ਭਗਤ ਨਾਮਦੇਵ ਜੀ ਦੀ ਬਾਣੀ ਵਿਚ ਨੈਤਿਕ ਕਦਰਾਂ-ਕੀਮਤਾਂ ਦਾ ਉਪਦੇਸ਼

ਸੁਖਦੇਵ ਸਿੰਘ ਸ਼ਾਂਤ
ਅਵੋਨ, ਇੰਡੀਆਨਾ
ਫੋਨ: 317-406-0002
ਭਗਤ ਨਾਮਦੇਵ ਜੀ ਦੀ ਬਾਣੀ ਵਿਚ ਕਾਮ-ਵਾਸ਼ਨਾ ਅਧੀਨ ਮਨੁੱਖ ਜੋ ਕੁਕਰਮ ਕਰਦਾ ਹੈ, ਉਸ ਦੀ ਨਿਖੇਧੀ ਕੀਤੀ ਗਈ ਹੈ। ਮਨੁੱਖਾਂ ਨੂੰ ਇਨ੍ਹਾਂ ਕੁਕਰਮਾਂ ਤੋਂ ਬਚ ਕੇ ਰਹਿਣ ਦੀ ਪ੍ਰੇਰਨਾ ਦਿੱਤੀ ਗਈ ਹੈ। ਕਾਮ-ਵਾਸ਼ਨਾ ਜਦੋਂ ਹਵਸ ਦਾ ਰੂਪ ਧਾਰਦੀ ਹੈ ਤਾਂ ਮਨੁੱਖ ਦਾ ਸਬਰ ਆਪਣੀ ਪਤਨੀ ਨਾਲ ਜਾਇਜ਼ ਸਬੰਧਾਂ ਤੱਕ ਸੀਮਤ ਨਹੀਂ ਰਹਿੰਦਾ। ਅਜਿਹੇ ਮਨੁੱਖ ਦੀ ਹਾਲਤ ਬਾਰੇ ਭਗਤ ਨਾਮਦੇਵ ਜੀ ਫਰਮਾਉਂਦੇ ਹਨ,

ਘਰ ਕੀ ਨਾਰਿ ਤਿਆਗੈ ਅੰਧਾ॥
ਪਰ ਨਾਰੀ ਸਿਉ ਘਾਲੈ ਧੰਧਾ॥
ਜੈਸੇ ਸਿੰਬਲੁ ਦੇਖਿ ਸੂਆ ਬਿਗਸਾਨਾ॥
ਅੰਤ ਕੀ ਬਾਰ ਮੂਆ ਲਪਟਾਨਾ॥
(ਭੈਰਉ, ਨਾਮਦੇਵ ਜੀ, ਪੰਨਾ 1164-65)
ਅਜਿਹੇ ਮਨੁੱਖ ਨੂੰ ਅੰਧਾ ਆਖਿਆ ਹੈ, ਜਿਹੜਾ ਆਪਣੀ ਪਤਨੀ ਨੂੰ ਛੱਡ ਕੇ ਕਿਸੇ ਹੋਰ ਦੀ ਪਤਨੀ ਜਾਂ ਕਿਸੇ ਵੀ ਹੋਰ ਇਸਤਰੀ ਨਾਲ ਨਾਜਾਇਜ਼ ਸਬੰਧ ਜੋੜਦਾ ਹੈ। ਉਸ ਮਨੁੱਖ ਦੀ ਹਾਲਤ ਉਸ ਤੋਤੇ ਵਰਗੀ ਹੁੰਦੀ ਹੈ, ਜੋ ਸਿੰਮਲ ਰੁੱਖ ਰੂਪੀ ਪਰਾਈ ਇਸਤਰੀ ਨੂੰ ਸੁੰਦਰ ਜਾਣ ਕੇ ਖੁਸ਼ ਹੁੰਦਾ ਹੈ, ਪਰ ਜਿਵੇਂ ਸਿੰਮਲ ਰੁੱਖ ਤੋਂ ਕੁਝ ਵੀ ਪ੍ਰਾਪਤ ਨਹੀਂ ਹੁੰਦਾ, ਉਵੇਂ ਹੀ ਪਰਾਈ ਇਸਤਰੀ ਨਾਲ ਸਬੰਧ ਜੋੜ ਕੇ ਉਸ ਨੂੰ ਕੁਝ ਵੀ ਹਾਸਲ ਨਹੀਂ ਹੁੰਦਾ। ਅਜਿਹੇ ਮਨੁੱਖ ਨੂੰ ਅੰਧਾ ਅਤੇ ਤੋਤਾ ਕਹਿਣ ਤੋਂ ਇਲਾਵਾ ਭਗਤ ਜੀ ਨੇ ‘ਪਾਪੀ’ ਵੀ ਆਖਿਆ ਹੈ। ਇਹ ਪਾਪੀ ਮਨੁੱਖ ਹਵਸ ਦੀ ਅੱਗ ਵਿਚ ਜਲਦਾ ਰਹਿੰਦਾ ਹੈ ਅਤੇ ਇਹ ਹਵਸ ਦੀ ਅੱਗ ਕਦੇ ਬੁੱਝਦੀ ਵੀ ਨਹੀਂ। ਇਸ ਅੱਗ ਵਿਚ ਹੀ ਜ਼ਿੰਦਗੀ ਭਰ ਸੜ-ਬਲ ਕੇ ਮਨੁੱਖ ਮੁੱਕ ਜਾਂਦਾ ਹੈ। ਇਹ ਵਾਸ਼ਨਾ ਦੀ ਅੱਗ ਉਸ ਨੂੰ ਹਰੀ ਦੇ ਨਾਮ ਤੋਂ ਵੀ ਦੂਰ ਕਰ ਦਿੰਦੀ ਹੈ। ਇਸ ਪ੍ਰਕਾਰ ਉਹ ਨਾਮ-ਰੂਪੀ ਅੰਮ੍ਰਿਤ ਤੋਂ ਵਾਂਝਾ ਹੋ ਕੇ ਹਵਸ ਦੀ ਜ਼ਹਿਰ ਪੀਂਦਾ ਰਹਿੰਦਾ ਹੈ ਅਤੇ ਪਰਮਾਤਮਾ ਦੀ ਭਗਤੀ ਦੇ ਸਿੱਧੇ ਰਸਤੇ ਨੂੰ ਛੱਡ ਕੇ ਜਨਮ-ਮਰਨ ਦੇ ਗੇੜ ਵਿਚ ਪਿਆ ਰਹਿੰਦਾ ਹੈ।
ਕਾਮੀ ਜੀਵਨ ਦਾ ਨਕਸ਼ਾ ਖਿੱਚਦਿਆਂ ਭਗਤ ਨਾਮਦੇਵ ਜੀ ਵੇਸਵਾ ਦੇ ਅਖਾੜੇ ਦੀ ਗੱਲ ਵੀ ਕਰਦੇ ਹਨ,
ਜਿਉ ਬੇਸ੍ਵਾ ਕੇ ਪਰੈ ਅਖਾਰਾ॥
ਕਾਪਰੁ ਪਹਿਰਿ ਕਰਹਿ ਸਂੀਗਾਰਾ॥
ਪੂਰੇ ਤਾਲ ਨਿਹਾਲੇ ਸਾਸ॥
ਵਾ ਕੇ ਗਲੇ ਹੈ ਜਮ ਕਾ ਫਾਸ॥
(ਭੈਰਉ, ਨਾਮਦੇਵ ਜੀ, ਪੰਨਾ 1165)
ਵੇਸਵਾਵਾਂ ਦੇ ਟਿਕਾਣਿਆਂ ਤੇ ਵੇਸਵਾਵਾਂ ਮੁਜਰੇ-ਨਾਚ ਕਰਦੀਆਂ ਹਨ। ਵਧੀਆ-ਵਧੀਆ ਕੱਪੜੇ ਪਾ ਕੇ ਸ਼ਿੰਗਾਰ ਕਰਦੀਆਂ ਹਨ। ਸਾਜ਼ਾਂ ਦੀ ਤਾਲ ‘ਤੇ ਉਹ ਨੱਚਦੀਆਂ ਹਨ। ਦੇਖਣ ਵਾਲੇ ਵਿਕਾਰੀ ਹੋ ਕੇ ਇਹ ਨਜ਼ਾਰੇ ਦੇਖਦੇ ਰਹਿੰਦੇ ਹਨ। ਭਗਤ ਨਾਮਦੇਵ ਜੀ ਸਾਨੂੰ ਸਮਝਾਉਂਦੇ ਹਨ ਕਿ ਅਜਿਹੇ ਵਿਕਾਰੀ ਮਨੁੱਖ (ਔਰਤਾਂ ਅਤੇ ਮਰਦ), ਜੋ ਪਰਾਏ ਰੂਪ ਦੇ ਨਸ਼ਈ ਹੁੰਦੇ ਹਨ, ਉਨ੍ਹਾਂ ਦੇ ਗਲਾਂ ਵਿਚ ਜਮਦੂਤਾਂ ਦੀਆਂ ਫਾਹੀਆਂ ਪੈਂਦੀਆਂ ਹਨ। ਇਸ ਪ੍ਰਕਾਰ ਭਗਤ ਨਾਮਦੇਵ ਜੀ ਨੇ ਬੜੇ ਸਖਤ ਸ਼ਬਦਾਂ ਵਿਚ ਪਰ-ਮਰਦ ਅਤੇ ਪਰ-ਇਸਤਰੀ ਪ੍ਰਤੀ ਸਬੰਧ ਜਾਂ ਖਿੱਚ ਰੱਖਣ ਤੋਂ ਵਰਜਿਆ ਹੈ।
ਭਗਤ ਨਾਮਦੇਵ ਜੀ ਪਰ-ਪੁਰਖ ਜਾਂ ਪਰ-ਨਾਰੀ ਦੇ ਸਬੰਧਾਂ ਨੂੰ ਜਿੰਨਾ ਗਲਤ ਸਮਝਦੇ ਹਨ, ਓਨਾ ਹੀ ਪਰ-ਧਨ ਦਾ ਲੋਭ ਗਲਤ ਸਮਝਦੇ ਹਨ। ਪਰਾਏ ਰੂਪ ਅਤੇ ਪਰਾਏ ਧਨ ‘ਤੇ ਕਾਬਜ਼ ਹੋਣ ਦੀ ਲਾਲਸਾ ਅਸਲ ਵਿਚ ਹਵਸ ਅਤੇ ਅਤਿ ਦਰਜੇ ਦੇ ਲੋਭ ਦਾ ਪ੍ਰਗਟਾਵਾ ਹੈ। ਇਨ੍ਹਾਂ ਦੋਹਾਂ ਲਾਲਸਾਵਾਂ ਨੂੰ ਤਿਆਗ ਕੇ ਹੀ ਮਨੁੱਖ ਪਰਮਾਤਮਾ ਦੇ ਨੇੜੇ ਹੋ ਸਕਦਾ ਹੈ। ਭਗਤ ਜੀ ਦਾ ਪਵਿੱਤਰ ਫਰਮਾਨ ਹੈ,
ਪਰ ਧਨ ਪਰ ਦਾਰਾ ਪਰਹਰੀ॥
ਤਾ ਕੈ ਨਿਕਟਿ ਬਸੈ ਨਰਹਰੀ॥
(ਭੈਰਉ, ਨਾਮਦੇਵ ਜੀ, ਪੰਨਾ 1163)
