ਜੋਗਿੰਦਰ ਸਿੰਘ ਜੋਗੀ ਦੀ ਆਪ ਬੀਤੀ

ਪ੍ਰਿੰ. ਸਰਵਣ ਸਿੰਘ
‘ਜੱਗ ਦਾ ਜੋਗੀ’ ਏਸ਼ੀਆ ਦੇ ਚੈਂਪੀਅਨ ਜੋਗਿੰਦਰ ਸਿੰਘ ਜੋਗੀ ਦੀ ਸਵੈਜੀਵਨੀ ਹੈ, ਜੋ 1996 ਵਿਚ ਛਪੀ। ਉਹਦੇ ਮੁਖਬੰਦ ਦਾ ਨਾਂ ਮੈਂ ‘ਇਸ ਜੋਗੀ ਦੀ ਚਾਲ ਨਿਰਾਲੀ’ ਰੱਖਿਆ ਸੀ। ਉਸ ਨੇ 1962, 66 ਤੇ 70 ਦੀਆਂ ਏਸ਼ਿਆਈ ਖੇਡਾਂ ਵਿਚ ਗੋਲਾ ਸੁੱਟਣ ‘ਚੋਂ ਇਕ ਬਰਾਂਜ਼ ਤੇ ਦੋ ਗੋਲਡ ਮੈਡਲ ਜਿੱਤੇ ਸਨ। 1966 ਵਿਚ ਐੱਨ. ਆਈ. ਐੱਸ਼ ਪਟਿਆਲੇ ਲੱਗੇ ਕੋਚਿੰਗ ਕੈਂਪ ‘ਚ ਕਈ ਦਿਨਾਂ ਦੇ ਮੇਲ-ਮਿਲਾਪ ਮਗਰੋਂ ਮੈਂ ਉਹਦਾ ਸ਼ਬਦ ਚਿੱਤਰ ਉਲੀਕਿਆ ਸੀ, ਜੋ ਦਿੱਲੀ ਦੇ ਸਾਹਿਤਕ ਰਸਾਲੇ ‘ਆਰਸੀ’ ਵਿਚ ‘ਜੰਗਲੀ ਮੋਰ’ ਸਿਰਲੇਖ ਹੇਠ ਛਪਿਆ। ਮੁਢਲੇ ਵਾਕ ਸਨ: ਉਹਦਾ ਕੱਦ ਵੀ ਉੱਚਾ ਹੈ ਤੇ ਲਲਕਾਰਾ ਵੀ ਉੱਚਾ। ਜਦੋਂ ਉਹ ਜੋਸ਼ ਨਾਲ ਗੋਲਾ ਸੁੱਟਦਾ ਹੈ ਤਾਂ ਨਾਲ ਹੀ ਜ਼ੋਰ ਦੀ ਕਹਿੰਦਾ ਹੈ, ‘ਹਊਪਾ।’ ਉਹਦੀ ਉੱਚੀ ਅਵਾਜ਼ ‘ਚ ਨਿਕਲੀ ‘ਹਊਪਾ’ ਸਟੇਡੀਅਮ ਦੀਆਂ ਪੌੜੀਆਂ ‘ਤੇ ਬੈਠਿਆਂ ਨੂੰ ਵੀ ਸੁਣ ਜਾਂਦੀ ਹੈ, ਜਿਵੇ ਫੈਰ ਹੋਇਆ ਹੋਵੇ…!

1995 ਵਿਚ ਕੈਨੇਡਾ ਦੇ ਟਾਪੂ ਨਨਾਇਮੋ ਦੀ ਸੈਰ ਕਰਨ ਮਗਰੋਂ ਅਸੀਂ ਜੋਗਿੰਦਰ ਸਿੰਘ ਦੇ ਭਰਾ ਸਵਰਨ ਸਿੰਘ ਬੈਂਸ ਦੇ ਘਰ ਬੈਠੇ ਸਾਂ। ਗੱਲਾਂ ਬਾਤਾਂ ਦੌਰਾਨ ਗੱਲ ਚੱਲੀ ਕਿ ਜੋਗਿੰਦਰ ਸਿੰਘ ਦੀ ਜੀਵਨੀ ਲਿਖੀ ਜਾਏ। ਉਹ ਇਹ ਕਾਰਜ ਮੈਥੋਂ ਕਰਵਾਉਣਾ ਚਾਹੁੰਦੇ ਸਨ। ਜੋਗੀ ਨਾਲ ਹੋਏ ਚਿੱਠੀ ਪੱਤਰ ਤੋਂ ਮੈਂ ਜਾਣ ਚੁਕਾ ਸਾਂ ਕਿ ਉਹਦੀ ਲਿਖਤ ਵਿਚ ਸਾਦਗੀ ਤੇ ਸ਼ੇਅਰੋ ਸ਼ਾਇਰੀ ਦਾ ਸਾਹਿਤਕ ਰਸ ਵੀ ਹੈ। ਮੈਨੂੰ ਯਕੀਨ ਸੀ ਕਿ ਉਹ ਖੁਦ ਆਪਣੀ ਸਵੈਜੀਵਨੀ ਲਿਖ ਸਕਦਾ ਹੈ। ਉੱਦਣ ਜੋਗੀ ਤੋਂ ‘ਹਾਂ’ ਕਰਵਾ ਲਈ ਕਿ ਉਹ ਆਪਣੀ ਹੱਡਬੀਤੀ ਆਪ ਲਿਖੇਗਾ। ਉਥੇ ਬੈਠਿਆਂ ਹੀ ਕਿਤਾਬ ਦੀ ਰੂਪ ਰੇਖਾ ਉਲੀਕ ਲਈ ਤੇ ਸਵੈਜੀਵਨੀ ਦਾ ਨਾਂ ਰੱਖ ਲਿਆ, ‘ਜੱਗ ਦਾ ਜੋਗੀ।’
ਉਹਦਾ ਬਚਪਨ ਦਾ ਨਾਂ ‘ਛੋਟਾ’ ਸੀ, ਫੌਜ ਦਾ ‘ਟਾਈਗਰ’, ਖੇਡ ਮੁਕਾਬਲਿਆਂ ਦਾ ‘ਇੰਡੀਆ’ ਤੇ ਪਟਿਆਲੇ ਕੁੜੀਆਂ ਪਿਆਰ ਨਾਲ ‘ਜੋਗੀ’ ਕਹਿਣ ਲੱਗ ਪਈਆਂ ਸਨ। ਜਦੋਂ ਉਹ ਤਰਾਈ ਦੇ ਜੰਗਲਾਂ ਵਿਚ ਕੁਹਾੜੇ ਨਾਲ ਦਰੱਖਤ ਕੱਟ ਰਿਹਾ ਸੀ ਤਾਂ ਉਹਦਾ ਨਾਂ ‘ਆਰਾ’ ਪੈ ਗਿਆ ਸੀ ਤੇ ਜ਼ਮੀਨ ਵਾਹੁਣ ਵੇਲੇ ‘ਟਰੈਕਟਰ।’ ਦੁੱਧ ਦੇਣੋਂ ਭੱਜੀ ਮੱਝ ਨੂੰ ਹਲ ਜੋੜ ਕੇ ਥਕਾਉਣ ਪਿੱਛੋਂ ਧਾਰ ਕੱਢਣ, ਉਜਾੜਾ ਕਰਦੀਆਂ ਘੋੜੀਆਂ ਨੂੰ ਘੁਲਾੜੀ ਜੋੜਨ ਤੇ ਹਿਰਨੀ ਦਾ ਦੁੱਧ ਚੁੰਘਣ ਕਰਕੇ ਜੋਗਿੰਦਰ ਦਾ ਨਾਂ ‘ਜ਼ਾਲਮ’ ਵੀ ਪੈ ਗਿਆ ਸੀ। ਆਟਾ ਪਿਹਾ ਕੇ ਮੁੜਦਿਆਂ ਬੌਲਦ ਨਾਲ ਜੁੜ ਕੇ ਸੱਤ ਮੀਲ ਗੱਡਾ ਖਿੱਚਣ ਕਰਕੇ ਉਹਦਾ ਨਾਂ ‘ਅਫਲਾਤੂਨ’ ਪਿਆ। ਨਾਂ ਤਾਂ ਉਹਦੇ ਹੋਰ ਵੀ ਪਏ, ਪਰ ‘ਜੋਗੀ’ ਉਸ ਨੂੰ ਸਭ ਤੋਂ ਵੱਧ ਪਸੰਦ ਸੀ। ਅਸੀਂ ਉਹਦੀ ਆਤਮ ਕਥਾ ਦੇ ਨਾਂ ‘ਰਮਤਾ ਜੋਗੀ’, ‘ਘਰ ਦਾ ਜੋਗੀ’ ਤੇ ‘ਜੋਗੀ ਦਾ ਜੋਗ’ ਵਿਚਾਰੇ, ਪਰ ਉਹਨੂੰ ‘ਜੱਗ ਦਾ ਜੋਗੀ’ ਵਧੇਰੇ ਜਚਿਆ।
