ਮੈਨੂੰ ਤਾਂ ਕੁੱਕੜ ਹੀ ਖਾ’ਗੇ

ਬੰਦਾ ਆਪਣੇ ਵਤਨ ਤੋਂ ਪਰਵਾਸ ਲਈ ਪਰਵਾਜ਼ ਭਰਨ ਲੱਗਿਆਂ ਅੱਖਾਂ ਵਿਚ ਕਈ ਸੁਪਨੇ ਸੰਜੋਅ ਕੇ ਤੁਰਦਾ ਹੈ, ਪਰ ਪਰਾਏ ਮੁਲਕ ਦਾ ਪੱਕਾ ਬਾਸ਼ਿੰਦਾ ਹੋਣ ਲਈ ਉਸ ਨੂੰ ਕੀ ਕੀ ਘਾਲਣਾ ਘਾਲਣੀ ਪੈਂਦੀ ਹੈ, ਇਹ ਹੋਣੀ ਓਹੋ ਹੀ ਜਾਣਦਾ ਹੈ, ਜੋ ਇਸ ਨੂੰ ਪਿੰਡੇ ‘ਤੇ ਹੰਢਾ ਚੁਕਾ ਹੁੰਦਾ ਹੈ। ਆਪਣੇ ਘਰ ਯਾਨਿ ਆਪਣੇ ਪਿੱਤਰੀ ਦੇਸ਼ ਵਿਚ ਖੁਸ਼ਹਾਲ ਜ਼ਿੰਦਗੀ ਮਾਣਨ ਵਾਲੇ ਜਦ ਪਰਦੇਸ ਜਾ ਵੱਸਣ ਦੀ ਲਾਲਸਾ ਪਾਲ ਲੈਂਦੇ ਹਨ ਤਾਂ ਇਸ ਦੀ ਪ੍ਰਾਪਤੀ ਲਈ ਉਹ ਕੀ ਕੀ ਪਾਪੜ ਵੇਲਦੇ ਹਨ, ਅਜਿਹਾ ਹੀ ਕੁਝ ਲੇਖਕ ਸੰਤੋਖ ਮਿਨਹਾਸ ਨੇ ਆਪਣੇ ਇਸ ਲੇਖ ਵਿਚ ਬਿਆਨ ਕੀਤਾ ਹੈ। ਇਹ ਕਿਸੇ ‘ਕੱਲੇ-ਕਾਰੇ ਦੀ ਨਹੀਂ, ਸਗੋਂ ਪਰਵਾਸ ਨੂੰ ਅਪਨਾ ਚੁਕੇ ਕਰੀਬ ਕਰੀਬ ਹਰ ਸ਼ਖਸ ਦੀ ਕਹਾਣੀ ਹੈ।

-ਸੰਪਾਦਕ

ਸੰਤੋਖ ਮਿਨਹਾਸ
ਫੋਨ: 559-283-6376

ਪਰਵਾਸ ਆਪਣੀ ਜੰਮਣ ਭੋਇੰ ਤੋਂ ਮੋਹ ਦਾ ਟੁੱਟਣਾ। ਪਰਵਾਸ ਨਵੇਂ ਦਿਸਹੱਦਿਆਂ ਦੀ ਭਾਲ। ਪਰਵਾਸ ਨਵੇਂ ਪੈਂਡਿਆਂ ‘ਤੇ ਤੁਰਨ ਦਾ ਚਾਅ। ਪਰਵਾਸ ਚੁੱਲ੍ਹੇ ਦੀ ਅੱਗ ਨੂੰ ਬਲਦੀ ਰੱਖਣ ਦੀ ਕੋਸ਼ਿਸ਼। ਪਰਵਾਸ ਸੁਨਹਿਰੀ ਭਵਿੱਖ ਦੇ ਪਰਵਾਨ ਚੜ੍ਹਨ ਦਾ ਸੁਪਨਾ। ਪਰਵਾਸ ਇੱਕ ਘਰ ਨੂੰ ਅਲਵਿਦਾ ਕਹਿ ਕੇ ਨਵੇਂ ਘਰ ਦੀ ਤਲਾਸ਼। ਪਰਵਾਸ ਆਪਣੀਆਂ ਆਸਾਂ ਉਮੀਦਾਂ ਦੀ ਪੂਰਤੀ ਲਈ ਪੁਟਿਆ ਕਦਮ।
ਪਰਵਾਸ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਆਪਣੀ ਮਰਜ਼ੀ ਨਾਲ ਲਿਆ ਫੈਸਲਾ ਵੀ ਹੋ ਸਕਦਾ ਹੈ ਤੇ ਮਜ਼ਬੂਰੀ ਵੱਸ ਵੀ। ਪਰਵਾਸ ਹਰ ਮਨੁੱਖ ਦੇ ਸੁਭਾਅ, ਉਸ ਦੀਆਂ ਆਰਥਕ ਪ੍ਰਸਥਿਤੀਆਂ ਤੇ ਬਾਹਰੀ ਮਾਹੌਲ ‘ਤੇ ਵੀ ਨਿਰਭਰ ਕਰਦਾ ਹੈ। ਹੋਰ ਵੀ ਕਈ ਕਾਰਨ ਹੋ ਸਕਦੇ ਹਨ।
