ਚੰਡੀਗੜ੍ਹ: ਅਤਿ ਦੀ ਮਹਿੰਗਾਈ ਦੇ ਸਮੇਂ ਵਿਚ ਵੀ ਪੰਜਾਬ ਦੇ ਲੋਕ ਆਪਣਾ ਢਿੱਡ ਭਰਨ ਦੀ ਥਾਂ ਖਾਣ-ਪੀਣ ਵਾਲੀਆਂ ਕੀਮਤੀ ਚੀਜ਼ਾਂ ਜਾਦੂ-ਟੂਣਿਆਂ ਵਿਚ ਬਰਬਾਦ ਕਰਨ ਵਿਚ ਰੁੱਝੇ ਹੋਏ ਹਨ। ਸਿਰਫ਼ ਪੰਜਾਬ ਵਿਚ ਹੀ ਹਰ ਸਾਲ ਤਕਰੀਬਨ 14 ਕਰੋੜ ਇਕ ਲੱਖ 40 ਹਜ਼ਾਰ ਰੁਪਏ ਦੀਆਂ ਮਿਰਚਾਂ ਤੇ ਨਿੰਬੂ ਲੋਕ ਆਪਣੀਆਂ ਦੁਕਾਨਾਂ, ਘਰਾਂ ਤੇ ਵਾਹਨਾਂ ਉੱਤੇ ਟੰਗ ਕੇ ਖ਼ਰਾਬ ਕਰ ਦਿੰਦੇ ਹਨ। ਇਨ੍ਹਾਂ ਅੰਧਵਿਸ਼ਵਾਸਾਂ ਕਾਰਨ ਹੀ ਇਨ੍ਹਾਂ ਚੀਜ਼ਾਂ ਦੀਆਂ ਕੀਮਤਾਂ ਅੱਜ ਅਸਮਾਨੀ ਚੜ੍ਹੀਆਂ ਹੋਈਆਂ ਹਨ। ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋਂ ਸੂਬੇ ਵਿਚ ਕੀਤੇ ਸਰਵੇ ਦੌਰਾਨ ਇਹ ਤੱਥ ਸਾਹਮਣੇ ਆਏ ਹਨ।
ਤਰਕਸ਼ੀਲ ਸੁਸਾਇਟੀ ਵੱਲੋਂ ਇਹ ਅੰਕੜੇ ਪੰਜਾਬ ਦੇ ਵੱਖ-ਵੱਖ ਵੱਡੇ ਤੇ ਛੋਟੇ ਸ਼ਹਿਰਾਂ, ਕਸਬਿਆਂ, ਵਾਹਨਾਂ, ਪਿੰਡਾਂ ਦੀਆਂ ਦੁਕਾਨਾਂ ਦੇ ਆਧਾਰ ‘ਤੇ ਪੇਸ਼ ਕੀਤੇ ਗਏ ਹਨ। ਸੁਸਾਇਟੀ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿਚ ਅੰਮ੍ਰਿਤਸਰ, ਜਲੰਧਰ ਸਮੇਤ ਅਜਿਹੇ ਕੁੱਲ 25 ਵੱਡੇ ਸ਼ਹਿਰ ਹਨ ਜਿਥੇ 25 ਹਜ਼ਾਰ ਦੁਕਾਨਾਂ ਹਨ ਜਿਨ੍ਹਾਂ ਦੇ ਵਰਾਂਡਿਆਂ ਵਿਚ ਇਹ ਨਿੰਬੂ ਮਿਰਚਾਂ ਦੇ ਸੈੱਟ ਬਣਾ ਕੇ ਟੰਗੇ ਹੋਏ ਹਨ ਤੇ ਇਨ੍ਹਾਂ ਨਿੰਬੂ-ਮਿਰਚਾਂ ਦੇ ਹਰ ਸੈਟ ਦੀ ਕੀਮਤ 10 ਰੁਪਏ ਹੈ। ਹਰ ਸ਼ਨਿਚਰਵਾਰ ਨੂੰ ਤਕਰੀਬਨ ਦੋ ਲੱਖ 50 ਹਜ਼ਾਰ ਰੁਪਏ ਦੇ ਨਿੰਬੂ-ਮਿਰਚਾਂ ਟੰਗੇ ਜਾਂਦੇ ਹਨ। ਜੇਕਰ ਇਨ੍ਹਾਂ ਨੂੰ ਸਾਲ ਦੇ 52 ਹਫ਼ਤਿਆਂ ਦੇ ਆਧਾਰ ‘ਤੇ ਗੁਣਾ ਕਰਕੇ ਦੇਖੀਏ ਤਾਂ ਇਹ ਰਕਮ ਇਕ ਕਰੋੜ 30 ਲੱਖ ਰੁਪਏ ਦੀ ਬਣਦੀ ਹੈ।
