ਡਾæ ਗੋਬਿੰਦਰ ਸਿੰਘ ਸਮਰਾਓ
ਫੋਨ: 408-991-4249
ਕੋਈ ਭਾਵੇਂ ਇਸ ਗੱਲ ਨਾਲ ਸਹਿਮਤ ਹੋਵੇ ਜਾਂ ਨਾ ਹੋਵੇ ਪਰ ਤਜ਼ਰਬਾ ਇਹੀ ਕਹਿੰਦਾ ਹੈ ਕਿ ਗੁਰਬਾਣੀ ਵਿਗਿਆਨਕ ਤੱਥਾਂ ਦਾ ਖ਼ਜ਼ਾਨਾ ਹੈ। ਹਾਂ, ਕਈ ਕਾਰਨਾਂ ਕਰਕੇ ਕਈ ਵਾਰ ਅਸੀਂ ਅਸਲੀਅਤ ਤੋਂ ਦੂਰ ਚਲੇ ਜਾਂਦੇ ਹਾਂ ਤੇ ਵਡੇ ਤੋਂ ਵਡੇ ਮਹਾਂ ਵਾਕ ਦੇ ਅਰਥ ਵੀ ਸੌੜੇ ਜਿਹੇ ਕੱਢ ਲੈਂਦੇ ਹਾਂ। “ਦੁਖੁ ਦਾਰੂ ਸੁਖੁ ਰੋਗ ਭਇਆ” ਵਾਲੀ ਤੁਕ ਨੂੰ ਹੀ ਲੈ ਲਓ। ਧਾਰਮਿਕ ਭਾਵ ਵਾਲੇ ਸਭ ਵਿਅਕਤੀ ਇਸ ਦਾ ਅਰਥ ਇਹੀ ਦਸਦੇ ਹਨ ਕਿ ਪ੍ਰਭੂ-ਭਗਤੀ ਲਈ ਦੁੱਖ ਦਵਾ ਦਾ ਕੰਮ ਕਰਦਾ ਹੈ ਕਿਉਂਕਿ ਦੁੱਖ ਵਿਚ ਹੀ ਮਨੁੱਖ ਪਰਮਾਤਮਾ ਨੂੰ ਯਾਦ ਕਰਦਾ ਹੈ। ਦੂਜੇ ਪਾਸੇ ਸੁਖ ਇਕ ਰੋਗ ਹੈ ਕਿਉਂਕਿ ਸੁਖ ਵਿਚ ਪਰਮਾਤਮਾ ਵਿੱਸਰ ਜਾਂਦਾ ਹੈ। ਤਾਂ ਫਿਰ ਇਸ ਦਾ ਮਤਲਬ ਇਹ ਹੋਇਆ ਕਿ ਗੁਰਬਾਣੀ ਅਨੁਸਾਰ ਮਨੁੱਖਤਾ ਦੀ ਹੋਣੀ ਦੁੱਖ ਤਕਲੀਫ਼ ਦੇ ਸਾਗਰ ਵਿਚ ਡੁੱਬੇ ਰਹਿਣਾ ਹੀ ਹੈ। ਭਾਵ ਦੁਖੀ ਅਵਸਥਾ ਤੋਂ ਬਿਨਾ ਨਾਮ ਕਮਾਉਣਾ ਸੰਭਵ ਨਹੀਂ ਤੇ ਜੇ ਅਜਿਹਾ ਕਰਦਿਆਂ ਸੁਖ ਦੀ ਕਾਮਨਾ ਕੀਤੀ ਜਾਵੇ ਤਾਂ ਉਹ ਵੀ ਰੋਗ ਬਣ ਕੇ ਹੀ ਟਕਰਦਾ ਹੈ। ਅਰਥਾਤ ਪਰਮਾਤਮਾ ਤੋਂ ਬੇਮੁਖ ਹੋਏ ਬਿਨਾਂ ਮੱਨੁਖ ਸੁਖ ਦਾ ਸੁਪਨਾ ਵੀ ਨਹੀਂ ਲੈ ਸਕਦਾ। ਪਰ ਇਹ ਅਰਥ ਸਹੀ ਨਹੀਂ ਹਨ ਕਿਉਂਕਿ ਗੁਰੂ ਸਾਹਿਬ ਤਾਂ ਸਹਿਜ ਧਾਰਨਾ ਤੇ ਚੜ੍ਹਦੀ ਕਲਾ ਦੇ ਸਮਰਥਕ ਸਨ। ਇਸ ਲਈ ਉਹ ਕਸ਼ਟ ਤੇ ਰੋਗ ਦੀ ਅਵਸਥਾ ਵਿਚ ਪੈ ਕੇ ਕਿਸੇ ਕੰਮ ਨੂੰ ਸੰਪੰਨ ਕਰਨ ਦੀ ਤਾਂ ਕਲਪਨਾ ਵੀ ਨਹੀਂ ਸਨ ਕਰ ਸਕਦੇ।
