ਸਿੱਖ ਅਤੇ ਸਿੱਖ ਧਰਮ ਦੀ ਸਮਝ

ਤਬਦੀਲੀ ਕੁਦਰਤ ਦਾ ਅਟੱਲ ਨੇਮ ਹੈ, ਪਰ ਅਮਰਜੀਤ ਸਿੰਘ ਮੁਲਤਾਨੀ ਨੇ ਆਪਣੇ ਇਸ ਲੇਖ ਵਿਚ ਸਿੱਖ ਅਤੇ ਸਿੱਖੀ ਅੰਦਰ ਹੋ ਰਹੀਆਂ ਤਬਦੀਲੀਆਂ ਨੂੰ ਰਤਾ ਕੁ ਵੱਖਰੇ ਕੋਣ ਤੋਂ ਦੇਖਣ ਦਾ ਯਤਨ ਕੀਤਾ ਹੈ। ਉਹ ਆਪਣੀਆਂ ਸਾਰੀਆਂ ਗੱਲਾਂ ਦਾ ਧੁਰਾ ਖਰੀ ਸਿੱਖੀ ਨੂੰ ਬਣਾਉਂਦਾ ਹੈ ਅਤੇ ਵੱਖ-ਵੱਖ ਹਵਾਲਿਆਂ ਨਾਲ ਪਿਛਲ-ਕਦਮੀ ਪੈੜਚਾਲ ਦੀ ਨਿਸ਼ਾਨਦੇਹੀ ਕਰਦਾ ਹੈ।

-ਸੰਪਾਦਕ

ਅਮਰਜੀਤ ਸਿੰਘ ਮੁਲਤਾਨੀ

ਕਲਕੱਤੇ ਮੇਰਾ ਦੋਸਤ ਸੁਰਜੀਤ ਸਿੰਘ ਆਮ ਤੌਰ ‘ਤੇ ਗੁਰੂ ਘਰਾਂ ਬਾਰੇ ਬਹੁਤ ਪੁਰਾਣੀ ਕਹਾਵਤ ਕਿਹਾ ਕਰਦਾ ਸੀ, “ਇੱਕ ਭਾਪਾ, ਭਾਪਾ; ਦੋ ਭਾਪੇ ਸਿੰਘ ਸਭਾ।” ਗੱਲ ਸੁਣਨ ਵਿਚ ਮਜ਼ਾਕ ਜਿਹੀ ਲੱਗਦੀ ਹੈ, ਪਰ ਆਜ਼ਾਦੀ ਤੋਂ ਪਹਿਲਾਂ ਅਤੇ ਵੰਡ ਤੋਂ ਠੀਕ ਬਾਅਦ ਭਾਰਤ ਵਿਚ ਸਿੰਘ ਸਭਾਵਾਂ ਨੇ ਦੇਸ਼ ਅਤੇ ਕੌਮ ਦੀ ਬਹੁਤ ਸੇਵਾ ਕੀਤੀ ਹੈ। ਉਨ੍ਹਾਂ ਵਕਤਾਂ ਵਿਚ ਗੁਰੂ ਘਰਾਂ ਨੇ ਦੇਸ਼ ਦੀ ਆਜ਼ਾਦੀ ਲਈ ਕੌਮੀ ਪ੍ਰਵਾਨਿਆਂ ਨੂੰ ਲਾਮਬੰਦ ਹੋਣ ਲਈ ਬਹੁਤ ਵੱਡਾ ਪਲੈਟਫਾਰਮ ਮੁਹੱਈਆ ਕਰਵਾਇਆ ਸੀ। ਕੈਨੇਡਾ ਅਤੇ ਅਮਰੀਕਾ ਦੇ ਸਿੱਖਾਂ ਦਾ ਭਾਰਤ ਦੇਸ਼ ਦੀ ਆਜ਼ਾਦੀ ਦੇ ਜੰਗ ਵਿਚ ਬਹੁਤ ਅਹਿਮ ਯੋਗਦਾਨ ਰਿਹਾ ਹੈ। ਉਸ ਵਕਤ ਸਿੱਖਾਂ ਦਾ ਨਿਸ਼ਾਨਾ ਦੋਹਰਾ ਸੀ। ਇਕ ਤਾਂ ਵਿਦੇਸ਼ ਆਪਣੀ ਸਥਾਪਤੀ ਦਾ ਰਾਹ ਪੱਕਾ ਕਰਨਾ ਅਤੇ ਨਾਲ ਹੀ ਆਪਣੇ ਗੁਲਾਮ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਚਿੰਤਾ ਕਰਨਾ। ਕਿੰਨੇ ਵੱਡੇ ਜਿਗਰੇ ਤੇ ਬੁਲੰਦ ਕਿਰਦਾਰ ਦੇ ਮਾਲਕ ਸਨ ਉਹ ਸਿੱਖ। ਉਨ੍ਹੀਂ ਦਿਨੀਂ ਗੁਰੂ ਘਰਾਂ ਦਾ ਪ੍ਰਬੰਧ ਕਰਨ ਵਾਲੇ ਸਿੱਖ ਵਧੇਰੇ ਕਰਕੇ ਗੁਰੂ ਤੋਂ ਡਰਨ ਵਾਲੇ ਅਤੇ ਦੇਸ਼ ਤੇ ਕੌਮ ਦੀ ਚਿੰਤਾ ਕਰਨ ਵਾਲੇ ਹੁੰਦੇ ਸਨ। ਉਨ੍ਹਾਂ ਸ਼ੁਰੂਆਤੀ ਦਹਾਕਿਆਂ ਦੌਰਾਨ ਸ਼ਹਿਰਾਂ ਵਿਚ ਵਧੇਰੇ ਕਰਕੇ ਸਕੂਲ ਵੀ ਗੁਰੂਦੁਆਰੇ ਦੀ ਹਦੂਦ ਵਿਚ ਹੀ ਹੁੰਦੇ ਸਨ। ਖਾਲਸਾ ਸਕੂਲਾਂ ਅਤੇ ਕਾਲਜਾਂ ਨੇ ਸਿੱਖਾਂ, ਪੰਜਾਬੀਆਂ ਦੇ ਨਾਲ-ਨਾਲ ਗੈਰ ਪੰਜਾਬੀਆਂ ਨੂੰ ਵੀ ਸਿਖਿਅਤ ਕਰਨ ਵਿਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹੀਂ ਦਿਨੀਂ ਗੁਰੂ ਘਰ ਦੇ ਪ੍ਰਬੰਧਕਾਂ ਤੇ ਪੁਰਾਣੇ ਰਾਜਸੀ ਲੀਡਰਾਂ ਨੂੰ ਚੌਧਰ ਅਤੇ ਨਿੱਜੀ ਲਾਭ ਨਾਲੋਂ ਸਮਾਜ ਦਾ ਭਲਾ ਕਰਨਾ ਵੱਧ ਪਿਆਰਾ ਹੁੰਦਾ ਸੀ। ਮੈਂ ਇੱਥੇ ਇੱਕ ਘਟਨਾ ਦਾ ਜ਼ਿਕਰ ਜ਼ਰੂਰੀ ਸਮਝਦਾ ਹਾਂ। ਹੁਸ਼ਿਆਰ ਪੁਰ ਜ਼ਿਲ੍ਹੇ ਅਧੀਨ ਪੈਂਦੇ ਕਸਬਾ ਟਾਂਡਾ ਵਿਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਬਿਲਡਿੰਗ ਦੀ ਵਿਸ਼ਾਲਤਾ ਪੱਖੋਂ ਉਨ੍ਹੀਂ ਦਿਨੀਂ ਪੂਰੇ ਪੰਜਾਬ ਵਿਚ ਦੂਜੇ ਨੰਬਰ ‘ਤੇ ਸੀ। ਇਸ ਬਿਲਡਿੰਗ ਦਾ ਨਿਰਮਾਣ ਪ੍ਰਸਿੱਧ ਅਕਾਲੀ ਲੀਡਰ ਗਿਆਨੀ ਕਰਤਾਰ ਸਿੰਘ ਨੇ ਆਪਣੀ ਜੱਦੀ ਖੇਤੀ ਯੋਗ ਜ਼ਮੀਨ ਵੇਚ ਕੇ ਕੀਤਾ ਸੀ। ਮੇਰੀ ਇਹ ਉਦਾਹਰਨ ਦੇਣ ਦਾ ਅਸਲ ਭਾਵ ਇਹ ਦੱਸਣਾ ਹੈ ਕਿ ਉਸ ਵਕਤ ਦੇ ਅਕਾਲੀ ਲੀਡਰ ਦਾ ਕਿਰਦਾਰ ਕਿੰਨਾ ਉਚਾ ਤੇ ਸੁੱਚਾ ਸੀ ਅਤੇ ਉਹ ਲੋਕ ਭਲਾਈ ਦਾ ਕੰਮ ਨਿਜੀ ਤੌਰ ‘ਤੇ ਕਰਨ ਦਾ ਮਾਦਾ ਵੀ ਰੱਖਦੇ ਸਨ। ਉਸ ਦੇ ਮੁਕਾਬਲੇ ਅੱਜ ਦੇ ਅਕਾਲੀ ਲੀਡਰਾਂ ਦਾ ਕਿਰਦਾਰ ਕਿੰਨਾ ਨਿਵਾਣ ਵੱਲ ਜਾ ਰਿਹਾ ਹੈ, ਇਸ ਬਾਰੇ ਸਾਰੇ ਸਿੱਖ ਭਲੀ ਭਾਂਤ ਜਾਣੂ ਹਨ।
ਭਾਰਤ ਦੀ ਵੰਡ ਤੋਂ ਬਾਅਦ ਜਦੋਂ ਸਿੱਖਾਂ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਜਾ ਕੇ ਵੱਸਣਾ ਸ਼ੁਰੂ ਕੀਤਾ ਤਾਂ ਵੱਡੀ ਗਿਣਤੀ ਵਿਚ ਸਿੰਘ ਸਭਾਵਾਂ ਹੋਂਦ ਵਿਚ ਆਈਆਂ। ਵੱਖ-ਵੱਖ ਵੱਡੇ ਸ਼ਹਿਰਾਂ ਦੇ ਮੁਹੱਲਿਆਂ ਵਿਚ ਬਹੁਤ ਸਾਰੇ ਗੁਰੂਦੁਆਰਿਆਂ ਦਾ ਨਿਰਮਾਣ ਹੋਇਆ। ਕਿਤੇ-ਕਿਤੇ ਸੁਚੱਜੇ ਪ੍ਰਬੰਧਾਂ ਦੀ ਘਾਟ ਕਾਰਨ ਕਦੇ ਕਦਾਈਂ ਗੁਰੂ ਅਪਮਾਨ ਵਾਲੇ ਹਾਦਸੇ ਹੋ ਜਾਂਦੇ ਸਨ। ਭਾਰਤ ਅਤੇ ਪੰਜਾਬ ਵਿਚ ਅਜਿਹੀ ਘਟਨਾ ਦਾ ਵਾਪਰਨਾ ਉਦੋਂ ਅੱਜ ਵਾਂਗ ਬ੍ਰੇਕਿੰਗ ਨਿਊਜ਼ ਨਹੀਂ ਹੁੰਦੀ ਸੀ। ਉਦੋਂ ਸ਼ਾਇਦ ਸਿੱਖਾਂ ਨੂੰ ਦਸਾਂ ਗੁਰੂਆਂ ਦੇ ਸ਼੍ਰੋਮਣੀ ਪ੍ਰਤੀਨਿਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਪਾਰ ਸ਼ਕਤੀ ‘ਤੇ ਖੁਦ ਨਾਲੋਂ ਵੀ ਵਧੇਰੇ ਭਰੋਸਾ ਸੀ, ਤੇ ਉਨ੍ਹਾਂ ਨੂੰ ਯਕੀਨ ਹੁੰਦਾ ਸੀ ਕਿ ਉਨ੍ਹਾਂ ਦਾ ਗੁਰੂ ਖੁਦ ਆਪ ਹੀ ਇੰਨਾ ਸਮਰੱਥ ਹੈ ਕਿ ਉਹ ਖੁਦ ਹੀ ਅਜਿਹੀਆਂ ਨਿੰਦਣਯੋਗ ਘਟਨਾਵਾਂ ਤੇ ਆਪਣੇ ਵਿਸ਼ਾਲ ਹਿਰਦੇ ਨਾਲ ਗਲਤ ਕੰਮ ਕਰਨ ਵਾਲੇ ਪਾਪੀ ਨੂੰ ਸਜ਼ਾ ਦੇ ਸਕਦਾ ਹੈ, ਕਿਉਂਕਿ ਗੁਰੂਆਂ ਤੋਂ ਵੱਧ ਨਿਆਂ ਪਸੰਦ ਅਤੇ ਸ਼ਕਤੀਸ਼ਾਲੀ ਕੌਣ ਹੋ ਸਕਦਾ ਹੈ? ਪਰ ਹੌਲੀ-ਹੌਲੀ ਜਾਗਰੂਕਤਾ ਅਤੇ ਸਿੱਖਿਆ ਦੀ ਲੋਅ ਵਿਚ ਗੁਰੂ ਦਾ ਸਿੱਖ ਫਲਦਾਰ ਅਤੇ ਘਣਛਾਂਵਾਂ ਦਰੱਖਤ ਬਣਨ ਦੀ ਥਾਂ ਸਿੰਬਲ ਰੁੱਖ ਵਾਂਗ ਉਚਾ ਦਿਖਣ ਦੀ ਚਾਹਤ ਵਿਚ ਇੰਨਾ ਸ਼ਕਤੀਸ਼ਾਲੀ ਹੁੰਦਾ ਗਿਆ ਕਿ ਉਸ ਨੇ ਮਨੁੱਖਤਾ ਨੂੰ ਸੁਰੱਖਿਆ ਦੇਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਨੂੰ ਆਪਣੇ ਘੇਰੇ ਵਿਚ ਲੈ ਲਿਆ। ਉਸ ਨੇ ਲੋੜ ਅਨੁਸਾਰ ਇਕ ਸੰਸਥਾ ਬਣਾ ਲਈ ਤੇ ਉਸ ਰਾਹੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਮੇਤ ਸਿੱਖ ਧਰਮ ‘ਤੇ ਆਪਣਾ ਦਾਅਵਾ ਕਾਇਮ ਕਰ ਲਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਅਤੇ ਸੰਭਾਲ ਲਈ ਰਹਿਤਾਂ ‘ਤੇ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ਼ ਜੀ. ਪੀ. ਸੀ.) ਦਾ ਏਕਾਧਿਕਾਰ ਹੈ। ਸਾਰੀ ਦੁਨੀਆਂ ਵੇਖ ਰਹੀ ਹੈ ਕਿ ਸੰਸਾਰ ਦੇ ਸਭ ਤੋਂ ਸਮਰੱਥ ਅਤੇ ਬਖਸ਼ੰਦ ਗੁਰੂ ਦੇ ਨਾਮ ਤੇ ਆਪੋ-ਆਪਣੀਆਂ ਹੱਟੀਆਂ ਚਲਾਉਣ ਲਈ ਕੁਝ ਆਪ-ਹੁਦਰੇ ਸਿੱਖਾਂ ਵੱਲੋਂ ਕਿਹੋ ਜਿਹੀ ਕਾਵਾਂ-ਰੌਲੀ ਪਾਈ ਜਾ ਰਹੀ ਹੈ ਅਤੇ ਗੁਰੂ ਤੇ ਸਿੱਖਾਂ ਨੂੰ ਸ਼ਰਮਸਾਰ ਕੀਤਾ ਜਾ ਰਿਹਾ ਹੈ।
ਵਿਦੇਸ਼ਾਂ ਵਿਚ ਤਾਂ ਹਾਲਤ ਹੋਰ ਵੀ ਗੰਭੀਰ ਹੈ। ਭਾਰਤ ਵਿਚ ਤਾਂ ਕਦੇ ਦੋ ਭਾਪੇ ਮਿਲ ਕੇ ਸਿੰਘ ਸਭਾ ਬਣਾਉਂਦੇ ਹੁੰਦੇ ਸਨ ਪਰ ਵਿਦੇਸ਼ਾਂ ਵਿਚ ਕਿਸੇ ਵੀ ਇਲਾਕੇ ਵਿਚ ਜਦੋਂ ਕੁਝ ਸਿੱਖ ਪਰਿਵਾਰਾਂ ਦਾ ਜਮਾਵੜਾ ਹੁੰਦਾ ਹੈ ਤਾਂ ਉਨ੍ਹਾਂ ਪਰਿਵਾਰਾਂ ਵਿਚੋਂ ਉਹ ਵਿਅਕਤੀ, ਜਿਸ ਦਾ ਕਾਰੋਬਾਰ ਚੰਗਾ ਚੱਲ ਪਿਆ ਹੁੰਦਾ ਹੈ ਜਾਂ ਜਿਸ ਨੂੰ ਕੁਝ ਬਣਨ ਦੀ ਛੂਤ ਲੱਗ ਜਾਂਦੀ ਹੈ, ਉਹ ਆਪਣੇ ਖੁਆਬਾਂ ਦੀ ਪੂਰਤੀ ਲਈ ਬਾਕੀਆਂ ਨੂੰ ‘ਗੁਰੂ ਘਰ’ ਦੇ ਨਾਮ ਹੇਠ ਇੰਜ ਲਾਮਬੰਦ ਕਰਦਾ ਹੈ ਕਿ ਬਾਕੀਆਂ ਕੋਲ ਉਸ ਦੀ ਹਾਂ ਵਿਚ ਹਾਂ ਮਿਲਾਉਣ ਤੋਂ ਬਿਨਾ ਕੋਈ ਚਾਰਾ ਨਹੀਂ ਹੁੰਦਾ। ਵਧੇਰੇ ਲੋਕ ਤਾਂ ਰੱਬ ਦੇ ਘਰ ਦੀ ਖੁਸ਼ੀ ਪ੍ਰਾਪਤ ਕਰਨ ਖਾਤਰ ਹੀ ਨਾਲ ਤੁਰ ਪੈਂਦੇ ਹਨ। ਨਾ ਤਾਂ ਇਨ੍ਹਾਂ ਦੇ ਮੋਢੀ ਨੂੰ, ਤੇ ਨਾ ਹੀ ਬਾਕੀਆਂ ਵਿਚੋਂ ਕਿਸੇ ਨੂੰ ‘ਗੁਰੂ ਘਰ ਅਥਵਾ ਗੁਰਦੁਆਰਾ ਸਾਹਿਬ’ ਦੇ ਅਰਥ ਜਾਂ ਮਕਸਦ ਦਾ ਗਿਆਨ ਨਹੀਂ ਹੁੰਦਾ। ਉਨ੍ਹਾਂ ਸਾਰਿਆਂ ਦੀ ਜਾਣਕਾਰੀ ਸਿਰਫ ਬਿਲਡਿੰਗ ਬਣਾਉਣ ਤੱਕ ਹੁੰਦੀ ਹੈ ਜਿਸ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਅਤੇ ਰਾਤ ਨੂੰ ਸੁਖ ਆਸਨ ਕਰਨ ਲਈ ਵੱਖਰਾ ਤੇ ਨਿਵੇਕਲਾ ਸਥਾਨ ਹੋਏ ਅਤੇ ਸਭ ਤੋਂ ਜ਼ਰੂਰੀ ਲੰਗਰ ਤਿਆਰ ਕਰਨ ਤੇ ਛਕਾਉਣ ਲਈ ਵੱਖਰੀ ਜਗ੍ਹਾ ਵੀ ਹੋਏ।
ਇਹ ਸਭ ਹੋ ਜਾਏ ਤਾਂ ਉਨ੍ਹਾਂ ਅਨੁਸਾਰ ਗੁਰੂ ਘਰ ਤਿਆਰ ਹੈ। ਪਾਠੀ ਸਿੰਘ ਵੀ ਉਨ੍ਹਾਂ ਦੀ ਆਪਣੀ ਸਮਝ ਅਨੁਸਾਰ ਮਿਲ ਜਾਂਦਾ ਹੈ। ਗੁਰੂ ਘਰ ਆਰੰਭ ਹੋਣ ‘ਤੇ ਸਾਰੇ ਹੀ ਆਪਣੇ ਆਪ ਨੂੰ ਵਡਭਾਗਾ ਸਮਝਦੇ ਹਨ। ਸ਼ੁਰੂਆਤ ਵਿਚ ਜਦੋਂ ਗੋਲਕ ਛੋਟੀ ਹੁੰਦੀ ਹੈ, ਖਰਚੇ ਪੂਰੇ ਕਰਨ ਲਈ ਪ੍ਰਬੰਧਕਾਂ ਨੂੰ ਆਪਣੇ ਕੋਲੋਂ ਪੈਸੇ ਪਾਉਣੇ ਪੈਂਦੇ ਹਨ। ਇਸ ਸਮੇਂ ਤੱਕ ਤਾਂ ਸਭ ਠੀਕ ਚੱਲਦਾ ਹੈ। ਹੌਲੀ-ਹੌਲੀ ਆਲੇ-ਦੁਆਲੇ ਜਦੋਂ ਨਵਾਂ ਗੁਰੂ ਘਰ ਖੁੱਲ੍ਹਣ ਦੀ ਖਬਰ ਫੈਲਦੀ ਹੈ ਤਾਂ ਨੇੜਲੇ ਹੋਰਨਾਂ ਗੁਰੂ ਘਰਾਂ ਦੇ ਪ੍ਰਬੰਧਕਾਂ ਦੀਆਂ ਕਾਰਗੁਜ਼ਾਰੀਆਂ ਤੋਂ ਜਾਂ ਪ੍ਰਬੰਧਕਾਂ ਵੱਲੋਂ ਲੰਮੇ ਸਮੇਂ ਤੱਕ ਮੈਨੇਜਮੈਂਟ ‘ਤੇ ਮਾਰੇ ਜੱਫੇ ਤੋਂ ਕੁਝ ਅਸੰਤੁਸ਼ਟ ਲੋਕ ਨਵੇਂ ਗੁਰੂ ਘਰ ਦੀਆਂ ਰੌਣਕਾਂ ਵਿਚ ਵਾਧਾ ਕਰਦੇ ਹਨ। ਜਦੋਂ ਸੰਗਤਾਂ ਦੀ ਗਿਣਤੀ ਵਧ ਜਾਂਦੀ ਹੈ, ਡਾਲਰ ਗੋਲਕਾਂ ਦੀ ਸਮਰੱਥਾ ਤੋਂ ਵੱਧ ਬਾਹਰ ਹਰਿਆਲੀ ਦਾ ਨਜ਼ਾਰਾ ਪੇਸ਼ ਕਰਨ ਲੱਗ ਪੈਂਦੇ ਹਨ ਤਾਂ ਫਿਰ ਪ੍ਰਬੰਧਕਾਂ ਦਾ ਚੱਜ ਆਚਾਰ ਵੀ ਬਦਲਣ ਲੱਗ ਪੈਂਦਾ ਹੈ।
ਪ੍ਰਬੰਧਕਾਂ/ਪੁਜਾਰੀਆਂ ਨੂੰ ਵੀ ਦਿਵਯ ਗਿਆਨ ਹੋ ਜਾਂਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਸਿਰਫ ਸੱਚੇ ਸਿੱਖ ਲਈ ਹੀ ਬਹੁਤ ਵੱਡੀ ਸ਼ਕਤੀ ਹਨ। ਫਿਰ ਪ੍ਰਬੰਧਕ/ਪੁਜਾਰੀ ਆਪਣੇ ਦਿਵਯ ਗਿਆਨ ਦੀ ਲੋਅ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ ਸਿੱਖ ਧਰਮ/ਸਿੱਖੀ ਦੀ ਸੇਵਾ ਦੇ ਨਾਮ ਤੇ ਆਪਣੇ ਵਿਰੋਧੀਆਂ ਪ੍ਰਤੀ ਡਾਂਗ-ਸੋਟਾ ਤੇ ਘਾਤਕ ਹਥਿਆਰ ਦੀ ਵਰਤੋਂ ਕਰਦੇ ਹੋਏ ਸਿੱਖ ਸਿਧਾਂਤਾਂ ਨੂੰ ਤਾਰ-ਤਾਰ ਕਰਦੇ ਹਨ। ਉਨ੍ਹਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਗਤਾਂ ਦੀ ਹਾਜ਼ਰੀ ਵਿਚ ਸ਼ਰੇਆਮ ਬੇਹੁਰਮਤੀ ਕਰਕੇ ਅਗਲੇ ਦੀਵਾਨ ‘ਤੇ ਫਿਰ ਉਹੀ ਪ੍ਰਬੰਧਕ ਸੰਗਤਾਂ ਨੂੰ ਧਾਰਮਿਕ ਗਿਆਨ ਪਰੋਸ ਰਹੇ ਹੁੰਦੇ ਹਨ। ਕਿੰਨੀ ਵੱਡੀ ਤ੍ਰਾਸਦੀ ਹੈ, ਸੂਰਾ ਕਹਾਉਣ ਵਾਲੇ ਸਿੱਖ ਉਸ ਘੜੀ ਅੱਖਾਂ ਤੋਂ ਅੰਨ੍ਹਾ ਬਣ ਕੇ ਡੰਗ ਟਪਾ ਲੈਂਦੇ ਹਨ, ਕਿਸੇ ਦੀ ਨਾਬਰੀ ਨਾ ਮੰਨਣ ਵਾਲੇ ਸਿੱਖ ਫਿਰ ਉਨ੍ਹਾਂ ਹੀ ਦਿਵਯ ਅਤੇ ਜ਼ਰੂਰੀ ਬਣ ਗਏ (ੀਨਦਸਿਪeਨਸਅਬਲe) ਪ੍ਰਬੰਧਕਾਂ ਦੇ ਅੱਗੇ ਪਿੱਛੇ ਟਹਿਲੂਆਂ ਵਾਂਗ ਫਿਰਦੇ ਹਨ।
ਭਾਈ ਕਾਹਨ ਸਿੰਘ ਨਾਭਾ ਰਚਿਤ ‘ਮਹਾਨ ਕੋਸ਼’ ਵਿਚ ਗੁਰੂਦੁਆਰੇ ਨੂੰ ਇੰਜ ਪਰਿਭਾਸ਼ਿਤ ਕੀਤਾ ਗਿਆ ਹੈ: ‘ਸਿੱਖਾਂ ਦਾ ਗੁਰੂਦੁਆਰਾ, ਵਿਦਿਆਰਥੀਆਂ ਲਈ ਸਕੂਲ, ਆਤਮ ਜਿੱਗਆਸਾ ਵਾਲਿਆਂ ਲਈ ਉਪਦੇਸ਼ਕ ਆਚਰਯ, ਰੋਗੀਆਂ ਲਈ ਸ਼ਫਾਖਾਨਾ, ਭੁੱਖਿਆਂ ਲਈ ਅੰਨਪੂਰਨਾ, ਇਸਤਰੀ ਜਾਤਿ ਦੀ ਪੱਤ ਰੱਖਣ ਲਈ ਲੋਹਮਈ ਦੁਰਗ ਅਤੇ ਮੁਸਾਫਿਰਾਂ ਲਈ ਵਿਸ਼ਰਾਮ ਦਾ ਸਥਾਨ ਹੈ’।
ਹਰ ਸਿੱਖ ਨੂੰ ਇਹ ਜ਼ਰੂਰ ਜਾਣ ਲੈਣਾ ਚਾਹੀਦਾ ਹੈ ਕਿ ਉਹ ਗੁਰੂ ਘਰ ਜਿੱਥੇ ਉਹ ਸ਼ਰਧਾ ਵਸ ਜਾਂਦੇ ਹਨ, ਕੀ ਉਹ ਉਪਰੋਕਤ ਕਸੌਟੀ ‘ਤੇ ਪੂਰੇ ਉਤਰਦੇ ਹਨ? ਉਪਰੋਕਤ ਕਸੌਟੀ ‘ਤੇ ਪੂਰਾ ਖਰਾ ਉਤਰਨਾ ਤਾਂ ਦੂਰ ਦੀ ਗੱਲ ਹੈ, ਕੋਈ ਵੀ ਗੁਰੂ ਘਰ ਇਸ ਕਸੌਟੀ ਦੇ ਨੇੜੇ ਤੇੜੇ ਵੀ ਨਜ਼ਰ ਨਹੀਂ ਆਉਂਦਾ। ਵਿੱਦਿਆ ਦੇ ਮਾਮਲੇ ਵਿਚ ਤਾਂ ਕਈ ਦਹਾਕੇ ਪਹਿਲਾਂ ਵਾਲੇ ਘੱਟ ਪੜ੍ਹੇ-ਲਿਖੇ ਸਿੱਖ ਵੱਧ ਖਰੇ ਸਨ। ਉਨ੍ਹਾਂ ਦੇ ਚਲਾਏ ਵਿੱਦਿਅਕ ਅਦਾਰੇ ਤੇ ਸੰਸਥਾਵਾਂ ਅੱਜ ਵੀ ਚੱਲ ਰਹੇ ਹਨ, ਵਰਨਾ ਅੱਜ ਦੇ ਅਗਾਂਹਵਧੂ ਪ੍ਰਬੰਧਕਾਂ ਦਾ ਵਸ ਚੱਲੇ ਤਾਂ ਉਹ ਫੌਰਨ ਉਨ੍ਹਾਂ ਦੀ ਥਾਂ ਨੋਟ ਛਾਪਣ ਵਾਲੇ ਵਪਾਰਕ ਕੇਂਦਰਾਂ ਵਿਚ ਬਦਲ ਦੇਣ। ਪੁਰਾਣੇ ਸਿੱਖ ਗੁਰੂ ਘਰਾਂ ਵਿਚ ਖੈਰਾਤੀ ਡਿਸਪੈਂਸਰੀਆਂ ਵੀ ਚਲਾਉਂਦੇ ਸਨ। ਭੁੱਖਿਆਂ ਲਈ ਅੰਨ ਪੂਰਨਾ ਤਾਂ ਹਰ ਗੁਰੂ ਘਰ ਹੈ। ਆਤਮ ਜਿੱਗਆਸਾ ਵਾਲਿਆਂ ਲਈ ਉਪਦੇਸ਼ਕ ਆਚਰਯ ਬਣਨ ਦਾ ਸਬਬ ਕਿਤੇ ਵੀ ਨਹੀਂ ਹੈ। ਭਾਈ ਗੁਰਦਾਸ ਜੀ ਨੇ ਤਾਂ ‘ਘਰ-ਘਰ ਅੰਦਰ ਧਰਮਸਾਲ’ ਦੀ ਕਾਮਨਾ ਕੀਤੀ ਸੀ, ਪਰ ਹੁਣ ਤਾਂ ਥਾਂ-ਥਾਂ ‘ਤੇ ਟਕਸਾਲਾਂ ਦਾ ਰੁਝਾਨ ਹੈ। ਇਕ ਰਹਿਤ ਦੀ ਥਾਂ ਰਹਿਤਾਂ ਦਾ ਜਾਲ ਫੈਲਿਆ ਹੋਇਆ ਹੈ। ਜਿਉਂਦੇ ਜਾਗਦੇ ਤੇ ਚੌਕਸ ਸਿੱਖਾਂ ਦੀ ਮੌਜੂਦਗੀ ਦੇ ਬਾਵਜੂਦ ਕਈ ਧਾਰਮਿਕ ਡੇਰਿਆਂ ਨੇ ਆਪਣੇ ਵੱਖਰੇ ਗੁਟਕੇ ਛਾਪੇ ਹੋਏ ਹਨ। ਇਸਤਰੀ ਜਾਤਿ ਦੀ ਪੱਤ ਰੱਖਣ ਦੇ ਮਾਮਲੇ ਵਿਚ ਵੀ ਗੁਰੂ ਘਰਾਂ ਦੇ ਨਿਜ਼ਾਮ ਕੋਈ ਠੋਸ ਉਪਰਾਲੇ ਨਹੀਂ ਕਰਦੇ।
