲ ਵਿਚ ਇੱਕ ਸਿੱਖ ਕਾਨਫਰੰਸ ਵਿਚ ਮਿਲਿਆ ਸੀ। ਨਿਯੂ ਯਾਰਕ ਗੁਰਦੁਆਰੇ ਦੇ ਬਾਹਰ ਸੋਢੀ ਨੇ ਸਿੱਧੂ ਨੂੰ ਝੱਟ ਪਛਾਣ ਲਿਆ ਅਤੇ ਸਿੱਧੂ ਨੇ ਇੱਕ ਪਾਸੇ ਕਰ ਕੇ ਸੋਢੀ ਤੋਂ ਪਹਿਲਾਂ ਹੋਈ ਤਲਖਕਲਾਮੀ ਦੇ ਕਾਰਨ ਬਾਰੇ ਪੁੱਛਿਆ। ਸੋਢੀ ਨੇ ਕਿਹਾ- ਕੀ ਦੱਸਾਂ? ਸਾਡੇ ਗਰੁੱਪ ਵਿਚ ਟੋਰਾਂਟੋ ਤੋਂ ਆਏ ਇੱਕ ਸਿੱਖ ਕੋਲ ਪਿਸਤੌਲ ਸੀ ਅਤੇ ਉਹ ਗਾਂਧੀ ਨੂੰ ਗੁਰਦੁਆਰੇ ਵਿਚ ਮਾਰਨਾ ਚਾਹੁੰਦਾ ਸੀ। ਸੋਢੀ ਅਤੇ ਦੂਜੇ ਸੱਜਣ ਉਸ ਨੂੰ ਗੁਰਦੁਆਰੇ ਅੰਦਰ ਵੜਨੋਂ ਰੋਕ ਰਹੇ ਸਨ। ਸੋਢੀ ਅਜਿਹਾ ਕੁਝ ਕੈਨੇਡਾ ਅਤੇ ਅਮਰੀਕਾ ਵਿਚ ਨਹੀਂ ਸੀ ਵਾਪਰਨ ਦੇਣਾ ਚਾਹੁੰਦਾ, ਕਿਉਂਕਿ ਇਸ ਨਾਲ ਖਾਲਿਸਤਾਨੀਆਂ ਉਤੇ ਸ਼ਿਕੰਜਾ ਕੱਸਿਆ ਜਾਣਾ ਸੀ। ਸੋਢੀ ਨੇ ਗੰਨਮੈਨ ਦਾ ਨਾਮ ਨਹੀਂ ਦੱਸਿਆ ਪਰ ਇਹ ਕਿਹਾ ਕਿ ਉਹ ਟੋਰਾਂਟੋ ਤੋਂ ਆਇਆ ਸੀ। ਸੋਢੀ ਨੂੰ ਇਸ ਬੰਦੇ ਦੀ ਪਲਾਨ ਦਾ ਮਹੀਨਾ ਕੁ ਪਹਿਲਾਂ ਪਤਾ ਲੱਗਾ ਸੀ ਅਤੇ ਤਦ ਤੋਂ ਸੋਢੀ ਉਸ ਉਤੇ ਨਜ਼ਰ ਰੱਖ ਰਿਹਾ ਸੀ।
ਸਿੱਧੂ ਨੇ ਲਿਖਿਆ ਹੈ ਕਿ ਇਸ ਜਾਣਕਾਰੀ ਦੀ ਸੰਵੇਦਨਸ਼ੀਲਤਾ ਦਾ ਅਨੁਭਵ ਕਰਦਿਆਂ ਸਿੱਧੂ ਨੇ ਕੁਲਦੀਪ ਸਿੰਘ ਸੋਢੀ ਨੂੰ ਦੁਪਿਹਰ ਦੇ ਖਾਣੇ (ਲੰਚ) ਮੌਕੇ ਮਿਲਣ ਦੀ ਆਫਰ ਕੀਤੀ। ਗੁਰਦੁਆਰੇ ਅੰਦਰ ਆਈ. ਬੀ. ਦੇ ਡਿਪਟੀ ਐਸ਼ ਡੀ. ਤਰਵੇਦੀ ਵਲੋਂ ਮਾਰੇ ਨਹੋਰੇ ਦਾ ਜਵਾਬ ਦੇਣ ਲਈ ਸਿੱਧੂ ਨੇ ਸੋਢੀ ਨੂੰ ਇਹ ਵੀ ਦੱਸਿਆ ਕਿ ਲੰਚ ਮੌਕੇ ਉਸ ਨੂੰ ਕੁਝ ਅਹਿਮ ਬੰਦਿਆਂ ਨਾਲ ਮਿਲਾਇਆ ਜਾਵੇਗਾ। ਸੋਢੀ ਨੇ ਲੰਚ ਦੀ ਆਫਰ ਪ੍ਰਵਾਨ ਕਰ ਲਈ ਅਤੇ ਸਿੱਧੂ ਨੇ ਨਿਊ ਯਾਰਕ ਵਿਚ ਭਾਰਤੀ ਮਿਸ਼ਨ ਦੇ ਨਜ਼ਦੀਕ ਇੱਕ ਚਾਈਨੀਜ਼ ਰੈਸਟੋਰੈਂਟ ਵਿਚ ਪੰਜ ਬੰਦਿਆਂ ਲਈ ਟੇਬਲ ਬੁੱਕ ਕਰਵਾ ਲਿਆ।
