ਨਿੱਕੀਆਂ ਵੱਡੀਆਂ ਧਰਤੀਆਂ

ਕੈਨੇਡਾ ਵੱਸਦੇ ਪੰਜਾਬੀ ਅਦੀਬ ਇਕਬਾਲ ਰਾਮੂਵਾਲੀਆ ਨੇ ਬਾਪ-ਬੇਟੀ ਦੀ ਆਪਸੀ ਗੱਲਬਾਤ ਉਤੇ ਆਪਣੀ ਇਹ ਕਹਾਣੀ ‘ਨਿੱਕੀਆਂ ਵੱਡੀਆਂ ਧਰਤੀਆਂ’ ਉਸਾਰੀ ਹੈ। ਦੋਹਾਂ ਵਿਚਕਾਰ ਗੱਲਬਾਤ ਜਿੰਨੀ ਸਾਧਾਰਨ ਹੈ, ਇਸ ਦਾ ਸੁਨੇਹਾ ਉਤਨਾ ਹੀ ਅਸਾਧਾਰਨ ਹੈ। ਇਹ ਕਹਾਣੀ ਅਸਲ ਵਿਚ ਬੰਦੇ ਨਾਲ ਜੁੜੇ ਸਰੋਕਾਰਾਂ ਨੂੰ ਇਕ ਤਰਤੀਬ ਵਿਚ ਬੰਨ੍ਹਣ ਦੀ ਕਵਾਇਦ ਹੈ। ਪੰਛੀਆਂ ਅਤੇ ਪੌਣ-ਪਾਣੀ ਲਈ ਫਿਕਰ ਤੋਂ ਭਲਾ ਕੌਣ ਇਨਕਾਰੀ ਹੋ ਸਕਦਾ ਹੈ, ਪਰ ਇਸ ਦਾ ਕੀ ਕੋਈ ਮਤਲਬ ਹੈ, ਜੇ ਇਸ ਫਿਕਰ ਵਿਚ ਮਾਰੇ ਤੇ ਬਰਬਾਦ ਕੀਤੇ ਜਾ ਰਹੇ ਬੰਦੇ ਦਾ ਫਿਕਰ ਸ਼ਾਮਲ ਨਹੀਂ? ਇਕਬਾਲ ਨੇ ਇਹ ਸਵਾਲ ਬਹੁਤ ਸਹਿਜ ਨਾਲ ਆਪਣੀ ਇਸ ਕਹਾਣੀ ਦੇ ਜ਼ਰੀਏ ਕੀਤਾ ਹੈ। ਉਂਜ, ਪਾਠਕ ਦੇ ਜ਼ਿਹਨ ਉਪਰ ਇਹ ਸਵਾਲ ਐਨ ਉਸੇ ਤਰ੍ਹਾਂ ਡਿਗਦਾ ਹੈ ਜਿਸ ਤਰ੍ਹਾਂ ਕਹਾਣੀ ਵਿਚ ਬਗਦਾਦ ਉਤੇ ਬਾਰੂਦ ਡਿਗ ਰਿਹਾ ਹੈ। -ਸੰਪਾਦਕ

ਇਕਬਾਲ ਰਾਮੂਵਾਲੀਆ, ਟੋਰਾਂਟੋ
ਫੋਨ: 905-792-7357
ਛੇ ਮਹੀਨਿਆਂ ਤੋਂ ਕਿੰਨੂੰ ਬਹੁਤ ਸਵਖ਼ਤੇ ਉਠਣ ਲੱਗ ਪਈ ਸੀ। ਉਸ ਦੀ ਅੱਠਵੀਂ ਵਾਲੀ ਟੀਚਰ ਮਿਜ਼ ਹਾਲੈਂਡ ਨੇ ਬੱਜੀ ਬਰਡਜ਼ (ਨਿੱਕ-ਅਕਾਰੀ ਤੋਤਿਆਂ) ਦਾ ਜੋੜਾ ਕਿੰਨੂੰ ਦੇ ਹਵਾਲੇ ਕਰਨ ਵੇਲ਼ੇ ਹਦਾਇਤ ਕੀਤੀ ਸੀ, ਸਕੂਲ ਆਉਣ ਤੋਂ ਪਹਿਲਾਂ, ਵਿੱਠਾਂ ਨੂੰ ਤੇ ਰਾਤ ਨੂੰ ਗਿਰ ਗਏ ਖੰਭਾਂ ਨੂੰ ਪਿੰਜਰੇ ‘ਚੋਂ ਬਾਹਰ ਕੱਢਣੈਂ, ਕਿੰਨੂੰ ਅਤੇ ਪਿੰਜਰੇ ਦੀਆਂ ਤਾਰਾਂ ਨੂੰ ਗਿੱਲੀ ਲੀਰ ਨਾਲ ਰਗੜ-ਰਗੜ ਕੇ ਸਾਫ਼ ਕਰਨੈਂ। ਪਿੰਜਰੇ ਦੇ ਅੰਦਰ ਤਾਰਾਂ ‘ਚ ਫਸਾ ਕੇ ਲਟਕਾਈ ਪਾਣੀ ਵਾਲੀ ਪਿਆਲੀ ਨੂੰ ਤੇ ਪਿੰਜਰੇ ਦੇ ਫ਼ਰਸ਼ ਉਤੇ ਰੱਖੀ ਬਰਡ-ਫ਼ੀਡ ਵਾਲੀ ਕੌਲੀ ਨੂੰ ਦੁਬਾਰਾ ਭਰਨ ਤੋਂ ਪਹਿਲਾਂ ਡਿਟੋਲ ਨਾਲ ਧੋਣੈਂ: ਇਨਫ਼ੈਕਸ਼ਨ ਪੰਛੀਆਂ ਦੇ ਅੰਦਰ ਇਨ੍ਹਾਂ ਬਰਤਨਾਂ ‘ਚੋਂ ਈ ਪਹੁੰਚਦੀ ਹੈ। ਪਿੰਜਰੇ ਅੰਦਰ ਲਟਕਾਏ ਸ਼ੀਸ਼ੇ ਉਪਰ ਬੱਜੀਆਂ ਵੱਲੋਂ ਮਾਰੀਆਂ ਚੁੰਝਾਂ ਕਾਰਨ ਜਿਹੜਾ ਮੁਆਦ (ਤਰਲ ਰਸ) ਨਿੱਕਲ਼ਦੈ, ਉਹ ਜੇ ਸਾਫ਼ ਨਾ ਕਰੀਏ ਤਾਂ ਪਿੰਜਰੇ ‘ਚ ਮੁਸ਼ਕ ਉਭਰ ਆਉਂਦੈ ਤੇ ਪੰਛੀਆਂ ਦੇ ਬੀਮਾਰ ਹੋਣ ਦਾ ਖ਼ਤਰਾ ਵਧ ਜਾਂਦੈ।
ਮੰਮੀ ਜੀ, ਡੈਡੀ ਨੂੰ ਕਹਿੰਦੇ ਸਨ, ਮਿਜ਼ ਹਾਲੈਂਡ ਦਾ ਧੰਨਵਾਦ ਕਰੋ ਕਿਸੇ ਦਿਨ; ਹੁਣ ਤਾਂ ਬੱਜੀਆਂ ਨਾਲ ਖੇਡਦੀ ਰਹਿੰਦੀ ਐ ਕਿੰਨੂੰ ਸਵੇਰੇ ਤੇ ਆਥਣੇ; ਜੀ ਪਰਚਿਆ ਰਹਿੰਦੈ ਏਹਦਾ!
ਪਰ ਹਾਲੇ ਤਾਂ ਦੋ ਹਫ਼ਤੇ ਵੀ ਨਹੀਂ ਸੀ ਹੋਏ ਬੱਜੀ ਆਇਆਂ ਨੂੰ ਕਿ ਕਿੰਨੂੰ ਆਖ ਰਹੀ ਸੀ: ਮੰਮੀ, ਇਨ੍ਹਾਂ ਨੂੰ ਵਾਪਿਸ ਕਰ ਦੀਏ, ਮਿਜ਼ ਹਾਲੈਂਡ ਨੂੰ!
ਹੈਂਅ? ਮੰਮੀ ਦੇ ਹੱਥੋਂ ਚਾਹ ਦਾ ਪਿਆਲਾ ਡਗਮਗਾ ਗਿਆ ਸੀ।
ਕਿੰਨੂੰ ਦੇ ਨੱਕ ਵਿਚੋਂ ਸੰਘਣੀ ਨਮੀ ਸਿੰਮਣ ਲੱਗ ਪਈ ਸੀ।
ਮੈਂ ਤਾਂ ਇਨ੍ਹਾਂ ਦੇ ਉਦਾਲ਼ੇ ਈ ਘੁੰਮਦੀ ਰਹਿੰਦੀ ਆਂ ਸਵੇਰੇ-ਆਥਣੇ! ਉਹ ਢਿਲ਼ਕੇ ਹੋਏ ਬੁੱਲ੍ਹਾਂ ਨਾਲ ਆਪਣੇ ਸਿਰ ਨੂੰ ਸੱਜੇ-ਖੱਬੇ ਫੇਰਨ ਲੱਗ ਪਈ ਸੀ। ਇਨ੍ਹਾਂ ਨੂੰ ਲੋਰੀਆਂ ਦਿੰਦੀ ਆਂ; ਪਿੰਜਰੇ ਦੀ ਸਫ਼ਾਈ ਕਰਦੀ ਆਂ; ਇਨ੍ਹਾਂ ਨੂੰ ਤਾਜ਼ੇ ਪਾਲਕ ਦੇ ਪੱਤੇ ਖੁਆਉਂਦੀ ਆਂ ਬੈਕਯਾਰਡ ‘ਚੋਂ ਤੋੜ ਕੇ; ਇਨ੍ਹਾਂ ਨੂੰ ਗਾਣੇ ਸੁਣਾਉਂਦੀ ਆਂ।
ਉਹ ਤਾਂ ਮੈਂ ਦੇਖਦੀ ਈ ਆਂ ਹਰ ਰੋਜ਼।
ਪਰæææ ਤੇ ਕਿੰਨੂੰ ਦਾ ਸਿਰ ਖੱਬੇ-ਸੱਜੇ ਹਿੱਲਣ ਲੱਗ ਪਿਆ ਸੀ।
ਕਿੰਨੂੰ ਦੇ ‘ਪਰæææ’ ਬਾਰੇ ਸੋਚਦੀ ਹੋਈ ਮੰਮੀ ਆਪਣੀਆਂ ਅੱਖਾਂ ਨੂੰ ਸੁੰਗੇੜ ਕੇ ਉਸ ਦੇ ਚਿਹਰੇ ਵੱਲ ਝਾਕਣ ਲੱਗੀ ਸੀ: ਦਿਲ ਭਰ ਗਿਆ ਬੱਜੀਆਂ ਤੋਂ ਐਡੀ ਛੇਤੀ, ਕਿੰਨੂੰ?
ਦਿਲ ਨੀ ਭਰਿਆ, ਮਾਮ!
ਹੋਰ ਕੀ ਹੋ ਗਿਆ ਫ਼ਿਰ ਦਸਾਂ ਦਿਨਾਂ ‘ਚ ਈ?
ਜਦੋਂ ਮੈਂ ਪਿੰਜਰੇ ਦੇ ਅੰਦਰ ਹੱਥ ਲਿਜਾਂਦੀ ਆਂ ਮਾਮ, ਇਹ ਤਾਂ ‘ਫੁਰਕ’ ਦੇਣੇ ਪਰਲੇ ਪਾਸੇ ਵੱਲ ਨੂੰ ਉਡ ਜਾਂਦੇ ਐ, ਨਹੁੰਦਰਾਂ ਫਸਾ ਕੇ ਬੈਠ ਜਾਂਦੇ ਐ ਤਾਰਾਂ ‘ਚ, ਜਿਵੇਂ ਮੈਂ ਇਨ੍ਹਾਂ ਨੂੰ ਮਾਰਨ ਲੱਗੀ ਹੋਵਾਂ!
ਅੱਛਾ? ਮੰਮੀ ਦਾ ਚਿਹਰਾ ਲਮਕ ਗਿਆ ਸੀ। ਪਰ ਐਨੀ ਛੇਤੀ ਇਨ੍ਹਾਂ ਨੂੰ ਵਾਪਿਸ ਕਰਨਾ ਵੀ ਠੀਕ ਨੀ ਲਗਦਾ, ਕਿੰਨੂੰ।
ਇੱਕ ਹੋਰ ਗੱਲ ਆਉਂਦੀ ਐ ਮੇਰੇ ਦਿਮਾਗ਼ ‘ਚ, ਮਾਮ!