ਹਰ ਸਿੱਖ ਨੂੰ ਚਾਹੀਦਾ ਹੈ ਕਿ ਉਹ ਹਮੇਸ਼ਾਂ ਹਰ ਘਟਨਾ ਆਪਣੀਆਂ ਅੱਖਾਂ ਨਾਲ ਹੀ ਦੇਖਣ ਦੀ ਆਦਤ ਪਾਵੇ ਅਤੇ ਹਰ ਗੱਲ ਵੀ ਆਪਣੇ ਕੰਨਾਂ ਨਾਲ ਸੁਣੇ, ਫਿਰ ਕਿਸੇ ਵੀ ਘਟਨਾ ‘ਤੇ ਆਪਣਾ ਪ੍ਰਤੀਕਰਮ ਦੇਵੇ। ਇਹ ਨਹੀਂ ਕਿ ਕਿਸੇ ਦੀ ਸੁਣੀ-ਸੁਣਾਈ ਗੱਲ ‘ਤੇ ਭਰੋਸਾ ਕਰਕੇ। ਕਿਸੇ ਦੀ ਗੱਲ ਸੁਣ ਕੇ ਫਿਰ ਉਸ ‘ਤੇ ਅਮਲ ਸਿਰਫ ਭੇਡਾਂ ਜਿਹੀ ਫਿਤਰਤ ਵਾਲੇ ਮਨੁੱਖ ਹੀ ਕਰਦੇ ਹਨ। ਅਸੀਂ ਵਿਦੇਸ਼ਾਂ ਵਿਚ ਰਹਿੰਦੇ ਹਾਂ, ਸਾਨੂੰ ਇਨ੍ਹਾਂ ਦੀਆਂ ਚੰਗੀਆਂ ਗੱਲਾਂ ਗ੍ਰਹਿਣ ਕਰਨੀਆਂ ਚਾਹੀਦੀਆਂ ਹਨ। ਸਾਨੂੰ ਉਨ੍ਹਾਂ ਦੀ ਹਰ ਉਸ ਗੱਲ ਦੀ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ ਜੋ ਉਹ ਕਰਦੇ ਹਨ ਪਰ ਅਸੀਂ ਨਹੀਂ ਕਰਦੇ। ਨਿਰਪੱਖਤਾ ਨਾਲ ਇਹ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਉਹ ਸਾਡੇ ਨਾਲੋਂ ਸਮਾਜ ਵਜੋਂ ਅਤੇ ਦੇਸ਼ ਵਜੋਂ ਕਿਉਂ ਉਨਤ ਹਨ? ਕਿਉਂ ਅਸੀ ਖੁਸ਼ਹਾਲੀ ਲਈ ਉਨ੍ਹਾਂ ਦੇ ਦੇਸ਼ ਵਿਚ ਆਏ ਹਾਂ? ਅਸੀਂ ਇਹ ਸਭ ਆਪਣੇ ਜਨਮ ਵਾਲੇ ਦੇਸ਼ ਵਿਚ ਕਿਉਂ ਨਹੀਂ ਕਰ ਸਕੇ? ਇੱਕ ਜੋ ਸਭ ਤੋਂ ਪ੍ਰਤੱਖ ਅੰਤਰ ਇਨ੍ਹਾਂ ਵਿਕਸਿਤ ਅਤੇ ਵਿਕਾਸ ਕਰ ਰਹੇ ਦੇਸ਼ਾਂ ਵਿਚ ਨਜ਼ਰ ਆਉਂਦਾ ਹੈ, ਉਹ ਹੈ ਧਰਮ। ਧਰਮ ਹਰ ਮਨੁੱਖ ਦੇ ਰੂਹ ਦੀ ਖੁਰਾਕ ਹੁੰਦਾ ਹੈ, ਇਸ ਲਈ ਧਰਮ ਹਰ ਥਾਂ ਹੈ। ਦੁਨੀਆਂ ਵਿਚ ਕੋਈ ਅਜਿਹਾ ਦੇਸ਼ ਖੋਜਣਾ ਅਸੰਭਵ ਜਿਹਾ ਸਵਾਲ ਹੈ ਜਿੱਥੇ ਧਰਮ ਨਹੀਂ ਹੈ। ਇਨ੍ਹਾਂ ਵਿਕਸਿਤ ਦੇਸ਼ਾਂ ਵਿਚ ਸਭ ਤੋਂ ਵੱਡਾ ਤੇ ਅਜੀਬ ਫਰਕ ਜੋ ਆਮ ਤੌਰ ‘ਤੇ ਸਹਿਜ ਕੀਤੇ ਹੀ ਸਮਝਿਆ ਜਾ ਸਕਦਾ ਹੈ, ਉਹ ਹੈ ਇਨ੍ਹਾਂ ਦੇਸ਼ਾਂ ਦੀ ਵੱਡੀ ਆਬਾਦੀ ਦਾ ਧਾਰਮਿਕ ਤੌਰ ‘ਤੇ ਸੀਮਤ ਹੋਣਾ। ਇਨ੍ਹਾਂ ਦੇ ਚਰਚਾਂ ਵਿਚ ਐਤਵਾਰ ਵਾਲੇ ਦਿਨ ਦੀ ਹਾਜ਼ਰੀ ਬੜੀ ਸੀਮਤ ਅਤੇ ਸੀਮਤ ਸਮੇਂ ਲਈ ਹੁੰਦੀ ਹੈ। ਪ੍ਰਾਰਥਨਾਵਾਂ ਵੀ ਇਨ੍ਹਾਂ ਦੀਆਂ ਆਮ ਹੀ ਹੁੰਦੀਆਂ ਹਨ।
