ਉਦਾਸ ਸਮਿਆਂ ਅੰਦਰ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਸਰੀਰਕ ਸਬੰਧਾਂ ਦੀ ਗੱਲ ਕਰਦਿਆਂ ਇਸ ਨੂੰ ਵੱਖ ਵੱਖ ਰੂਪਾਂ ਵਿਚ ਪਰਿਭਾਸ਼ਿਤ ਕਰਦਿਆਂ ਕਿਹਾ ਸੀ, “ਸਰੀਰਕ ਸਬੰਧ ਜ਼ਿੰਦਗੀ ਦੀਆਂ ਸਮੁੱਚੀਆਂ ਕਿਰਿਆਵਾਂ ਵਿਚੋਂ ਸਭ ਤੋਂ ਉਤਮ ਅਤੇ ਸੁੱਚਮ, ਬਸ਼ਰਤੇ ਇਸ ਵਰਤਾਰੇ ਨੂੰ ਸਮੁੱਚ ਨਾਲ ਨਿਭਾਇਆ ਜਾਵੇ।

ਇਸ ਵਿਚ ਰੂਹਾਂ ਦੀ ਰਾਜ਼ਦਾਰੀ, ਭਾਈਵਾਲੀ ਅਤੇ ਹਾਜ਼ਰੀ। ਇਹ ਰੂਹ ਤੋਂ ਰੂਹ ਤੀਕ ਦੀ ਪਰਵਾਜ਼, ਅਨੂਠਾ ਜਿਉਣ ਅੰਦਾਜ਼।…ਸਰੀਰਕ ਸਬੰਧ ਸਿਆਣਪ, ਸੱਚੇ, ਸਾਦਗੀ, ਸੰਪੂਰਨਤਾ ਤੇ ਸਮਰਪਿੱਤਾ ਭਿੱਜੇ ਹੋਣ ਤਾਂ ਇਸ ਨਾਲ ਬਹੁਤ ਹੀ ਪੀਢੀ ਤੇ ਪਕੇਰੀ ਸਾਂਝ ਪੈਦਾ ਹੁੰਦੀ।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਉਦਾਸੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਦੱਸਿਆ ਹੈ ਕਿ ਸਾਡੀ ਖੁਸ਼ੀ ਸਾਡੇ ਤੋਂ ਬੇਮੁੱਖ ਨਾ ਹੋਵੇ। ਆਪਣੇ ਆਪ ਵਿਚੋਂ ਹੀ ਨਰੋਈ ਸੋਚ ਅਤੇ ਸੁੰਦਰਤਾ ਦਾ ਅਹਿਸਾਸ ਪੈਦਾ ਹੋ ਸਕਦਾ। ਉਹ ਕਹਿੰਦੇ ਹਨ, “ਉਦਾਸ ਜਰੂਰ ਹੋਵੋ, ਪਰ ਕਦੇ ਵੀ ਨਿਰਾਸ਼ ਜਾਂ ਹਤਾਸ਼ ਨਾ ਹੋਵੋ, ਕਿਉਂਕਿ ਨਿਰਾਸ਼ਾ ਵਿਚੋਂ ਹੀ ਜ਼ਿੰਦਗੀ ਪ੍ਰਤੀ ਉਪਰਾਮਤਾ ਪੈਦਾ ਹੁੰਦੀ। ਹਤਾਸ਼ ਲੋਕ ਤਾਂ ਆਪਣੀ ਕਬਰ ਪੁੱਟਣ ਵਿਚ ਹੀ ਸਦਾ ਮਸ਼ਰੂਫ ਹੁੰਦੇ।…ਜਦ ਬੰਦਾ ਖੁਦ ਸੰਗ ਸੰਵਾਦ ਰਚਾਉਂਦਾ, ਉਦਾਸੀ ਨੂੰ ਅੰਤਰੀਵ ਵਿਚ ਵਸਾਉਂਦਾ ਅਤੇ ਇਸ ਵਿਚੋਂ ਚਾਨਣ ਕਾਤਰਾਂ ਤਲਾਸ਼ਦਾ, ਇਨ੍ਹਾਂ ਨੂੰ ਮਾਰਗ-ਦਰਸ਼ਨਾ ਬਣਾਉਂਦਾ ਤਾਂ ਉਦਾਸੀ ਇਕ ਰਹਿਮਤ ਦੀ ਨਿਆਈਂ ਹੁੰਦੀ।” ਡਾ. ਭੰਡਾਲ ਦਾ ਸੁਨੇਹਾ ਹੈ, “ਉਦਾਸਿਓ! ਕਦੇ ਵੀ ਉਦਾਸੀ ਨੂੰ ਆਪਣੇ ਆਪ ‘ਤੇ ਹਾਵੀ ਨਾ ਹੋਣ ਦਿਓ। ਇਸ ਦੇ ਕਾਰਨ ਤਲਾਸ਼ੋ। ਕਾਰਨਾਂ ਦੀਆਂ ਤਹਿਆਂ ਵਿਚੋਂ ਇਨ੍ਹਾਂ ਨੂੰ ਹੱਲ ਕਰਨ ਦੀ ਸੋਝੀ ਪੈਦਾ ਕਰੋ। ਮਨੁੱਖੀ ਚੇਤਨਾ ਵਿਚ ਜਦ ਚਿੰਤਾ ਵਿਚੋਂ ਸੁਚੇਤਨਾ ਅਤੇ ਫਿਕਰ ਵਿਚੋਂ ਸੁੱਖਨਵਰਤਾ ਦੀ ਨਿਸ਼ਾਨਦੇਹੀ ਕਰਨ ਦੀ ਸੁਮੱਤ ਹਾਸਲ ਹੋ ਜਾਵੇ ਤਾਂ ਉਦਾਸੀ ਮਨੁੱਖ ਨੂੰ ਪ੍ਰਭਾਵਤ ਨਹੀਂ ਕਰ ਸਕਦੀ।” -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਉਦਾਸੀ ਮਨ ਦੀ ਅਵੱਸਥਾ, ਸਹਿ-ਸੁਭਾਵਕ ਮਾਨਸਿਕ ਪ੍ਰਕਿਰਿਆ, ਸੂਖਮ ਸੋਚਾਂ ‘ਤੇ ਪਏ ਅਸਰ ਦੀ ਤਸਦੀਕ ਅਤੇ ਆਪਣੇ ਆਪ ਤੋਂ ਖਿਸਕੀ ਉਮੀਦ।
ਉਦਾਸ ਹੋਣਾ, ਮਨੁੱਖ ਦੇ ਵੱਸ ਨਹੀਂ। ਇਹ ਤਾਂ ਹਾਲਾਤ, ਸਮਾਂ, ਸਥਾਨ, ਸਥਿਤੀ, ਸਰੋਕਾਰਾਂ ਅਤੇ ਆਲੇ-ਦੁਆਲੇ ਵਿਚ ਵਾਪਰਦੀਆਂ ਘਟਨਾਵਾਂ ਦਾ ਪ੍ਰਤੀਕਰਮ। ਇਨ੍ਹਾਂ ਤੋਂ ਨਿਰਲੇਪ ਰਹਿਣਾ ਵਾਲਾ ਸ਼ਾਇਦ ਉਦਾਸ ਨਾ ਹੋਵੇ, ਪਰ ਹਰ ਮਨੁੱਖ ਕਿਸੇ ਨਾ ਕਿਸੇ ਰੂਪ ਵਿਚ ਇਸ ਤੋਂ ਪ੍ਰਭਾਵਤ ਹੋਣ ਤੋਂ ਰਹਿ ਨਹੀਂ ਸਕਦਾ।
ਉਦਾਸੀ ਨਿੱਜੀ ਮੁਸ਼ਕਿਲਾਂ, ਪ੍ਰਸਥਿਤੀਆਂ, ਔਕੜਾਂ, ਹਾਰਾਂ, ਅਸਫਲਤਾਵਾਂ ਅਤੇ ਆਫਤਾਂ ਤੇ ਅੜਚਣਾਂ ਕਾਰਨ ਵੀ ਪਨਪਦੀ। ਨਿੱਜੀ ਰੂਪ ਵਿਚ ਉਦਾਸੀ ਨੂੰ ਮਨੁੱਖ ਆਪਣੀ ਸਮਰੱਥਾ, ਹਿੰਮਤ, ਹੱਠ ਤੇ ਦਲੇਰੀ ਨਾਲ ਨਜਿੱਠਣ ਦੇ ਸਮਰੱਥ ਅਤੇ ਨਜਿੱਠਦਾ ਵੀ, ਪਰ ਜਦ ਉਦਾਸੀ ਪਰਿਵਾਰ, ਸਮਾਜ, ਸੰਸਾਰ ਅਤੇ ਸਮੂਹਿਕ ਰੂਪ ਵਿਚ ਕਿਸੇ ਵਰਤਾਰੇ ਦਾ ਹਿੱਸਾ ਬਣਦੀ, ਸਮੁੱਚੇ ਚੌਗਿਰਦੇ ਨੂੰ ਆਪਣੀ ਲਪੇਟ ਵਿਚ ਲੈਂਦੀ ਤਾਂ ਬਹੁਤ ਕੁਝ ਉਦਾਸੀ ਦੀ ਮਾਰ ਹੇਠ ਆ ਜਾਂਦਾ।
ਉਦਾਸ ਸਮਿਆਂ ਵਿਚ ਮੂਕ ਹੋ ਜਾਂਦੇ ਨੇ ਨਵੇਂ-ਨਰੋਏ ਖਿਆਲ, ਖੁਆਬ ਅਤੇ ਖਤਰਿਆਂ ਨਾਲ ਖੇਡਣ ਦੀਆਂ ਭਾਵਨਾਵਾਂ। ਚਾਨਣੀਆਂ ਰਾਤਾਂ ਵਿਚ ਵੀ ਮੱਸਿਆ ਦਾ ਝਉਲਾ ਪੈਂਦਾ। ਮੰਜ਼ਿਲ ਨੂੰ ਜਾਂਦੇ ਰਾਹਾਂ ਵਿਚ ਖਾਈਆਂ ਤੇ ਖੱਡਿਆਂ ਦੀ ਪਹਿਰੇਦਾਰੀ ਅਤੇ ਮੰਜ਼ਿਲਾਂ ਦੇ ਮਸਤਕ ‘ਤੇ ਧੁੰਧਲਕੇ ਦੀ ਸਰਦਾਰੀ।
ਉਦਾਸ ਸਮਿਆਂ ਵਿਚ ਤਿੱੜਕ ਜਾਂਦੇ ਸੁਪਨੇ। ਪਰਾਂ ਵਿਚ ਸਹਿਮ ਜਾਂਦੀ ਪਰਵਾਜ਼। ਅੰਬਰ ਨੂੰ ਕਲਾਵੇ ਵਿਚ ਲੈਣ ਦੀ ਦਲੇਰੀ ਠਿੱਠਕ ਜਾਂਦੀ। ਸਿਸਕਣ ਲੱਗਦੀਆਂ ਤਦਬੀਰਾਂ ਅਤੇ ਤਕਦੀਰਾਂ। ਨਵੇਂ ਰਾਹਾਂ ਨੂੰ ਵਿਊਂਤਣ ਦੀਆਂ ਤਰਕੀਬਾਂ ਵੀ ਆਪਣੀ ਹੋਣੀ ‘ਤੇ ਝੂਰਦੀਆਂ।
ਉਦਾਸ ਸਮਿਆਂ ਵਿਚ ਕੰਧਾਂ ਤੋਂ ਡਿੱਗਦੇ ਨੇ ਰੁਦਨ ਦੇ ਲਿਓੜ। ਕਮਰਿਆਂ ਦੀ ਖਾਮੋਸ਼ੀ ਦੇ ਹੋਣਾ ਪੈਂਦਾ ਰੂਬਰੂ। ਕਮਰੇ ਦੀ ਚੁੱਪ ਵਿਚ ਸੁੰਨ ਹੋਇਆ ਵਿਅਕਤੀ ਆਪਣੀ ਗੁੰਮਸ਼ੁਦੀ ਦੀ ਭਾਲ ਵਿਚ ਖੁਦ ਤੋਂ ਵੀ ਬੇਮੁੱਖ ਹੋ ਜਾਂਦਾ।
ਕਈ ਵਾਰ ਉਦਾਸੀ ਥੋੜ੍ਹਚਿਰੀ। ਪਲ ਭਰ ਤੋਂ ਬਾਅਦ ਇਕ ਰੌਣਕ, ਰੁਆਂਸੇ ਚਿਹਰਿਆਂ ‘ਤੇ ਫੈਲਦੀ ਅਤੇ ਉਦਾਸ ਸਮਿਆਂ ਦਾ ਚੇਤਾ ਮਨ ਵਿਚੋਂ ਖਾਰਜ ਹੋ ਜਾਂਦਾ, ਪਰ ਜੇ ਉਦਾਸੀ ਦੀ ਉਮਰ ਲੰਮੇਰੀ ਹੋ ਜਾਵੇ ਤਾਂ ਇਹ ਮਾਨਸਿਕ, ਸਰੀਰਕ, ਸਮਾਜਕ ਅਤੇ ਆਰਥਕ ਰੂਪ ਵਿਚ ਬਹੁਤ ਖਤਰਨਾਕ ਹੁੰਦੀ। ਉਦਾਸੀ ਵਿਚ ਡੁੱਬੇ ਲੋਕ ਹੀ ਕਈ ਵਾਰ ਖੁਦਕੁਸ਼ੀ ਵੱਲ ਨੂੰ ਅਹੁਲਦੇ। ਸਰੀਰਕ ਅਲਾਮਤਾਂ ਉਨ੍ਹਾਂ ਨੂੰ ਘੇਰਦੀਆਂ। ਨਿਰਾਸ਼ਾ ਦਾ ਆਲਮ ਉਨ੍ਹਾਂ ਦੀ ਮਾਨਸਿਕਤਾ ਵਿਚ ਹਰਦਮ ਛਾਇਆ ਰਹਿੰਦਾ। ਮਨ ‘ਤੇ ਪਏ ਕੁ-ਪ੍ਰਭਾਵਾਂ ਤੋਂ ਸਰੀਰ ਕਦੇ ਵੀ ਅਲੇਪ ਨਹੀਂ ਰਹਿ ਸਕਦਾ। ਇਸ ਨੇ ਹੀ ਮਰਸੀਏ ਦਾ ਅਰੰਭ ਕਰਨਾ ਹੁੰਦਾ।
ਉਦਾਸ ਵਿਅਕਤੀ ਬਹੁਤੀ ਵਾਰ ਚਿੜਚਿੜੇ ਤੇ ਗੁਸੇਲੇ ਹੋ, ਪਰਿਵਾਰਕ ਤੇ ਸਮਾਜਕ ਸਬੰਧਾਂ ਵਿਚਲੇ ਵਿਗਾੜ ਦਾ ਕਾਰਨ ਵੀ ਬਣਦੇ। ਰਿਸ਼ਤਿਆਂ ਵਿਚਲੀ ਕੁੜੱਤਣ ਕਾਰਨ ਉਹ ਹੋਰ ਵੀ ਇਕੱਲੇ ਰਹਿ ਕੇ ਮਾਤਮੀ ਦੁਨੀਆਂ ਵਿਚ ਮਸ਼ਰੂਫ ਹੋ ਜਾਂਦੇ, ਜਿਸ ਕਾਰਨ ਨਕਾਰਾਤਮਕਤਾ ਹਾਵੀ ਹੁੰਦੀ। ਲੋੜ ਹੈ, ਅਜਿਹੀ ਮਾਨਸਿਕਤਾ ਤੋਂ ਬਚਣ ਲਈ ਮਨ ਨੂੰ ਮੁਸ਼ਕਿਲਾਂ ਤੇ ਦੁਸ਼ਵਾਰੀਆਂ ਨਾਲ ਮੱਥਾ ਲਾਉਣ ਅਤੇ ਇਨ੍ਹਾਂ ਵਿਚੋਂ ਉਭਰਨ ਦੀ ਸੁਮੱਤ, ਜਿੰ.ਦਗੀ ਦਾ ਪਹਿਲਾ ਸਬਕ ਬਣੇ।
ਜਦ ਘਰ ਉਦਾਸ ਹੁੰਦਾ ਤਾਂ ਇਸ ਦੀ ਸਮੁੱਚਤਾ ‘ਤੇ ਕਾਲੇ ਵਕਤਾਂ ਦਾ ਪਹਿਰਾ ਲੱਗਦਾ। ਹਾਸਿਆਂ ਦੀ ਰੁੱਤ ਵਿਧਵਾ ਹੋ ਜਾਂਦੀ ਅਤੇ ਖੇੜਿਆਂ ਨੂੰ ਸਿਉਂਕ ਲੱਗਦੀ। ਫਿਰ ਇਕ ਕਮਰੇ ਤੋਂ ਦੂਸਰੇ ਕਮਰੇ ਤੀਕ ਦਾ ਫਾਸਲਾ ਨਾਪਣਾ ਵੀ ਮੁਸ਼ਕਿਲ ਹੁੰਦਾ। ਕਈ ਵਾਰ ਤਾਂ ਇਕ ਬਿਸਤਰੇ ਤੇ ਪਏ ਦੋ ਜੀਆਂ ਵਿਚ ਵੀ ਕਈ ਕੋਹਾਂ ਦੀ ਦੂਰੀ ਹੁੰਦੀ। ਉਦਾਸੀ ਦੇ ਆਲਮ ਵਿਚ ਡੁੱਬੀਆਂ ਰੂਹਾਂ ਵਿਚ ਕੁਝ ਵੀ ਅਜਿਹਾ ਨਹੀਂ ਵਾਪਰਦਾ, ਜਿਸ ਵਿਚੋਂ ਕੁਝ ਚੰਗੇਰਾ ਕਰੇ, ਸੋਚ ਵਿਚ ਖਲਬਲੀ ਪੈਦਾ ਕਰੇ, ਸੁਚਾਰੂ ਸੇਧ ਦੇਵੇ ਅਤੇ ਸੁਪਨਈ ਦੁਨੀਆਂ ਦਾ ਹਿੱਸਾ ਬਣਨ ਵੰਨੀਂ ਪ੍ਰੇਰਿਤ ਕਰੇ।
ਉਦਾਸੀ ਦੀ ਪੈੜ ਜਦ ਚੌਂਕੇ ਨੂੰ ਨੱਪਦੀ ਤਾਂ ਠੰਢੇ ਚੁੱਲ੍ਹਿਆਂ ਦੀ ਹੋਣੀ, ਚੌਂਕੇ-ਚੁੱਲ੍ਹੇ ਦੇ ਨਾਮ ਹੁੰਦੀ। ਅੱਗ ਚੁੱਗਲੀਆਂ ਨਹੀਂ ਕਰਦੀ। ਨਾ ਹੀ ਪਰਿਵਾਰ ਦੇ ਜੀਆਂ ਵਿਚ ਸਾਂਝੇ ਖਾਣੇ ਦੀ ਲਜ਼ੀਜ਼ਤਾ ਨੂੰ ਕਿਆਸਣ ਜਾਂ ਮਾਣਨ ਦਾ ਮੌਕਾ ਜਾਂ ਮਾਣ ਮਿਲਦਾ। ਚੌਂਕੇ ਦੀਆਂ ਉਦਾਸ ਚਿੜੀਆਂ, ਰੋਟੀ ਦੇ ਭੋਰਿਆਂ ਤੋਂ ਵਿਰਵੀਆਂ, ਬਹੁਤ ਦੂਰ ਉਡ ਜਾਂਦੀਆਂ। ਸਵਾਣੀ ਕਾਂਵਾਂ ਨੂੰ ਟੁੱਕ ਵੀ ਕਿਥੋਂ ਪਾਵੇ? ਨਾ ਹੀ ਕੋਈ ਕਾਂ ਉਸ ਦੇ ਬਨੇਰਿਆਂ ‘ਤੇ ਬੋਲਦਾ ਅਤੇ ਉਸ ਦੇ ਮਨ ਦੇ ਦਰਦ ਨੂੰ ਫਰੋਲਦਾ?