ਮੰਮੀ ਨੇ ਚਾਹ ਦੀ ਘੁੱਟ ਅੰਦਰ ਲੰਘਾ ਕੇ ਆਪਣੀਆਂ ਅੱਖਾਂ ਕਿੰਨੂੰ ਦੇ ਚਿਹਰੇ ਵੱਲ ਮੋੜ ਲਈਆਂ ਸਨ।
ਇਹ ਸਾਰੀ ਦਿਹਾੜੀ ਇਕੱਲੇ ਈ ਰਹਿ ਜਾਂਦੇ ਐ, ਮੇਰੇ ਕਮਰੇ ‘ਚ। ਦਿਨ ਵੇਲੇ ਤੁਸੀਂ ਇਨ੍ਹਾਂ ਦੇ ਪਿੰਜਰੇ ਨੂੰ ਐਥੇ ਲੈ ਆਇਆ ਕਰੋ, ਫ਼ੈਮਿਲੀ ਰੂਮ ‘ਚ। ਔਥੇ ਟੀ ਵੀ ਦੇ ਲਾਗੇ ਰੱਖ ਦਿਆ ਕਰੋ ਪਿੰਜਰੇ ਨੂੰ ਤੇ ਹਲਕੇ ਹਲਕੇ ਮਿਊਜ਼ਕ ਵਾਲਾ ਕੋਈ ਚੈਨਲ ਲਾ ਦਿਆ ਕਰੋ।
ਛੇ ਕੁ ਹਫ਼ਤੇ ਹੋ ਗਏ ਸਨ ਬੱਜੀਆਂ ਨੂੰ ਕਿੰਨੂੰ ਦੇ ਬੈਡਰੂਮ ‘ਚ ਆਇਆਂ, ਤੇ ਹੁਣ ਬਹੁਤ ਕੁਝ ਪਹਿਲੇ ਹਫ਼ਤੇ ਨਾਲ਼ੋਂ ਵੱਖਰੀ ਤਰ੍ਹਾਂ ਵਾਪਰਨ ਲੱਗ ਪਿਆ ਸੀ: ਸਕੂਲ ਖ਼ਤਮ ਕਰ ਕੇ, ਕਿੰਨੂੰ ਜਿਉਂ ਹੀ ਘਰ ‘ਚ ਦਾਖ਼ਲ ਹੋਣ ਲਈ ਦਰਵਾਜ਼ਾ ਖੋਲ੍ਹਦੀ, ਲਿਵਿੰਗ ਰੂਮ ‘ਚ ਟੀ ਵੀ ਦੇ ਲਾਗੇ ਟਿਕਾਏ ਪਿੰਜਰੇ ‘ਚ ਕਿਚਰ-ਕੂੰ, ਕਿਚਰ-ਕੂੰ ਤੇ ਚਿਰੜ-ਚਿਰੜ ਦਾ ਸ਼ੋਰ ਮੱਚ ਉਠਦਾ ਹੈ ਜਿਵੇਂ ਕਈ ਨਿਆਣੇ ਨਿੱਕੀਆਂ ਨਿੱਕੀਆਂ ਤੂੰਬੀਆਂ ਦੀਆਂ ਤਾਰਾਂ ਉਪਰ ਚਮਚੇ ਮਾਰ ਰਹੇ ਹੋਣ।
ਇਨ੍ਹਾਂ ਸ਼ਰਾਰਤੀਆਂ ਨੂੰ ਮੇਰੀ ਸਮੈਲ ਆ ਜਾਂਦੀ ਐ ਅੰਦਰ ਵੜਦੀ ਦੀ, ਤੇਜ਼-ਕਦਮੀਂ ਫ਼ੈਮਿਲੀ ਰੂਮ ਵੱਲ ਨੂੰ ਜਾਂਦਿਆਂ ਕਿੰਨੂੰ ਸੋਚਣ ਲੱਗਦੀ।
ਫ਼ੈਮਿਲੀ ਰੂਮ ‘ਚ ਵੜਦਿਆਂ ਕਿੰਨੂੰ ਆਪਣਾ ਬੈਕਪੈਕ ਸੋਫ਼ੇ ਉਪਰ ਸੁੱਟਦੀ, ਦੋਵੇਂ ਬੱਜੀ ਚਿਕਣ-ਚਿਕਣ, ਗਟੂੰ-ਗਟੂੰ ਨਾਲ ਪਿੰਜਰੇ ਨੂੰ ਹਿੱਲਣ ਲਾ ਦਿੰਦੇ: ਉਹ ਕਦੇ ਪਿੰਜਰੇ ਦੀ ਐਸ ਕੰਧ ਵੱਲੀਂ ਉਡਦੇ ਤੇ ਕਦੀ ਔਸ ਵੱਲੀਂ। ਅਗਲੇ ਪਲੀਂ ਉਹ ਪਿੰਜਰੇ ‘ਚ ਟੰਗੇ ਸ਼ੀਸ਼ੇ ਉਪਰ ਚੁੰਝਾਂ ਘਸਾਉਂਦੇ ਹੋਏ ਖੰਭ ਫੜਕਾ ਰਹੇ ਹੁੰਦੇ। ਡੰਡਿਆਂ ਤੋਂ ਉਠ ਕੇ ਤਾਰਾਂ ਵੱਲ ਨੂੰ; ਤਾਰਾਂ ਤੋਂ ਪਿੰਜਰੇ ਦੇ ਫ਼ਰਸ਼ ਵੱਲ ਨੂੰ; ਤੇ ਫਰਸ਼ ਤੋਂ ਸ਼ੀਸ਼ੇ ਵੱਲ ਨੂੰ-ਜਿਵੇਂ ਬਾਹਰ ਨਿਕਲਣ ਲਈ ਤਾਰਾਂ ਨੂੰ ਤੋੜ ਦੇਣਾ ਚਾਹੁੰਦੇ ਹੋਣ।
‘ਓ ਮਾਈ ਬੇਬੀਜ਼’ ਆਖ ਕੇ ਕਿੰਨੂੰ ਪਿੰਜਰੇ ਦਾ ਬੂਹਾ ਖੋਲ੍ਹਦੀ ਤਾਂ ਇੱਕ ਦੂਜੇ ਨੂੰ ਧੱਕੇ ਮਾਰਦੇ ਹੋਏ ਦੋਵੇਂ ਪੰਛੀ ਕਿੰਨੂੰ ਦੇ ਹੱਥਾਂ ਉਤੇ ਬੈਠੇ ਹੁੰਦੇ, ਲਗਾਤਾਰ ਖੰਭ ਫ਼ੜਕਾਉਂਦੇ ਹੋਏ, ਕਾਹਲ਼ੀ ਕਾਹਲ਼ੀ ਧੌਣਾਂ ਤੇ ਚੁੰਝਾਂ ਨੂੰ ਖੱਬੇ-ਸੱਜੇ, ਉਪਰ-ਨੀਚੇ ਘੁੰਮਾਉਂਦੇ ਹੋਏ, ਅਤੇ ਵਾਰ-ਵਾਰ ਭੁੜਕਦੇ ਹੋਏ, ਜੀਕਣ ਹੁਣ ਉਹ ਆਪਣੇ ਹੀ ਅੰਦਰੋਂ ਬਾਹਰ ਨਿਕਲਣ ਲਈ ਬੇਚੈਨ ਹੋਵਣ।
ਰਿਲੈਕਸ, ਮਾਈ ਬੇਬੀਜ਼; ਰਿਲੈਕਸ ਨਾਓ! ਕਿੰਨੂੰ ਆਪਣੀਆਂ ਅੱਖਾਂ ਨੂੰ ਤਿੱਖੀਆਂ ਕਰ ਲੈਂਦੀ। ਚੁੱਪ ਕਰਜੋ ਹੁਣ! ਓ ਕੇ? ਉਹ ਬੁੱਲ੍ਹਾਂ ਨੂੰ ਕੰਨਾਂ ਵੱਲ ਨੂੰ ਵਧਾ ਕੇ ਦੰਦ ਕਿਰਚਦੀ।
ਫ਼ਿਰ ਉਹ ਪਿੰਜਰੇ ਨੂੰ ਚੁੱਕ ਕੇ ਆਪਣੇ ਬੈਡਰੂਮ ਵੱਲ ਨੂੰ ਜਾਂਦੀਆਂ ਪੌੜੀਆਂ ਚੜ੍ਹ ਜਾਂਦੀ। ਪਿੰਜਰੇ ਨੂੰ ਟੇਬਲ ਉਪਰ ਟਿਕਾ ਕੇ ਉਹ ਉਸ ਦੇ ਦਰਵਾਜ਼ੇ ਦੀ ਕੁੰਡੀ ਨੂੰ ਉਸ ਦੇ ਲੂਪ ਤੋਂ ਵੱਖ ਕਰਦੀ: ਦੋਵੇਂ ਬੱਜੀ ਛਾਲ਼ ਮਾਰ ਕੇ ਕਿੰਨੂੰ ਦੀਆਂ ਮੂਹਰਲੀਆਂ ਉਂਗਲ਼ਾਂ ਉਪਰ ਜਾ ਬੈਠਦੇ। ਕਿੰਨੂੰ ਆਪਣਾ ਮੂੰਹ ਉਨ੍ਹਾਂ ਦੇ ਨੇੜੇ ਲਿਜਾ ਕੇ, ‘ਓ ਮੇਰੇ ਬੱਚੇ! ਓ ਮੇਰੇ ਮਿਠੜੂ’ ਗੁਣ-ਗੁਣਾਉਂਦੀ। ਦੋਵੇਂ ਪੰਛੀ ਆਪਣੀਆਂ ਚੁੰਞਾਂ ਨੂੰ ਕਿੰਨੂੰ ਦੇ ਬੁੱਲ੍ਹਾਂ ਵੱਲ ਵਧਾ ਦਿੰਦੇ। ਕਿੰਨੂੰ ਦੀ ‘ਮੂਅਚ, ਮੂਅਚ’ ਸੁਣ ਕੇ ਅਗਲੇ ਹੀ ਪਲ ਕਿੰਨੂੰ ਦੀਆਂ ਕਲ਼ਾਈਆਂ ਵੱਲ ਛਾਲ਼ਾਂ ਮਾਰਦੇ ਹੋਏ, ਉਹ ਉਸ ਦੇ ਮੋਢਿਆਂ ਅਤੇ ਸਿਰ ਉਪਰ ਚੜ੍ਹ ਕੇ ਕਿਚਰ-ਕਿਚਰ, ਚੁਰੜ-ਚੁਰੜ ‘ਚ ਮਸਤ ਹੋ ਜਾਂਦੇ।
ਬੀਤੇ ਤਿੰਨ ਹਫ਼ਤਿਆਂ ਤੋਂ ਕਿੰਨੂੰ ਆਪਣਾ ਹੋਮਵਰਕ ਡਾਈਨਿੰਗ ਟੇਬਲ ਉਪਰ ਬੈਠ ਕੇ ਕਰਨ ਤੋਂ ਹਟ ਗਈ ਹੈ। ਉਹਨੇ ਮੰਮੀ ਨੂੰ ਕਹਿ ਕੇ ਆਪਣੇ ਲਈ ਇੱਕ ਸਟਡੀ-ਡੈਸਕ ਆਪਣੇ ਬੈਡਰੂਮ ਵਿਚ ਹੀ ਲਗਵਾ ਲਿਆ ਹੈ। ਡੈਡੀ ਨੇ ਕੰਮ ਤੋਂ ਚਾਰ-ਸਾਢੇ ਚਾਰ ਵਜੇ ਪਰਤਣਾ ਹੁੰਦਾ ਹੈ। ਕਿੰਨੂੰ ਆਪਣੇ ਕਮਰੇ ਦਾ ਬੂਹਾ ਸਾਢੇ ਤਿੰਨ ਵਜੇ ਹੀ ਭੇੜ ਲੈਂਦੀ ਹੈ। ਜਦੋਂ ਤੀਕ ਡੈਡੀ ਆਪਣੇ ਬੈਡ ਰੂਮ ਵਿਚ ਨਹੀਂ ਚਲੇ ਜਾਂਦੇ, ਕਿੰਨੂੰ ਵਾਸ਼ਰੂਮ ਜਾਣ ਲਈ ਵੀ ਬੂਹਾ ਨਹੀਂ ਖੋਲ੍ਹਦੀ। ਡੈਡੀ ਨਾਲ ਅਚਾਨਕ ਮੇਲ ਕਿਤੇ ਹੋ ਵੀ ਜਾਵੇ ਤਾਂ ‘ਹਾਏ ਡੈਡ’ ਕਹਿ ਕੇ ਉਹ ਪੌੜੀਆ ਚੜ੍ਹ ਜਾਂਦੀ ਹੈ।
ਪੰਜ ਸਾਲ ਪਹਿਲਾਂ ਜਦੋਂ ਕਿੰਨੂੰ ਤੀਜੀ ਜਮਾਤ ਦੇ ਆਖ਼ਰੀ ਡੰਡੇ ਉਪਰ ਸੀ, ਤਾਂ ਘਰ ‘ਚ ਵਾਪਰ ਰਿਹਾ ਸਭ ਹੁਣ ਨਾਲ਼ੋਂ ਬਹੁਤ ਹੀ ਵੱਖਰਾ ਸੀ: ਸਟੀਅਰਿੰਗ ਦੇ ਪਿਛਾੜੀ ਬੈਠੇ ਡੈਡ ਹੁਣ ਵਾਂਙੂੰ ਹੀ ਸਾਰੀ ਦਿਹਾੜੀ ਟੋਰਾਂਟੋ ਦੀਆਂ ਸੜਕਾਂ ਨੂੰ ਆਪਣੀ ਟੈਕਸੀ ਦੇ ਟਾਇਰਾਂ ਉਦਾਲ਼ੇ ਲਪੇਟਦੇ। ਸਵਾਰੀ ਚੁੱਕਣ ਦਾ ਆਰਡਰ ਮਗਰੋਂ ਮਿਲ਼ਦਾ, ਗੀਅਰ ਸ਼ਾਫ਼ਟ ਵੱਲ ਉਨ੍ਹਾਂ ਦਾ ਹੱਥ ਪਹਿਲਾਂ ਵਧਿਆ ਹੁੰਦਾ। ਹਾਈਵੇ ਉਪਰ ਭੁੱਖੀ ਮੱਛੀ ਵਾਂਗ ਕਦੇ ਸੱਜੀ ਲੇਨ ‘ਚ ਤੇ ਕਦੀ ਖੱਬੀ ‘ਚ ਝਕਾਨੀਆਂ ਦਿੰਦੀ ਹੋਈ ਡੈਡੀ ਦੀ ਟੈਕਸੀ, ਮਾਰੋ-ਮਾਰ ਭਜਦੀਆਂ ਬਾਕੀ ਕਾਰਾਂ, ਵੈਨਾਂ ਤੇ ਟਰੱਕਾਂ ਨੂੰ ਖਿੱਚ-ਖਿੱਚ ਕੇ ਪਿੱਛੇ ਧਕਦੀ ਜਾਂਦੀ। ਸ਼ਾਮੀ ਚਾਰ ਵਜੇ ਤੋਂ ਪਹਿਲਾਂ ਉਹ ਉਨ੍ਹਾਂ ਦੇ ਘਰ ਦੇ ਨੇੜੇ ਆ ਕੇ ਧੀਮੀ ਚਾਲ ‘ਚ ਹੋ ਜਾਂਦੀ-ਟਿਕਾਣੇ ਦੇ ਐਨ ਨੇੜੇ ਪਹੁੰਚ ਰਹੇ, ਥੱਕੇ ਹੋਏ ਘੋੜੇ ਵਾਂਙੂੰ।
ਗੱਡੀ ‘ਚੋਂ ਉਤਰਨ ਸਾਰ ਹੀ ਉਨ੍ਹਾਂ ਦੇ ਬੂਟਾਂ ਵਿਚ ਘਰ ਅੰਦਰ ਦਾਖ਼ਲ ਹੋਣ ਦੀ ਕਾਹਲ਼ ਭਰ ਜਾਂਦੀ: ਉਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਫ਼ੈਮਿਲੀ ਰੂਮ ਵਿਚ, ਜੱਤਲ਼ ਕੁੱਤੇ ਨਾਲ ਖੇਡ ਰਹੀ ਕਿੰਨੂੰ ਉਨ੍ਹਾਂ ਤੋਂ ਪੁੱਛਣ ਲਈ, ਕਿੰਨੇ ਹੀ ਸਵਾਲ ਤਿਆਰ ਕਰੀ ਬੈਠੀ ਹੋਵੇਗੀ। ਇਸੇ ਲਈ ਉਹ ਆਪਣੀਆਂ ਚਾਬੀਆਂ ਨੂੰ ਫ਼ਰਿੱਜ ਦੇ ਨਜ਼ਦੀਕ, ਥਮਲੇ ਉਪਰ ਜੜੇ ਕੀ-ਹੋਲਡਰ ਉਤੇ ਟੁੰਗ ਕੇ, ਲਿਵਿੰਗ ਰੂਮ ‘ਚ ਸੋਫ਼ੇ ਉਪਰ ਜਾ ਬੈਠਦੇ।
‘ਹਾਏ, ਡੈਡ’ ਆਖ ਕੇ ਕਿੰਨੂੰ ਆਪਣਾ ਬਾਲੜਾ ਜਿਹਾ ਅੰਗੂਠਾ ਟੀ ਵੀ ਰੀਮੋਟ ਦੇ ‘ਪਾਵਰ ਆਫ਼’ ਬਟਨ ਉਪਰ ਦਬਾ ਦਿੰਦੀ।
ਉਸ ਦਿਨ ਵੀ ਉਹ ਉਸੇ ਜੱਤਲ਼ ਕੁੱਤੇ ਦੇ ਕੰਨਾਂ ਨੂੰ ਸੱਜੇ-ਖੱਬੇ ਖਿਚਦੀ ਹੋਈ ਕਹਿ ਰਹੀ ਸੀ: ਹਾਏ, ਮਾਈ ਟਾਮੀ! ਆਰ ਯੂ ਹੰਗਰੀ, ਸਵੀਟੀ? ਫ਼ਿਰ ਉਸ ਨੇ ਕੁੱਤੇ ਦੀ ਠੋਡੀ ਨੂੰ ਆਪਣੇ ਹੱਥ ਨਾਲ ਉਪਰੋਂ ਹੇਠਾਂ ਵੱਲ ਹਿਲਾ ਕੇ ਉਸ ਤੋਂ ‘ਹਾਂ’ ਅਖਵਾ ਲਿਆ। ਪਰ ਹੁਣ ਤੋਂ ਬਾਅਦ ਤੈਨੂੰ ਹੱਡੀਆਂ ਨੀ ਮਿਲਣੀਆਂ, ਟਾਮੀ! ਉਹ ਆਪਣੀ ਪਹਿਲੀ ਉਂਗਲ਼ ਨੂੰ ਮੁੱਠੀ ਵਿਚੋਂ ਸਿੱਧੀ ਕਰ ਕੇ ਜੱਤਲ਼ ਨੂੰ ਤਾੜਨ ਲੱਗੀ। ਮੀਟ ਨੀ ਖਾਈਦਾ! ਓ ਕੇ?
ਹੁਣ ਉਹ ਕੁੱਤੇ ਦੀ ਬੂਥੀ ਨੂੰ ਆਪਣੇ ਮੂੰਹ ਨਾਲ ਸੱਜੇ-ਖੱਬੇ ਥਪੇੜਨ ਲੱਗੀ, ਤੇ ਉਸ ਦੀ ਜੱਤ ਨੂੰ ਆਪਣੀਆਂ ਪਤਲੀਆਂ-ਪਤਲੀਆਂ ਉਂਗਲ਼ਾਂ ਨਾਲ ਕੰਘੀ ਕਰਨ ਲੱਗੀ ਸੀ। ਫ਼ਿਰ ਅਚਾਨਕ ਹੀ ਉਸ ਨੇ ਆਪਣੇ ਬੁੱਲ੍ਹਾਂ ਨੂੰ ਮਰੋੜ ਕੇ ਉਨ੍ਹਾਂ ਨੂੰ ਹੇਠਾਂ ਵੱਲ ਨੂੰ ਲਟਕਾ ਲਿਆ ਸੀ।
ਆਈ ਵਾਨ ਅ ਰੀਅਲ ਡਾਗੀ, ਡੈਡ!
ਮੈਨੂੰ ਤਾਂ ਹਾ ਵੀ ਸੱਚੀਂ-ਮੁੱਚੀਂ ਦਾ ਈ ਲਗਦੈ, ਕਿੰਨੂੰ! ਡੈਡੀ ਆਪਣੀਆਂ ਮੁੱਛਾਂ ਉਪਰ ਉਂਗਲ਼ਾਂ ਫੇਰਦੇ ਬੋਲੇ। ਪਤਾ ਤੈਨੂੰ ਕੀ ਹੋਇਆ ਸੀ ਜਦੋਂ ਮੈਂ ਐਸ ਡਾਗੀ ਨੂੰ ਪਹਿਲੀ ਵਾਰ ਦੇਖਿਆ ਸੀ?
ਨਹੀਂ, ਡੈਡ! ਕਿੰਨੂੰ ਨੇ ਆਪਣੇ ਸਿਰ ਨੂੰ ਖੱਬੇ ਸੱਜੇ ਝਟਕਿਆ।
ਲੈ ਸੁਣ ਲੈ ਫ਼ੇ, ਡੈਡੀ ਆਪਣੇ ਬੁੱਲ੍ਹਾਂ ਨੂੰ ਬਾਹਰ ਵੱਲ ਨੂੰ ਖਿਲਾਰਦਿਆਂ ਬੋਲੇ। ਓਦੇਂ ਵੀ ਮੈਂ ਕੰਮ ਤੋਂ ਸਿੱਧਾ ਕਿਚਨ ‘ਚ ਆਇਆ, ਕਿੰਨੂੰ। ਥਰਮੋਸ ਬੋਤਲ ਨੂੰ ਸਿੰਕ ‘ਚ ਰੱਖ ਕੇ ਜਦੋਂ ਮੈਂ ਐਧਰ ਫ਼ੈਮਿਲੀ ਰੂਮ ਵੱਲ ਝਾਕਿਆ ਤਾਂ ਹਾ ਤੇਰਾ ਜੱਤਲ਼ ਸੋਫ਼ੇ ਦੀ ਲਵ ਸੀਟ ਉਪਰ ਬੈਠਾ ਸੀ। ਇਹਨੂੰ ਦੇਖ ਕੇ ਮੈਂ ਤ੍ਰਭਕ ਗਿਆ। ਮੈਂ ਤੇਰੀ ਮੰਮੀ ਨੂੰ ਪੁੱਛਿਆ ਪਈ ਆਹ ਕਿੱਥੋਂ ਲਿਆਂਦਾ? ਉਹ ਕਹਿਣ ਲੱਗੀ, ਗਵਾਂਢੀਆਂ ਦੇ ਘਰੋਂ ਆ ਵੜਿਆ ਆਪਣੇ ਘਰ! ਮੈਂ ਕਿਹਾ ਸੋਫ਼ੇ ਉਪਰ ਕਿਤੇ ਪਿਸ਼ਾਬ ਨਾ ਕਰ ਦੇਵੇ? ਤੇਰੀ ਮੰਮੀ ਦਾ ਹਾਸਾ ਨਿੱਕਲ਼ ਗਿਆ: ਕਹਿੰਦੀ ਨੇੜੇ ਹੋ ਕੇ ਦੇਖੋ ਜ਼ਰਾ!
ਪਰ ਮੈਂ ਚਾਹੁੰਨੀ ਆਂ ਪਈ ਜੀਂਦਾ ਕੁੱਤਾ ਹੋਵੇ, ਡੈਡ, ਕਿੰਨੂੰ ਜੱਤਲ਼ ਦੀ ਪਿੱਠ ਉਪਰ ਪੋਲੀਆਂ ਪੋਲੀਆਂ ਮੁੱਕੀਆਂ ਮਾਰਦਿਆਂ ਬੋਲੀ। ਬੈਕਯਾਰਡ ‘ਚ ਦੌੜ ਕੇ ਗੇਂਦ ਚੁੱਕਣ ਜਾਵੇ ਗਗਨ ਤੇ ਰਮਨ ਦੇ ਕੁੱਤੇ ਵਾਂਙੂੰ।
ਜੱਤਲ਼ ਨੂੰ ਫ਼ਰਸ਼ ਉਪਰ ਟਿਕਾ ਕੇ ਉਹ ਡੈਡੀ ਵੱਲ ਨੂੰ ਖਿਸਕ ਗਈ ਸੀ, ਤੇ ਆਪਣੇ ਸਿਰ ਨੂੰ ਉਸ ਨੇ ਡੈਡੀ ਦੇ ਮੋਢੇ ਨਾਲ ਜੋੜ ਦਿੱਤਾ ਸੀ। ਡੈਡੀ ਨੇ ਕਿੰਨੂੰ ਦੇ ਗਲ਼ ਉਦਾਲ਼ੇ ਆਪਣੀ ਬਾਂਹ ਵਗਲ਼ ਲਈ, ਪਰ ਕਿੰਨੂੰ ਨੇ ਆਪਣਾ ਸਿਰ ਇੱਕ ਦਮ ਪਰ੍ਹੇ ਨੂੰ ਖਿੱਚ ਲਿਆ ਸੀ।
ਥੋਨੂੰ ਗੱਲ ਕਹਾਂ ਇੱਕ, ਡੈਡ? ਉਹ ਨੱਕ ਨੂੰ ਸੁੰਗੇੜ ਕੇ ਬੋਲੀ ਸੀ।
ਕੀ ਹੋ ਗਿਆ, ਕਿੰਨੂੰਆਂ!
ਕੰਮ ਤੋਂ ਆ ਕੇ ਪਹਿਲਾਂ ਸ਼ਾਵਰ ਲਿਆ ਕਰੋ!
ਪਰ ਅੰਦਰ ਵੜਨ ਸਾਰ ਤਾਂ ਪਹਿਲਾਂ ਮੈਂ ਤੇਰੀਆਂ ਗੱਲਾਂ ਸੁਣਨੀਆਂ ਹੁੰਦੀਐਂ, ਕਿੰਨੂੰ?
ਬੋਅ ਆਉਂਦੀ ਹੁੰਦੀ ਐ ਤੁਹਾਡੇ ਕੱਪੜਿਆਂ ‘ਚੋਂ ਹਰ ਰੋਜ਼ ਈ, ਡੈਡ!
ਸ਼ਰਾਬੀ ਢੋਈਦੇ ਐ ਰਾਤ ਨੂੰ ਰੈਸਟੋਰੈਂਟਾਂ ‘ਚੋਂ, ਕਿੰਨੂੰ! ਡੈਡੀ ਨੇ ਆਪਣੇ ਨੱਕ ਨੂੰ ਆਪਣੇ ਖੱਬੇ ਮੋਢੇ ਵੱਲੀਂ ਗੇੜ ਕੇ ਆਪਣੀ ਕਮੀਜ਼ ਨੂੰ ਸੁੰਘਿਆ। ਸਾਲ਼ੇ ਬੈਠਣ ਸਾਰ ਪਹਿਲਾਂ ਜੇਬ ‘ਚੋਂ ਡੱਬੀ ਤੇ ਲਾਈਟਰ ਕੱਢਦੇ ਐ!
ਕਿੰਨੂੰ ਫ਼ਰਸ਼ ਉਪਰ ਪਏ ਜੱਤਲ਼ ਵੱਲ ਝਾਕਣ ਲੱਗ ਪਈ ਸੀ।
ਦੇਖ ਲੋ, ਡੈਡ, ਬੰਦਿਆਂ ਨਾਲੋਂ ਤਾਂ ਕੁੱਤੇ ਬਿੱਲੀਆਂ ਈ ਸਿਆਣੇ ਐਂ: ਗਗਨ ਦੇ ਕੁੱਤੇ ਨੂੰ ਬੱਸ ਇੱਕ ਵਾਰ ਵਰਜਣ ਦੀ ਲੋੜ ਐæææ ਹਿਊਮਨਜ਼ ਕਿਉਂ ਨੀ ਹਟਦੇ ਸਿਗਰਟਾਂ ਪੀਣੋਂ ਡੈਡ?
ਡੈਡੀ ਹੁਣ ਆਪਣੀਆਂ ਜੁਰਾਬਾਂ ਉਤਾਰਨ ਲੱਗ ਪਏ ਸਨ।
ਕਿੰਨੂੰ ਨੇ ਜੱਤਲ਼ ਨੂੰ ਫ਼ਰਸ਼ ਤੋਂ ਉਠਾਇਆ ਤੇ ਆਪਣੀ ਗੋਦ ਵਿਚ ਬਿਠਾ ਲਿਆ।
ਕਿੰਨੇ ਵਜੇ ਉਠਦੇ ਹੁੰਨੇ ਐਂ, ਡੈਡੀ?
ਪਗੜੀ ਨੂੰ ਉਤਾਰ ਕੇ ਕਾਫ਼ੀ-ਟੇਬਲ ਉਪਰ ਧਰਦਿਆਂ ਡੈਡੀ ਮੁਸਕਰਾਉਣ ਲੱਗ ਪਏ ਸਨ: ਇਹ ਸਵਾਲ ਤਾਂ ਕਿੰਨੂੰ ਹਰ ਚੌਥੇ ਕੁ ਦਿਨ ਈ ਪੁੱਛ ਲੈਂਦੀ ਐਂ!
ਵਿੰਟਰ ਹੋਵੇ ਜਾਂ ਸਮਰ, ਕਿੰਨੂੰ; ਮੈਂ ਤਾਂ ਤੜਕਸਾਰ ਸਾਢੇ ਤਿੰਨ ਵਜੇ ਚਾਹ ਦੀ ਪਤੀਲੀ ਸਟੋਵ ‘ਤੇ ਰੱਖ ਦਿੰਨਾਂ, ਤੇ ਥਰਮੋਸ ਬੋਤਲ ਨੂੰ ਟਰੇਅ ‘ਚੋਂ ਉਠਾਲ਼ ਕੇ ਸਟੋਵ ਦੇ ਨੇੜੇ ਕਰ ਦਿੰਨਾਂ!
ਆਪਣੀ ਉਬਾਸੀ ਨੂੰ ਸੱਜੇ ਹੱਥ ਦੀਆਂ ਉਂਗਲ਼ਾਂ ਨਾਲ ਪਿੱਛੇ ਨੂੰ ਝੱਲ ਕੇ ਡੈਡੀ ਅਗਾੜੀ ਭੰਨਣ ਲੱਗ ਪਏ ਸਨ।
ਐਨੀ ਸਵਖ਼ਤੇ, ਡੈਡ?
ਚਾਰ ਵਜੇ ਆਡਰ ਚੁੱਕਣਾ ਹੁੰਦੈ, ਕਿਰਨਪਾਲ ਜੀ! ਪੱਕਾ ਰਨ ਐ ਏਅਰਪੋਰਟ ਦਾ!
ਕਿੰਨੂੰ ਆਪਣੇ ਮੂੰਹ ਦੀ ਟੂਟੀ ਬਣਾ ਕੇ ਜੱਤਲ਼ ਨੂੰ ਕੁਤਕੁਤਾੜੀਆਂ ਕੱਢਣ ਲੱਗ ਪਈ ਸੀ।
ਕਿੰਨੇ ਡਾਲਰ ਬਣ’ਗੇ ਅੱਜ, ਡੈਡ? ਉਹ ਅਚਾਨਕ ਹੀ ਬੋਲ ਉਠੀ ਸੀ।
ਜਿੰਨੇ ਤੈਨੂੰ ਕਲ੍ਹ ਦੱਸਿਆ ਸੀ, ਉਨ੍ਹਾਂ ‘ਚ ਪੰਦਰਾਂ ਜੋੜ ਲਾ!
ਪਤਾ ਕੀ, ਡੈਡੀ ਜੀ?
ਦੱਸੋ ਜੀ, ਕਿੰਨੂੰ ਜੀ!
ਅੱਜ ਸਕੂਲ ‘ਚ ਪਤਾ ਅਸੀਂ ਕੀ ਕੀਤਾ?
ਕੋਈ ਸ਼ਰਾਰਤ ਤਾਂ ਨੀ ਕਰ’ਤੀ ਟੀਚਰ ਨਾਲ਼? ਡੈਡੀ ਆਪਣੇ ਮੱਥੇ ਉਪਰਲੀ ਚਮੜੀ ਨੂੰ ਸੁੰਗੇੜ ਕੇ, ਟੇਢੀ ਨਜ਼ਰੇ ਕਿੰਨੂੰ ਵੱਲ ਦੇਖਣ ਲੱਗ ਪਏ ਸਨ।
ਨੋਅਪ! ਕਿੰਨੂੰ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਨ ਲੱਗੀ ਸੀ।
ਜਾਂ ਫ਼ਿਰæææ ਅਵਾਰਡ ਜਿੱਤਿਆ ਹੋਊ!
ਨੋਅਪ!
ਹੋਰ ਫ਼ਿਰ ਕੀ ਕੀਤਾ ਸਕੂਲ ‘ਚ ਤੁਸੀਂ?
ਝੰਡੇ ਬਣਾਏ ਸਾਰੇ ਬੱਚਿਆਂ ਨੇ!
ਝੰਡੇ?
ਹਾਂ, ਡੈਡ, ਆਪੋ-ਆਪਣੇ ਦੇਸ਼ਾਂ ਦੇ ਝੰਡੇ!
ਅੱਛਾ? ਡੈਡੀ ਨੇ ਕਾਫ਼ੀ-ਟੇਬਲ ਉਪਰ ਪਏ ਅਖ਼ਬਾਰ ਨੂੰ ਉਠਾ ਲਿਆ ਸੀ।
ਮੈਂ ਪਤਾ ਕੀ ਕੀਤਾ, ਡੈਡ?
ਦੱਸੋ ਜੀ? ਡੈਡੀ, ਅੱਖਾਂ ਨਾਲ, ਅਖ਼ਬਾਰ ਦੀਆਂ ਹੈਡਲਾਈਨਾਂ ਨੂੰ ਸੱਜੇ-ਖੱਬੇ ਗੇੜਦਿਆਂ ਬੋਲੇ ਸਨ।
ਮੈਂ ਤੁਹਾਡੀ ਪਿਕਚਰ ਬਣਾ ਦਿੱਤੀ, ਵੱਡੀ ਸਾਰੀ ਸ਼ੀਟ ‘ਤੇ!
ਸੱਚੀਂ, ਕਿੰਨੂੰ?
ਹਾਂ, ਡੈਡ, ਤੁਹਾਡੀ ਪਿਕਚਰ!
ਵਾਹ ਓ ਤੇਰੇ, ਕਿੰਨੂੰਆਂ!
ਹੋਰ ਪਤਾ ਕੀ ਕੀਤਾ ਮੈਂ, ਡੈਡ?
ਉਹ ਵੀ ਦਸ ਦਿਓ ਜੀ!
ਪੱਗ ਬੰਨ੍ਹ’ਤੀ ਤੁਹਾਡੇ ਸਿਰ ‘ਤੇ!
ਸੱਚੀਂ, ਕਿੰਨੂੰ?
ਤੇ ਹੱਥ ‘ਚ ਤੁਹਾਡੇ ਪਤਾ ਕੀ ਫੜਾ’ਤਾ?
ਤੂੰ ਫੜਾਇਆ ਹੋਊæææ ਫੜਾਇਆ ਹੋਊæææ ਪਤਾ ਨੀ, ਕਿੰਨੂੰ, ਕੀ ਫੜਾ’ਤਾ ਹੋਊ!
ਮੈਂ ਤੁਹਾਡੇ ਹੱਥ ‘ਚ ਫੜਾ’ਤਾ ਤਿਰੰਗਾ ਝੰਡਾ!
ਤਿਰੰਗਾ? ਪਰ ਤੂੰ ਤਾਂ, ਕਮਲੀਏ, ਕੈਨੇਡਾ ‘ਚ ਜੰਮੀ ਐਂ!
ਪਰ ਮੈਂ ਇੰਡੀਅਨ ਵੀ ਆਂ ਡੈਡ, ਇੰਡੀਅਨ!
ਡੈਡੀ ਨੇ ਅਖ਼ਬਾਰ ਦਾ ਸਫ਼ਾ ਪਲ਼ਟ ਲਿਆ ਸੀ।
ਮਿਜ਼ ਹਾਲੈਂਡ ਨੇ ਪਤਾ ਕੀ ਕੀਤਾ ਡੈਡ?
ਗੁੱਸੇ ਹੋਗੀ ਹੋਊ, ਹੋਰ ਕੀ!
ਨਾਅ!
ਡੈਡੀ ਨੈਪਕਿਨ ਨਾਲ ਐਨਕਾਂ ਨੂੰ ਸਾਫ਼ ਕਰਨ ਲੱਗੇ।
ਕਹਿੰਦੀ ਹੋਊ ਦੋਬਾਰਾ ਬਣਾ ਇਕੱਲੇ ਝੰਡੇ ਦੀ ਪਿਕਚਰ!
