ਜਪੁਜੀ-ਸੰਖੇਪ ਸਾਰ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਜਪੁਜੀ ਸਾਹਿਬ ਗੁਰੂ ਨਾਨਕ ਸਾਹਿਬ ਦੀ ਇਕ ਮਹੱਤਵਪੂਰਨ ਬਾਣੀ ਹੈ। ਆਪਣੀ ਸੰਰਚਨਾ ਤੇ ਸਰੋਕਾਰ ਕਰਕੇ ਇਹ ਉਨ੍ਹਾਂ ਦੀਆਂ ਹੋਰ ਬਾਣੀਆਂ ਨਾਲੋਂ ਭਿੰਨ ਹੈ। ਉਨ੍ਹਾਂ ਨੇ ਆਪਣੀ ਦੂਜੀ ਬਾਣੀ ਦੇ ਹੁੰਦੇ ਹੋਏ ਇਸ ਬਾਣੀ ਨੂੰ ਬਣਾਉਣ ਦੀ ਲੋੜ ਇਸੇ ਲਈ ਮਹਿਸੂਸ ਕੀਤੀ ਕਿ ਉਨ੍ਹਾਂ ਨੇ ਇਸ ਵਿਚ ਕੁਝ ਖਾਸ ਕਿਹਾ ਹੈ। ਉਸ ਵੇਲੇ ਦੀ ਰੱਬ ਦੇ ਸਿਜਦੇ ਕਰਨ ਵਾਲੀ ਤੇ ਕਰਮ-ਕਾਂਡਾਂ ਵਿਚ ਭਟਕੀ ਲੁਕਾਈ ਨੂੰ ਪਰਮ-ਸਤਿ ਦੀ ਸਹੀ ਸੇਧ ਦੇਣੀ ਬਹੁਤ ਜਰੂਰੀ ਸੀ। ਉਹ ਆਪਣੇ ਸਿੱਖਾਂ ਸਾਹਮਣੇ ਸਿੱਖੀ ਸਿਧਾਂਤ ਦੀ ਰੂਪ ਰੇਖਾ ਵਾਲੀ ਇਕ ਅਜਿਹੀ ਮੁਢਲੀ ਤੇ ਸੰਖੇਪ ਰਚਨਾ ਰੱਖਣਾ ਚਾਹੁੰਦੇ ਸਨ, ਜਿਸ ਦੇ ਲਗਾਤਾਰ ਅਧਿਐਨ ਨਾਲ ਉਹ ਪਿਛੋਕੜ ਦੇ ਭਰਮ ਭੁਲੇਖਿਆਂ ਤੋਂ ਮੁਕਤ ਹੋ ਕੇ ਸਹੀ ਰਾਹ ਅਪਨਾ ਸਕਣ।

ਉਨ੍ਹਾਂ ਦਾ ਇਕ ਪ੍ਰਯੋਜਨ ਆਪਣੀ ਨਿਰੋਲ ਸਿੱਖੀ ਸਿਧਾਂਤ ਵਾਲੀ ਬਾਣੀ ਨੂੰ ਇਕ ਥਾਂ ਇੱਕਠਾ ਕਰਨਾ ਵੀ ਸੀ ਤਾਂ ਜੋ ਉਨ੍ਹਾਂ ਦੇ ਸਿੱਖ ਉਨ੍ਹਾਂ ਦੇ ਵਿਚਾਰਾਂ ਨੂੰ ਇਕੋ ਸਿਧਾਂਤ ਦੀ ਲੋਅ ਵਿਚ ਪਰਖ ਕੇ ਸਮਝਣ। ਉਨ੍ਹਾਂ ਨੇ ਆਪਣੀ ਬਾਣੀ ਵਿਚੋਂ ਚੁਣ ਚੁਣ ਕੇ ਇਸ ਵਿਚ ਉਹੀ ਭਾਗ ਸ਼ਾਮਲ ਕੀਤੇ, ਜੋ ਉਨ੍ਹਾਂ ਦੀ ਸਮਝ ਅਨੁਸਾਰ ਉਨ੍ਹਾਂ ਦੇ ਸਿੱਖੀ ਸਿਧਾਂਤ ਦੀ ਸਿੱਧੀ ਵਿਆਖਿਆ ਕਰਦੇ ਸਨ। ਉਨ੍ਹਾਂ ਨੇ ਆਪਣੀ ਇਸ ਬਾਣੀ ਦਾ ਸੰਕਲਨ ਆਪਣੀ ਉਮਰ ਦੇ ਅੰਤਲੇ ਸਾਲਾਂ ਵਿਚ ਆਪਣੀ ਹੀ ਦੇਖ ਰੇਖ ਵਿਚ ਆਪਣੇ ਭਰੋਸੇਯੋਗ ਸਿੱਖ ਭਾਈ ਲਹਿਣਾ ਤੋਂ ਕਰਵਾਇਆ। ਇਸ ਲਈ ਇਸ ਵਿਚ ਉਨ੍ਹਾਂ ਦੇ ਦਾਰਸ਼ਨਿਕ ਅਨੁਭਵ ਦਾ ਗੁੜ੍ਹਿਆ ਹੋਇਆ ਤੇ ਅੰਤਿਮ ਨਿਚੋੜ ਹੈ। ਉਨ੍ਹਾਂ ਦਾ ਮਨੋਰਥ ਸੀ ਕਿ ਉਨ੍ਹਾਂ ਦੀ ਸਾਰੀ ਬਾਣੀ ਦੇ ਅਰਥ ਜਪੁਜੀ ਨੂੰ ਪੜ੍ਹ ਕੇ ਵਿਚਾਰੇ ਜਾਣ। ਗੁਰੂ ਅਰਜਨ ਦੇਵ ਨੇ ਇਸ ਨੂੰ ਆਦਿ ਗ੍ਰੰਥ ਵਿਚ ਸਭ ਤੋਂ ਪਹਿਲਾ ਸਥਾਨ ਦੇ ਕੇ ਗੁਰੂ ਸਾਹਿਬ ਦੇ ਇਸ ਸਿਧਾਂਤਕ ਮੰਤਵ ਦੀ ਤਰਜਮਾਨੀ ਕੀਤੀ ਹੈ। ਇਸ ਬਾਣੀ ਨੂੰ ਗ੍ਰੰਥ ਸਾਹਿਬ ਵਿਚ ਉਹ ਸਥਾਨ ਪ੍ਰਾਪਤ ਹੈ, ਜੋ ਕਿਸੇ ਆਧੁਨਿਕ ਰਾਜ ਦੇ ਕਾਨੂੰਨ ਵਿਚ ਉਸ ਦੇ ਸੰਵਿਧਾਨ ਨੂੰ ਹੁੰਦਾ ਹੈ।
