ਸੰਨ ਸੰਤਾਲ਼ੀ ਦੇ ਗੁਨਾਹਾਂ ਦਾ ਲੇਖਾ

ਅਮਰਜੀਤ ਚੰਦਨ
ਕਿਸੇ ਬੀਜਿਆ ਏ, ਤੁਸਾਂ ਵੱਢਣਾ ਏਂ।
ਕਿਸੇ ਕੀਤੀਆਂ ਨੇ, ਤੁਸਾਂ ਵਰਤਣਾ ਏਂ।
ਆਪ ਵੇਲੇ ਸਿਰ ਪੁੱਛਣਾ-ਗਿੱਛਣਾ ਸੀ,
ਹੁਣ ਕਿਸੇ ਥੀਂ ਕੀ ਹਿਸਾਬ ਮੰਗੋ। -ਫ਼ੈਜ਼

ਪੰਜਾਬ ਦੇ ਉਜਾੜੇ ਬਾਰੇ ਫ਼ੈਜ਼ ਦੀ ਇਹ ਕੀਤੀ ਸ਼ਾਇਰੀ ਆਪਣੀ ਥਾਂ ਸਹੀ ਏ, ਪਰ ਤਾਰੀਖ਼ ਮੋਇਆਂ ਤੋਂ ਜਿਉਂਦਿਆਂ ਤੋਂ ਹਰ ਵੇਲੇ ਹਿਸਾਬ ਮੰਗਦੀ ਏ। ਤਾਰੀਖ਼ ਦੀ ਵਾਹੀ, ਬੀਜੀ ਦਾ ਵੱਢ ਹਰ ਵੇਲੇ ਪਿਆ ਰਹਿੰਦਾ ਏ। ਪਹਿਲਕਿਆਂ ਦੀਆਂ ਕੀਤੀਆਂ ਮਗਰੋਂ ਆਉਣ ਵਾਲੀਆਂ ਨਸਲਾਂ ਨੂੰ ਭੁਗਤਣੀਆਂ ਪੈਂਦੀਆਂ ਨੇ। ਪੰਜਾਬ ਦੀ ਵੰਡ ਬਾਹਰਲਿਆਂ ਨੇ ਕੀਤੀ ਸੀ; ਇਹ ਪੰਜਾਬ ਦੇ ਲੋਕਾਂ ਤੋਂ ਪੁੱਛ ਕੇ ਨਹੀਂ ਸੀ ਕੀਤੀ ਗਈ। ਤਾਰੀਖ਼ ਐਸੀ ਬਲਾ ਹੈ, ਜੋ ਕਦੇ ਚੁੱਪ ਨਹੀਂ ਕਰਦੀ। ਇਹਦੇ ਕੋਲੋਂ ਕੁਝ ਵੀ ਲੁਕਿਆ ਨਹੀਂ ਹੁੰਦਾ। ਇਹ ਫੱਟ ਭਰਨ ਨਹੀਂ ਦਿੰਦੀ; ਲੂਣ ਭੁੱਕਦੀ ਰਹਿੰਦੀ ਹੈ। ਜਰਮਨ ਕਵੀ ਬ੍ਰੈਖਤ ਨੇ ਲਿਖਿਆ ਸੀ, “ਜਦ ਲੱਗਿਆ ਫੱਟ ਭਰ ਜਾਵੇ, ਤਾਂ ਇਹਦਾ ਪਿਆ ਨਿਸ਼ਾਨ ਵਧੇਰੇ ਦੁੱਖ ਦਿੰਦਾ ਏ।”
ਪੰਜਾਬੀ ਸੰਤਾਲ਼ੀ ਨੂੰ ਆਜ਼ਾਦੀ ਕਰਕੇ ਯਾਦ ਨਹੀਂ ਕਰਦੇ; ਉਹ ਇਹਨੂੰ ਵੱਡੇ ਰੌਲੇ, ਘੱਲੂਘਾਰਾ, ਵੰਡ, ਵੰਡਾਰਾ, ਪਾੜਾ, ਦੰਗੇ-ਫਸਾਦ ਕਹਿੰਦੇ ਹਨ। ਪੰਜਾਬੀ ਲਿਖਾਰੀਆਂ ਦੀਆਂ ਪੰਜਾਬੀ, ਉੜਦੂ, ਹਿੰਦੀ ਤੇ ਅੰਗਰੇਜ਼ੀ ਵਿਚ ਪਾਏ ਕੀਰਨਿਆਂ ਦੀਆਂ ਸੈਂਕੜੇ ਕਿਤਾਬਾਂ ਛਪ ਚੁੱਕੀਆਂ ਨੇ। ਯੂਨੀਵਰਸਿਟੀਆਂ ਦੇ ਖੋਜੀ ਪੋਥੇ ਲਿਖ-ਲਿਖ ਰੱਖੀ ਜਾਂਦੇ ਨੇ। ਚਿੱਤਰਕਾਰਾਂ ਨੇ ਚਿਤਰ ਬਣਾਏ; ਫਿਲਮਾਂ ਦੀ ਕੋਈ ਗਿਣਤੀ ਨਹੀਂ। ਪਾਈ ਕਹਾਣੀ ਦਾ ਸੀਨ ਇੱਕੋ ਹੁੰਦਾ ਏ-ਲੁੱਟਮਾਰ, ਜਬਰ ਜ਼ਨਾਹ, ਆਤਿਸ਼ਜ਼ਨੀ, ਕਤਲ-ਓ-ਗਾਰਤ। ਨਾਂ-ਥਾਂ ਬਦਲ ਲਓ; ਵਕੂਆ-ਵਾਰਦਾਤ ਓਹੀ, ਸੀਨ ਸਾਰੇ ਓਹੀ। ਅਖੀਰ ਵਿਚ ਸ਼ਾਇਰ ਜੀ ਇਨਸਾਨੀਅਤ ਦਾ ਲੈਕਚਰ ਦੇ ਕੇ ਸਟੇਜ ਤੋਂ ਉਤਰ ਜਾਂਦੇ ਨੇ। ਇਸ ਅਜ਼ੀਮ ਡਰਾਮੇ ਦੇ ਪੰਜ ਵੱਡੇ ਕਿਰਦਾਰ ਸਨ। ਹਰ ਪੰਜਾਬੀ ਨੇ ਆਪੋ-ਆਪਣੀ ਪਸੰਦ ਦਾ ਵਿਲਨ ਬਣਾ ਰੱਖਿਆ ਏ, ਜਿਹਦੀ ਬਦਖਵਾਹੀ ਕਰਕੇ ਆਪਣਾ ਦਿਲ ਹੌਲ਼ਾ ਕਰ ਲੈਂਦਾ ਏ: ਮਾਉਂਟਬੈਟਨ, ਗਾਂਧੀ, ਨਹਿਰੂ, ਜਿਨਾਹ ਤੇ ਮਾਸਟਰ ਤਾਰਾ ਸਿੰਘ।
ਸਾਰੇ ਤਾਰੀਖ਼ਦਾਨ ਦਸ ਚੁੱਕੇ ਨੇ ਕਿ 3 ਮਾਰਚ 1947 ਨੂੰ ਰਾਵਲਪਿੰਡੀ ਡਿਵੀਜ਼ਨ ਵਿਚ ਪਹਿਲੀ ਤੀਲੀ ਲਾਉਣ ਵਾਲੇ ਮੁਸਲਿਮ ਲੀਗੀ ਸਨ। (ਉਨ੍ਹਾਂ ਮਾਸਟਰ ਤਾਰਾ ਸਿੰਘ ਦੇ ਪਿੰਡ ਦਾ ਜੱਦੀ ਘਰ ਸਾੜ ਦਿੱਤਾ ਸੀ ਤੇ ਉਹਦੇ ਚਾਚੇ ਨੂੰ ਕਤਲ ਕਰ ਦਿੱਤਾ ਸੀ।) ਨਵਾਬ ਮਮਦੋਟ ਦੀ ਸ਼ਹਿ ਨਾਲ ਮੁਸਲਿਮ ਲੀਗੀ, ਮੁਕਾਮੀ ਮੁਸਲਮਾਨ ਪੁਲਸੀਏ, ਨਾਮਕਟੇ ਫੌਜੀ ਤੇ ਪਿੰਡਾਂ ਦਾ ਕੁਤੀੜਵਾਧਾ ਰਲ ਕੇ ਇਹ ਕਾਰਾ ਕਰਦਾ ਸੀ। ਉਦੋਂ ਪੱਛਮੀ ਪੰਜਾਬ ਵਿਚ ਮਾਰੇ ਗਏ ਹਿੰਦੂ-ਸਿੱਖਾਂ ਦੇ ਕਤਲੇਆਮ ਦੇ ਬਦਲੇ ਵਿਚ ਐਨ ਇਹੀ ਕੁਝ ਇਸੇ ਤਰ੍ਹਾਂ ਹਿੰਦੂ-ਸਿੱਖ ਫਸਾਦੀਆਂ ਨੇ ਪੂਰਬੀ ਪੰਜਾਬ ਵਿਚ ਦੁੱਗਣੀ ਗਿਣਤੀ ਵਿਚ ਮੁਸਲਮਾਨ ਮਾਰ ਕੇ ਕੀਤਾ ਸੀ। ਸੰਤਾਲੀ ਦੇ ਉਜਾੜੇ ਵਿਚ ਮਰਿਆਂ ਦੀ ਕੁਲ ਗਿਣਤੀ ਦਸ ਲੱਖ ਤੇ ਉੱਜੜਿਆਂ ਦੀ ਇਕ ਕਰੋੜ ਦੱਸੀ ਜਾਂਦੀ ਹੈ।
ਉਜਾੜੇ ਤੋਂ ਝੱਟ ਬਾਅਦ ਹੀ ਦੋਵੇਂ ਧਿਰਾਂ ਨੇ ਇਕ ਦੂਜੇ ਦੇ ਹੱਥੋਂ ਹੋਈ ਤਬਾਹੀ ਦਾ ਵੇਰਵਾ ਪੇਸ਼ ਕਰ ਦਿੱਤਾ ਸੀ: ਪਾਕਿਸਤਾਨੀ ਸਰਕਾਰ ਨੇ ਅੰਗਰੇਜ਼ੀ ਵਿਚ ‘ਦਾ ਸਿੱਖ ਪਲੈਨ’ (1948) ਕਿਤਾਬਚਾ ਛਾਪਿਆ ਤੇ ਗੁਰਬਚਨ ਸਿੰਘ ਤਾਲਿਬ ਦਾ ਲਿਖਿਆ ‘ਮੁਸਲਿਮ ਲੀਗ ਅਟੈਕਸ ਔਨ ਸਿਖਸ ਐਂਡ ਹਿੰਦੂਜ਼ ਇਨ ਦਾ ਪੰਜਾਬ 1947’ ਨਾਂ ਦੀ ਰਿਪੋਰਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੰਨ 1950 ਵਿਚ ਛਾਪ ਦਿੱਤੀ ਸੀ।
ਰੱਬਾ ਹੁਣ ਕੀ ਕਰੀਏ!
ਸਤੰਬਰ 2007, ਥਾਂ ਲਾਹੌਰ ਗੁਲਬਰਗ ਵਿਚ ‘ਲਾਹੌਰ ਚ੍ਰਿਤਕਾਰ’ ਨਾਂ ਦੇ ਅਦਾਰੇ ਦਾ ਟਿਕਾਣਾ। ਮੌਕਾ: ਅਜੈ ਭਾਰਦਵਾਜ ਦੀ ਫਿਲਮ ‘ਰੱਬਾ ਹੁਣ ਕੀ ਕਰੀਏ’ ਮੈਂ ਤੀਹ-ਚਾਲੀ ਜਣਿਆਂ ਨੂੰ ਸੱਦ ਕੇ ਦਿਖਾ ਰਿਹਾਂ। ਇਸ ਵਿਚ ਸੰਤਾਲ਼ੀ ਵੇਲੇ ਚੜ੍ਹਦੇ ਪੰਜਾਬ ਵਿਚ ਪਟਿਆਲੇ, ਲੁਧਿਆਣੇ, ਖੰਨੇ ਵਿਚ ਸਿੱਖਾਂ-ਹਿੰਦੂਆਂ ਹੱਥੋਂ ਕੋਹੇ ਹਜ਼ਾਰਾਂ ਮੁਸਲਮਾਨਾਂ ਦੀ ਬਰਬਾਦੀ ਦੀ ਚਸ਼ਮਦੀਦ ਗਵਾਹੀ ਹੈ। ਪਟਿਆਲਾ ਫਰੀਦਕੋਟ ਰਿਆਸਤਾਂ ਦੇ ਸਿੱਖ ਰਾਜਿਆਂ ਨੇ ਆਪਣੀ ਪੁਲਿਸ ਫੌਜ ਨੂੰ ਲੱਭ-ਲੱਭ ਕੇ ਮੁਸਲਮਾਨ ਜਾਨੋਂ ਮਾਰਨ ਦੀ ਖੁੱਲ੍ਹੀ ਛੁੱਟੀ ਦੇ ਰੱਖੀ ਸੀ। ਉਨ੍ਹਾਂ ਸਾਰੇ ਪੰਜਾਬ ਵਿਚ ਨਾਮਕਟੇ ਫੌਜੀਆਂ ਨੂੰ ਜੀਪਾਂ ਤੇ ਹਥਿਆਰ ਵੰਡੇ ਸਨ। ਫਿਲਮ ਦੇ ਅਖੀਰ ਵਿਚ ਲਾਹੌਰ ਦਾ ਫਾਰਸੀ-ਪੜ੍ਹਿਆ ਕਰਮ ਸਿੰਘ ਜਿਵੇਂ ਕੁਲ ਸਿੱਖਾਂ ਦੀ ਤਰਫੋਂ ਮਾਨਸੇ ਕੋਲ ਰੇਲਵੇ ਲਾਈਨ ‘ਤੇ ਜਾ ਕੇ ਕਲਮਾ ਪੜ੍ਹਦਾ ਹੈ, ਜਿੱਥੇ ਬਹੁਤ ਸਾਰੇ ਮੁਸਲਮਾਨ ਕਤਲ ਕੀਤੇ ਗਏ ਸਨ।
ਫਿਲਮ ਮੁੱਕਦੀ ਹੈ। ਬੱਤੀ ਜਗਦੀ ਹੈ। ਮੌਤ ਵਰਗੀ ਚੁੱਪ। ਕੋਈ ਬੀਬੀ ਮੇਰੇ ਨਾਲ ਲੜਨ ਨੂੰ ਪੈਂਦੀ ਵੱਖੀਓਂ ਬੋਲਦੀ ਹੈ, “ਤੁਸੀਂ ਇਹ ਫਿਲਮ ਕਿਉਂ ਦਿਖਾਈ ਏ?” ਮੈਂ ਸੰਭਲਦਿਆਂ ਜਵਾਬ ਦਿੰਦਾ ਹਾਂ, “ਇਸ ਲਈ ਕਿ ਅਸੀਂ ਤਾਂ ਚੜ੍ਹਦੇ ਪੰਜਾਬ ਵਿਚ ਸੰਤਾਲੀ ਦੇ ਆਪਣੇ ਕੀਤੇ ਗੁਨਾਹਾਂ ਦਾ ਕਫ਼ਾਰਾ ਕਰਨ ਲੱਗੇ ਹਾਂ। ਤੁਸੀਂ ਵੀ ਕਰੋ। ਤੁਹਾਡੇ ਵਲ ਵੀ ਕੋਈ ਇਸ ਕਿਸਮ ਦੀ ਫਿਲਮ ਬਣਾਵੇ ਕਿ ਹਜ਼ਾਰਾਂ ਸਿੱਖਾਂ-ਹਿੰਦੂਆਂ ਦੇ ਲਹੂ ਨਾਲ ਹੱਥ ਰੰਗਣ ਵਾਲੇ ਕੌਣ ਸਨ? ਉਨ੍ਹਾਂ ਨੇ ਉਨ੍ਹਾਂ ਦਾ ਕੀ ਵਿਗਾੜਿਆ ਸੀ?”
ਅਗਲਾ ਸੀਨ: ਅਗਸਤ 2012; ਪਾਕਿਸਤਾਨ ਦੇ ਡਿਪਟੀ ਅਟਾਰਨੀ ਜਨਰਲ ਮੁਹੰਮਦ ਖੁਰਸ਼ੀਦ ਖਾਨ ਦੀਆਂ ਤਸਵੀਰਾਂ ਨਾਲ ਚੜ੍ਹਦੇ ਪੰਜਾਬ ਦੀਆਂ ਅਖਬਾਰਾਂ ਭਰੀਆਂ ਪਈਆਂ ਹਨ। ਬੰਦਾ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਵਿਚ ਬੈਠਾ ਪੇਸ਼ਾਵਰ ਵਿਚ ਮਾਰੇ ਗਏ ਬੇਕਸੂਰ ਸਿੱਖਾਂ ਦੇ ਪਛਤਾਵੇ ਵਿਚ ਸੰਗਤਾਂ ਦੀਆਂ ਜੁੱਤੀਆਂ ਸਾਫ ਕਰ ਰਿਹਾ ਹੈ। (ਸਿੱਖਾਂ ਵਿਚ ਇਹ ਰੀਤ ਏ ਕਿ ਬੰਦਾ ਆਪਣੇ ਕੀਤੇ ਗੁਨਾਹ ਦਾ ਕਫ਼ਾਰਾ ਕਰਨ ਲਈ ਗੁਰਦੁਆਰੇ ਝਾੜੂ ਫੇਰੇ; ਸੰਗਤਾਂ ਦੀਆਂ ਜੁੱਤੀਆਂ ਸਾਫ ਕਰੇ; ਲੰਗਰ ਦੇ ਭਾਂਡੇ ਮਾਂਜੇ।) ਫੇਰ ਖਬਰ ਆਉਂਦੀ ਹੈ ਕਿ ਉਹਨੂੰ ਉਪਰਲਿਆਂ ਨੇ ਨੌਕਰੀਓਂ ਕੱਢ ਦਿੱਤਾ ਏ।
ਇਸ ਤੋਂ ਅਗਲਾ ਸੀਨ: 3 ਸਤੰਬਰ 2017; ਥਾਂ ਲੁਧਿਆਣੇ ਦਾ ਪੰਜਾਬੀ ਭਵਨ। ਮੌਕਾ ਸੰਤਾਲ਼ੀ ਦੇ ਗੁਨਾਹਾਂ ਦੇ ਇਕਬਾਲ ਤੇ ਮੁਆਫੀ ਵਾਸਤੇ ਜੁੜੇ ਲੋਕ। ਲੁਧਿਆਣੇ ਦਾ ਨਾਇਬ ਸ਼ਾਹੀ ਇਮਾਮ ਮੋਇਆਂ ਦੀ ਯਾਦ ਵਿਚ ਖਤਮ ਦਿਵਾ ਰਿਹਾ ਹੈ।

ਪੰਜਾਬ ਦੇ ਉਜਾੜੇ ਦੀ ਸ਼ਾਇਰੀ ਦੀ ਮੇਰੀ ਸੰਜੋਈ ਕਿਤਾਬ ‘ਸੰਨ ਸੰਤਾਲ਼ੀ’ (ਨਵਯੁਗ, 2018) ਵਿਚ 54 ਕਵੀ ਨੇ। ਇਸ ਵਿਚ ਮੁਸਲਮਾਨਾਂ ਵਿਚੋਂ ਸਿਰਫ ਉਸਤਾਦ ਦਾਮਨ, ਅਹਿਮਦ ਰਾਹੀ ਤੇ ਸ਼ਰੀਫ ਕੁੰਜਾਹੀ ਨੂੰ ਪੰਜਾਬ ਦੇ ਟੋਟੇ ਹੋਣ ਦਾ ਝੋਰਾ ਹੈ। ਸ਼ਾਇਰ ਮਜ਼ਹਰ ਤਿਰਮਜ਼ੀ ਨੇ ਮੈਨੂੰ ਦੱਸਿਆ, “ਪਾਕਿਸਤਾਨੀ ਰਿਆਸਤ ਨੇ ਸੰਤਾਲ਼ੀ ਦੇ ਕਤਲ-ਏ-ਆਮ ਨੂੰ ਕੁਰਬਾਨੀ ਦਾ ਨਾਂ ਦਿੱਤਾ, ਤਾਂ ਜੇ ਏਸ ਮੁਕੱਦਸ ਫਰਜ਼ ‘ਤੇ ਕੋਈ ਉਂਗਲੀ ਨਾ ਚੁੱਕੇ। ਨਵੇਂ-ਬਣੇ ਮੁਲਕ ਵਿਚ ਕੁਰਬਾਨੀ ਦਾ ਢੋਲ ਪਿੱਟਣ ਲਿਖਾਰੀ ਵੀ ਆਪਣੇ ਫਾਇਦਿਆਂ ਲਈ ਨਾਲ ਰਲ ਗਏ, ਜਿਨ੍ਹਾਂ ਵਿਚ ਉਰਦੂ-ਪੰਜਾਬੀ ਦੇ ਸਭ ਸ਼ਾਮਿਲ ਨੇ। ਇਕ ਉਸਤਾਦ ਦਾਮਨ ਹੀ ਇਕੱਲਾ ਬੈਠਾ ਵੰਡ ਦੇ ਦੁੱਖ ਨੂੰ ਰੋਂਦਾ ਏ।”
ਪੰਜਾਬੀ ਕਿੱਸਾਕਾਰ ਕਿਤਾਬੀ ਜਾਂ ਸਟੇਜੀ ਕਵੀਆਂ ਵਾਂਗ ਲੋਲੋਪੋਪੋ ਕਰਨ ਵਾਲੇ ਨਹੀਂ ਸੀ ਹੁੰਦੇ, ਇਹ ਸਮਾਜੀ ਅਸਲੀਅਤ ਕੋਲ ਖਲੋ ਕੇ ਗੱਲ ਕਰਦੇ ਨੇ। ਇਸ ਵਿਚ ਪੰਜਾਬ ਦੇ ਦੋਹਾਂ ਫਿਰਕਿਆਂ (ਸਿੱਖ-ਹਿੰਦੂ ਤੇ ਮੁਸਲਿਮ) ਦੇ ਆਪਸੀ ਤੁਅੱਸਬ ਦਾ ਖੁੱਲ੍ਹਮ-ਖੁੱਲ੍ਹਾ ਬਿਆਨ ਹੈ। ਇਨ੍ਹਾਂ ਦੀ ਤਹਰੀਰ ਲੋਕਲ ਹਿਸਟਰੀ ਦਾ ਚੰਗਾ ਨਮੂਨਾ ਹੈ। ਇਹੋ ਜਿਹੇ ਦਸ ਤੋਂ ਵਧ ਕਿੱਸੇ 1948-50 ਦੌਰਾਨ ਚੜ੍ਹਦੇ ਪੰਜਾਬ ਵਿਚ ਛਪੇ ਸਨ। ਉਦੋਂ ਕੁ ਹੀ ਲਾਹੌਰ ਵਿਚ ਛਪੇ ਚਰਾਗਦੀਨ ਜੂਨੇ ਕੇ ਵਾਲੇ ਨੇ ਆਪਣੇ ਕਿੱਸੇ ਵਿਚ ਖੂਨ ਦੀਆਂ ਨਦੀਆਂ ਯਾਨਿ ਜ਼ੁਲਮ ਦੀ ਹੱਦ ਵਿਚ ਪਟਿਆਲੇ, ਫਿਰੋਜ਼ਪੁਰ, ਗੁਰਦਾਸਪੁਰ ਜਿਲੇ ਦੇ ਕਾਦੀਆਂ, ਅੰਮ੍ਰਿਤਸਰ ਜਿਲੇ ਦੇ ਵਲਟੋਹਾ, ਅਜਨਾਲੇ ਲਾਗੇ ਕੋਟਲੀ ਪਠਾਣਾਂ ਤੇ ਅੰਮ੍ਰਿਤਸਰ ਸ਼ਹਿਰ ਦੇ ਮਹੱਲੇ ਸ਼ਰੀਫਪੁਰੇ ਵਿਚ ਅਕਾਲ ਸੈਨਾ ਤੇ ਹਿੰਦੂ ਜਨੂਨੀਆਂ ਦੇ ਮੁਸਲਮਾਨਾਂ ਉੱਤੇ ਢਾਹੇ ਜ਼ੁਲਮਾਂ ਦਾ ਬਿਆਨ ਦਰਜ ਕੀਤਾ ਹੈ। ਸਿਬਤੁਲ ਹਸਨ ਜ਼ੈਗ਼ਮ ਦੀ ‘ਬਾਰਾਮਾਹ’ 2019 ਵਿਚ ਛਪੀ ਮੈਨੂੰ 22 ਮਈ 1996 ਦੀ ਲਿਖੀ ਚਿੱਠੀ ਵਿਚ ਬਹੁਤ ਸਾਰੀਆਂ ਐਸੀਆਂ ਲਿਖਤਾਂ ਦਾ ਵੇਰਵਾ ਹੈ, ਜਿਨ੍ਹਾਂ ਨੂੰ ਹੁਣ ਤਕ ਕਿਸੇ ਖੋਜੀ ਵਿਦਵਾਨ ਨੇ ਘੋਖਿਆ ਨਹੀਂ।
ਮਾਸਟਰ ਤਾਰਾ ਸਿੰਘ ਦਾ ਸਕਾ ਛੋਟਾ ਭਰਾ ਨਿਰੰਜਣ ਸਿੰਘ (1892-1979) ਮਹਾਤਮਾ ਗਾਂਧੀ ਦਾ ਪੈਰੋਕਾਰ ਸੀ। ਇਹ ਕਈ ਸਾਲ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿਚ ਪੜ੍ਹਾਉਂਦਾ ਰਿਹਾ। ਫਿਰ ਇਹਨੇ 1940 ਵਿਚ ਲਾਹੌਰ ਵਿਚ ਸਿੱਖ ਨੈਸ਼ਨਲ ਕਾਲਜ ਖੋਲ੍ਹਿਆ ਸੀ। ਇਹਨੇ ਆਪਣੀ ਉਮਰ-ਕਹਾਣੀ ਵਿਚ ਤਾਰਾ ਸਿੰਘ ਦੀਆਂ ਕਰਤੂਤਾਂ ਬਾਰੇ ਇੰਜ ਲਿਖਿਆ:
“ਮੁਸਲਮ ਲੀਗੀਏ ਪਾਕਿਸਤਾਨ ਬਣਾਉਣ ‘ਤੇ ਤੁਲੇ ਹੋਏ ਸਨ। ਉਨ੍ਹਾਂ ਦੇ ਸਿਰ ‘ਤੇ ਫਿਰਕੂਪੁਣੇ ਦਾ ਭੂਤ ਸਵਾਰ ਹੋ ਗਿਆ ਅਤੇ ਉਨ੍ਹਾਂ ਹਿੰਦੂਆਂ ਤੇ ਸਿੱਖਾਂ ਨੂੰ ਮਾਰਨਾ-ਵੱਢਣਾ ਸ਼ੁਰੂ ਕਰ ਦਿੱਤਾ।…ਲੀਗ ਦੀ ਅਗਵਾਈ ਵਿਚ ਮੁਸਲਮਾਨ ਗੁੰਡਿਆਂ ਨੇ ਉਹ ਅੱਤ ਕੀਤੀ ਕਿ ਜਿਨ੍ਹਾਂ ਦੀ ਮਿਸਾਲ ਇਨਸਾਨ ਦੇ ਇਤਿਹਾਸ ਵਿਚ ਹੋਰ ਕਿਤੇ ਨਹੀਂ ਮਿਲਦੀ। ਹਿੰਦੂ-ਸਿੱਖ ਵੀ ਜਾਗੇ। ਉਨ੍ਹਾਂ ਕਮੇਟੀ ਬਣਾਈ ਤੇ ਮਾਸਟਰ ਤਾਰਾ ਸਿੰਘ ਨੂੰ ਆਪਣਾ ਆਗੂ ਬਣਾਇਆ। ਮਾਸਟਰ ਤਾਰਾ ਸਿੰਘ ਬੜਾ ਦਲੇਰ ਤੇ ਬੜਾ ਤੁੰਦ-ਮਿਜ਼ਾਜ ਦਾ ਆਦਮੀ ਸੀ। ਅਕਾਲੀ ਚੰਗੇ ਜੱਥੇਬੰਦ ਸਨ ਤੇ ਮਾਸਟਰ ਤਾਰਾ ਸਿੰਘ ਉਨ੍ਹਾਂ ਦਾ ਵਾਹਦ ਲੀਡਰ ਸੀ। ਫੇਰ ਬਰਾਬਰ ਦੀ ਖੜਕਣ ਲੱਗ ਪਈ। ਓਧਰ ਮੁਸਲਮਾਨ 10 ਹਿੰਦੂ ਸਿੱਖ ਮਾਰਨ, ਇਧਰੋਂ ਮਾਸਟਰ ਤਾਰਾ ਸਿੰਘ 10 ਮੁਸਲਮਾਨ ਮਾਰ ਦਏ। ਓਧਰੋਂ 1000 ਸ਼ਰਣਾਰਥੀ ਜਾਨ ਬਚਾ ਕੇ ਏਧਰ ਆਉਣ, ਏਧਰੋਂ ਮਾਸਟਰ ਤਾਰਾ ਸਿੰਘ 1000 ਮੁਸਲਮਾਨ ਕੱਢ ਦਏ। ਓਧਰ ਔਰਤਾਂ ਦੀ ਬੇਪਤੀ ਹੋਵੇ, ਏਧਰ ਵੀ ਓਹੋ ਹੀ ਵਤੀਰਾ। ਦੋਵੇਂ ਪਾਸੇ ਬੇਅੰਤ ਜ਼ੁਲਮ ਹੋਏ। ਕੋਈ 70 ਲੱਖ ਦੇ ਕਰੀਬ ਹਿੰਦੂ-ਸਿੱਖ ਓਧਰੋਂ ਏਧਰ ਆਏ ਹੋਣਗੇ ਤੇ ਐਨੇ ਹੀ ਮੁਸਲਮਾਨ ਏਧਰੋਂ ਪਾਕਿਸਤਾਨ ਨੂੰ ਭੇਜੇ ਗਏ।