ਉਸ ਨੇ ਹੱਡ ਬੀਤੀ ਅਰੰਭ ਕੀਤੀ: ਘਰ ਫੂਕ ਤਮਾਸ਼ਾ ਵੇਖਾਂਗੇ, ਕਹਿਣੋਂ ਨਾ ਸ਼ਰਮਾਵਾਂ ਮੈਂ, ਜੱਗ ਬੀਤੀ ਹਰ ਕੋਈ ਆਖੇ, ਹੱਡ ਬੀਤੀ ਸੁਣਾਵਾਂ ਮੈਂ…ਖੇਡਾਂ ਛੱਡਣ ਮਗਰੋਂ ਮੇਰੀ ਇਹ ਤਮੰਨਾ ਸੀ ਕਿ ਮੈਂ ਆਪਣੀ ਜ਼ਿੰਦਗੀ ਵਿਚ ਜੋ ਸਿੱਖਿਆ ਤੇ ਕਮਾਇਆ, ਉਹ ਆਉਣ ਵਾਲੀਆਂ ਪੀੜ੍ਹੀਆਂ ਤਕ ਪਹੁੰਚਾਇਆ ਜਾਵੇ। ਕਾਮਯਾਬੀ ਲਈ ਮਿਹਨਤ ਤੋਂ ਵੱਡਾ ਹੋਰ ਕੋਈ ਗੁਰ ਨਹੀਂ। ਮੇਰੇ ਜੀਵਨ ਵਿਚ ਬਹੁਤ ਸਾਰੀਆਂ ਔਕੜਾਂ ਆਈਆਂ, ਜਿਹੜੀਆਂ ਤੁਹਾਨੂੰ ਪੜ੍ਹਨ ਨੂੰ ਮਿਲਣਗੀਆਂ। ਜਿਵੇਂ ਮੈਂ ਕਿਸੇ ਨਾ ਕਿਸੇ ਕਾਰਨ ਹਰ ਕੰਮ ਕਰਨ ਵਿਚ ਲੇਟ ਹੋਇਆ। ਮੇਰੇ ਭੈਣ ਭਰਾਵਾਂ ਵਿਚ ਮੇਰਾ ਛੇਵਾਂ ਨੰਬਰ ਸੀ। ਜੰਮਣ ਵਿਚ ਲੇਟ, ਭਰਤੀ ਹੋਣ ਵਿਚ ਲੇਟ, ਫੌਜ ਵਿਚ ਅਫਸਰ ਬਣਨ ਦੀ ਸੋਚੀ, ਉਹ ਵੀ ਲੇਟ। ਗੋਲਾ ਸੁੱਟਣਾ ਸ਼ੁਰੂ ਕੀਤਾ ਤਾਂ ਉਹ ਵੀ ਬਹੁਤ ਲੇਟ। ਇੰਨਾ ਲੇਟ ਕਿ ਸਹੀ ਅਭਿਆਸ ਇਕੱਤੀਵੇਂ ਸਾਲ ਵਿਚ ਜਾ ਕੇ ਕੀਤਾ। ਇਸ ਦੀ ਕਮੀ ਪੂਰੀ ਕਰਨ ਲਈ ਮੈਂ ਫਿਰ ਕਦੇ ਵੀ ਆਪਣੀ ਡਿਊਟੀ ਜਾਂ ਪ੍ਰੈਕਟਿਸ ਤੋਂ ਲੇਟ ਨਹੀਂ ਹੋਇਆ।
…ਮੈਂ ਇੰਡੀਆ ਤੋਂ ਕੈਨੇਡਾ ਨੂੰ ਆ ਰਿਹਾ ਸਾਂ। ਲੰਡਨ ਦੇ ਹੀਥਰੋ ਏਅਰਪੋਰਟ ‘ਤੇ 9 ਘੰਟੇ ਰੁਕਣਾ ਸੀ। ਮਨ ਵਿਚ ਸੋਚਿਆ ਕਿ ਆਪਣੀ ਜ਼ਿੰਦਗੀ ਦੇ ਸਫਰ ਨੂੰ ਪੰਨਿਆਂ ‘ਚ ਉਤਾਰਨ ਦਾ ਸਮਾਂ ਆ ਗਿਆ ਹੈ। ਚਾਰੇ ਪਾਸੇ ਗੋਰੀਆਂ ਪੈਲਾਂ ਪਾਉਂਦੀਆਂ ਫਿਰ ਰਹੀਆਂ ਸਨ। ਲਾਈਟਾਂ ਲਿਸ਼ਕਾਰੇ ਮਾਰਦੀਆਂ ਸਨ। ਉਥੇ ਬੈਠੇ ਸਾਰੀ ਉਮਰ ‘ਚ ਮਾਰੀਆਂ ਮੱਲਾਂ ਚੇਤੇ ਆਉਣ ਲੱਗ ਪਈਆਂ। ਜ਼ਿੰਦਗੀ ਦੇ ਸਿੱਖੇ ਸਬਕ ਤੇ ਸਹੀਆਂ ਮੁਸੀਬਤਾਂ ਸਤਾਉਣ ਲੱਗੀਆਂ। ਰੱਬ ਦਾ ਨਾਂ ਲੈ ਕੇ ਆਪਣੀ ਜੀਵਨੀ ਇਸ ਕਿਤਾਬ ਵਿਚ ਲਿਖਣ ਲਈ ਕਲਮ ਫੜ ਲਈ…।
15 ਅਪਰੈਲ 1935 ਦਾ ਸੁਹਾਵਣਾ ਦਿਨ ਸੀ। ਰੱਬ ਦਾ ਨਿੱਤਨੇਮ ਕਰਨ ਵਾਲੀ ਲੰਬੀ ਲੰਝੀ ਮਾਤਾ ਧਨਵੰਤ ਕੌਰ ਦੀ ਕੁੱਖੋਂ, ਪਿਤਾ ਰਣਜੀਤ ਸਿੰਘ ਦੇ ਘਰ, ਪਿੰਡ ਕਿਸ਼ਨਪੁਰਾ, ਜਿਲਾ ਅੰਬਾਲਾ (ਹੁਣ ਰੂਪਨਗਰ) ਵਿਖੇ ਇਕ ਝੀਖ ਜਿਹੇ ਬਾਲਕ ਨੇ ਜਨਮ ਲਿਆ, ਜਿਸ ਦੇ ਬਚਣ ਦੀ ਬਹੁਤੀ ਆਸ ਨਹੀਂ ਸੀ। ਕਈ ਮਹੀਨੇ ਪਿੰਡ ਵਾਲੇ ਕਹਿੰਦੇ ਰਹੇ ਕਿ ਕਿਸ਼ਨਪੁਰੇ ਵਿਚ ਇਸ ਤੋਂ ਕਮਜ਼ੋਰ ਬੱਚਾ ਸ਼ਾਇਦ ਹੀ ਕੋਈ ਹੋਰ ਜੰਮਿਆ ਹੋਵੇ…!