ਸਿੱਧੂ ਨੇ ਆਈ. ਬੀ. ਦੇ ਅਫਸਰ ਸੁਭਾਸ਼ ਟੰਡਨ ਨਾਲ ਫੋਨ ਉਤੇ ਸੰਪਰਕ ਕਰ ਕੇ ਉਸ ਨੂੰ ਅਜਿਹੇ ਬੰਦੇ ਨਾਲ ਮੁਲਾਕਾਤ ਕਰਵਾਉਣ ਦੀ ਆਫਰ ਕੀਤੀ ਜੋ ਇੰਦਰਾ ਗਾਂਧੀ ਦੀ ਜ਼ਿੰਦਗੀ ਨੂੰ ਖਤਰੇ ਬਾਰੇ ਜਾਣਕਾਰੀ ਰੱਖਦਾ ਸੀ। ਟੰਡਨ ਲੰਚ ਲਈ ਵਿਹਲਾ ਨਹੀਂ ਸੀ ਅਤੇ ਉਸ ਨੇ ਆਈ. ਬੀ. ਦੇ ਦੋ ਅਫਸਰ ਤਰਵੇਦੀ ਅਤੇ ਸਹਿਗਲ ਨੂੰ ਲੰਚ ਲਈ ਰੈਸਟੋਰੈਂਟ ਭੇਜ ਦਿੱਤਾ। ਰੈਸਟੋਰੈਂਟ ਜਾਂਦਿਆਂ ਸਿੱਧੂ ਨੇ ਸੋਢੀ ਨੂੰ ਦੱਸਿਆ ਕਿ ਉਸ ਦੀ ਦੋ ਸੀਨੀਅਰ ਆਈ. ਬੀ. ਅਫਸਰਾਂ ਨਾਲ ਮੁਲਾਕਾਤ ਕਰਵਾਈ ਜਾਵੇਗੀ ਜੋ ਇੰਦਰਾ ਗਾਂਧੀ ਦੀ ਸਕਿਓਰਿਟੀ ਦਾ ਹਿੱਸਾ ਹਨ ਅਤੇ ਉਹ ਰਿਚਮੰਡ ਹਿੱਲ ਗੁਰਦੁਆਰੇ ਵੀ ਡਿਊਟੀ ਉਤੇ ਸਨ। ਜ਼ਾਹਰ ਹੈ ਕਿ ਸੋਢੀ ਤੇ ਸਿੱਧੂ ਰੈਸਟੋਰੈਂਟ ਨੂੰ ਇਕੱਠੇ ਗਏ ਸਨ ਅਤੇ ਇਸ ਦੌਰਾਨ ਦੋਵਾਂ ਵਿਚਕਾਰ ਹੋਰ ਬਹੁਤ ਵਿਚਾਰਿਆ ਗਿਆ ਹੋਵੇਗਾ। ਰੈਸਟੋਰੈਂਟ ਵਿਚ ਜਦ ਸਿੱਧੂ ਨੇ ਤਰਵੇਦੀ ਅਤੇ ਸਹਿਗਲ ਨਾਲ ਸੋਢੀ ਦੀ ਮੁਲਾਕਾਤ ਕਰਵਾਈ ਤਾਂ ਉਹ ਸੋਢੀ ਦੇ ਨਾਮ ਅਤੇ ਉਸ ਦੇ ਖਾਲਿਸਤਾਨੀ ਰੁਤਬੇ ਬਾਰੇ ਜਾਣਦੇ ਸਨ। ਸਿੱਧੂ ਮੁਤਾਬਿਕ ਸ਼ਕਲ ਸੂਰਤ ਤੋਂ ਸੋਢੀ ਖਾਲਿਸਤਾਨ ਪੱਖੀ ਨਹੀਂ ਸੀ ਜਾਪਦਾ। ਆਈ. ਬੀ. ਦੇ ਅਫਸਰ ਤਰਵੇਦੀ ਵੱਲ ਇਸ਼ਾਰਾ ਕਰਦਿਆਂ ਸਿੱਧੂ ਨੇ ਸੋਢੀ ਨੂੰ ਕਿਹਾ ਕਿ ਇਹ ਬੰਦਾ ਅੱਜ ਸਵੇਰੇ ਰਿਚਮੰਡ ਹਿੱਲ ਗੁਰਦੁਆਰੇ ਵਾਪਰੀ ਘਟਨਾ ‘ਤੇ ਯਕੀਨ ਨਹੀਂ ਕਰਦਾ। ਸਿੱਧੂ ਨੇ ਸੋਢੀ ਨੂੰ ਉਹ ਜਾਣਕਾਰੀ ਸਾਂਝੀ ਕਰਨ ਲਈ ਆਖਿਆ ਜੋ ਉਸ ਨੇ ਰਿਚਮੰਡ ਹਿੱਲ ਗੁਰਦੁਆਰੇ ਸਿੱਧੂ ਨਾਲ ਕੀਤੀ ਸੀ। ਸਭ ਨੇ ਸੋਢੀ ਦੀ ਗੱਲ ਬਹੁਤ ਧਿਆਨ ਨਾਲ ਸੁਣੀ ਅਤੇ ਕਿਸੇ ਨੇ ਵੀ ਕੋਈ ਸਵਾਲ ਨਹੀਂ ਕੀਤਾ।
ਲੰਚ ਪਿੱਛੋਂ ਸਿੱਧੂ ਨੇ ਕੈਬ ਰਾਹੀਂ ਸੋਢੀ ਨੂੰ ਨਿਊ ਯਾਰਕ ਦੇ ਲਾਗਰਡੀਆ ਏਅਰਪੋਰਟ ਛੱਡ ਦਿੱਤਾ ਤਾਂ ਕਿ ਉਹ ਟੋਰਾਂਟੋ ਦੀ ਫਲਾਈਟ ਫੜ ਸਕੇ। ਏਅਰਪੋਰਟ ਜਾਂਦਿਆਂ ਰਸਤੇ ਵਿਚ ਜਦ ਸਿੱਧੂ ਨੇ ਸੋਢੀ ਤੋਂ ਪੁੱਛਿਆ ਕਿ ਵਪਾਰ ਕਿਵੇਂ ਚੱਲ ਰਿਹਾ ਹੈ ਤਾਂ ਸੋਢੀ ਨੇ ਕਿਹਾ ਕਿ ਇੰਦਰਾ ਗਾਂਧੀ ਦਾ ਧੰਨਵਾਦ ਹੈ ਜਿਸ ਨੇ ਪੰਜਾਬ ਸਮੱਸਿਆ ਨੂੰ ਇੰਨਾ ਉਲਝਾ ਲਿਆ ਹੈ ਕਿ ਹੁਣ ਵਿਦੇਸ਼ੀ ਸਿੱਖ ਸੋਢੀ ਦੇ ਸੰਗਠਨ (ਕੌਂਸਲ ਆਫ ਖਾਲਿਸਤਾਨ) ਵਲੋਂ ਕੀਤੇ ਜਾਂਦੇ ਪ੍ਰਚਾਰ ਉਤੇ ਵਿਸ਼ਵਾਸ ਕਰਨ ਲੱਗ ਪਏ ਹਨ। ਸੋਢੀ ਦੇ ਕਥਨ ਵਿਚ ਸ਼ਰਾਰਤ ਸੀ ਅਤੇ ਸੋਢੀ ਨੇ ਉਸ ਵਲੋਂ ਗਾਂਧੀ ਨੂੰ ਖਾਸ ਧੰਨਵਾਦ ਭੇਜਣ ਲਈ ਆਖਿਆ।
ਕਿਤਾਬ ‘ਦਿ ਖਾਲਿਸਤਾਨ ਕਾਂਸਪਰੇਸੀ’ ਦੇ ਸਫਾ 120 ‘ਤੇ ਸਿੱਧੂ ਲਿਖਦੇ ਹਨ ਕਿ ਸਤੰਬਰ 1983 ਦੇ ਅੱਧ ਵਿਚ ਮੌਕੇ ਦੇ ‘ਰਾਅ’ ਮੁਖੀ ਗਰੀਸ਼ (ਗੈਰੀ) ਸਕਸੈਨਾ ਨੇ ਉਸ ਨੂੰ ਫੋਨ ਕਰ ਕੇ ਦੱਸਿਆ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ 26 ਸਤੰਬਰ 1983 ਤੋਂ 2 ਅਕਤੂਬਰ ਤੱਕ ਨਿਊ ਯਾਰਕ ਜਾ ਰਹੇ ਹਨ ਜਿੱਥੇ ਗਾਂਧੀ ਨੇ ਸੰਯੁਕਤ ਰਾਸ਼ਟਰ ਦੀ ਜਨਰਲ ਅਸੈਂਬਲੀ ਨੂੰ ਸੰਬੋਧਨ ਕਰਨਾ ਹੈ। ਸਕਸੈਨਾ ਨੇ ਕਿਹਾ ਕਿ ਕੈਨੇਡਾ ਤੇ ਅਮਰੀਕਾ ਵਿਚ ਹਾਲਤ ਖਰਾਬ ਹੋ ਗਈ ਹੈ ਅਤੇ ਅਤਿਵਾਦੀਆਂ ਤੋਂ ਗਾਂਧੀ ਦੀ ਜ਼ਿੰਦਗੀ ਨੂੰ ਖਤਰਾ ਵਧ ਗਿਆ ਹੈ। ਸਕਸੈਨਾ ਨੇ ਕਿਹਾ ਕਿ ਗਾਂਧੀ ਦੀ ਸੁਰੱਖਿਆ ਜ਼ਰੂਰੀ ਹੈ ਅਤੇ ਹੋ ਸਕੇ ਤਾਂ ਸੰਭਵ ਬਣਾਇਆ ਜਾਵੇ ਕਿ ਗਾਂਧੀ ਖਿਲਾਫ ਯੂ. ਐਨ. ਸਾਹਮਣੇ ਕੋਈ ਰੋਸ ਪ੍ਰਦਰਸ਼ਨ ਨਾ ਹੋਵੇ; ਅਗਰ ਹੋਵੇ ਤਾਂ ਬਹੁਤ ‘ਲੋ-ਕੀ’ (ਹਲਕਾ) ਹੋਵੇ। ਸਿੱਧੂ ਨੇ ਗੈਰੀ ਸਕਸੈਨਾ ਨੂੰ ਕਿਹਾ ਕਿ ਇਸ ਬਾਰੇ ਉਹ ਕੋਈ ਗਰੰਟੀ ਨਹੀਂ ਦੇ ਸਕਦਾ ਅਤੇ ਵਿਭਾਗ ਵਿਚ ਸਿੱਧੂ ਦੀ ਮੌਜੂਦਾ ਜ਼ਿੰਮੇਵਾਰੀ ਵੀ ਵੱਖਰੀ ਹੈ ਪਰ ਸਕੈਸਨਾ ਨਾਲ ਚੰਗੇ ਸਬੰਧਾਂ ਕਾਰਨ ਸਿੱਧੂ ਨੇ ਅਮਰੀਕਾ ਜਾਣਾ ਪ੍ਰਵਾਨ ਕਰ ਲਿਆ ਅਤੇ ਪਿੱਛੋਂ ਸਾਰਾ ਪ੍ਰੋਗਰਾਮ ਵੀ ਸਾਂਝਾ ਕੀਤਾ।
ਸਿੱਧੂ 21 ਸਤੰਬਰ 1983 ਨੂੰ ਓਟਵਾ ਪੁੱਜਾ ਗਿਆ ਅਤੇ ਮੌਕੇ ਦੇ ਭਾਰਤੀ ਹਾਈ ਕਮਿਸ਼ਨਰ ਅਤੇ ਤਾਇਨਾਤ ‘ਰਾਅ’ ਅਫਸਰ ਨੂੰ ਮਿਲਿਆ ਤੇ ਹਾਲਾਤ ਬਾਰੇ ਵਿਚਾਰ-ਵਟਾਂਦਰਾ ਕੀਤਾ। ਦੋਵੇਂ ਸਮਝਦੇ ਸਨ ਕਿ ਖਾਲਿਸਤਾਨੀ ਗਤੀਵਿਧੀਆਂ ਵਧ ਗਈਆਂ ਹਨ ਪਰ ਉਹਨਾਂ ਨੂੰ ਗਾਂਧੀ ਦੀ ਜਾਨ ਨੂੰ ਕਿਸੇ ਖਤਰੇ ਦੀ ਜਾਣਕਾਰੀ ਨਹੀਂ ਸੀ ਅਤੇ ਸਮਝਦੇ ਸਨ ਕਿ ਕੈਨੇਡਾ ਤੇ ਅਮਰੀਕਾ ਦੇ ਵੱਖਵਾਦੀ ਸਿੱਖ ਨਿਊ ਯਾਰਕ ਵਿਚ ਰੋਸ ਪ੍ਰਦਰਸ਼ਨ ਕਰਨਗੇ। ਸਿੱਧੂ ਨੇ ਕੈਨੇਡਾ ਅਤੇ ਅਮਰੀਕਾ ਵਿਚ ਕਈ ਜਾਣਕਾਰਾਂ ਨਾਲ ਫੋਨ ਉਤੇ ਸੰਪਰਕ ਕਰ ਕੇ ਖਾਲਿਸਤਾਨੀ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕੀਤੀ। ਸਿੱਧੂ ਨੇ ਟੋਰਾਂਟੋ ਵਿਚ ਕੁਲਦੀਪ ਸਿੰਘ ਸੋਢੀ ਅਤੇ ਕੁਝ ਹੋਰ ਜਾਣਕਾਰਾਂ ਨੂੰ ਮਿਲਣਾ ਵੀ ਜ਼ਰੂਰੀ ਸਮਝਿਆ ਅਤੇ 24 ਸਤੰਬਰ ਨੂੰ ਓਟਵਾ ਤੋਂ ਟੋਰਾਂਟੋ ਆ ਗਿਆ। ਟੋਰਾਂਟੋ ਪੁੱਜ ਕੇ ਜਦ ਸਿੱਧੂ ਨੇ ਸੋਢੀ ਨੂੰ ਇੱਕ ਰੈਸਟੋਰੈਂਟ ਵਿਚ ਮਿਲਣ ਲਈ ਫੋਨ ਕੀਤਾ ਤਾਂ ਸੋਢੀ ਨਿੱਜੀ ਤੌਰ ‘ਤੇ ਮਿਲਣ ਤੋਂ ਇਹ ਆਖ ਕੇ ਇਨਕਾਰ ਕਰ ਗਿਆ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਸਿੱਧੂ ਨੂੰ ਵਿਸ਼ਵਾਸ ਹੋ ਗਿਆ ਕਿ ਸੋਢੀ ਨੂੰ ਲੰਡਨ ਵਿਚ ਬੈਠੇ ਉਸ ਦੇ ਬੌਸ ਤੋਂ ਗਰੀਨ ਲਾਈਟ ਨਹੀਂ ਮਿਲੀ ਜਿਸ ਦਾ ਕਾਰਨ 1982 ਵਿਚ ਨਿਊ ਯਾਰਕ ਦੇ ਰਿਚਮੰਡ ਹਿੱਲ ਗੁਰਦੁਆਰੇ ਵਿਚ ਸੋਢੀ ਵਲੋਂ ਉਸ ਨਾਲ ਕੀਤੀ ਮੁਲਾਕਾਤ ਹੋ ਸਕਦੀ ਹੈ। ਹੋ ਸਕਦਾ ਹੈ ਕਿ ਸੋਢੀ ਓਟਵਾ ਵਿਚ ਮੌਜੂਦਾ ‘ਰਾਅ’ ਅਫਸਰ ਦੇ ਸੰਪਰਕ ਵਿਚ ਹੋਵੇ ਜਿਸ ਨੇ ਸੋਢੀ ਨੂੰ ਸਿੱਧੂ ਨਾਲ ਮਿਲਣ ਦੀ ਆਗਿਆ ਨਾ ਦਿੱਤੀ ਹੋਵੇ ਜੋ ਅਕਸਰ ਅਜਿਹੇ ਕੇਸਾਂ ਵਿਚ ਹੁੰਦਾ ਹੈ।
ਚੰਗੀ ਗੱਲ ਇਹ ਸੀ ਕਿ ਸੋਢੀ ਫੋਨ ‘ਤੇ ਸਿੱਧੂ ਨਾਲ ਹੋਰ ਗੱਲ ਕਰਨ ਲਈ ਤਿਆਰ ਸੀ। ਸੋਢੀ ਨੇ ਦੱਸਿਆ ਕਿ ਉਸ ਦੀ ਜਾਣਕਾਰੀ ਮੁਤਾਬਿਕ ਗਾਂਧੀ ਦੀ ਜ਼ਿੰਦਗੀ ਨੂੰ ਕੋਈ ਖਤਰਾ ਨਹੀਂ ਹੈ ਪਰ ਸਿੱਖ ਯੂ. ਐਨ. ਸਾਹਮਣੇ 28 ਸਤੰਬਰ ਨੂੰ ਰੋਸ ਪ੍ਰਦਰਸ਼ਨ ਜ਼ਰੂਰ ਕਰਨਗੇ ਅਤੇ ਇਸ ਲਈ ਟੋਰਾਂਟੋ ਤੋਂ 2-3 ਬੱਸਾਂ ਜਾਣਗੀਆਂ। ਸੋਢੀ ਨੇ ਦੱਸਿਆ ਕਿ ਉਹ ਅਜੇ ਇਹ ਨਹੀਂ ਜਾਣਦਾ ਕਿ ਉਹ ਇਸ ਰੋਸ ਪ੍ਰਦਰਸ਼ਨ ਲਈ ਨਿਊ ਯਾਰਕ ਜਾਵੇਗਾ ਜਾਂ ਨਹੀਂ?