ਇਸ ਦੇ ਨਾਲ ਹੀ ਮਨੁੱਖ ਵਿਚ ਇੱਕ ਹੋਰ ਔਗੁਣ ਹੈ, ਪਰ-ਨਿੰਦਾ। ਇਸ ਔਗੁਣ ਦਾ ਮੂਲ ਹੈ, ਮਨੁੱਖ ਨੂੰ ਆਪਣੇ ਗੁਣਾਂ ਦਾ ਹੰਕਾਰ। ਜਿਸ ਔਗੁਣ ਦੀ ਮੌਜੂਦਗੀ ਕਰਕੇ ਉਹ ਕਿਸੇ ਦੇ ਸੁਭਾਅ ਦੀ ਨਿੰਦਿਆ ਕਰਦਾ ਹੈ ਤਾਂ ਉਹ ਨਿੰਦਿਆ ਕਰਦਿਆਂ ਇਹ ਮੰਨ ਕੇ ਚੱਲਦਾ ਹੈ ਕਿ ਉਹ ਖੁਦ ਉਸ ਔਗੁਣ ਤੋਂ ਰਹਿਤ ਹੈ। ਇਹੀ ਨਿੰਦਿਆ ਕਰਨ ਵਾਲੇ ਦਾ ਹੰਕਾਰ ਹੈ। ਭਗਤ ਨਾਮਦੇਵ ਜੀ ਗੁਰੂ ਦੀ ਕਿਰਪਾ ਹੋ ਜਾਣ ਦਾ ਇੱਕ ਫਲ ਇਹ ਵੀ ਦੱਸਦੇ ਹਨ ਕਿ ਪਰ-ਨਿੰਦਾ ਦੀ ਬੁਰਾਈ ਤੋਂ ਮਨੁੱਖ ਮੁਕਤ ਹੋ ਜਾਂਦਾ ਹੈ। ਉਹ ਫਰਮਾਉਂਦੇ ਹਨ,
ਜਉ ਗੁਰਦੇਉ ਸਦਾ ਬੈਰਾਗੀ॥
ਜਉ ਗੁਰਦੇਉ ਪਰ ਨਿੰਦਾ ਤਿਆਗੀ॥
ਜਉ ਗੁਰਦੇਉ ਬੁਰਾ ਭਲਾ ਏਕ॥
ਜਉ ਗੁਰਦੇਉ ਲਿਲਾਟਹਿ ਲੇਖ॥
(ਭੈਰਉ, ਨਾਮਦੇਵ ਜੀ, ਪੰਨਾ 1166-1167)
ਗੁਰੂ ਦੀ ਕਿਰਪਾ ਸਦਕਾ ਮਨੁੱਖ ਦੀ ਵੈਰਾਗੀਆਂ ਵਾਲੀ ਬਿਰਤੀ ਬਣ ਜਾਂਦੀ ਹੈ ਅਤੇ ਉਹ ਪਰ-ਨਿੰਦਾ ਤਿਆਗ ਦਿੰਦਾ ਹੈ। ਉਸ ਮਨੁੱਖ ਲਈ ਬੁਰੇ-ਭਲੇ ਸਭ ਇੱਕ ਹੋ ਜਾਂਦੇ ਹਨ। ਭਗਤ ਨਾਮਦੇਵ ਜੀ ਉਸਤਤਿ-ਨਿੰਦਾ ਦੋਹਾਂ ਤੋਂ ਉੱਪਰ ਉੱਠਣ ਦੀ ਸਿੱਖਿਆ ਦਿੰਦੇ ਹਨ। ਉਹ ਉਪਦੇਸ਼ ਕਰਦੇ ਹਨ, ਪਰਮਾਤਮਾ ਦੀ ਭਗਤੀ ਅਤੇ ਸ਼ੁਭ ਕਰਮ ਕਰਨ ਦਾ ਰਸਤਾ ਨਹੀਂ ਤਿਆਗਣਾ ਚਾਹੀਦਾ ਭਾਵੇਂ ਕੋਈ ਸਾਡੇ ‘ਤੇ ਹੱਸੇ, ਭਾਵੇਂ ਕੋਈ ਸਾਡੀ ਨਿੰਦਿਆ ਕਰੇ ਅਤੇ ਭਾਵੇਂ ਕੋਈ ਉਸਤਤ ਹੀ ਕਰੇ। ਇਨ੍ਹਾਂ ਗੱਲਾਂ ਦਾ ਪ੍ਰਭਾਵ ਨਾ ਕਬੂਲਣ ਵਾਲੇ ਵਿਅਕਤੀ ਦੀ ਨੈਤਿਕ-ਅਵਸਥਾ ਬਹੁਤ ਉੱਚੀ ਹੋ ਜਾਂਦੀ ਹੈ ਅਤੇ ਉਹ ਸਹਿਜ-ਸੁਭਾਅ ਹੀ ਸਾਰਿਆਂ ਪ੍ਰਤੀ ਚੰਗਿਆਈ ਕਰਨ ਦੀ ਭਾਵਨਾ ਰੱਖਦਾ ਹੈ। ਅਜਿਹਾ ਮਨੁੱਖ ਫਜ਼ੂਲ ਦੇ ਵਾਦ-ਵਿਵਾਦ ਵਿਚ ਉਲਝ ਕੇ ਆਪਣੇ ਜੀਵਨ ਦਾ ਕੀਮਤੀ ਸਮਾਂ ਨਸ਼ਟ ਨਹੀਂ ਕਰਦਾ ਅਤੇ ਉਹ ਇਹੀ ਸਮਾਂ ਪਰਮਾਤਮਾ ਦੀ ਭਗਤੀ ਵਿਚ ਲਾਉਂਦਾ ਹੈ। ਭਗਤ ਨਾਮਦੇਵ ਜੀ ਦੇ ਪਵਿੱਤਰ ਕਥਨ ਹਨ,
ਭਲੇ ਨਿੰਦਉ ਭਲੇ ਨਿੰਦਉ ਲੋਗੁ॥