ਉਹ ਪੰਜ ਭਰਾ ਤੇ ਤਿੰਨ ਭੈਣਾਂ ਸਨ। ਪਰਿਵਾਰ ਦਾ ਜੱਦੀ ਪੁਸ਼ਤੀ ਕਿੱਤਾ ਖੇਤੀਬਾੜੀ ਸੀ, ਪਰ ਕਿਸ਼ਨਪੁਰੇ ਦੀ ਜ਼ਮੀਨ ਪਰਿਵਾਰ ਦੇ ਗੁਜ਼ਾਰੇ ਜੋਗੀ ਨਹੀਂ ਸੀ। ਉਹ ਅੱਠ ਸਾਲ ਦਾ ਹੋ ਕੇ ਪੜ੍ਹਨ ਲੱਗਾ। ਉਹ ਲਿਖਦੈ, “ਮੈਂ ਪਹਿਲੀ ਜਮਾਤ ਚਾਰ ਮਹੀਨਿਆਂ ਵਿਚ ਹੀ ਪਾਸ ਕਰ ਲਈ ਸੀ। ਸ਼ੁਰੂ ਵਿਚ ਇਕ ਔਕੜ ਅਜਿਹੀ ਆਈ, ਜਿਹੜੀ ਸਾਰੀ ਉਮਰ ਯਾਦ ਰਹੇਗੀ। ਉਰਦੂ ਦੇ ਕਾਇਦੇ ਵਿਚ ਇਕ ਮੁਹਾਰਨੀ ਆਉਂਦੀ ਸੀ, ਜੀਮ ਜਬਰ ਜੀਮ ਜੱਜ, ਜੀਮ ਜੇਰ ਜੀਮ ਜਿੱਜ, ਜੀਮ ਪੇਸ਼ ਜੀਮ ਜੁੱਜ। ਮਾਸਟਰ ਮੰਗਤੂ ਖਾਨ ਨੇ ਜ਼ੋਰ ਲਾ ਲਿਆ। ਡੰਡੇ ਵੀ ਜੜੇ। ਚਾਚੇ ਦੇ ਮੁੰਡੇ ਨੇ ਵੀ ਵਾਹ ਲਾ ਲਈ, ਪਰ ਇਹ ਜੀਮ ਮੇਰੇ ਮੂੰਹ ‘ਤੇ ਨਾ ਚੜ੍ਹੀ। ਸ਼ਾਮ ਨੂੰ ਜਦੋਂ ਅਸੀਂ ਬੌਲਦ ਬੌਲਦ ਖੇਡ ਰਹੇ ਸਾਂ ਤਾਂ ਅਚਾਨਕ ਇਹ ਮੁਹਾਰਨੀ ਮੇਰੀ ਜ਼ਬਾਨ ‘ਤੇ ਚੜ੍ਹ ਗਈ। ਮੈਂ ਦੌੜਿਆ ਫਿਰਦਾ ਰਿਹਾ ਨਾਲੇ ਜੀਮ ਜਬਰ ਜੀਮ ਜੱਜ ਦੀ ਮੁਹਾਰਨੀ ਗਾਉਂਦਾ ਰਿਹਾ। ਫੇਰ ਨ੍ਹੀਂ ਇਹ ਭੁੱਲੀ।
ਮੈਂ ਬਾਕੀ ਜੁਆਕਾਂ ਨਾਲੋਂ ਕਿਤੇ ਲੰਬਾ ਸਾਂ। ਦੂਜੀ ਕਲਾਸ ਵਿਚ ਹੀ ਮਾਸਟਰਾਂ ਨੇ ਮੈਨੂੰ ਫੁੱਟਬਾਲ ਤੇ ਕਬੱਡੀ ਦੀ ਟੀਮ ਵਿਚ ਰੱਖ ਲਿਆ। ਮਾਸਟਰਾਂ ਨੇ ਮੈਨੂੰ ਇਕ ਹੋਰ ਕੰਮ ਦੇ ਦਿੱਤਾ। ‘ਫੜ ਐਹ ਰੁੱਕਾ ਤੇ ਸਿੰਘ ਭਗਵੰਤਪੁਰੇ ਸਕੂਲ ਦੇ ਹੈੱਡ ਮਾਸਟਰ ਨੂੰ ਦੇ ਆ।’ ਸਿੰਘ ਸਾਥੋਂ 5-6 ਕਿਲੋਮੀਟਰ ਸੀ। ਨਿੱਤ ਦੌੜੇ ਜਾਣਾ, ਦੌੜੇ ਆਉਣਾ। ਇਸ ਨਾਲ ਸਿਹਤ ਤਾਂ ਬਣਦੀ ਸੀ, ਪਰ ਪੜ੍ਹਾਈ ਦਾ ਨੁਕਸਾਨ ਹੁੰਦਾ ਸੀ। ਸਨਿੱਚਰਵਾਰ ਨੂੰ ਮਾਸਟਰ ਮੰਗਤੂ ਖਾਨ ਨੇ ਆਉਂਦੇ ਹੀ ਜੁਗਰਾਫੀਆ ਸੁਣਨਾ ਸ਼ੁਰੂ ਕਰ ਦਿੱਤਾ। ਉਸ ਨੇ ਰੱਜ ਕੇ ਮੁੰਡੇ ਕੁੱਟੇ। ਅਸੀਂ ਚੌਥੀ ਜਮਾਤ ਵਿਚ ਸਿਰਫ 7 ਮੁੰਡੇ ਸਾਂ। ਦੁਪਹਿਰ ਤਕ 4 ਰਹਿ ਗਏ। ਇਕ ਦਿਨ ਸੁਆਲ ਦਾ ਜਵਾਬ ਨਾ ਆਉਣ ਕਰਕੇ ਮੈਂ ਅੱਗੇ ਤੇ ਮਾਸਟਰ ਮੰਗਤੂ ਪਿੱਛੇ। ਮੈਂ ਡਾਹੀ ਨਾ ਦਿੱਤੀ, ਪਰ ਮੈਨੂੰ ਦੌੜਦੇ ਨੂੰ ਜਵਾਬ ਯਾਦ ਆ ਗਿਆ। ਫਿਰ ਵੀ ਇਕ ਡੰਡਾ ਦਾਨ ਵਿਚ ਮਿਲ ਹੀ ਗਿਆ!
ਮੈਂ 1953 ਵਿਚ ਦਸਵੀਂ ਪਾਸ ਕੀਤੀ। ਮੈਨੂੰ ਦੋ ਕਾਲਜਾਂ ਤੋਂ ਚਿੱਠੀਆਂ ਆਈਆਂ, ਕਿਉਂਕਿ ਕਾਲਜਾਂ ਨੂੰ ਖਿਡਾਰੀਆਂ ਦੀ ਲੋੜ ਹੁੰਦੀ ਹੈ, ਪਰ ਘਰ ਵਾਲਿਆਂ ਇਹ ਕਹਿ ਕੇ ਪੜ੍ਹਨੋਂ ਹਟਾ ਲਿਆ ਕਿ ਬੱਸ ਬਥੇਰਾ ਪੜ੍ਹ ਲਿਆ। ਫੇਰ ਮੈਂ ਕਿਸ਼ਨਪੁਰੇ ਤੋਂ 80 ਮੀਲ ਦੂਰ ਜਿਲਾ ਕਰਨਾਲ ਦੇ ਪਿੰਡ ਕਲਿਓੜ ਚਲਾ ਗਿਆ, ਜਿਥੇ ਸਾਡੀ 80 ਬਿੱਘੇ ਜ਼ਮੀਨ ਸੀ। ਇਕ ਦਿਨ ਭਰਾ ਕਹਿਣ ਲੱਗਾ, ਕਣਕ ਵੱਢਣ ਲਈ ਤਕੜਾ ਹੋ ਜਾ। ਹੁਣ ਮਿੱਟੀ ਨਾਲ ਮਿੱਟੀ ਹੋ ਕੇ ਵੀ ਵੇਖ ਲੈ। ਮੈਨੂੰ ਤਾਏ ਨੇ ਪਹਿਲਾਂ ਹੀ ਚੰਡਿਆ ਹੋਇਆ ਸੀ। ਅਸੀਂ ਤਿੰਨ ਦਿਨ ਤੇ ਦੋ ਰਾਤਾਂ ਲਗਾਤਾਰ ਵਾਢੀ ਕਰਦੇ ਰਹੇ। ਤੀਜੀ ਰਾਤ ਕੰਡਿਆਂ ਨੇ ਵਾਹ ਨਾ ਚੱਲਣ ਦਿੱਤੀ ਤਾਂ ਕਿਤੇ ਘਰ ਮੁੜੇ।