ਸਿੱਧੂ 25 ਸਤੰਬਰ ਨੂੰ ਟੋਰਾਂਟੋ ਤੋਂ ਨਿਊ ਯਾਰਕ ਪੁੱਜ ਗਿਆ ਅਤੇ ਹੋਟਲ ਵਿਚ ਕਮਰਾ ਬੁੱਕ ਕਰਵਾ ਲਿਆ। ਸਿੱਧੂ ਨੇ ਅਮਰੀਕਾ ਵਿਚ ਕਈ ਜਾਣਕਾਰਾਂ ਨਾਲ ਫੋਨ ਰਾਹੀਂ ਗੱਲਬਾਤ ਕੀਤੀ ਅਤੇ 27 ਸਤੰਬਰ ਨੂੰ ਨਿਊ ਯਾਰਕ ਸਥਿਤ ਭਾਰਤੀ ਕੌਂਸਲਖਾਨੇ ਵੀ ਗਿਆ। ਇੰਦਰਾ ਗਾਂਧੀ ਦੀ ਫੇਰੀ ਮੌਕੇ ਉਹ ਉਸ ਦੇ ਹੋਟਲ ਦੀ ਲਾਬੀ ਦੇ ਆਸਪਾਸ ਨਿਗਾਹ ਰੱਖਦਾ ਰਿਹਾ ਅਤੇ 28 ਸਤੰਬਰ ਨੂੰ ਯੂ. ਐਨ. ਪਹੁੰਚ ਗਿਆ ਜਿਥੇ ਗਾਂਧੀ ਨੇ ਭਾਸ਼ਣ ਦੇਣਾ ਸੀ। ਅੰਦਰ ਦੀ ਹਾਲਤ ਵੇਖਣ ਪਿੱਛੋਂ ਉਹ ਬਾਹਰ ਆ ਗਿਆ ਜਿਥੇ ਗਾਂਧੀ ਖਿਲਾਫ਼ ਰੋਸ ਪ੍ਰਦਰਸ਼ਨ ਹੋਣਾ ਸੀ। ਸਿੱਧੂ ਨੇ ਯੂ. ਐਨ. ਬਿਲਡਿੰਗ ਦੇ ਬਾਹਰ ਸੜਕ ‘ਤੇ ਸਿੱਖਾਂ ਨਾਲ ਭਰੀਆਂ ਦੋ ਬੱਸਾਂ ਪਾਰਕ ਕੀਤੀਆਂ ਵੇਖੀਆਂ ਜਿਹਨਾਂ ਉਤੇ ਕੈਨੇਡਾ ਦੀ ਨੰਬਰ ਪਲੇਟਾਂ ਸਨ। ਗਾਂਧੀ ਦੇ ਯੂ. ਐਨ. ਪੁੱਜਣ ਵਿਚ ਅਜੇ ਕੁਝ ਸਮਾਂ ਬਾਕੀ ਸੀ ਅਤੇ ਸਿੱਧੂ ਇਹਨਾਂ ਬੱਸਾਂ ਰਾਹੀਂ ਆਏ ਸਿੱਖਾਂ ਨੂੰ ਮਿਲਣ ਚਲੇ ਗਏ। ਇਹਨਾਂ ਵਿਚ ਕੁਲਦੀਪ ਸਿੰਘ ਸੋਢੀ ਨਹੀਂ ਸੀ ਜਿਸ ਨੇ ਟੋਰਾਂਟੋ ਵਿਚ ਫੋਨ ਗੱਲਬਾਤ ਦੌਰਾਨ ਇਸ ਰੋਸ ਪ੍ਰਦਰਸ਼ਨ ਲਈ ਟੋਰਾਂਟੋ ਤੋਂ 2-3 ਬੱਸਾਂ ਜਾਣ ਦੀ ਗੱਲ ਦੱਸੀ ਸੀ।