ਇਸ ਬਾਣੀ ਦੇ ਅਧਿਐਨ ਉਪਰੰਤ ਇਸ ਦੇ ਸਿੱਟਿਆਂ ਨੂੰ ਇੱਕਠੇ ਤੌਰ ‘ਤੇ ਇਕ ਨਜ਼ਰ ਵਿਚੋਂ ਕੱਢਣ ਲਈ ਇਸ ਦਾ ਸੰਖੇਪ ਸਾਰ ਦੇਣਾ ਜਰੂਰੀ ਬਣਦਾ ਹੈ। ਜਪੁਜੀ ਦੀ ਮਾਨਤਾ ਹੈ ਕਿ ਮਨੁੱਖ ਇਕ ਬੌਧਿਕ ਪ੍ਰਵਿਰਤੀ ਵਾਲਾ ਜੀਵ ਹੈ, ਪਰ ਉਸ ਨੂੰ ਆਪਣੇ ਅਤੀਤ ਤੇ ਭਵਿੱਖ ਦੀ ਜਾਣਕਾਰੀ ਨਹੀਂ ਹੈ। ਉਸ ਅੱਗੇ ਸਭ ਤੋਂ ਵੱਡੀ ਚੁਣੌਤੀ ਸੰਸਾਰ ਦੇ ਮੁੱਢ ਤੇ ਸੰਚਾਲਨ ਦਾ ਗਿਆਨ ਹਾਸਲ ਕਰਨਾ ਹੈ, ਪਰ ਇਸ ਬਾਰੇ ਤੱਥਾਂ ਦੀ ਘਾਟ ਹੈ। ਲੋਕਾਂ ਕੋਲ ਪਰਖੇ ਹੋਏ ਠੋਸ ਵਿਚਾਰ ਨਹੀਂ ਹਨ ਤੇ ਨਾ ਹੀ ਪਰਖਣ ਦੀ ਕੋਈ ਸਾਂਝੀ ਨਿਰਪੱਖ ਵਿਧੀ ਹੈ। ਕਈ ਇਸ ਬੁਝਾਰਤ ਨੂੰ ਸਮਾਧੀ ਤੇ ਤੱਪਸਿਆ ਰਾਹੀਂ ਬੁੱਝਣ ਦਾ ਯਤਨ ਕਰਦੇ ਹਨ ਅਤੇ ਕਈ ਭੁੱਖੇ ਰਹਿ ਕੇ, ਮੌਨ ਵਰਤਾਂ ਰਾਹੀਂ ਜਾਂ ਸਿੱਧੀ ਸਿਆਣਪਾਂ ਰਾਹੀਂ ਜਾਣਕਾਰ ਬਣਨਾ ਚਾਹੁੰਦੇ ਹਨ। ਹਰ ਕੋਈ ਆਪਣੀ ਮਰਜੀ ਅਨੁਸਾਰ ਆਪਣਾ ਰਾਹ ਵਰਤ ਕੇ ਆਪਣੀ ਗੱਪ ਕਹਾਣੀ ਘੜ੍ਹ ਲੈਂਦਾ ਹੈ, ਜੋ ਸੱਚਾਈ ‘ਤੇ ਪੂਰੀ ਨਹੀਂ ਉਤਰਦੀ।
ਇਸ ਬੇ-ਬੁਨਿਆਦ ਦਿਮਾਗੀ ਹਰਕਤ ਦੇ ਸਿੱਟੇ ਵਜੋਂ ਇਸ ਵਿਸ਼ੇ ‘ਤੇ ਮਨਘੜ੍ਹਤ ਵਿਚਾਰਾਂ ਦਾ ਇਕ ਜਾਲ ਜਿਹਾ ਉਸਰਿਆ ਪਿਆ ਹੈ, ਜਿਸ ਨੇ ਪ੍ਰਾਣੀ ਨੂੰ ਸਹੀ ਰਾਹ ਤੋਂ ਭਟਕਾ ਰੱਖਿਆ ਹੈ। ਇਸ ਉਪਰੰਤ ਹੁਣ ਵੱਡੇ ਪ੍ਰਸ਼ਨ ਇਹ ਬਣ ਗਏ ਹਨ ਕਿ ਕਿਵੇਂ ਇਸ ਝੂਠ ਦੀ ਦੀਵਾਰ ਨੂੰ ਤੋੜਿਆ ਜਾਵੇ, ਕਿਵੇਂ ਸੱਚ ਦੇ ਜਾਣੂ ਬਣਿਆ ਜਾਵੇ ਤੇ ਕਿਵੇਂ ਮਨੁੱਖੀ ਜੀਵਨ ਨੂੰ ਕੁਦਰਤੀ ਨਿਯਮਾਂ ਅਨੁਸਾਰ ਜੀਵਿਆ ਜਾਵੇ। ਗੁਰੂ ਸਾਹਿਬ ਦੇ ਉਠਾਏ ਇਹ ਪ੍ਰਸ਼ਨ ਅਜੋਕੇ ਸਿੱਖ ਵਿਦਵਾਨਾਂ ਦੇ ਉਨ੍ਹਾਂ ਪੋਸਟ-ਮਾਡਰਨਿਸਟ ਦਾਅਵਿਆਂ ਨੂੰ ਤਾਰ ਤਾਰ ਕਰਦੇ ਹਨ, ਜਿਨ੍ਹਾਂ ਅਨੁਸਾਰ ਸਿੱਖੀ ਵਿਚ ਗਿਆਨ ਪ੍ਰਾਪਤੀ ਦਾ ਕੋਈ ਸੰਕਲਪ ਨਹੀਂ, ਕਿਉਂਕਿ ਇਹ ਤਾਂ ਬ੍ਰਹਿਮੰਡ ਨੂੰ ਉਚੀ ਆਤਮਿਕ ਅਵਸਥਾ ਰਾਹੀਂ ਦੇਖਣ ਦਾ ਪ੍ਰਸਤਾਵ ਹੈ। (ਪਉੜੀ 1)
ਸਿੱਖੀ ਮਨੁੱਖ ਨੂੰ ਸਭ ਕੁਝ ਭੁੱਲਾ ਕੇ ਮੁੱਢ ਤੋਂ ਖੋਜ ਕਰਨ ਦੀ ਲੋੜ ‘ਤੇ ਜੋਰ ਦਿੰਦੀ ਹੈ। ਇਹ ਖੋਜ ੴ ਦੇ ਸੂਤਰ ਅਨੁਸਾਰ ਕਰਨੀ ਸਾਰਥਕ ਹੈ ਤਾਂ ਜੋ ਇਸ ਦੇ ਸਿੱਟੇ ਪੱਖਪਾਤੀ ਨਾ ਹੋਣ, ਇਨ੍ਹਾਂ ਵਿਚ ਕਿਸੇ ਦੀ ਕਹੀ ਕਹਾਈ ਬੇ-ਬੁਨਿਆਦ ਗੱਲ ਦਾ ਰਲ੍ਹਾ ਨਾ ਹੋਵੇ ਤੇ ਇਨ੍ਹਾਂ ਦੀ ਵਿਸ਼ਵਵਿਆਪੀ ਮਾਨਤਾ ਹੋਵੇ। ੴ ਹਿਸਾਬੀ ਗੁਣਾਂ ਵਾਲਾ ਤਰਕ-ਵਿਵੇਕੀ ਸੂਤਰ ਜਾਂ ਗੁਰ ਹੈ, ਜੋ ਅੰਕ-ਗਣਿੱਤ, ਬੀਜ-ਗਣਿੱਤ ਤੇ ਰੇਖਾ-ਗਣਿੱਤ ਦੇ ਮੁਢਲੇ ਚਿੰਨ੍ਹਾਂ ਤੋਂ ਬਣਿਆ ਹੋਇਆ ਹੈ। ਬ੍ਰਹਿਮੰਡ ਦੇ ਮੁੱਢ ਦਾ ਜੋ ਵੀ ਕਾਰਕ ਹੈ ਅਤੇ ਜਿਸ ਕਾਰਨ ਕਰਕੇ ਵੀ ਇਸ ਦੇ ਵਰਤਾਰੇ ਚਲ ਰਹੇ ਹਨ, ਉਹ ਮਨੁੱਖੀ ਗਿਆਨ ਤੋਂ ਪਰ੍ਹੇ ਹੈ ਤੇ ਉਹੀ ਪਰਮ-ਸਤਿ ਹੈ। ਉਸ ਪਰਮ-ਸਤਿ ਦੀਆਂ ਉਪਰੋਥਲੀ ਪ੍ਰਤੱਖ ਵਿਸ਼ੇਸ਼ਤਾਈਆਂ ਨੂੰ ੴ ਦੇ ਗੁਰ ਦੀ ਵਰਤੋਂ ਨਾਲ ਘੋਖ ਕੇ ਜਾਣਿਆ ਜਾ ਸਕਦਾ ਹੈ ਤੇ ਜਾਣਿਆ ਜਾਣਾ ਚਾਹੀਦਾ ਹੈ।