ਕਈ ਵਾਰ ਕਲਿਓੜ ਚਿੱਠੀ ਆ ਜਾਂਦੀ ਕਿ ਕਿਸ਼ਨਪੁਰੇ ਵਾਲੀਬਾਲ ਦਾ ਮੈਚ ਹੈ, ਤੂੰ ਖੇਡਣ ਜ਼ਰੂਰ ਆਉਣਾ। ਮੈਂ ਮੈਚ ਵਾਲੇ ਦਿਨ ਸਵੇਰੇ ਸਾਈਕਲ ‘ਤੇ ਲੱਤ ਦੇਣੀ ਤੇ ਖੇਡਣ ਪਹੁੰਚ ਜਾਣਾ। ਬਜ਼ੁਰਗਾਂ ਨੇ ਕਹਿਣਾ, “ਇਹ ਪਤਲੂ ਜਿਆ ਥਕਦਾ ਈ ਨਹੀਂ।”
ਫਿਰ ਮੇਰਾ ਬਾਂਗਰ ਦਾ ਦਾਣਾ ਪਾਣੀ ਖਤਮ ਹੋ ਗਿਆ। ਮੈਨੂੰ ਹੁਕਮ ਹੋਇਆ ਕਿ ਕਿਸ਼ਨਪੁਰੇ ਤੋਂ ਫਾਤਾਂ ਝੋਟੀ ਲੈ ਕੇ ਅੰਬਾਲੇ ਪਹੁੰਚ। 55 ਮੀਲ ਦਾ ਪੈਂਡਾ ਮਾਰ ਕੇ ਮੈਂ ਅੰਬਾਲੇ ਪਹੁੰਚਾ। ਅਸੀਂ ਟਰੱਕਾਂ ‘ਤੇ ਸਮਾਨ ਤੇ ਡੰਗਰ ਲੱਦ ਕੇ ਯੂ. ਪੀ. ਦੇ ਜੰਗਲਾਂ ਵੱਲ ਵਹੀਰਾਂ ਘੱਤ ਦਿੱਤੀਆਂ…। ਰਾਮ ਨਗਰੇ ਜ਼ਮੀਨ ਸੀ। ਉਥੇ ਸਿਰਫ ਤਿੰਨ ਘਰ ਸਨ। ਉਹ ਵੀ ਆਪੋ ਆਪਣੀ ਜ਼ਮੀਨ ‘ਚ ਝਾਲੇ ਪਾ ਕੇ ਬੈਠੇ ਸਨ। ਚਾਰੇ ਬੰਨੇ ਕੋਠੇ ਜਿੱਡਾ ਘਾਹ ਤੇ ਜੰਗਲੀ ਦਰੱਖਤ ਜਿਵੇਂ ਖੈਰ, ਢੱਕ, ਗੁੱਲ੍ਹਰ, ਟਾਹਲੀ ਆਦਿ ਬੇਅੰਤ ਨਸਲਾਂ ਦੇ ਸੰਘਣੇ ਰੁੱਖ ਸਨ। ਇਹ ਸਭ ਕੁਝ ਰੱਬ ਨੇ ਜੰਗਲੀ ਜਾਨਵਰਾਂ ਦੇ ਰਹਿਣ ਲਈ ਬਣਾਇਆ ਸੀ। ਇਥੇ ਹੀ ਜੰਗਲੀ ਜੋਗੀ ਨੇ ਜਾ ਧੂਣਾ ਰਮਾਇਆ। ਮੱਛਰ ਤੇ ਜੋਕਾਂ ਦਾ ਅੰਤ ਨਹੀਂ ਸੀ। ਰਾਮ ਨਗਰਾ ਛੜਿਆਂ ਦਾ ਬਸੇਰਾ ਸੀ, ਜਿਥੇ ਸ਼ਾਮਾਂ ਨੂੰ ਗਿੱਦੜ ਕੂਕਦੇ, ਰਾਤਾਂ ਨੂੰ ਸ਼ੇਰ ਇੱਦਾਂ ਬੁੱਕਦੇ ਜਿਵੇਂ ਬਰਸਾਤਾਂ ਵਿਚ ਬੱਦਲ ਗਰਜਦੇ। ਸਵੇਰੇ ਤੁਰੇ ਜਾਂਦਿਆਂ ਦੇ ਜੋਕਾਂ ਲੱਗ ਜਾਂਦੀਆਂ, ਇਸ ਕਰਕੇ ਲੂਣ ਦੀ ਡਲੀ ਜੋਕਾਂ ਲਾਹੁਣ ਲਈ ਨਾਲ ਹੀ ਰੱਖਦੇ ਸਾਂ। ਪਹਿਲੇ ਚਾਰ ਪੰਜ ਦਿਨ ਸ਼ੇਰਾਂ ਤੋਂ ਡਰ ਲੱਗਦਾ ਰਿਹਾ। ਫਿਰ ਜੰਗਲਾਂ ਵਿਚ ਰੱਜ ਕੇ ਸ਼ਿਕਾਰ ਖੇਡਿਆ। ਸ਼ੇਰਾਂ ਤੇ ਜੰਗਲੀ ਜਾਨਵਰਾਂ ਦੇ ਘਰ ਨੂੰ ਆਪਣਾ ਘਰ ਬਣਾ ਲਿਆ। ਪਾੜ੍ਹੇ, ਚੀਤਲ, ਰੋਝ, ਗੋਂਦਾਂ, ਜੰਗਲੀ ਮੱਝਾਂ, ਜੰਗਲੀ ਸੂਰ ਤੇ ਸ਼ੇਰਾਂ ਨਾਲ ਟੱਕਰ ਲੈਣ ਦੀ ਠਾਣ ਲਈ। ਸਾਡੀ ਜ਼ਮੀਨ ਨਾਲ ਲੱਗਦੀ ਭੋਇੰ ਕਿਸੇ ਨੇ ਆਬਾਦ ਕੀਤੀ ਸੀ, ਪਰ ਜਾਨਵਰਾਂ ਨੇ ਫਸਲ ਨਾ ਰਹਿਣ ਦਿੱਤੀ। ਮਾਲਕ ਬੇਬਸ ਹੋ ਕੇ ਚਲੇ ਗਏ। ਅਸੀਂ ਜ਼ਮੀਨ ਵਾਹ ਕੇ ਇਕ ਬੋਰੀ ਬੀਜ ਪਾਇਆ, ਕਣਕ ਬਹੁਤ ਸੋਹਣੀ ਉੱਗੀ। ਅਸੀਂ ਦੋਵੇਂ ਭਰਾ ਤੇ ਇਕ ਕੁੱਤਾ ਕਣਕ ਦੀ ਰਖਵਾਲੀ ਕਰਦੇ। ਚਾਰੇ ਪਾਸੇ ਮੁੱਢੀਆਂ ਦੇ ਧੂਣੇ ਜਗਦੇ ਰਹਿੰਦੇ। ਸਾਰੀ ਰਾਤ ‘ਹੋਏ ਹਾਏ’ ਕਰਦਿਆਂ ਵੀ ਜਾਨਵਰ ਕਣਕ ਜੜ੍ਹੀਂ ਲਾ ਜਾਂਦੇ। ਜਿੰਨਾ ਬੀਜ ਪਾਇਆ, ਮਸਾਂ ਉਨੇ ਹੀ ਦਾਣੇ ਹੋਏ। ਜੰਗਲ ਦਾ ਘਾਹ ਕੱਟ ਕੇ ਤੇ ਦਰੱਖਤ ਵੱਢ ਕੇ ਝਾਲੇ ਬਣਾ ਰਹਿਣਾ ਪੈਂਦਾ ਸੀ, ਜਿਨ੍ਹਾਂ ਨੂੰ ਹਰ ਵਕਤ ਅੱਗ ਲੱਗਣ ਦਾ ਡਰ ਰਹਿੰਦਾ ਸੀ। ਦਿਨੇ ਜੋਕਾਂ ਲਹੂ ਪੀਂਦੀਆਂ ਤੇ ਰਾਤਾਂ ਨੂੰ ਮੱਛਰ ਤੋੜ ਤੋੜ ਖਾਂਦਾ। ਸ਼ੇਰਾਂ ਤੇ ਸੱਪਾਂ ਦਾ ਕੋਈ ਅੰਤ ਨਹੀਂ ਸੀ। ਸਾਰਾ ਦਿਨ ਕੰਮ ਕਰ ਕੇ ਰਾਤ ਨੂੰ ਰੋਟੀ ਟੁੱਕ ਵੀ ਆਪੇ ਕਰਨਾ ਪੈਂਦਾ ਸੀ।