ਮੱਖਣ ਅਮਰੀਕਾ ਮੇਰੇ ਨਾਲੋਂ ਕੋਈ ਦੋ ਕੁ ਮਹੀਨੇ ਪਹਿਲਾਂ ਆਇਆ ਸੀ। ਮੇਰੇ ਛੋਟੇ ਭਰਾ ਦੇ ਦੋਸਤ ਸੁਰਿੰਦਰ ਸੰਧੂ ਦੇ ਤਾਏ ਦਾ ਪੁੱਤ ਹੈ। ਅਮਰੀਕਾ ਆਉਣ ਤੋਂ ਪਹਿਲਾਂ ਉਹ ਅਤੇ ਉਹਦੀ ਘਰ ਵਾਲੀ ਧਨੌਲਾ ਨੇੜੇ ਕਿਸੇ ਪਿੰਡ ਵਿਚ ਅਧਿਆਪਕ ਲੱਗੇ ਹੋਏ ਸਨ। ਸਰਕਾਰੇ ਦਰਬਾਰੇ ਚੰਗਾ ਅਸਰ ਰਸੂਖ ਸੀ। ਇਸੇ ਲਈ ਲੰਮੇ ਸਮੇਂ ਤੋਂ ਇੱਕੋ ਸਕੂਲ ਵਿਚ ਟਿੱਕੇ ਹੋਏ ਸਨ। ਕਹਿਣ ਨੂੰ ਹੀ ਉਹ ਨੌਕਰੀ ਕਰਦੇ ਸਨ, ਅਸਲ ਵਿਚ ਚੜ੍ਹੇ ਮਹੀਨੇ ਸਿਰਹਾਣੇ ਹੈਠੋਂ ਹੀ ਤਨਖਾਹ ਚੁੱਕਦੇ ਸਨ।
ਲੋਕਾਂ ਨਾਲ ਬਹੁਤਾ ਮੇਲ-ਜੋਲ ਹੋਣ ਕਾਰਨ ਆੜ੍ਹਤ ਦੀ ਦੁਕਾਨ ਵੀ ਕੀਤੀ ਹੋਈ ਸੀ। ਆਮ ਆੜ੍ਹਤੀਆਂ ਵਾਂਗ ਦੁਕਾਨ ‘ਤੇ ਬੀਜ ਅਤੇ ਕੀੜੇ ਮਾਰ ਦਵਾਈਆਂ ਵੀ ਰੱਖੀਆਂ ਹੋਈਆਂ ਸਨ। ਚੰਗਾ ਕਾਰੋਬਾਰ ਸੀ। ਪਿੰਡ ਵਿਚ ਵੱਡੀ ਕੋਠੀ ਪਾਈ ਹੋਈ ਸੀ। ਦੂਜੀ ਮੰਜ਼ਿਲ ‘ਤੇ ਬਣੀ ਪਾਣੀ ਦੀ ਟੈਂਕੀ ਉਪਰ ਵੱਡੇ ਅੱਖਰਾਂ ਵਿਚ ਸੰਧੂ ਨਿਵਾਸ ਲਿਖਿਆ ਹੋਇਆ ਸੀ ਧੜੱਲੇਦਾਰ ਸਰਦਾ ਪੁਜਦਾ ਜੱਟ, ਅੱਧੇ ਪਿੰਡ ਨੂੰ ਕਰਜ਼ਾਈ ਕਰੀ ਫਿਰਦਾ ਸੀ। ਇੱਕ ਸੋਹਣਾ ਸੁਨੱਖਾ ਮੁੰਡਾ, ਉਹ ਕਾਲਜ ਪੜ੍ਹਦਾ ਸੀ। ਪਿੰਡ ਵਿਚ ਚੰਗੀ ਭੱਲ ਬਣੀ ਹੋਈ ਸੀ। ਆਪਣੇ ਅਮਰੀਕਾ ਵਸਦੇ ਸਕੇ ਸਬੰਧੀਆਂ ਦੀ ਮਦਦ ਨਾਲ ਸਾਲ ਵਿਚ ਕਬੱਡੀ ਦਾ ਇੱਕ ਵੱਡਾ ਟੂਰਨਾਮੈਂਟ ਕਰਾ ਦਿੰਦਾ। ਇਲਾਕੇ ਦੇ ਵੱਡੇ ਰਾਜਸੀ ਲੀਡਰ ਸੱਦ ਕੇ ਪਿੰਡ ਵਿਚ ਬੱਲੇ ਬੱਲੇ ਵੀ ਕਰਾ ਲੈਂਦਾ। ਗੱਲ ਕੀ ਪੂਰਾ ਜੁਗਾੜੀ ਜੱਟ।
ਅਮਰੀਕਾ ਉਹਦੇ ਭਰਾ ਨੇ ਬਲੱਡ ਰਿਲੇਸ਼ਨ ‘ਤੇ ਸੱਦਿਆ ਸੀ। ਅਮਰੀਕਾ ਜਾਣ ਦੇ ਚਾਅ ‘ਚ ਦੋਹਾਂ ਜੀਆਂ ਨੇ ਸਾਲ ਪਹਿਲਾਂ ਹੀ ਪੈਨਸ਼ਨ ਲੈ ਲਈ। ਭਾਵੇਂ ਦੋਹਾਂ ਦੀ ਰਿਟਾਇਰਮੈਂਟ ਵਿਚ ਅਜੇ ਕਈ ਸਾਲ ਰਹਿੰਦੇ ਸਨ। ਆੜ੍ਹਤ ਦਾ ਕੰਮ ਵੀ ਹੌਲੀ ਹੌਲੀ ਸਮੇਟ ਲਿਆ ਸੀ। ਮੱਖਣ ਦਾ ਇੱਕੋ ਮਕਸਦ ਸੀ ਕਿ ਮੈਂ ਆਪਣੇ ਮੁੰਡੇ ਨੂੰ ਅਮਰੀਕਾ ਸੈਟ ਕਰ ਦੇਵਾਂ। ਇੱਕਲਾ ਮੁੰਡਾ ਤੇ ਖੁੱਲ੍ਹਾ ਖਰਚਾ ਹੋਣ ਕਾਰਨ ਮੰਡੇ ਦੇ ਵਿਗੜਨ ਦਾ ਡਰ ਹਰ ਵੇਲੇ ਬਣਿਆ ਰਹਿੰਦਾ ਸੀ। ਪੰਜਾਬ ਵਿਚ ਚਲਦੇ ਨਸ਼ਿਆ ਦੇ ਦੌਰ ਵਿਚ ਪਿੰਡ ਦੀ ਮੰਡੀਰ ਨੂੰ ਵੀ ਲਾਗ ਲੱਗ ਗਈ ਸੀ। ਇਸ ਲਈ ਉਹ ਚਾਹੁੰਦਾ ਸੀ ਕਿ ਮੁੰਡਾ ਛੇਤੀ ਅਮਰੀਕਾ ਪਹੁੰਚ ਜਾਵੇ।
ਮੱਖਣ ਤੇ ਉਸ ਦੀ ਘਰ ਵਾਲੀ ਨੂੰ ਤਾਂ ਵੀਜ਼ਾ ਮਿਲ ਗਿਆ ਸੀ, ਪਰ ਮੁੰਡੇ ਦੇ ਕੇਸ ‘ਚ ਅਮਰੀਕਾ ਅੰਬੈਸੀ ਨੇ ਕੋਈ ਅੜਿੱਕਾ ਢਾਹ ਦਿੱਤਾ। ਅੰਬੈਸੀ ਨਾਲ ਕਾਫੀ ਚਿੱਠੀ ਪੱਤਰ ਵੀ ਕੀਤਾ, ਪਰ ਮੁੰਡੇ ਨੂੰ ਵੀਜ਼ਾ ਨਾ ਮਿਲਿਆ। ਕਿਸੇ ਨੇ ਸਲਾਹ ਦਿੱਤੀ ਕਿ ਅਮਰੀਕਾ ਜਾ ਕੇ ਕੇਸ ਪਾ ਦੇ। ਆਖਰ ਭਰੇ ਮਨ ਨਾਲ ਸਾਲ ਭਰ ਦੀ ਖੱਜਲ ਖੁਆਰੀ ਤੋਂ ਬਾਅਦ ਆਪ ਤਾਂ ਦੋਵੇਂ ਜਣੇ ਅਮਰੀਕਾ ਪਹੁੰਚ ਗਏ, ਪਰ ਮੁੰਡਾ ਇੰਡੀਆ ਰਹਿ ਗਿਆ ਸੀ, ਜਿਹਦੇ ਪਿੱਛੇ ਇਹ ਸਾਰਾ ਧੰਧ ਪਿੱਟਿਆ ਸੀ। ਅਮਰੀਕਾ ਪਹੁੰਚਦੇ ਸਾਰ ਹੀ ਮੱਖਣ ਨੇ ਮੁੰਡੇ ਦੇ ਕੇਸ ਲਈ ਵਕੀਲ ਕਰ ਲਿਆ ਸੀ।
ਮੇਰੇ ਵੀ ਸਾਰੇ ਭੈਣ-ਭਰਾ ਕੈਲੀਫੋਰਨੀਆ ਸਟੇਟ ਦੇ ਸ਼ਹਿਰ ਫਰਿਜ਼ਨੋ ਵਿਚ ਰਹਿੰਦੇ ਹਨ, ਜਿਨ੍ਹਾਂ ਦੇ ਚੰਗੇ ਕਾਰੋਬਾਰ ਹਨ। ਪੁਰਾਣੇ ਆਏ ਹੋਣ ਕਾਰਨ ਆਰਥਕ ਪੱਖੋਂ ਸੌਖੇ ਹਨ। ਮੈਂ ਆਪਣੇ ਛੋਟੇ ਭਰਾ ਕੋਲ ਰਹਿ ਰਿਹਾ ਸਾਂ। ਮੈਨੂੰ ਆਏ ਨੂੰ ਥੋੜ੍ਹੇ ਹੀ ਦਿਨ ਹੋਏ ਸਨ। ਅਜੇ ਮੇਰਾ ਤੋਰਾ-ਫੇਰਾ ਚੱਲ ਰਿਹਾ ਸੀ। ਅਮਰੀਕਾ ਮੈਨੂੰ ਚੰਗਾ ਚੰਗਾ ਲੱਗ ਰਿਹਾ ਸੀ, ਕਿਉਂਕਿ ਅਜੇ ਮੈਨੂੰ ਰਿਸ਼ਤੇਦਾਰਾਂ ਨੂੰ ਮਿਲਾਉਣ ਦੀ ਕਵਾਇਦ ਚਲ ਰਹੀ ਸੀ ਅਤੇ ਸੇਵਾ ਭਾਵ ਚੰਗਾ ਹੋ ਰਿਹਾ ਸੀ; ਪਰ ਨਾਲ ਨਾਲ ਮੇਰੇ ਲਈ ਨੌਕਰੀ ਦੀ ਭਾਲ ਸ਼ੁਰੂ ਹੋ ਚੁਕੀ ਸੀ।
ਇੱਕ ਦਿਨ ਸੁਰਿੰਦਰ ਸੰਧੂ ਗੱਡੀ ਲੈ ਕੇ ਆਇਆ ਤੇ ਆਖਣ ਲੱਗਾ, ਚੱਲ ਆ ਤੈਨੂੰ ਬਾਹਰ ਘੁੰਮਾ-ਫਿਰਾ ਲਿਆਵਾਂ। ਅਸੀਂ ਕੋਈ ਅੱਧੇ ਕੁ ਘੰਟੇ ਦੇ ਸਫਰ ਤੋਂ ਬਾਅਦ ਫਰਿਜ਼ਨੋ ਦੇ ਨੇੜਲੇ ਸ਼ਹਿਰ ਸਿਲਮਾ ਨੂੰ ਪਾਰ ਕਰਕੇ ਦੂਰ ਅੰਗੂਰਾਂ ਦੇ ਖੇਤਾਂ ਵਿਚ ਇੱਕ ਫਾਰਮ ਹਾਊਸ ਵਿਚ ਪਹੁੰਚ ਗਏ। ਇਹ ਸੌਗੀ ਦਾ ਫਾਰਮ ਮੱਖਣ ਦੇ ਭਰਾ ਮਹਿੰਮਾ ਸਿੰਘ ਦਾ ਸੀ, ਜੋ ਆਪ ਤਾਂ ਸਿਲਮਾ ਟਾਊਨ ਵਿਚ ਇੱਕ ਚੰਗੇ ਘਰ ਵਿਚ ਰਹਿੰਦਾ ਸੀ, ਜਿਹਦਾ ਮੁੰਡਾ ਪੁਲਿਸ ਅਫਸਰ ਤੇ ਨੂੰਹ ਸਕੂਲ ਟੀਚਰ ਹੈ। ਆਪਣੇ ਭਰਾ ਦੀ ਰਿਹਾਇਸ਼ ਦਾ ਪ੍ਰਬੰਧ ਆਪਣੇ ਫਾਰਮ ਹਾਊਸ ਵਿਚ ਕਰ ਦਿੱਤਾ ਸੀ।
ਇਹ ਕਹਿਣ ਨੂੰ ਹੀ ਫਾਰਮ ਹਾਊਸ ਸੀ। ਇਹ ਲੱਕੜ ਦਾ ਇੱਕ ਛੋਟਾ ਜਿਹਾ ਟਰਾਲਾ ਜਿਹਾ ਲੱਗਦਾ ਸੀ, ਬਾਹਰੋਂ ਟੁੱਟੀਆਂ ਫੱਟੀਆਂ ਤੋਂ ਉਸ ਦੀ ਖਸਤਾ ਹਾਲਤ ਵੇਖ ਕੇ ਉਸ ਦੀ ਅੰਦਰਲੀ ਦਿੱਖ ਦਾ ਭਲੀਭਾਂਤ ਅੰਦਾਜ਼ਾ ਲਾਇਆ ਜਾ ਸਕਦਾ ਸੀ। ਇਸ ਤਰ੍ਹਾਂ ਦੇ ਇੱਕ-ਦੋ ਘਰ, ਹੋਰ ਵੀ ਨੇੜੇ ਸਨ, ਜਿਨ੍ਹਾਂ ਵਿਚ ਸਪੈਨਿਸ਼ ਮੂਲ ਦੇ ਮਰਦ-ਔਰਤਾਂ ਬੈਠੇ ਸ਼ਾਇਦ ਬੀਅਰ ਪੀ ਰਹੇ ਸਨ। ਉਨ੍ਹਾਂ ਦੇ ਰੱਖੇ ਕੁੱਤੇ ਪਹਿਲਾਂ ਤਾਂ ਭੌਂਕੇ, ਪਰ ਉਨ੍ਹਾਂ ਦੇ ਕਹਿਣ ‘ਤੇ ਚੁੱਪ ਕਰਕੇ ਉਨ੍ਹਾਂ ਦੇ ਕੋਲ ਹੀ ਬੈਠ ਗਏ। ਸੁਰਿੰਦਰ ਨੇ ਗੱਡੀ ਇੱਕ ਪਿੱਪਲ-ਨੁਮਾ ਰੁੱਖ ਹੇਠ ਖੜ੍ਹੀ ਕਰ ਦਿੱਤੀ। ਗੱਡੀ ਵੇਖ ਇੱਕ ਸ਼ਖਸ ਅੰਦਰੋਂ ਬਾਹਰ ਹੱਸਦਾ ਹੋਇਆ ਨਿਕਲਿਆ। ਸ਼ਾਇਦ ਉਹਨੇ ਮੈਨੂੰ ਪਛਾਣ ਲਿਆ ਸੀ, ਪਰ ਮੈਂ ਅਜੇ ਉਸ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਿਹਾ ਸਾਂ। ਜਦ ਉਸ ਨੇ ਨੇੜੇ ਆ ਮੈਨੂੰ ਮੇਰਾ ਨਾਂ ਲੈ ਕੇ ਬੁਲਾਇਆ ਤਾਂ ਮੈਂ ਉਸ ਦੀ ਅਵਾਜ਼ ਤੋਂ ਪਛਾਣ ਲਿਆ, “ਉਏ! ਤੂੰ ਮੱਖਣ ਐਂ, ਆਹ ਕੀ ਬਣਿਆਂ ਫਿਰਦੈਂ?” ਉਸ ਨੂੰ ਵੇਖ ਕੇ ਮੇਰਾ ਹਾਸਾ ਨਿਕਲ ਗਿਆ। ਉਹ ਥੋੜ੍ਹਾ ਜਿਹਾ ਮੁਸਕਰਾਉਂਦਿਆਂ ਕਹਿਣ ਲੱਗਾ, “ਤੂੰ ਅਜੇ ਨਵਾਂ ਆਇਆਂ, ਥੋੜ੍ਹੇ ਦਿਨ ਠਹਿਰ ਜਾ, ਛੇਤੀ ਪਤਾ ਲੱਗ’ਜੂ! ਛੋਟੇ ਭਾਈ ਏਹ ਅਮਰੀਕਾ ਐ, ਜਿਹੜੀ ਬੰਦੇ ਨੂੰ ਬੰਦਾ ਨਈ ਰਹਿਣ ਦਿੰਦੀ। ਬੰਦਾ ਤਾਂ ਕੀ, ਬੰਦੇ ਦੀ ਸ਼ਕਲ ਵੀ ਵਿਗਾੜ ਦਿੰਦੀ ਐ।” ਮੱਖਣ ਨੇ ਕੱਚਾ ਜਿਹਾ ਹਾਸਾ ਹੱਸਦਿਆਂ ਕਿਹਾ। ਪਤਾ ਨਹੀਂ ਕਿਉਂ ਮੈਨੂੰ ਉਸ ਦੀ ਹਾਲਤ ਵੇਖ ਕੇ ਤਰਸ ਜਿਹਾ ਆਇਆ। ਸ਼ਾਇਦ ਮੈਂ ਅੰਦਰੋਂ ਡਰ ਗਿਆ ਸਾਂ।
ਇੰਡੀਆ ਵਿਚ ਮੱਖਣ ਸਿਹੁੰ ਦਾ ਲੰਮਾ ਚਿੱਟਾ ਦਾਹੜਾ ਖੁੱਲ੍ਹਾ ਛੱਡਿਆ ਹੁੰਦਾ ਸੀ, ਜੋ ਉਸ ਦੀ ਜਟਕਾਨਾ ਸ਼ਖਸੀਅਤ ਨੂੰ ਕਾਫੀ ਫੱਬਦਾ ਸੀ। ਚਿੱਟਾ ਕੁੜਤਾ ਪਜਾਮਾ ਪਾ ਕੇ ਜਦੋਂ ਕਬੱਡੀ ਟੂਰਨਾਮੈਂਟ ਵਿਚ ਘੁੰਮਦਾ ਫਿਰਦਾ ਹੁੰਦਾ ਸੀ ਤਾਂ ਵੱਖਰੀ ਸ਼ਾਨ ਹੁੰਦੀ ਸੀ, ਪਰ ਹੁਣ ਦਾਹੜੀ ‘ਤੇ ਮਸ਼ੀਨ ਫੇਰ ਕੇ ਕਾਲੀ ਕੀਤੀ ਹੋਈ ਸੀ, ਜੋ ਉਸ ਦੇ ਸੁਭਾਅ ਦੇ ਉਕਾ ਹੀ ਉਲਟ ਸੀ। ਮੇਰੇ ਅੰਦਰ ਅਮਰੀਕਾ ਬਾਰੇ ਵਿਚਾਰਾਂ ਦੀ ਉਥਲ-ਪੁਥਲ ਹੋਣ ਲੱਗ ਪਈ।
ਮੱਖਣ ਸਾਨੂੰ ਆਪਣੇ ਡੱਬੇ-ਨੁਮਾ ਕਮਰੇ ਅੰਦਰ ਲੈ ਗਿਆ। ਇੱਕ ਬਹੁਤ ਹੀ ਪੁਰਾਣਾ ਜਿਹਾ ਸੋਫਾ, ਜਿਸ ਉਤੇ ਚਾਦਰ ਵਿਛਾਈ ਹੋਈ ਸੀ। ਮੈਂ ਤੇ ਸੁਰਿੰਦਰ ਉਸ ਉਪਰ ਬੈਠ ਗਏ, ਮੱਖਣ ਸਾਡੇ ਸਾਹਮਣੇ ਵਾਲੀ ਕੁਰਸੀ ਉਪਰ ਬੈਠ ਗਿਆ। ਵਿਚਾਲੇ ਸਾਡੇ ਇੱਕ ਛੋਟਾ ਜਿਹਾ ਸਟੂਲ ਸੀ। ਕਮਰੇ ਅੰਦਰ ਪੁਰਾਣੀ ਲੱਕੜ ਦੀ ਸਿਲ ਦੀ ਗੰਧ ਮੇਰੇ ਨੱਕ ਨੂੰ ਚੜ੍ਹਨ ਲੱਗੀ, ਪਰ ਮੈਂ ਉਨ੍ਹਾਂ ਨੂੰ ਮਹਿਸੂਸ ਨਹੀਂ ਹੋਣ ਦਿੱਤਾ।