ਅਜਿਹੀਆਂ ਪੱਕੀਆਂ ਤੇ ਸਰਬਵਿਆਪੀ ਵਡਿਆਈਆਂ ਜਾਂ ਗੁਣਾਂ ‘ਤੇ ਹੀ ਉਸ ਦਾ ਭਰਮ-ਰਹਿਤ, ਅਸਲੀ ਤੇ ਸੱਚਾ ਨਾਮ ਆਧਾਰਿਤ ਹੋਵੇਗਾ। ਉਸ ਦੇ ਸਾਰੇ ਪ੍ਰਚਲਤ ਕੱਚੇ ਨਾਮ ਉਸ ਦੇ ਅਸਲ ਗੁਣਾਂ ਅਨੁਸਾਰ ਨਹੀਂ ਹਨ, ਇਸ ਲਈ ਇਹ ਭੁਲੇਖਾ ਪਾਊ ਹਨ। ਇਸ ਗੁਰ ਦੇ ਉਪਯੋਗ ਨਾਲ ਜੋ ਕੁਝ ਹੁਣ ਤੀਕ ਪਤਾ ਚੱਲਿਆ ਹੈ, ਉਹ ਇਹ ਹੈ ਕਿ ਪਰਮ-ਸਤਿ ਸੰਸਾਰ ਦਾ ਰਚਣਹਾਰ ਹੈ, ਉਹ ਪ੍ਰਭਾਵ ਰਹਿਤ ਭਾਵ ਸੁਤੰਤਰ ਹੈ, ਪੱਖਪਾਤ ਰਹਿਤ ਹੈ, ਕਾਲ-ਮੁਕਤ ਹੈ, ਬਿੰਬ ਜਾਂ ਪ੍ਰਛਾਈ ਮਾਤਰ ਹੈ, ਜੰਮਣ ਮਰਨ ਤੋਂ ਪਰ੍ਹੇ ਹੈ ਅਤੇ ਸਵੈ-ਪ੍ਰਕਾਸ਼ਿਤ ਭਾਵ ਸਵੈ-ਨਿਰਮਿਤ ਹੈ। ਉਹ ਕਿਸੇ ਨੇ ਥਾਪਿਆ ਜਾਂ ਬਣਾਇਆ ਹੋਇਆ ਨਹੀਂ, ਸਗੋਂ ਆਪਣੇ ਆਪ ਬਣਿਆ ਹੋਇਆ ਹੈ। ਉਸ ਦਾ ਕੋਈ ਆਦਿ ਅੰਤ ਨਹੀਂ, ਕਿਉਂਕਿ ਉਹ ਹਮੇਸ਼ਾ ਤੋਂ ਸੀ ਤੇ ਹੁਣ ਵਾਂਗ ਹਮੇਸ਼ਾ ਹੀ ਬਣਿਆ ਰਹੇਗਾ। (ਮੂਲ-ਮੰਤਰ, ਸਲੋਕ ਤੇ ਪਉੜੀ 5)
ਪਰਮ-ਸਤਿ ਇਕ ਅਜਿਹੀ ਬੁਝਾਰਤ ਹੈ, ਜਿਸ ਦਾ ਉਤਰ ਕੁਦਰਤ ਦੇ ਨਿਯਮਾਂ ਦਾ ਅਧਿਐਨ ਕਰ ਕੇ ਹੀ ਲੱਭਿਆ ਜਾ ਸਕਦਾ ਹੈ। ਇਨ੍ਹਾਂ ਨਿਯਮਾਂ ਦੀ ਝਲਕ ਕੁਦਰਤ ਦੇ ਸਭ ਵਰਤਾਰਿਆਂ ਵਿਚੋਂ ਪੈਂਦੀ ਹੈ। ਨਿਯਮਾਂ ਅਨੁਸਾਰ ਜੀਵ ਬਣਦੇ ਹਨ, ਜੀਵਾਂ ਦੀਆਂ ਕਿਸਮਾਂ ਬਣਦੀਆਂ ਹਨ, ਜੀਵਾਂ ਨੂੰ ਸਤਹਿ-ਵਾਰ ਗੁਣ ਵਡਿਆਈਆਂ ਮਿਲਦੇ ਹਨ ਤੇ ਉਨ੍ਹਾਂ ਨੂੰ ਆਉਣ ਵਾਲੇ ਦੁਖ-ਸੁਖ ਨਿਰਧਾਰਤ ਹੁੰਦੇ ਹਨ। ਕਈ ਜੀਵ ਨਿਯਮ ਅਨੁਸਾਰ ਇਕ ਥਾਂ ਟਿਕੇ ਰਹਿੰਦੇ ਹਨ ਤੇ ਕਈ ਥਾਂ ਥਾਂ ਘੁੰਮਦੇ ਰਹਿੰਦੇ ਹਨ। ਸਭ ਕੁਦਰਤੀ ਅਸੂਲਾਂ ਦੇ ਬੰਨ੍ਹੇ ਹੋਏ ਹਨ, ਇਨ੍ਹਾਂ ਤੋਂ ਬਾਹਰ ਕੁਝ ਵੀ ਨਹੀਂ ਹੈ; ਪਰ ਇਨ੍ਹਾਂ ਨਿਯਮਾਂ ਦਾ ਕਦੇ ਸਹੀ ਅਧਿਐਨ ਨਹੀਂ ਕੀਤਾ ਗਿਆ, ਇਸ ਲਈ ਇਨ੍ਹਾਂ ਬਾਰੇ ਸਹੀ ਰੂਪ ਵਿਚ ਬਹੁਤਾ ਕੁਝ ਨਹੀਂ ਕਿਹਾ ਜਾ ਸਕਦਾ। ਜੇ ਕੁਦਰਤ ਦੇ ਇਹ ਨਿਯਮ ਠੋਸ ਰੂਪ ਵਿਚ ਬੁੱਝੇ ਜਾਣ ਭਾਵ ਖੋਜ ਕਰ ਕੇ ਪਤਾ ਲਾ ਲਏ ਜਾਣ ਤਾਂ ਕੂੜ ਦੀ ਪਾਲ ਬਣੀਆਂ ਮਨ-ਘੜ੍ਹਤ ਕਹਾਣੀਆਂ ਨੂੰ ਠੱਲ ਪਵੇਗੀ। (ਪਉੜੀ 2)
