ਮੋਦੀ ਲਈ ਝਟਕਾ: ਗੰਭੀਰ ਮੰਦੀ ਦੇ ਦੌਰ ‘ਚ ਦਾਖਲ ਹੋਇਆ ਭਾਰਤ

ਮੁੰਬਈ: ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਰਿਪੋਰਟ ‘ਚ ਦਾਅਵਾ ਕੀਤਾ ਗਿਆ ਹੈ ਕਿ ਮੁਲਕ ਗੰਭੀਰ ਮੰਦੀ (ਰੀਸੈਸ਼ਨ) ਦੇ ਦੌਰ ‘ਚ ਦਾਖਲ ਹੋ ਗਿਆ ਹੈ ਅਤੇ ਜੁਲਾਈ ਤੋਂ ਸਤੰਬਰ ਦੇ ਵਕਫੇ ਦੌਰਾਨ ਜੀ.ਡੀ.ਪੀ. ਦਾ ਘਟਣਾ ਇਸ ਦਾ ਸਬੂਤ ਹੈ। ਆਰ.ਬੀ.ਆਈ. ਦੇ ਆਰਥਿਕ ਸਰਗਰਮੀ ਸੂਚਕ ਅੰਕ ਦੇ ਅੰਦਾਜ਼ੇ ਮੁਤਾਬਕ ਭਾਰਤ ਦੀ ਜੀ.ਡੀ.ਪੀ. ਮੌਜੂਦਾ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ‘ਚ ਨਕਾਰਾਤਮਕ ਸੀ ਅਤੇ 8.6 ਫੀਸਦੀ ਤੱਕ ਘਟੀ। ਰਿਪੋਰਟ ‘ਚ ਕਿਹਾ ਗਿਆ ਕਿ ਭਾਰਤ ਦੇ ਇਤਿਹਾਸ ‘ਚ ਪਹਿਲੀ ਵਾਰ 2020-21 ਦੇ ਪਹਿਲੇ ਅੱਧ ‘ਚ ਗੰਭੀਰ ਮੰਦੀ ਦਾ ਸ਼ਿਕਾਰ ਹੋ ਗਿਆ। ਵਿੱਤੀ ਵਰ੍ਹੇ ਦੀ ਲਗਾਤਾਰ ਦੂਜੀ ਤਿਮਾਹੀ ‘ਚ ਜੀ.ਡੀ.ਪੀ. ਦੇ ਹੋਰ ਡਿੱਗਣ ਦੇ ਆਸਾਰ ਬਣੇ।

ਭਾਰਤੀ ਰਿਜ਼ਰਵ ਬੈਂਕ ਦੇ ਅਧਿਕਾਰੀ ਨੇ ਕਿਹਾ ਕਿ ਚਾਲੂ ਵਿੱਤ ਸਾਲ ਦੀ ਦੂਸਰੀ ਤਿਮਾਹੀ (ਜੁਲਾਈ-ਸਤੰਬਰ) ‘ਚ ਦੇਸ਼ ਦੀ ਜੀ.ਡੀ.ਪੀ. ਇਕ ਸਾਲ ਪਹਿਲਾਂ ਦੀ ਤੁਲਣਾ ਵਿਚ 8.6 ਫੀਸਦੀ ਘਟਣ ਦਾ ਅਨੁਮਾਨ ਹੈ। ਇਸ ਤਰ੍ਹਾਂ ਲਗਾਤਾਰ ਦੋ ਤਿਮਾਹੀਆਂ ‘ਚ ਜੀ.ਡੀ.ਪੀ. ਘਟਣ ਨਾਲ ਦੇਸ਼ ਪਹਿਲੀ ਵਾਰ ਮੰਦੀ ‘ਚ ਘਿਰਿਆ ਹੈ। ਕਰੋਨਾ ਤੇ ਤਾਲਾਬੰਦੀ ਦੇ ਪ੍ਰਭਾਵ ਨਾਲ ਪਹਿਲੀ ਤਿਮਾਹੀ ‘ਚ 23.9 ਫੀਸਦੀ ਦੀ ਗਿਰਾਵਟ ਆਈ ਸੀ। ਦੂਸਰੀ ਤਿਮਾਹੀ ਦੇ ਜੀ.ਡੀ.