ਤਸੀਹਾ ਘਰ ‘ਚ ਜ਼ਿੰਦਗੀ ਦਾ ਘੋਲ: ਲਾਈਫ ਇਜ਼ ਬਿਊਟੀਫੁਲ

ਡਾ. ਕੁਲਦੀਪ ਕੌਰ
ਫੋਨ: +91-98554-04330
ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਟਲੀ ਦੇ ਸਰਕਰਦਾ ਫਿਲਮਸਾਜ਼ ਰੋਬਰਤੋ ਬੀਨਾਈਨੀ ਦੀ ਫਿਲਮ ‘ਲਾਈਫ ਇਜ਼ ਬਿਊਟੀਫੁਲ’ ਬਾਰੇ ਚਰਚਾ ਕੀਤੀ ਗਈ ਹੈ। ਇਸ ਫਿਲਮ ਵਿਚ ਤਸੀਹਾ ਘਰਾਂ ਦੀ ਹਕੀਕਤ ਦੱਸੀ ਗਈ ਹੈ।

-ਸੰਪਾਦਕ

ਫਿਲਮ ‘ਲਾਈਫ ਇਜ਼ ਬਿਊਟੀਫੁਲ’ ਦੇ ਆਰੰਭ ਵਿਚ ਹੀ ਜਦੋਂ ਸੂਤਰਧਾਰ ਬੋਲਣਾ ਸ਼ੁਰੂ ਕਰਦਾ ਹੈ ਕਿ ਇਹ ਬੜੀ ਸਾਧਾਰਨ ਕਹਾਣੀ ਹੈ ਪਰ ਇਸ ਨੂੰ ਸੁਣਾਉਣਾ ਸਾਧਾਰਨ ਨਹੀਂ, ਤਾਂ ਕੋਈ ਹੈਰਾਨੀ ਨਹੀਂ ਹੁੰਦੀ। ਨਾਜ਼ੀ ਕੈਂਪ ਬਾਰੇ ਬਣੀ ਕੋਈ ਕਹਾਣੀ ਸਾਧਾਰਨ ਹੋ ਵੀ ਕਿਵੇਂ ਸਕਦੀ ਹੈ? ਫਿਲਮਸਾਜ਼ ਰੋਬਰਤੋ ਬੀਨਾਈਨੀ ਲਈ ਇਹ ਫਿਲਮ ਲਿਖਣੀ ਔਖੀ ਸੀ। ਫਿਲਮ ਦੇ ਮੁੱਖ ਕਿਰਦਾਰ ਦਾ ਰੋਲ ਫਿਲਮ ਵਿਚ ਤਾਂ ਔਖਾ ਸੀ ਹੀ, ਇਸ ਕਾਰਨ ਹੋਰ ਵੀ ਤਕਲੀਫਦੇਹ ਹੋ ਗਿਆ ਕਿ ਉਸ ਦੇ ਆਪਣੇ ਪਿਤਾ ਨੂੰ ਨਾਜ਼ੀ ਕੈਂਪਾਂ ਵਿਚ ਉਸ ਜ਼ਲਾਲਤ ਅਤੇ ਜ਼ੁਲਮਾਂ ਵਿਚੋਂ ਲੰਘਣਾ ਪਿਆ ਜਿਸ ਨੂੰ ਉਹ ਸਾਰੀ ਫਿਲਮ ਵਿਚ ਆਪਣੇ ਮੁੰਡੇ ਦੇ ਦਿਲੋ-ਦਿਮਾਗ ਤੋਂ ਲੁਕੋ ਕੇ ਰੱਖਣ ਦੀ ਕੋਸ਼ਿਸ਼ ਕਰਦਾ ਹੈ। ਇਸ ਫਿਲਮ ਦਾ ਸਕਰੀਨ ਪਲੇਅ ਰੁਬੀਨੋ ਰੋਮੀਓ ਸਲਮੋਨੀ ਦੀ ਕਿਤਾਬ ‘ਇੰਨ ਦੀ ਐਂਡ, ਆਈ ਬੀਟ ਹਿਟਲਰ’ ਤੋਂ ਪ੍ਰਭਾਵਿਤ ਹੈ। ਰੁਬੀਨੋ ਰੋਮੀਓ ਸਲਮੋਨੀ ਇਟਲੀ ਦਾ ਬੁੱਧੀਮਾਨ ਯਹੂਦੀ ਸੀ ਜਿਸ ਨੂੰ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ ਨਾਜ਼ੀ ਕੈਂਪ ਵਿਚ ਗੁਜ਼ਾਰਨੇ ਪਏ। ਬਾਅਦ ਵਿਚ ਬੇਸ਼ੱਕ ਉਹ ਬਚ ਕੇ ਆਪਣੇ ਪਰਿਵਾਰ ਵਿਚ ਵਾਪਸ ਆ ਗਿਆ ਪਰ ਉਸ ਨੂੰ ਤਾ-ਉਮਰ ਇਸ ਗੱਲ ਦਾ ਅਫਸੋਸ ਰਿਹਾ ਕਿ ਉਹ ਆਪਣੇ ਭਰਾਵਾਂ ਨੂੰ ਨਾਜ਼ੀਆਂ ਦੇ ਤਸ਼ੱਦਦ ਤੋਂ ਨਹੀਂ ਬਚਾ ਸਕਿਆ।
ਫਿਲਮਸਾਜ਼ ਰੋਬਰਤੋ ਬੀਨਾਈਨੀ ਦਾ ਪਿਤਾ ਜਦੋਂ ਖੁਦ ਨਾਜ਼ੀ ਕੈਂਪ ਵਿਚੋਂ ਬਚ ਕੇ ਆਉਂਦਾ ਹੈ ਤਾਂ ਬੱਚਿਆਂ ਦੇ ਕੋਮਲ ਦਿਲਾਂ ਨੂੰ ਸੱਟ ਲੱਗਣ ਤੋਂ ਡਰਦਾ ਉਨ੍ਹਾਂ ਨੂੰ ਕੈਂਪ ਵਿਚਲੀਆਂ ਅਣ-ਮਨੁੱਖੀ ਹਾਲਤਾਂ ਅਤੇ ਤਸੀਹਿਆਂ ਦੀਆਂ ਤਰਾਸਦੀਆਂ ਨੂੰ ਹਾਸੇ-ਤਮਾਸ਼ੇ ਵਾਲੀਆਂ ਕਹਾਣੀਆਂ ਵਿਚ ਤਬਦੀਲ ਕਰ ਕੇ ਸੁਣਾਉਂਦਾ ਹੈ। ਆਪਣੇ ਪਿਤਾ ਦੀ ਜੀਵਨ ਜਾਚ ‘ਤੇ ਟਿੱਪਣੀ ਕਰਦਿਆਂ ਫਿਲਮਸਾਜ਼ ਰੋਬਰਤੋ ਬੀਨਾਈਨੀ ਆਖਦਾ ਹੈ, “ਕੀ ਹੱਸਣਾ ਤੇ ਰੋਣਾ ਆਤਮਾ ਦੇ ਇੱਕੋ ਹਿੱਸੇ ਵਿਚੋਂ ਨਹੀਂ ਆਉਂਦਾ? ਮੈਂ ਕਹਾਣੀਕਾਰ ਹਾਂ; ਮੇਰਾ ਅੰਤਿਮ ਮੰਤਵ ਖੂਬਸੂਰਤੀ ਤੇ ਕਵਿਤਾ ਤੱਕ ਪਹੁੰਚਣਾ ਹੈ, ਇਸ ਨਾਲ ਕੀ ਫਰਕ ਪੈਂਦਾ ਹੈ ਕਿ ਮੈਂ ਇਸ ਤੱਕ ਹੱਸਦੇ-ਹੱਸਦੇ ਪਹੁੰਚਦਾ ਹਾਂ ਜਾਂ ਗਮਗੀਨ ਹੋ ਕੇ। ਇੱਕ ਨੁਕਤੇ ਤੋਂ ਅੱਗੇ ਗਮ ਅਤੇ ਖੁਸ਼ੀ ਇੱਕੋ ਸਿੱਕੇ ਦੇ ਦੋ ਪਾਸੇ ਹੋ ਜਾਂਦੇ ਹਨ।”