ਉਹ ਪਿਕਚਰ ਉਹਨੇ ਚਾਕ-ਬੋਰਡ ਉਪਰ ਚਿਪਕਾ’ਤੀ, ਡੈਡ! ਕਿੰਨੂੰ ਦੀਆਂ ਗੱਲ੍ਹਾਂ ‘ਚ ਲਾਲ ਰੰਗ ਦੀ ਹਵਾ ਭਰ ਗਈ ਸੀ।
ਵਾਹ ਬਈ ਵਾਹ!
ਫੇਰ ਪਤਾ ਕੀ ਕਿਹਾ ਮਿਸ ਹਾਲੈਂਡ ਨੇ?
ਉਹ ਵੀ ਦੱਸ ਦਿਓ ਜੀ!
ਕਹਿੰਦੀ, ‘ਦ ਫ਼ੰਨੀਐਸਟ ਪਿਕਚਰ, ਐਂਡ ਵੈਰੀ ਆਰਟਿਸਟਿਕ!’
ਤੂੰ ਤਾਂ ਫ਼ਿਰ ਆਰਟਿਸਟ ਬਣਗੀ, ਕਿੰਨੂੰਆਂ?
ਹੋਰ ਦੱਸਾਂ, ਡੈਡ?
ਉਹ ਵੀ ਦੱਸ ਲਾ ਹੁਣ ਲਗਦੇ ਹੱਥ!
ਕਲ੍ਹ ਨੂੰ ਸਾਡੀ ਕਲਾਸ ਨੇ ਕਿਤੇ ਜਾਣੈ!
ਅੱਛਾ? ਡੈਡੀ ਅਖ਼ਬਾਰ ਦੇ ਪਿਛਲੇ ਪਾਸੇ ਛਪੇ ਸੇਲ ਦੇ ਇਸ਼ਤਿਹਾਰ ਦੇ ਮੋਟੇ-ਮੋਟੇ ਅੱਖਰਾਂ ਵਿਚ ਖੁੱਭੇ ਹੋਏ ਸਨ, “ਸ਼ਾਨੇ-ਦਰਬਾਰ ਰੈਸਟੋਰੈਂਟ, ਇੱਕ ਪੌਂਡ ਮੱਛੀ ਨਾਲ ਇੱਕ ਪੌਂਡ ਮੁਫ਼ਤ ਲਵੋ!”
ਪਤੈ ਕਿੱਥੇ ਜਾਣੈ ਅਸੀਂ ਕੱਲ੍ਹ ਨੂੰ ਡੈਡ?
ਤੂੰ ਈ ਦੱਸ ਦੇ ਕਿੰਨੂੰ! ਡੈਡੀ ਆਪਣੇ ਢਿਲ਼ਕੇ ਹੋਏ ਜੂੜੇ ਨੂੰ ਗੰਢ ਦੇਣ ਲੱਗ ਪਏ ਸਨ।
ਕੱਲ ਨੂੰ ਸਾਡੀ ਕਲਾਸ ਨੇ ਜਾਣੈæææ ਜ਼ੂ ਦੇਖਣ! ਜਾਨਵਰ ਤੇ ਪੰਛੀ ਤੇ ਮੱਛੀਆਂ ਦੇਖਾਂਗੇ ਓਥੇ!
ਹੈਂ? ਅਖ਼ਬਾਰ ਤੋਂ ਨਿਗਾਹ ਪੱਟ ਕੇ ਡੈਡ, ਐਨਕਾਂ ਦੇ ਸ਼ੀਸ਼ਿਆਂ ਦੇ ਉਪਰੋਂ ਦੀ ਕਿੰਨੂੰ ਵੱਲੀਂ ਝਾਕਣ ਲੱਗੇ। ਮੱਛੀਆਂ ਵੀ ਹੁੰਦੀਆਂ ਜ਼ੂ ‘ਚ, ਕਿੰਨੂੰ?
ਹਾਂ, ਡੈਡ! ਯੂ ਨੋ ਡਾਲਫ਼ਿਨ? ਕਿੰਨੂੰ ਨੇ ਆਪਣੇ ਪੰਜਿਆਂ ਨੂੰ ਫੈਲਾ ਕੇ, ਆਪਣੀਆਂ ਬਾਹਾਂ ਨੂੰ ਪਾਸਿਆਂ ਵੱਲ ਨੂੰ ਖੋਲ੍ਹ ਲਿਆ ਸੀ। ਐਨੀ ਵੱਡੀ ਹੁੰਦੀ ਐ, ਡੈਡ!
ਉਹ ਜਿਹੜੀ ਪਾਣੀ ‘ਚੋਂ ਉਪਰ ਵੱਲ ਨੂੰ ਜੰਪ ਕਰਦੀ ਹੁੰਦੀ ਐ?
ਹਾਂ, ਡੈਡ, ਕਿੰਨੂੰ ਨੇ ਆਪਣੀਆਂ ਅੱਖਾਂ ਚੌੜੀਆਂ ਕਰ ਲਈਆਂ। ਆਪਣੀ ਬੂਥੀ ਉਤੇ ਬਾਲ ਰੱਖ ਕੇ ਘੁੰਮਾ ਲੈਂਦੀ ਐ!
ਫੇਰ ਨੀ ਮੈਂ ਜਾਣ ਦੇਣਾ ਤੈਨੂੰ ਜ਼ੂ ‘ਚ, ਕਿੰਨੂੰ! ਡੈਡੀ ਦਾ ਸਿਰ ਸੱਜੇ-ਖੱਬੇ ਗਿੜਿਆ। ਨਾਟ ਐਟ ਆਲ!
ਕਿਉਂ, ਡੈਡ? ਜੱਤਲ਼ ਕੁੱਤਾ ਕਿੰਨੂੰ ਦੇ ਹੱਥਾਂ ‘ਚੋਂ ਖਿਸਕ ਕੇ ਫ਼ਰਸ਼ ਉਪਰ ਜਾ ਡਿੱਗਾ ਸੀ। ਕਿਉਂ ਨੀ ਜਾਣ ਦੇਣਾ?
ਤੂੰ ਰੋਣ ਲੱਗ ਜਾਣੈ ਡਾਲਫ਼ਿਨ ਨੂੰ ਦੇਖ ਕੇ!
ਵੱਟ੍ਹ, ਡੈਡ? ਕਿੰਨੂੰ ਦੇ ਭਰਵੱਟੇ ਅੰਦਰ ਵੱਲ ਨੂੰ ਇਕੱਠੇ ਹੋ ਗਏ ਸਨ। ਰੋਣ ਕਿਉਂ ਲੱਗਜੂੰ ਮੈਂ?
ਯਾਦ ਐ ਤੈਨੂੰ ਜਦੋਂ ਤੂੰ ਹਾਲੇ ਕਿੰਡਰਗਾਰਡਨ ‘ਚ ਪੜ੍ਹਦੀ ਹੁੰਦੀ ਸੀ?
ਡੈਡੀ ਨੇ ਹੁਣ ਆਪਣੀ ਦਾਹੜੀ ਦੀ ਗੁੱਟੀ ਖੋਲ੍ਹ ਲਈ ਸੀ।
ਥੋੜਾ, ਥੋੜਾ ਯਾਦ ਐ ਡੈਡੀ! ਕਿੰਨੂੰ ਦੇ ਬੁੱਲ੍ਹ ਪਾਸਿਆਂ ਵੱਲ ਨੂੰ ਫੈਲ ਗਏ। ਤੁਸੀਂ ਮੈਨੂੰ ਪਾਰਕ ‘ਚ ਲਿਜਾਂਦੇ ਹੁੰਦੇ ਸੀ ਡਕਸ (ਬੱਤਖ਼ਾਂ) ਦਿਖਾਉਣ ਤੇ ਮੈਂ ਉਨ੍ਹਾਂ ਨੂੰ ਬਰੈਡ ਦੇ ਟੁਕੜੇ ਖਵਾਉਂਦੀ ਹੁੰਦੀ ਸੀ!
ਉਨ੍ਹੀਂ ਦਿਨੀਂ ਟੀ ਵੀ ਉਤੇ ਇੱਕ ਐਡ ਆਉਂਦੀ ਹੁੰਦੀ ਸੀ, ਕਿੰਨੂੰ: ਵੱਡੀ ਸਾਰੀ ਡਾਲਫ਼ਿਨ, ਤਕੜੇ ਸੂਰ ਜਿੱਡੀ! ਆਪਣੀ ਚੁੰਝ ਨੂੰ ਪਾਣੀ ‘ਚੋਂ ਬਾਹਰ ਕੱਢਦੀ ਤੇ ਫ਼ਿਰ ਸਾਰੇ ਜ਼ੋਰ ਨਾਲ ਉਪਰ ਨੂੰ ਉਛਲ਼ਦੀ ਹੁੰਦੀ ਸੀ।
ਓ ਹਾਂ, ਡੈਡ! ਕਿੰਨੂੰ ਦੇ ਚਿਹਰੇ ‘ਚ ਪੋਸਤ ਦੇ ਫੁੱਲ ਖਿੜ ਉਠੇ ਸਨ।
ਪਰ ਉਹਨੂੰ ਦੇਖਦਿਆਂ ਈ ਤੂੰ ਉਚੀ ਉਚੀ ਰੋਣ ਲੱਗ ਜਾਂਦੀ ਸੀ, ਕਿੰਨੂੰ! ਯਾਦ ਹੋਣੈ ਤੈਨੂੰ!
ਹਾਂ, ਡੈਡ! ਕਿੰਨੂੰ ਦਾ ਚਿਹਰਾ ਇੱਕ ਦਮ ਢਿਲ਼ਕ ਗਿਆ ਸੀ। ਮੇਰਾ ਜੀਅ ਕਰਦਾ ਹੁੰਦਾ ਸੀ ਡਾਲਫ਼ਿਨ ਨੂੰ ਘੁੱਟ ਕੇ ਗਲਵਕੜੀ ‘ਚ ਲੈ ਲਵਾਂ! ਪੂਅਰ ਡਾਲਫ਼ਿਨ!
ਕਿੰਨੂੰ ਨੇ ਜੱਤਲ਼ ਕੁੱਤੇ ਨੂੰ ਫ਼ਰਸ਼ ਤੋਂ ਚੁੱਕ ਕੇ ਹਿੱਕ ਨਾਲ ਲਾ ਲਿਆ ਸੀ।
ਮੈਂ ਥੋਨੂੰ ਇੱਕ ਗੱਲ ਪੁੱਛਣੀ ਆ, ਡੈਡ!
ਬੱਸ ਇੱਕ ਈ ਪੁੱਛੀਂ ਕਿੰਨੂੰ!
ਕਿਉਂ ਡੈਡ?
ਅੱਜ ਦੀਆਂ ਗੱਲਾਂ ਲਈ ਤੇਰਾ ਕੋਟਾ ਪੂਰਾ ਹੋ ਗਿਐ ਕਿੰਨੂੰ! ਬਾਕੀ ਕੱਲ੍ਹ ਨੂੰ! ਓ ਕੇ?
ਓ ਕੇ, ਇੱਕ ਈ ਪੁਛਦੀ ਆਂ: ਥੋਨੂੰ ਪਤੈ ਵਿੰਟਰ ‘ਚ ਸਨੋਅ ਪੈ ਜਾਂਦੀ ਐ?
ਉਹ ਤਾਂ ਪੈਂਦੀ ਆ ਹਰ ਸਾਲ ਈ!
ਪਤਾ ਕਿੰਨੀ ਠੰਢ ਹੋ ਜਾਂਦੀ ਐ, ਡੈਡ? ਕਿੰਨੂੰ ਦਾ ਹੇਠਲਾ ਬੁਲ੍ਹ ਲਮਕਣ ਲੱਗ ਪਿਆ ਸੀ। ਖਿੜਕੀਆਂ ਦੇ ਸ਼ੀਸ਼ਿਆਂ ਦੇ ਅੰਦਰ-ਬਾਹਰ ਆਈਸ ਜੰਮਗੀ ਸੀ ਮੋਟੀ-ਮੋਟੀ ਪਿਛਲੀ ਵਿੰਟਰ ‘ਚ!
ਪਰ ਠੰਢ ਬਾਰੇ ਹੁਣੇ ਈ ਫ਼ਿਕਰਮੰਦ ਕਿਉਂ ਹੋਈ ਜਾਨੀਂ ਐਂ, ਕਿੰਨੂੰ?
ਠੰਢ ਬਾਰੇ ਸੋਚ ਕੇ ਮੈਨੂੰ ਬਰਡਜ਼ ਯਾਦ ਆ ਜਾਂਦੇ ਐ, ਡੈਡ!
ਅੱਛਾ?
ਜਦੋਂ ਫ਼ਰੀਜ਼ਿੰਗ ਰੇਨ ਪੈਂਦੀ ਐ, ਡੈਡæææ।
ਹਾਂ ਕਿੰਨੂੰ, ਫ਼ਰੀਜ਼ਿੰਗ ਰੇਨ! ਡੈਡੀ ਨੇ ਕਿੰਨੂੰ ਦੇ ਵਾਕ ਨੂੰ ਕੱਟ ਕੇ ਆਪਣੇ ਬੁੱਲ੍ਹਾਂ ‘ਚ ਫੜ ਲਿਆ ਸੀ। ਡਰਾਇਵਰਾਂ ਦੀ ਵੈਰਨ! ਸੜਕਾਂ ‘ਤੇ ਆਈਸ਼ææ ਟਾਹਣੀਆਂ ਉਦਾਲ਼ੇ ਖੰਭਿਆਂ ਉਦਾਲ਼ੇ ਆਈਸ ਦੀ ਤਹਿ, ਜਿਵੇਂ ਸ਼ੀਸ਼ੇ ਦਾ ਮੋਟਾ ਲੇਪ ਕੀਤਾ ਹੋਵੇ!
ਆਈਸ ਤਾਂ ਫਿਰ ਬਰਡਜ਼ ਦੇ ਆਹਲਣਿਆਂ ‘ਚ ਵੀ ਜੰਮ ਜਾਂਦੀ ਹੋਊ, ਡੈਡ?
ਕਿਸੇ ਦਾ ਲਿਹਾਜ਼ ਨੀ ਕਰਦੀ ਆਈਸ ਕਿੰਨੂੰ!
ਠਰ ਜਾਂਦੇ ਹੋਣਗੇ ਵਿੰਟਰ ‘ਚ ਵਿਚਾਰੇ ਪੰਛੀ, ਸੀਤ ਹਵਾ ਦੇ ਫਰਾਟਿਆਂ ‘ਚ!
ਸ਼ਾਇਦ!
ਸ਼ਾਇਦ ਨੀ, ਡੈਅਅਡ; ਸੱਚੀਂ ਠਰਦੇ ਹੋਣਗੇ ਵਿਚਾਰੇ! ਕਿੰਨੂੰ ਦਾ ਚਿਹਰਾ ਕੰਬਣ ਲੱਗ ਪਿਆ ਸੀ। ਉਨ੍ਹਾਂ ਕੋਲ਼ ਕਿਹੜਾ ਆਪਣੇ ਵਾਂਙੂੰ ਘਰ ਹੁੰਦੇ ਐ ਡੈਡ!
ਇਹ ਗੱਲ ਤਾਂ ਤੇਰੀ ਸੱਚੀ ਐ ਕਿੰਨੂੰ!
ਉਨ੍ਹਾਂ ਦੇ ਬੱਚੇ ਵੀ ਠਰ ਜਾਂਦੇ ਹੋਣਗੇ! ਪੂਅਰ ਬਰਡਜ਼!
ਪਰ ਕਈ ਸਾਲਾਂ ਬਾਅਦ ਇਹ ਸਭ ਕੁਝ ਇੰਝ ਨਹੀਂ ਰਿਹਾ ਸੀ: ਡੈਡੀ ਹੁਣ ਕੰਮ ਤੋਂ ਪਰਤਦੇ; ਥਰਮੋਸ ਬੋਤਲ ਸਮੇਤ ਕਿਚਨ ਸਿੰਕ ਵੱਲੀਂ ਜਾਣ ਤੋਂ ਪਹਿਲਾਂ ਫ਼ੈਮਿਲੀ ਰੂਮ ਵੱਲ ਨਿਗਾਹ ਫੇਰਦੇ। ਉਨ੍ਹਾਂ ਦਾ ਲਮਕਵਾਂ ਹਉਕਾ, ਫੈਮਿਲੀ ਰੂਮ ਦੀ ਸੁੰਨਸਾਨ ਵਿਚਦੀ ਹੁੰਦਾ ਹੋਇਆ, ਕਿੰਨੂੰ ਦੇ ਕਮਰੇ ਵੱਲ ਨੂੰ ਜਾਂਦੀਆਂ ਪੌੜੀਆਂ ਤੀਕ ਫੈਲ ਜਾਂਦਾ। ਕਿੰਨੂੰ ਦੇ ਕਮਰੇ ਦੇ ਦਰਵਾਜ਼ੇ ਦੀ ਵਿਰਲ ਵਿਚੋਂ ਬੱਜੀਆਂ ਦੀ ਚਿਰੜ-ਚਿਰੜ, ਕੁਰੜ-ਕੁਰੜ ਪੌੜੀਆਂ ਉਤਰਨ ਲਗਦੀ। ਡੈਡੀ ਥਰਮੋਸ ਬੋਤਲ ਨੂੰ ਖੋਲ੍ਹਦੇ ਤੇ ਉਸ ਨੂੰ ਪਾਣੀ ਦੀ ਟੂਟੀ ਹੇਠ ਕਰ ਕੇ, ਕਈ ਕਈ ਮਿੰਟ ਉਹਦੇ ਵੱਲ ਬੇਧਿਆਨ ਤਕਦੇ ਰਹਿੰਦੇ!
ਚੰਗੀ-ਭਲੀ ਹੁੰਦੀ ਸੀ ਸਾਲ, ਡੇਢ ਸਾਲ ਪਹਿਲਾਂ, ਡੈਡੀ ਹੁਣ ਬੇਸਮੈਂਟ ਵਾਲ਼ੇ ਸੋਫ਼ੇ ਉਪਰ ਬੈਠੇ ਸੋਚਦੇ ਰਹਿੰਦੇ। ਛੇਵੀਂ ਜਮਾਤ ਵਾਲੀ ਆਪਣੀ ਟੀਚਰ ਦਾ ਰਟਨ ਕਰਦੀ ਰਹਿੰਦੀ ਸੀ, ਆਹ ਦੇਖੋ, ਮਾਮ! ਉਹ ਰੰਗਦਾਰ ਪੈਨਸਿਲਾਂ ਨਾਲ ਬਣਾਈ, ਮਿਜ਼ ਗਿਲੀਜ਼ ਦੀ ਤਸਵੀਰ ਮੰਮੀ ਦੇ ਸਾਹਮਣੇ ਕਰ ਦਿੰਦੀ।
ਮਿਜ਼ ਗਿਲੀਜ਼ ਨੇ ਨਵੀਂ ਕਾਰ ਖ਼ਰੀਦੀ ਐ, ਮਾਮ!
ਅੱਛਾਅ!
ਅੱਜ ਮੈਂ ਮਿਜ਼ ਗਿਲੀਜ਼ ਨੂੰ ਡੈਂਡੀਲਾਇਨ ਦਾ ਫੁੱਲ ਤੋੜ ਕੇ ਭੇਟ ਕੀਤਾ, ਮਾਮ!
ਓ ਹੋ, ਕਿੰਨੂੰ! ਮਾਮ ਮੱਥੇ ਨੂੰ ਸੁੰਗੇੜ ਕੇ ਹੱਸ ਪੈਂਦੇ। ਪਰ ਡੈਂਡੀਲਾਇਨ ਦਾ ਫੁੱਲ ਤਾਂ ਘਾਹ ਵਾਂਗੂੰ ਥਾਂ ਥਾਂ ਉਗਿਆ ਹੁੰਦੈ!
ਖੁਸ਼ ਹੋਗੀ ਮਿਜ਼ ਗਿਲੀਜ਼, ਮਾਮ!
ਕੋਈ ਚੱਜ ਦਾ ਫੁੱਲ ਦੇਣਾ ਸੀ ਸਟੋਰੋਂ ਲਿਆ ਕੇ!
ਮਿਜ਼ ਗਿਲੀਜ਼ ਨੇ ਹੇਅਰਸਟਾਇਲ ਬਦਲ ਲਿਐ, ਮਾਮ!
ਕਿਹੋ ਜਿਹਾ ਬਣਾ ਲਿਆ?
ਡੈਡ ਜੀ, ਕਿੰਨੂੰ ਹੁਣ ਆਪਣਾ ਚਿਹਰਾ ਡੈਡ ਵੱਲੀਂ ਗੇੜ ਲੈਂਦੀ। ਮਿਜ਼ ਗਿਲੀਜ਼ ਲਈ ਗਿਫ਼ਟ ਲੈ ਕੇ ਆਉਣੈ ਮੈਂ!
ਲੈ ਆ, ਕਿੰਨੂੰ!
ਮਿਜ਼ ਗਿਲੀਜ਼ ਪਿਆਨੋ ਵਜਾਉਂਦੇ ਹੁੰਦੇ ਐ ਡੈਡ!
ਪਰ ਕਿੱਥੇ ਹੁਣ ਵਾਲੀ ਕਿੰਨੂੰ ਤੇ ਕਿੱਥੇ ਪਹਿਲਾਂ ਵਾਲ਼ੀ: ਆਹਾ ਈ ਟੈਕਸੀ ਹੁੰਦੀ ਸੀ ਸਵੇਰੇ ਸਕੂਲ ਜਾਣ ਦੇ ਵੇਲ਼ੇ ਵੀ! ਡੈਡੀ ਹੋਰਨ ਦੀ ‘ਪੀਂ-ਪੀਂ’ ਕਰਾਉਂਦੇ ਤਾਂ ਉਹ ਬੈਕ-ਪੈਕ (ਕਿਤਾਬਾਂ ਵਾਲ਼ਾ ਬੈਗ਼) ਨੂੰ ਮੋਢੇ ‘ਤੇ ਲਟਕਾ ਕੇ ਦੌੜ ਪੈਂਦੀ ਸੀ ਟੈਕਸੀ ਵੱਲ ਨੂੰ! ਪਤਲੀਆਂ ਪਤਲੀਆਂ ਉਂਗਲ਼ਾਂ ਦੀ ਮਾਸੂਮੀਅਤ ਨਾਲ ਟੈਕਸੀ ਦਾ ਦਰਵਾਜ਼ਾ ਖੋਲ੍ਹਦੀ ਤੇ ਆਖਦੀ, ‘ਡੈਡੀ ਜੀ, ਸੀਟ ਬੈਲਟ ਲਾ ਦਿਓ!’
ਸਿਗਰਟਾਂ ਦਾ ਧੂੰਆਂ ਤਾਂ ਓਦੋਂ ਵੀ ਡੈਸ਼ਬੋਰਡ, ਸੀਟਾਂ ਤੇ ਵਿੰਡਸ਼ੀਲਡ ਨੂੰ ਚਿੰਬੜਿਆ ਹੁੰਦਾ ਸੀ। ਓਦੋਂ ਵੀ ਸਨਿਚਰਵਾਰ ਦੀ ਸਾਰੀ ਰਾਤ, ਡੈਡੀ ਰੈਸਟੋਰੈਂਟਾਂ ਵਿਚੋਂ ਸ਼ਰਾਬੀ ਹੋਇਆ ਕਾਲ਼ਾ-ਚਿੱਟਾ ਹਨੇਰਾ ਢੋ ਕੇ ਸਵੇਰੇ ਸੱਤ ਵਜੇ ਤੋਂ ਪਹਿਲਾਂ ਘਰ ਨੂੰ ਮੁੜਦੇ। ਉਨ੍ਹਾਂ ਦੇ ਮੁੜਨ ਤੋਂ ਪਹਿਲਾਂ ਹੀ ਕਿੰਨੂੰ ਫਟੇ-ਪੁਰਾਣੇ ਤੌਲੀਆਂ ਤੇ ਬੁਨੈਣਾਂ ਨੂੰ ਅਤੇ ਸਪਰੇਅ ਵਾਲੀਆਂ ਬੋਤਲਾਂ ਨੂੰ ਨਿੱਕੀਆਂ ਨਿੱਕੀਆਂ ਉਂਗਲ਼ਾਂ ‘ਚ ਫੜੀ, ਲਿਵਿੰਗ ਰੂਮ ਦੇ ਸੋਫ਼ੇ ਉਪਰ ਬੈਠੀ ਹੁੰਦੀ ਸੀ। ਡਰਾਈਵ ਵੇਅ ਵੱਲ ਦੀ ਖਿੜਕੀ ਦੇ ਸ਼ੀਸ਼ੇ ਰਾਹੀਂ ਨਜ਼ਰਾਂ ਨੂੰ ਬਾਹਰ ਵੱਲੀਂ ਲਮਕਾ ਕੇ ਉਹ ਵਾਰ ਵਾਰ ਸੜਕ ਨੂੰ ਟੋਂਹਦੀ। ਡੈਡੀ ਜਿਓਂ ਹੀ ਟੈਕਸੀ ‘ਚੋਂ ਨਿਕਲ਼ਦੇ, ਕਿੰਨੂੰ ਝੱਟ-ਪੱਟ ਡਰਾਈਵਰ ਵਾਲੀ ਸੀਟ ਉਪਰ ਬੈਠ ਜਾਂਦੀ। ਉਹ ਐਸ਼ ਟਰੇਅ ਨੂੰ ਡੈਸ਼ਬੋਰਡ ਤੋਂ ਖਿਚਦੀ ਤੇ ਅੱਧ-ਜਲ਼ੇ ਟੋਟਿਆਂ ਨੂੰ ਗਾਰਬੇਜ ਬੈਗ਼ ਵਿਚ ਝਾੜ ਦਿੰਦੀ। ਫਿਰ ਉਹ ਸਪਰੇਅ ਦਾ ਫੱਰਾਟਾ ਲੀਰ ਉਤੇ ਮਾਰਦੀ ਤੇ ਐਸ਼ ਟਰੇਅ ‘ਚ ਜੰਮੀ ਸੁਆਹ ਦੀ ਐਸੀ-ਤੈਸੀ ਫੇਰਨ ਲਗਦੀ।
ਪਰ ਅੱਠਵੀਂ ਜਮਾਤ ‘ਚ ਆ ਕੇ ਜਦੋਂ ਉਹ ਮਿਜ਼ ਹਾਲੈਂਡ ਦੀ ਵਿਦਿਆਰਥਣ ਬਣ ਗਈ ਤਾਂ ਇਹ ਸਭ ਕੁਝ ਬਦਲ ਗਿਆ ਸੀ: ਟੈਕਸੀ ਦੀ ਸਫ਼ਾਈ ਵਾਲੀ ਸਵੇਰ, ਟੈਕਸੀ ਦੇ ਘਰ ਅਪੜਨ ਤੋਂ ਪਹਿਲਾਂ ਹੀ, ਹੁਣ ਉਹ ਆਪਣੇ ਕਲਾਜ਼ਿਟ ਵਿਚੋਂ ਨੱਕ ਉਪਰ ਲਪੇਟਣ ਲਈ ਸਕਾਰਫ਼ ਲੱਭਣ ਲੱਗ ਜਾਂਦੀ। ਸੱਜੇ ਹੱਥ ਉਪਰ ਰਬੜ ਦੇ ਦਸਤਾਨੇ ਚਾੜ੍ਹ ਕੇ, ਐਸ਼ ਟਰੇਅ ਨੂੰ ਕਾਰ ਦੇ ਡੈਸ਼ਬੋਰਡ ‘ਚੋਂ ਖਿਚਦੀ ਅਤੇ ਅੰਗੂਠੇ ਤੇ ਮੂਹਰਲੀ ਉਂਗਲ਼ ‘ਚ ਪਕੜ ਕੇ ਆਪਣੀ ਬਾਂਹ ਨੂੰ ਦੂਰ ਤੀਕਰ ਵਧਾ ਦਿੰਦੀ, ਜਿਵੇਂ ਉਹਦੇ ਹੱਥ ‘ਚ ਮਰਿਆ ਹੋਇਆ ਚੂਹਾ ਪਕੜਿਆ ਹੋਵੇ। ਫਿਰ ਉਹ ਆਪਣੇ ਮੂੰਹ ਨੂੰ ਖੱਬੇ ਪਾਸੇ ਵੱਲ ਨੂੰ ਘੁੰਮਾ ਕੇ ਆਪਣੀਆਂ ਅੱਖਾਂ, ਬੁੱਲ੍ਹਾਂ ਅਤੇ ਮੱਥੇ ਨੂੰ ਸੁੰਗੇੜ ਲੈਂਦੀ: ਯੱਕ! ਉਹ ਘੁੱਟੇ ਹੋਏ ਦੰਦਾਂ ਨਾਲ ਆਪਣੀਆਂ ਵਰਾਛਾਂ ਨੂੰ ਹੇਠਾਂ ਵੱਲ ਨੂੰ ਖਿੱਚ ਲੈਂਦੀ।
ਅੱਠਵੀਂ ‘ਚ ਕਾਹਦੀ ਹੋਈ ਸੀ ਉਹ ਪਿਛਲੇ ਸਾਲ, ਉਸ ਦੀ ਜੀਭ ਉਪਰ ਸਵਾਲ ਹੀ ਸਵਾਲ ਉਗ ਆਏ ਸਨ: ਡੈਡ! ਪਤੈ ਤੁਹਾਨੂੰ ਅਲਕੋਹਲ ਕਿੰਨੀ ਮਾੜੀ ਹੁੰਦੀ ਐ ਸਿਹਤ ਲਈ? ਸ਼ਾਮ ਨੂੰ ਡੈਡੀ ਦੇ ਹੱਥ ‘ਚ ਗਲਾਸੀ ਦੇਖ ਕੇ ਉਹ ਸ਼ੁਰੂ ਹੋ ਜਾਂਦੀ। ਲਿਵਰ ਨੂੰ ਤਬਾਹ ਕਰ ਦਿੰਦੀ ਐ! ਕਿਡਨੀਆਂ ਨੂੰ ਡੈਮੇਜ ਕਰ ਸੁਟਦੀ ਐ!
ਡੈਡ ਆਖਦੇ: ਸ਼ਾਮ ਨੂੰ ਦੋ ਗਲਾਸੀਆਂ ਨਾਲ ਨੀਂਦ ਚੰਗੀ ਆ ਜਾਂਦੀ ਐ, ਕਿੰਨੂੰ!
ਨੋ, ਡੈਡ! ਕਿੰਨੂੰ ਆਪਣੇ ਭਰਵੱਟਿਆਂ ਨੂੰ ਅੰਦਰ ਵੱਲ ਨੂੰ ਖਿਚਦੀ। ਸਭ ਬਹਾਨੇ ਹਨ!
ਦੂਜੇ ਤੀਜੇ ਦਿਨ ਮੰਮੀ ਦੇ ਵਾਸ਼ਰੂਮ ‘ਚ ਜਾ ਕੇ ਮੱਥਾ ਸੁੰਗੇੜ ਲੈਂਦੀ: ਪਾਣੀ ਵੇਸਟ ਹੋ ਰਿਹੈ, ਮਾਮ! ਦੰਦਾਂ ਉਪਰ ਬੁਰਸ਼ ਘਸਾਉਣ ਵੇਲ਼ੇ ਟੂਟੀ ਬੰਦ ਕਿਉਂ ਨ੍ਹੀਂ ਕਰਦੇ ਤੁਸੀਂ?
ਇੱਕ ਦਿਨ ਐਤਵਾਰ ਸੀ: ਡੈਡੀ ਬੈਕਯਾਰਡ ‘ਚ ਸਪਰੇਅ ਪੰਪ ਨੂੰ ਸਾਫ਼ ਕਰ ਰਹੇ ਸਨ। ਕਿੰਨੂੰ ਅੰਦਰੋਂ ਦੌੜੀ ਆਈ: ਦੋਨੋਂ ਹੱਥ ਢਾਕਾਂ ਉਪਰ ਤੇ ਮੱਥੇ ਦੀ ਚਮੜੀ ਅੰਦਰ ਵੱਲ ਨੂੰ ਖਿੱਚੀ ਹੋਈ!
ਐਸ ਬੋਤਲ ‘ਚ ਕੀ ਐ, ਡੈਡ!
ਇਹਨੂੰ ਕਹਿੰਦੇ ਐæææ ਵੀਡ-ਕਿੱਲਰ! (ਨਦੀਨ-ਨਾਸ਼ਕ)
ਸਪਰੇਅ ਕਰੋਂਗੇ ਏਹਨੂੰ ਘਾਹ ‘ਤੇ?
ਡੈਡੀ ਸਪਰੇਅ-ਪੰਪ ਨੂੰ ਛੱਡ ਕੇ ਬੈਠ ਗਏ।
ਇਹ ਸਪਰੇਅ ਤਾਂ ਕਰਨਾ ਈ ਪੈਣੈ, ਬੇਟੀ ਜੀ! ਮੀਟੀਆਂ ਅੱਖਾਂ ਨਾਲ ਭਰਵੱਟਿਆਂ ਨੂੰ ਉਤਾਹਾਂ ਖਿੱਚ ਕੇ ਡੈਡੀ ਨੇ ਇੱਕ ਲੰਮਾ ਸਾਹ ਅੰਦਰ ਵੱਲ ਨੂੰ ਖਿੱਚ ਲਿਆ ਸੀ।
ਨੋ ਡੈਡ! ਨਹੀਂ ਕਰਨਾ!
ਕਿਉਂ ਨੀ ਕਰਨਾ, ਕਿੰਨੂੰ?
ਜ਼ਹਿਰ ਐ ਡੈਡ, ਜ਼ਹਿਰ ਏਹ ਵੀਡ-ਕਿੱਲਰ!
ਓ ਏਨੀ ਕਰੜੀ ਜ਼ਹਿਰ ਨ੍ਹੀਂ ਹੁੰਦੀ ਇਹਦੇ ‘ਚ ਕਿੰਨੂੰ, ਜਿੰਨੀ ਤੂੰ ਸਮਝਦੀ ਐਂ!
ਓ, ਡੈਅਅਡ! ਕਿੰਨੂੰ ਆਪਣੇ ਸਿਰ ਨੂੰ ਸੱਜੇ-ਖੱਬੇ ਗੇੜਨ ਲੱਗ ਪਈ ਸੀ। ਵਿਚਾਰੇ ਗੰਡੋਇਆਂ ਨੂੰ ਵੀ ਮਾਰ ਸੁਟਦੀ ਐ ਹਾ ਵੀਡ-ਕਿੱਲਰ, ਤੇ ਤਿਤਲੀਆਂ ਨੂੰ ਵੀ, ਤੇ ਚਿੜੀਆਂ ਨੂੰ ਵੀ!
ਓ ਨਹੀਂ ਕਿੰਨੂੰ!
ਨੋ ਡੈਡ! ਇਹਦਾ ਅਸਰ ਤਾਂ ਮੇਰੇ ਬੈਡ ਰੂਮ ਤੀਕ ਵੀ ਜਾ ਸਕਦੈ; ਮੇਰੇ ਬੱਜੀ ਵੀ ਮਰ ਸਕਦੇ ਐ ਇਸ ਨਾਲ਼!
ਤੇ ਫ਼ਿਰ ਆ ਗਿਆ ਸੀ ਉਹ ਚੰਦਰਾ ਦਿਨ: ਡੈਡੀ ਦੇ ਕੰਮ ਤੋਂ ਪਰਤਣ ਦਾ ਵਕਤ ਹੋ ਗਿਆ ਸੀ!
ਸ਼ੁੱਕਰਵਾਰ ਐ ਅੱਜ! ਬੱਜੀਆਂ ਨਾਲ ਖੇਡਦੀ ਖੇਡਦੀ ਕਿੰਨੂੰ ਸੋਚਣ ਲੱਗੀ ਸੀ। ਅੱਜ ਹਟਾ ਕੇ ਈ ਹਟੂੰ, ਡੈਡ ਨੂੰ!