…ਇਕ ਦਿਨ ਹਲ ਛੱਡ ਕੇ ਅਜੇ ਘਰ ਪਹੁੰਚਿਆ ਹੀ ਸਾਂ, ਬੌਲਦਾਂ ਦੀ ਪੰਜਾਲੀ ਲਾਹ ਕੇ ਪਾਣੀ ਪੀਣ ਦੀ ਸੋਚੀ ਕਿ ਮੇਰੇ ਪਿੰਡ ਦੇ ਇਕ ਬੰਦੇ ਨੇ ਦਰਿਆ ਤੋਂ ਸ਼ਤੀਰੀਆਂ ਲਿਆਉਣ ਲਈ ਮੈਨੂੰ ਨਾਲ ਤੋਰ ਲਿਆ। ਮੈਂ ਵਿਸ ਘੋਲਦਾ ਦਰਿਆ ਕਿਨਾਰੇ ਗਿਆ, ਜਿਹੜਾ ਸਾਡੇ ਘਰ ਤੋਂ ਸੱਤ ਮੀਲ ਸੀ। ਉਥੇ ਮੈਂ ਸ਼ੇਰ ਦੀ ਤਾਜ਼ੀ ਪੈੜ ਵੇਖ ਕੇ ਚਿਤਾਵਨੀ ਦਿੱਤੀ। ਥੋੜ੍ਹੀ ਦੂਰ ਤਾਜ਼ੀ ਗਾਂ ਮਰੀ ਪਈ ਸੀ। ਜਦੋਂ ਉਹ ਜ਼ਿੱਦੀ ਬੰਦਾ ਗਾਂ ਤੋਂ ਅੱਗੇ ਵਧਣ ਲੱਗਾ, ਸ਼ੇਰ ਨੇ ਉਸ ‘ਤੇ ਵਾਰ ਕਰ ਦਿੱਤਾ। ਸ਼ੇਰ ਦਾ ਅਸੂਲ ਹੈ, ਜੇ ਪਹਿਲੇ ਵਾਰ ਵਿਚ ਸ਼ਿਕਾਰ ਮਰ ਜਾਵੇ ਠੀਕ ਹੈ, ਨਹੀਂ ਫਿਰ ਦੂਜਾ ਵਾਰ ਨਹੀਂ ਕਰਦਾ, ਪਰ ਆਪਣੀ ਮਾਰ ਚੁੱਕਣ ਨਹੀਂ ਦਿੰਦਾ। ਜਦੋਂ ਸ਼ੇਰ ਨੇ ਛਾਲ ਮਾਰੀ, ਉਹ ਬੰਦਾ ਬੇਹੋਸ਼ ਹੋ ਕੇ ਡਿੱਗ ਪਿਆ। ਡਿੱਗਣ ਵੇਲੇ ਸ਼ੇਰ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਗਿਆ ਤੇ ਥੋੜ੍ਹੀ ਦੂਰ ਜਾ ਕੇ ਬੈਠ ਗਿਆ। ਮੈਂ ਇਨਸਾਨੀਅਤ ਦਾ ਫਰਜ਼ ਨਿਭਾਉਂਦਿਆਂ ਉਸ ਬੰਦੇ ਨੂੰ ਸ਼ੇਰ ਦੇ ਮੂੰਹ ਵਿਚੋਂ ਕੱਢ ਕੇ ਲੈ ਆਇਆ ਤੇ ਚੁੱਕ ਕੇ ਦੂਰ ਲੈ ਗਿਆ। ਸ਼ੇਰ ਨੇ ਮੇਰੇ ਉਤੇ ਵਾਰ ਨਹੀਂ ਕੀਤਾ, ਪਤਾ ਨਹੀਂ ਕਿਉਂ? ਅਸਲ ਵਿਚ ਜਾਨਵਰ ਵੀ ਬੰਦਾ ਕੁਬੰਦਾ ਵੇਖ ਲੈਂਦੈ! ਜੇ ਮੈਂ ਸਾਥੀ ਨੂੰ ਛੱਡ ਕੇ ਭੱਜਦਾ ਤਾਂ ਸ਼ੇਰ ਨੇ ਭੱਜਣ ਨਹੀਂ ਸੀ ਦੇਣਾ…!
ਦੁੱਖ ਦਾਰੂ ਸੁੱਖ ਰੋਗ ਭਇਆ ਦਾ ਮੰਤਰ ਮੈਂ ਜੰਗਲਾਂ ਵਿਚ ਰਹਿ ਕੇ ਸਿੱਖਿਆ। ਮੇਰੇ ਕੁਹਾੜੇ ਅੱਗੇ ਜੰਗਲ ਦੇ ਵੱਡੇ ਤੋਂ ਵੱਡੇ ਰੁੱਖ ਵਿਛਦੇ ਗਏ। ਮੇਰੀ ਅਣਥੱਕ ਮਿਹਨਤ ਨਾਲ ਹੀ ਅਸੀਂ ਕੱਖਾਂ ਦੇ ਜੱਟ ਲੱਖਾਂ ਦੇ ਹੋ ਗਏ। ਜ਼ਮੀਨਾਂ ਆਬਾਦ ਹੋ ਗਈਆਂ, ਜਿਨ੍ਹਾਂ ‘ਚ ਟਰੈਕਟਰ ਦੜ ਦੜ ਕਰਦੇ ਸ਼ੇਰਾਂ ਦੀ ਥਾਂ ਭਬਕਾਰੇ ਮਾਰਨ ਲੱਗੇ। ਮੈਨੂੰ ਖੇਡਾਂ ‘ਚ ਜਿਹੜੀ ਕਾਮਯਾਬੀ ਮਿਲੀ, ਉਸ ਵਿਚ ਜੰਗਲ ‘ਚ ਕੀਤੀ ਮਿਹਨਤ ਬੜੀ ਰਾਸ ਆਈ…।
7 ਅਪਰੈਲ 1957 ਨੂੰ ਮੈਂ ਕਿਸਾਨ ਤੋਂ ਫੌਜੀ ਬਣ ਗਿਆ। ਅੰਬਾਲੇ ਭਰਤੀ ਹੋ ਕੇ ਅਹਿਮਦ ਨਗਰ ਪਹੁੰਚ ਗਿਆ। ਫੌਜ ਵਿਚ ਰੰਗਰੂਟੀ ਕਰਦਿਆਂ ਮੁਹਾਰ ਫਿਰ ਖੇਡਾਂ ਵੱਲ ਮੁੜ ਗਈ। ਉਥੇ ਵਾਲੀਬਾਲ, ਬੌਕਸਿੰਗ ਤੇ ਬਾਸਕਿਟਬਾਲ ਖੇਡਿਆ। ਖੇਡ ਅਜਿਹੀ ਦਾਤ ਹੈ, ਜਿਹੜੀ ਸਭ ਤੋਂ ਵੱਧ ਖੁਸ਼ੀ, ਪਿਆਰ ਤੇ ਦੋਸਤਾਨੇ ਵੰਡਦੀ ਹੈ।