ਪਰ ਖੋਜ ਕਾਰਜ ਵਿਚ ਜੁਟਣ ਦੀ ਥਾਂ ਬੁੱਧੀਜੀਵੀ ਤੇ ਭਗਤ-ਜਨ ਪੂਜਾ-ਪਾਠਾਂ ਵਿਚ ਲੱਗੇ ਹੋਏ ਹਨ। ਜਿੰਨਾ ਕਿਸੇ ਵਿਚ ਜੋਰ ਹੈ, ਉਹ ਉਨੇ ਜੋਰ ਨਾਲ ਗੁਣਗਾਣ ਕਰੀ ਜਾਂਦਾ ਹੈ। ਜਿਨ੍ਹਾਂ ਦੋ ਚਾਰ ਗੁਣਾਂ ਤੇ ਨਿਸ਼ਾਨੀਆਂ ਦਾ ਕਿਸੇ ਨੂੰ ਪਤਾ ਹੈ, ਉਨ੍ਹਾਂ ਨੂੰ ਹੀ ਉਹ ਬਿਆਨੀ ਜਾਂਦਾ ਹੈ। ਕੋਈ ਕਹਿੰਦਾ ਹੈ ਕਿ ਇਸ ‘ਤੇ ਵਿਚਾਰ ਕਰਨ ਦਾ ਇਲਮ ਬੜਾ ਔਖਾ ਹੈ, ਕੋਈ ਸਰੀਰ ਪੈਦਾ ਕਰਨ ਤੇ ਵਿਨਾਸ਼ ਕਰਨ ਦੀ ਕੁਦਰਤੀ ਕਾਰਵਾਈ ਨੂੰ ਫੜ ਕੇ ਸਿਫਤਾਂ ਕਰੀ ਜਾਂਦਾ ਹੈ ਤੇ ਕੋਈ ਜੀਵਾਂ ਦੇ ਲਗਾਤਾਰ ਜੰਮਣ-ਮਰਨ ਦੀ ਪ੍ਰਕਿਰਿਆ ਨੂੰ ਲੈ ਕੇ ਹੈਰਾਨ ਹੋਈ ਜਾਂਦਾ ਹੈ। ਕੋਈ ਇਨ੍ਹਾਂ ਵਰਤਾਰਿਆਂ ਦਾ ਚਾਲਕ ਸਾਹਮਣੇ ਨਾ ਦਿਸਣ ਦੀ ਵਿਡੰਬਣਾ ਨੂੰ ਲੈ ਕੇ ਝੂਰੀ ਜਾਂਦਾ ਹੈ ਤੇ ਕੋਈ ਉਸ ਨੂੰ ਆਪਣੇ ਨੇੜੇ ਮਹਿਸੂਸ ਹੋਣ ਦੇ ਸੋਹਲੇ ਗਾਈ ਜਾਂਦਾ ਹੈ। ਜਿੰਨੇ ਮੂੰਹ ਉਨੀਆਂ ਗੱਲਾਂ; ਬਿਆਨ ਕੀਤਿਆਂ ਖਤਮ ਨਾ ਹੋਣ। ਕੁਦਰਤ ਅੱਗੇ ਤੋਂ ਅੱਗੇ ਪਈ ਹੈ। ਇਹ ਜੀਵਾਂ ਨੂੰ ਇੰਨਾ ਕੁਝ ਦੇ ਰਹੀ ਹੈ ਕਿ ਲੈਣ ਵਾਲੇ ਲੈਂਦੇ ਲੈਂਦੇ ਥੱਕ ਜਾਂਦੇ ਹਨ। ਨਿਯਮ ਵਰਤਾਉਣ ਵਾਲੀ ਕੁਦਰਤ ਆਪਣੇ ਨਿਯਮਾਂ ਨੂੰ ਇੰਨਾ ਰਾਹ-ਸਿਰ ਚਲਾ ਰਹੀ ਹੈ ਕਿ ਸੋਚ ਕੇ ਅਨੰਦ ਛਾ ਜਾਂਦਾ ਹੈ। (ਪਉੜੀ 3)
ਸੱਚੇ ਨਿਆਂ ਵਾਲਾ ਸੱਚਾ ਪ੍ਰਬੰਧਕ ਪਰਮ-ਸਤਿ, ਬਿਨਾ ਕਹੇ ਪੁੱਛੇ ਨਿਯਮਾਂ ਅਨੁਸਾਰ ਦਾਤਾਂ ਦੇਈ ਜਾਂਦਾ ਹੈ, ਪਰ ਭਗਤ ਜਨ ਸੋਚਦੇ ਹਨ ਕਿ ਜੇ ਕੋਈ ਹੋਰ ਬੋਲੀ ਬੋਲ ਕੇ ਹੋਰ ਮੰਗੀਏ ਤਾਂ ਸ਼ਾਇਦ ਵਧੇਰੇ ਕੁਝ ਮਿਲ ਜਾਵੇ। ਉਹ ਪੁੱਛਦੇ ਹਨ ਕਿ ਹੋਰ ਕਿਹੜੇ ਵਧੀਆ ਤੇ ਪਿਆਰੇ ਸ਼ਬਦਾਂ ਨਾਲ ਪੂਜਾ ਅਰਦਾਸ ਕਰੀਏ ਤਾਂ ਕਿ ਉਹ ਖੁਸ਼ ਹੋ ਜਾਵੇ ਤੇ ਉਸ ਦੇ ਦਰਬਾਰ ਦੇ ਦਰਸ਼ਨ ਹੋ ਜਾਣ। ਅਜਿਹੇ ਸ਼ਰਧਾਲੂ ਇਹ ਸਮਝ ਲੈਣ ਕਿ ਪ੍ਰਭਾਤ ਦੇ ਹਨੇਰੇ ਵਾਂਗ ਪੱਤ ਓਹਲੇ ਪਹਾੜ ਹੈ। ਬੱਸ ਥੋੜ੍ਹੀ ਖੋਜ ਨਾਲ ਮੰਜ਼ਿਲ ‘ਤੇ ਲਹਿਰਾਉਂਦਾ ਪਰਚਮ ਦਿੱਸ ਜਾਵੇਗਾ। ਇਹ ਜਾਣਕਾਰੀ ਪੂਰੀ ਨਹੀਂ, ਪਰ ਇਹ ਗੱਪ ਵੀ ਨਹੀਂ। ਸਵੇਰ ਦੇ ਹਨੇਰੇ ਤੋਂ ਅੱਗੇ ਚਾਨਣ ਹੀ ਆਉਂਦਾ ਹੈ। ਪਰਮ-ਸਤਿ ਸਵੈ-ਉਤਪੰਨ ਹੈ ਤੇ ਉਸ ਦੀ ਹੋਂਦ ਸਦੀਵੀ ਹੈ। ਇਸ ਲਈ ਉਹ ਤਾਂ ਹੈ ਹੀ। ਪਰ ਭਗਤ-ਜਨ ਆਪਣੇ ਨਿਜੀ ਲਾਭਾਂ ਦੀ ਪ੍ਰਾਪਤੀ ਤੇ ਸੁਖਾਂ ਦੀ ਲਾਲਸਾ ਕਾਰਨ ਕਈ ਪ੍ਰਕਾਰ ਦੇ ਭਗਵਾਨ ਪੂਜਦੇ ਰਹਿੰਦੇ ਹਨ। ਕਈ ਉਨ੍ਹਾਂ ਦੀ ਭਾਲ ਵਿਚ ਤੀਰਥ ਇਸ਼ਨਾਨ ਕਰਨ ਵੀ ਜਾਂਦੇ ਹਨ। ਇਹ ਸਭ ਗੱਲਾਂ ਕਰਨ ਦੀ ਲੋੜ ਨਹੀਂ, ਕਿਉਂਕਿ ਸਾਰੇ ਸੰਸਾਰ ਦੀ ਉਤਪਤੀ ਅਤੇ ਪ੍ਰਤੀਪਾਲਨ ਦਾ ਇਕੋ ਸ਼੍ਰੋਤ ਹੈ। ਉਹ ਕੂੜੀ ਸੋਚ ਤੇ ਫੋਕਟ ਕਾਰਜਾਂ ਨਾਲ ਨਹੀਂ ਲੱਭਦਾ ਤੇ ਨਾ ਹੀ ਸੰਸਾਰਕ ਸੁੱਖਾਂ ਤੇ ਰੁਤਬਿਆਂ ਨਾਲ ਪ੍ਰਾਪਤ ਹੁੰਦਾ ਹੈ। ਸੱਚੀ ਖੋਜ ਨਾਲ ਹੀ ਉਸ ਦਾ ਗਿਆਨ ਹੋ ਸਕਦਾ ਹੈ। (ਪਉੜੀ 4-7)
ਕਰਮ-ਕਾਂਡਾਂ ਨੂੰ ਉਤਸ਼ਾਹ ਦੇਣ ਵਾਲੀਆਂ ਸਭ ਮਾਨਤਾਵਾਂ ਸੁਣੀਆਂ ਸੁਣਾਈਆਂ ਗੱਲਾਂ ਹਨ। ਸੁਣੀਆਂ ਸੁਣਾਈਆਂ ਗੱਲਾਂ ਪ੍ਰਮਾਣਿਤ ਨਹੀਂ ਹੁੰਦੀਆਂ, ਇਸ ਲਈ ਇਨ੍ਹਾਂ ਨੂੰ ਸੱਚ ਨਹੀਂ ਮੰਨ ਲੈਣਾ ਹੁੰਦਾ। ਸੁਣਨ ਦਾ ਕੀ ਹੈ, ਜੋ ਕੁਝ ਕੋਈ ਬੋਲ ਦੇਵੇ ਉਹੀ ਸੁਣ ਲਿਆ ਜਾਂਦਾ ਹੈ, ਪਰ ਹਰ ਸੁਣੀ ਗੱਲ ਸੱਚ ਨਹੀਂ ਹੁੰਦੀ। ਚਮਤਕਾਰੀ ਸਿੱਧਾਂ ਪੀਰਾਂ, ਪੰਜ ਦੀ ਪਵਿੱਤਰਤਾ, ਧਰਤੀ ਹੇਠਲਾ ਬਲਦ, ਕਾਲ-ਰਹਿਤ ਥਾਂਵਾਂ, ਵਿਸ਼ਨੂੰ, ਇੰਦਰ, ਬ੍ਰਹਮਾ, ਮਹੇਸ਼, ਪਾਰਵਤੀ ਆਦਿ ਦੇਵੀ-ਦੇਵਤਿਆਂ, ਯੋਗ ਵਿਧੀ ਦੇ ਜਾਦੂਈ ਪ੍ਰਭਾਵਾਂ ਤੇ ਵੇਦਾਂ ਸਾਸ਼ਤਰਾਂ ਆਦਿ ਪੰਡਤਾਈ ਗ੍ਰੰਥਾਂ ਦੀ ਪ੍ਰਸ਼ੰਸਾ ਬਾਰੇ ਬੜਾ ਕੁਝ ਸੁਣਨ ਨੂੰ ਮਿਲਦਾ ਹੈ। ਇਹ ਵੀ ਸੁਣਦੇ ਹਾਂ ਕਿ ਅਠਾਹਠ ਤੀਰਥਾਂ ਦਾ ਇਸ਼ਨਾਨ ਅਤੇ ਸਬਰ ਸੰਤੋਖ ਦਾ ਪਾਲਣ ਕਰਨ ਨਾਲ ਸਤਿ ਦਾ ਗਿਆਨ ਹੋ ਜਾਂਦਾ ਹੈ। ਇਸ ਨਾਲ ਸਾਸ਼ਤਰ ਪੜ੍ਹਨ ਵਿਚ ਮਨ ਲਗਦਾ ਹੈ ਤੇ ਮਾਨ-ਪ੍ਰਤਿਸ਼ਠਾ ਮਿਲਦੀ ਹੈ। ਸੁਣਨ ਵਿਚ ਤਾਂ ਵੱਡੇ ਵੱਡੇ ਸੇਖ, ਪੀਰ ਤੇ ਪੀਰਾਂ ਦੇ ਪੀਰ ਪਾਤਸ਼ਾਹ ਵੀ ਆਉਂਦੇ ਹਨ, ਜਿਨ੍ਹਾਂ ਨੇ ਸਾਰੀ ਸ਼ਰੀਅਤ ਕਈ ਕਈ ਵਾਰ ਦੀ ਗਾਹੀ ਦੱਸੀ ਜਾਂਦੀ ਹੈ ਤੇ ਜੋ ਕਹਿਣ ਵਾਲਿਆਂ ਅਨੁਸਾਰ ਅਕਲ ਦੇ ਅੰਨਿਆਂ ਨੂੰ ਵੀ ਗਿਆਨ ਦੇ ਰਾਹ ਪਾ ਦਿੰਦੇ ਹਨ। ਇਹ ਸੁਣੀਆਂ ਗੱਲਾਂ ਸੱਚ ਨਹੀਂ ਹਨ? ਸ਼ਰਧਾਲੂ ਗਣ ਐਵੇਂ ਇਨ੍ਹਾਂ ਫੋਕੀਆਂ ਗੱਲਾਂ ਨਾਲ ਆਪਣੇ ਦੁਖ-ਦਲਿੱਦਰ ਦੂਰ ਹੋਣ ਦੀਆਂ ਆਸਾਂ ਬੰਨ ਕੇ ਗਦ ਗਦ ਹੋਈ ਜਾਂਦੇ ਹਨ। ਉਹ ਸਮਝਦੇ ਹਨ ਕਿ ਏਡੀਆਂ ਵੱਡੀਆਂ ਸ਼ਕਤੀਆਂ ਦੇ ਹੁੰਦਿਆਂ ਉਨ੍ਹਾਂ ਦੇ ਪਾਪ ਤਾਂ ਹੁਣ ਧੋਤੇ ਹੀ ਗਏ! (ਪਉੜੀ 8-11)