ਫਿਲਮ ਬਣਾਉਣ ਦਾ ਕੰਮ ਸ਼ੁਰੂ ਹੁੰਦਿਆਂ ਹੀ ਰੋਬਰਤੋ ਬੀਨਾਈਨੀ ਦੇ ਦੋਸਤਾਂ ਨੇ ਉਸ ਨੂੰ ਅਜਿਹੀ ਫਿਲਮ ਬਣਾਉਣ ਤੋਂ ਵਰਜਣਾ ਸ਼ੁਰੂ ਕਰ ਦਿੱਤਾ। ਬਹੁਤ ਹੱਦ ਤੱਕ ਉਨ੍ਹਾਂ ਦੀ ਫਿਕਰ ਜਾਇਜ਼ ਵੀ ਸਨ। ਉਸ ਦੇ ਦਰਸ਼ਕਾਂ ਵਿਚ ਉਸ ਦਾ ਅਕਸ ਕਾਮੇਡੀਅਨ ਅਦਾਕਾਰ ਵਾਲਾ ਸੀ। ਉਹ ਯਹੂਦੀ ਨਹੀਂ ਸੀ। ਉਸ ਦੇ ਕੰਮ-ਕਾਜ ਦਾ ਦਾਇਰਾ ਅਤੇ ਖੇਤਰ ਇਸ ਤਰਾਂ੍ਹ ਦੇ ਕੰਮ ਨਾਲ ਵਾਰਾ ਨਹੀਂ ਸੀ ਖਾਂਦਾ। ਇਸ ਦੇ ਬਾਵਜੂਦ ਉਸ ਨੇ ਹਰ ਕਿਸਮ ਦਾ ਜੋਖਮ ਉਠਾਉਂਦੇ ਹੋਏ ਇਸ ਫਿਲਮ ਨੂੰ ਨਾ ਸਿਰਫ ਮੁਕੰਮਲ ਕੀਤਾ ਬਲਕਿ ਉਸ ਨੇ ਇਸ ਫਿਲਮ ਵਿਚਲੇ ਆਪਣੇ ਕਿਰਦਾਰ ਨੂੰ ਅਮਰ ਕਰ ਦਿੱਤਾ।
ਇਹ ਫਿਲਮ ਹੋਰ ਵੀ ਕਈ ਪੱਖਾਂ ਤੋਂ ਬੇਹੱਦ ਮਹਤੱਵਪੂਰਨ ਹੈ। ਸਾਰੀ ਫਿਲਮ ਵਿਚ ਅਜਿਹੇ ਬਹੁਤ ਸਾਰੇ ਦ੍ਰਿਸ਼ ਹਨ ਜਿਹੜੇ ਨਾਜ਼ੀ ਕੈਂਪਾਂ ਅੰਦਰਲੀ ਬਰਬਰਤਾ ਅਤੇ ਜ਼ੁਲਮ ਨੂੰ ਦਰਸ਼ਕਾਂ ਦੀਆਂ ਅੱਖਾਂ ਅੱਗੇ ਸਾਕਾਰ ਕਰ ਦਿੰਦੇ ਹਨ। ਫਿਲਮ ਵਿਚ ਮੁੱਖ ਕਿਰਦਾਰ ਵਜੋਂ ਪਿਉ ਨੇ ਆਪਣੇ ਛੋਟੇ ਮੁੰਡੇ ਨੂੰ ਨਾਜ਼ੀ ਕੈਂਪ ਵਿਚ ਹੁੰਦੀਆਂ ਗਤੀਵਿਧੀਆਂ ਬਾਰੇ ਇਹ ਪੱਕਾ ਯਕੀਨ ਦਿਵਾਇਆ ਹੋਇਆ ਹੈ ਕਿ ਇਹ ਸਾਰਾ ਕੁਝ ਇੱਕ ਖੇਡ ਦਾ ਹਿੱਸਾ ਹੈ ਅਤੇ ਜਰਮਨ ਜੇਲ੍ਹਰਾਂ ਤੋਂ ਲੈ ਕੇ ਕੈਦੀਆਂ ਤੱਕ ਸਾਰੇ ਆਪੋ-ਆਪਣੇ ਹਿੱਸੇ ਦੀ ਅਦਾਕਾਰੀ ਕਰ ਰਹੇ ਹਨ। ਸਾਰਿਆਂ ਨੇ ਆਪਣਾ ਰੋਲ ਬਹੁਤ ਚੰਗੀ ਤਰ੍ਹਾਂ ਰਟਿਆ ਹੋਇਆ ਹੈ ਅਤੇ ਜੇ ਕੋਈ ਇਸ ਰੋਲ ਤੋਂ ਇਨਕਾਰ ਕਰੇਗਾ ਤਾਂ ਨਾ ਸਿਰਫ ਉਸ ਦੀ ਹਾਰ ਹੋਵੇਗੀ ਸਗੋਂ ਉਹ ਖੂਬਸੂਰਤ ਤੇ ਮਜ਼ਬੂਤ ਫੌਜੀ ਟੈਂਕ ਜਿੱਤਣ ਤੋਂ ਵੀ ਵਾਂਝਾ ਰਹਿ ਜਾਵੇਗਾ। ਕਿਉਂਕਿ ਉਸ ਨਿੱਕੇ ਬੱਚੇ ਦੀ ਮਾਂ ਉਨ੍ਹਾਂ ਤੋਂ ਅਲੱਗ ਬੈਰਕ ਵਿਚ ਮਸ਼ੱਕਤ ਕਰ ਰਹੀ ਹੈ, ਪਿਉ ਮੁੰਡੇ ਨੂੰ ਪੱਕਾ ਕਰਦਾ ਹੈ ਕਿ ਉਹ ਕਦੇ ਵੀ ਮਾਂ ਨੂੰ ਮਿਲਣ ਦੀ ਜ਼ਿੱਦ ਨਹੀਂ ਕਰੇਗਾ, ਭੁੱਖ ਲੱਗਣ ‘ਤੇ ਰੋਏਗਾ ਨਹੀਂ, ਕਿਸੇ ਨਾਲ ਆਪਣੇ ਖੇਡ ਵਾਲੇ ਗੁਪਤ ਰਾਜ਼ ਦੀ ਗੱਲ ਸਾਂਝੀ ਨਹੀਂ ਕਰੇਗਾ। ਅੰਦਰੋਂ ਪਿਉ ਨੂੰ ਹਰ ਪਲ ਇਹ ਧੜਕੂ ਲੱਗਾ ਰਹਿੰਦਾ ਹੈ ਕਿ ਕਿਸੇ ਵੀ ਪਲ ਉਸ ਦਾ ਬੱਚਾ ਜਾਂ ਉਸ ਦੀ ਪਤਨੀ ਦੀ ਮੌਤ ਦੀ ਖਬਰ ਜਾਂ ਉਸ ਦੀ ਖੁਦ ਦੀ ਮੌਤ ਹੋ ਸਕਦੀ ਹੈ ਪਰ ਕਾਇਰਤਾ ਅਤੇ ਰੋਂਦੇ-ਰੋਂਦੇ ਮਰਨਾ ਉਸ ਨੂੰ ਮਨਜ਼ੂਰ ਨਹੀਂ। ਫਿਲਮ ਦੇ ਇੱਕ ਦ੍ਰਿਸ਼ ਵਿਚ ਛੋਟੇ ਬੱਚਿਆਂ (ਕਿਉਂਕਿ ਉਹ ਭਾਰਾ ਕੰਮ ਕਰਨ ਦੇ ਯੋਗ ਨਹੀਂ) ਨੂੰ ਗੈਂਸ ਚੈਂਬਰ ਵਿਚ ਲਿਜਾਇਆ ਜਾ ਰਿਹਾ ਹੈ। ਇਹ ਛੋਟਾ ਮੁੰਡਾ ਜਾਣ ਤੋਂ ਮਨ੍ਹਾ ਕਰਦਾ ਹੈ, ਕਿਉਂਕਿ ਉਸ ਨੂੰ ਨਹਾਉਣਾ ਪਸੰਦ ਨਹੀਂ। ਇਸ ਲਈ ਉਹ ਪਿਤਾ ਨਾਲ ਲੰਮੀ ਬਹਿਸ ਕਰਦਾ ਹੈ। ਪਿਤਾ ਇਸ ਭੁਲੇਖੇ ਵਿਚ ਹੈ ਕਿ ਨਾਜ਼ੀ ਘੱਟੋ-ਘੱਟ ਬੱਚਿਆਂ ਨੂੰ ਜ਼ਰੂਰ ਬਖਸ਼ ਦੇਣਗੇ, ਤੇ ਹੋ ਸਕਦਾ ਹੈ ਕਿ ਉਨ੍ਹਾਂ ਦੇ ‘ਨਹਾਉਣ’ ਦਾ ਅਰਥ ਨਹਾਉਣਾ ਹੀ ਹੋਵੇ ਪਰ ਉਸ ਨੂੰ ਇਹ ਨਹੀਂ ਪਤਾ ਕਿ ਫਾਸ਼ੀਵਾਦ ਦੀ ਤਾਂ ਬੁਨਿਆਦ ਹੀ ਝੂਠ ਅਤੇ ਨਫਰਤ ‘ਤੇ ਟਿਕੀ ਹੋਈ ਹੈ ਅਤੇ ਜਰਮਨਾਂ ਦਾ ਮੁੱਖ ਨਿਸ਼ਾਨਾ ਯਹੂਦੀ ਬੱਚੇ ਹੀ ਹਨ। ਉਹ ਯਹੂਦੀਆਂ ਦਾ ਬੀਜ ਹੀ ਇਸ ਧਰਤੀ ਤੋਂ ਨਾਸ਼ ਕਰਨਾ ਚਾਹੁੰਦੇ ਹਨ। ਪਿਤਾ ਬੱਚੇ ਨੂੰ ਨਹਾਉਣ ਜਾਣ ਲਈ ਮਨਾਉਂਦਾ ਹੈ ਪਰ ਬੱਚਾ ਆਪਣੀ ਚੁਸਤੀ ਨਾਲ ਇਸ ਨੂੰ ਟਾਲ ਜਾਂਦਾ ਹੈ। ਦੂਜੇ ਪਾਸੇ ਬੱਚੇ ਦੀ ਮਾਂ ਨੂੰ ਗੇਟ ‘ਤੇ ਤਾਇਨਾਤ ਨਾਜ਼ੀ ਔਰਤ ਜੇਲ੍ਹਰ ਚੰਗੀ ਲੱਗਦੀ ਹੈ, ਕਿਉਂਕਿ ਉਹ ਬਜ਼ੁਰਗ ਔਰਤਾਂ ਅਤੇ ਬੱਚਿਆਂ ਨੂੰ ਕੰਮ ‘ਤੇ ਲਗਾਉਣਾ ਦੀ ਬਿਜਾਏ ‘ਨਹਾਉਣ-ਧੋਣ’ ਲਈ ਭੇਜਦੀ ਹੈ। ਉਸ ਨੂੰ ਉਸ ਦੀ ਦੋਸਤ ਦੱਸਦੀ ਹੈ ਕਿ ਇਸ ਦਾ ਅਸਲ ਅਰਥ ਕੀ ਹੈ! ਇਹ ਸੁਣਦਿਆਂ ਹੀ ਉਸ ਦੀ ਸਾਰੀ ਦੁਨੀਆ ਢਹਿ-ਢੇਰੀ ਹੋ ਜਾਂਦੀ ਹੈ, ਕਿਉਂਕਿ ਉਸ ਨੂੰ ਪਤਾ ਹੈ ਕਿ ਉਸ ਦਾ ਮੁੰਡਾ ਵੀ ਕਿਸੇ ਦਿਨ ਇਸੇ ਹੋਣੀ ਦਾ ਸ਼ਿਕਾਰ ਹੋਏਗਾ। ਇਨ੍ਹਾਂ ਦ੍ਰਿਸ਼ਾਂ ਰਾਹੀਂ ਸਰੀਰਕ ਜ਼ੁਲਮ ਤੋਂ ਅਗਾਂਹ ਫਾਸ਼ੀਵਾਦੀ ਪ੍ਰਬੰਧ ਦੇ ਕਿਰਦਾਰ ਨੂੰ ਨੰਗਾ ਕੀਤਾ ਗਿਆ ਹੈ ਜਿਹੜਾ ਨਿਹੱਥਿਆਂ ਤੇ ਬੇਵਸਾਂ ਦਾ ਸ਼ਿਕਾਰ ਕਰਦਾ ਹੈ ਅਤੇ ਕਮਜ਼ੋਰਾਂ ਤੇ ਗਰੀਬਾਂ ਨੂੰ ਆਪਣਾ ਪਹਿਲਾ ਨਿਸ਼ਾਨਾ ਬਣਾਉਂਦਾ ਹੈ। ਦੂਜੇ ਪਾਸੇ ਫਿਲਮ ਵਿਚ ਨਾਜ਼ੀਆਂ ਦੀ ਬਦਚਲਨੀ ਤੇ ਭ੍ਰਿਸ਼ਟਾਚਾਰ ਦੇ ਬਹੁਤ ਸਾਰੇ ਸਿੱਧੇ ਬਿਰਤਾਂਤ ਹਨ ਜਿੱਥੇ ਉਹ ਨਸਲੀ ਦੰਭ ਤੇ ਉਚਤਾ ਦੇ ਗਰੂਰ ਵਿਚ ਚੂਰ ਯਹੂਦੀਆਂ ਨਾਲ ਪਸ਼ੂਆਂ ਵਾਂਗ ਵਰਤਾਉ ਕਰਦੇ ਹਨ। ਕੈਂਪ ਦੀ ਬਣਤਰ ਅਤੇ ਉਸ ਵਿਚ ਹੁੰਦੀਆਂ ਕਾਰਵਾਈਆਂ ਤੇ ਗਤੀਵਿਧੀਆਂ ਤਸੀਹੇ ਦੇਣ ਅਤੇ ਮਨੁੱਖਾਂ ਨੂੰ ਜ਼ਿਬਾਹ ਕਰਨ ਲਈ ਤਿਆਰ ਕੀਤੀਆਂ ਗੰਦੀਆਂ, ਹਨੇਰੀਆਂ ਤੇ ਬੇਢਬੀਆਂ ਬੇਰੰਗ ਥਾਂਵਾਂ ਹਨ ਜਿਨ੍ਹਾਂ ਵਿਚ ਕਦੇ ਵੀ ਸੂਰਜ ਦੀ ਧੁੱਪ ਅਤੇ ਤਾਜ਼ੀ ਹਵਾ ਨਹੀਂ ਪਹੁੰਚਦੀ। ਸੌਣ ਦੀਆਂ ਥਾਂਵਾਂ ਅਤੇ ਬਿਸਤਰ ਅਜਿਹੀਆਂ ਤੰਗ ਤੇ ਘੁੱਟਵੀਂ ਜਗਾਹ ਵਿਚ ਬਣਾਏ ਗਏ ਹਨ ਜਿੱਥੇ ਸਿਰਫ ਉਦਾਸੀ ਤੇ ਨਿਰਾਸ਼ਾ ਦਾ ਪਸਾਰਾ ਹੋ ਸਕਦਾ ਹੈ। ਕੈਦੀਆਂ ਦੇ ਭਾਂਡਿਆਂ ਤੋਂ ਕੱਪੜਿਆਂ ਤੱਕ ਹਰ ਚੀਜ਼ ਵਿਚੋਂ ਨਾਜ਼ੀਆਂ ਨੇ ਜ਼ਿੰਦਗੀ ਦਾ ਹਰ ਤੱਤ ਜਿਵੇਂ ਨਚੋੜ ਲਿਆ ਹੈ। ਉਨ੍ਹਾਂ ਦਾ ਕੰਮ ਕਰਾਉਣ ਦਾ ਤਰੀਕਾ ਅਤੇ ਵਰਤਾਉ ਜ਼ਲੀਲ ਕਰਨ ਵਾਲਾ ਅਤੇ ਯਹੂਦੀਆਂ ਦੀਆਂ ਜ਼ਿੰਦਗੀਆਂ ਨਾਲ ਖਿਡਾਉਣਿਆਂ ਵਾਂਗ ਖੇਡਣ ਵਾਲਾ ਹੈ। ਹਰ ਨਾਜ਼ੀ ਅਫਸਰ ਤੇ ਕਰਮਚਾਰੀ ਨੂੰ ਇਹ ਹੱਕ ਹੈ ਕਿ ਉਹ ਜਿਵੇਂ ਚਾਹੇ ਕਿਸੇ ਵੀ ਕੈਦੀ ਨੂੰ ਕਿਤੇ ਵੀ ਗੋਲੀ ਮਾਰ ਸਕਦਾ ਹੈ। ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦੇ ਮਾਮਲਿਆਂ ਵਿਚ ਇਹ ਸਾਰਾ ਕੁਝ ਹੋਰ ਵੀ ਦਰਦਨਾਕ ਹੋ ਨਿਬੜਦਾ ਹੈ। ਅਜਿਹੀਆਂ ਹਾਲਤਾਂ ਵਿਚ ਇੱਕ ਪਿਉ ਕਿਵੇਂ ਆਪਣੇ ਬੱਚੇ ਵਿਚ ਭਵਿੱਖ ਦੀ ਉਮੀਦ ਤੇ ਖੁਸ਼ੀ ਨੂੰ ਬਚਾਈ ਰੱਖਦਾ ਹੈ, ਇਸ ਨੂੰ ਸਮਝਣ ਲਈ ਇਸ ਫਿਲਮ ਨੂੰ ਦੇਖਣਾ ਜ਼ਰੂਰੀ ਹੈ। ਜਦੋਂ ਨਾਜ਼ੀ ਅਫਸਰ ਉਸ ਨੂੰ ਗੋਲੀ ਮਾਰਨ ਲਈ ਲਿਜਾ ਰਿਹਾ ਹੈ, ਤਦ ਵੀ ਉਹ ਆਪਣੇ ਬੱਚੇ ਸਾਹਮਣੇ ਝੂਠੀ ਪਰੇਡ ਕਰਦਿਆਂ ਗੁਜ਼ਰਦਾ ਹੈ ਤਾਂ ਕਿ ਉਸ ਦਾ ਬੱਚਾ ਉਦਾਸ ਨਾ ਹੋ ਜਾਵੇ।
ਫਿਲਮ ਦੇ ਆਖਰੀ ਦ੍ਰਿਸ਼ਾਂ ਵਿਚ ਬੱਚਾ ਆਪਣੇ ਲੁਕਣ ਵਾਲੇ ਬਕਸੇ ਵਿਚੋਂ ਬਾਹਰ ਆਉਂਦਾ ਹੈ। ਉਸ ਨੂੰ ਨਹੀਂ ਪਤਾ ਕਿ ਉਸ ਦਾ ਪਿਉ ਮਾਰਿਆ ਜਾ ਚੁੱਕਾ ਹੈ। ਉਸ ਨੂੰ ਸਮਝ ਹੈ ਕਿ ਇਸ ਖੇਡ ਵਿਚ ਜਲਾਦਾਂ ਦਾ ਰੋਲ ਨਿਭਾਉਣ ਵਾਲੇ ਕੈਂਪ ਛੱਡ ਕੇ ਭੱਜ ਚੁੱਕੇ ਹਨ। ਜਦੋਂ ਲਾਲ ਸੈਨਾ ਦਾ ਅਫਸਰ ਉਸ ਨੂੰ ਆਪਣੇ ਟੈਂਕ ਉਤੇ ਬਿਠਾ ਕੇ ਸ਼ਹਿਰ ਵਿਚ ਗੇੜੀ ਦਿੰਦਾ ਹੈ ਤਾਂ ਉਸ ਨੂੰ ਯਕੀਨ ਹੋ ਜਾਂਦਾ ਹੈ ਕਿ ਅਸੀਂ ਹਿਟਲਰ ਨੂੰ ਆਖਰ ਹਰਾ ਦਿੱਤਾ ਹੈ। ਸ਼ਾਇਦ ਉਸ ਨੂੰ ਬਹੁਤ ਸਾਲਾਂ ਬਾਅਦ ਇਹ ਅਹਿਸਾਸ ਹੋਵੇ ਕਿ ਉਸ ਦੇ ਜ਼ਿੰਦਾਦਿਲ ਪਿਉ ਤੇ ਮਨੁੱਖਤਾ ਨੇ ਇਸ ਜਿੱਤ ਦੀ ਕਿੰਨੀ ਵੱਡੀ ਕੀਮਤ ਅਦਾ ਕੀਤੀ ਹੈ।