ਮੈਂ 23ਵੇਂ ਸਾਲ ਵਿਚ ਹੋ ਗਿਆ ਸਾਂ। ਉਥੇ ਇਕ ਮੁੰਡਾ ਚੰਗਾ ਲੰਮਾ ਲੰਝਾ ਤੇ ਤਕੜਾ ਸੀ। ਉਹ ਕਹਿੰਦਾ ਕਿ ਮੈਂ ਮੇਲਿਆਂ ਵਿਚ ਗੋਲਾ ਜਿੱਤਦਾ ਰਿਹਾ ਹਾਂ। ਮੈਂ ਕਦੇ ਗੋਲਾ ਸੁੱਟ ਕੇ ਨਹੀਂ ਸੀ ਵੇਖਿਆ। ਉਸਤਾਦਾਂ ਨੇ ਮੇਰਾ ਮੁਕਾਬਲਾ ਉਸ ਮੁੰਡੇ ਨਾਲ ਕਰਵਾ ਦਿੱਤਾ ਤੇ ਮੈਂ 30 ਕੁ ਫੁੱਟ ਗੋਲਾ ਸੁੱਟ ਕੇ ਉਸ ਨੂੰ ਹਰਾ ਦਿੱਤਾ। ਮੈਨੂੰ ਟੀਮ ਵਿਚ ਚੁਣ ਲਿਆ ਗਿਆ। ਗੋਲੇ ਦੀ ਪ੍ਰੈਕਟਿਸ ਕਰਨ ਲਈ ਮੈਨੂੰ ਕਿੱਲਾਂ ਵਾਲੇ ਜੁੱਤੇ (ਸਪਾਈਕਸ) ਦੇ ਦਿੱਤੇ! ਉਨ੍ਹਾਂ ਦਿਨਾਂ ਵਿਚ ਗੋਲੇ ਦੇ ਸਰਕਲ ਕੱਚੇ ਹੁੰਦੇ ਸਨ। ਮੈਂ ਜਟਕੇ ਸਟਾਈਲ ਨਾਲ ਗੋਲਾ ਸੁੱਟਣਾ ਸ਼ੁਰੂ ਕਰ ਦਿੱਤਾ। 1957-58 ਦੇ ਸੈਂਟਰ ਮੁਕਾਬਲਿਆਂ ਵਿਚ ਮੈਂ ਫਸਟ ਆ ਗਿਆ। ਫਿਰ ਮੇਰੀਆਂ ਬਦਲੀਆਂ ਹੋਣ ਲੱਗ ਪਈਆਂ। ਕਦੇ ਬਬੀਨੇ, ਕਦੇ ਜੰਮੂ, ਕਦੇ ਸੰਗਰੂਰ। ਸੰਗਰੂਰ ਮੇਰੇ ਬੜਾ ਰਾਸ ਆਇਆ। ਉਥੇ ਮੈਂ ਗੋਲੇ ਦਾ ਨੈਸ਼ਨਲ ਚੈਂਪੀਅਨ ਬਣ ਗਿਆ…।
ਵਿਆਹ ਦੀ ਵਾਰਤਾ: ਸੁਣਿਆ ਹੈ ਕਿ ਮੇਰਾ ਵਿਆਹ ਵੀ ਸੰਗਰੂਰ ਦੀ ਪੋਸਟਿੰਗ ਦੌਰਾਨ ਹੀ ਹੋਇਆ, ਪਰ ਮੈਨੂੰ ਮੇਰੇ ਵਿਆਹ ਵਿਚ ਕਿਸੇ ਨੇ ਨਹੀਂ ਬੁਲਾਇਆ ਤੇ ਬਿਨਾ ਬੁਲਾਏ ਜਾਣਾ ਮੈਂ ਵੀ ਠੀਕ ਨਹੀਂ ਸਮਝਿਆ। ਇਹ ਕਹਾਣੀ ਕੁਝ ਇੱਦਾਂ ਹੋਈ ਕਿ ਅਲਾਹਾਬਾਦ ਨੈਸ਼ਨਲ ਖੇਡਾਂ ਵਾਸਤੇ ਜਾਣ ਵੇਲੇ ਕਾਨ੍ਹਪੁਰ ਵੱਡੇ ਭਰਾ ਕੋਲ ਰਾਤ ਰਿਹਾ। ਮੇਰਾ ਮੰਗਣਾ ਪੰਜ ਕੁ ਸਾਲ ਪਹਿਲਾਂ ਇਸੇ ਭਰਾ ਨੇ ਕਰਵਾਇਆ ਸੀ। ਖੇਡਾਂ ਦੇ ਚਾਅ ਵਿਚ ਕਦੇ ਵਿਆਹ ਬਾਰੇ ਸੋਚਣ ਦਾ ਮੌਕਾ ਹੀ ਨਹੀਂ ਸੀ ਮਿਲਿਆ। ਭਰਾ ਕਹਿੰਦਾ, ਇਸ ਸਾਲ ਤੇਰਾ ਵਿਆਹ ਕਰ ਦੇਣਾ; ਪਰ ਤਾਰੀਖ ਦੀ ਕੋਈ ਗੱਲ ਨਹੀਂ ਹੋਈ। ਮੈਂ ਅਲਾਹਾਬਾਦ ਚਲਾ ਗਿਆ। ਸੁਣਿਆ ਹੈ ਕਿ ਘਰਦਿਆਂ ਨੇ ਮੇਰਾ ਵਿਆਹ 11 ਮਾਰਚ ਦਾ ਰੱਖ ਦਿੱਤਾ ਸੀ। ਮੈਂ ਅਲਾਹਾਬਾਦ ਤੋਂ ਦਿੱਲੀ ਮੁੜ ਗਿਆ। ਮੇਰੇ ਲਾਪਤਾ ਹੋਣ ਕਰਕੇ ਘਰਦੇ ਮੈਨੂੰ ਦੱਸ ਨਾ ਸਕੇ। ਆਖਰ ਮੇਰੀ ਉਡੀਕ ਕਰ ਕੇ ਮੇਰਾ ਵਿਆਹ 13 ਮਾਰਚ ਨੂੰ ਮੇਰੀ ਕਿਰਪਾਨ ਨਾਲ ਕਰ ਦਿੱਤਾ ਗਿਆ। ਮੈਨੂੰ ਤਿੰਨ ਮਹੀਨੇ ਬਾਅਦ ਛੁੱਟੀ ਗਏ ਨੂੰ ਪਤਾ ਲੱਗਾ ਕਿ ਮੇਰਾ ਵਿਆਹ ਹੋ ਗਿਆ। ਮੈਂ ਸੋਚਿਆ, ਇਹ ਵੀ ਚੰਗਾ ਹੀ ਹੋਇਆ, ਨਾਲੇ ਖੇਡਾਂ ਕਰ ਲਈਆਂ ਨਾਲੇ ਵਿਆਹ ਦਾ ਕੰਮ ਵੀ ਨਿੱਬੜ ਗਿਆ…!
1962 ‘ਚ ਏਸ਼ਿਆਈ ਖੇਡਾਂ ਜਕਾਰਤਾ ਲਈ ਨੈਸ਼ਨਲ ਸਟੇਡੀਅਮ ਦਿੱਲੀ ਵਿਚ ਅਥਲੀਟਾਂ ਦਾ ਕੋਚਿੰਗ ਕੈਂਪ ਲੱਗਾ। ਉਦੋਂ ਮੈਂ ਦਿੱਲੀ ਪੜ੍ਹਦਾ ਸਾਂ। ਅਸੀਂ ਦਿੱਲੀ ਯੂਨੀਵਰਸਿਟੀ ਦੇ ਅਥਲੀਟ ਉਥੇ ਪ੍ਰੈਕਟਿਸ ਕਰਨ ਜਾਇਆ ਕਰਦੇ ਸਾਂ। ਉਥੇ ਮੈਨੂੰ ਕੌਮੀ ਪੱਧਰ ਦੇ ਅਥਲੀਟਾਂ ਨਾਲ ਜੋਗਿੰਦਰ ਸਿੰਘ ਨੂੰ ਵੀ ਮਿਲਣ ਦਾ ਮੌਕਾ ਮਿਲਿਆ। ਉਹ ਜਕਾਰਤਾ ਗਿਆ ਤੇ ਗੋਲਾ ਸੁੱਟਣ ਵਿਚ ਬਰਾਂਜ਼ ਮੈਡਲ ਜਿੱਤ ਕੇ ਮੁੜਿਆ। ਉਦੋਂ ਤਕ ਉਹਦੀ ਰੈਜੀਮੈਂਟ ਦੇ ਫੌਜੀਆਂ ਨੂੰ ਵੀ ਪਤਾ ਨਾ ਲੱਗਾ, ਜਦੋਂ ਤਕ ਉਸ ਨੇ ਆਪ ਨਾ ਦੱਸਿਆ। ਇਹ ਹਾਲ ਸੀ ਉਦੋਂ ਏਸ਼ੀਆਈ ਖੇਡਾਂ ‘ਚੋ ਮੈਡਲ ਜਿੱਤਣ ਵਾਲਿਆਂ ਦਾ…!
ਉਹ ਲਿਖਦੈ, “12 ਦਸੰਬਰ 1966 ਦਾ ਦਿਨ ਸੀ। ਸ਼ਾਮ ਨੂੰ ਮੇਰਾ ਮੁਕਾਬਲਾ ਪੌਣੇ ਚਾਰ ਵਜੇ ਸੀ। ਧਰਤੀ ਮਾਂ ਨੂੰ ਨਮਸਕਾਰ ਕਰ ਕੇ ਦਾਤੇ ਅੱਗੇ ਅਰਦਾਸ ਕੀਤੀ, ਦਾਤਾ ਫਤਿਹ ਬਖਸ਼ਣੀ। ਪਹਿਲੀਆਂ ਤਿੰਨ ਵਾਰੀਆਂ ਵਿਚ ਜਪਾਨ ਤੇ ਇਰਾਨ ਦੇ ਦੋਵੇਂ ਸੁਟਾਵੇ ਮੈਥੋਂ ਅੱਗੇ ਸਨ। ਪਾਕਿਸਤਾਨ ਦਾ ਹਰਡਲਾਂ ਵਾਲਾ ਰਾਜ਼ਿਕ, ਜਿਹੜਾ ਮੈਨੂੰ ਵੈਸੇ ਤਾਂ ਨਹੀਂ ਸੀ ਜਾਣਦਾ, ਪਰ ਪੜੋਸੀ ਹੋਣ ਦੇ ਨਾਤੇ, ਹਰਡਲਾਂ ਦੀ ਦੌੜ ਜਿੱਤ ਕੇ ਮੇਰੇ ਕੋਲ ਆ ਗਿਆ। ਉਸ ਨੇ ਮੈਨੂੰ ਹੱਲਾਸ਼ੇਰੀ ਦੇ ਕੇ ਕਿਹਾ, ‘ਸ਼ੇਰਾ ਇਨ੍ਹਾਂ ਨੂੰ ਛੱਡਣਾ ਨਹੀਂ।’ ਉਨ੍ਹਾਂ ਦਾ ਗੋਲੇ ਵਾਲਾ ਬਾਜਵਾ ਮੇਰੇ ਲਈ ਜੂਸ ਦੀ ਥਰਮੋਸ ਲੈ ਆਇਆ। ਮੈਂ ਆਪਣੀ ਚੌਥੀ ਵਾਰੀ ਵਿਚ ਉਨ੍ਹਾਂ ਦੋਨਾਂ ਤੋਂ ਅੱਗੇ ਗੋਲਾ ਸੁੱਟ ਗਿਆ। ਰਾਜ਼ਿਕ ਨੇ ਮੈਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਬੜਾ ਜ਼ੋਰ ਲਾਇਆ, ਪਰ ਮੇਰਾ ਚੌਥਾ ਗੋਲਾ ਉਨ੍ਹਾਂ ਤੋਂ ਅੱਗੇ ਹੀ ਰਿਹਾ। ਬੈਂਗਕੌਕ ਦੀ ਇਕ ਸੋਹਣੀ ਮੁਟਿਆਰ ਸਾਨੂੰ ਤਿੰਨਾਂ ਨੂੰ ਵਿਕਟਰੀ ਸਟੈਂਡ ਕੋਲ ਲੈ ਗਈ। ਅੱਗੇ ਤਿੰਨ ਹੋਰ ਮੁਟਿਆਰਾਂ ਮੈਡਲ ਲਈ ਖੜ੍ਹੀਆਂ ਸਨ। ਅਨਾਊਂਸਮੈਂਟ ਹੋਈ, ਜੋਗਿੰਦਰ ਸਿੰਘ ਇੰਡੀਆ ਫਸਟ। ਇਸ ਨੇ 16.22 ਮੀਟਰ ਗੋਲਾ ਸੁੱਟ ਕੇ ਏਸ਼ੀਆ ਦਾ ਨਵਾਂ ਰਿਕਾਰਡ ਰੱਖਿਆ ਹੈ। ਸੋਨੇ ਦਾ ਤਗਮਾ ਮੇਰੇ ਗਲ ਵਿਚ ਪਾ ਦਿੱਤਾ ਤੇ ਮੈਨੂੰ ਮੁਬਾਰਕਬਾਦ ਦਿੱਤੀ। ਤਾੜੀਆਂ ਦੀ ਅਵਾਜ਼ ਸ਼ਾਇਦ ਮੇਰੇ ਮੁਲਕ ਤਕ ਸੁਣ ਗਈ ਹੋਵੇ। ਤਿਰੰਗਾ ਚਾੜ੍ਹਨ ਦੀ ਰਸਮ ਵੇਲੇ ਜਨ ਗਨ ਮਨ ਗੂੰਜਿਆ ਤਾਂ ਸਾਰੇ ਦਰਸ਼ਕ ਉਠ ਖੜ੍ਹੇ ਹੋਏ। ਮੇਰੇ ਦੇਸ਼ ਦਾ ਝੰਡਾ ਉੱਚਾ ਚੜ੍ਹਦਾ ਵੇਖ ਕੇ ਮੇਰੀਆਂ ਅੱਖਾਂ ਵਿਚ ਖੁਸ਼ੀਆਂ ਦਾ ਦਰਿਆ ਵਗ ਪਿਆ। ਮੈਂ ਦਰਸ਼ਕਾਂ ਦੀਆਂ ਤਾੜੀਆਂ ਦਾ ਸਿਰ ਨਿਵਾ ਕੇ ਧੰਨਵਾਦ ਕੀਤਾ।
…ਅੱਜ ਫਿਰ 12 ਦਸੰਬਰ 1970 ਨੂੰ ਪੌਣੇ ਚਾਰ ਵਜੇ ਉਸੇ ਥਾਂ ਛੇਵੀਆਂ ਏਸ਼ੀਅਨ ਖੇਡਾਂ ਦਾ ਮੁਕਾਬਲਾ ਸੀ। 1966 ਵਾਲੇ ਜਪਾਨੀ ਤੇ ਇਰਾਨੀ ਮੁਕਾਬਲੇ ਵਿਚ ਸਨ। ਮੈਂ ਹਰ ਵਾਰ ਇਰਾਨ ਦੇ ਜਲਾਲ ਕਸ਼ਮੀਰੀ ਤੋਂ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ, ਪਰ ਚਾਰ ਵਾਰੀਆਂ ਤਕ ਉਹ ਅੱਗੇ ਹੀ ਰਿਹਾ। ਜਦੋਂ ਮੇਰੀ ਪੰਜਵੀਂ ਵਾਰੀ ਆਈ ਤਾਂ ਮੈਂ ਹੋਰ ਜੋਸ਼ ਭਰਿਆ। ਛੋਟੀ ਜਿਹੀ ਹਰਕਾਰੀ ਮਾਰੀ ਤੇ ਸਾਰੇ ਅੰਗ ਗੋਲੇ ਦੇ ਪਿੱਛੇ ਧੱਕਾ ਮਾਰਨ ਲਈ ਇਕੱਠੇ ਕੀਤੇ। ਮੈਂ ਤੇਜ਼ੀ ਨਾਲ ਗਲਾਈਡ ਲਈ। ਪੈਰ ਠੀਕ ਥਾਂ ਟਿਕਾ ਕੇ ਮੋਢੇ ਪੂਰੇ ਪਿੱਛੇ ਰੱਖ ਕੇ ਆਪਣੇ ਵੱਲੋਂ ਜਿੰਨਾ ਜ਼ੋਰ ਸੀ, ਲਾ ਦਿੱਤਾ। ਜ਼ੋਰ ਦਾ ਲਲਕਾਰਾ ਵੱਜਾ। ਮੇਰਾ ਗੋਲਾ ਇਰਾਨੀ ਦੇ ਗੋਲੇ ਤੋਂ ਅੱਗੇ ਜਾ ਡਿੱਗਾ। ਬਾਹਰੋਂ ਅਜਮੇਰ ਪਾਰਟੀ ਦੀ ਅਵਾਜ਼ ਸੁਣਾਈ ਦਿੱਤੀ, ‘ਜੋਗੀ ਚੱਕ’ਤੇ ਫੱਟੇ!’ ਜਦੋਂ ਇਹ ਗੋਲਾ ਮਿਣਿਆ ਤਾਂ 17.09 ਮੀਟਰ ਸੀ, ਜਿਹੜਾ ਜਲਾਲ ਕਸ਼ਮੀਰੀ ਨਾਲੋਂ ਵੱਧ ਸੀ। ਉਹਦੀ ਛੇਵੀਂ ਸੁੱਟ ਫਾਊਲ ਹੋ ਗਈ ਤੇ ਮੈਂ ਜੇਤੂ ਬਣ ਗਿਆ। ਇਕ ਸੁੰਦਰੀ ਗੋਲੇ ਦੀ ਜੇਤੂ ਤਿੱਕੜੀ ਨੂੰ ਵਿਕਟਰੀ ਸਟੈਂਡ ਕੋਲ ਲੈ ਗਈ। ਅਨਾਊਂਸਮੈਂਟ ਹੋਈ, ‘ਜੋਗਿੰਦਰ ਸਿੰਘ ਇੰਡੀਆ ਫਸਟ। ਇਸ ਨੇ 17.09 ਮੀਟਰ ਗੋਲਾ ਸੁੱਟ ਕੇ ਏਸ਼ੀਆ ਦਾ ਨਵਾਂ ਰਿਕਾਰਡ ਕੀਤਾ ਹੈ।’ ਉਸ ਵੇਲੇ ਮੇਰੀਆਂ ਅੱਖਾਂ ਵਿਚ ਖੁਸ਼ੀ ਦੇ ਸੋਮੇ ਫੁੱਟ ਪਏ!