ਪੀ. ਦੇ ਸਰਕਾਰੀ ਅੰਕੜੇ ਅਜੇ ਨਹੀਂ ਆਏ ਪਰ ਕੇਂਦਰੀ ਬੈਂਕ ਦੇ ਵਿਸ਼ਲੇਸ਼ਣਕਰਤਾਵਾਂ ਨੇ ਅੰਦਾਜ਼ਾ ਲਗਾਇਆ ਹੈ ਕਿ ਸਤੰਬਰ ਤਿਮਾਹੀ ‘ਚ ਜੀ.ਡੀ.ਪੀ. ਵਿਚ 8.6 ਫੀਸਦੀ ਤੱਕ ਗਿਰਾਵਟ ਰਹੀ ਹੋਵੇਗੀ। ਰਿਜ਼ਰਵ ਬੈਂਕ ਨੇ ਪਹਿਲਾਂ ਹੀ ਅਨੁਮਾਨ ਲਗਾ ਰੱਖਿਆ ਹੈ ਕਿ ਚਾਲੂ ਵਿੱਤ ਸਾਲ ‘ਚ ਜੀ.ਡੀ.ਪੀ. ਵਿਚ 9.5 ਫੀਸਦੀ ਦੀ ਗਿਰਾਵਟ ਆ ਸਕਦੀ ਹੈ। ਬੈਂਕ ਦੇ ਵਿਸ਼ਲੇਸ਼ਣਕਰਤਾ ਪੰਕਜ ਕੁਮਾਰ ਵਲੋਂ ਤਿਆਰ ਕੀਤੀ ਅਧਿਐਨ ਰਿਪੋਰਟ ‘ਚ ਕਿਹਾ ਗਿਆ ਹੈ ਕਿ ਭਾਰਤ ਤਕਨੀਕੀ ਰੂਪ ਨਾਲ 2020-21 ਦੀ ਪਹਿਲੀ ਛਿਮਾਹੀ ‘ਚ ਆਪਣੇ ਇਤਿਹਾਸ ਵਿਚ ਪਹਿਲੀ ਵਾਰ ਆਰਥਿਕ ਮੰਦੀ ‘ਚ ਚਲਾ ਗਿਆ ਹੈ। ‘ਆਰਥਿਕ ਕੰਮਕਾਜ ਦਾ ਸੂਚਕਅੰਕ’ ਸਿਰਲੇਖ ਹੇਠ ਲਿਖੇ ਲੇਖ ‘ਚ ਕਿਹਾ ਗਿਆ ਹੈ ਕਿ ਲਗਾਤਾਰ ਦੂਸਰੀ ਤਿਮਾਹੀ ‘ਚ ਆਰਥਿਕ ਗਿਰਾਵਟ ਆਉਣ ਦਾ ਅਨੁਮਾਨ ਹੈ, ਹਾਲਾਂਕਿ ਇਸ ‘ਚ ਇਹ ਵੀ ਕਿਹਾ ਗਿਆ ਹੈ ਕਿ ਸਰਗਰਮੀਆਂ ਹੌਲੀ-ਹੌਲੀ ਆਮ ਵਾਂਗ ਹੋਣ ਦੇ ਨਾਲ ਗਿਰਾਵਟ ਦੀ ਦਰ ਘਟ ਜਾਵੇਗੀ ਤੇ ਸਥਿਤੀ ਬਿਹਤਰ ਹੋ ਜਾਵੇਗੀ।
ਵਿਰੋਧੀ ਧਿਰ ਦਾ ਕਹਿਣਾ ਹੈ ਕਿ ਨੋਟਬੰਦੀ ਅਤੇ ਫਿਰ ਜੀ.ਐਸ਼ਟੀ. ਨੂੰ ਗਲਤ ਤਰੀਕੇ ਨਾਲ ਲਾਗੂ ਕਰਨ ਨਾਲ ਆਰਥਿਕ ਸੰਕਟ ਵੱਡੀ ਪੱਧਰ ਉਤੇ ਵਧਿਆ ਹੈ। ਸਰਕਾਰ ਨੇ ਭਾਵੇਂ ਦੋ ਕਰੋੜ ਨੌਕਰੀਆਂ ਪ੍ਰਤੀ ਸਾਲ ਦੇਣ ਦਾ ਵਾਅਦਾ ਕੀਤਾ ਸੀ ਪਰ ਅਸਲ ਵਿਚ ਨੌਕਰੀਆਂ ਖਤਮ ਹੋ ਰਹੀਆਂ ਹਨ।