ਤਨੁ ਮਨੁ ਰਾਮ ਪਿਆਰੇ ਜੋਗੁ॥੧॥ਰਹਾਉ॥
ਬਾਦੁ ਬਿਬਾਦੁ ਕਾਹੂ ਸਿਉ ਨ ਕੀਜੈ॥
ਰਸਨਾ ਰਾਮ ਰਸਾਇਨੁ ਪੀਜੈ॥੨॥

ਉਸਤਤਿ ਨਿੰਦਾ ਕਰੈ ਨਰੁ ਕੋਈ॥
ਨਾਮੇ ਸ੍ਰੀਰੰਗੁ ਭੇਟਲ ਸੋਈ॥੪॥
(ਭੈਰਉ ਨਾਮਦੇਵ ਜੀ, ਪੰਨਾ 1164)
ਮਾਇਆ ਅਤੇ ਪਦਾਰਥਾਂ ਦੀ ਦੌੜ ਨੇ ਹਮੇਸ਼ਾ ਹੀ ਮਨੁੱਖ ਨੂੰ ਲੋਭੀ, ਹੰਕਾਰੀ ਅਤੇ ਕ੍ਰੋਧੀ ਬਣਾਇਆ ਹੈ। ਮੋਹ ਦੇ ਵਿਕਾਰ ਦਾ ਵੀ ਵੱਡਾ ਸਾਧਨ ਮਾਇਆ ਹੈ। ਮਨੁੱਖ ਆਪਣੇ ਸਵਾਰਥ ਲਈ ਧਰਮ ਨੂੰ ਤਿਲਾਂਜਲੀ ਦੇ ਦਿੰਦਾ ਹੈ ਅਤੇ ਜਾਂ ਫਿਰ ਧਰਮ ਦੀ ਵਰਤੋਂ ਵੀ ਆਪਣੀ ਸਵਾਰਥ-ਪੂਰਤੀ ਲਈ ਕਰਦਾ ਹੈ। ਮਾਇਆ, ਸੱਤਾ ਅਤੇ ਚੌਧਰ ਦੇ ਭੁੱਖੇ ਮਨੁੱਖ ਲਈ ਸਿਧਾਂਤ, ਅਸੂਲ ਅਤੇ ਜ਼ਮੀਰ ਦੀਆਂ ਗੱਲਾਂ ਸਿਰਫ ਮੂੰਹ ਤੋਂ ਕਹਿਣ ਲਈ ਅਤੇ ਦੂਜਿਆਂ ਵਾਸਤੇ ਹੁੰਦੀਆਂ ਹਨ। ਅਜਿਹਾ ਮਨੁੱਖ ਸਿਰਫ ਲੋਕਾਂ ਵਿਚ ਸੱਚਾ ਅਤੇ ਚੰਗਾ ਬਣਨ ਲਈ ਅਜਿਹੀਆਂ ਗੱਲਾਂ ਕਰਦਾ ਹੈ ਕਿ ਉਹ ਨਿਰ-ਸਵਾਰਥ ਜਾਪੇ, ਪਰ ਅਸਲ ਵਿਚ ਉਹ ਆਪਣੇ ਸ਼ਿਕਾਰ ਦੀ ਭਾਲ ਵਿਚ ਬਗਲਾ ਭਗਤ ਬਣਨ ਦੀ ਕੋਸ਼ਿਸ਼ ਕਰਦਾ ਹੈ। ਭਗਤ ਨਾਮਦੇਵ ਜੀ ਮਨੁੱਖ ਦੀ ਐਸੀ ਹਾਲਤ ਦਾ ਬਿਆਨ ਕਰਦਿਆਂ ਫਰਮਾਉਂਦੇ ਹਨ,
ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ॥
ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ॥
ਕਾਹੇ ਕਉ ਕੀਜੈ ਧਿਆਨੁ ਜਪੰਨਾ॥
ਜਬ ਤੇ ਸੁਧੁ ਨਾਹੀ ਮਨੁ ਅਪਨਾ॥੧॥ਰਹਾਉ॥
ਸਿੰਘਚ ਭੋਜਨੁ ਜੋ ਨਰੁ ਜਾਨੈ॥
ਐਸੇ ਹੀ ਠਗਦੇਉ ਬਖਾਨੈ॥੨॥
ਨਾਮੇ ਕੇ ਸੁਆਮੀ ਲਾਹਿ ਰੇ ਝਗਰਾ॥
ਰਾਮ ਰਸਾਇਨ ਪੀਓ ਰੇ ਦਗਰਾ॥੩॥੪॥
(ਆਸਾ, ਨਾਮਦੇਵ ਜੀ, ਪੰਨਾ 485-486)
ਧਾਰਮਿਕ ਖੇਤਰ ਵਿਚ ਮਨੁੱਖ ਦੀ ਭਗਤੀ ਸੱਚੇ ਦਿਲੋਂ ਕੀਤੀ ਹੋਈ ਹੀ ਪ੍ਰਵਾਨ ਹੁੰਦੀ ਹੈ। ਇਸ ਭਗਤੀ ਲਈ ਮਨੁੱਖ ਵਿਚ ਨੈਤਿਕ ਗੁਣ ਹੋਣੇ ਇੱਕ ਬੁਨਿਆਦੀ ਸ਼ਰਤ ਹੈ। ਭਗਤ ਨਾਮਦੇਵ ਜੀ ਇਸ ਸ਼ਬਦ ਵਿਚ ਸੱਪ, ਬਗਲੇ ਅਤੇ ਸ਼ੇਰ ਦੀਆਂ ਮਿਸਾਲਾਂ ਦੇ ਕੇ ਸਾਨੂੰ ਧਰਮ ਦੇ ਮਾਰਗ ‘ਤੇ ਚੱਲਣ ਲਈ ਨੈਤਿਕਤਾ ਗ੍ਰਹਿਣ ਕਰਨ ਦੀ ਸਿੱਖਿਆ ਦੇ ਰਹੇ ਹਨ। ਸੱਪ ਆਪਣੀ ਕੁੰਜ ਛੱਡ ਦਿੰਦਾ ਹੈ, ਪਰ ਅੰਦਰਲੀ ਜ਼ਹਿਰ ਨਹੀਂ ਛੱਡਦਾ। ਮਨੁੱਖ ਵੀ ਬਾਹਰੋਂ ਆਪਣੀ ਖੂਬ ਸਫਾਈ ਕਰ ਲੈਂਦਾ ਹੈ, ਪਰ ਅੰਦਰੋਂ ਔਗੁਣਾਂ ਦੀ ਜ਼ਹਿਰ ਨਹੀਂ ਤਿਆਗਦਾ। ਪਾਣੀ ਵਿਚ ਬਗਲਾ ਸਮਾਧੀ ਲਾਉਂਦਾ ਹੈ, ਪਰ ਉਸ ਦੀ ਅੰਦਰਲੀ ਬਿਰਤੀ ਆਪਣਾ ਸ਼ਿਕਾਰ ਫੜਨ ‘ਤੇ ਲੱਗੀ ਹੁੰਦੀ ਹੈ। ਮਨੁੱਖ ਵੀ ਬਾਹਰੋਂ ਭਗਤੀ ਕਰਦਾ ਦਿਸਦਾ ਹੈ, ਪਰ ਅੰਦਰਲੇ ਵਿਕਾਰ ਨਾਲ-ਨਾਲ ਚੱਲਦੇ ਰਹਿੰਦੇ ਹਨ। ਸ਼ੇਰ ਕਿਉਂਕਿ ਕਮਜ਼ੋਰ ਜਾਨਵਰਾਂ ਨੂੰ ਮਾਰ ਕੇ ਖਾਂਦਾ ਹੈ, ਇਸ ਲਈ ਉਸ ਦਾ ਭੋਜਨ ਜ਼ੁਲਮ ਦੀ ਕਮਾਈ ਹੈ।
ਭਗਤ ਨਾਮਦੇਵ ਐਸੇ ਮਨੁੱਖ ਨੂੰ ਵੱਡਾ ਠੱਗ ਆਖਦੇ ਹਨ, ਜੋ ਦਸਾਂ ਨਹੁੰਆਂ ਦੀ ਕਿਰਤ-ਕਮਾਈ ਕਰਨ ਦੀ ਥਾਂ ਦੂਜਿਆਂ ਦੇ ਹੱਕ ਮਾਰ ਕੇ ਮਾਇਆ ਇਕੱਠੀ ਕਰਦਾ ਹੈ। ਇਹੋ ਜਿਹੇ ਮਨੁੱਖ ਦਾ ਮਨ ਸਾਫ ਨਹੀਂ ਰਹਿ ਸਕਦਾ ਅਤੇ ਅਜਿਹਾ ਮਨੁੱਖ ਸੱਪ, ਬਗਲੇ ਅਤੇ ਸ਼ੇਰ ਦੀਆਂ ਬਿਰਤੀਆਂ ਵਾਲਾ ਹੀ ਹੁੰਦਾ ਹੈ। ਐਸਾ ਮਨੁੱਖ ਮਲਕ ਭਾਗੋ ਹੁੰਦਾ ਹੈ। ਲੋੜ ਤੋਂ ਵੱਧ ਮਾਇਆ ਇਕੱਠੀ ਕਰਨ ਦੀ ਬਿਰਤੀ ਵਾਲੇ ਮਨੁੱਖ ਦੀ ਭੈੜੀ ਦਸ਼ਾ ਭਗਤ ਨਾਮਦੇਵ ਜੀ ਨੇ ਸਾਰਗ ਰਾਗ ਦੇ ਇੱਕ ਸ਼ਬਦ ਵਿਚ ਮਿਸਾਲਾਂ ਦੇ ਕੇ ਬਿਆਨ ਕੀਤੀ ਹੈ,
ਕਾਏਂ ਰੇ ਮਨ ਬਿਖਿਆ ਬਨ ਜਾਇ॥
ਭੂਲੌ ਰੇ ਠਗਮੂਠੀ ਖਾਇ॥੧॥ਰਹਾਉ॥
ਜੈਸੇ ਮੀਨੁ ਪਾਨੀ ਮਹਿ ਰਹੈ॥
ਕਾਲ ਜਾਲ ਕੀ ਸੁਧਿ ਨਹੀ ਲਹੈ॥
ਜਿਹਬਾ ਸੁਆਦੀ ਲੀਲਿਤ ਲੋਹ॥
ਐਸੇ ਕਨਿਕ ਕਾਮਨੀ ਬਾਧਿਓ ਮੋਹ॥੧॥
ਜਿਉ ਮਧੁ ਮਾਖੀ ਸੰਚੈ ਅਪਾਰ॥
ਮਧੁ ਲੀਨੋ ਮੁਖਿ ਦੀਨੀ ਛਾਰਿ॥
ਗਊ ਬਾਛ ਕਉ ਸੰਚੈ ਖੀਰੁ॥
ਗਲਾ ਬਾਂਧਿ ਦੁਹਿ ਲੇਇ ਅਹੀਰੁ॥੨॥
ਮਾਇਆ ਕਾਰਨਿ ਸ੍ਰਮ ਅਤਿ ਕਰੈ॥
ਸੋ ਮਾਇਆ ਲੈ ਗਾਡੈ ਧਰੈ॥
