ਅੰਧ ਰਾਸ਼ਟਰਵਾਦ ਦੀ ਪਾਣ

ਮੰਗਤ ਰਾਮ ਪਾਸਲਾ
ਅੱਜ ਕੱਲ੍ਹ ਭਾਰਤ ‘ਚ ‘ਰਾਸ਼ਟਰਵਾਦ’ ਦੀ ਕਾਫੀ ਚਰਚਾ ਹੈ। ‘ਮੋਦੀ ਭਗਤੀ’ ਦਾ ਦੂਸਰਾ ਨਾਮ ਹੈ, ‘ਰਾਸ਼ਟਰਵਾਦ!’ ਹਾਕਮ ਧਿਰ ਦੇ ਸਾਰੇ ਮੈਂਬਰ (ਸੰਘ ਪਰਿਵਾਰ) ਆਪਣੇ ਆਪ ਨੂੰ ‘ਕੌਮਵਾਦ’ ਦੇ ਅਲੰਬਰਦਾਰ ਤੇ ਦੇਸ਼ ਭਗਤ ਦੱਸ ਕੇ ਸਾਰੇ ਵਿਰੋਧੀਆਂ ਨੂੰ ‘ਦੇਸ਼ ਧ੍ਰੋਹੀ’, ‘ਗੱਦਾਰ’, ‘ਪਾਕਿ ਏਜੰਟ’ ਭਾਵ ਵੱਖ ਵੱਖ ਸ਼ਬਦਾਂ ਨਾਲ ਨਿਵਾਜ਼ ਰਹੇ ਹਨ। ‘ਰਾਸ਼ਟਰਵਾਦ’ ਜੇ ‘ਅੰਨ੍ਹਾ’ ਤੇ ਤਰਕਹੀਣ ਹੋਵੇ ਤਾਂ ਇਹ ਫਾਇਦਾ ਕਰਨ ਦੀ ਥਾਂ ਨੁਕਸਾਨ ਜ਼ਿਆਦਾ ਕਰਦਾ ਹੈ।

ਅਡੌਲਫ ਹਿਟਲਰ ਨੇ ਜਰਮਨੀ ਅੰਦਰ ਇਸੇ ਅੰਧ ਰਾਸ਼ਟਰਵਾਦ ਦਾ ਇਸਤੇਮਾਲ ਕਰਕੇ ਸਮੁੱਚੀ ਮਨੁੱਖਤਾ ਨੂੰ ਸਭ ਤੋਂ ਵੱਧ ਖਤਰਨਾਕ ਦੁਸ਼ਮਣ, ‘ਫਾਸ਼ੀਵਾਦ’ ਦੇ ਸਾਹਮਣੇ ਲਿਆ ਖੜ੍ਹਾ ਕਰ ਦਿੱਤਾ ਸੀ। ਦੂਜੀ ਸੰਸਾਰ ਜੰਗ (1939-1945), ਜੋ ਇਸੇ ‘ਫਾਸ਼ੀਵਾਦ’ ਦੀ ਦੇਣ ਹੈ, ਨੇ ਜਿਸ ਪੱਧਰ ‘ਤੇ ਮਨੁੱਖੀ ਜਾਨਾਂ ਦੀ ਆਹੂਤੀ ਲਈ ਤੇ ਸੰਸਾਰ ਦੀ ਆਰਥਕਤਾ ਨੂੰ ਤਬਾਹ ਕੀਤਾ, ਉਸ ਦਾ ਜ਼ਿਕਰ ਕਰਕੇ ਅੱਜ ਵੀ ਸੰਵੇਦਨਸ਼ੀਲ ਵਿਅਕਤੀ ਕੰਬ ਉਠਦਾ ਹੈ; ਪਰ ਹਿਟਲਰ ਦੇ ਪੈਰੋਕਾਰ ਪੂੰਜੀਵਾਦੀ ਪ੍ਰਬੰਧ ਸਦਕਾ ਸੰਸਾਰ ਨੂੰ ਦਰਪੇਸ਼ ਸਮੱਸਿਆਵਾਂ ਉਭਾਰ ਕੇ ਫਿਰ ਉਸੇ ਤਰ੍ਹਾਂ ਸਿਰ ਚੁੱਕਣ ਦਾ ਯਤਨ ਕਰ ਰਹੇ, ਜਿਵੇਂ ਹਿਟਲਰ ਨੇ ਲੋਕਾਂ ਦੀਆਂ ਮੁਸ਼ਕਿਲਾਂ ਦਾ ਲਾਹਾ ਲੈ ਕੇ ਸੱਤਾ ਹਾਸਲ ਕੀਤੀ ਸੀ। ਭਾਰਤ ਅੰਦਰ ਫਾਸ਼ੀਵਾਦੀ ਵਿਚਾਰਧਾਰਾ ਦੇ ਪੈਰੋਕਾਰ ਆਰ. ਐਸ਼ ਐਸ਼ ‘ਫਾਸ਼ੀਵਾਦੀ ਨਿਜ਼ਾਮ’ ਨੂੰ ਸਥਾਪਤ ਕਰਨ ਲਈ ‘ਧਾਰਮਿਕ ਕੱਟੜਤਾ’ ਦਾ ਵੀ ਇਸਤੇਮਲ ਕਰ ਰਹੇ ਹਨ, ਜੋ ਇਸ ਢਾਂਚੇ ਨੂੰ ਹੋਰ ਵੀ ਖਤਰਨਾਕ ਤੇ ਅਮਾਨਵੀ ਬਣਾ ਦਿੰਦਾ ਹੈ। ਮੋਦੀ ਸਰਕਾਰ ਦੀ ਕਾਇਮੀ ਤੋਂ ਪਿਛੋਂ ਉਸ ਦੀ ਕਾਰਗੁਜ਼ਾਰੀ ਸਪੱਸ਼ਟ ਰੂਪ ‘ਚ ਦੇਸ਼ ਅੰਦਰ ਇਕ ਧਰਮ ਆਧਾਰਤ ਫਿਰਕੂ ਫਾਸ਼ੀਵਾਦੀ ਤਰਜ਼ ਦਾ ‘ਹਿੰਦੂ ਰਾਸ਼ਟਰ’ ਕਾਇਮ ਕਰਨ ਵੱਲ ਸੇਧਤ ਹੈ, ਜੋ ‘ਮਨੂੰਵਾਦੀ’ ਫਲਸਫੇ ਅਧੀਨ ਕੰਮ ਕਰੇਗੀ।
ਦੇਸ਼ ਦੇ ਆਜ਼ਾਦੀ ਸੰਗਰਾਮ ਦੌਰਾਨ ਵੱਖ ਵੱਖ ਧਰਮਾਂ, ਜਾਤੀਆਂ, ਫਿਰਕਿਆਂ ਤੇ ਰਾਜਸੀ ਵਿਚਾਰਾਂ ਦੇ ਲੋਕ ਜਿਸ ਭਾਵਨਾ ਨਾਲ ਅੰਗਰੇਜ਼ੀ ਸਾਮਰਾਜ ਵਿਰੁੱਧ ਸੰਘਰਸ਼ ਲਈ ਮੈਦਾਨ ‘ਚ ਉਤਰੇ ਸਨ, ਉਸ ਨੂੰ ਹੀ ‘ਹਕੀਕੀ ਰਾਸ਼ਟਰਵਾਦ’ ਕਿਹਾ ਜਾ ਸਕਦਾ ਹੈ। ਉਸ ਰਾਸ਼ਟਰਵਾਦ ‘ਚੋਂ ਆਜ਼ਾਦੀ, ਬਰਾਬਰਤਾ, ਸਾਂਝੀਵਾਲਤਾ ਤੇ ਸਦਭਾਵਨਾ ਦੀ ਖੁਸ਼ਬੂ ਆਉਂਦੀ ਸੀ। ਇਸੇ ਖੁਸ਼ਬੂ ਨੂੰ ਭਾਰਤ ਦੇ ਸੰਵਿਧਾਨ ‘ਚ ਅੰਕਿਤ ਕਰਨ ਦਾ ਅਧੂਰਾ ਜਿਹਾ ਯਤਨ ਵੀ ਕੀਤਾ ਗਿਆ। ਦੋ ਕੌਮਾਂ ਦੇ ਸਿਧਾਂਤ (ਧਰਮਾਂ) ‘ਤੇ ਆਧਾਰਤ ਦੇਸ਼ ਦੀ ਵੰਡ (ਭਾਰਤ ਤੇ ਪਾਕਿਸਤਾਨ) ਸਮੇਂ ਵੀ ਅੰਗਰੇਜ਼ ਸਾਮਰਾਜ ਦੀ ਸਾਜਿਸ਼ ਦਾ ਸ਼ਿਕਾਰ ਹੋਏ ਮੁਸਲਿਮ ਲੀਗ ਤੇ ਕਾਂਗਰਸ ਦੇ ਆਗੂਆਂ ਦੇ ਮਨਾਂ ਅੰਦਰ ‘ਅੰਧ ਰਾਸ਼ਟਰਵਾਦ’ ਦਾ ਭੂਤ ਸਵਾਰ ਸੀ, ਜਿਸ ਨੇ ਲੱਖਾਂ ਬੇਗੁਨਾਹ ਲੋਕਾਂ ਦੀਆਂ ਜਾਨਾਂ ਲਈਆਂ। ਇਸ ਸੰਦਰਭ ‘ਚ ਸੰਘ ਪਰਿਵਾਰ ਦੇ ‘ਅੰਧ ਰਾਸ਼ਟਰਵਾਦ’ ਨੂੰ ਪਰਖਿਆ ਜਾ ਸਕਦਾ ਹੈ, ਜੋ ਨਵੀਂ ਕਿਸਮ ਦੀ ਸਾਮਰਾਜੀ ਆਰਥਕ ਗੁਲਾਮੀ ਲਈ ਭਾਰਤ ਦੀ ਵਿਦੇਸ਼ੀ ਬਹੁਕੌਮ ਕਾਰਪੋਰੇਸ਼ਨਾਂ ਨਾਲ ਇਕਤਰਫਾ ਸਾਂਝ ਨੂੰ ਹੱਕੀ ਦੱਸ ਰਿਹਾ ਹੈ ਤੇ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਕ ਨੀਤੀਆਂ ਨੂੰ ਤੇਜ਼ੀ ਨਾਲ ਲਾਗੂ ਕਰਨ ਦਾ ਹਮਾਇਤੀ ਹੈ। ਆਰ. ਐਸ਼ ਐਸ਼, ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ (ਜਿਸ ਦੇ ਕਿਰਦਾਰ ਨੇ ਸਾਰੀ ਦੁਨੀਆਂ ‘ਚ ਅਮਰੀਕਾ ਦੀ ਥੂਹ ਥੂਹ ਕਰਾ ਦਿੱਤੀ ਹੈ) ਦੀ ਤਰ੍ਹਾਂ ‘ਸਮਾਜਵਾਦ’ ਭਾਵ ਬਰਾਬਰੀ ਦੇ ਅਸੂਲਾਂ ਵਾਲਾ ਪ੍ਰਬੰਧ, ਜਿਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਖਾਤਮਾ ਹੋਵੇ, ਨੂੰ ਆਪਣਾ ਇਕ ਨੰਬਰ ਦਾ ਦੁਸ਼ਮਣ ਦੱਸਦੀ ਹੈ। ਸੰਘ ਪਰਿਵਾਰ ‘ਅੰਧ ਰਾਸ਼ਟਰਵਾਦ’ ਦੇ ਨਸ਼ੇ ‘ਚ ਹੀ ਧਰਮ ਨਿਰਪੱਖਤਾ ਦਾ ਮਖੌਲ ਉਡਾ ਕੇ ਧਾਰਮਿਕ ਕੱਟੜਤਾ ਦਾ ਗੁਣਗਾਨ ਕਰਦਾ ਹੈ, ਸਹਿਨਸ਼ੀਲਤਾ ਦੀ ਥਾਂ ਅਸਹਿਨਸ਼ੀਲਤਾ ਦਾ ਮੁਦੱਈ ਹੈ ਤੇ ਲੋਕ ਰਾਜੀ ਕਦਰਾਂ ਕੀਮਤਾਂ ‘ਤੇ ਅਮਲ ਕਰਨ ਦੀ ਥਾਂ ਤਾਨਾਸ਼ਾਹੀ ਢੰਗ ਨਾਲ ਸਾਰੇ ਲੋਕ ਰਾਜੀ ਸੰਵਿਧਾਨਕ ਅਦਾਰਿਆਂ ਦਾ ਭੋਗ ਪਾਉਣ ਲਈ ਬਜ਼ਿੱਦ ਹੈ।
ਇਸ ‘ਅੰਧ ਰਾਸ਼ਟਰਵਾਦ’ ਨੂੰ ਲੋਕਾਂ ਅੰਦਰ ਪ੍ਰਵਾਨ ਚੜ੍ਹਾਉਣ ਲਈ ‘ਸੰਘ ਪਰਿਵਾਰ’ ਸਾਰੇ ਹੀ ਗੁਆਂਢੀ ਦੇਸ਼ਾਂ ਵਿਰੁੱਧ ਧੂੰਆਂ ਧਾਰ ਪ੍ਰਚਾਰ ਕਰਕੇ ਜੰਗੀ ਮਾਹੌਲ ਸਿਰਜਣ ਤੇ ਮਾਨਵਤਾ ਦੀ ਤਬਾਹੀ ਕਰਨ ਵਾਲੇ ਪ੍ਰਮਾਣੂੰ ਹਥਿਆਰਾਂ ਦੀ ਵਰਤੋਂ ਰਾਹੀਂ ਆਪਣੀ ‘ਉਤਮਤਾ’ ਦਰਸਾਉਣ ਦਾ ਯਤਨ ਕਰਦਾ ਹੈ। ਭਾਰਤ ਦੇ ਇਤਿਹਾਸ ‘ਚ ਇਹ ਕਦੀ ਨਹੀਂ ਵਾਪਰਿਆ ਕਿ ਜਦੋਂ ਭਾਰਤ ‘ਤੇ ਕਿਸੇ ਦੂਸਰੇ ਦੇਸ਼ ਵਲੋਂ ਹਮਲਾ ਕੀਤਾ ਗਿਆ ਹੋਵੇ ਜਾਂ ਭਾਰਤੀ ਹਿਤਾਂ ਦੇ ਵਿਰੁੱਧ ਕੋਈ ਸਾਜ਼ਿਸ਼ੀ ਕਾਰਵਾਈ ਕੀਤੀ ਹੋਵੇ, ਤਾਂ ਦੇਸ਼ ਦੇ ਸਾਰੇ ਲੋਕ ਸਭ ਮਤਭੇਦ ਭੁਲਾ ਕੇ ਦੇਸ਼ ਹਿਤਾਂ ਦੀ ਰਾਖੀ ਲਈ ਇੱਕਮੁੱਠ ਹੋ ਕੇ ਚੱਟਾਨ ਵਾਂਗ ਖੜ੍ਹੇ ਨਾ ਹੋਏ ਹੋਣ। ਭਵਿੱਖ ਅੰਦਰ ਵੀ ਅਜਿਹਾ ਪੈਂਤੜਾ ਕਾਇਮ ਰਹਿਣਾ ਹੈ। ‘ਹਕੀਕੀ ਤੇ ਹਾਂ ਪੱਖੀ ਰਾਸ਼ਟਰਵਾਦ’ ਜਿੱਥੇ ਆਪਣੇ ਦੇਸ਼ ਨੂੰ ਪਿਆਰ ਕਰਦਾ ਹੋਇਆ ਸਭ ਲੋਕਾਂ ਦੀ ਸੁੱਖ ਮੰਗਦਾ ਹੈ, ਉਥੇ ‘ਅੰਧ ਰਾਸ਼ਟਰਵਾਦ’ ਨਫਰਤ ਫੈਲਾ ਕੇ ਜੰਗਾਂ ਰਾਹੀਂ ਦੂਸਰੇ ਦੇਸ਼ਾਂ ਉਪਰ ਕਬਜ਼ੇ ਕਰਨ ਤੇ ਆਮ ਲੋਕਾਂ ਦੀ ਤਬਾਹੀ ਦੇਖਣ ‘ਚ ਖੁਸ਼ੀਆਂ ਮਨਾਉਂਦਾ ਹੈ।
ਜੇ ਅੱਜ ਕੋਈ ਸਿਰ ਫਿਰਿਆ ਪਾਕਿਸਤਾਨੀ ਹਾਕਮ, ਫੌਜੀ ਜਰਨੈਲ ਜਾਂ ਜਨੂੰਨੀ ਵਿਅਕਤੀ ‘ਅੰਧ ਰਾਸ਼ਟਰਵਾਦ’ ਦੇ ਨਸ਼ੇ ‘ਚ ਦਿੱਲੀ ‘ਚ ਪਾਕਿਸਤਾਨ ਦਾ ਝੰਡਾ ਗੱਡਣ ਦਾ ਘਟੀਆ ਪ੍ਰਚਾਰ ਕਰਦਾ ਹੈ, ਤਾਂ ਉਸ ਦੀ ਅਕਲ ਉਪਰ ਹੱਸਿਆ ਹੀ ਜਾ ਸਕਦਾ ਹੈ। ਇਸੇ ਤਰ੍ਹਾਂ ਜੇ ਕੋਈ ਭਾਰਤ ਦਾ ਨੇਤਾ ਵੈਰ ਭਾਵਨਾ ਅਧੀਨ ਲਾਹੌਰ ਉਪਰ ਭਾਰਤੀ ਤਿਰੰਗਾ ਲਹਿਰਾਉਣ ਵਰਗਾ ਭੜਕਾਊ ਨਾਅਰਾ ਦਿੰਦਾ ਹੈ, ਤਦ ਉਹ ਵੀ ਲੋਕਾਂ ਦਾ ਭਲਾ ਚਾਹੁਣ ਵਾਲਾ ਨਹੀਂ ਹੋ ਸਕਦਾ। ਅਜਿਹੇ ਫਿਰਕੂ ਜਨੂੰਨੀ ਤੱਤ ਨਹੀਂ ਜਾਣਦੇ ਕਿ ਅੱਜ ਦੀ ਦੁਨੀਆਂ ਅੰਦਰ ਕਿਸੇ ਦੇਸ਼ ਦਾ ਦੂਸਰੇ ਦੇਸ਼ ‘ਤੇ ਕਬਜ਼ਾ ਕਰਨ ਦੀ ਸੋਚ (ਉਹ ਵੀ ਭਾਰਤ ਤੇ ਪਾਕਿ ਵਰਗੇ ਗਰੀਬ ਦੇਸ਼ਾਂ ਦਾ) ਅਸੰਭਵ ਤੇ ਖਤਰਨਾਕ ਸਿੱਟਿਆਂ ਦੀ ਲਖਾਇਕ ਹੈ। ‘ਅੰਧ ਰਾਸ਼ਟਰਵਾਦ’ ਹਮੇਸ਼ਾ ਹੀ ਲੁਟੇਰੇ ਵਰਗਾਂ ਵਲੋਂ ਆਮ ਲੋਕਾਂ ਦਾ ਧਿਆਨ ਅਸਲ ਮੁੱਦਿਆਂ ਵਲੋਂ ਪਾਸੇ ਹਟਾ ਕੇ ਆਪਣੀਆਂ ਕਮਜ਼ੋਰੀਆਂ ਛੁਪਾਉਣ ਤੇ ਆਪਣੇ ਰਾਜ ਭਾਗ ਦੀ ਲੰਮੇਰੀ ਉਮਰ ਕਰਨ ਦਾ ਹਥਿਆਰ ਰਿਹਾ ਹੈ। ਇਸੇ ਦਿਸ਼ਾ ‘ਚ ਬਿਹਾਰ ਅਸੈਂਬਲੀ ਚੋਣਾਂ ਦੇ ਪ੍ਰਚਾਰ ਦੌਰਾਨ ਪ੍ਰਧਾਨ ਮੰਤਰੀ ਵਲੋਂ ਬਿਹਾਰੀਆਂ ਦੀਆਂ ਅਸਲ ਮੁਸੀਬਤਾਂ ਦੇ ਹੱਲ ਕਰਨ ਦਾ ਜ਼ਿਕਰ ਕਰਨ ਦੀ ਜਗ੍ਹਾ ਸਰਹੱਦਾਂ ਉਪਰ ਪਾਕਿਸਤਾਨੀ ਤੇ ਭਾਰਤੀ ਫੌਜ ਵਿਚਾਲੇ ਹੋਈ ਕਿਸੇ ਝੜਪ ‘ਚ ਬਿਹਾਰ ਨਾਲ ਸਬੰਧਤ ਫੌਜੀ ਦੀ ਸ਼ਹਾਦਤ ਦਾ ਹਵਾਲਾ ‘ਅੰਧ ਰਾਸ਼ਟਰਵਾਦ’ ਨੂੰ ਭੜਕਾਉਣ ਵੱਲ ਹੀ ਸੇਧਤ ਸੀ। ਇਹ ਵੱਖਰੀ ਗੱਲ ਹੈ ਕਿ ਸੂਝਵਾਨ ਵੋਟਰਾਂ ਨੇ ਭਾਜਪਾ ਆਗੂਆਂ ਦੇ ਇਸ ਪੱਤੇ ਦੀ ਅਸਲੀਅਤ ਨੂੰ ਸਮੇਂ ਸਿਰ ਜਾਣ ਲਿਆ।
‘ਅੰਧ ਰਾਸ਼ਟਰਵਾਦ’ ਦੇ ਪ੍ਰਚਾਰ ਨੇ ਇਕ ਪਿੰਡ, ਸ਼ਹਿਰ, ਮੁਹੱਲੇ ਤੇ ਗਲੀ ‘ਚ ਦਹਾਕਿਆਂ ਬੱਧੀ ਵਸਦੇ ਵੱਖ ਵੱਖ ਧਰਮਾਂ, ਜਾਤੀਆਂ ਤੇ ਵਿਸ਼ਵਾਸਾਂ ਦੇ ਲੋਕਾਂ ਨੂੰ ਫਿਰਕੂ ਲੀਹਾਂ ‘ਤੇ ਪਾੜ ਕੇ ਇਕ ਦੂਸਰੇ ਦੇ ਦੁਸ਼ਮਣ ਬਣਾ ਦਿੱਤਾ ਹੈ।
ਕਿੰਨਾ ਚੰਗਾ ਹੋਵੇ ਜੇ ਅਸੀਂ ਰੰਗ-ਬਿਰੰਗੇ ਫੁੱਲਾਂ ਦੀ ਫੁਲਵਾੜੀ ਵਾਂਗ ਵੱਖ ਵੱਖ ਬੋਲੀਆਂ ਬੋਲਣ ਵਾਲੇ, ਵੱਖਰੇ ਸਭਿਆਚਾਰਾਂ ਤੇ ਧਰਮਾਂ ਦੇ ਅਨੁਆਈ ਆਪਣੀ ਸਾਰੀ ਊਰਜਾ ਦੇਸ਼ ‘ਚੋਂ ਭੁੱਖ, ਨੰਗ, ਗਰੀਬੀ, ਬੇਰੁਜ਼ਗਾਰੀ, ਅਨਪੜ੍ਹਤਾ ਦਾ ਖਾਤਮਾ ਕਰਨ ਹਿਤ ‘ਸਾਂਝੀਵਾਲਤਾ’ ਵਾਲੇ ਸਮਾਜ ਦੀ ਕਾਇਮੀ ਲਈ ਲਾਈਏ ਤੇ ਹਰ ਉਸ ਹਾਕਮ ਧਿਰ ਨੂੰ ਲੋਕਾਂ ‘ਚੋਂ ਨਿਖੇੜੀਏ, ਜੋ ਲੋਟੂ ਪ੍ਰਬੰਧ ਦਾ ਹਮਾਇਤੀ ਹੈ ਤੇ ਲੋਕਾਂ ਨੂੰ ਧਰਮਾਂ, ਜਾਤਾਂ, ਰੰਗਾਂ ਤੇ ਫਿਰਕਿਆਂ ਦੇ ਨਾਮ ਉਪਰ ਵੰਡ ਕੇ ਆਪਣਾ ਉਲੂ ਸਿੱਧਾ ਕਰਦਾ ਹੈ। ‘ਅੰਧ ਰਾਸ਼ਟਰਵਾਦ’ ਦੀ ਕਾਂਵਾਂ ਰੌਲੀ ‘ਚ ਸੌੜੀ ਸੋਚ ਦੇ ਮਾਲਕ ਤੱਤਾਂ ਵਲੋਂ ਪਹਿਲਾਂ ਕੋਈ ਨਕਲੀ ਦੁਸ਼ਮਣ ਦਿਖਾ ਕੇ ਜਨ ਸਾਧਾਰਨ ਨੂੰ ਭੜਕਾਉਣ ਦਾ ਯਤਨ ਕੀਤਾ ਜਾਂਦਾ ਹੈ ਤੇ ਫਿਰ ਉਸ ਵਿਰੁੱਧ ਜੰਗੀ ਮਾਹੌਲ ਸਿਰਜਣ ਲਈ ‘ਦੇਸ਼ ਭਗਤੀ’ ਦੀ ਦੁਹਾਈ ਦਿੱਤੀ ਜਾਂਦੀ ਹੈ। ਇਹ ਸਭ ਕੁਝ ਲੋਕਾਂ ਨੂੰ ਧੋਖਾ ਦੇਣ ਲਈ ਗਿਣੀ ਮਿਥੀ ਯੋਜਨਾ ਤਹਿਤ ਕੀਤਾ ਜਾਂਦਾ ਹੈ।
ਜਿਹੜੇ ਲੋਕ ਦੇਸ਼ ਦੀ ਏਕਤਾ, ਲੋਕਰਾਜੀ ਤੇ ਧਰਮ ਨਿਰਪੱਖ ਸਮਾਜਕ ਤਾਣੇ-ਬਾਣੇ ਦੀ ਮਜ਼ਬੂਤੀ ਤੇ ਗੁਆਂਢੀ ਦੇਸ਼ਾਂ ਨਾਲ ਮਿੱਤਰਤਾ ਭਰੇ ਸਬੰਧ ਕਾਇਮ ਕਰਨ ਦੀ ਅਵਾਜ਼ ਉਠਾਉਂਦੇ ਹਨ, ਉਨ੍ਹਾਂ ਨੂੰ ਦੇਸ਼ ਵਿਰੋਧੀਆਂ ਦੀ ਸੂਚੀ ‘ਚ ਸ਼ਾਮਲ ਕਰਕੇ ਅਸਲ ਵਿਚ ਸੰਘੀ ਟੋਲਾ ‘ਹਕੀਕੀ ਰਾਸ਼ਟਰਵਾਦੀਆਂ’ ਦੀ ਗਿਣਤੀ ਤੇ ਤਾਕਤ ਨੂੰ ਖੋਰਾ ਲਾ ਕੇ ਦੇਸ਼ ਨੂੰ ਕਮਜ਼ੋਰ ਕਰ ਰਿਹਾ ਹੈ। ‘ਸਾਰਥਕ ਰਾਸ਼ਟਰਵਾਦ’ ਕਿਸੇ ਵੀ ਦੇਸ਼ ਦੀ ਲੋਕ ਵਿਰੋਧੀ ਹਾਕਮ ਧਿਰ ਨਾਲੋਂ ਉਸ ਦੇਸ਼ ਦੇ ਕਿਰਤ ਕਰਨ ਵਾਲੇ ਆਮ ਲੋਕਾਂ ਨੂੰ ਅਲੱਗ ਅਲੱਗ ਕਰਕੇ ਵੇਖਦਾ ਹੈ ਤੇ ਸਮੁੱਚੀ ਮਾਨਵਤਾ ਦੀ ਸੁੱਖ ਮੰਗਦਾ ਹੈ। ਸਾਨੂੰ ‘ਅੰਧ ਰਾਸ਼ਟਰਵਾਦ’ ਦਾ ਸ਼ਿਕਾਰ ਹੋ ਕੇ ਧਰਮ ਆਧਾਰਤ ਰਾਸ਼ਟਰ ਦੀ ਕਾਇਮੀ ਨਹੀਂ, ਸਗੋਂ ਐਸੀ ਆਰਥਕ ਤੇ ਰਾਜਨੀਤਕ ਵਿਵਸਥਾ ਲੋੜੀਂਦੀ ਹੈ, ਜਿਥੇ ਹਰ ਮਨੁੱਖ ਲੁੱਟ-ਖਸੁੱਟ ਰਹਿਤ ਆਜ਼ਾਦ ਮਾਹੌਲ ‘ਚ ਚੰਗੀ ਜ਼ਿੰਦਗੀ ਜੀਅ ਸਕੇ ਤੇ ਸਾਰਾ ਸਮਾਜ ਸੁੱਖ ਸ਼ਾਂਤੀ ਨਾਲ ਉਨਤੀ ਕਰੇ।