ਚੀਨ ਤੇ 14 ਹੋਰ ਮੁਲਕ ਸੰਸਾਰ ਦੇ ਸਭ ਤੋਂ ਵੱਡੇ ਵਪਾਰ ਸਮਝੌਤੇ ਲਈ ਰਾਜ਼ੀ

ਹੈਨੋਈ: ਚੀਨ ਤੇ 14 ਹੋਰ ਮੁਲਕ ਵਿਸ਼ਵ ਦੇ ਸਭ ਤੋਂ ਵੱਡੇ ਵਪਾਰ ਸਮਝੌਤੇ ਨੂੰ ਸਿਰੇ ਚਾੜ੍ਹਨ ਲਈ ਰਾਜ਼ੀ ਹੋ ਗਏ ਹਨ। ਇਹ ਸੰਸਾਰ ਦਾ ਸਭ ਤੋਂ ਵੱਡਾ ਵਪਾਰਕ ਬਲਾਕ ਹੋਵੇਗਾ। ਏਸ਼ੀਆ ਮਹਾਦੀਪ ਦੀ ਆਰਥਿਕ ਗਤੀਵਿਧੀਆਂ ਦਾ ਤੀਜਾ ਹਿੱਸਾ ਇਸ ਤਹਿਤ ਆਵੇਗਾ। ਬਹੁਤੇ ਮੁਲਕਾਂ ਨੂੰ ਉਮੀਦ ਹੈ ਕਿ ਇਸ ਨਾਲ ਮਹਾਮਾਰੀ ਦੇ ਮਾੜੇ ਅਸਰਾਂ ਤੋਂ ਉੱਭਰਨ ਦਾ ਮੌਕਾ ਮਿਲੇਗਾ। ਖੇਤਰੀ ਵਿਆਪਕ ਆਰਥਿਕ ਭਾਈਵਾਲੀ (ਆਰ.ਸੀ.ਈ.ਪੀ.) ਉਤੇ ਦਸਤਖਤ ਕਰ ਦਿੱਤੇ ਗਏ ਹਨ। ਦੱਸਣਯੋਗ ਹੈ ਕਿ 10 ਮੁਲਕਾਂ ਦੇ ਸੰਗਠਨ ‘ਆਸੀਆਨ’ ਦਾ ਸਿਖਰ ਸੰਮੇਲਨ ਚੱਲ ਰਿਹਾ ਹੈ।

ਸਮਝੌਤੇ ਉਤੇ ਆਸੀਆਨ ਮੁਲਕਾਂ, ਚੀਨ, ਜਪਾਨ, ਦੱਖਣੀ ਕੋਰੀਆ, ਆਸਟਰੇਲੀਆ ਤੇ ਨਿਊਜ਼ੀਲੈਂਡ ਨੇ ਸਹੀ ਪਾਈ ਹੈ। ਮਲੇਸ਼ੀਆ ਦੇ ਵਪਾਰ ਮੰਤਰੀ ਮੁਹੰਮਦ ਅਜ਼ਮੀਨ ਅਲੀ ਨੇ ਕਿਹਾ ਕਿ ਇਸ ਸਮਝੌਤੇ ਲਈ 8 ਸਾਲਾਂ ਤੋਂ ਯਤਨ ਕੀਤੇ ਜਾ ਰਹੇ ਸਨ ਤੇ ਅਖੀਰ ਇਹ ਸਿਰੇ ਚੜ੍ਹ ਗਿਆ ਹੈ। ਆਰ.ਸੀ.ਈ.ਪੀ. ਤਹਿਤ ਇਹ ਸਾਰੇ ਮੁਲਕ ਇਕ-ਦੂਜੇ ਲਈ ਆਪਣੇ ਬਾਜ਼ਾਰ ਖੋਲ੍ਹਣਗੇ। ਸਮਝੌਤੇ ਤਹਿਤ ਇਹ ਮੁਲਕ ਇਕ-ਦੂਜੇ ਨਾਲ ਵਪਾਰ ਕਰਨ ਵੇਲੇ ਟੈਕਸ ਦਰਾਂ ਹੋਰ ਘਟਾਉਣਗੇ। ਅਧਿਕਾਰੀਆਂ ਮੁਤਾਬਕ ਸਮਝੌਤੇ ਵਿਚ ਭਾਰਤ ਲਈ ਦਰ ਖੁੱਲ੍ਹੇ ਰੱਖੇ ਗਏ ਹਨ। ਜ਼ਿਕਰਯੋਗ ਹੈ ਕਿ ਭਾਰਤ ਨੇ ਘਰੇਲੂ ਪੱਧਰ ਉਤੇ ਤਿੱਖੇ ਵਿਰੋਧ ਕਾਰਨ ਇਸ ਸਮਝੌਤੇ ਤੋਂ ਹੱਥ ਪਿਛਾਂਹ ਖਿੱਚ ਲਏ ਸਨ। ਭਾਰਤੀ ਬਾਜ਼ਾਰ ਨੂੰ ਬਾਹਰਲੇ ਮੁਲਕਾਂ ਲਈ ਖੋਲ੍ਹੇ ਜਾਣ ਦਾ ਕਈ ਨੁਕਤਿਆਂ ਤੋਂ ਵਿਰੋਧ ਹੋਇਆ ਸੀ। ਸੰਕੇਤਕ ਤੌਰ ਉਤੇ ਇਸ ਸਮਝੌਤੇ ਦੇ ਕਈ ਵੱਡੇ ਅਸਰ ਹੋਣਗੇ।