ਅਤਿ ਸੰਚੈ ਸਮਝੈ ਨਹੀ ਮੂੜ॥
ਧਨੁ ਧਰਤੀ ਤਨੁ ਹੋਇ ਗਇਓ ਧੂੜਿ॥੩॥
ਕਾਮ ਕ੍ਰੋਧ ਤ੍ਰਿਸਨਾ ਅਤਿ ਜਰੈ॥
ਸਾਧ ਸੰਗਤਿ ਕਬਹੂ ਨਹੀ ਕਰੈ॥
ਕਹਤ ਨਾਮਦੇਉ ਤਾ ਚੀ ਆਣਿ॥
ਨਿਰਭੈ ਹੋਇ ਭਜੀਐ ਭਗਵਾਨ॥੪॥੧॥
(ਸਾਰੰਗ, ਨਾਮਦੇਵ ਜੀ, ਪੰਨਾ 1252)
ਇਸ ਸ਼ਬਦ ਦੀ ਖੂਬਸੂਰਤੀ ਇਸ ਗੱਲ ਵਿਚ ਹੈ ਕਿ ਇਸ ਵਿਚ ਮਨੁੱਖ ਦੇ ਮਨ ਨੂੰ ਸਿੱਧਾ ਸੰਬੋਧਨ ਕਰਕੇ ਅਤੇ ਮਿਸਾਲਾਂ ਦੇ ਕੇ ਮੂੜ ਜਾਂ ਮੂਰਖ ਕਹਿੰਦੇ ਹੋਏ ਵੀ ਬੜੇ ਪਿਆਰ ਨਾਲ ਸਿੱਧੇ ਰਸਤੇ ‘ਤੇ ਚੱਲਣ ਲਈ ਪ੍ਰੇਰਿਆ ਗਿਆ ਹੈ। ਪੰਜ ਵਿਕਾਰਾਂ-ਕਾਮ, ਕ੍ਰੋਧ, ਲੋਭ, ਮੋਹ ਅਤੇ ਹੰਕਾਰ ਵਿਚੋਂ ਸਿੱਧੇ ਤੌਰ ‘ਤੇ ਮੋਹ, ਕਾਮ ਅਤੇ ਕ੍ਰੋਧ ਦਾ ਇਸ ਸ਼ਬਦ ਵਿਚ ਪ੍ਰਤੱਖ ਜ਼ਿਕਰ ਆਇਆ ਹੈ। ਲੋਭ ਅਤੇ ਹੰਕਾਰ ਵੀ ਇਨ੍ਹਾਂ ਵਿਕਾਰਾਂ ਦੇ ਨਾਲ ਹੀ ਜੁੜੇ ਹੋਏ ਵਿਕਾਰ ਹਨ। ਇਨ੍ਹਾਂ ਵਿਕਾਰਾਂ ਦੀ ਜੜ੍ਹ ਹੈ, ਤ੍ਰਿਸ਼ਨਾ। ਤ੍ਰਿਸ਼ਨਾ ਕਰਕੇ ਮਨੁੱਖੀ ਮਨ ਸੁਹਾਵਣੇ ਲੱਗਦੇ ਜੰਗਲ ਰੂਪੀ ਸੰਸਾਰ ਵਿਚ ਘੁੰਮਦਾ ਹੋਇਆ ਬਾਹਰੋਂ ਸੋਹਣੇ ਦਿਸਦੇ ਧਤੂਰੇ ਫਲ ਹੀ ਖਾਈ ਜਾ ਰਿਹਾ ਹੈ। ਮੱਛੀ ਆਪਣੀ ਜੀਭ ਦੇ ਸੁਆਦ ਕਰਕੇ ਜਾਲ ਨਾਲ ਲੱਗੀ ਹੋਈ ਲੋਹੇ ਦੀ ਕੁੰਡੀ ਦੁਆਰਾ ਫੜੀ ਜਾਂਦੀ ਹੈ। ਮਧੂ-ਮੱਖੀ ਸ਼ਹਿਦ ਇਕੱਠਾ ਕਰਦੀ ਰਹਿੰਦੀ ਹੈ, ਪਰ ਸਾਰਾ ਸ਼ਹਿਦ ਛੱਤਾ ਨਿਚੋੜ ਕੇ ਮਨੁੱਖ ਲੈ ਜਾਂਦਾ ਹੈ ਤੇ ਉਸ ਨੂੰ ਕੁਝ ਨਹੀਂ ਮਿਲਦਾ। ਗਊ ਆਪਣੇ ਵੱਛੇ ਲਈ ਥਣਾਂ ਵਿਚ ਦੁੱਧ ਇਕੱਠਾ ਕਰਦੀ ਹੈ, ਪਰ ਉਸ ਗਊ ਦਾ ਮਾਲਕ ਮਨੁੱਖ ਸਾਰਾ ਦੁੱਧ ਚੋ ਕੇ ਲੈ ਜਾਂਦਾ ਹੈ।
ਇਉਂ ਮੂਰਖ ਮਨੁੱਖ ਵੀ ਮਾਇਆ ਇਕੱਠੀ ਕਰਨ ਲਈ ਲੋੜ ਤੋਂ ਵੱਧ ਮਿਹਨਤ ਕਰਦਾ ਹੈ ਅਤੇ ਫਿਰ ਉਸ ਨੂੰ ਲੁਕਾ-ਲੁਕਾ ਕੇ ਸੰਭਾਲ ਕੇ ਰੱਖਦਾ ਹੈ। ਪਹਿਲਾਂ ਪੁਰਾਣੇ ਸਮਿਆਂ ਵਿਚ ਮਨੁੱਖ ਧਨ-ਦੌਲਤ ਜ਼ਮੀਨ ਹੇਠ ਟੋਆ ਪੁੱਟ ਕੇ ਦਬਾ ਦਿੰਦਾ ਸੀ ਅਤੇ ਬਹੁਤ ਵਾਰੀ ਉਸ ਤੋਂ ਬਿਨਾ ਕਿਸੇ ਹੋਰ ਨੂੰ ਪਤਾ ਨਾ ਹੋਣ ਕਰਕੇ ਉਸ ਦੇ ਮਰਨ ਮਗਰੋਂ ਵੀ ਇਹ ਧਨ-ਦੌਲਤ ਧਰਤੀ ਵਿਚ ਹੀ ਦੱਬਿਆ ਰਹਿ ਜਾਂਦਾ ਸੀ। ਹੁਣ ਵੀ ਬੈਂਕਾਂ ਵਿਚ ਬਹੁਤ ਸਾਰਾ ਧਨ ਐਸਾ ਪਿਆ ਰਹਿੰਦਾ ਹੈ, ਜਿਸ ਦਾ ਮਰਨ ਵਾਲੇ ਦੇ ਵਾਰਸਾਂ ਨੂੰ ਪਤਾ ਹੀ ਨਹੀਂ ਹੁੰਦਾ ਜਾਂ ਫਿਰ ਇਉਂ ਵੀ ਹੁੰਦਾ ਹੈ ਕਿ ਮੂਰਖ ਮਨੁੱਖ ਸਾਰੀ ਉਮਰ ਤੰਗ ਹੋ ਕੇ, ਮਿਹਨਤ ਕਰਕੇ ਜਾਂ ਠੱਗੀਆਂ ਮਾਰ ਕੇ ਧਨ ਇਕੱਠਾ ਕਰਦਾ ਰਹਿੰਦਾ ਹੈ ਅਤੇ ਉਸ ਨੂੰ ਵਰਤਣ ਵਾਲੇ ਜਾਂ ਉਜਾੜਨ ਵਾਲੇ ਉਸ ਦੇ ਵਾਰਸ ਹੁੰਦੇ ਹਨ। ਉਹ ਆਪ ਇਸ ਧਨ ਦਾ ਸੁਖ ਨਹੀਂ ਲੈ ਸਕਦਾ। ਮਾਇਆ ਦੇ ਇਸ ਚੱਕਰਵਿਊ ਵਿਚ ਫਸ ਕੇ ਮੂਰਖ ਮਨੁੱਖ ਕਾਮ, ਕ੍ਰੋਧ ਅਤੇ ਤ੍ਰਿਸ਼ਨਾ ਦੀ ਅੱਗ ਵਿਚ ਸੜਦਾ ਰਹਿੰਦਾ ਹੈ ਅਤੇ ਕਦੇ ਸਾਧਸੰਗਤ ਵਿਚ ਨਹੀਂ ਜਾਂਦਾ। ਸਾਧਸੰਗਤ ਵਿਚ ਜਾ ਕੇ ਉਸ ਨੂੰ ਗੁਰ-ਉਪਦੇਸ਼ ਰਾਹੀਂ ਮਾਇਆ ਦੇ ਇਸ ਜੰਜਾਲ ਦੀ ਸਮਝ ਪੈਣੀ ਸੀ ਅਤੇ ਉਸ ਦਾ ਇਸ ਤੋਂ ਛੁਟਕਾਰਾ ਹੋਣਾ ਸੀ। ਜਾਹਰ ਹੀ ਹੈ ਕਿ ਹਰੀ-ਸਿਮਰਨ ਅਤੇ ਸਾਧਸੰਗਤ ਕਰਨ ਦੀ ਥਾਂ ਮਨੁੱਖ ਮਾਇਆ ਵਿਚ ਗਲਤਾਨ ਹੋ ਕੇ ਅਨੈਤਿਕ ਸੁਭਾਅ ਦਾ ਮਾਲਕ ਬਣ ਜਾਂਦਾ ਹੈ। ਮਾਇਆ ਇਕੱਠੀ ਕਰਨ ਦੇ ਲਾਲਚ ਵਿਚ ਅਤੇ ਪਰਿਵਾਰ ਦੇ ਮੋਹ ਵਿਚ ਉਹ ਬਹੁਤ ਸਾਰੇ ਪਾਪ ਕਰਦਾ ਹੈ, ਝੂਠ ਬੋਲਦਾ ਹੈ, ਦੂਜਿਆਂ ਨਾਲ ਧੋਖੇ ਕਰਦਾ ਹੈ ਅਤੇ ਨੈਤਿਕ ਕਦਰਾਂ-ਕੀਮਤਾਂ ਤੋਂ ਵਾਂਝਾ ਹੋ ਜਾਂਦਾ ਹੈ।
ਧਨ-ਦੌਲਤ, ਰਾਜ-ਸੱਤਾ ਅਤੇ ਜਵਾਨੀ ਦਾ ਨਸ਼ਾ ਮਨੁੱਖ ਨੂੰ ਰੱਬ ਚੇਤੇ ਨਹੀਂ ਰਹਿਣ ਦਿੰਦਾ। ਇਸ ਨਸ਼ੇ ਨੂੰ ਅਸੀਂ ਹੰਕਾਰ ਦਾ ਨਾਮ ਦੇ ਸਕਦੇ ਹਾਂ। ਭਗਤ ਨਾਮਦੇਵ ਜੀ ਨੇ ਇਸ ਨੂੰ ‘ਗਰਬ’ ਆਖਿਆ ਹੈ। ਹੰਕਾਰ ਦਾ ਔਗੁਣ ਇੱਕ ਐਸਾ ਔਗੁਣ ਹੈ, ਜੋ ਬੰਦੇ ਦੇ ਬਾਕੀ ਸਾਰੇ ਗੁਣਾਂ ਨੂੰ ਵੀ ਔਗੁਣਾਂ ਵਿਚ ਬਦਲਣ ਦੀ ਸਮਰੱਥਾ ਰੱਖਦਾ ਹੈ। ਧਨਾਸਰੀ ਰਾਗ ਦੇ ਇੱਕ ਸ਼ਬਦ ਵਿਚ ਭਗਤ ਨਾਮਦੇਵ ਜੀ ਨੇ ਕੌਰਵਾਂ, ਯਾਦਵਾਂ ਅਤੇ ਰਾਵਣ ਦੀਆਂ ਮਿਸਾਲਾਂ ਦੇ ਕੇ ਦੱਸਿਆ ਹੈ ਕਿ ਇਹ ਮਹਿਲ-ਮਾੜੀਆਂ, ਰਾਜ, ਜਾਇਦਾਦ, ਹਾਥੀ, ਘੋੜੇ, ਫੌਜਾਂ ਅਤੇ ਧਨ-ਦੌਲਤ ਸਭ ਕੁਝ ਇਥੇ ਹੀ ਰਹਿ ਜਾਣਾ ਹੈ। ਸੋਨੇ ਦੀ ਬਣੀ ਹੋਈ ਲੰਕਾ ਦਾ ਮਾਲਕ ਰਾਵਣ ਕਿੱਥੇ ਹੈ! ਦੁਰਯੋਧਨ ਵਰਗੇ ਬਲੀ ਵੀ ਇੱਥੇ ਨਹੀਂ ਰਹੇ।
ਮਾਰਕੰਡ ਰਿਸ਼ੀ ਨੇ ਬਹੁਤ ਲੰਮੀ ਉਮਰ ਭੋਗੀ, ਪਰ ਸਾਰੀ ਉਮਰ ਉਹ ਕੱਖਾਂ ਦੀ ਕੁੱਲੀ ਵਿਚ ਹੀ ਰਿਹਾ। ਜਿਨ੍ਹਾਂ ਯਾਦਵਾਂ ਨੇ ਹੰਕਾਰ ਵਿਚ ਆ ਕੇ ਦੁਰਬਾਸਾ ਰਿਸ਼ੀ ਨੂੰ ਮਜ਼ਾਕ ਕੀਤਾ, ਉਨ੍ਹਾਂ ਦੀ ਕੁੱਲ ਹੀ ਖਤਮ ਹੋ ਗਈ। ਮਾਇਆ ਕਿਸੇ ਦੇ ਨਾਲ ਨਹੀਂ ਜਾਂਦੀ। ਇਸ ਲਈ ਮਾਇਆ ਦੀ ਬਹੁਤਾਤ ਕਰਕੇ ਹੰਕਾਰ ਕਰਨਾ ਅਤੇ ਗਰੀਬਾਂ, ਸੰਤਾਂ ਅਤੇ ਫਕੀਰਾਂ ਨੂੰ ਮਜ਼ਾਕ ਕਰਨਾ ਹਮੇਸ਼ਾ ਹੀ ਪੁੱਠਾ ਪੈਂਦਾ ਹੈ। ਧਨਾਸਰੀ ਰਾਗ ਦੇ ਇਸ ਸ਼ਬਦ ਦੀਆਂ ਰਹਾਉ ਦੀਆਂ ਪੰਕਤੀਆਂ ਵਿਚ ਭਗਤ ਨਾਮਦੇਵ ਜੀ ਸਮਝਾ ਰਹੇ ਹਨ ਕਿ ਸਾਨੂੰ ਪਰਮਾਤਮਾ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਅਤੇ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਪਵਿੱਤਰ ਫਰਮਾਨ ਹੈ,
ਹਮਰੋ ਕਰਤਾ ਰਾਮੁ ਸਨੇਹੀ॥
ਕਾਹੇ ਰੇ ਨਰ ਗਰਬੁ ਕਰਤ ਹਹੁ
ਬਿਨਸਿ ਜਾਇ ਝੂਠ ਦੇਹੀ॥੧॥ਰਹਾਉ॥
(ਧਨਾਸਰੀ, ਨਾਮਦੇਵ ਜੀ, ਪੰਨਾ 692)
ਇਉਂ ਅਸੀਂ ਕਹਿ ਸਕਦੇ ਹਾਂ ਕਿ ਭਗਤ ਨਾਮਦੇਵ ਜੀ ਦੀ ਬਾਣੀ ਵਿਚ ਨੈਤਿਕਤਾ ਦਾ ਉਪਦੇਸ਼ ਸਾਨੂੰ ਉੱਘੜਵੇਂ ਰੂਪ ਵਿਚ ਪ੍ਰਾਪਤ ਹੁੰਦਾ ਹੈ ਅਤੇ ਇਹ ਗੱਲ ਵੀ ਸੁੱਤੇ-ਸਿੱਧ ਸਪੱਸ਼ਟ ਹੁੰਦੀ ਹੈ ਕਿ ਹਰੀ-ਸਿਮਰਨ ਅਤੇ ਵਿਕਾਰਾਂ ਤੋਂ ਰਹਿਤ ਜੀਵਨ ਦਾ ਆਪਸ ਵਿਚ ਅਟੁੱਟ ਸਬੰਧ ਹੈ। ਪਰਮਾਤਮਾ ਦੀ ਭਗਤੀ ਦਾ ਮਾਰਗ ਹਰੀ-ਸਿਮਰਨ ਅਤੇ ਨੈਤਿਕ ਜੀਵਨ-ਵਿਹਾਰ ਦੇ ਸੁਮੇਲ ਨਾਲ ਹੀ ਸੰਪੂਰਨ ਹੁੰਦਾ ਹੈ।