ਭਾਜਪਾ ਦੀ ਪੰਜਾਬ ਸਿਆਸਤ

ਕੇਂਦਰਵਾਦੀ ਭਾਰਤੀ ਜਨਤਾ ਪਾਰਟੀ ਨੇ ਆਖਰਕਾਰ ਪੰਜਾਬ ਬਾਰੇ ਆਪਣੀ ਸਿਆਸਤ ਦੇ ਪੱਤੇ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਇਸ ਨੇ ਸਾਫ ਐਲਾਨ ਕਰ ਦਿੱਤਾ ਹੈ ਕਿ ਇਹ ਅਗਲੀਆਂ ਵਿਧਾਨ ਸਭਾ ਚੋਣਾਂ, ਜੋ 2022 ਦੇ ਅਰੰਭ ਵਿਚ ਹੋਣੀਆਂ ਹਨ, ਵਿਚ ਸਾਰੀਆਂ 117 ਸੀਟਾਂ ਤੋਂ ਚੋਣ ਲੜੇਗੀ। ਭਾਰਤੀ ਜਨਤਾ ਪਾਰਟੀ (ਭਾਜਪਾ) ਅਸਲ ਵਿਚ ਪੰਜਾਬ ਵਿਚ ਵੀ ਵੱਡੀ ਪਾਰਟੀ ਬਣਨ ਦੇ ਸੁਫਨੇ ਲੈ ਰਹੀ ਹੈ। ਜਦੋਂ ਤੋਂ ਕੇਂਦਰ ਵਿਚ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਬਣੀ ਹੈ, ਇਸ ਨੇ ਇਸ ਬਾਰੇ ਯੋਜਨਾਵਾਂ ਉਲੀਕਣੀਆਂ ਵੀ ਸ਼ੁਰੂ ਕਰ ਦਿੱਤੀਆਂ ਸਨ। ਇਸੇ ਕਰ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਢਾਈ ਦਹਾਕੇ ਪੁਰਾਣੇ ਸਿਆਸੀ ਗਠਜੋੜ ਦੇ ਬਾਵਜੂਦ ਪੰਜਾਬ ਨਾਲ ਸਬੰਧਤ ਭਾਜਪਾ ਲੀਡਰ ਇਹ ਵਿਚਾਰ ਰੱਖਦੇ ਰਹੇ ਹਨ ਕਿ

ਪਾਰਟੀ ਨੂੰ ਸੂਬੇ ਵਿਚ ਹੁਣ ਆਪਣੇ ਬਲਬੂਤੇ ਚੋਣਾਂ ਲੜਨੀਆਂ ਚਾਹੀਦੀਆਂ ਹਨ। ਇਸੇ ਕਰ ਕੇ ਇਸ ਨੇ ਪਿਛਲੇ ਸਾਲਾਂ ਦੌਰਾਨ ਚੁੱਪ-ਚੁਪੀਤੇ ਸਿੱਖ ਚਿਹਰਿਆਂ ਨੂੰ ਪਾਰਟੀ ਨਾਲ ਜੋੜਿਆ ਅਤੇ ਅਹਿਮ ਅਹੁਦੇ ਵੀ ਦਿੱਤੇ। ਇਹ ਵੱਖਰੀ ਗੱਲ ਹੈ ਕਿ ਹੁਣ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਤੋਂ ਉਠੇ ਕਿਸਾਨ ਸੰਘਰਸ਼ ਤੋਂ ਬਾਅਦ ਇਕ ਵਾਰ ਤਾਂ ਪਾਰਟੀ ਨੂੰ ਆਪਣੀ ਬਾਜ਼ੀ ਪੁੱਠੀ ਪੈਂਦੀ ਜਾਪਦੀ ਹੋਵੇਗੀ। ਉਂਜ, ਜਿਸ ਢੰਗ ਨਾਲ ਇਸ ਮਸਲੇ ਉਤੇ ਮੋਦੀ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ, ਆਪਣੇ ਪਹਿਲਾਂ ਵਾਲੇ ਪੈਂਤੜੇ ਉਤੇ ਹੀ ਅੜੀ ਹੋਈ ਹੈ, ਉਸ ਤੋਂ ਸਾਫ ਪਤਾ ਲਗਦਾ ਹੈ ਕਿ ਇਹ ਪਾਰਟੀ ਪੰਜਾਬ ਵੱਲ ਤਰਜੀਹੀ ਆਧਾਰ ‘ਤੇ ਧਿਆਨ ਕੇਂਦਰਤ ਕਰ ਰਹੀ ਹੈ। ਕੁਝ ਸਿਆਸੀ ਵਿਸ਼ਲੇਸ਼ਕ ਤਾਂ ਇਹ ਖਦਸ਼ਾ ਵੀ ਜ਼ਾਹਿਰ ਕਰ ਰਹੇ ਹਨ ਕਿ ਇਹ ਪਾਰਟੀ ਪੰਜਾਬ ਨਾਲ ਜੰਮੂ ਕਸ਼ਮੀਰ ਵਾਲਾ ਵਿਹਾਰ ਵੀ ਕਰ ਸਕਦੀ ਹੈ। ਕੁਝ ਵੀ ਹੋਵੇ, ਹੁਣ ਇਹ ਤੈਅ ਹੈ ਕਿ ਪੰਜਾਬ ਹੁਣ ਭਾਰਤੀ ਜਨਤਾ ਪਾਰਟੀ ਦੇ ਨਿਸ਼ਾਨੇ ‘ਤੇ ਹੈ ਅਤੇ ਇਹ ਪਹਿਲਾਂ ਵਾਂਗ ਹੀ ਚੁੱਪ-ਚੁਪੀਤੇ ਕੋਈ ਸਿਆਸੀ ਖਿਚੜੀ ਪਕਾ ਰਹੀ ਹੈ।
ਪੰਜਾਬ ਦੀ ਸਿਆਸਤ ਵਿਚ ਦਿਲਚਸਪੀ ਰੱਖਣ ਵਾਲੇ ਲੋਕ ਮੁਲਕ ਦੇ ਸਮੁੱਚੇ ਹਾਲਾਤ ਅਤੇ ਸਿਆਸਤ ਨੂੰ ਬਿਹਾਰ ਨਾਲ ਜੋੜ ਕੇ ਦੇਖ ਰਹੇ ਸਨ, ਜਿਥੇ ਹੁਣੇ-ਹੁਣੇ ਵਿਧਾਨ ਸਭਾ ਚੋਣਾਂ ਹੋ ਕੇ ਹਟੀਆਂ ਹਨ। ਉਥੇ ਭਾਰਤੀ ਜਨਤਾ ਪਾਰਟੀ ਨੇ ਅਜਿਹੀ ਸ਼ਤਰੰਜੀ ਚਾਲ ਖੇਡੀ ਹੈ ਕਿ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਨੂੰ ਖੂੰਜੇ ਲਾ ਦਿੱਤਾ ਗਿਆ ਹੈ। ਕਿਆਸਆਰਾਈਆਂ ਇਹ ਵੀ ਹਨ ਕਿ ਨਿਤੀਸ਼ ਕੁਮਾਰ ਦੀ ਪਾਰਟੀ ਹੌਲੀ-ਹੌਲੀ ਭਾਰਤੀ ਜਨਤਾ ਪਾਰਟੀ ਉਤੇ ਹੀ ਨਿਰਭਰ ਹੋ ਜਾਵੇਗੀ। ਭਾਰਤੀ ਜਨਤਾ ਪਾਰਟੀ ਇਹੀ ਦਾਅ ਅਤੇ ਸਿਆਸਤ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨਾਲ ਖੇਡਣਾ ਚਾਹੁੰਦੀ ਸੀ, ਪਰ ਉਥੇ ਸ਼ਿਵ ਸੈਨਾ ਦੇ ਲੀਡਰਾਂ ਨੇ ਇਸ ਪਾਰਟੀ ਨਾਲੋਂ ਨਾਤਾ ਤੋੜ ਲਿਆ ਅਤੇ ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਨਾਲ ਰਲ ਕੇ ਸਰਕਾਰ ਬਣਾ ਲਈ। ਨਿਤੀਸ਼ ਕੁਮਾਰ ਨੇ ਆਪਣਾ ਇਹ ਰਾਹ ਵੀ ਤਕਰੀਬਨ ਬੰਦ ਕੀਤਾ ਹੋਇਆ ਹੈ। ਉਂਜ, ਬਿਹਾਰ ਦੇ ਪ੍ਰਸੰਗ ਵਿਚ ਇਕ ਤੱਥ ਨੋਟ ਕਰਨ ਵਾਲਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਲੋਕ ਜਨਸ਼ਕਤੀ ਪਾਰਟੀ ਦੇ ਲੀਡਰ ਚਿਰਾਗ ਪਾਸਵਾਨ ਨੂੰ ਹੱਲਾਸ਼ੇਰੀ ਦੇ ਕੇ ਸਿਆਸੀ ਜੋਖਮ ਵੀ ਉਠਾਇਆ। ਉਥੇ ਇਸ ਪਾਰਟੀ ਨੇ ਚਿਰਾਗ ਪਾਸਵਾਨ ਨੂੰ ਨਿਤੀਸ਼ ਕੁਮਾਰ ਦੀ ਪਾਰਟੀ ਦੀਆਂ ਵੋਟਾਂ ਕੱਟਣ ਲਈ ਵਰਤਿਆ ਅਤੇ ਇਸ ਮਾਮਲੇ ਵਿਚ ਇਹ ਕਾਮਯਾਬ ਰਹੀ।
ਹੁਣ ਪੰਜਾਬ ਦੇ ਪ੍ਰਸੰਗ ਵਿਚ ਅਹਿਮ ਸਵਾਲ ਇਹੀ ਹੈ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਅਜਿਹਾ ਕੋਈ ਜੋਖਮ ਉਠਾਏਗੀ ਅਤੇ ਫਿਰ ਕਾਮਯਾਬ ਵੀ ਹੋਵੇਗੀ? ਪੰਜਾਬ ਵਿਚ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੀਆਂ ਕਈ ਫਾਕਾਂ ਬਣੀਆਂ ਹੋਈਆਂ ਹਨ। ਸਿਆਸੀ ਪਿੜ ਵਿਚ ਬਾਦਲ ਦਲ ਨੂੰ ਅਜੇ ਭਾਵੇਂ ਕਾਫੀ ਪਛਾੜ ਵੱਜ ਰਹੀ ਹੈ, ਪਰ ਇਸ ਦਾ ਪਿੰਡਾਂ ਵਿਚ ਢਾਂਚਾ ਜਿਉਂ ਦਾ ਤਿਉਂ ਕਾਇਮ ਹੈ। ਜਦੋਂ ਵੀ ਇਸ ਨੂੰ ਮੌਕਾ ਮਿਲੇਗਾ, ਇਸ ਦੀ ਸਿਆਸਤ ਰਫਤਾਰ ਫੜ ਸਕਦੀ ਹੈ। ਅਕਾਲੀ ਦਲ ਦੇ ਹੋਰ ਧੜਿਆਂ ਦਾ ਦੁਖਾਂਤ ਇਹੀ ਹੈ ਕਿ ਇਨ੍ਹਾਂ ਦੀ ਸਮੁੱਚੇ ਪੰਜਾਬ ਵਿਚ ਹੋਂਦ ਨਹੀਂ ਹੈ। ਹਾਂ, ਵੱਖ-ਵੱਖ ਇਲਾਕਿਆਂ ਵਿਚ ਅਸਰ-ਰਸੂਖ ਜ਼ਰੂਰ ਦੇਖਣ ਨੂੰ ਮਿਲ ਰਿਹਾ ਹੈ। ਆਮ ਆਦਮੀ ਪਾਰਟੀ ਪੰਜਾਬ ਤੋਂ ਮਿਲੇ ਹੁੰਗਾਰੇ ਦੀ ਸਦਵਰਤੋਂ ਹੀ ਨਹੀਂ ਕਰ ਸਕੀ। ਅਸਲ ਵਿਚ ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੇ ਪੰਜਾਬ ਅੰਦਰ ਲੀਡਰਸ਼ਿਪ ਵੀ ਉਠਣ ਨਹੀਂ ਦਿੱਤੀ, ਜਿਸ ਦਾ ਖਮਿਆਜ਼ਾ ਇਹ ਵਾਰ-ਵਾਰ ਭੁਗਤ ਵੀ ਰਹੀ ਹੈ। ਕਾਂਗਰਸ ਇਨ੍ਹਾਂ ਦੋਹਾਂ ਧਿਰਾਂ ਦੀ ਕਮਜ਼ੋਰੀ ਦਾ ਪੂਰਾ ਲਾਹਾ ਲੈ ਰਹੀ ਹੈ। ਹੁਣ ਕਿਸਾਨ ਸੰਘਰਸ਼ ਦੌਰਾਨ ਸੱਤਾ ਵਿਚ ਹੋਣ ਕਾਰਨ ਇਸ ਦੀ ਪੂਰੀ ਤਰ੍ਹਾਂ ਪੈਂਠ ਭਾਵੇਂ ਨਾ ਬਣੀ ਹੋਵੇ, ਪਰ ਇਹ ਅਤੇ ਇਸ ਦੇ ਆਗੂ ਅਗਲੀਆਂ ਚੋਣਾਂ ਜਿੱਤਣ ਦੀ ਵੱਡੀ ਆਸ ਲਾਈ ਬੈਠੇ ਹਨ। ਇਸ ਸੂਰਤ ਵਿਚ ਭਾਰਤੀ ਜਨਤਾ ਪਾਰਟੀ ਪੰਜਾਬ ਵਿਚ ਕਿੰਨੀ ਕੁ ਮਜ਼ਬੂਤ ਹੋ ਸਕਦੀ ਹੈ, ਇਹ ਸਵਾਲ ਅਜੇ ਸਵਾਲ ਹੈ। ਇਸ ਪਾਰਟੀ ਨੇ ਬਹੁਤ ਸਾਰੇ ਸੂਬਿਆਂ ਅੰਦਰ ਇਹ ਤਜਰਬਾ ਕੀਤਾ ਹੈ ਕਿ ਹਿੰਦੂਆਂ ਦੀਆਂ ਵੋਟਾਂ ਟੁੱਟਣ ਤੋਂ ਬਚਾਈਆਂ ਜਾਣ ਅਤੇ ਕੁਝ ਕੁ ਲੋਕਲ ਜਾਤੀਆਂ ਨਾਲ ਤਾਲਮੇਲ ਬਿਠਾ ਕੇ ਜਿੱਤ ਜੋਗੀਆਂ ਵੋਟਾਂ ਬਟੋਰ ਲਈਆਂ ਜਾਣ। ਇਸ ਗਿਣਤੀ-ਮਿਣਤੀ ਵਿਚ ਹੁਣ ਤੱਕ ਇਹ ਪੂਰੀ ਤਰ੍ਹਾਂ ਕਾਮਯਾਬ ਰਹੀ ਹੈ। ਕੇਂਦਰੀ ਸੱਤਾ ਵਿਚ ਹੋਣ ਕਰ ਕੇ ਇਹ ਸਰਕਾਰੀ ਪੱਧਰ ਉਤੇ ਵੀ ਬਹੁਤ ਸਾਰੀਆਂ ਕਾਰਵਾਈਆਂ ਚਲਾਉਣ ਦੀ ਪੁਜੀਸ਼ਨ ਵਿਚ ਹੈ; ਜਿਵੇਂ ਛੋਟੇ-ਮੋਟੇ ਦਲਾਂ ਨੂੰ ਲਾਲਚ ਦੇ ਕੇ ਆਪਣੇ ਨਾਲ ਤੋਰਨ ਵਿਚ ਇਸ ਦਾ ਵੱਖਰਾ ਰਿਕਾਰਡ ਹੈ ਜਿਸ ਬਾਰੇ ਕਦੀ ਬਹੁਤੀ ਚਰਚਾ ਨਹੀਂ ਹੁੰਦੀ। ਅੱਜ ਦੀ ਸਿਆਸਤ ਦੱਸਦੀ ਹੈ ਕਿ ਚੋਣ ਜੋੜ-ਤੋੜ ਦੇ ਮਾਮਲੇ ਵਿਚ ਭਾਰਤੀ ਜਨਤਾ ਪਾਰਟੀ ਦਾ ਹੁਣ ਕੋਈ ਤੋੜ ਨਹੀਂ। ਭਾਰਤ ਦੀ ਸਿਆਸਤ ਵਿਚ ਇੰਨਾ ਨਿਘਾਰ ਆ ਚੁੱਕਾ ਹੈ ਕਿ ਆਪਣੇ ਮੁਫਾਦਾਂ ਖਾਤਰ ਕੋਈ ਵੀ ਆਗੂ ਜਾਂ ਪਾਰਟੀ ਇਸ ਨਾਲ ਭਾਈਵਾਲੀ ਕਰਨ ਲਈ ਸਹਿਜੇ ਹੀ ਸਹਿਮਤ ਹੋ ਜਾਂਦੀ ਹੈ। ਪਿਛਲੇ ਸਮੇਂ ਦੌਰਾਨ ਰਾਸ਼ਟਰਵਾਦ ਦਾ ਪੱਤਾ ਇਸ ਨੇ ਬਹੁਤ ਬੇਕਿਰਕੀ ਅਤੇ ਕਾਮਯਾਬੀ ਨਾਲ ਵਰਤਿਆ ਹੈ। ਦੇਖਦੇ ਹਾਂ, ਇਹ ਪੰਜਾਬ ਅੰਦਰ ਕਿਹੜਾ ਪੱਤਾ ਵਰਤਦੀ ਹੈ।