ਏਸ਼ਿਆਈ ਖਿੱਤਾ ਕਈ ਮੁਲਕਾਂ ਦੇ ਤਾਲਮੇਲ ਨਾਲ ਮੁਕਤ ਵਪਾਰ ਲਈ ਯਤਨ ਕਰ ਰਿਹਾ ਹੈ ਤੇ ਇਸ ਨੂੰ ਭਵਿੱਖੀ ਖੁਸ਼ਹਾਲੀ ਦੇ ਫਾਰਮੂਲੇ ਵਜੋਂ ਦੇਖਿਆ ਜਾ ਰਿਹਾ ਹੈ। ਆਰ.ਸੀ.ਈ.ਪੀ. ਦੀ ਬੈਠਕ ਤੋਂ ਪਹਿਲਾਂ ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਕਿ ਉਨ੍ਹਾਂ ਦਾ ਮੁਲਕ ਆਜ਼ਾਦ ਤੇ ਨਿਰਪੱਖ ਆਰਥਿਕ ਜ਼ੋਨ ਦੀ ਮਜ਼ਬੂਤੀ ਨਾਲ ਹਮਾਇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਭਾਰਤ ਵੀ ਵਿਚਾਰ ਕਰੇਗਾ ਤੇ ਹੋਰ ਮੁਲਕ ਵੀ ਸ਼ਾਮਲ ਹੋਣਗੇ। ਮਾਹਿਰਾਂ ਮੁਤਾਬਕ ਇਸ ਸਮਝੌਤੇ ਤੋਂ ਚੀਨ ਨੂੰ ਕਾਫੀ ਲਾਹਾ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਇਹ ਵੱਡਾ ਬਾਜ਼ਾਰ ਹੈ। ਸਮਝੌਤੇ ਰਾਹੀਂ ਚੀਨ ਨੂੰ ਖੁਦ ਨੂੰ ‘ਵਿਸ਼ਵੀਕਰਨ ਤੇ ਬਹੁਪੱਖੀ ਸਹਿਯੋਗ’ ਦੇ ਚੈਂਪੀਅਨ ਵਜੋਂ ਪੇਸ਼ ਕਰਨ ਦਾ ਮੌਕਾ ਵੀ ਮਿਲੇਗਾ। ਇਸ ਨਾਲ ਚੀਨ ਦਾ ਖੇਤਰੀ ਵਪਾਰ ਉਤੇ ਰਸੂਖ ਵਧੇਗਾ। ਅਮਰੀਕਾ ਦੇ ਇਸ ਸਮਝੌਤੇ ਦਾ ਹਿੱਸਾ ਬਣਨ ਬਾਰੇ ਹਾਲੇ ਪੱਕੇ ਤੌਰ ਉਤੇ ਕੁਝ ਨਹੀਂ ਕਿਹਾ ਜਾ ਸਕਦਾ।
______________________________________
ਭਾਰਤ ਨੇ ਆਸੀਆਨ ਮੁਲਕਾਂ ਨੂੰ ਕੀਤਾ ਚੌਕਸ
ਨਵੀਂ ਦਿੱਲੀ: ਵਿਦੇਸ਼ ਮੰਤਰੀ ਐਸ਼ ਜੈਸ਼ੰਕਰ ਨੇ ਚੀਨ ਨਾਲ ਵਪਾਰ ਸਮਝੌਤਾ ਕਰਨ ਵਾਲੇ ਆਸੀਆਨ ਮੁਲਕਾਂ ਨੂੰ ਗੁਆਂਢੀ ਮੁਲਕ ਦੀ ਵਿਸਤਾਰਵਾਦੀ ਨੀਤੀ ਬਾਰੇ ਚੌਕਸ ਕੀਤਾ ਹੈ। ਜ਼ਿਕਰਯੋਗ ਹੈ ਕਿ ਭਾਰਤ ਇਸ ਸਮਝੌਤੇ ਤੋਂ ਬਾਹਰ ਹੈ। ਜੈਸ਼ੰਕਰ ਨੇ ਭਾਰਤੀ ਨੁਮਾਇੰਦੇ ਵਜੋਂ ਪੂਰਬੀ ਏਸ਼ੀਆ ਸਿਖਰ ਸੰਮੇਲਨ (ਆਸੀਆਨ ਦਾ ਮੁੱਖ ਸੰਮੇਲਨ) ਵਿਚ ਸ਼ਿਰਕਤ ਕਰਦਿਆਂ ਇਸ ਬਾਰੇ ਜ਼ਿਕਰ ਕੀਤਾ। ਇਸ ਮੌਕੇ ਭਾਰਤ ਨੇ ਛੇ ਖੇਤਰੀ ਭਾਈਵਾਲਾਂ, ਅਮਰੀਕਾ ਤੇ ਰੂਸ ਨਾਲ ਨੀਤੀ ਨਿਰਧਾਰਨ ਬਾਰੇ ਤਾਲਮੇਲ ਕੀਤਾ।