ਸਾਲ 2017-18 ਵਿਚ ਸਰਕਾਰੀ ਅੰਕੜਿਆਂ ਅਨੁਸਾਰ ਹੀ ਪਿਛਲੇ 45 ਸਾਲਾਂ ਨਾਲੋਂ ਦੇਸ਼ ਵਿਚ ਸਭ ਤੋਂ ਵੱਧ ਬੇਰੁਜ਼ਗਾਰੀ ਸੀ। ਕੋਵਿਡ-19 ਕਾਰਨ ਕੀਤੀ ਤਾਲਾਬੰਦੀ ਦੌਰਾਨ ਕਰੋੜਾਂ ਹੋਰ ਨੌਕਰੀਆਂ ਚਲੀਆਂ ਗਈਆਂ। ਇਸ ਕਰ ਕੇ ਲੋਕਾਂ ਅੰਦਰ ਡਰ ਅਤੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਲੋਕਾਂ ਦੀ ਬੱਚਤ ਖਤਮ ਹੋਣ ਅਤੇ ਬੇਰੁਜ਼ਗਾਰੀ ਕਾਰਨ ਵਸਤਾਂ ਦੀ ਮੰਗ ਦਾ ਘਟਣਾ ਸੁਭਾਵਿਕ ਹੈ। ਮੱਧ ਵਰਗ ਨੇ ਵੀ ਘਰੇਲੂ ਬੱਚਤ ਕਰਦਿਆਂ ਸੰਕੋਚ ਨਾਲ ਖਰਚ ਕਰਨ ਦਾ ਤਰੀਕਾ ਅਪਣਾਇਆ। ਇਕ ਅਨੁਮਾਨ ਅਨੁਸਾਰ ਕੁਝ ਸਮਾਂ ਪਹਿਲਾਂ ਕੁੱਲ ਘਰੇਲੂ ਪੈਦਾਵਾਰ ਦਾ 7.9 ਫੀਸਦੀ ਘਰੇਲੂ ਬੱਚਤ ਕੀਤੀ ਜਾਂਦੀ ਸੀ। ਅਪਰੈਲ ਅਤੇ ਜੂਨ ਦੀ ਚੌਥਾਈ ਦੌਰਾਨ ਖਰਚ ਉਤੇ ਕਟੌਤੀ ਅਤੇ ਬੱਚਤ ਵਿਚ ਵਾਧੇ ਦੀ ਦਰ 10 ਫੀਸਦੀ ਤੱਕ ਚਲੀ ਗਈ ਅਤੇ ਮੌਜੂਦਾ ਸਮੇਂ ਇਹ ਦਰ 21.4 ਫੀਸਦੀ ਹੈ ਭਾਵ ਲੋਕ ਪੈਸਾ ਖਰਚ ਨਹੀਂ ਕਰ ਰਹੇ। ਮੰਗ ਵਿਚ ਹੋਰ ਵੀ ਗਿਰਾਵਟ ਆਉਣ ਕਰ ਕੇ ਆਰਥਿਕ ਮੰਦੀ ਦੀ ਗਤੀ ਵਧਣੀ ਲਾਜ਼ਮੀ ਹੈ।
ਅਰਥ ਸ਼ਾਸਤਰੀ ਇਹ ਸਲਾਹ ਦੇ ਰਹੇ ਹਨ ਕਿ ਕਿਸੇ ਵੀ ਤਰੀਕੇ ਗਰੀਬ ਲੋਕਾਂ ਤੱਕ ਪੈਸਾ ਪਹੁੰਚਾਉਣਾ ਜ਼ਰੂਰੀ ਹੈ। ਉਹ ਬੱਚਤ ਨਹੀਂ ਕਰ ਸਕਦੇ ਅਤੇ ਸਮੁੱਚਾ ਪੈਸਾ ਮੰਡੀ ਵਿਚ ਆਉਣ ਨਾਲ ਮੰਗ ਪੈਦਾ ਹੋਵੇਗੀ ਅਤੇ ਅਰਥਚਾਰੇ ਦਾ ਸਰਕਲ ਚੱਲ ਸਕੇਗਾ। ਕੇਂਦਰ ਸਰਕਾਰ ਨੇ 20 ਲੱਖ ਕਰੋੜ ਰੁਪਏ ਦੇ ਪੈਕੇਜਾਂ ਰਾਹੀਂ ਵੀ ਵਸਤਾਂ ਦੀ ਮੰਗ ਵਧਾਉਣ ਦੀ ਬਜਾਏ ਸਨਅਤਾਂ ਅਤੇ ਵਪਾਰੀਆਂ ਨੂੰ ਸਹੂਲਤਾਂ ਦੇਣ ਉਤੇ ਜ਼ੋਰ ਦਿੱਤਾ ਹੈ। ਸਰਕਾਰ ਦੇ ਗਲਤ ਫੈਸਲਿਆਂ ਕਾਰਨ ਪੰਜ ਖਰਬ ਡਾਲਰ ਦਾ ਅਰਥਚਾਰਾ ਬਣਾਉਣ ਦਾ ਖੁਆਬ ਹੁਣ ਹੋਰ ਦੂਰ ਹੋ ਗਿਆ ਹੈ।
________________________________________
ਮੋਦੀ ਦੀਆਂ ਨੀਤੀਆਂ ਕਾਰਨ ਆਇਆ ਮੰਦਵਾੜਾ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਮੌਜੂਦਾ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਦੌਰਾਨ ਜੀ.ਡੀ.ਪੀ. ‘ਚ ਗਿਰਾਵਟ ਸਬੰਧੀ ਅੰਦਾਜ਼ਿਆਂ ਨੂੰ ਲੈ ਕੇ ਦਾਅਵਾ ਕੀਤਾ ਕਿ ਅਰਥਚਾਰਾ ਭਿਆਨਕ ਮੰਦੀ ਦੀ ਲਪੇਟ ‘ਚ ਹੈ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਇਸ ਖਬਰ ਨੂੰ ਦਬਾਉਣ ਲਈ ਰਾਹਤ ਪੈਕੇਜ ਦਾ ਐਲਾਨ ਕੀਤਾ ਹੈ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਕਾਰਨ ਮੁਲਕ ਪਹਿਲੀ ਵਾਰ ਮੰਦੀ ਦੇ ਦੌਰ ‘ਚ ਦਾਖਲ ਹੋ ਗਿਆ ਹੈ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ਮੋਦੀ ਦੀਆਂ ਨੀਤੀਆਂ ਨੇ ਭਾਰਤ ਦੀ ਤਾਕਤ ਨੂੰ ਕਮਜ਼ੋਰੀ ‘ਚ ਬਦਲ ਦਿੱਤਾ ਹੈ। ਪਾਰਟੀ ਦੇ ਸੀਨੀਅਰ ਆਗੂ ਪੀ ਚਿਦੰਬਰਮ ਨੇ ਇਹ ਵੀ ਦੋਸ਼ ਲਾਇਆ ਕਿ ਅਰਥਚਾਰੇ ਨੂੰ ਲੀਹਾਂ ‘ਤੇ ਲਿਆਉਣ ਦੀ ਸਰਕਾਰ ਕੋਲ ਕੋਈ ਯੋਜਨਾ ਨਹੀਂ ਹੈ।
___________________________________________
ਅਰਥਚਾਰੇ ‘ਚ ਜ਼ੋਰਦਾਰ ਢੰਗ ਨਾਲ ਸੁਧਾਰ ਹੋ ਰਿਹੈ: ਸੀਤਾਰਾਮਨ
ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਹੈ ਕਿ ਲੰਬੇ ਅਤੇ ਸਖਤ ਲੌਕਡਾਊਨ ਮਗਰੋਂ ਭਾਰਤੀ ਅਰਥਚਾਰੇ ਦੀ ਹਾਲਤ ‘ਚ ਜ਼ੋਰਦਾਰ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਅਰਥਚਾਰੇ ਨੂੰ ਮਜ਼ਬੂਤੀ ਦੇਣ ਲਈ ਕੁਝ ਹੋਰ ਰਿਆਇਤਾਂ ਦੇ ਐਲਾਨ ਦੌਰਾਨ ਕਿਹਾ ਕਿ ਵਿਆਪਕ ਆਰਥਿਕ ਸੰਕੇਤ ਹਾਲਾਤ ‘ਚ ਸੁਧਾਰ ਵੱਲ ਇਸ਼ਾਰਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੰਪਨੀਆਂ ਦੇ ਕਾਰੋਬਾਰ ‘ਚ ਰਫਤਾਰ ਦਾ ਸੰਕੇਤ ਦੇਣ ਵਾਲਾ ਕੰਪੋਜ਼ਿਟ ਪਰਚੇਜ਼ਿੰਗ ਮੈਨੇਜਰਜ਼ ਇੰਡੈਕਸ (ਪੀ.ਐਮ.ਆਈ.) ਅਕਤੂਬਰ ‘ਚ ਵਧ ਕੇ 58.9 ਫੀਸਦ ਰਿਹਾ ਜੋ ਪਿਛਲੇ ਮਹੀਨੇ 54.6 ਫੀਸਦੀ ਦਰਜ ਹੋਇਆ ਸੀ। ਉਨ੍ਹਾਂ ਕਿਹਾ ਕਿ ਅਕਤੂਬਰ ਦੌਰਾਨ ਊਰਜਾ ਖਪਤ ‘ਚ 12 ਫੀਸਦ ਦਾ ਵਾਧਾ ਹੋਇਆ ਜਦਕਿ ਜੀ.ਐਸ਼ਟੀ. ਕੁਲੈਕਸ਼ਨ 10 ਫੀਸਦੀ ਵਧ ਕੇ 1.05 ਲੱਖ ਕਰੋੜ ਰੁਪਏ ਪਹੁੰਚ ਗਿਆ ਹੈ।
___________________________________________
ਮੂਡੀਜ਼ ਨੂੰ ਅਰਥਚਾਰੇ ‘ਚ ਸੁਧਾਰ ਦੀ ਉਮੀਦ
ਨਵੀਂ ਦਿੱਲੀ: ਰੇਟਿੰਗ ਏਜੰਸੀ ਮੂਡੀਜ਼ ਨੇ ਭਾਰਤ ਦੇ ਜੀ.ਡੀ.ਪੀ. ਅਨੁਮਾਨ ‘ਚ ਸੋਧ ਕਰਦਿਆਂ ਪਹਿਲਾਂ ਦੇ ਮੁਕਾਬਲੇ ਹਾਲਾਤ ‘ਚ ਸੁਧਾਰ ਦੀ ਉਮੀਦ ਜਤਾਈ ਹੈ। ਮੂਡੀਜ਼ ਨੇ 2020 ‘ਚ ਭਾਰਤੀ ਅਰਥਚਾਰੇ ‘ਚ 8.9 ਫੀਸਦ ਦੀ ਗਿਰਾਵਟ ਦਾ ਅਨੁਮਾਨ ਜਤਾਇਆ ਹੈ ਜਦਕਿ ਇਸ ਤੋਂ ਪਹਿਲਾਂ ਉਸ ਨੇ 9.6 ਫੀਸਦ ਗਿਰਾਵਟ ਆਉਣ ਦਾ ਅੰਦਾਜ਼ਾ ਲਾਇਆ ਸੀ। ਮੂਡੀਜ਼ ਨੇ ਕਿਹਾ ਕਿ ਲੰਬੇ ਅਤੇ ਸਖਤ ਲੌਕਡਾਊਨ ਤੋਂ ਬਾਅਦ ਦੇਸ਼ ਦਾ ਅਰਥਚਾਰਾ ਮੁੜ ਲੀਹਾਂ ਉਤੇ ਆ ਗਿਆ ਹੈ ਪਰ ਇਹ ਸੁਧਾਰ ਖਿੰਡਿਆ ਹੋਇਆ ਹੈ। ਰਿਪੋਰਟ ‘ਚ ਏਜੰਸੀ ਨੇ 2021 ਲਈ ਵੀ ਮੁਲਕ ਦੀ ਆਰਥਿਕ ਵਿਕਾਸ ਦਰ ਦਾ ਅੰਦਾਜ਼ਾ ਵਧਾ ਕੇ 8.6 ਫੀਸਦ ਕੀਤਾ ਹੈ। ਪਹਿਲਾਂ ਇਹ 8.1 ਫੀਸਦ ਸੀ।