ਸੰਪਾਦਕ ਜੀ,
ਕੁਦਰਤ ਨੇ ਇਸ ਖੂਬਸੂਰਤ ਸੰਸਾਰ ਨੂੰ ਬੜੀਆਂ ਨਿਆਮਤਾਂ ਬਖਸ਼ੀਆਂ ਹਨ, ਪਰ ਨਾਲ ਹੀ ਧਾਰਮਿਕ ਵਖਰੇਵਿਆਂ ਦਾ ਅਸਾਧ ਰੋਗ ਵੀ ਲਾ ਦਿੱਤਾ। ਦੇਖਦੇ ਦੇਖਦੇ ਧਾਰਮਿਕ ਕੱਟੜਤਾ ਦੇ ਕੋਹੜ ਨੇ ਵਿਲੱਖਣ ਕੁਦਰਤ ਦੀ ਚਮਕ ਨੂੰ ਕਾਲੇ ਬੱਦਲਾਂ ਵਾਂਗ ਢਕ ਇਨਸਾਨੀਅਤ ਤੋਂ ਦੂਰ ਲੈ ਜਾਣਾ ਸ਼ੁਰੂ ਕਰ ਦਿੱਤਾ। ਇਹ ਰੋਗ ਕਿਸੇ ਇੱਕ ਧਰਮ ਨੂੰ ਨਹੀਂ, ਸਗੋਂ ਸਾਰੇ ਧਰਮਾਂ ਨੂੰ ਹੀ ਲਗਭਗ ਇੱਕੋ ਜਿਹਾ ਚੰਬੜਿਆ ਹੈ,
ਪਰ ਅਫਸੋਸ ਕਿ ਹਰ ਧਰਮ ਦੇ ਪੈਰੋਕਾਰ ਆਪੋ ਆਪਣੇ ਧਰਮ ਦੀਆਂ ਊਣਤਾਈਆਂ ਵੱਲੋਂ ਅੱਖਾਂ ਮੀਟ ਦੂਜੇ ਧਰਮਾਂ ਦੀਆਂ ਧੱਜੀਆਂ ਉਡਾਉਣ ‘ਚ ਅਪਾਰ ਅਨੰਦ ਦਾ ਅਨੁਭਵ ਕਰਦੇ ਹਨ। ਇਸ ਨਾਚੀਜ਼ ਨੂੰ ਪਤਾ ਨਹੀਂ ਕਿਉਂ ਆਪਣੀ ਹੀ ਪੀੜ੍ਹੀ ਹੇਠ ਸੋਟਾ ਫੇਰਨਾ ਰਾਸ ਆਉਂਦਾ ਹੈ, ਭਾਵੇਂ ਇਸ ਲਈ ਬਹੁਤਿਆਂ ਦੀ ਨਾਰਾਜ਼ਗੀ ਸਹੇੜ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।
ਕਦੇ ਕਦਾਈਂ ਕਿਸੇ ਹਮਖਿਆਲ ਦੇ ਨਜ਼ਰੀਂ ਆਉਣ ‘ਤੇ ਇੱਕ ਆਸ ਦੀ ਕਿਰਨ ਦਾ ਲਿਸ਼ਕਾਰਾ ਵੀ ਪੈ ਜਾਂਦਾ ਹੈ, ਜਿਵੇਂ ਫੇਸ ਬੁੱਕ ‘ਤੇ ਕਿਸੇ ਮਿੱਤਰ ਦੀ ਪੋਸਟ ਤੋਂ ਲਈਆਂ ਗਈਆਂ ਇਨ੍ਹਾਂ ਪੰਕਤੀਆਂ ਪੜ੍ਹਨ ਨਾਲ ਮਹਿਸੂਸ ਕੀਤਾ। ਇਸ ‘ਚ ‘ਮਿਟੀ ਧੁੰਦ ਜਗ ਚਾਨਣ ਹੋਇਆ’ ਦਾ ਸੁਨੇਹਾ ਦੇਣ ਵਾਲੇ ਰਹਿਬਰ ਦੇ ਵਾਰਿਸਾਂ ਦਾ ਅੱਜ ਦਾ ਜੋ ਹਾਲ ਬਿਆਨਿਆ ਹੈ, ਆਪ ਸਭ ਨਾਲ ਸਾਂਝਾ ਕਰਦੇ ਹਾਂ:
ਬਾਬੇ ਤੇਰੇ ਸਿੱਖਾਂ ਨੇ,
ਤੇਰੀਆਂ ਸਿਖਿਆਵਾਂ ਵੱਲ
ਪਿੱਠ ਭੁਆਈ ਹੈ।
ਤੂੰ ਚਾਨਣ ਵੰਡਦਾ ਤੁਰ ਗਿਆ,
ਏਥੇ ਹਨੇਰੀ ਬਦਲੀ ਛਾਈ ਹੈ।
ਵਿਦਵਾਨਾਂ ਤੇਰੀ ਮਹਿਮਾ ਗਾ,
ਆਪਣੀ ਹੀ ਭੱਲ ਬਣਾਈ ਹੈ।
ਤੂੰ ਤੇਰਾ ਤੇਰਾ ਕਹਿੰਦਾ ਸੈਂ,
ਇਨ੍ਹਾਂ ਮੇਰਾ ਮੇਰਾ ਦੀ ਰੱਟ ਲਾਈ ਹੈ।
ਤੂੰ ਭਾਈ ਲਾਲੋ ਦੀ ਬਾਂਹ ਫੜੀ,
ਮਲਿਕ ਭਾਗੋ ਦੀ ਅੱਜ ਚੜ੍ਹਾਈ ਹੈ।
ਪਖੰਡਾਂ ਦੀ ਤੂੰ ਜੜ੍ਹ ਪੁੱਟੀ,
ਵਿਖਾਵਿਆਂ ਦੀ ਫਸਲ ਉੱਗ ਆਈ ਹੈ।
ਤੇਰਾ ਨਾਂ ਵਰਤ ਦੋ ਦੇਸ਼ਾਂ ਨੇ,
ਸ਼ਤਰੰਜ ਦੀ ਬਾਜ਼ੀ ਲਾਈ ਹੈ।
ਤੀਰਥਾਂ ਨੂੰ ਤੂੰ ਭੰਡਿਆ ਸੀ,
ਤੀਰਥ ਦੀ ਅੱਜ ਕਮਾਈ ਹੈ।
ਤੂੰ ਤਾਂ ਕਿਰਤ ਦਾ ਸੰਦੇਸ਼ ਦਿੱਤਾ,
ਅੱਜ ਵਿਹਲੜਾਂ ਦੀ ਬਣ ਆਈ ਹੈ।
ਤੇਰੇ ਨਾਂ ਦੀ ਫੱਟੀ ਲਾ,
ਹੱਟੀ ਸਭਨਾਂ ਅੱਜ ਚਲਾਈ ਹੈ।
ਬਾਬੇ ਤੇਰੇ ਵਾਰਸਾਂ ਨੇ,
ਇੰਜ ਢਾਅ ਇਨਸਾਨੀਅਤ ਨੂੰ ਲਾਈ ਹੈ।
-ਹਰਜੀਤ ਦਿਓਲ, ਬਰੈਂਪਟਨ