ਦੂਜੇ ਪਾਸੇ ਵਿਕਾਸ ਕਰ ਰਹੇ ਦੇਸ਼ਾਂ ਵਿਚ ਸਮਾਜਕ ਤੇ ਆਰਥਕ ਵਿਕਾਸ ਦੀ ਰਫਤਾਰ ਕਦੇ ਵੀ ਪੱਛਮੀ ਦੇਸ਼ਾਂ ਨੂੰ ਪਛਾੜਨ ਵਾਲੀ ਨਹੀਂ ਰਹੀ ਹੈ। ਵਿਕਾਸ ਕਰ ਰਹੇ ਦੇਸ਼ਾਂ ਵਿਚ ਧਰਮ/ਰਾਜਨੀਤਕਾਂ ਦਾ ਗਲਬਾ, ਸਮਾਜ ਅਤੇ ਰਾਜਨੀਤੀ ਵਿਚ ਇੰਨਾ ਜ਼ਿਆਦਾ ਹੈ ਕਿ ਉਥੇ ਦੀ ਆਰਥਕਤਾ ਨਾਲੋਂ ਧਰਮ/ਰਾਜਨੀਤਕਾਂ ਦੀ ਪ੍ਰਫੁੱਲਤਾ ਨੂੰ ਪਹਿਲ ਮਿਲਦੀ ਹੈ। ਧਰਮ ਆਮ ਲੋਕਾਂ ਦੇ ਦਿਮਾਗ ‘ਤੇ ਇੰਨਾ ਹਾਵੀ ਰਹਿੰਦਾ ਹੈ, ਉਹ ਹਰ ਕੰਮ ਕਰਨ ਤੋਂ ਪਹਿਲਾਂ ਉਸ ਨੂੰ ਆਪਣੇ ਧਾਰਮਿਕ ਅਕੀਦੇ ਦੇ ਸ਼ੀਸ਼ੇ ਵਿਚੋਂ ਦੀ ਦੇਖਦਾ ਹੈ। ਵਿਕਾਸ ਕਰ ਰਹੇ ਦੇਸ਼ਾਂ ਵਿਚ ਧਰਮਾਧਿਕਾਰੀ/ਰਾਜਨੀਤਕ ਅਤੇ ਧਾਰਮਿਕ ਸਥਾਨ/ਰਾਜਨੀਤੀ ਨਾਲ ਜੁੜੇ ਵਿਅਕਤੀ ਇਨ੍ਹਾਂ ਦੇਸ਼ਾਂ ਦੀ ਆਰਥਕਤਾ ਤੇ ਹਾਵੀ ਹਨ। ਇਨ੍ਹਾਂ ਧਰਮਾਧਿਕਾਰੀਆਂ/ਰਾਜਨੀਤਕਾਂ ਦੀ ਨਜ਼ਰ ਵਿਚ ਲੋਕ ਕਲਿਆਣ ਦਾ ਕੋਈ ਮਹੱਤਵ ਨਹੀਂ ਹੁੰਦਾ। ਇਨ੍ਹਾਂ ਲਈ ਨਿੱਜੀ ਲਾਭ ਸਭ ਤੋਂ ਉਪਰ ਹੁੰਦਾ ਹੈ। ਉਨ੍ਹਾਂ ਨੂੰ ਲੋਕਾਂ ਦੀ ਗਰੀਬੀ ਵਿਚ ਆਪਣਾ ਭਵਿੱਖ ਵਧੇਰੇ ਸੁਰੱਖਿਅਤ ਲੱਗਦਾ ਹੈ। ਵਿਕਾਸ ਕਰ ਰਹੇ ਦੇਸ਼ਾਂ ਦੇ ਲੋਕ ਅਗਾਂਹਵਧੂ ਦੇਸ਼ਾਂ ਵਿਚ ਆ ਕੇ ਵੀ ਸਥਾਨਕ ਲੋਕਾਂ ਵੱਲੋਂ ਆਪਣੇ ਧਰਮ ਨਾਲ ਬਣਾਇਆ ਤਵਾਜ਼ਨ ਸਮਝਦੇ ਨਹੀਂ, ਬਲਕਿ ਆਪਣੇ ਪਿਤਰੀ ਮੁਲਕਾਂ ਤੋਂ ਧਰਮ ਦੀ ਪੰਡ ਲਿਆਉਣੀ ਨਹੀਂ ਭੁੱਲਦੇ ਅਤੇ ਇੱਥੇ ਫਿਰ ਉਸੇ ਪੰਡ ਨੂੰ ਢੋਈ ਜਾਂਦੇ ਹਨ।
ਹਰ ਸਿੱਖ ਨੂੰ ਇਹ ਗੱਲ ਹਮੇਸ਼ਾਂ ਯਾਦ ਰੱਖਣੀ ਚਾਹੀਦੀ ਹੈ ਕਿ ਉਹ ਸਿੱਖ ਸਮਾਜ ਦਾ ਰਾਜਦੂਤ ਹੈ ਅਤੇ ਗੁਰੂ ਨਾਨਕ ਦਾ ਪ੍ਰਤੀਨਿਧੀ ਹੈ। ਸਾਡੇ ਆਲੇ-ਦੁਆਲੇ ਵੱਸਦੇ ਗੈਰ ਲੋਕਾਂ ਵਿਚ ਸਾਡਾ ਰਹਿਣ ਸਹਿਣ, ਸਾਡੇ ਪਰਿਵਾਰਕ ਰਿਸ਼ਤੇ ਅਤੇ ਸਾਡਾ ਚਾਲ-ਚਲਨ ਹੀ ਉਨ੍ਹਾਂ ਦੇ ਦਿਲ ਵਿਚ ਸਾਡੇ ਬਾਰੇ ਚੰਗੇ ਜਾਂ ਮਾੜੇ ਹੋਵਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਹਰ ਸਿੱਖ ਨੂੰ ਹਮੇਸ਼ਾਂ ਸੁਚੇਤ ਰਹਿਣਾ ਚਾਹੀਦਾ ਹੈ ਕਿ ਇਕੱਲੇ ਉਸ ਵੱਲੋਂ ਚੁੱਕਿਆ ਮਾੜਾ ਕਦਮ ਕਿਤੇ ਸਾਰੇ ਸਿੱਖਾਂ ਦੀ ਬਦਖੋਈ ਅਤੇ ਹੇਠੀ ਦਾ ਕਾਰਨ ਤਾਂ ਨਹੀਂ ਬਣ ਰਿਹਾ? ਗੁਰੂ ਨਾਨਕ ਨੇ ਉਚੀਆਂ ਸਦਾਚਾਰਕ ਕਦਰਾਂ ਸਦਕਾ ਹੀ ਆਪਣੇ ਵੇਲੇ ਦੇ ਹਿੰਦੂ ਅਤੇ ਇਸਲਾਮ ਧਰਮਾਂ ਨੂੰ ਵਖਤ ਪਾ ਦਿੱਤਾ ਸੀ। ਇਸਲਾਮ ਨੇ ਰਾਜਸੀ ਤਾਕਤ ਦੇ ਜ਼ਰੀਏ ਸਿੱਖ ਧਰਮ ਨਾਲ ਆਢਾ ਲਾਇਆ ਸੀ ਜਿਸ ਦੀਆਂ ਮਿਸਾਲਾਂ ਨਾਲ ਸਿੱਖ ਇਤਿਹਾਸ ਭਰਿਆ ਪਿਆ ਹੈ। ਹਿੰਦੂ ਧਰਮਾਧਿਕਾਰੀਆਂ ਨੇ ਆਪਣੀਆਂ ਲੂੰਬੜ ਚਾਲਾਂ ਭੇਖੀ ਸਿੱਖਾਂ ਦੇ ਮਾਰਫਤ ਗੁਰੂ ਇਤਿਹਾਸ ਅਤੇ ਗੁਰਬਾਣੀ ਵਿਚ ਮਿਲਾਵਟ ਕਰਕੇ ਚੱਲੀਆਂ। ਇਸ ਦਾ ਪ੍ਰਤੱਖ ਪ੍ਰਮਾਣ ਅੱਜ ਸਿੱਖਾਂ ਦੇ ਸਾਹਮਣੇ ਹੈ, ਜਦੋਂ ਹਿੰਦੂ ਦਾਅਵਾ ਕਰਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹਿੰਦੂ ਦੇਵਤਿਆਂ ਦਾ ਨਾਮ ਬਹੁਤਾਤ ਵਿਚ ਆਉਂਦਾ ਹੈ।
ਮੇਰਾ ਨਿੱਜੀ ਮਤ ਹੈ ਕਿ ਇਹ ਸਭ ਸਾਡੇ ਪੁਰਖੇ ਸਿੱਖਾਂ ਦੀ ਗਫਲਤ ਕਾਰਨ ਵਾਪਰਿਆ ਹੈ। ਗੁਰੂ ਨਾਨਕ ਦੀ ਮਿਥਿਹਾਸਕ ਹਿੰਦੂ ਦੇਵਤਿਆਂ ਦੇ ਨਾਲ ਕੋਈ ਤੁਲਨਾ ਨਹੀਂ। ਸਿੱਖ ਧਰਮ ਜੀਵਤ ਹੈ ਅਤੇ ਇਸ ਦਾ ਇਤਿਹਾਸ ਹੈ। ਹਿੰਦੂ ਧਰਮ ਪੂਰੇ ਤੌਰ ‘ਤੇ ਮਿਥਿਹਾਸ ਹੈ। ਪੂਰਵ ਕਾਲ ਵਿਚ ਹਿੰਦੂਆਂ ਦੇ ਵਡੇਰਿਆਂ ਨੇ ਗੁਰੂ ਗੋਬਿੰਦ ਸਿੰਘ ਜੀ ਜਿਹੇ ਉਚ ਕੋਟੀ ਦੇ ਵਿਦਵਾਨ ਦੇ ਨਾਮ ਤੇ ਉਨ੍ਹਾਂ ਨੇ ਹਿੰਦੂ ਧਰਮ ਨਾਲ ਮਿਲਦਾ ਜੁਲਦਾ ਅਡੰਬਰ ਭਰਪੂਰ ਧਾਰਮਿਕ ਬਾਣੀ ਅਤੇ ਸਾਹਿਤ ਰਚਿਆ ਹੈ ਜਿਸ ਦੀਆਂ ਉਦਾਹਰਨਾਂ ਉਹ ਹਰ ਵਾਰ ਦਿੰਦੇ ਹਨ। ਇਸ ਤੋਂ ਇਲਾਵਾ ਸਿੱਖ ਗੁਰੂਆਂ ਦੀਆਂ ਜਨਮ ਸਾਖੀਆਂ ਵੀ ਹਿੰਦੂ ਦੇਵਤਿਆਂ ਦੀ ਤਰਜ਼ ‘ਤੇ ਹੀ ਲਿਖੀਆਂ ਗਈਆਂ ਹਨ। ਇਨ੍ਹਾਂ ਤੋਂ ਇਹ ਪ੍ਰਭਾਵ ਦੇਣ ਦਾ ਯਤਨ ਕੀਤਾ ਗਿਆ ਹੈ ਕਿ ਸਿੱਖਾਂ ਦੇ ਗੁਰੂ/ਗੁਰਬਾਣੀ ਅਤੇ ਹਿੰਦੂ ਦੇਵਤੇ/ਬਾਣੀ ਇਕ ਸਮਾਨ ਹਨ।
ਅੰਗਰੇਜ਼ੀ ਦੇ ਮਸ਼ਹੂਰ ਲੇਖਕ ਮਰਹੂਮ ਖੁਸ਼ਵੰਤ ਸਿੰਘ ਵੱਲੋਂ ਲਿਖਤ ‘ਏ ਹਿਸਟਰੀ ਆਫ ਦਿ ਸਿੱਖਸ’ ਦੇ ਪਹਿਲੇ ਖੰਡ ਦੇ ਸਫਾ 281 ਦੇ ਹੇਠਾਂ ਫੁੱਟ ਨੋਟ ਵਿਚ ਲਿਖਿਆ ਹੈ: ਸਿੱਖ ਮਿਸਲਾਂ ਦੀ ਚੜ੍ਹਤ ਵੇਲੇ ਵੱਡੀ ਗਿਣਤੀ ਵਿਚ ਹਿੰਦੂ ਸਿੱਖ ਧਰਮ ਵਿਚ ਤਬਦੀਲ ਹੋਏ ਸਨ (ਜਿਸ ਨੂੰ ਉਹ ਹਿੰਦੂ ਧਰਮ ਦੀ ਹੀ ਸ਼ਾਖਾ ਸਮਝਦੇ ਸਨ)। ਉਹ ਹਿੰਦੂ ਆਪਣੇ ਨਾਲ ਰਵਾਇਤਾਂ ਅਤੇ ਪੂਰਵ-ਧਾਰਨਾਵਾਂ ਲਿਆਏ ਸਨ ਅਤੇ ਵੱਡੇ ਪੱਧਰ ‘ਤੇ ਨਾਨਕ ਅਤੇ ਗੁਰੂਆਂ ਦੇ ਧਰਮ ਨੂੰ ਬਦਲਿਆ ਸੀ। ਬ੍ਰਾਹਮਣਾਂ ਨੇ ਮੁੜ ਆਪਣਾ ਪ੍ਰਭਾਵ ਪ੍ਰਾਪਤ ਕਰ ਲਿਆ ਸੀ ਅਤੇ ਜਾਤ-ਪਾਤ ਦੀਆਂ ਪੂਰਵ-ਧਾਰਨਾਵਾਂ ਅਤੇ ਗਊ ਪੂਜਾ ਨੂੰ ਮੁੜ ਲਾਗੂ ਕਰ ਦਿੱਤਾ ਸੀ। ਸਿੱਖ ਰਜਵਾੜਾਸ਼ਾਹੀ ਜੋ ਵਧੇਰੇ ਕਰਕੇ ਜੱਟ ਸੀ, ਆਪਣੇ ਆਪ ਨੂੰ ਕਸ਼ਤਰੀ ਸਮਝਣ ਲੱਗ ਪਈ ਸੀ ਅਤੇ ਕਸ਼ਤਰੀਆਂ ਦੀਆਂ ਰਵਾਇਤਾਂ ਦੀ ਨਕਲ ਉਤਾਰਨ ਲੱਗ ਪਏ ਸਨ।