ਸਿੱਧੂ ਨੇ ਰੋਸਕਾਰੀ ਸਿੱਖਾਂ ਕੋਲ ਜਾ ਕੇ ਦੱਸਿਆ ਕਿ ਉਹ ਓਟਵਾ ਵਿਚ ਭਾਰਤੀ ਅੰਬੈਸੀ ਵਿਚ ਫਸਟ ਸੈਕਟਰੀ ਰਿਹਾ ਹੈ ਅਤੇ ਹੁਣ ਇੰਦਰਾ ਗਾਂਧੀ ਦੇ ਡੈਲੀਗੇਸ਼ਨ ਦਾ ਹਿੱਸਾ ਹੈ ਤੇ ਉਹਨਾਂ ਨੂੰ ਮਿਲਣ ਲਈ ਹੀ ਬਾਹਰ ਆਇਆ ਹੈ। ਸਿੱਧੂ ਨੇ ਰੋਸਕਾਰੀਆਂ ਨੂੰ ਕਿਹਾ ਕਿ ਉਹ ਨਿਊ ਯਾਰਕ ਵਿਚ ਹਨ ਜਿੱਥੇ ਸਿੱਖ ਹੋਣ ਕਾਰਨ ਉਹਨਾਂ ਦੀ ਹਰ ਹਰਕਤ ਨੋਟਿਸ ਕੀਤੀ ਜਾਵੇਗੀ ਜਿਸ ਦਾ ਪ੍ਰਭਾਵ ਸਿੱਖ ਭਾਈਚਾਰੇ ਉਤੇ ਪਵੇਗਾ। ਉਹਨਾਂ ਨੂੰ ਬੁਰੀ ਭਾਸ਼ਾ ਨਹੀਂ ਵਰਤਣੀ ਚਾਹੀਦੀ ਅਤੇ ਇੱਕ ਔਰਤ ਨੂੰ ਜਨਤਕ ਤੌਰ ‘ਤੇ ਜ਼ਲੀਲ ਕਰਨ ਵਾਲੇ ਸ਼ਬਦ ਨਹੀਂ ਵਰਤਣੇ ਚਾਹੀਦੇ, ਭਾਵੇਂ ਉਹ ਪ੍ਰਧਾਨ ਮੰਤਰੀ ਹੈ ਜਿਸ ਖਿਲਾਫ ਉਹ ਰੋਸ ਪ੍ਰਦਰਸ਼ਨ ਕਰਨ ਆਏ ਹਨ।
ਕੁਝ ਅੜੀ ਪਿੱਛੋਂ ਉਹਨਾਂ ਮੰਨ ਲਿਆ ਕਿ ਉਹ ਗਾਲੀ-ਗਲੋਚ ਵਾਲੀ ਭਾਸ਼ਾ ਨਹੀਂ ਵਰਤਣਗੇ। ਇਸ ਪਿੱਛੋਂ ਉਹ ਯੂ. ਐਨ. ਬਿਲਡਿੰਗ ਦੇ ਅੰਦਰ ਚਲੇ ਗਿਆ ਜਿਥੇ ਗਾਂਧੀ ਨੇ ਭਾਸ਼ਣ ਦੇਣਾ ਸੀ। ਇਸ ਪਿੱਛੋਂ ਸਿੱਧੂ ਨੂੰ ਪਤਾ ਲੱਗਾ ਕਿ ਰੋਸਕਾਰੀਆਂ ਨੇ ਬੁਰੀ ਭਾਸ਼ਾ ਵਰਤਣ ਤੋਂ ਗੁਰੇਜ ਕਰ ਕੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਸੀ। ਭਾਰਤ ਪਰਤਣ ਸਮੇਂ ਜਹਾਜ਼ ਵਿਚ ਬੈਠਾ ਸਿੱਧੂ ਸੋਚ ਰਿਹਾ ਸੀ ਕਿ ਦੋਸਤਾਨਾ ਅੰਦਾਜ਼ ਅਤੇ ਸਾਦੀ ਭਾਸ਼ਾ ਵਿਚ ਰੋਸਕਾਰੀਆਂ ਨਾਲ ਗੱਲ ਕਰਨੀ ਕਿੰਨੀ ਅਸਰਦਾਰ ਰਹੀ ਸੀ!