ਬਾਹਰ ਆਉਂਦੇ ਹੀ ਦੋਸਤਾਂ ਤੇ ਟੀਮ ਵਾਲਿਆਂ ਨੇ ਮੈਨੂੰ ਹੱਥਾਂ ‘ਤੇ ਚੁੱਕ ਲਿਆ। ਅਜਮੇਰ ਨੇ ਕੁਰਸੀ ‘ਤੇ ਖੜ੍ਹ ਕੇ ਜੱਫੀ ਪਾਉਂਦਿਆਂ ਕਿਹਾ, “ਬਾਈ ਅੱਜ ਤਾਂ ਧੰਨ ਧੰਨ ਕਰਵਾ ਦਿੱਤੀ!” 400 ਮੀਟਰ ਦੌੜ ਦਾ ਏਸ਼ੀਆ ਚੈਂਪੀਅਨ ਅਜਮੇਰ ਸਿੰਘ ਆਪਣੇ ਤੋਂ ਗਿੱਠ ਉੱਚੇ ਸਾਢੇ 6 ਫੁੱਟੇ ਜੋਗੀ ਨੂੰ ਕੁਰਸੀ ਜਾਂ ਮੰਜੇ ‘ਤੇ ਚੜ੍ਹ ਕੇ ਹੀ ਜੱਫੀ ਪਾਉਂਦਾ ਸੀ!
ਤਦ ਤਕ ਜੋਗਿੰਦਰ ਸਿੰਘ ਸਿਪਾਹੀ ਤੋਂ ਕੈਪਟਨ ਬਣ ਚੁਕਾ ਸੀ। 1968 ਵਿਚ ਉਸ ਨੂੰ ਅਰਜਨ ਅਵਾਰਡ ਨਾਲ ਸਨਮਾਨਿਆ ਗਿਆ ਅਤੇ ਉਹ ਮੇਜਰ ਦੇ ਅਹੁਦੇ ‘ਤੇ ਅੱਪੜ ਕੇ ਫੌਜ ਵਿਚੋਂ ਰਿਟਾਇਰ ਹੋਇਆ। ਆਪਣੀ ਸਵੈਜੀਵਨੀ ਲਿਖਣ ਤੋਂ ਥੋੜ੍ਹੀ ਦੇਰ ਬਾਅਦ ਹੀ ਉਹ ਆਪਣੇ ਪੁਰਾਣੇ ਸਾਥੀ, ਟੋਕੀਓ ਓਲੰਪਿਕਸ ਵਿਚ 110 ਮੀਟਰ ਹਰਡਲਜ਼ ਦੌੜ ‘ਚੋਂ ਪੰਜਵਾਂ ਸਥਾਨ ਲੈਣ ਵਾਲੇ ਗੁਰਬਚਨ ਸਿੰਘ ਰੰਧਾਵੇ ਦੇ ਘਰ ਚਾਹ ਪੀਂਦਿਆਂ ਦਿਲ ਦੇ ਦੌਰੇ ਨਾਲ ਅਚਾਨਕ ਚਲਾਣਾ ਕਰ ਗਿਆ। ਇੰਜ ਉਹ ਜੋਗੀਆਂ ਵਾਲੀ ਫੇਰੀ ਵਾਂਗ ਅਲੋਪ ਹੋਇਆ।
ਉਸ ਨੇ ਮੇਰੇ ਬਾਰੇ ਲਿਖਿਆ, “ਜਦੋਂ ਸਾਡਾ ਐਨ. ਆਈ. ਐੱਸ਼ ਵਿਚ ਕੈਂਪ ਲੱਗਾ, ਇਕ ਬੰਦਾ ਹਰ ਰੋਜ਼ ਸਾਡੇ ਕੋਲ ਆ ਕੇ ਬੈਠਾ ਰਹਿੰਦਾ ਸੀ। ਮੈਂ ਕਈ ਵਾਰ ਦਿਲ ਵਿਚ ਸੋਚਦਾ ਸਾਂ, ਇਸ ਦੇ ਖੇਡਾਂ ਦੇ ਸ਼ੌਕ ਨੂੰ ਤੇ ਮੰਨਦਾ ਹਾਂ, ਪਰ ਇਹ ਕਿਤੇ ਘਰੋਂ ਤਾਂ ਨਹੀਂ ਕੱਢਿਆ ਹੋਇਆ? ਉਹ ਗੱਲਾਂ ਗੱਲਾਂ ਵਿਚ ਬਹੁਤ ਸਾਰੇ ਸਵਾਲ ਵੀ ਕਰ ਜਾਂਦਾ ਸੀ। ਜਿਵੇਂ ਤੇਰਾ ਪਿੰਡ ਕਿਹੜਾ ਹੈ, ਕਿੰਨੇ ਭਰਾ ਓਂ, ਕਿੰਨਾ ਪੜ੍ਹਿਆ ਹੋਇਆ ਹੈਂ? ਕਦੋਂ ਫੌਜ ਵਿਚ ਗਿਆ ਤੇ ਕਿਵੇਂ ਗੋਲਾ ਸੁੱਟਣ ਦਾ ਸ਼ੌਕ ਜਾਗਿਆ? ਮੈਂ ਉਨ੍ਹਾਂ ਤੋਂ ਮੁਆਫੀ ਮੰਗ ਕੇ ਲਿਖਦਾ ਹਾਂ ਕਿ ਕਦੇ ਕਦੇ ਦਿਲ ਵਿਚ ਆਉਂਦਾ ਕਿ ਇਹ ਮੈਨੂੰ ਵੇਖਣ ਤਾਂ ਨਹੀਂ ਆਉਂਦਾ!
ਕੁਝ ਚਿਰ ਮਗਰੋਂ ਇਕ ਦਿਨ ਉਸ ਨੇ ਮੈਨੂੰ ਇਕ ਰਸਾਲਾ ਦਿੱਤਾ, ਜਿਸ ਵਿਚ ਮੇਰੇ ਬਾਰੇ ਲੇਖ ਸੀ, ‘ਜੰਗਲੀ ਮੋਰ।’ ਇਹ ਲੇਖ ਉਸੇ ਇਨਸਾਨ ਨੇ ਲਿਖਿਆ ਸੀ, ਜਿਹੜਾ ਸਾਥੋਂ ਹਰ ਰੋਜ਼ ਸੁਆਲ ਪੁੱਛਦਾ ਰਹਿੰਦਾ ਸੀ। ਮੈਂ ਇਨ੍ਹਾਂ ਦਾ ਹਮੇਸ਼ਾ ਰਿਣੀ ਰਹਾਂਗਾ। ਇਨ੍ਹਾਂ ਨੇ ਹੀ ਮੈਨੂੰ ਇਹ ਜੀਵਨੀ ਲਿਖਣ ਲਈ ਉਤਸ਼ਾਹ ਦਿੱਤਾ ਹੈ। ਇਹ ਇਨ੍ਹਾਂ ਦੀ ਦੇਣ ਹੈ। ਮੈਂ ਸਦਾ ਇਨ੍ਹਾਂ ਦਾ ਧੰਨਵਾਦੀ ਰਹਾਂਗਾ।”
‘ਜੱਗ ਦੇ ਜੋਗੀ’ ਦੀਆਂ ਆਖਰੀ ਸਤਰਾਂ ਹਨ, “ਇਹ ਜੋਗੀ ਵਾਲੀ ਫੇਰੀ ਸੀ, ਮੁੜ ਪਵੇ ਕਿ ਨਾ, ਇਹ ਚੰਗੀ ਸੀ ਜਾਂ ਮਾੜੀ ਸੀ, ਉਹ ਰੱਬ ਜਾਣੇ!”