…ਮਾਸਟਰ ਤਾਰਾ ਸਿੰਘ ਨੇ ਸਿੱਖਾਂ ਨੂੰ ਤਾਂ ਬਚਾਇਆ, ਪਰ ਵਟਾਂਦਰੇ ਵਿਚ ਸਿੱਖੀ ਦੇ ਕੇ। ਸਿੱਖੀ ਗਰੀਬਾਂ ਅਨਾਥਾਂ ‘ਤੇ ਹੱਥ ਚੁੱਕਣ ਵਿਚ ਨਹੀਂ। ਸਿੱਖੀ ਤਾਂ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਵਾਂਗ ਸ਼ਹੀਦ ਹੋਣ ਵਿਚ ਹੈ।” (ਜੀਵਨ ਵਿਕਾਸ, ਸਫਾ 233-234, ਨਵਯੁਗ, 1970)
ਸੋ, ਖਾਸ ਕਰਕੇ ਅੰਮ੍ਰਿਤਸਰ ਜਿਲੇ ਵਿਚ ਮੁਸਲਮਾਨਾਂ ਦਾ ਕਤਲੇਆਮ ਅਕਾਲ ਸੈਨਾ ਨੇ ਕੀਤਾ। ਇਹਦੇ ਕਾਤਿਲ ਤਾਂ ਜੱਲਿਆਂਵਾਲੇ ਬਾਗ ਦੇ ਸਾਕੇ ਦੇ ਹੀਰੋ ਸੈਫੁਦੀਨ ਕਿਚਲੂ ਨੂੰ ਵੀ ਮਾਰਨ ਨੂੰ ਫਿਰਦੇ ਸਨ, ਪਰ ਕਮਿਉਨਿਸਟ ਲੀਡਰ ਤੇਜਾ ਸਿੰਘ ਸੁਤੰਤਰ ਦੇ ਬੰਦੇ ਉਹਨੂੰ ਅੰਮ੍ਰਿਤਸਰ ਵਿਚੋਂ ਕੱਢ ਕੇ ਦਿੱਲੀ ਛੱਡ ਕੇ ਆਏ ਸਨ। ਕਮਿਉਨਿਸਟਾਂ ਨੇ ਮੁਸਲਮਾਨਾਂ ਦੀ ਰਾਖੀ ਲਈ ਥਾਂ-ਥਾਂ ਅਮਨ ਕਮੇਟੀਆਂ ਬਣਾਈਆਂ ਹੋਈਆਂ ਸਨ। (ਅਣਫੋਲਿਆ ਵਰਕਾ, ਇੰਦਰ ਸਿੰਘ ਮੁਰਾਰੀ ਦੀ ਉਮਰ-ਕਹਾਣੀ, ਰਵੀ ਸਾਹਿਤ ਪ੍ਰਕਾਸ਼ਨ, 1979)। ਅੰਮ੍ਰਿਤਸਰ ਸ਼ਹਿਰ ਦੇ ਹਿੰਦੂ ਫਸਾਦੀਆਂ ਦਾ ਸਰਗਨਾ ਬਿਜਲੀ ਪਹਿਲਵਾਨ ਸੀ।
ਕਮਿਉਨਿਸਟ ਆਗੂ ਧਨਵੰਤਰੀ ਦੀ ਸੰਤਾਲ਼ੀ ਵੇਲੇ ਦੀ ਰਿਪੋਰਟ ‘ਭਲeeਦਨਿਗ ਫੁਨਜਅਬ ੱਅਰਨਸ’ ਵਿਚ ਲਿਖਿਆ ਹੈ ਕਿ ਗਦਰੀ ਬਾਬੇ ਸੋਹਣ ਸਿੰਘ ਦੇ ਪਿੰਡ ਭਕਨੇ ਦੇ ਨੇੜੇ ਦੇ ਪਿੰਡਾਂ ਵਿਚ ਸੁਰਖ ਝੰਡੇ ਗੱਡ ਕੇ ਕਮਿਉਨਿਸਟ ਮੁਸਲਮਾਨਾਂ ਦੀ ਰਾਖੀ ਕਰਦੇ ਸਨ ਤੇ ਲੰਗਰ ਵਰਤਾਉਂਦੇ ਸਨ; ਪਰ ਐਨ ਇਹਦੇ ਉਲਟ ਅਕਾਲੀ ਆਗੂ ਊਧਮ ਸਿੰਘ ਨਾਗੋਕੇ ਦੇ ਪਿੰਡਾਂ ਵਿਚ ਅਕਾਲ ਸੈਨਾ ਵਾਲੇ ਮੁਸਲਮਾਨਾਂ ਦਾ ਘਾਣ ਕਰ ਰਹੇ ਸਨ। (ਹਵਾਲਾ: ਰਜ਼ਾ ਅਲੀ, ੍ਰeਵੋਲੁਟਿਨਅਰੇ ਫਅਸਟਸ, ਕੈਂਬ੍ਰਿਜ ਯੂਨੀਵਰਸਿਟੀ ਪ੍ਰੈੱਸ, 2020)। ਪ੍ਰੀਤ ਲੜੀ ਵਾਲੇ ਗੁਰਬਖਸ਼ ਸਿੰਘ ਨੇ ਵੀ ਆਪਣੇ ਪਿੰਡ ਪ੍ਰੀਤ ਨਗਰ ਦੁਆਲੇ ਦੇ ਮੁਸਲਮਾਨਾਂ ਦੀ ਰਾਖੀ ਕੀਤੀ ਤੇ ਇਨ੍ਹਾਂ ਦੇ ਪ੍ਰੀਤ ਸੈਨਿਕ ਉਨ੍ਹਾਂ ਨੂੰ ਨਵੇਂ ਬਣੇ ਬਾਰਡਰ ਪਾਰ ਲੰਘਾ ਕੇ ਆਉਂਦੇ ਸਨ।