ਮੱਖਣ ਨੇ ਪੀਣ ਦੀ ਸੁਲਾਹ ਮਾਰੀ, ਸੁਰਿੰਦਰ ਨੇ ਪਹਿਲਾਂ ਹੀ ਨਾਲ ਲਿਆਂਦੀ ਬੋਤਲ ਸਟੂਲ ‘ਤੇ ਰੱਖ ਦਿੱਤੀ। ਹਾਸਾ ਮਖੌਲ ਚਲਦਾ ਰਿਹਾ। ਉਹ ਇੱਕ ਇੱਕ ਪੈਗ ਪਾਉਂਦੇ ਸਾਰ ਹੀ ਖਿੱਚ ਗਏ, ਮੈਨੂੰ ਵੀ ਛੇਤੀ ਪੀਣ ਲਈ ਜੋਰ ਪਾਉਣ ਲੱਗੇ। “ਬਾਈ ਕੀ ਕਰਦਾ ਹੁੰਨਾਂ?” ਮੈਂ ਮੱਖਣ ਨੂੰ ਪੁੱਛਿਆ। “ਕਰਨਾ ਕੀ ਐ, ਐਥੇ ਫੌਸਟਰ ਫਾਰਮ ਵਿਚ ਅਪਲਾਈ ਕੀਤਾ ਹੋਇਆ, ਅਜੇ ਪੇਪਰ ਨਹੀਂ ਨਿਕਲੇ।” ਜਦ ਉਹ ਇਹ ਗੱਲ ਕਹਿ ਰਿਹਾ ਸੀ, ਉਸ ਦੇ ਚਿਹਰੇ ‘ਤੇ ਰੌਣਕ ਨਹੀਂ ਸੀ। ਮੈਂ ਟਿਕਟਿਕੀ ਲਾ ਕੇ ਉਹਦੇ ਚਿਹਰੇ ਵੱਲ ਤੱਕ ਰਿਹਾ ਸਾਂ। ਉਹਦੇ ਹਾਵ ਭਾਵ ਮੈਨੂੰ ਹੈਰਾਨ ਕਰ ਰਹੇ ਸਨ।
ਅਮਰੀਕਾ ‘ਚ ਨਵਾਂ ਨਵਾਂ ਆਇਆ ਹੋਣ ਕਾਰਨ ਮੈਨੂੰ ਨਹੀਂ ਸੀ ਪਤਾ ਕਿ ਇੱਥੇ ਹੁਣ ਨੌਕਰੀਆਂ ਸੌਖੀਆਂ ਨਹੀਂ ਸੀ ਮਿਲਦੀਆਂ। ਮੈਨੂੰ ਦੱਸਿਆ ਕਿ ਫੌਸਟਰ ਫਾਰਮ ਕੁੱਕੜਾਂ ਨੂੰ ਕੱਟਣ ਵਾਲੀ ਫੈਕਟਰੀ ਹੈ, ਜਿੱਥੇ ਕੁੱਕੜਾਂ ਦਾ ਮੀਟ ਤਿਆਰ ਹੁੰਦਾ ਹੈ। ਉਥੇ ਕੰਮ ਬੜਾ ਥਕਾ ਤੇ ਅਕਾ ਦੇਣ ਵਾਲਾ ਹੈ। ਬਹੁਤੇ ਪੰਜਾਬੀ ਇਸੇ ਫੈਕਟਰੀ ਵਿਚ ਹੀ ਕੰਮ ਕਰਦੇ ਹਨ। ਮੱਖਣ ਤਿੰਨ ਕੁ ਪੈਗ ਪੀ ਕੇ ਫਿਸ ਪਿਆ, “ਆਹ ਵੇਖ ਲੈ ਛੋਟੇ ਭਾਈ, ਘੁਮਾਂ ਘੁਮਾਂ ਵਿਚ ਪਾਈਆਂ ਕੋਠੀਆਂ ਛੱਡ ਕੇ ਖੁੱਡੇ ਜਿਹੇ ‘ਚ ਤੜੇ ਬੈਠੇ ਆਂ।” ਮੱਖਣ ਨੇ ਸਾਹਮਣੇ ਪਏ ਖਾਲੀ ਗਲਾਸ ਵਿਚ ਵੱਡਾ ਹਾੜਾ ਪਾਇਆ ਤੇ ਅੱਖਾਂ ਵਿਚ ਸਿਮ ਆਏ ਪਾਣੀ ਨੂੰ ਹੱਥ ਨਾਲ ਪੂੰਝਿਆ। ਮੈਨੂੰ ਉਸ ਦੀ ਹਾਲਤ ਵਿਚੋਂ ਆਪਣੀ ਹੋਣੀ ਨਜ਼ਰ ਆਉਣ ਲੱਗ ਪਈ ਸੀ। ਮੈਨੂੰ ਸੁਸਤ ਜਿਹਾ ਬੈਠਾ ਵੇਖ ਮੱਖਣ ਨੇ ਮੇਰੇ ਗਲਾਸ ਵਿਚ ਤਕੜਾ ਜਿਹਾ ਪੈਗ ਪਾਇਆ। ਮੈਂ ਅੰਦਰਲੇ ਡਰ ਨੂੰ ਦੂਰ ਕਰਨ ਲਈ ਇੱਕੋ ਝਟਕੇ ਨਾਲ ਸਾਰਾ ਪੈਗ ਖਿੱਚ ਗਿਆ।