ਦਰਾਂ ਵਿਚ ਉਤਰੀ ਉਦਾਸੀ ਨੂੰ ਬਜੁਰਗ ਮਾਪੇ ਕਿੰਜ ਮੁਖਾਤਬ ਹੋਣਗੇ, ਜਿਨ੍ਹਾਂ ਦੀ ਤੀਲਾ ਤੀਲਾ ਹੋਈ ਆਸ, ਹਾਵਿਆਂ ‘ਚ ਪਤਾ ਨਹੀਂ ਕਿਧਰ ਉਡ ਜਾਂਦੀ ਏ? ਥੰਥਿਆਈ ਨੂੰ ਉਡੀਕਦੇ ਦਰਾਂ ਦੀ ਅਉਧ ਵਿਚ ਸਿਰਫ ਹਿਚਕੀਆਂ ਅਤੇ ਔਂਸੀਆਂ ਦੇ ਬੋਲ ਹੀ ਸੁਣਦੇ। ਕਦੇ ਕਦਾਈਂ ਇਸ ਉਦਾਸੀ ਨੂੰ ਅੰਤਰੀਵ ਵਿਚ ਉਤਾਰ ਕੇ, ਇਸ ਦੇ ਰੂਬਰੂ ਹੋਣਾ ਅਤੇ ਇਸ ਨੂੰ ਨਿਵਾਰਨ ਲਈ ਆਪਣੇ ਘਰਾਂ ਨੂੰ ਪਰਤਣਾ। ਘਰ ਦੀ ਉਦਾਸੀ ਦੇ ਮੁੱਖ ‘ਤੇ ਹੁਲਾਸ ਅਤੇ ਖੇੜਾ ਦੇਖ ਕੇ, ਤੁਹਾਡੀਆਂ ਰੂਹਾਂ ਨੂੰ ਇਕ ਸਕੂਨ ਅਤੇ ਸੰਤੁਸ਼ਟੀ ਜਰੂਰ ਹਾਸਲ ਹੋਵੇਗੀ।
ਉਦਾਸ ਮੌਸਮਾਂ ਵਿਚ ਦਰਿਆਂ ਵੀ ਬਰੇਤਾ ਬਣਨ ਲਈ ਬਜ਼ਿੱਦ। ਦਿਨ ਨੂੰ ਕਾਹਲ ਹੁੰਦੀ ਹੈ ਰਾਤ ਬਣਨ ਲਈ। ਸਰਘੀ ਵਿਚੋਂ ਹੀ ਪੈਦਾ ਹੋ ਜਾਂਦਾ ਏ ਸ਼ਾਮ ਦਾ ਘੁਸਮੁਸਾ ਅਤੇ ਚੜ੍ਹਦੀ ਸਵੇਰ ਨੂੰ ਢਲਦੀ ਸ਼ਾਮ ਦਾ ਲਕਬ ਮਿਲਦਾ।
ਉਦਾਸੀ ਜਦ ਕਲਮ ਵਿਚ ਉਤਰਦੀ ਤਾਂ ਇਸ ਦੇ ਨਕਸ਼ਾਂ ਵਿਚ ਸਮਿਆਂ ਦੀ ਕਰੂਪਤਾ ਝਲਕਦੀ, ਜਿਸ ਨੇ ਮਨੁੱਖ ਵਿਚੋਂ ਮਨੁੱਖ ਨੂੰ ਮਨਫੀ ਕਰ ਦਿੱਤਾ ਹੋਵੇ। ਫਿਰ ਮਨੁੱਖਤਾ ਨੂੰ ਕਿਹੜੇ ਅਰਥਾਂ ਨਾਲ ਖਿਆਲੋਗੇ!
ਉਦਾਸ ਮਾਹੌਲ ਦੇ ਰੁਬਰੂ ਹੋਣਾ ਸਭ ਤੋਂ ਔਖਾ ਅਤੇ ਇਸ ਵਿਚੋਂ ਖੁਦ ਨੂੰ ਕਿਵੇਂ ਬਚਾਓਗੇ? ਅੱਜ ਕੱਲ੍ਹ ਜਦ ਯੂਨੀਵਰਸਿਟੀ ਜਾਂਦਾ ਹਾਂ ਤਾਂ ਕਰੋਨਾ ਕਾਰਨ ਵਿਦਿਅਕ ਮਾਹੌਲ ਵਿਚ ਤਾਰੀ ਉਦਾਸੀ ਬਹੁਤ ਹਤਾਸ਼ ਤੇ ਨਿਰਾਸ਼ ਕਰਦੀ ਏ। ਕਿਧਰੇ ਨਹੀਂ ਨਵੀਂ ਸੋਚ ਦੀ ਬੇਬਾਕ ਬਹਿਸ। ਖਿੜਖਿੜਾ ਕੇ ਹੱਸਣਾ। ਜ਼ਿੰਦਗੀ ਨਾਲ ਮਸ਼ਕਰੀਆਂ ਕਰਨ ਦੀ ਅਦਾ। ਖੁਦ ਤੋਂ ਬੇਪ੍ਰਵਾਹੀ। ਕੁਝ ਨਵਾਂ ਨਰੋਇਆ ਅਤੇ ਨਿਵੇਕਲਾ ਸੋਚਣ, ਸਮਝਣ ਅਤੇ ਸਿੱਖਣ ਦਾ ਚਾਅ। ਮਿਲ ਬੈਠ ਕੇ ਵਿਚਾਰ-ਵਟਾਂਦਰਾ ਕਰਨ ਦਾ ਹੁਨਰ ਤੇ ਹਾਸਲ। ਕੱਜੇ ਚਿਹਰਿਆਂ ਪਿੱਛੇ ਕਿੰਜ ਪੜ੍ਹੋਗੇ ਵਿਦਿਆਰਥੀਆਂ ਦੇ ਹਾਵ-ਭਾਵ? ਕਿਵੇਂ ਕਰੋਗੇ ਹਾਵ-ਭਾਵਾਂ ਦੀ ਬਿਆਨੀ? ਬਹੁਤ ਹੀ ਪੀੜਤ ਕਰਦਾ ਏ ਨੌਜਵਾਨਾਂ ਨੂੰ ਸੁਪਨਿਆਂ ਦੀ ਪਰਵਾਜ਼ ‘ਤੇ ਲੱਗੀ ਬੇਮੌਸਮੀ ਪਾਬੰਦੀ। ਇਸ ਅਣਹੋਏ ਸਮਿਆਂ ਅੰਦਰ ਆਪਣੇ ਆਪ ਨੂੰ ਸੰਭਾਲਣਾ। ਵਿਦਿਅਕ ਅਦਾਰੇ ਸਿਰਫ ਡਿਗਰੀਆਂ ਤੀਕ ਹੀ ਸੀਮਤ ਨਹੀਂ। ਇਹ ਤਾਂ ਸਮੁੱਚੇ ਵਿਅਕਤੀਤਵ ਦੇ ਵਿਕਾਸ ਅਤੇ ਸਰਬ-ਪੱਖੀ ਵਿਸਥਾਰ ਦਾ ਪ੍ਰਮੁੱਖ ਸਥਾਨ ਹੁੰਦੇ। ਇਥੋਂ ਮਨੁੱਖ ਨੂੰ ਆਪਣੀਆਂ ਤਰਜ਼ੀਹਾਂ ਤੇ ਤਸ਼ਬੀਹਾਂ ਨੂੰ ਨਿਰਧਾਰਤ ਕਰਨ ਅਤੇ ਨਿਸ਼ਾਨਿਆਂ ਨੂੰ ਮਿੱਥ ਕੇ ਉਨ੍ਹਾਂ ‘ਤੇ ਪਹੁੰਚਣ ਦੀ ਪ੍ਰੇਰਨਾ ਮਿਲਦੀ। ਉਮਰ ਭਰ ਦੀਆਂ ਸਾਝਾਂ ਸਥਾਪਤ ਹੁੰਦੀਆਂ। ਕਈ ਵਾਰ ਤਾਂ ਜੀਵਨ-ਸਾਥੀ ਦਾ ਨਸੀਬ ਵੀ ਮਿਲਦਾ। ਅਜੋਕੇ ਸਮਿਆਂ ਵਿਚ ਨੌਜਵਾਨ ਮਨਾਂ ‘ਤੇ ਪਈ ਝਰੀਟ ਦਾ ਦਰਦ ਬਹੁਤ ਸਮਿਆਂ ਤੀਕ ਰਹਿਣਾ ਹੈ ਅਤੇ ਇਸ ਦਾ ਦਾਗ ਕਦੇ ਵੀ ਨਹੀਂ ਮਿਟਣਾ, ਪਰ ਜ਼ਿੰਦਗੀ ਨੂੰ ਇਕ ਚੁਣੌਤੀ ਸਮਝ ਕੇ ਇਸ ਦੇ ਮੁਹਾਂਦਰੇ ਵਿਚੋਂ ਸੁਰਖ ਸਮਿਆਂ ਦੀ ਨਿਸ਼ਾਨਦੇਹੀ ਕਰਨ ਵਾਲੇ ਸਦਾ ਸੂਰਜਾਂ ਦੇ ਹਾਣੀ ਹੁੰਦੇ। ਮਸ਼ਾਲ ਬਣ ਕੇ ਕਾਲੇ ਦੌਰ ਵਿਚ ਚਾਨਣ ਦਾ ਵਣਜ ਕਰਨ ਤੋਂ ਕਦੇ ਵੀ ਅਵੇਸਲੇ ਜਾਂ ਬੇਧਿਆਨੇ ਨਹੀਂ ਹੋਣਾ ਚਾਹੀਦਾ।
ਉਦਾਸ ਹੋਣਾ ਮਨੁੱਖੀ ਫਿਤਰਤ। ਮਨੁੱਖੀ ਬਿਰਤੀ ਦਾ ਅਹਿਮ ਵਤੀਰਾ ਅਤੇ ਉਤਮ ਗੁਣ। ਇਸ ਰਾਹੀਂ ਮਨੁੱਖੀ ਮਨ ਵਿਚ ਵੱਸੀ ਮਾਨਵਤਾ, ਦਯਾ-ਦ੍ਰਿਸ਼ਟੀ ਤੇ ਹਮਦਰਦੀ ਦਾ ਗਿਆਨ ਹੁੰਦਾ। ਇਸ ਤੋਂ ਅਲੂਫ ਤਾਂ ਸਿਰਫ ਸੰਤ-ਮਹਾਤਮਾ ਹੀ ਹੋ ਸਕਦੇ।
ਉਦਾਸੀ ਮਨੁੱਖੀ ਹਾਵ-ਭਾਵਾਂ ਵਿਚੋਂ ਝਲਕਦੀ। ਬੋਲ-ਚਾਲ ਵਿਚ ਹਾਜ਼ਰ-ਨਾਜ਼ਰ। ਚਾਲ-ਢਾਲ ਵਿਚ ਦ੍ਰਿਸ਼ਟਮਾਨ। ਨਜ਼ਰੀਏ ਵਿਚ ਸਪੱਸ਼ਟ ਝਲਕਦੀ। ਸ਼ਬਦਾਂ ਅਤੇ ਅਰਥਾਂ ਵਿਚ ਸਮੋਈ। ਕਲਮ-ਕਿਰਤ ਜਾਂ ਬੁਰਸ਼-ਕਲਾ ਵਿਚੋਂ ਵੀ ਪ੍ਰਗਟਦੀ। ਮਨ ਵਿਚ ਵੱਸੀ ਉਦਾਸੀ ਨੂੰ ਆਪਣੇ ਬਾਹਰੀ ਪ੍ਰਗਟਾਵੇ ਵਿਚੋਂ ਕਿੰਜ ਮਨਫੀ ਕਰੋਗੇ?
ਉਦਾਸੀ, ਨਕਾਰਾਤਮਕ ਵੀ ਤੇ ਸਕਾਰਾਤਮਕ ਵੀ। ਰਸਾਤਲ ਵੰਨੀਂ ਵੀ ਧਕੇਲਦੀ ਅਤੇ ਅਸਮਾਨਾਂ ਦੀ ਖਬਰਸਾਰ ਵੀ। ਆਪਣੇ ਆਪ ਤੋਂ ਦੂਰੀ ਵੀ ਅਤੇ ਖੁਦ ਦੀ ਨੇੜਤਾ ਵੀ। ਖੁਦ ਤੋਂ ਵਿਛੜਨਾ ਵੀ ਅਤੇ ਆਪਣੇ ਆਪ ਨਾਲ ਮਿਲਾਪ ਵੀ। ਸੁੰਨ-ਸਮਾਧੀ ਵੀ ਅਤੇ ਅਬੋਲ ਅਲਾਪ ਵੀ। ਬਹੁਤ ਰੂਪ ਨੇ ਉਦਾਸੀ ਦੇ। ਮਨੁੱਖ ਨੇ ਉਦਾਸੀ ਨੂੰ ਕਿਸ ਰੂਪ, ਕਿਸ ਅਦਾ, ਕਿਹੜੇ ਅੰਦਾਜ਼ ਤੇ ਦ੍ਰਿਸ਼ਟੀਕੋਣ ਤੋਂ ਕਿਆਸਣਾ ਅਤੇ ਇਸ ਦੀਆਂ ਪਰਤਾਂ ਵਿਚੋਂ ਕੀ ਪ੍ਰਾਪਤ ਕਰਨਾ, ਇਹ ਮਨੁੱਖ ‘ਤੇ ਨਿਰਭਰ।
ਕੁਝ ਲੋਕ ਉਦਾਸ ਹੋਣ ‘ਤੇ ਖੁਦ ਨੂੰ ਨਸ਼ੇ ਵਿਚ ਗਲਤਾਨ ਕਰਦੇ। ਕੁਝ ਮਿੱਤਰ ਪਿਆਰਿਆਂ ਦੀ ਪਨਾਹ ਵਿਚ ਜਾਂਦੇ। ਕੁਝ ਆਪਣੇ ਸਬੰਧੀਆਂ ਦੀ ਆਗੋਸ਼ ਮਾਣਦੇ ਅਤੇ ਕੁਝ ਆਪਣੇ ਆਪ ਵਿਚੋਂ ਇਕ ਅਜਿਹੇ ਰੂਪ ਦੀ ਸਿਰਜਣਾ ਕਰਦੇ, ਜਿਸ ਬਾਰੇ ਸ਼ਾਇਦ ਉਨ੍ਹਾਂ ਨੂੰ ਵੀ ਪਤਾ ਨਹੀਂ ਹੁੰਦਾ। ਕਈ ਰਿਸ਼ਤੇ ਤੁਹਾਡੀ ਉਦਾਸੀ ਵਿਚੋਂ ਨਿੱਜੀ ਮੁਫਾਦ ਦੀ ਪੂਰਤੀ ਖਿਆਲ ਸਕਦੇ, ਪਰ ਜਦ ਬੰਦਾ ਖੁਦ ਸੰਗ ਸੰਵਾਦ ਰਚਾਉਂਦਾ, ਉਦਾਸੀ ਨੂੰ ਅੰਤਰੀਵ ਵਿਚ ਵਸਾਉਂਦਾ ਅਤੇ ਇਸ ਵਿਚੋਂ ਚਾਨਣ ਕਾਤਰਾਂ ਤਲਾਸ਼ਦਾ, ਇਨ੍ਹਾਂ ਨੂੰ ਮਾਰਗ-ਦਰਸ਼ਨਾ ਬਣਾਉਂਦਾ ਤਾਂ ਉਦਾਸੀ ਇਕ ਰਹਿਮਤ ਦੀ ਨਿਆਈਂ ਹੁੰਦੀ।
ਉਦਾਸੀ ਦਾ ਇਕ ਰੂਪ ਬਾਬੇ ਨਾਨਕ ਦੀ ਉਦਾਸੀ ਵਾਲਾ ਵੀ ਹੁੰਦਾ, ਜਿਸ ਨੇ ਸਮੁੱਚੀ ਲੋਕਾਈ ਨੂੰ ਆਪਣੇ ਅੰਦਰਲੇ ਚਾਨਣ ਦੇ ਸਨਮੁੱਖ ਹੋਣ ਅਤੇ ਅੰਤਰੀਵੀ ਜੋਤ ਜਗਾਉਣ ਦੀ ਪ੍ਰੇਰਨਾ ਦਿੱਤੀ। ਹੱਕ-ਸੱਚ ਦਾ ਹੋਕਰਾ ਸਮਾਜ ਵਿਚ ਦਿੱਤਾ। ਇਕ ਉਦਾਸੀ ਸਾਡੀ ਕਿ ਅਸੀਂ ਆਪਣੀਆਂ ਕਮੀਆਂ, ਕੁਤਾਹੀਆਂ ਜਾਂ ਕੁਹਜਾਂ ਨੂੰ ਕਿਆਸਣ ਤੀਕ ਹੀ ਸੀਮਤ ਹੋ ਕੇ, ਖੁਦ ਨੂੰ ਕੋਸਣ ਤੀਕ ਹੀ ਸੀਮਤ ਹੋ ਜਾਂਦੇ, ਪਰ ਜੋ ਕੁਦਰਤ ਵਲੋਂ ਬਖਸ਼ੀਆਂ ਨਿਆਮਤਾਂ ਦੀ ਸ਼ੁਕਰਗੁਜ਼ਾਰੀ ਵਿਚੋਂ ਆਪਣੀ ਅਸਲੀਅਤ ਤੇ ਹੋਂਦ ਨੂੰ ਨਵੀਆਂ ਬੁਲੰਦੀਆਂ ਤੇ ਪਹੁੰਚਾਉਂਦੇ, ਉਨ੍ਹਾਂ ਲਈ ਉਦਾਸ ਸਮਿਆਂ ਦੇ ਕੋਈ ਅਰਥ ਨਹੀਂ ਹੁੰਦੇ।
ਉਦਾਸ ਸਮਿਆਂ ਵਿਚ ਹੀ ਮਨੁੱਖ ਨੂੰ ਨਵੀਆਂ ਚੁਣੌਤੀਆਂ ਦਾ ਗਿਆਨ ਹੁੰਦਾ। ਇਸ ਵਿਚੋਂ ਉਭਰਨ ਲਈ ਨਵੇਂ ਸਰੋਕਾਰਾਂ ਅਤੇ ਸੋਚਾਂ ਨੂੰ ਅਵੱਲੀ ਤੇ ਦੂਰਦਰਸ਼ੀ ਦਿੱਖ ਦੇ ਕੇ ਮੁਸ਼ਕਿਲਾਂ ਨੂੰ ਹਰਾਉਣਾ ਹੁੰਦਾ।
ਉਦਾਸੀ ਵਿਚੋਂ ਵੀ ਅਜਿਹੀਆਂ ਕਲਾ-ਕਿਰਤਾਂ ਜਾਂ ਕਾਵਿ-ਰਚਨਾਵਾਂ ਪੈਦਾ ਹੁੰਦੀਆਂ, ਜਿਨ੍ਹਾਂ ਨੇ ਕੀਰਤੀਆਂ ਬਣ ਕੇ ਕ੍ਰਿਸ਼ਮਈ ਵਰਤਾਰਿਆਂ ਨੂੰ ਜਨਮ ਦੇਣਾ ਹੁੰਦਾ ਅਤੇ ਮਨੁੱਖੀ ਸੋਚ ਨੂੰ ਵਿਸ਼ਾਲਤਾ ਪ੍ਰਦਾਨ ਕਰਨੀ ਹੁੰਦੀ।
ਉਦਾਸ ਰੁੱਤ ਜਦ ਦਸਤਕ ਦਿੰਦੀ ਤਾਂ ਨਿੰਮੋਝੂਣੀ ਹੋ ਜਾਂਦੀ ਬਹਾਰ। ਫੁੱਲ-ਪੱਤੀਆਂ ਨੂੰ ਮਿਲਦਾ ਪਿਲੱਤਣਾਂ ਦਾ ਸਰਾਪ ਅਤੇ ਡੋਡੀਆਂ ਨੂੰ ਆਪਣੀਆਂ ਸੱਧਰਾਂ ਨੂੰ ਅੰਦਰ ਹੀ ਦਬਾਉਣ ਦੀ ਮਿਲਦੀ ਸਜਾ।
ਉਦਾਸਿਓ! ਕਦੇ ਵੀ ਉਦਾਸੀ ਨੂੰ ਆਪਣੇ ਆਪ ‘ਤੇ ਹਾਵੀ ਨਾ ਹੋਣ ਦਿਓ। ਇਸ ਦੇ ਕਾਰਨ ਤਲਾਸ਼ੋ। ਕਾਰਨਾਂ ਦੀਆਂ ਤਹਿਆਂ ਵਿਚੋਂ ਇਨ੍ਹਾਂ ਨੂੰ ਹੱਲ ਕਰਨ ਦੀ ਸੋਝੀ ਪੈਦਾ ਕਰੋ। ਆਪਣੀ ਹਿੰਮਤ ਤੇ ਦਲੇਰੀ ਨਾਲ ਉਦਾਸੀ ਵਿਚੋਂ ਹਾਸਿਆਂ ਦੀ ਰੁੱਤ ਦਾ ਆਗਮਨ ਕਿਆਸੋ। ਮਨੁੱਖੀ ਚੇਤਨਾ ਵਿਚ ਜਦ ਚਿੰਤਾ ਵਿਚੋਂ ਸੁਚੇਤਨਾ ਅਤੇ ਫਿਕਰ ਵਿਚੋਂ ਸੁੱਖਨਵਰਤਾ ਦੀ ਨਿਸ਼ਾਨਦੇਹੀ ਕਰਨ ਦੀ ਸੁਮੱਤ ਹਾਸਲ ਹੋ ਜਾਵੇ ਤਾਂ ਉਦਾਸੀ ਮਨੁੱਖ ਨੂੰ ਪ੍ਰਭਾਵਤ ਨਹੀਂ ਕਰ ਸਕਦੀ।
ਉਦਾਸੀ ਕਦੇ ਕਿਸੇ ਇਕ ਬੋਲ, ਇਸ਼ਾਰੇ, ਘਟਨਾ, ਸੁਨੇਹਾ, ਅਬੋਲ ਕਰਤੂਤ, ਇਕ ਅਵੱਲਾ ਕਦਮ ਜਾਂ ਇਕ ਨਿੱਕੀ ਜਿਹੀ ਅਚੇਤ ਕਿਰਿਆ ਵਿਚੋਂ ਵੀ ਪੈਦਾ ਹੁੰਦੀ। ਕਦੇ ਇਹ ਕਿਸੇ ਲਿਖਤ ਵਿਚੋਂ ਵੀ ਮਨੁੱਖ ਨੂੰ ਆਪਣੇ ਵਹਾਅ ਵਿਚ ਵਹਾਉਂਦੀ। ਕਦੇ ਬਿਗਾਨੀ ਪੀੜਾ ਨੂੰ ਪਾਠਕ ਦੇ ਦੀਦਿਆਂ ਦੇ ਨਾਮ ਲਾਉਂਦੀ।
ਉਦਾਸ ਲੋਕ ਸਦਾ ਨਕਾਰਾਤਮਕ ਵੀ ਨਹੀਂ ਹੁੰਦੇ। ਇਹ ਤਾਂ ਖੁਦ ਵਿਚੋਂ ਖੁਦ ਦੀ ਭਾਲ, ਆਪਣੇ ਆਪ ਦੀ ਸੰਭਾਲ, ਆਪੇ ਨੂੰ ਕੀਤੇ ਸਵਾਲ ਅਤੇ ਮਨੁੱਖੀ ਸਰੋਕਾਰਾਂ ਦਾ ਸਮਝ-ਹੰਗਾਲ ਤੇ ਇਸ ਵਿਚੋਂ ਹੀ ਉਦਾਸ ਪਲਾਂ ਨੂੰ ਖੇੜਿਆਂ ਵਿਚ ਸਕਦੇ ਹਾਂ ਢਾਲ।
ਕਦੇ ਇਕ ਕਵਿਤਾ ਵਿਚ ਮੈਂ ਕਿਹਾ ਸੀ;
ਮੈਂ ਉਦਾਸ ਹੋਵਾਂ
ਤਾਂ ਆਪਣੀ ਬੇਟੀ ਨੂੰ ਫੋਨ ਕਰਦਾ ਹਾਂ
ਮੇਰੀ ਉਦਾਸੀ
ਬੇਟੀ ਦੀਆਂ ਭੋਲੀਆਂ-ਭਾਲੀਆਂ ਗੱਲਾਂ ਵਿਚ ਗੁੰਮ ਜਾਂਦੀ।
ਜੇ ਮੈਂ ਹੋਰ ਉਦਾਸ ਹੋਵਾਂ ਤਾਂ
ਮੈਂ ਹਰਫਾਂ ਦੀ ਪਨਾਹ ਵਿਚ ਜਾਂਦਾ ਹਾਂ
ਮੇਰੀ ਉਦਾਸੀ ਵਰਕਿਆਂ ‘ਤੇ ਫੈਲ ਜਾਂਦੀ
ਅਤੇ ਮੇਰੇ ਨਾਮ ਸੁੱਖਨ ਕਰ ਜਾਂਦੀ।
ਜੇ ਮੈਂ ਜ਼ਿਆਦਾ ਉਦਾਸ ਹੋਵਾਂ ਤਾਂ
ਮੈਂ ਆਪਣੇ ਅੰਤਰੀਵ ਵਿਚ ਉਤਰਦਾ
ਖੁਦ ਹੀ ਪ੍ਰਸ਼ਨ ਤੇ ਖੁਦ ਹੀ ਜਵਾਬ ਬਣਦਾ
ਮੇਰੀ ਉਦਾਸੀ
ਅੰਦਰਲੇ ਚਾਨਣ ਦੀ ਝੀਤ ਬਣ ਜਾਂਦੀ।
ਜੇ ਮੈਂ ਬਹੁਤ ਜ਼ਿਆਦਾ ਉਦਾਸ ਹੋਵਾਂ
ਤਾਂ ਮੈਂ ਚੁੱਪ ਹੋ ਜਾਂਦਾ ਹਾਂ
ਅਤੇ ਅੱਜ ਕੱਲ੍ਹ ਮੈਂ ਅਕਸਰ ਚੁੱਪ ਹੀ ਰਹਿੰਦਾ ਹਾਂ।
ਉਦਾਸੀ ਦਰਅਸਲ ਖੁਦ ਨੂੰ ਪੀੜਤ ਕਰਨਾ ਹੁੰਦਾ। ਖੁਦ ਦੀ ਪੀੜਾ ਨੂੰ ਵਿਸਥਾਰਨਾ ਜਾਂ ਇਸ ਪੀੜਾ ਨੂੰ ਲੋਕਾਈ ਲਈ ਸ਼ਰਫ ਬਣਾਉਣਾ, ਇਹ ਮਨੁੱਖੀ ਫਿਤਰਤ ‘ਤੇ ਨਿਰਭਰ।
ਉਦਾਸ ਸਮਿਆਂ ਵਿਚ ਹੀ ਪਤਾ ਲੱਗਦਾ ਕਿ ਖੁਸ਼ੀ ਦੇ ਕੀ ਅਰਥ ਨੇ? ਸੁੰਨ-ਸਮਾਧੀ ਵਿਚ ਹੀ ਬੋਲਾਂ ਦੀ ਅਹਿਮੀਅਤ ਸਮਝ ਆਉਂਦੀ। ਰੌਲੇ ਰੱਪੇ ਵਿਚ ਹੀ ਸੰਗੀਤ ਵਿਚਲੇ ਰਿਦਮ ਅਤੇ ਸੁਖਨਮਈ ਅਹਿਸਾਸ ਦੀ ਸਮਝ ਆਉਂਦੀ। ਰਾਤ ਉਤਰਦੀ ਤਾਂ ਦਿਨ ਦੇ ਸੁਹੱਪਣ ਦੀ ਸੋਝੀ ਮਿਲਦੀ। ਸ਼ਾਮ ਦੇ ਘੁਸਮੁੱਸੇ ਵਿਚ ਹੀ ਸਰਘੀ ਦੀ ਝਰਦੀ ਲੋਅ ਦੀ ਕਰਾਮਾਤ ਦਾ ਪਤਾ ਲੱਗਦਾ।
ਉਦਾਸ ਮਨ ਵਿਚ ਜੇ ਇਹ ਭਾਵਨਾ ਪੈਦਾ ਹੋਵੇ ਕਿ ਮੈਂ ਮੁਸਕਰਾਹਟ ਦਾ ਵਣਜ ਕਰਨਾ ਅਤੇ ਉਦਾਸੀ ਦੀ ਪਰਤ, ਭਾਵਨਾਵਾਂ ਦੀ ਪਿਲੱਤਣ ਨਹੀਂ ਬਣਨ ਦੇਣੀ ਤਾਂ ਉਦਾਸੀ ਕਦੇ ਵੀ ਮਨ-ਬਰੂਹਾਂ ‘ਤੇ ਦਸਤਕ ਨਹੀਂ ਦੇ ਸਕਦੀ।
ਦਰਅਸਲ ਉਦਾਸੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਸਾਡੀ ਖੁਸ਼ੀ ਸਾਡੇ ਤੋਂ ਬੇਮੁੱਖ ਨਾ ਹੋਵੇ। ਆਪਣੇ ਆਪ ਵਿਚੋਂ ਹੀ ਨਰੋਈ ਸੋਚ ਅਤੇ ਸੁੰਦਰਤਾ ਦਾ ਅਹਿਸਾਸ ਪੈਦਾ ਹੋ ਸਕਦਾ।
