ਨਿਤੀਸ਼ ਕੁਮਾਰ ਨੇ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ

ਪਟਨਾ: ਜਨਤਾ ਦਲ (ਯੂ) ਮੁਖੀ ਨਿਤੀਸ਼ ਕੁਮਾਰ (69) ਨੇ ਦੋ ਦਹਾਕਿਆਂ ‘ਚ ਸੱਤਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਹਲਫ ਲਿਆ। ਰਾਜਪਾਲ ਫਾਗੂ ਚੌਹਾਨ ਨੇ ਰਾਜ ਭਵਨ ‘ਚ ਉਨ੍ਹਾਂ ਦੀ ਅਗਵਾਈ ਹੇਠ 14 ਮੈਂਬਰੀ ਮੰਤਰੀ ਮੰਡਲ ਨੂੰ ਹਲਫ ਦਿਵਾਇਆ।

ਭਾਜਪਾ ਦੇ ਦੋ ਆਗੂਆਂ ਤਾਰਕਿਸ਼ੋਰ ਪ੍ਰਸਾਦ ਅਤੇ ਰੇਣੂ ਦੇਵੀ ਨੂੰ ਸੁਸ਼ੀਲ ਕੁਮਾਰ ਮੋਦੀ ਦੀ ਥਾਂ ਉਤੇ ਇਸ ਵਾਰ ਉਪ ਮੁੱਖ ਮੰਤਰੀ ਬਣਾਇਆ ਗਿਆ ਹੈ ਜਦਕਿ ਪਾਰਟੀ ਦੇ ਪੰਜ ਹੋਰ ਵਿਧਾਇਕ ਮੰਤਰੀ ਬਣੇ ਹਨ। ਮੰਤਰੀ ਮੰਡਲ ‘ਚ ਜਨਤਾ ਦਲ (ਯੂ) ਦੇ 5, ਹਿੰਦੁਸਤਾਨੀ ਅਵਾਮ ਮੋਰਚਾ ਅਤੇ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਇਕ-ਇਕ ਆਗੂ ਨੂੰ ਥਾਂ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਨਵੰਬਰ 2015 ਤੋਂ ਲਗਾਤਾਰ ਮੁੱਖ ਮੰਤਰੀ ਅਹੁਦੇ ਉਤੇ ਕਾਬਜ਼ ਹਨ। ਉਂਜ 2014-15 ਦੌਰਾਨ ਜੀਤਨ ਰਾਮ ਮਾਂਝੀ ਕੁਝ ਸਮੇਂ ਲਈ ਮੁੱਖ ਮੰਤਰੀ ਰਹੇ ਸਨ। ਨਿਤੀਸ਼ ਕੁਮਾਰ ਨੇ ਸ੍ਰੀਕ੍ਰਿਸ਼ਨਾ ਸਿੰਘ ਦੇ ਰਿਕਾਰਡ ਨੂੰ ਤੋੜਿਆ ਹੈ ਜੋ ਆਜ਼ਾਦੀ ਤੋਂ ਬਾਅਦ ਆਪਣੀ ਮੌਤ 1961 ਤੱਕ ਬਿਹਾਰ ਦੇ ਮੁੱਖ ਮੰਤਰੀ ਰਹੇ ਸਨ।
ਭਾਜਪਾ ਦੇ ਦੋ ਉਪ ਮੁੱਖ ਮੰਤਰੀਆਂ ਸਮੇਤ ਮੰਗਲ ਪਾਂਡੇ, ਅਮਰੇਂਦਰ ਪ੍ਰਤਾਪ ਸਿੰਘ, ਰਾਮਪ੍ਰਿਤ ਪਾਸਵਾਨ, ਜਿਬੇਸ਼ ਕੁਮਾਰ ਅਤੇ ਰਾਮ ਸੂਰਤ ਰਾਏ ਨੂੰ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਗਿਆ ਹੈ। ਜਨਤਾ ਦਲ (ਯੂ) ਦੇ ਬਿਜੇਂਦਰ ਪ੍ਰਸਾਦ ਯਾਦਵ, ਅਸ਼ੋਕ ਚੌਧਰੀ, ਵਿਜੈ ਕੁਮਾਰ ਚੌਧਰੀ, ਮੇਵਾ ਲਾਲ ਚੌਧਰੀ ਅਤੇ ਸ਼ੀਲਾ ਕੁਮਾਰੀ ਮੰਡਲ ਨੂੰ ਮੰਤਰੀ ਬਣਾਇਆ ਗਿਆ ਹੈ। ਹਿੰਦੁਸਤਾਨੀ ਅਵਾਮ ਮੋਰਚਾ ਦੇ ਐਮ.