ਅਸਲ ਵਿਚ ਦਿਮਾਗ ਦੇ ਵਰਤੇ ਬਿਨਾ ਖੂਹ ਖਾਲੀ ਪਏ ਹਨ। ਅਕਲ ਦੀ ਵਰਤੋਂ ਜਿਸ ਨੂੰ ਮਨਨ ਅਰਥਾਤ ਮੰਨੇ ਕਹਿੰਦੇ ਹਨ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦੀ ਹੈ। ਇਸ ਦੀ ਵਡਿਆਈ ਕੀਤਿਆਂ ਵੀ ਨਹੀਂ ਕੀਤੀ ਜਾ ਸਕਦੀ। ਜੇ ਦੁਨੀਆਂ ਦੇ ਸਭ ਲਿਖਾਰੀ ਸਾਰੀ ਲਿਖਣ ਸਮਗਰੀ ਲੈ ਕੇ ਵੀ ਇਸ ਨੂੰ ਵਰਣਨ ਕਰਨ ਦੀ ਕੋਸ਼ਿਸ਼ ਕਰਨ ਤਾਂ ਵੀ ਨਾ ਹੋਵੇ। ਜੇ ਕੋਈ ਗਲਤੀ ਨਾਲ ਕਰ ਵੀ ਲਵੇ ਤਾਂ ਵਾਰ ਵਾਰ ਸੋਚੀ ਜਾਵੇਗਾ ਕਿ ਉਸ ਦੀ ਪ੍ਰਸ਼ੰਸਾ ਵਿਚ ਕੁਝ ਕਮੀ ਰਹਿ ਗਈ ਹੈ। ਇਹ ਅਜਿਹਾ ਮਾਨਸਿਕ ਕਰਮ ਹੈ, ਜੋ ਮਨ ਤੇ ਬੁੱਧੀ ਦਾ ਵਿਕਾਸ ਕਰ ਕੇ ਮਨੁੱਖ ਨੂੰ ਸੰਸਾਰ ਪ੍ਰਤੀ ਸੁਚੇਤ ਕਰਦਾ ਹੈ। ਇਹ ਮਨੁੱਖ ਨੂੰ ਭਰਮ ਭੁਲੇਖਿਆਂ ਵਿਚੋਂ ਕੱਢ ਕੇ ਉਸ ਨੂੰ ਸੱਚ ਨਾਲ ਜੋੜਦਾ ਹੈ। ਮਨਨ ਕਰਨ ਨਾਲ ਸੋਚ ਸੱਚਾਈ ਦੇ ਨੇੜੇ-ਤੇੜੇ ਰਹਿੰਦੀ ਹੈ ਤੇ ਸਮਝ ਵਿਚ ਕੋਈ ਵਿਘਨ ਨਹੀਂ ਪੈਂਦਾ। ਮਨਨ ਕਰਨ ਵਾਲਾ ਵਿਅਕਤੀ ਸਾਧਾਂ ਸੰਤਾਂ ਪਿੱਛੇ ਲਗ ਕੇ ਭਿਖਿਆ ਮੰਗਣ ਨਹੀਂ ਚੜ੍ਹਦਾ, ਸਗੋਂ ਸਿੱਧਾ ਆਪਣੇ ਪਰਿਵਾਰ ਵਲ ਮੁੜ ਕੇ ਅਸਲ ਮੁਕਤੀ ਪਾਉਂਦਾ ਹੈ। ਪਰਮ-ਸਤਿ ਦਾ ਅਸਲ ਨਾਂ ਹੈ ਹੀ ਐਸਾ ਕਿ ਇਸ ਦਾ ਪਤਾ ਕੁਦਰਤ ਦੇ ਨਿਯਮਾਂ ਦਾ ਵਿਚਾਰ ਵਿਸ਼ਲੇਸ਼ਣ ਕਰਨ ਨਾਲ ਲਗਦਾ ਹੈ। ਸੰਸਾਰ ਤਿਆਗ ਕੇ ਸਾਧ ਬਣਨ ਵਾਲੇ ਭਾਵ ਵਿਵੇਕ ਵਿਚਾਰ ਛੱਡ ਕੇ ਭਜਨ ਬੰਦਗੀ ਪਿੱਛੇ ਲਗਣ ਵਾਲੇ ਆਪਣਾ ਜੀਵਨ ਵਿਅਰਥ ਬਰਬਾਦ ਕਰਦੇ ਫਿਰਦੇ ਹਨ। (ਪਉੜੀ 12-15)
ਪਰ ਲੋਕਾਂ ਨੇ ਮਨਨ ਵਿਵੇਕ ਦੀ ਇਸ ਸੋਚ ਵਿਧੀ ਦੀ ਪਾਲਣਾ ਨਹੀਂ ਕਰਦੇ, ਜਿਸ ਕਾਰਨ ਥਾਂ ਥਾਂ ਮਿੱਥ-ਕਥਾਵਾਂ ਪ੍ਰਚਲਤ ਹੋ ਗਈਆਂ ਹਨ। ਇਕ ਅਜਿਹੀ ਕਥਾ ਪੰਜ ਦੀ ਗਿਣਤੀ ਬਾਰੇ ਹੈ। ਪੰਜ ਦੇ ਅੰਕ ਨੂੰ ਸ਼ੁਭ ਮੰਨ ਕੇ ਲੋਕਾਂ ਨੇ ਹਰ ਚੀਜ਼ ਪੰਜ ਪੰਜ ਗਿਣਤੀ ਦੀ ਬਣਾ ਲਈ। ਪੰਚਾਇਤ ਦੇ ਪੰਚ ਵੀ ਪੰਜ, ਰਾਜੇ ਦੇ ਦਰਬਾਰ ਵਿਚ ਮੰਤਰੀ ਵੀ ਪੰਜ, ਅਧਿਆਪਕ ਦੇ ਸ਼ਿਸ਼ ਵੀ ਪੰਜ ਤੇ ਹੋਰ ਸਭ ਚੀਜ਼ਾਂ ਵੀ ਪੰਜ ਪੰਜ। ਲਗਦਾ ਹੈ ਉਨ੍ਹਾਂ ਦੀ ਗਿਣਤੀ ਪੰਜ ‘ਤੇ ਅਟਕ ਗਈ ਹੈ। ਉਹ ਬਾਹਰ ਨਿਕਲ ਕੇ ਦੇਖਣ ਤਾਂ ਸਹੀ ਕਿ ਕੁਦਰਤ ਕਿੰਨੀ ਵਿਸ਼ਾਲ ਹੈ। ਜੇ ਕੁਦਰਤ ਦੀ ਗਿਣਤੀ ਕਿਤੇ ਰੁਕਦੀ ਨਹੀਂ ਤਾਂ ਫਿਰ ਉਹ ਪੰਜ ਤੋਂ ਅੱਗੇ ਕਿਉਂ ਨਹੀਂ ਚਲਦੇ? ਇਕ ਦੂਜੀ ਪ੍ਰਚਲਤ ਮਿੱਥ ਕਥਾ ਇਹ ਹੈ ਕਿ ਧਰਤੀ ਬਲਦ ਦੇ ਸਿੰਗ ‘ਤੇ ਟਿਕੀ ਹੋਈ ਹੈ। ਕੀ ਇਹ ਸੰਭਵ ਹੋ ਸਕਦਾ ਹੈ? ਕਹਾਣੀ ਬਣਾਉਣ ਵਾਲੇ ਤਾਂ ਬਣਾ ਕੇ ਚਲੇ ਗਏ, ਪਰ ਇਸ ਨੂੰ ਮੰਨਣ ਵਾਲਿਆਂ ਨੇ ਇਹ ਵੀ ਨਹੀਂ ਸੋਚਿਆ ਕਿ ਏਡੀ ਵੱਡੀ ਧਰਤੀ ਨੂੰ ਬਲਦ ਕਿਵੇਂ ਚੁੱਕ ਸਕਦਾ ਹੈ? ਵੱਡਾ ਸਵਾਲ ਇਹ ਕਿ ਬਲਦ ਨੂੰ ਅੱਗੇ ਕਿਸ ਨੇ ਚੁੱਕਿਆ ਹੋਇਆ ਹੈ?
ਇਕ ਹੋਰ ਵਿਅਰਥ ਜਿਹੀ ਮਾਨਤਾ ਇਹ ਹੈ ਕਿ ਤੀਰਥ ਨਹਾਉਣ ਨਾਲ ਪਾਪ ਕਟ ਜਾਂਦੇ ਹਨ! ਅੰਧ-ਵਿਸ਼ਵਾਸੀ ਸ਼ਰਧਾਲੂ ਸੋਚਦੇ ਹਨ ਕਿ ਜਿਵੇਂ ਪਾਣੀ ਤੇ ਸਾਬਣ ਸਰੀਰ ਤੇ ਕਪੜਿਆਂ ਦੀ ਗੰਦਗੀ ਨੂੰ ਧੋ ਦਿੰਦੇ ਹਨ, ਉਵੇਂ ਹੀ ਤੀਰਥ ਅਸ਼ਨਾਨ ਕਰਨ ਨਾਲ ਮਾਨਸਿਕ ਵਿਕਾਰ ਤੇ ਪਾਪ ਧੁਲ ਜਾਂਦੇ ਹਨ। ਉਨ੍ਹਾਂ ਨੂੰ ਅਕਲ ਨਾਲ ਵਿਚਾਰ ਕਰਨਾ ਚਾਹੀਦਾ ਹੈ ਕਿ ਪਾਪ ਕੋਈ ਧੋਣ ਵਾਲੀ ਬਾਹਰਲੀ ਮੈਲ ਨਹੀਂ ਹੁੰਦੇ, ਸਗੋਂ ਕੀਤੇ ਹੋਏ ਮਾੜੇ ਕੰਮਾਂ ਦੇ ਸਿੱਟੇ ਹੁੰਦੇ ਹਨ, ਜੋ ਹਰ ਹਾਲਤ ਵਿਚ ਭੁਗਤਣੇ ਹੀ ਪੈਂਦੇ ਹਨ। ਪਾਪ ਤਾਂ ਵਿਅਕਤੀ ਦਾ ਆਪਣਾ ਕੀਤਾ ਗਲਤ ਕਰਮ ਹੈ, ਇਸ ਲਈ ਇਸ ਨੂੰ ਤਾਂ ਕੋਈ ਦੂਜਾ ਵੀ ਆਪਣੇ ਸਿਰ ਨਹੀਂ ਲੈ ਸਕਦਾ। ਇਕ ਹੋਰ ਗਲਤ ਮਨੌਤ ਇਹ ਹੈ ਕਿ ਤੀਰਥ ਅਸਥਾਨ ‘ਤੇ ਜਾ ਕੇ ਪੁੰਨ ਦਾਨ ਕਰਨ ਨਾਲ ਵੱਡੇ ਤਪ ਦਾ ਲਾਭ ਮਿਲ ਜਾਂਦਾ ਹੈ। ਅੰਧ-ਵਿਸ਼ਵਾਸੀ ਸਮਝਦੇ ਹਨ ਕਿ ਅਜਿਹੀ ਤਪੱਸਿਆ ਦੇ ਫਲ ਨਾਲ ਸਭ ਸੁਖ ਮਿਲ ਜਾਂਦੇ ਹਨ, ਪਰ ਯਥਾਰਥ ਵਿਚ ਅਜਿਹਾ ਕੁਝ ਨਹੀਂ ਵਾਪਰਦਾ। ਬਸ, ਦਾਨ ਪੁੰਨ ਕਰਵਾਉਣ ਤੋਂ ਬਾਅਦ ਬ੍ਰਾਹਮਣ ਪੁਜਾਰੀ ਤੀਰਥ ਇਸ਼ਨਾਨੀ ਨੂੰ ਸੰਸਕ੍ਰਿਤ ਦਾ ਸਲੋਕ ਪੜ੍ਹ ਕੇ ਸਵਸਥ ਤੇ ਸੁਖੀ ਜੀਵਨ ਦੀ ਅਸੀਸ ਦੇ ਕੇ ਟਾਲ ਦਿੰਦਾ ਹੈ। (ਪਉੜੀ 16, 20 ਅਤੇ 21)
ਦਰਅਸਲ ਇਹ ਹਉਮੈ ਭਰਪੂਰ ਸੋਚ ਇਸ ਮਾਨਤਾ ‘ਤੇ ਟਿਕੀ ਹੈ ਕਿ ਸੰਸਾਰ ਵਿਚ ਕੁਝ ਗਿਣੀਆਂ ਚੁਣੀਆਂ ਚੀਜ਼ਾਂ ਹੀ ਹਨ ਤੇ ਕੁਦਰਤ ਦੇ ਸਭ ਵਰਤਾਰੇ ਸਿਰਫ ਉਨ੍ਹਾਂ ਲਈ ਚਲ ਰਹੇ ਹਨ। ਇਹ ਵਿਸ਼ਵਾਸ ਇਸ ਤੱਥ ਨੂੰ ਅੱਖੋਂ ਓਹਲੇ ਕਰਦਾ ਹੈ ਕਿ ਸੰਸਾਰ ਤਾਂ ਗਿਣਤੀ ਬਾਹਰਾ ਹੈ। ਇੱਥੇ ਤਰ੍ਹਾਂ ਤਰ੍ਹਾਂ ਦੀਆਂ ਕਿਸਮਾਂ, ਰੰਗਾਂ ਤੇ ਨਾਂਵਾਂ ਦੇ ਜੀਵ ਹਨ, ਜਿਨ੍ਹਾਂ ਦਾ ਲੇਖਾ ਜੋਖਾ ਕਦੇ ਨਹੀਂ ਹੋ ਸਕਦਾ। ਸਾਰੇ ਇਕੋ ਲਹਿਰ ਨਾਲ ਬਣੇ ਇਕ ਦਰਿਆਂ ਤੋਂ ਉਪਜੇ ਛੋਟੇ ਨਦੀਆਂ ਨਾਲਿਆਂ ਵਾਂਗ ਹਨ, ਜੋ ਅੱਗੇ ਆਪਣੀ ਆਪਣੀ ਦਿਸ਼ਾ ਵਿਚ ਵਹਿਣ ਲਗਦੇ ਹਨ। ਅਸੰਖ ਤਰ੍ਹਾਂ ਦੇ ਇਨ੍ਹਾਂ ਜੀਵਾਂ, ਚੀਜ਼ਾਂ ਤੇ ਥਾਂਵਾਂ ਦੇ ਵੱਖ ਵੱਖ ਨਾਮ ਹਨ, ਜੋ ਇਕੋ ਸਾਂਝੇ ਅੱਖਰਾਂ ਨਾਲ ਲਿਖੇ ਜਾਂਦੇ ਹਨ। ਇਹ ਨਾਮ ਕੋਈ ਆਪਣੇ ਕੋਲੋਂ ਸੋਚ ਕੇ ਨਹੀਂ ਰੱਖਦਾ, ਸਗੋਂ ਉਨ੍ਹਾਂ ਦੇ ਗੁਣ, ਵਡਿਆਈਆਂ ਤੇ ਕੰਮਾਂ ਅਨੁਸਾਰ ਰੱਖੇ ਜਾਂਦੇ ਹਨ। ਮਨੁੱਖ ਜਾਤੀ ਨੂੰ ਹੀ ਵੇਖ ਲਵੋ, ਕਈ ਪੜ੍ਹਨ ਪੜ੍ਹਾਉਣ, ਪੂਜਾ ਪਾਠ, ਮੌਨ, ਭਗਤੀ ਤੇ ਗਿਆਨ ਵਿਚਾਰ ਵਿਚ ਲੱਗੇ ਹੋਏ ਹਨ ਤੇ ਕਈ ਦਾਨੀ ਤੇ ਸੂਰਬੀਰ ਹਨ। ਦੂਜੇ ਪਾਸੇ ਕਈ ਚੋਰ, ਹਰਾਮਖੋਰ, ਕਾਤਲ, ਨਿੰਦਕ, ਝੂਠੇ, ਪਾਪੀ, ਮਲੇਸ਼ ਤੇ ਹਿੰਸਕ ਹਨ, ਜੋ ਝੂਠ ਦਾ ਜੀਵਨ ਜਿਉਂਦੇ ਹਨ। ਜਿੱਦਾਂ ਦੇ ਇਨ੍ਹਾਂ ਦੇ ਕੰਮ ਹਨ, ਉੱਦਾਂ ਦੇ ਨਾਮ ਹਨ। ਕੁਦਰਤ ਮੁੱਢ ਤੋਂ ਹੀ ਇੰਨੀ ਵਿਸ਼ਾਲ ਹੈ ਕਿ ਇਸ ਵਿਚਲੀਆਂ ਚੀਜ਼ਾਂ ਨੂੰ ਇਕ ਵਾਰ ਵੀ ਨਹੀਂ ਗਿਣਿਆ ਜਾ ਸਕਦਾ। ਇਸ ਲਈ ਇਨ੍ਹਾਂ ਦੇ ਕਰਮਾਂ-ਕਾਰਾਂ ਦਾ ਹਿਸਾਬ ਇਕ ਇਕ ਕਰਕੇ ਨਹੀਂ, ਸਗੋਂ ਸਾਂਝੇ, ਨਿਰਪੱਖ ਤੇ ਸਰਬਵਿਆਪਕ ਕੁਦਰਤੀ ਸਿਧਾਂਤਾਂ ਅਨੁਸਾਰ ਹੁੰਦਾ ਹੈ। (ਪਉੜੀ 17, 18 ਅਤੇ 19)
ਜਿਸ ਬ੍ਰਹਿਮੰਡ ਦੇ ਅਸੀਂ ਵਾਸੀ ਹਾਂ, ਉਹ ਉਂਜ ਵੀ ਬਹੁਤ ਵੱਡਾ ਹੈ। ਇਸ ਦੇ ਆਕਾਰ ਬਾਰੇ ਬੜਾ ਕੁਝ ਕਿਹਾ ਸੁਣਿਆ ਗਿਆ ਹੈ, ਪਰ ਇਸ ਦੀ ਕੋਈ ਥਾਹ ਨਹੀਂ ਪਾ ਸਕਿਆ। ਇਹ ਕਦੋਂ ਬਣਿਆ, ਕਿੱਦਾਂ ਬਣਿਆ ਤੇ ਕਿਸ ਉਦੇਸ਼ ਨੂੰ ਮੁੱਖ ਰੱਖ ਕੇ ਬਣਿਆ-ਇਸ ਦਾ ਕਿਸੇ ਨੂੰ ਕੋਈ ਭੇਤ ਨਹੀਂ ਹੈ। ਇਸ ਦੇ ਪਸਾਰੇ ਤੇ ਆਦਿ ਅੰਤ ਦਾ ਪਤਾ ਲਾਉਣ ਲਈ ਕਿੰਨੇ ਲੋਕ ਬੇਤਾਬ ਹਨ, ਪਰ ਇਹ ਗਿਆਨ ਨਹੀਂ ਹੋ ਸਕਿਆ, ਕਿਉਂਕਿ ਇਸ ਨੂੰ ਜਿੰਨਾ ਕਹੋ, ਇਹ ਉਡਾ ਹੀ ਲਗਦਾ ਹੈ। ਇਸ ਨੂੰ ਓਹੀ ਜਾਣ ਸਕਦਾ ਹੈ, ਜੋ ਇਸ ਜਿੱਡਾ ਵੱਡਾ ਜਾਂ ਇੰਨਾ ਪੁਰਾਣਾ ਹੋਵੇ, ਉਹ ਵੀ ਤਾਂ, ਜੇ ਉਸ ਦੀ ਨਿਗਾਹ ਤੇ ਕੰਮ ਨਿਰਪੱਖ ਹੋਣ। ਹਾਲ ਦੀ ਘੜੀ ਤਾਂ ਇਹ ਆਪਣੇ ਆਪ ਨੂੰ ਆਪ ਹੀ ਜਾਣਦਾ ਹੈ, ਕਿਉਂਕਿ ਇਸ ਦੇ ਬਣਨ ਵੇਲੇ ਦੂਜਾ ਕੋਈ ਮੌਜ਼ੂਦ ਨਹੀਂ ਸੀ। (ਪਉੜੀ 24)
(ਚਲਦਾ)