ਉਦਾਸੀ ਵਿਚੋਂ ਹੀ ਉਗਮਦਾ ਏ ਜ਼ਿੰਦਗੀ ਦਾ ਫਲਸਫਾ। ਇਸ ਵਿਚੋਂ ਹੀ ਨਾਜ਼ਲ ਹੁੰਦਾ ਕਿ ਜ਼ਿੰਦਗੀ ਦੀਆਂ ਕਰਮ-ਰੇਖਾਵਾਂ, ਤਕਦੀਰ ਜਾਂ ਕਿਸਮਤ ਨੂੰ ਮਨੁੱਖੀ ਤਰਜ਼ੀਹਾਂ ਤੇ ਤਰਕੀਬਾਂ ਵਿਚੋਂ ਹੀ ਸਮਝਿਆ ਅਤੇ ਸਿਆਣਿਆ ਜਾ ਸਕਦਾ।
ਕਈ ਵਾਰ ਉਦਾਸ ਲੋਕ ਉਹ ਵੀ ਹੁੰਦੇ, ਜੋ ਆਪਣੀ ਉਦਾਸੀ ਨੂੰ ਮਨ ਵਿਚ ਦਬਾਅ ਕੇ ਦੂਸਰਿਆਂ ਨੂੰ ਹਸਾਉਂਦੇ। ਕਦੇ ਉਨ੍ਹਾਂ ਦੇ ਨੈਣਾਂ ਵਿਚ ਛਹਿ ਕੇ ਬੈਠੀ ਉਦਾਸ ਤਵਾਰੀਖ ਨੂੰ ਪੜ੍ਹਨਾ, ਫਿਰ ਪਤਾ ਲੱਗੇਗਾ ਕਿ ਉਦਾਸੀ ਵਿਚੋਂ ਕਿਹੜੀਆਂ ਦੁਆਵਾਂ, ਆਸ਼ਾਵਾਂ ਅਤੇ ਖੈਰਖਾਹਾਂ ਦੀ ਪੈੜ ਨੱਪੀ ਜਾ ਸਕਦੀ ਏ।
ਉਦਾਸ ਜਰੂਰ ਹੋਵੋ, ਪਰ ਕਦੇ ਵੀ ਨਿਰਾਸ਼ ਜਾਂ ਹਤਾਸ਼ ਨਾ ਹੋਵੋ, ਕਿਉਂਕਿ ਨਿਰਾਸ਼ਾ ਵਿਚੋਂ ਹੀ ਜ਼ਿੰਦਗੀ ਪ੍ਰਤੀ ਉਪਰਾਮਤਾ ਪੈਦਾ ਹੁੰਦੀ। ਹਤਾਸ਼ ਲੋਕ ਤਾਂ ਆਪਣੀ ਕਬਰ ਪੁੱਟਣ ਵਿਚ ਹੀ ਸਦਾ ਮਸ਼ਰੂਫ ਹੁੰਦੇ।
ਉਦਾਸੀ ਨੂੰ ਕਦੇ ਨਾਨਕ ਜਿਹੀ ਉਦਾਸੀ ਦੀ ਰੰਗਤ ਦੇਣਾ, ਤੁਹਾਨੂੰ ਪਤਾ ਲੱਗੇਗਾ ਕਿ ਉਦਾਸੀ ਕਿਹੜੀਆਂ ਨਿਆਮਤਾਂ ਨਾਲ ਨਿਵਾਜਦੀ ਏ।
ਬੰਦਾ ਉਦਾਸੀ ਵਿਚੋਂ ਆਸ, ਹਾਰ ਕੇ ਵੀ ਖੁਦ ‘ਤੇ ਵਿਸ਼ਵਾਸ, ਰੁਆਂਸੇ ਚਿਹਰਿਆਂ ‘ਤੇ ਵੀ ਹੁਲਾਸ ਅਤੇ ਡਿਗਦਿਆਂ ਵੀ ਆਪਣੇ ਆਪ ‘ਤੇ ਧਰਵਾਸ ਹੋਵੇ ਤਾਂ ਉਦਾਸ ਵਕਤ ਦੀ ਵਹਿੰਗੀ ਵਿਚ ਨਿਆਸਰਿਆਂ ਲਈ ਆਸਰਾ, ਨਿਥਾਵਿਆਂ ਲਈ ਥਾਂ ਅਤੇ ਬੇਗਾਨਿਆਂ ਲਈ ਅਪਣੱਤ ਦਾ ਖਜਾਨਾ ਹੁੰਦਾ।
ਉਦਾਸ ਸਮਿਆਂ ਵਿਚ ਸਭ ਤੋਂ ਖੂਬਸੂਰਤ ਹੁੰਦਾ ਏ ਆਪਣੇ ਆਪ ਦੇ ਰੂਬਰੂ ਹੋਣਾ। ਜੀਵਨ-ਸਫਰ ਨੂੰ ਯਾਦ ਕਰਕੇ, ਇਸ ਦੇ ਖੁਸ਼ਗਵਾਰ ਪਲਾਂ ਨੂੰ ਮੁੜ ਤੋਂ ਜਿਉਣਾ। ਯਾਦ ਰੱਖਣਾ! ਸਮਾਂ ਕਦੇ ਸਦੀਵ ਨਹੀਂ ਰਹਿੰਦਾ। ਇਸ ਨੇ ਬਦਲਣਾ ਹੁੰਦਾ ਅਤੇ ਇਸ ਦੇ ਬਦਲਣ ਨਾਲ ਪੱਤਝੱੜ ਵਿਚੋਂ ਹੀ ਬਹਾਰ ਦੀ ਆਮਦ ਹੁੰਦੀ, ਜਿਸ ਨੇ ਰੁੰਡ-ਮਰੁੰਡ ਬਿਰਖਾਂ ਨੂੰ ਕੋਮਲ ਪੱਤੀਆਂ, ਫੁੱਲਾਂ ਅਤੇ ਫਲਾਂ ਨਾਲ ਲੱਦਣਾ ਹੁੰਦਾ। ਚੰਗੇਰੇ ਭਵਿੱਖ ਦੀ ਆਸ ਵਿਚ ਉਦਾਸ ਸਮਿਆਂ ਨੂੰ ਜਿੰ.ਦਾਦਿਲੀ ਅਤੇ ਦਿਆਨਤਦਾਰੀ ਨਾਲ ਬਤੀਤ ਕਰਕੇ ਹੀ ਜੀਵਨ ਦੀਆਂ ਖੁਰ ਰਹੀਆਂ ਪਰਤਾਂ ਵਿਚੋਂ ਵੀ ਜੀਵਨ ਦੇ ਅਛੂਤੇ ਰਹੱਸਾਂ ਨੂੰ ਰੁਸ਼ਨਾਇਆ ਜਾ ਸਕਦਾ। ਉਦਾਸੀ ਵਿਚੋਂ ਵੀ ਉਮੀਦ, ਉਮੰਗ, ਉਦਮ, ਊਰਜਾ, ਉਤੇਜਨਾ ਅਤੇ ਉਤਪਤੀ ਵਰਗੇ ਭਾਵਾਂ ਨੂੰ ਰੂਹਦਾਰੀ ਵਿਚ ਵਸਾ ਕੇ, ਰੂਹ-ਰੇਜ਼ਤਾ ਨੂੰ ਜੀਵਨ-ਸ਼ੈਲੀ ਦੇ ਨਾਮ ਕੀਤਾ ਜਾ ਸਕਦਾ।