ਪੰਜਾਬ ਦਾ ਸਾਬਕਾ ਮੰਤਰੀ ਡਾ. ਜਗਜੀਤ ਸਿੰਘ ਚੌਹਾਨ 1971 ਵਿਚ ਇੰਗਲੈਂਡ ਚਲੇ ਗਿਆ ਜਿਥੋਂ ਉਹ ਪਾਕਿਸਤਾਨ ਤੇ ਅਮਰੀਕਾ ਵੀ ਗਿਆ ਅਤੇ ਆਜ਼ਾਦ ਸਿੱਖ ਰਾਜ ਦਾ ਪ੍ਰਚਾਰ ਕਰਦਾ ਰਿਹਾ। 1977 ਵਿਚ ਮਨਮੋਹਨ ਡਿਸਾਈ ਦੀ ਸਰਕਾਰ ਬਣਨ ਪਿੱਛੋਂ ਉਹ ਭਾਰਤ ਪਰਤ ਗਿਆ ਪਰ 1979 ਵਿਚ ਵਾਪਸ ਲੰਡਨ ਚਲੇ ਗਿਆ। 13 ਜੂਨ 1984 ਨੂੰ ਲੰਡਨ ਵਿਚ ਖਾਲਿਸਤਾਨ ਦੀ ਜਲਾਵਤਨ ਸਰਕਾਰ ਬਣਾਉਣ ਵਾਲੇ ਜਗਜੀਤ ਸਿੰਘ ਚੌਹਾਨ ਨੂੰ ਰਾਜੀਵ ਗਾਂਧੀ ਦੀ ਸਰਕਾਰ ਨੇ 1989 ਵਿਚ ਭਾਰਤ ਆਉਣ ਦੇ ਦਿੱਤਾ ਸੀ। ਭਾਰਤ ਫੇਰੀ ਦੌਰਾਨ ਆਨੰਦਪੁਰ ਸਾਹਿਬ ਵਿਚ ਖਾਲਿਸਤਾਨ ਦਾ ਝੰਡਾ ਝੁਲਾਉਣ ਪਿੱਛੋਂ ਚੌਹਾਨ ਬਿਨਾ ਕਿਸੇ ਰੋਕ ਦੇ ਬਰਤਾਨੀਆ ਵਾਪਸ ਪਰਤ ਗਿਆ। 1971 ਤੋਂ 1989 ਤੱਕ ਉਸ ਕੋਲ ਭਾਰਤੀ ਪਾਸਪੋਰਟ ਸੀ ਜਿਸ ਨੂੰ 24 ਅਪਰੈਲ 1989 ਨੂੰ ਰੱਦ ਕੀਤਾ ਗਿਆ ਸੀ। ਸਾਲ 2001 ਵਿਚ ਉਹ ਫਿਰ ਭਾਰਤ ਪਰਤ ਗਿਆ ਅਤੇ 4 ਅਪਰੈਲ 2007 ਨੂੰ ਉਸ ਦੀ ਮੌਤ ਹੋ ਗਈ।
ਸਿੱਧੂ ਨੇ ਕਿਤਾਬ ਦੇ ਸਫਾ 155 ‘ਤੇ ਲਿਖਿਆ ਹੈ ਕਿ ਜਨਵਰੀ-ਫਰਵਰੀ 1984 ਵਿਚ ‘ਰਾਅ’ ਦੇ ਚਾਰ ਉਚ ਅਫਸਰਾਂ ਨੇ ਲੰਡਨ ਅਤੇ ਯੂਰਿਕ ਦਾ ਦੌਰਾ ਕੀਤਾ ਸੀ ਅਤੇ ਡਾ. ਚੌਹਾਨ ਸਮੇਤ ਕਈ ਖਾਲਿਸਤਾਨੀ ਆਗੂਆਂ ਨਾਲ ਮੁਲਾਕਾਤਾਂ ਕੀਤੀਆਂ ਸਨ। ਇਹਨਾਂ ਮੁਲਾਕਾਤਾਂ ਨੂੰ ਪਰਦੇ ਨਾਲ ਰਿਕਾਰਡ ਵੀ ਕੀਤਾ ਗਿਆ ਸੀ। ਅਜਿਹਾ ਤਦ ਹੀ ਸੰਭਵ ਹੋ ਸਕਦਾ ਸੀ ਅਗਰ ਇਹ ਆਗੂ ‘ਰਾਅ’ ਦੇ ਸੰਪਰਕ ਵਿਚ ਸਨ ਜਾਂ ਇਹਨਾਂ ਆਗੂਆਂ ਦੇ ਨਜ਼ਦੀਕੀ ‘ਰਾਅ’ ਦੇ ਸੰਪਰਕ ਵਿਚ ਸਨ। ਜੀ. ਬੀ. ਐਸ਼ ਸਿੱਧੂ ਨੇ ਇਸ ਕਿਸਮ ਦੇ ਕਈ ਖੁਲਾਸੇ ‘ਦਿ ਖਾਲਿਸਤਾਨ ਕਾਂਸਪਰੇਸੀ’ ਵਿਚ ਕੀਤੇ ਹਨ ਅਤੇ ਇਹ ਕਿਤਾਬ ਪੜ੍ਹਨਯੋਗ ਹੈ।