ਐਲ਼ਸੀ. ਸੰਤੋਸ਼ ਕੁਮਾਰ ਸੁਮਨ, ਜਿਨ੍ਹਾਂ ਦੇ ਪਿਤਾ ਜੀਤਨ ਰਾਮ ਮਾਂਝੀ ਹਨ, ਨੇ ਵਿਕਾਸਸ਼ੀਲ ਇਨਸਾਨ ਪਾਰਟੀ ਦੇ ਬਾਨੀ ਮੁਕੇਸ਼ ਸਾਹਨੀ ਨਾਲ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ ਹੈ। ਪਿਛਲੀ ਸਰਕਾਰ ‘ਚ ਉਪ ਮੁੱਖ ਮੰਤਰੀ ਰਹੇ ਸੁਸ਼ੀਲ ਕੁਮਾਰ ਮੋਦੀ ਇਸ ਵਾਰ ਕੋਈ ਅਹੁਦਾ ਨਾ ਮਿਲਣ ਕਾਰਨ ਉਖੜੇ-ਉਖੜੇ ਦਿਖਾਈ ਦਿੱਤੇ। ਭਾਜਪਾ ਦੇ ਹੰਢੇ ਹੋਏ ਆਗੂ ਨੰਦ ਕਿਸ਼ੋਰ ਯਾਦਵ ਨੂੰ ਨਵਾਂ ਸਪੀਕਰ ਬਣਾਇਆ ਜਾ ਸਕਦਾ ਹੈ। ਨੇਮਾਂ ਤਹਿਤ 243 ਮੈਂਬਰੀ ਬਿਹਾਰ ਵਿਧਾਨ ਸਭਾ ‘ਚ ਵੱਧ ਤੋਂ ਵੱਧ 36 ਵਿਧਾਇਕਾਂ ਨੂੰ ਮੰਤਰੀ ਬਣਾਇਆ ਜਾ ਸਕਦਾ ਹੈ। ਸੂਤਰਾਂ ਮੁਤਾਬਕ ਵਿਧਾਨ ਸਭਾ ਦਾ ਇਜਲਾਸ 23 ਨਵੰਬਰ ਨੂੰ ਸੱਦਿਆ ਜਾ ਸਕਦਾ ਹੈ। ਹਲਫਦਾਰੀ ਸਮਾਗਮ ਮੌਕੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇ ਪੀ ਨੱਢਾ ਸਮੇਤ ਐਨ.ਡੀ.ਏ. ਦੇ ਚੋਟੀ ਦੇ ਆਗੂ ਹਾਜ਼ਰ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਿਤੀਸ਼ ਕੁਮਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਐਨ.ਡੀ.ਏ. ਪਰਿਵਾਰ ਹੁਣ ਸੂਬੇ ਦੀ ਤਰੱਕੀ ਲਈ ਰਲ ਕੇ ਕੰਮ ਕਰੇਗਾ। ਆਪਣੇ ਟਵੀਟ ‘ਚ ਪ੍ਰਧਾਨ ਮੰਤਰੀ ਨੇ ਸੂਬੇ ਦੀ ਭਲਾਈ ਲਈ ਮੁੱਖ ਮੰਤਰੀ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਭਰੋਸਾ ਵੀ ਦਿੱਤਾ।
________________________________________
ਨਿਤੀਸ਼ ਐਨ.ਡੀ.ਏ. ਦੇ ਮੁੱਖ ਮੰਤਰੀ ਬਣੇ ਰਹਿਣਗੇ: ਚਿਰਾਗ
ਪਟਨਾ: ਲੋਕ ਜਨਸ਼ਕਤੀ ਪਾਰਟੀ ਦੇ ਪ੍ਰਧਾਨ ਚਿਰਾਗ ਪਾਸਵਾਨ ਨੇ ਨਿਤੀਸ਼ ਕੁਮਾਰ ਨੂੰ ਸੱਤਵੀਂ ਵਾਰ ਮੁੱਖ ਮੰਤਰੀ ਬਣਨ ‘ਤੇ ਵਧਾਈ ਦਿੰਦਿਆਂ ਆਸ ਜਤਾਈ ਕਿ ਸਰਕਾਰ ਆਪਣਾ ਕਾਰਜਕਾਲ ਪੂਰਾ ਕਰੇਗੀ ਅਤੇ ਉਹ ਐਨ.ਡੀ.ਏ. ਦੇ ਮੁੱਖ ਮੰਤਰੀ ਬਣੇ ਰਹਿਣਗੇ। ਉਨ੍ਹਾਂ ਨਿਤੀਸ਼ ਨੂੰ ਮੁੱਖ ਮੰਤਰੀ ਬਣਾਏ ਜਾਣ ਲਈ ਭਾਜਪਾ ਨੂੰ ਵੀ ਵਧਾਈ ਦਿੱਤੀ। ਉਨ੍ਹਾਂ ਲੋਕ ਜਨਸ਼ਕਤੀ ਪਾਰਟੀ ਦੇ ਚੋਣ ਮਨੋਰਥ ਪੱਤਰ ਦੀ ਕਾਪੀ ਵੀ ਨਿਤੀਸ਼ ਨੂੰ ਭੇਜੀ ਹੈ ਤਾਂ ਜੋ ਉਹ ਲੋਕਾਂ ਨਾਲ ਕੀਤੇ ਗਏ ਕੁਝ ਵਾਅਦਿਆਂ ਨੂੰ ਵੀ ਪੂਰਾ ਕਰ ਸਕਣ। ਜ਼ਿਕਰਯੋਗ ਹੈ ਕਿ ਨਿਤੀਸ਼ ਕੁਮਾਰ ਨੂੰ ਚੋਣਾਂ ‘ਚ ਹਰਾਉਣ ਲਈ ਚਿਰਾਗ ਪਾਸਵਾਨ ਨੇ ਜਨਤਾ ਦਲ (ਯੂ) ਦੇ ਉਮੀਦਵਾਰਾਂ ਖਿਲਾਫ ਆਪਣੀ ਪਾਰਟੀ ਦੇ ਉਮੀਦਵਾਰ ਮੈਦਾਨ ‘ਚ ਉਤਾਰੇ ਸਨ।