ਅਕਾਲ ਸੈਨਿਕ ਜੀਵਨ ਸਿੰਘ ਉਮਰਾਨੰਗਲ ਦਾ ਜ਼ਮੀਰ ਕੋਈ ਤੇਰਾਂ ਸਾਲਾਂ ਬਾਅਦ ਜਾਗਿਆ ਤੇ ਉਹਨੇ 1960 ਦੇ ਕਰੀਬ ਦਰਬਾਰ ਸਾਹਿਬ ਅਕਾਲ ਤਖਤ ਵਿਚ ਗੁਰੂ ਮਹਾਰਾਜ ਅੱਗੇ ਪੇਸ਼ ਹੋ ਕੇ ਮੁਆਫੀ ਦੀ ਅਰਦਾਸ ਕੀਤੀ ਤੇ ਜੁੱਤੀਆਂ ਸਾਫ ਕਰਕੇ ਸੰਨ ਸੰਤਾਲ਼ੀ ਵਿਚ ਮੁਸਲਮਾਨਾਂ ਨੂੰ ਕਤਲ ਕਰਨ ਦੀ ਭੁੱਲ ਬਖਸ਼ਾਈ ਸੀ ਤੇ ਇਸੇ ਕਰਕੇ ਇਹਨੇ ਸੰਨ ਅੱਸੀਆਂ ਵਿਚ ਖਾਲਿਸਤਾਨੀਆਂ ਦੀ ਮੁਖਾਲਫਤ ਕੀਤੀ ਕਿ ਇਹ ਮੁੜ ਸੰਨ ਸੰਤਾਲ਼ੀ ਵਰਤਾਅ ਕੇ ਪੰਜਾਬ ਦੇ ਅਗਾਂਹ ਹੋਰ ਟੋਟੇ ਕਰਨ ‘ਤੇ ਤੁਲੇ ਹੋਏ ਹਨ।
ਗੁਨਾਹਾਂ ਦਾ ਭਾਰ
ਪੰਜਾਬੀ ਲੋਕਾਂ ਦੇ ਸਿਰ ‘ਤੇ ਸੰਤਾਲ਼ੀ ਦੇ ਗੁਨਾਹਾਂ ਦਾ ਪਿਆ ਭਾਰ ਕਫ਼ਾਰਾ ਕਰਨ ਨਾਲ ਭੁੱਲ ਬਖਸ਼ਾਉਣ ਨਾਲ ਹੀ ਹਟ ਸਕਦਾ ਹੈ। ਕਰਮ ਸਿੰਘ, ਮੁਹੰਮਦ ਖੁਰਸ਼ੀਦ, ਗੰਗਵੀਰ ਰਾਠੌੜ ਵਰਗੇ ਵਿਰਲੇ ਬੰਦੇ ਜ਼ਮੀਰ ਦੀ ਆਵਾਜ਼ ਬੁਲੰਦ ਕਰਦੇ ਹਨ। ਅੰਮ੍ਰਿਤਸਰ ਵਿਚ ਪੰਜਾਬ ਦੀ ਵੰਡ ਦਾ ਮਿਊਜ਼ੀਅਮ ਖੁੱਲ੍ਹ ਗਿਆ ਹੈ। ਲਾਹੌਰ ਵਿਚ ਨਹੀਂ ਖੁੱਲ੍ਹਣਾ। ਕੌਮੀ ਗੁਨਾਹਾਂ ਦਾ ਕਫ਼ਾਰਾ ਕਰਨ ਵਾਲੇ ਮੁਆਫੀ ਮੰਗਣ ਵਾਲੇ ਮੁਲਕਾਂ ਕੌਮਾਂ ਦੇ ਸਰਬਰਾਹ ਹੀ ਹੁੰਦੇ ਨੇ। ਸਾਡੇ ਵੇਲਿਆਂ ਦੀਆਂ ਇਹ ਮਿਸਾਲਾਂ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਹੁਕਮਰਾਨਾਂ ਨੂੰ ਵਾਰਾ ਨਹੀਂ ਖਾਂਦੀਆਂ: 1997 ਵਿਚ ਬਰਤਾਨੀਆ ਨੇ ਆਇਰਲੈਂਡ ਦੇ ਲੋਕਾਂ ਤੋਂ 19ਵੀਂ ਸਦੀ ਦੇ ਪਾਏ ਆਲੂਆਂ ਦੇ ਕਾਲ ਦੀ ਮੁਆਫੀ ਮੰਗੀ; ਸੰਨ 2010 ਵਿਚ ਰੂਸ ਸਰਕਾਰ ਨੇ ਪੋਲਿਸ਼ ਲੋਕਾਂ ਤੋਂ ਦੂਜੀ ਵੱਡੀ ਜੰਗ ਵੇਲੇ ਕਾਤਿਨ ਨਾਂ ਦੀ ਜਗ੍ਹਾ ‘ਤੇ ਸਤਾਲਿਨ ਦੇ ਕਰਵਾਏ ਹਜ਼ਾਰਾਂ ਬੰਦਿਆਂ ਦੇ ਕਤਲੇਆਮ ਦੀ ਮੁਆਫੀ ਮੰਗੀ; ਅਮਰੀਕੀ ਸਰਕਾਰ ਨੇ ਪੰਜ ਵਾਕਿਆਤ ਦੀਆਂ ਮੁਆਫੀਆਂ ਮੰਗੀਆਂ, ਇਕ ਆਪਣੇ ਦੇਸ ਦੇ ਕਾਲੇ ਲੋਕਾਂ ਤੋਂ ਬਿਨਾ ਦੱਸਿਆਂ 1932 ਵਿਚ ਉਨ੍ਹਾਂ ‘ਤੇ ਕੀਤੇ ਡਾਕਟਰੀ ਤਜਰਬਿਆਂ ਦੀ ਮੁਆਫੀ ਸੀ; 2016 ਵਿਚ ਕੈਨੇਡਾ ਸਰਕਾਰ ਨੇ ਕਾਮਾਗਾਟਾਮਾਰੂ ਦੇ ਸਾਕੇ ਦੀ ਮੁਆਫੀ ਮੰਗੀ; 2019 ਵਿਚ ਚਰਚ ਆਫ ਇੰਗਲੈਂਡ ਦੇ ਕੈਂਟਰਬਰੀ ਦੇ ਲਾਟ ਪਾਦਰੀ ਨੇ ਜੱਲਿਆਂਵਾਲੇ ਬਾਗ ਜਾ ਕੇ 1919 ਦੀ ਭੁੱਲ ਬਖਸ਼ਾਈ।