ਜਦੋਂ ਅਸੀਂ ਤੁਰੇ, ਹਨੇਰਾ ਕਾਫੀ ਉਤਰ ਆਇਆ ਸੀ, ਪਰ ਮੱਖਣ ਸਾਨੂੰ ਅਜੇ ਵੀ ਹੋਰ ਬੈਠਣ ਲਈ ਜ਼ੋਰ ਪਾ ਰਿਹਾ ਸੀ। ਸੁਰਿੰਦਰ ਸ਼ਰਾਬ ਪੀ ਕੇ ਵੀ ਗੱਡੀ ਚਲਾ ਕੇ ਘਰ ਲੈ ਆਇਆ। ਅਮਰੀਕਾ ਵਿਚ ਸ਼ਰਾਬ ਪੀ ਕੇ ਗੱਡੀ ਚਲਾਉਣਾ ਵੱਡਾ ਜੁਰਮ ਹੈ। ਟਿਕਟ ਮਿਲਣ ‘ਤੇ ਭਾਰੀ ਜੁਰਮਾਨਾ ਅਤੇ ਲਾਈਸੈਂਸ ਸਸਪੈਂਡ ਹੋਣ ਦਾ ਡਰ ਬਣਿਆ ਰਹਿੰਦਾ ਹੈ। ਮੈਂ ਹੈਰਾਨ ਹੋ ਰਿਹਾ ਸਾਂ ਕਿ ਪੰਜਾਬੀ ਫਿਰ ਵੀ ਗੱਡੀਆਂ ਭਜਾਈ ਫਿਰਦੇ ਹਨ।
ਮਹੀਨੇ ਕੁ ਬਾਅਦ ਮੱਖਣ ਮੈਨੂੰ ਇੱਕ ਪਾਰਟੀ ‘ਤੇ ਮਿਲਿਆ। ਇਹ ਪਾਰਟੀ ਮੇਰੇ ਛੋਟੇ ਭਰਾ ਦੇ ਦੋਸਤ ਮਨਜੀਤ ਕੁਲਾਰ ਦੇ ਮੁੰਡੇ ਦੇ ਜਨਮ ਦਿਨ ਦੀ ਪਾਰਟੀ ਸੀ। ਅਸੀਂ ਕਾਫੀ ਰਿਸ਼ਤੇਦਾਰ ਦੋਸਤ-ਮਿੱਤਰ ਬੈਠੇ ਦਾਰੂ ਪੀ ਰਹੇ ਸਾਂ, ਨਾਲ ਮੁਰਗਿਆਂ ਨੂੰ ਵੀ ਵਾਢਾ ਲਾਇਆ ਹੋਇਆ ਸੀ। ਮੱਖਣ ਆਉਂਦਾ ਦਿਸਿਆ। ਉਹ ਮਸਾਂ ਹੌਲੀ ਹੌਲੀ ਕਰਕੇ ਸਾਡੇ ਕੋਲ ਪਹੁੰਚਿਆ।
ਮੈਂ ਉਹਦੀ ਹਾਲਤ ਵੇਖ ਕੇ ਆਖਿਆ, “ਹਾਅ ਕੀ ਕਰਾਈ ਫਿਰਦੈ?” ਉਹ ਮਸਾਂ ਹੀ ਕੁਰਸੀ ‘ਤੇ ਬੈਠਦਿਆਂ ਬੋਲਿਆ, “ਕਰੌਣਾ ਕੀ ਸੀ, ਸਾਲੇ ਫੌਸਟਰ ਫਾਰਮ ‘ਚ, ਕੁੱਕੜ ਵੱਢੀਦੇ ਐ।” ਉਹਦੇ ਹੱਥ ਪੈਰ ਕਾਫੀ ਸੁੱਜੇ ਹੋਏ ਸਨ, ਗੁੱਟ ਤੇ ਰੁਮਾਲ ਦਾ ਕੰਕਣਾ ਜਿਹਾ ਬਣਾ ਕੇ ਲਵੇਟਿਆ ਹੋਇਆ ਸੀ ਅਤੇ ਗਿੱਟਿਆਂ ‘ਤੇ ਵੀ ਪੱਟੀਆਂ ਬੰਨ੍ਹੀਆਂ ਹੋਈਆਂ ਸਨ।
“ਆਹ ਕਿਵੇਂ ਸੁੱਜ ਗਏ?” ਮੈਂ ਉਹਦੇ ਹੱਥਾਂ-ਪੈਰਾਂ ਵੰਨੀਂ ਵੇਖ ਕੇ ਕਿਹਾ।