ਤੇ ਉਹ ਝੱਟ-ਪੱਟ ਆਪਣੇ ਬੈਡ ਰੂਮ ‘ਚੋਂ ਉਠ ਕੇ ਪੌੜੀਆਂ ਕੋਲ਼ ਆ ਗਈ ਸੀ। ਦਰਵਾਜ਼ੇ ਦੇ ਕੀ-ਹੋਲ ‘ਚ ਚਾਬੀ ਦੀ ਕੜਿੱਕ-ਕੜਿੱਕ ਹੋਈ ਤੇ ਅਗਲੇ ਪਲੀਂ ਬੂਹੇ ਦਾ ਤਖ਼ਤਾ ਅੰਦਰ ਵੱਲ ਨੂੰ ਧੱਕਿਆ ਗਿਆ।
ਹਾਏ ਡੈਡ! ਕਿੰਨੂੰ ਪੌੜੀ ਦੇ ਸਿਖ਼ਰ ਤੋਂ ਬੋਲੀ ਸੀ।
‘ਹਾਏ ਕਿੰਨੂੰ,’ ਆਖ ਕੇ ਡੈਡੀ ਉਪਰ ਵੱਲ ਨੂੰ ਝਾਕੇ ਸਨ! ਖੱਬੇ ਹੱਥ ‘ਚ ਫੜੇ ਪੋਲੀਥੀਨ ਦੇ ਬੈਗ਼ ਨੂੰ ਪੱਟ ਦੇ ਓਹਲੇ ਲੁਕਾਉਣ ਦਾ ਯਤਨ ਕਰਦੇ ਹੋਏ ਉਹ ਕਿਚਨ ਵੱਲ ਨੂੰ ਵਗ ਤੁਰੇ।
ਪੌੜੀਆਂ ਤੋਂ ਦਗੜ ਦਗੜ ਦੀ ਅਵਾਜ਼ ਹੇਠਾਂ ਵੱਲ ਨੂੰ ਉਤਰੀ ਤੇ ਠੱਕ ਠੱਕ ‘ਚ ਬਦਲ ਕੇ ਡੈਡੀ ਦੇ ਪਿੱਛੇ ਪਿੱਛੇ ਕਿਚਨ ਵੱਲ ਨੂੰ ਵਹਿ ਗਈ ਸੀ।
ਕੀ ਐ ਹੈਸ ਬੈਗ਼ ‘ਚ, ਡੈਡ! ਕਿੰਨੂੰ ਦੇ ਤਣੇ ਹੋਏ ਭਰਵੱਟੇ ਫਰਕਣ ਲੱਗੇ ਸਨ।
‘ਕੁੱਛ ਨੀ ਕਿੰਨੂੰ,’ ਕਹਿ ਕੇ ਡੈਡੀ ਨੇ ਆਪਣੀਆਂ ਮੁੱਛਾਂ ਨੂੰ ਪਾਸਿਆਂ ਵੱਲ ਨੂੰ ਫ਼ੈਲਾ ਲਿਆ ਸੀ।
ਦੱਸੋ ਮੈਨੂੰ ਡੈਡ, ਕੀ ਐ ਹੈਸ ਬੈਗ਼ ਵਿਚ!
ਡੈਡ ਦਾ ਲੰਮਾ ਹਉਕਾ ਉਨ੍ਹਾਂ ਦੇ ਫੇਫੜਿਆਂ ਵਿਚ ਹੀ ਗੁੱਛੀਮੁੱਛੀ ਹੋ ਗਿਆ ਸੀ।
ਫੇਰ ਲਿਆਂਦਾ ਅੱਜ ਉਹੀ, ਡੈਡ? ਕਿੰਨੂੰ ਦੇ ਬੁੱਲ੍ਹ ਕੰਬਣ ਲੱਗੇ ਸਨ। ਕੀ ਕਿਹਾ ਸੀ ਮੈਂ ਤੁਹਾਨੂੰ ਪਿਛਲੇ ਹਫ਼ਤੇ?
ਉਏ ਕਿੰਨੂੰ, ਡੈਡ ਦਾ ਸਿਰ ਸੱਜੇ-ਖੱਬੇ ਘੁੰਮਿਆ ਸੀ। ਫ਼੍ਰਾਈਡੇ ਨੂੰ ਤਾਂ ਖਾ ਲੈਣ ਦਿਆ ਕਰ!
ਨੋ, ਡੈਡ! ਕਿੰਨੂੰ ਦੀਆਂ ਅੱਖਾਂ ਲਗਾਤਾਰ ਝਮਕਣ ਲੱਗ ਪਈਆਂ ਸਨ। ਇਨ੍ਹਾਂ ‘ਚ ਵੀ ਜਾਨ ਹੁੰਦੀ ਐ, ਪਤੈ?
ਉਹਦੇ ਕੋਇਆਂ ‘ਚ ਉਭਰ ਆਈ ਨਮੀਂ ਉਸ ਦੀ ਨੱਕ ਦੀ ਕੋਂਪਲ ਵੱਲ ਨੂੰ ਵਧਣ ਲੱਗ ਪਈ ਸੀ।
ਬੱਕਰਿਆਂ ਦੀਆਂ ਵੀ ਮਾਂਵਾਂ ਹੁੰਦੀਆਂ, ਡੈਡ! ਕਿੰਨੂੰ ਦੀ ਆਵਾਜ਼ ਘੁੱਟੀ ਗਈ ਸੀ। ਜੇ ਕੋਈ ਮੈਨੂੰ ਵੱਢ ਕੇ ਖਾਵੇ, ਫ਼ੇਰ?
ਡੈਡੀ ਦੇ ਸੱਜੇ ਹੱਥ ‘ਚ ਪਕੜਿਆ ਅਖ਼ਬਾਰ ਫ਼ਰਸ਼ ਉਪਰ ਜਾ ਡਿੱਗਿਆ ਸੀ।
ਕਿੰਨੇ ਚਿਰ ਤੋਂ ਰੋਕ ਰਹੀ ਆਂ ਥੋਨੂੰ, ਡੈਡ! ਉਹਨੇ ਆਪਣੇ ਦੰਦ ਮੁੱਠੀ ਵਾਂਗਣ ਕੱਸ ਲਏ ਸਨ। ਅੱਜ ਤੋਂ ਬਾਅਦ ਨ੍ਹੀਂ ਮੈਂ ਹਟਾਉਣਾ ਥੋਨੂੰ; ਬੱਸ ਘਰੋਂ ਦੌੜ ਜਾਣੈ ਮੈਂ!
ਸਿਰ ਨੂੰ ਹਿਲਾਉਂਦੀ ਹੋਈ ਕਿੰਨੂੰ ਦੇ ਮੋਢਿਆਂ ਤੀਕਰ ਕੱਟੇ ਵਾਲ਼ ਜ਼ੋਰ ਨਾਲ ਸੱਜੇ-ਖੱਬੇ ਝੂਲਣ ਲੱਗ ਪਏ ਸਨ, ਤੇ ਉਹ ਦਗੜ-ਦਗੜ ਪੌੜੀਆਂ ਚੜ੍ਹ ਗਈ ਸੀ।
ਡੈਡੀ ਨੇ ਟੀ ਵੀ ਦਾ ਬਟਨ ਆਨ ਕਰ ਦਿੱਤਾ। ਸੀ ਐਨ ਐਨ ਨੇ ਅੱਖਾਂ ਪੱਟ ਲਈਆਂ। ਬਗ਼ਦਾਦ ਦੇ ਸਿਰ ਉਪਰ ਤੇਜ਼ ਰਫ਼ਤਾਰ ਉਡਦੇ ਜੰਗੀ ਜਹਾਜ਼ਾਂ ਦੀ ਘੂੰਅੰ ਘੂੰਅੰ! ਗਰੜੜ; ਜਿਵੇਂ ਅਸਮਾਨ ਵਿਚ ਪਹਾੜ ਫਟ ਰਹੇ ਹੋਣ! ਗੜ-ਗੜ-ਗੜ-ਗੜ! ਫ਼ਿਰ ਫਟ ਰਹੇ ਬੰਬਾਂ ਦੇ ਲਿਸ਼ਕਾਰੇ ਤੇ ਧਮਾਕੇ: ਡੰਮਮ! ਡੰਮਮ! ਅੱਗੇ ਦਿਸਣ ਲੱਗੀ, ਪਿੱਠ ‘ਚੋਂ ਧੂੰਆਂ ਛਡਦੀਆਂ ਮਿਜ਼ਾਇਲਾਂ ਦੀ ਸ਼ੂੰਅੰਅੰ ਸ਼ੂੰਅੰਅੰ! ਅਗਲੇ ਪਲੀਂ, ਲੋਹੇ ਦੀਆਂ ਚੌੜੀਆਂ ਚੇਨਾਂ ਉਪਰ ਦੌੜਦੇ ਹੋਏ ਮਧਰੇ ਕੱਦ ਦੇ ਹਾਥੀਆਂ ਵਰਗੇ ਟੈਂਕ ਤੇ ਅਸਮਾਨ ਵੱਲ ਸੇਧੀਆਂ ਹੋਈਆਂ ਉਨ੍ਹਾਂ ਦੀਆਂ ਲੰਬੂਤਰੀਆਂ ਚੁੰਝਾਂ,: ਠਾਅ! ਠਾਅ! ਠਾਅ!æææ ਟੀ ਵੀ ਦੇ ਉਪਰਲੇ ਪਾਸੇ ਗੱਤੇ ਦੇ ਫ਼ਰੇਮ ‘ਚ ਖਲੋਤਾ ਕਿੰਨੂੰ ਦਾ ਪੋਰਟਰੇਟ ਕੰਬਣ ਲੱਗਾ। ਪੋਰਟਰੇਟ ਦੇ ਨਾਲ ਹੀ ਟਿਕਾਇਆ ਲੱਕੜ ਦਾ ਬੱਜੀ ਕੰਬਦਾ ਕੰਬਦਾ ਹੇਠਾਂ ਫ਼ਰਸ਼ ਉਤੇ ਆ ਗਿਰਿਆ।
ਪੌੜੀਆਂ ‘ਚ ਦਗੜ-ਦਗੜ ਹੇਠਾਂ ਵੱਲ ਨੂੰ ਰੁੜ੍ਹਨ ਲੱਗੀ।
ਡੈਅਅਡ! ਕਿੰਨੂੰ ਦੇ ਘੁੱਟੇ ਹੋਏ ਬੁੱਲ੍ਹਾਂ ‘ਚੋਂ ਜੀਕਣ ਤੋਪ ਦਾ ਗੋਲ਼ਾ ਨਿੱਕਲ਼ ਆਇਆ।
ਡੈਡ ਤ੍ਰਭਕ ਕੇ ਕਿੰਨੂੰ ਵੱਲ ਝਾਕੇ।
ਬੰਦ ਕਰੋ ਟੀ ਵੀ, ਡੈਡ! ਰਾਈਟ ਅਵੇਅ!!
ਮæææ ਮੈਂ ਇਰਾਨ ਦੀ ਜੰਗ ਦੇਖ ਰਿਹਾਂ ਕਿੰਨੂੰ। ਲਾਈਵ ਆ ਰਹੀ ਐ!
ਥੋਨੂੰ ਪਤਾ ਨੀ ਮੇਰੇ ਕਮਰੇ ‘ਚ ਬੱਜੀ ਬਰਡ ਨੇ ਦੋ ਆਂਡੇ ਦਿੱਤੇ ਹੋਏ ਐ?
ਦੱਸਿਆ ਸੀ ਤੇਰੀ ਮੰਮੀ ਨੇ ਕਿੰਨੂੰ!
ਬੰਬਾਂ ਦਾ ਤੇ ਟੈਂਕਾਂ ਦਾ ਐਨਾ ਖੜਕਾ? ਕਿੰਨੂੰ ਦੇ ਕੱਸੇ ਹੋਏ ਮੱਥੇ ‘ਚੋਂ ਕਿਰੜ-ਕਿਰੜ ਕਿਰਨ ਲੱਗੀ। ਠਾਹ-ਠਾਹ! ਸਾਰਾ ਹਾਊਸ ਹਿੱਲਣ ਲੱਗ ਪਿਐ ਡੈਡ!
ਖ਼ææ ਖੜਕਾ? ਡੈਡੀ ਕਦੇ ਟੀ ਵੀ ਵੱਲੀਂ ਤੇ ਕਦੇ ਕਿੰਨੂੰ ਵੱਲੀਂ ਝਾਕਣ ਲੱਗੇ।
ਇਹ ਜਿਹੜੀ ਠਾਹ-ਠਾਹ ਸੁਣੀਂ ਜਾਨੇ ਓਂ ਤੁਸੀਂ ਟੀ ਵੀ ਉਤੇ ਡੈਡ, ਇਨ੍ਹੇ ਪਿੰਜਰੇ ‘ਚ ਪਏ ਆਂਡਿਆਂ ‘ਚ ਤ੍ਰੇੜਾਂ ਪਾ ਦੇਣੀਐਂ!
ਕਿੰਨੂੰ ਨੇ ਰੀਮੋਟ ਦੇ ‘ਆਫ਼’ ਵਾਲ਼ੇ ਬਟਨ ਉਪਰ ਅੰਗੂਠਾ ਦਬਾ ਦਿੱਤਾ।

Be the first to comment

Leave a Reply

Your email address will not be published.