ਸੰਤਾਲ਼ੀ ਵਿਚ ਕੀਤੀ ਖੁਦਕੁਸ਼ੀ ਦੇ ਆਪਣੀ ਮਰਜ਼ੀ ਦੇ ਹਵਾਲੇ ਦੇ-ਦੇ ਕੇ ਅਸਾਂ ਪੰਜਾਬੀਆਂ ਪਝੱਤਰ ਸਾਲ ਲੰਘਾ ਛੱਡੇ ਨੇ। ਏਨੀ ਵਹਿਸ਼ਤ, ਏਨੀ ਤਬਾਹੀ ਦੁਨੀਆਂ ਦੀ ਤਾਰੀਖ਼ ਵਿਚ ਹੋਰ ਕਿਤੇ ਨਹੀਂ ਦਿਸਦੀ। ਮੈਕਸੀਕੋ ਦਾ ਨਾਵਲਕਾਰ ਕਾਰਲੋਸ ਫੂਏਨਤੇਸ ਤਾਂ ਇਹ ਮੰਨਦਾ ਹੈ ਕਿ ਸਾਰੀ ਵੀਹਵੀਂ ਸਦੀ ਵਿਚ ਦੁਖਾਂਤ (ਟ੍ਰੈਜਿਡੀ, ਸਾਨਿਹਾ) ਹੈ ਈ ਨਹੀਂ। ਇਹਦੇ ਲਿਹਾਜ਼ ਨਾਲ ਤਾਂ ਪੰਜਾਬ ਦੀ ਵੰਡ ਵੱਡਾ ਮੁਜਰਿਮਾਨਾ ਵਾਕਿਆ ਹੈ; ਸਾਨਿਹਾ ਨਹੀਂ:
“ਪੁਰਾਣੇ ਵੇਲਿਆਂ ‘ਚ ਦੁਖਾਂਤ ਨਾਲ ਨੇਕੀ ਤੇ ਬਦੀ ਦਾ ਰਿਸ਼ਤਾ ਬਣਦਾ ਸੀ। ਗਰੀਕ ਦੁਖਾਂਤ ‘ਚ ਦੋਵੇਂ ਧਿਰਾਂ ਸਹੀ ਹੋ ਸਕਦੀਆਂ ਨੇ ਕਿ ਦੁਸ਼ਟ ਕਰੀਔਨ ਰਿਆਸਤ ਦਾ ਕਾਨੂੰਨਪਾਲ ਹੋਣ ਕਰਕੇ ਸਹੀ ਹੈ ਤੇ ਬੰਦੇ ਦੇ ਹੱਕਾਂ ਲਈ ਡਟਣ ਵਾਲੀ ਐਂਟੀਗਨੀ ਵੀ ਸਹੀ ਹੈ; ਪਰ ਜਦ ਕੋਈ ਸਮਾਜ ਧਰਤੀ ‘ਤੇ ਜੱਨਤ ਬਣਾਉਣ ‘ਚ ਯਕੀਨ ਕਰਨ ਲਗਦਾ ਹੈ, ਤਾਂ ਦੁਖਾਂਤ ਅਲੋਪ ਹੋ ਜਾਂਦਾ ਹੈ। ਦੁਖਾਂਤ ਦੀ ਥਾਂ ਜੁਰਮ ਦੀ ਚੜ੍ਹ ਮਚ ਜਾਂਦੀ ਏ ਤੇ ਵੀਹਵੀਂ ਸਦੀ ਦੇ ਜੁਰਮ ਲਾਸਾਨੀ ਨੇ।”
ਹੁਣ ਵੇਲਾ ਆ ਗਿਆ ਏ ਕਿ ਅਸੀਂ ਆਪਣੇ ਗੁਨਾਹਾਂ ਦਾ ਇਕਬਾਲ ਕਰੀਏ ਤੇ ਆਪਣੇ ਜ਼ਮੀਰ ‘ਤੇ ਪਿਆ ਭਾਰ ਲਾਹ ਛੱਡੀਏ। ਪਿਛਾਂਹ ਤੱਕੀ ਜਾਣ ਨਾਲ ਕਿਸੇ ਦਾ ਕੁਝ ਨਹੀਂ ਸੌਰਨਾ, ਪਰ ਕੀਤਾ ਕੀ ਜਾਵੇ, ਸਾਡੇ ਕੋਲ ਖਲੋ ਕੇ ਗੱਲ ਕਰਨ ਲਈ ਜ਼ਮੀਨ ਈ ਕੋਈ ਨਹੀਂ। ਪੰਜਾਬ ਦਾ ਲੀਡਰ ਕੋਈ ਨਹੀਂ; ਪੰਜਾਬੀ ਕੌਮ ਦਾ ਲੱਜਪਾਲ ਕੋਈ ਨਹੀਂ; ਤਾਰੀਖ਼ ਦੇ ਖੁਆਰ ਕੀਤੇ ਪੰਜਾਬੀਆਂ ਨੂੰ ਮਿਲਾਣ ਵਾਲੀ ਮਰਕਜ਼ੀ ਅਖਲਾਕੀ ਅਥਾਰਿਟੀ ਕੋਈ ਨਹੀਂ। ਸਾਂਝਾ ਮੁਲਕ ਕੋਈ ਨਹੀਂ। ਸਾਡਾ ਤਾਂ ਮਜਮੂਈ ਸ਼ਊਰ (ਕਲੈਕਟਿਵ ਕੌਨਸ਼ਿਅਸਨੈੱਸ) ਈ ਨਹੀਂ ਹੈ। ਜੋ ਹੈ, ਵਾਹਗੇ ਦੇ ਦੋਹੀਂ ਪਾਸੀਂ ਪੰਜਾਬੀ ਹੁਕਮਰਾਨ ਜਮਾਤਾਂ ਨੇ ਉਹਦੀ ਸੂਰਤ ਆਪਣੇ ਵਰਗੀ ਕੁਹਜੀ ਬਣਾ ਛੱਡੀ ਏ। ਕੌਮੀ ਗੁਨਾਹਾਂ ਦੇ ਕਫ਼ਾਰੇ ਕੌਮੀ ਰਿਆਸਤਾਂ ਸਰਕਾਰਾਂ ਕਰਦੀਆਂ ਹੁੰਦੀਆਂ ਨੇ। ਜੇ ਕੱਲ੍ਹ ਨੂੰ ਪੰਜਾਬੀ ਮਿਲ ਕੇ ਭੁੱਲ ਬਖਸ਼ਾਉਣਾ ਵੀ ਚਾਹਣ ਤਾਂ ਮੁਸਲਿਮ ਲੀਗੀਆਂ ਦਾ ਕਿਹੜਾ ਬੰਦਾ ਅੱਗੇ ਨਿਤਰੇਗਾ, ਹਿੰਦੂ ਮਹਾਸਭਾਈਆਂ ਆਰ. ਐੱਸ਼ ਐੱਸ਼ ਦਾ ਕਿਹੜਾ ਤੇ ਅਕਾਲੀਆਂ ਦਾ ਕਿਹੜਾ? ਤੇ ਸਾਰੇ ਰਲ ਕੇ ਬੈਠਣਗੇ ਕਿਹੜੀ ਥਾਂ? ਉਹ ਥਾਂ ਕਿੱਥੇ ਹੈ?
(ਪ੍ਰੀਤ ਲੜੀ, ਨਵੰਬਰ 2020)