ਸ਼੍ਰੋਮਣੀ ਕਮੇਟੀ ਨੂੰ ਸਿਆਸਤ ਮੁਕਤ ਕਰਾਉਣ ਦਾ ਸੱਦਾ

ਚੰਡੀਗੜ੍ਹ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 100ਵੀਂ ਵਰ੍ਹੇਗੰਢ ਮੌਕੇ ਇਸ ਸਿੱਖ ਸੰਸਥਾ ਨੂੰ ਸਿਆਸਤ ਮੁਕਤ ਕਰਵਾਉਣ ਦੀ ਮੰਗ ਉਠੀ ਹੈ। ਸਮੂਹ ਪੰਥਕ ਜਥੇਬੰਦੀਆਂ ਵੱਲੋਂ ਸ਼੍ਰੋਮਣੀ ਕਮੇਟੀ ਦੇ 100 ਵਰ੍ਹੇ ਪੂਰੇ ਹੋਣ ‘ਤੇ ਕਰਵਾਏ ਗਏ ਵਿਸ਼ੇਸ਼ ਸੈਮੀਨਾਰ ਵਿਚ ਇਕਸੁਰ ਹੁੰਦਿਆਂ ਸਿੱਖ ਸੰਸਥਾ ਨੂੰ ਸਿਆਸਤ ਤੋਂ ਮੁਕਤ ਕਰਵਾਉਣ ਦਾ ਅਹਿਦ ਲਿਆ ਹੈ। ਉਧਰ, ਅਕਾਲੀ ਦਲ ਯੂਨਾਈਟਿਡ ਵੱਲੋਂ ਕੋਰ ਕਮੇਟੀ ਦੀ ਮੀਟਿੰਗ ਕਰ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਪੰਥਕ ਮੋਰਚਾ ਬਣਾ ਕੇ ਪੂਰੀ ਸ਼ਕਤੀ ਨਾਲ ਲੜਨ ਦਾ ਐਲਾਨ ਕਰ ਦਿੱਤਾ ਹੈ।

ਪਾਰਟੀ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ), ਦਲ ਖਾਲਸਾ, ਪੰਥਕ ਸੇਵਾ ਲਹਿਰ ਸਣੇ ਹੋਰ ਧਾਰਮਿਕ ਜਥੇਬੰਦੀਆਂ ਅਤੇ ਦਲਿਤ ਜਥੇਬੰਦੀਆਂ ਨਾਲ ਗੱਲਬਾਤ ਹੋ ਚੁੱਕੀ ਹੈ। ਇਸ ਬਾਰੇ ਆਉਣ ਵਾਲੇ ਦਿਨਾਂ ਵਿਚ ਐਲਾਨ ਕਰ ਦਿੱਤਾ ਜਾਵੇਗਾ।
ਅਕਾਲੀ ਦਲ (ਡੀ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ‘ਚ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਦੇ ਸ਼ਤਾਬਦੀ ਸਮਾਗਮ ਵਿਚ ਸਿੱਖ ਬੁੱਧੀਜੀਵੀਆਂ ਨੇ ਕਮੇਟੀ ਦੀ ਦਸ਼ਾ ਤੇ ਦਿਸ਼ਾ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਇਸ ਵੇਲੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਨੂੰ ਸਿਆਸਤ ਤੋਂ ਮੁਕਤ ਕਰਨ ਦੀ ਜ਼ਰੂਰਤ ਹੈ। ਇਸ ਵੇਲੇ ਸ਼੍ਰੋਮਣੀ ਕਮੇਟੀ ਵਿਚ ਧਾਰਮਿਕ ਹਿਤਾਂ ਦੀ ਥਾਂ ਸਵਾਰਥੀ ਹਿਤ ਪ੍ਰਧਾਨ ਹੋ ਗਏ ਹਨ ਤੇ ਤਿਆਗ ਤੇ ਸੇਵਾ ਭਾਵਨਾ ਦੀ ਥਾਂ ਸਿੱਖ ਸੰਸਥਾਵਾਂ ਨੂੰ ਸਿਆਸੀ ਹਿਤਾਂ ਦੇ ਵਾਧੇ ਲਈ ਵਰਤਾਅ ਦਾ ਰੁਝਾਨ ਪ੍ਰਮੁੱਖਤਾ ਹਾਸਲ ਕਰ ਗਿਆ ਹੈ।
ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਸ਼੍ਰੋਮਣੀ ਕਮੇਟੀ ਚੋਣਾਂ ਲੜਨ ਵਾਲਾ ਆਗੂ ਫਿਰ ਸਿਆਸੀ ਜਾਂ ਸੰਵਿਧਾਨਕ ਅਹੁਦੇ ਦਾ ਦਾਅਵੇਦਾਰ ਨਹੀਂ ਬਣੇਗਾ। ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ, ਸੰਤ ਹਰਚੰਦ ਸਿੰਘ ਲੌਂਗੋਵਾਲ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵੱਖ-ਵੱਖ ਗਰੁੱਪਾਂ ‘ਚ ਕੰਮ ਕਰਦੇ ਰਹੇ ਨਕਾਰੇ ਗਏ ਆਗੂਆਂ ਨਾਲ ਸੰਪਰਕ ਵਧ ਰਹੇ ਹਨ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ। ਪਹਿਲਾਂ ਵੀ ਬਾਦਲ ਅਕਾਲੀ ਦਲ ਤੋਂ ਵੱਖ ਹੋ ਕੇ ਲੜਨ ਵਾਲੇ ਆਗੂ ਦੇ ਹਸ਼ਰ ਬਾਰੇ ਦਿੱਤੇ ਜਾ ਰਹੇ ਮਿਹਣਿਆਂ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗਾਇਬ ਹੋਣ ਵਰਗੀਆਂ ਗੱਲਾਂ ਨਹੀਂ ਸਨ ਹੋਈਆਂ। ਹੁਣ ਗੁਰੂ ਦੀ ਬੇਅਦਬੀ ਤੋਂ ਬਾਅਦ ਪਾਣੀ ਸਿਰਾਂ ਤੋਂ ਲੰਘ ਗਿਆ ਹੈ। ਅਕਾਲੀ ਦਲ (ਡੀ) ਦੇ ਸੀਨੀਅਰ ਆਗੂ ਨਿਧੜਕ ਸਿੰਘ ਬਰਾੜ ਵਲੋਂ ਸੈਮੀਨਾਰ ਵਿਚ ਪੇਸ਼ ਕੀਤਾ ਮਤਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ, ਜਿਸ ਵਿਚ ਆਪਾ ਧਾਪੀ ਦੇ ਮਾਹੌਲ ‘ਚ ਪੰਥ ਦਰਦੀ ਸਿੱਖਾਂ ਨੂੰ ਸਿਰ ਜੋੜ ਕੇ ਬੈਠਣ ਤੇ ਸੰਵਾਦ ਰਚਾਉਣ ਉਪਰ ਜ਼ੋਰ ਦਿੱਤਾ ਗਿਆ।