“ਪੁੱਛ ਨਾ ਛੋਟੇ ਭਾਈ, ਉਥੇ ਠੰਡ ਬਹੁਤ ਹੁੰਦੀ ਹੈ ਤੇ ਕੰਮ ਵੀ ਬੜਾ ਔਖਾ, ਢੂਈ ਸਿੱਧੀ ਨਹੀਂ ਹੁੰਦੀ, ਸਾਰਾ ਦਿਨ ਚੱਲ ਸੋ ਚੱਲ ਹੋਈ ਜਾਂਦੀ ਐ। ਛੋਟੇ ਭਾਈ ਕੈਦੀਆਂ ਨਾਲੋਂ ਵੀ ਭੈੜੀ ਜੂਨ ਐ, ਮੈਥੋਂ ਤਾਂ ਇਹ ਕੰਮ ਨਹੀਂ ਹੋਣਾ, ਛੱਡ ਦੇਣੈ।” ਉਹ ਅੱਖਾਂ ਭਰ ਆਇਆ ਸੀ।
‘ਕੇਰਾਂ ਮੁੰਡਾ ਪਹੁੰਚ ਜੇ, ਆਪਾਂ ਸਾਲੀ ਏਸ ਅਮਰੀਕਾ ਤੋਂ ਕੀ ਲੈਣਾ, ਜਿਹਨੇ ਖੂਨ ਵੀ ਨਿਚੋੜ ਲੈਣਾ ਤੇ ਇੱਜਤ ਵੀ ਖੂਹ ਖਾਤੇ ਪਾ’ਤੀ। ਏਹ ਕਾਹਦੀ ਅਮਰੀਕਾ ਜਿਹਦੇ ਪਿੱਛੇ ਸਰਦਾਰੀਆਂ ਛੱਡ ਕੇ ਕੁੱਕੜ ਵੱਢਦੇ ਫਿਰਦੇ ਆਂ।”
“ਚਲ ਛੱਡ ਬਾਈ ਮੱਖਣ ਸਿਹਾਂ, ਦਿਲ ਢਾਹੁਣ ਵਾਲੀਆਂ ਗੱਲਾਂ ਨਾ ਕਰ, ਚੁੱਕ ਗਲਾਸ ਖਾਲੀ ਕਰ, ਆ ਫੜ ਕੁੱਕੜ, ਏਹ ਤੇਰੇ ਹੀ ਫੌਸਟਰ ਫਾਰਮ ਦੇ ਐ।” ਮੇਰਾ ਛੋਟਾ ਭਰਾ ਦੀਪੀ ਉਹਦੇ ਅੱਗੇ ਮੁਰਗੇ ਵਾਲੀ ਪਲੇਟ ਕਰਦਾ ਬੋਲਿਆ।
“ਛੋਟੇ ਭਾਈ ਸਾਨੂੰ ਕੁੱਕੜ ਕਾਹਨੂੰ ਚੰਗੇ ਲੱਗਦੇ ਐ, ਸਾਨੂੰ ਤਾਂ ਰਾਤ ਨੂੰ ਵੀ ਸੁੱਤਿਆਂ ਪਿਆਂ ਕੁੱਕੜ ਈ ਦੀਹਦੇ ਐ, ਜੇ ਸੱਚ ਪੁੱਛੇ ਛੋਟੇ ਭਾਈ ਲੋਕੀਂ ਤਾਂ ਕੁੱਕੜ ਖਾਂਦੇ ਐ, ਮੈਨੂੰ ਤਾਂ ਕੁੱਕੜ ਹੀ ਖਾ’ਗੇ।” ਮੱਖਣ ਸਿਹੁੰ ਦੀਆਂ ਅੱਖਾਂ ‘ਚੋਂ ਪਾਣੀ ਰੋਕਦਿਆਂ ਵੀ ਸਿਮ ਆਇਆ ਸੀ। ਉਹਦੀ ਇਹ ਹਾਲਤ ਵੇਖ ਕੇ ਪਲੇਟ ਪਏ ਮੁਰਗੇ ਕੋਲੋਂ ਮੈਨੂੰ ਵੀ ਡਰ ਆਉਣ ਲੱਗ ਪਿਆ ਸੀ।
“ਮਾਸਟਰਾ ਦਿਲ ਛੋਟਾ ਨਾ ਕਰ, ਬਥੇਰਾ ਚਿਰ ਕੁਰਸੀ ‘ਤੇ ਬੈਠ ਕੇ ਮੁਫਤ ਦੀਆਂ ਖਾਧੀਆਂ। ਏਹ ਅਮਰੀਕਾ ਐ, ਏਥੇ ਕੋਹਲੂ ਦਾ ਬਲਦ ਬਣਨਾ ਹੀ ਪੈਣਾ।” ਕੋਲ ਬੈਠੇ ਮਨਜੀਤ ਕੁਲਾਰ ਨੇ ਵਿਅੰਗ ਕੱਸਿਆ। ਮੈਨੂੰ ਆਂਏ ਲੱਗਿਆ ਜਿਵੇਂ ਸਾਰੇ ਜਣੇ ਇਹ ਗੱਲਾਂ ਕਰਕੇ ਮੈਨੂੰ ਸਮਝਾ ਰਹੇ ਹੋਣ, ਕਿਉਂਕਿ ਮੇਰੀ ਵੀ ਨੌਕਰੀ ਲਈ ਇਸੇ ਫੈਕਟਰੀ ਵਿਚ ਅਪਲਾਈ ਕਰਨ ਦੀ ਗੱਲ ਹੋ ਰਹੀ ਸੀ।