ਇਸੇ ਤਰ੍ਹਾਂ ਸੂਬੇ ਵਿਚ ਕੁੱਲ ਛੋਟੇ 25 ਸ਼ਹਿਰ ਹਨ ਜਿਨ੍ਹਾਂ ਵਿਚ ਤਕਰੀਬਨ 500 ਦੁਕਾਨਾਂ ਹਨ। ਇਸ ਫ਼ਾਰਮੂਲੇ ਦੇ ਆਧਾਰ ‘ਤੇ ਇਨ੍ਹਾਂ ਦੁਕਾਨਾਂ ‘ਤੇ ਸਾਲਾਨਾ ਕੁੱਲ 65 ਲੱਖ ਰੁਪਏ ਦੇ ਨਿੰਬੂ-ਮਿਰਚਾਂ ਟੰਗ ਕੇ ਸੁਕਾ ਦਿੱਤੇ ਜਾਂਦੇ ਹਨ। ਇੰਝ ਹੀ ਪੰਜਾਬ ਵਿਚ ਤਕਰੀਬਨ 120 ਕਸਬੇ ਹਨ ਜਿਥੇ 100 ਦੁਕਾਨਾਂ ਹਨ ਜਿਨ੍ਹਾਂ ‘ਤੇ ਹਰ ਹਫ਼ਤੇ ਇਕ ਲੱਖ 20 ਹਜ਼ਾਰ ਤੇ ਸਾਲਾਨਾ 62 ਲੱਖ 40 ਹਜ਼ਾਰ ਰੁਪਏ ਦੀਆਂ ਦੋਵੇਂ ਖਾਣ ਵਾਲੀਆਂ ਚੀਜ਼ਾਂ ਗਵਾ ਦਿੱਤੀਆਂ ਜਾਂਦੀਆਂ ਹਨ।
ਇਸ ਸਰਵੇ ਵਿਚ ਵਾਹਨਾਂ ‘ਤੇ ਟੰਗੀਆਂ ਜਾਣ ਵਾਲੀਆਂ ਨਿੰਬੂ-ਮਿਰਚਾਂ ਨੂੰ ਵੀ ਸ਼ਾਮਲ ਕੀਤਾ ਗਿਆ। ਸੂਬੇ ਵਿਚ ਇਸ ਸਮੇਂ ਤਕਰੀਬਨ 10 ਲੱਖ ਵਾਹਨ ਹਨ। ਜੇਕਰ ਇਹ ਮੰਨ ਲਿਆ ਜਾਵੇ ਕਿ ਇਨ੍ਹਾਂ ਵਿਚੋਂ ਸਿਰਫ਼ 10 ਫ਼ੀਸਦੀ ਭਾਵ ਇਕ ਲੱਖ ਵਾਹਨਾਂ ਦੇ ਮਾਲਕ ਹੀ ਇਸ ਵਹਿਮ ਦਾ ਸ਼ਿਕਾਰ ਹਨ ਤਾਂ ਇਨ੍ਹਾਂ ‘ਤੇ ਟੰਗੇ ਜਾਣ ਵਾਲੀਆਂ ਨਿੰਬੂ ਮਿਰਚਾਂ ਦੀ ਗਿਣਤੀ ਸਾਲਾਨਾ ਪੰਜ ਕਰੋੜ 20 ਲੱਖ ਰੁਪਏ ਬਣਦੀ ਹੈ। ਸਰਵੇ ਵਿਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਸੂਬੇ ਦੇ 12 ਹਜ਼ਾਰ ਪਿੰਡਾਂ ਵਿਚੋਂ ਸੱਤ ਹਜ਼ਾਰ ਪਿੰਡ ਅਜਿਹੇ ਹਨ ਜਿਥੇ ਔਸਤਨ 10 ਦੁਕਾਨਾਂ ਹਨ ਜਿਥੇ ਨਿੰਬੂ-ਮਿਰਚਾਂ ਦਾ ਵਹਿਮ ਪਾਇਆ ਜਾਂਦਾ ਹੈ। ਇਸ ਤਰ੍ਹਾਂ ਇਨ੍ਹਾਂ ਦੁਕਾਨਾਂ ‘ਤੇ ਵੀ ਕੁੱਲ ਤਿੰਨ ਕਰੋੜ 64 ਲੱਖ ਰੁਪਏ ਦੀਆਂ ਨਿੰਬੂ-ਮਿਰਚਾਂ ਨੂੰ ਸੁੱਕਣ ਲਈ ਛੱਡ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਤਕਰੀਬਨ 50 ਹਜ਼ਾਰ ਰੇਹੜੀਆਂ ਹਨ। ਜਿਨ੍ਹਾਂ ਦੇ ਮਾਲਕ ਆਪਣੇ ਕਾਰੋਬਾਰ ਨੂੰ ਵਧੀਆ ਚਲਾਉਣ ਦੀ ਮਨਸ਼ਾ ਨਾਲ ਨਿੰਬੂ-ਮਿਰਚ ਟੋਟਕੇ ਦੀ ਵਰਤੋਂ ਕਰਦੇ ਹਨ। ਜਿਹੜੇ ਇਕ ਹਫ਼ਤੇ ਵਿਚ ਪੰਜ ਲੱਖ ਤੇ ਇਕ ਸਾਲ ਵਿਚ ਦੋ ਕਰੋੜ 60 ਲੱਖ ਰੁਪਏ ਦੇ ਨਿੰਬੂ ਮਿਰਚ ਅਜਾਈਂ ਗਵਾ ਦਿੰਦੇ ਹਨ। ਸਰਵੇ ਮੁਤਾਬਕ ਜੇਕਰ ਇਸ ਰਾਸ਼ੀ ਨੂੰ ਮਿਲਾ ਦਿੱਤਾ ਜਾਵੇ ਤਾਂ ਇਹ ਕੁੱਲ 14 ਕਰੋੜ ਇਕ ਲੱਖ 40 ਹਜ਼ਾਰ ਰੁਪਏ ਬਣਦਾ ਹੈ।
Leave a Reply