ਇਸ ਤੁਕ ਦੇ ਸਹੀ ਅਰਥ ਇਹੀ ਹਨ ਕਿ ਜੇ ਦੁੱਖ ਨੂੰ ਦਵਾ ਦੇ ਤੌਰ ‘ਤੇ ਵਰਤਿਆ ਜਾਵੇ ਤਾਂ ਦੁੱਖ ਸੁਖ ਵਿਚ ਤਬਦੀਲ ਹੋ ਜਾਂਦਾ ਹੈ। ਭਾਵ ਰੋਗ ਦਾ ਇਲਾਜ਼ ਰੋਗ ਨਾਲ ਕੀਤਿਆਂ ਹੀ ਮਰਜ਼ ਤੋਂ ਛੁਟਕਾਰਾ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਸੱਚ ਇੰਨਾ ਵਿਗਿਆਨਕ ਹੈ ਕਿ ਇਸ ਨੂੰ ਕਈ ਆਧੁਨਿਕ ਡਾਕਟਰੀ ਪ੍ਰਣਾਲੀਆਂ ਨੇ ਅਪਨਾਇਆ ਹੋਇਆ ਹੈ। ਚੇਚਕ ਦੇ ਜਰਮਾਂ ਦੇ ਟੀਕਿਆਂ ਰਾਹੀਂ ਮਾਤਾ ਤੋਂ ਮੁਕਤੀ ਇਸੇ ਵਿਗਿਆਨਕ ਸੱਚਾਈ ਅਨੁਸਾਰ ਪ੍ਰਾਪਤ ਹੋਈ ਹੈ। ਇਹ ਵੀ ਸਭ ਜਾਣਦੇ ਹਨ ਕਿ ਅੱਗ ਨਾਲ ਸੜਨ ਵਾਲੇ ਅੰਗ ਨੂੰ ਗਰਮ ਸੇਕ ਦੇਣ ਨਾਲ ਆਰਾਮ ਆਉਂਦਾ ਹੈ ਤੇ ਕਾਂਬੇ ਦੀ ਠੰਡ ਵਿਚ ਠੰਡੇ ਪਾਣੀ ਦਾ ਗਿਲਾਸ ਪੀਣ ਨਾਲ ਗਰਮੀ ਦੇ ਪਸੀਨੇ ਛੁੱਟ ਜਾਂਦੇ ਹਨ। ਇਸ ਸਿਧਾਂਤ ਦਾ ਘੇਰਾ ਇਨ੍ਹਾਂ ਟੋਟਕਿਆਂ ਤੀਕਰ ਹੀ ਸੀਮਤ ਨਹੀਂ ਸਗੋਂ ਸਮੁਚੀ ਹੋਮਿਓਪੈਥਿਕ ਪੱਧਤੀ ਇਸੇ ਸਿਧਾਂਤ ‘ਤੇ ਉਸਰੀ ਹੋਈ ਹੈ। ਇਸੇ ਲਈ ਇਹ ਇਲਾਜ਼ ਮਨੁੱਖੀ ਸਿਹਤ ਦੀਆਂ ਜਟਿਲ ਤੋਂ ਜਟਿਲ ਗੁੰਝਲਾਂ ਨੂੰ ਵੀ ਸਹਿਜੇ ਹੀ ਸੁਲਝਾ ਦੇਣ ਦੇ ਸਮਰੱਥ ਹੈ। ਇਸ ਕਥਨ ਦੇ ਸਮਰਥਨ ਵਿਚ ਇਕ ਸੱਚੀ ਘਟਨਾ ਬਿਆਨ ਕਰਨੀ ਬਣਦੀ ਹੈ, ਜਿਸ ਵਿਚ ਮਰਿਆਦਾ ਦੇ ਬੰਧੇਜ ਕਾਰਨ ਕੇਵਲ ਨਾਮ ਤੇ ਸਥਾਨ ਬਦਲੇ ਗਏ ਹਨ।
ਸੰਨ 2007 ਦੇ ਸਤੰਬਰ ਦੀ ਇਕ ਸ਼ਾਮ ਮੈਂ ਪਟਿਆਲੇ ਆਪਣੀ ਕਲੀਨਿਕ ਵਿਚ ਬੈਠਾ ਸਾਂ ਕਿ ਬਾਹਰ ਇਕ ਕਾਰ ਆ ਕੇ ਰੁਕੀ। ਉਸ ਵਿਚੋਂ ਇਕ ਅੱਧਖੜ ਉਮਰ ਦਾ ਮਨੁੱਖ, ਇਕ ਔਰਤ ਤੇ ਇਕ ਨੌਜਵਾਨ ਲੜਕੀ ਉਤਰ ਕੇ ਅਗਾਹਾਂ ਵਲ ਵਧੇ। ਪੁਰਸ਼ ਤਾਂ ਔਰਤਾਂ ਨੂੰ ਦਵਾਈ ਲੈਣ ਲਈ ਕਹਿ ਕੇ ਗੇਟ ਤੋਂ ਹੀ ਵਾਪਸ ਪਰਤ ਗਿਆ ਪਰ ਤ੍ਰੀਮਤਾਂ ਅੰਦਰ ਆ ਗਈਆਂ। ਮੈਂ ਸਮਝ ਗਿਆ ਕਿ ਮਸਲਾ ਇਨ੍ਹਾਂ ਦੋਹਾਂ ਵਿਚੋਂ ਇਕ ਦੀ, ਖਾਸ ਕਰਕੇ ਲੜਕੀ ਦੀ, ਕਿਸੇ ਜਨਾਨਾ ਸਮਸਿਆ ਦਾ ਹੈ, ਤਦੇ ਪਿਓ ਅੰਦਰ ਨਹੀਂ ਆਇਆ। ਉਹੀ ਗੱਲ ਨਿਕਲੀ। ਜਦੋਂ ਮੈਂ ਕੰਪਿਊਟਰ ਅੱਗੇ ਬੈਠ ਕੇ ਉਨ੍ਹਾਂ ਨੂੰ ਆਉਣ ਦਾ ਸਬੱਬ ਪੁਛਿਆ ਤਾਂ ਔਰਤ ਬੋਲੀ, “ਜੀ ਇਹ ਮੇਰੀ ਲੜਕੀ ਹੈ, ਇਸ ਦੀ ਦਵਾਈ ਲੈਣੀ ਐ। ਇਸ ਨੂੰ ਮਹਾਵਾਰੀ ਨਹੀਂ ਆਉਂਦੀ। ਇਸ ਦਾ ਰੰਗ ਵੀ ਕਾਲਾ ਪੈ ਗਿਆ ਹੈ।” “ਕੀ ਨਾਂ ਹੈ ਬੇਟੀ ਦਾ?” ਮੈਂ ਪੁੱਛਿਆ। “ਜੀ, ਸਪਨਦੀਪ” ਔਰਤ ਨੇ ਦੱਸਿਆ। ਉਸ ਬਾਰੇ ਹੋਰ ਪ੍ਰਸ਼ਨ ਪੁੱਛਣ ਤੋਂ ਪਹਿਲਾਂ ਮੈਂ ਲੜਕੀ ਨੂੰ ਨਿਹਾਰਿਆ। ਕੋਈ 17-18 ਸਾਲਾਂ ਦੀ ਸਾਂਵਲੇ ਜਿਹੇ ਰੰਗ ਤੇ ਇਕਹਿਰੇ ਸਰੀਰ ਦੀ ਲੜਕੀ ਸੀ ਉਹ ਜੋ ਸਾਡੀ ਗੱਲਬਾਤ ਵਲ ਵਧੇਰੇ ਧਿਆਨ ਨਹੀਂ ਸੀ ਦੇ ਰਹੀ। ਉਸ ਦਾ ਨੱਕ ਇੰਜ ਚੜ੍ਹਿਆ ਹੋਇਆ ਸੀ ਜਿਵੇ ਉਹ ਨਫ਼ਰਤ ਦੀ ਭਰੀ ਹੋਵੇ। ਇਹੀ ਕਾਰਨ ਸੀ ਕਿ ਉਹ ਚੰਗੀ ਸ਼ਕਲ ਹੋਣ ਦੇ ਬਾਵਜੂਦ ਚੰਗੀ ਨਹੀਂ ਸੀ ਲਗ ਰਹੀ। “ਪੜ੍ਹਦੀ ਐਂ, ਸਪਨਦੀਪ?” ਮੈਂ ਪੁੱਛਿਆ। ਉਸ ਨੇ ਹਾਂ ਵਿਚ ਸਿਰ ਹਿਲਾਇਆ। “ਕੌਨ ਸੀ ਕਲਾਸ ਮੇਂ?” ਮੈਂ ਉਸ ਦੇ ਮਿਆਰ ਤੇ ਉਤਰ ਕੇ ਪੁੱਛਿਆ। ਕੁੜੀ ਟੱਸ ਤੋਂ ਮੱਸ ਨਾ ਹੋਈ ਪਰ ਉਸ ਦੀ ਮਾਂ ਨੇ ਉਸ ਦੀ ਜਮਾਤ ਪਲੱਸ ਟੂ ਦੱਸੀ।
ਲੜਕੀ ਨੂੰ ਮੈਂ ਉਸ ਦੀ ਤਕਲੀਫ ਸਬੰਧੀ ਕਈ ਸਵਾਲ ਪੁੱਛੇ। ਪਰ ਉਸ ਦੇ ਨਾ-ਮਿਲਵਰਤਣ ਕਾਰਨ ਕਿਸੇ ਸਿੱਟੇ ‘ਤੇ ਨਾ ਪਹੁੰਚ ਸਕਿਆ। ਉਸ ਦੀ ਮਾਂ ਤੋਂ ਬੱਸ ਇੰਨਾ ਹੀ ਪਤਾ ਲੱਗਾ ਕਿ ਉਸ ਨੂੰ ਪਿਛਲੇ ਦੋ ਕੁ ਸਾਲਾਂ ਤੋਂ ਹਰ ਵੇਲੇ ਸਿਰ-ਦਰਦ ਹੁੰਦਾ ਰਹਿੰਦਾ ਸੀ ਜੋ ਉਸ ਵੇਲੇ ਵੀ ਹੋ ਰਿਹਾ ਸੀ। ਇਸੇ ਕਰਕੇ ਉਹ ਪੜ੍ਹਾਈ ਵਿਚ ਵੀ ਪਿੱਛੇ ਰਹਿ ਗਈ ਸੀ ਤੇ ਉਸ ਦਾ ਰੰਗ ਵੀ ਕਾਲਾ ਪੈ ਗਿਆ ਸੀ। ਮਹਾਵਾਰੀ ਦੀ ਰੁਕਾਵਟ ਬਾਰੇ ਮਾਂ-ਧੀ ਕਿਸੇ ਨੇ ਵੀ ਖੁਲ੍ਹ ਕੇ ਕੁਝ ਨਹੀਂ ਦੱਸਿਆ। ਇੰਨਾ ਹੀ ਪਤਾ ਚਲਿਆ ਕਿ ਕਈ ਮਹੀਨਿਆ ਬਾਦ ਹੀ ਦਾਗ਼ ਲਗਦਾ ਸੀ। ਕਈ ਆਧੁਨਿਕ ਹੋਮਿਓਪੈਥਿਕ ਵਿਦਵਾਨ ਤਾਂ ਅਜਿਹੇ ਗੁੰਮ ਸੁੰਮ ਕੇਸਾਂ ਵਿਚ ਵੀ ਵਾਲ ਦੀ ਖੱਲ ਉਤਾਰਨ ਵਾਂਗ ਮਾਨਸਿਕ ਅਲਾਮਤਾਂ ਲੱਭਣ ਦਾ ਹੀ ਸੁਝਾਅ ਦਿੰਦੇ ਹਨ ਪਰ ਮੈਂ ਉਨ੍ਹਾਂ ਨਾਲ ਕਦੇ ਬਹੁਤਾ ਸਹਿਮਤ ਨਹੀਂ ਹੋਇਆ ਕਿਉਂਕਿ ਮੈਂ ਕੇਸ ਨੂੰ ਕਈ ਪਹਿਲੂਆਂ ਤੋਂ ਵੇਖਣ ਦਾ ਮੁੱਦਈ ਹਾਂ।
ਮੁਢਲੇ ਵਿਸ਼ਲੇਸ਼ਣ ਤੋਂ ਮੈਨੂੰ ਉਸ ਦੀਆਂ ਸਭ ਸਮਸਿਆਵਾਂ ਦਾ ਕਾਰਨ ਉਸ ਦੀ ਪੜ੍ਹਾਈ ਦਾ ਬੋਝ ਲਗਿਆ। ਹੋਮਿਓਪੈਥੀ ਵਿਚ ਕੁਝ ਦਵਾਈਆਂ ਮਰੀਜ਼ਾਂ ਦੇ ਕਿੱਤਿਆਂ ਅਨੁਸਾਰ ਮਸ਼ਹੂਰ ਹਨ ਜਿਵੇਂ ਸਟੋਵ ਤੇ ਖਾਣਾ ਬਣਾਉਣ ਵਾਲੀ ਔਰਤ ਦੀ ਦਵਾਈ, ਕਪੜੇ ਪ੍ਰੈਸ ਕਰਨ ਵਾਲੀ ਦੀ ਦਵਾਈ, ਕਪੜੇ ਧੋਣ ਵਾਲੀ (ਧੋਬਣ) ਦੀ ਦਵਾਈ, ਕਸੀਦਾ ਕੱਢਣ ਵਾਲੀ ਦੀ ਦਵਾਈ, ਕਲਰਕ ਦੀ ਦਵਾਈ, ਅਧਿਆਪਕਾ ਦੀ ਦਵਾਈ ਤੇ ਸਕੂਲ-ਗਰਲ ਦੀ ਦਵਾਈ ਆਦਿ। ਮੈਂ ਆਪਣੀ ਪ੍ਰੈਕਟਿਸ ਵਿਚ ਇਨ੍ਹਾਂ ਕਿੱਤਾ ਦਵਾਈਆਂ ਦੇ ਸੱਚ ਨੂੰ ਕਈ ਵਾਰ ਅਜਮਾ ਚੁਕਾ ਸਾਂ। ਮੈਨੂੰ ਯਾਦ ਹੈ, 1986 ਵਿਚ ਮੇਰੇ ਕੋਲ ਪਟਿਆਲਾ ਸਥਿਤ ਸੈਂਟਰਲ ਗੌਰਮਿੰਟ ਹੋਮਿਓਪੈਥਿਕ ਰਿਸਰਚ ਸੈਂਟਰ ਦਾ ਇੰਚਾਰਜ ਆਇਆ ਤੇ ਕਹਿਣ ਲੱਗਾ, “ਮੈਨੂੰ ਤੁਹਾਡੇ ਕੋਲੋਂ ਇਕ ਅੜੇ ਹੋਏ ਕੇਸ ਬਾਰੇ ਮਦਦ ਚਾਹੀਦੀ ਹੈ।” ਮੈਂ ਕਿਹਾ, “ਦਸੋ।” ਕਹਿਣ ਲਗਿਆ, “ਇਕ ਸਾਧ ਦਾ ਜ਼ੁਕਾਮ ਤੇ ਲਤਾਂ ਦਾ ਸੋਜ਼ਾ ਠੀਕ ਨਹੀਂ ਹੋ ਰਿਹਾ। ਕਈ ਦਵਾਈਆਂ ਦੇ ਕੇ ਦੇਖ ਲਈਆਂ ਹਨ।” ਮੈਂ ਕਿਹਾ, “ਸਾਧ ਬਾਰੇ ਕੁਝ ਦੱਸੋ।” ਉਹ ਬੋਲਿਆ, “ਉਹ ਪੰਜਾਹ ਕੁ ਸਾਲ ਦਾ ਭਰਵੀਂ ਗਲੇਟ ਦਾ ਮਹਾਂਪੁਰਸ਼ ਹੈ ਤੇ ਸਵੇਰੇ ਚਾਰ ਵਜੇ ਉਠ ਕੇ ਦੋ ਘੰਟੇ ਲਈ ਚਲਦੀ ਨਦੀ ਵਿਚ ਖਲੋ ਕੇ ਤੱਪਸਿਆ ਕਰਦਾ ਹੈ।” ਮੈਂ ਉਸ ਨੂੰ ਟੋਕਦਿਆਂ ਬੋਲਿਆ, “ਡਾਕਟਰ ਸਾਹਿਬ, ਦਵਾਈ ਐਚ ਸੀ ਐਲਨ ਦੇ ਕੀ-ਨੋਟਸ ਵਿਚ ਮੋਟੇ ਅੱਖਰਾਂ ਵਿਚ ਦਰਜ ਹੈ। ਜਾਓ ਲੱਭ ਕੇ ਦੇ ਦਿਓ।” ਕਹਿਣ ਲੱਗਾ, “ਜੇ ਦੱਸ ਹੀ ਦਿੰਦੇ ਤਾਂ ਠੀਕ ਸੀ।” “ਮੈਂ ਉਸ ਨੂੰ ਕਿਹਾ, “ਮੇਰਾ ਅਸੂਲ ਨਾ ਤੁੜਵਾਓ। ਤੁਹਨੂੰ ਜ਼ਿਆਦਾ ਮਿਹਨਤ ਨਹੀਂ ਕਰਨੀ ਪਵੇਗੀ। ਜੇ ਨਾ ਪਤਾ ਲੱਗਾ ਫਿਰ ਦੱਸ ਵੀ ਦਿਆਂਗਾ।”
ਉਹ ਚਲਾ ਗਿਆ ਤੇ ਤੀਜੇ ਦਿਨ ਫਿਰ ਆ ਕੇ ਕਹਿਣ ਲਗਿਆ, “ਪ੍ਰੋਫੈਸਰ ਸਾਹਿਬ, ਮੈਂ ਸਾਰਾ ‘ਐਲਨ’ ਛਾਣ ਮਾਰਿਆ ਹੈ, ਸਾਧ ਦੇ ਸੋਜੇ ਤੇ ਜ਼ੁਕਾਮ ਨੂੰ ਕਵਰ ਕਰਦੀ ਮੈਨੂੰ ਤਾਂ ਕੋਈ ਦਵਾਈ ਨਹੀਂ ਮਿਲੀ।” ਮੈਂ ਉਸ ਨੂੰ ਕਿਹਾ, “ਜਨਾਬ, ਸਾਧ ਤੇ ਧੋਬਣ ਵਿਚ ਕੀ ਫਰਕ ਹੈ। ਦੋਵੇਂ ਸਵੇਰੇ ਸਵੇਰੇ ਪਾਣੀ ਵਿਚ ਹੀ ਤਾਂ ਖੜਦੇ ਹਨ। ਜਾਓ ਉਸ ਨੂੰ ‘ਵਾਸ਼ਰ-ਵੋਮੈਨ ਰੈਮੇਡੀ’ ਦਿਓ।” ਇਹ ਸੁਣ ਕੇ ਡਾਕਟਰ ਗਦ ਗਦ ਹੋ ਉਠਿਆ ਤੇ ਵਿਸਮਾਦ ਨਾਲ ਪੁਕਾਰਿਆ, ‘ਸੀਪੀਆ!’ ਸੀਪੀਆ ਦਵਾਈ ਦੀ ਪੋਟੈਂਸੀ ਡੂੰਘੇ ਸਮੁੰਦਰ ਵਿਚ ਰਹਿੰਦੀ ਤਾਰਾ-ਮੱਛੀ ਦੇ ਢਿੱਡ ਵਿਚ ਬਣਦੇ ਨੀਲੇ ਰੰਗ ਦੇ ਜ਼ਹਿਰ ਤੋਂ ਤਿਆਰ ਹੁੰਦੀ ਹੈ। ਇਸ ਦੀ ਇਕ ਖੁਰਾਕ ਨਾਲ ਸਾਧ ਹਮੇਸ਼ਾ ਲਈ ਜ਼ੁਕਾਮ ਤੇ ਸੋਜੇ ਤੋਂ ਮੁਕਤ ਹੋ ਗਿਆ। ਅਜਿਹੇ ਹੀ ਕਈ ਹੋਰ ਕੇਸਾਂ ਵਲ ਧਿਆਨ ਧਰ ਕੇ ਮੈਂ ਲੜਕੀ ਨੂੰ ‘ਸਕੂਲ ਗਰਲਜ਼’ ਰੈਮੇਡੀ ਦੀ ਇਕ ਖੁਰਾਕ ਤੇ ਕੁਝ ਪਲੈਸੀਬੋ ਪੁੜੀਆਂ ਦੇ ਕੇ ਹਫਤੇ ਬਾਅਦ ਆਉਣ ਲਈ ਕਿਹਾ।
ਹਫ਼ਤੇ ਬਾਦ ਦੋਵੇਂ ਮਾਂਵਾਂ ਧੀਆਂ ਫੇਰ ਆਈਆਂ। ਮਾਂ ਨੇ ਦੱਸਿਆ ਕਿ ਲੜਕੀ ਨੂੰ ਕਿਸੇ ਪੱਖੋਂ ਵੀ ਕੋਈ ਆਰਾਮ ਨਹੀਂ ਆਇਆ। ਲੜਕੀ ਪਹਿਲਾਂ ਵਾਂਗ ਹੀ ਗੁਸੈਲੀ ਜਿਹੀ ਮੁਦਰਾ ਵਿਚ ਬੈਠੀ ਹੋਈ ਸੀ। ਮੈਂ ਫਾਈਲ ਦੇਖ ਕੇ ਕਿਹਾ, “ਮੈਨੂੰ ਕੇਸ ਬਾਰੇ ਹੋਰ ਜਾਣਕਾਰੀ ਦੀ ਲੋੜ ਜਾਪਦੀ ਹੈ। ਇਹ ਦੱਸੋ ਕਿ ਇਸ ਨੂੰ ਇਹ ਤਕਲੀਫ਼ ਕਿਸ ਕਾਰਨ ਸ਼ੁਰੂ ਹੋਈ?” ਮੇਰਾ ਸਵਾਲ ਸੁਣ ਕੇ ਲੜਕੀ ਦੀ ਮਾਂ ਉਤਾਹਾਂ ਵਲ ਅੱਖਾਂ ਘੁਮਾ ਕੇ ਸੋਚਣ ਲੱਗੀ। ਫਿਰ ਥੋੜੀ ਦੇਰ ਬਾਦ ਬੋਲੀ, “ਜੀ ਇਹ ਬੀਮਾਰ ਹੋਈ ਸੀ ਪਰ ਪਤਾ ਨਹੀਂ ਉਸ ਬੀਮਾਰੀ ਦਾ ਇਸ ਤਕਲੀਫ ਨਾਲ ਕੋਈ ਤਾਅਲੁਕ ਹੈ ਜਾਂ ਨਹੀਂ।” ਮੈਂ ਪੁੱਛਿਆ, “ਕੀ ਉਸ ਤੋਂ ਪਹਿਲਾਂ ਇਹ ਠੀਕ ਠਾਕ ਸੀ?” ਜਵਾਬ ਵਿਚ ਉਸ ਦੀ ਮਾਂ ਨੇ ਹਾਂ ਪੱਖੀ ਹੁੰਗਾਰਾ ਭਰਿਆ। “ਬੀਮਾਰ ਕਿਵੇਂ ਹੋਈ ਸੀ?” ਮੈ ਕਿਹਾ। ਇਸ ਪ੍ਰਸ਼ਨ ਦੇ ਉਤਰ ਵਿਚ ਉਸ ਨੇ ਇਹ ਵਾਰਤਾ ਸੁਣਾਈ।
“ਅੱਜ ਤੋਂ ਤਿੰਨ ਸਾਲ ਪਹਿਲਾਂ ਇਸ ਨੂੰ ਅਪੈਂਡੇਸਾਈਟਸ ਦਾ ਅਟੈਕ ਹੋਇਆ ਸੀ। ਦਵਾਈ ਦਵਾਉਣ ਨਾਲ ਉਹ ਟਲ ਗਿਆ ਸੀ ਪਰ ਦਰਦ ਪੂਰੀ ਤਰ੍ਹਾਂ ਠੀਕ ਨਹੀਂ ਸੀ ਹੋਇਆ। ਸਮਾਂ ਪਾ ਕੇ ਫਿਰ ਉਸ ਤੋਂ ਵੀ ਵੱਡਾ ਅਟੈਕ ਹੋ ਗਿਆ। ਉਦੋਂ ਇਸ ਦੇ ਪਿਤਾ ਜੀ ਸਾਨੂੰ ਪਿੰਡ ਛੱਡ ਕੇ ਦੋ ਦਿਨਾਂ ਲਈ ਬਾਹਰ ਗਏ ਹੋਏ ਸਨ। ਅਸੀਂ ਇਸ ਨੂੰ ਹਸਪਤਾਲ ਨਾ ਲਿਜਾ ਸਕੇ। ਬੱਸ ਪਿੰਡ ਦੇ ਡਾਕਟਰ ਤੋਂ ਹੀ ਦਰਦ ਦੀ ਦਵਾਈ ਲੈ ਕੇ ਦੇਈ ਗਏ। ਸਰਦਾਰ ਜੀ ਦੇ ਆਉਂਦਿਆਂ ਤੀਕਰ ਬੁਖਾਰ ਤੇ ਪੀੜਾਂ ਨਾਲ ਇਸ ਦਾ ਬੁਰਾ ਹਾਲ ਹੋ ਚੁੱਕਾ ਸੀ। ਹਸਪਤਾਲ ਲੈ ਕੇ ਗਏ ਤਾਂ ਐਮਰਜੈਂਸੀ ਵਿਚ ਡਾਕਟਰਾਂ ਨੇ ਤੁਰੰਤ ਅਪ੍ਰੇਸ਼ਨ ਕਰਨ ਦੀ ਸਲਾਹ ਦਿਤੀ ਤੇ ਅੰਦਰ ਲੈ ਗਏ। ਅਸੀਂ ਬਾਹਰ ਬੈਠ ਕੇ ਉਡੀਕਣ ਲੱਗੇ। ਅਪ੍ਰੇਸ਼ਨ ਤੋਂ ਬਾਦ ਡਾਕਟਰ ਨੇ ਆ ਕੇ ਦੱਸਿਆ ਕਿ ਭਰਤੀ ਕਰਾਉਣ ਤੋਂ ਪਹਿਲਾਂ ਹੀ ਇਸ ਦਾ ਅਪੈਂਡਿਕਸ ਫੋੜਾ ਅੰਦਰ ਫੱਟ ਚੁੱਕਾ ਸੀ ਜਿਸ ਦਾ ਜ਼ਹਿਰ ਉਸ ਦੇ ਸਰੀਰ ਵਿਚ ਚਲਾ ਗਿਆ ਸੀ। ਉਨ੍ਹਾਂ ਕਿਹਾ ਕੇ ਅਪ੍ਰੇਸ਼ਨ ਤਾਂ ਕਰ ਦਿਤਾ ਹੈ ਪਰ ਲੜਕੀ ਬੇਹੋਸ਼ੀ ਵਿਚ ਚਲੀ ਗਈ ਹੈ। ਅਸੀਂ ਆਪਣੀ ਵਾਹ ਲਾ ਰਹੇ ਹਾਂ ਪਰ ਕਹਿ ਕੁਝ ਨਹੀਂ ਸਕਦੇ। ਜੇ ਤਿੰਨ ਦਿਨਾਂ ਤਕ ਹੋਸ਼ ਨਾ ਆਈ ਤਾਂ ਫਿਰ ਇਸ ਦੀ ਕੋਈ ਆਸ ਨਹੀਂ।” ਉਸ ਵੇਲੇ ਨੂੰ ਯਾਦ ਕਰ ਕੇ ਤ੍ਰੀਮਤ ਦੇ ਗਲੇਡੂ ਭਰ ਆਏ। ਫਿਰ ਰੁਕ ਕੋ ਬੋਲੀ, “ਸਰਦਾਰ ਜੀ ਨੂੰ ਹਸਪਤਾਲ ਛੱਡ ਮੈਂ ਘਰ ਆ ਕੇ ਬਾਬਾ ਜੀ ਦੀ ਬੀੜ ਅੱਗੇ ਰੋਂਦੀ ਪੂਰੇ 72 ਘੰਟੇ ਲਗਾਤਾਰ ਅਰਦਾਸ ਕਰਦੀ ਰਹੀ। ਮੇਰੀ ਨੀਂਦ-ਭੁੱਖ ਸਭ ਚਲੀ ਗਈ। ਤੀਜੇ ਦਿਨ ਇਨ੍ਹਾਂ ਦਾ ਫੋਨ ਆਇਆ ਕਿ ਸਪਨਾ ਨੂੰ ਹੋਸ਼ ਆ ਗਈ ਹੈ। ਸਤਿਗੁਰ ਦੇ ਸ਼ੁਕਰਾਨੇ ਨਾਲ ਭਰੀ ਮੈਂ ਹਸਪਤਾਲ ਜਾ ਕੇ ਆਪਣੀ ਬੱਚੀ ਨੂੰ ਮਿਲੀ। ਦੋ ਕੁ ਦਿਨਾਂ ਬਾਦ ਅਸੀਂ ਇਸ ਨੂੰ ਘਰ ਲੈ ਆਏ। ਇਸ ਨੂੰ ਨਵੀਂ ਜਿੰਦਗੀ ਤਾਂ ਮਿਲ ਗਈ ਸੀ ਪਰ ਉਸ ਤੋਂ ਬਾਦ ਇਹ ਕਦੇ ਵੀ ਤੰਦਰੁਸਤ ਨਾ ਰਹੀ।”
ਜਦੋਂ ਬੀਬੀ ਚੁੱਪ ਹੋਈ ਮੈਂ ਅਪੈਂਡਿਕਸ ਦੇ ਜ਼ਹਿਰ ਬਾਰੇ ਸੋਚ ਰਿਹਾ ਸਾਂ। ਅਸਲ ਵਿਚ ਸਰੀਰ ਦਾ ਕੋਈ ਗਲਿਆ ਸੜਿਆ ਮਾਦਾ (ਪੁਟਰeਾਇਦ ਅਨਮਿਅਲ ਮਅਟਟeਰ) ਜਾਂ ਪੀਕ ਆਦਿ ਪ੍ਰਦਾਹ ਜੇ ਕਿਸੇ ਅਰੋਗ ਵਿਅਕਤੀ ਦੇ ਸਰੀਰ ਵਿਚ ਚਲਾ ਜਾਵੇ ਤਾਂ ਇਹ ਇਕ ਘਾਤਕ ਜ਼ਹਿਰ ਦਾ ਕੰਮ ਕਰਦਾ ਹੈ ਤੇ ਤੜਫਾ ਕੇ ਮਾਰਦਾ ਹੈ। ਸੰਨ 1963 ਵਿਚ ਮੈਂ ਰੂਸੀ ਨਾਵਲਕਾਰ ਈਵਾਨ ਤੁਰਗਨੇਵ ਦਾ ਇਕ ਨਾਵਲ ਪੜ੍ਹਿਆ ਸੀ। ਬਾਦ ਵਿਚ ਨਾਨਕ ਸਿੰਘ ਨੇ ਵੀ ਇਸ ਦੀ ਕਹਾਣੀ ‘ਤੇ ਆਧਾਰਤ ‘ਪੱਥਰ ਕਾਂਬਾ’ ਨਾਂ ਦਾ ਨਾਵਲ ਲਿਖਿਆ। ਇਹ ਇਕ ਨੌਜਵਾਨ ਡਾਕਟਰ ਲੜਕੇ ਦੀ ਦਰਦਨਾਕ ਮੌਤ ਦੀ ਕਹਾਣੀ ਹੈ ਜਿਸ ਦੇ ਹੱਥ ‘ਤੇ ਕਿਸੇ ਮੁਰਦੇ ਦਾ ਪੋਸਟ-ਮਾਰਟਮ ਕਰਦਿਆਂ ਜਖ਼ਮ ਹੋ ਜਾਂਦਾ ਹੈ। ਜਖ਼ਮ ਰਾਹੀਂ ਉਸ ਦੇ ਸਰੀਰ ਵਿਚ ਲਾਸ਼ ਦੇ ਗਲੇ ਪਦਾਰਥ ਦਾਖਲ ਹੋ ਜਾਂਦੇ ਹਨ। ਦੋ ਕੁ ਦਿਨਾਂ ਬਾਦ ਉਸ ਨੂੰ ਤੇਜ਼ ਕਾਂਬੇ ਦਾ ਬੁਖਾਰ ਚੜ੍ਹ ਜਾਂਦਾ ਹੈ ਤੇ ਉਹ ਛੁੱਟੀ ਲੈ ਕੇ ਆਪਣੇ ਪਿਤਾ ਕੋਲ ਘਰ ਚਲਾ ਜਾਂਦਾ ਹੈ। ਬਾਕੀ ਸਾਰਾ ਨਾਵਲ ਉਸ ਲੜਕੇ ਦੀ ਆਪਣੇ ਪਿਤਾ ਸਾਹਮਣੇ ਹੋਈ ਦਰਦਨਾਕ ਮੌਤ ਨੂੰ ਬਿਆਨ ਕਰਦਾ ਹੈ। ਦੋ ਹਫ਼ਤੇ ਅਕਹਿ ਪੀੜਾ ਝੇਲਦਾ ਉਹ ਮੌਤ ਦੇ ਗਲੇ ਲਗ ਜਾਂਦਾ ਹੈ। ਸੁਣਨ ਵਿਚ ਆਇਆ ਹੈ ਕਿ ਇਸ ਨਾਵਲ ਦੇ ਕਈ ਪਾਠਕ ਸਦਮੇ ਕਾਰਨ ਕਈ ਕਈ ਹਫਤੇ ਮੰਜੇ ਨਾਲ ਲੱਗੇ ਰਹੇ। ਇਸ ਦਾ ਮੇਰੇ ‘ਤੇ ਵੀ ਡੂੰਘਾ ਅਸਰ ਹੋਇਆ। ਜਦੋਂ ਮੇਰਾ ਲੜਕਾ ਡਾਕਟਰ ਬਣਿਆ, ਮੈਂ ਉਸ ਨੂੰ ਵਾਰ ਵਾਰ ਪੋਸਟ-ਮਾਰਟਮ ਇੰਜਰੀ ਤੋਂ ਬਚਣ ਦੀ ਤਾਕੀਦ ਕਰਦਾ ਰਹਿੰਦਾ। ਮੈਂ ਉਸ ਨੂੰ ਇਸ ਦੇ ਤੋੜ ਵਜੋਂ ਦਵਾਈ ਦੀ ਇਕ ਸ਼ੀਸ਼ੀ ਵੀ ਹਮੇਸ਼ਾ ਕੋਲ ਰੱਖਣ ਲਈ ਦਿਤੀ ਤਾਂ ਜੋ ਉਹ ਲੋੜ ਪੈਣ ‘ਤੇ ਤੁਰੰਤ ਵਰਤ ਸਕੇ।
ਇਹ ਸਭ ਕੁਝ ਸੋਚ ਕੇ ਮੈਨੂੰ ਇਕ ਦਮ ਫੁਰਿਆ ਕਿ ਸਪਨਦੀਪ ਦੇ ਸਰੀਰ ਵਿਚ ਵੀ ਤਾਂ ਅਪੈਂਡਿਕਸ ਫੁੱਟ ਕੇ ਗਲੇ ਸੜੇ ਪਦਾਰਥ ਹੀ ਸ਼ਾਮਲ ਹੋਏ ਹਨ। ਫਰਕ ਇਹੀ ਹੈ ਕਿ ਇਹ ਬਾਹਰੋਂ ਨਹੀਂ ਸਨ ਗਏ, ਉਸ ਦੇ ਆਪਣੇ ਸਨ। ਮੇਰੀ ਕੰਪਿਊਟਰ ਦੀ ਫਾਈਲ ਦੱਸਦੀ ਹੈ ਕਿ ਮੈਂ ਉਸੇ ਵੇਲੇ ਉਸ ਨੂੰ ‘ਪ’ ਅੱਖਰ ਨਾਲ ਅਰੰਭ ਹੋਣ ਵਾਲੀ ਇਕ ਦਵਾਈ ਦੀ ਇਕ ਹਜ਼ਾਰ ਪੋਟੈਂਸੀ ਦੀ ਇਕ ਖੁਰਾਕ ਦਿਤੀ। ਨਾਲ ਹੀ ਤਾਕੀਦ ਕੀਤੀ ਕਿ ਤਿੰਨ ਮਹੀਨਿਆਂ ਬਾਅਦ ਹੀ ਮੇਰੇ ਕੋਲ ਆਉਣ। ਮੈਂ ਉਨ੍ਹਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਜੇ ਕੋਈ ਛੋਟੀ ਮੋਟੀ ਤਕਲੀਫ਼ ਆਵੇ ਤਾਂ ਕੋਈ ਦਵਾਈ ਨਹੀਂ ਲੈਣੀ।
ਸਹੀ ਤਿੰਨ ਮਹੀਨਿਆਂ ਬਾਦ ਮਾਂ, ਬੇਟੀ ਤੇ ਪਿਤਾ ਤਿੰਨੇ ਮੇਰੇ ਕੋਲ ਆਏ। ਸਪਨਦੀਪ ਦੀ ਮਾਂ ਪ੍ਰਸੰਨਤਾ ਨਾਲ ਕਹਿਣ ਲੱਗੀ, “ਅਸੀਂ ਬੜੀ ਬੇਤਾਬੀ ਨਾਲ ਉਡੀਕ ਰਹੇ ਸਾਂ ਕਿ ਕਦੋਂ ਨੱਬੇ ਦਿਨ ਪੂਰੇ ਹੋਣ ‘ਤੇ ਅਸੀਂ ਤੁਹਾਨੂੰ ਦਸੀਏ ਕਿ ਸਾਡੀ ਬੱਚੀ ਹੁਣ ਅਸਲੋਂ ਠੀਕ ਹੈ। ਦਵਾਈ ਲੈਣ ਤੋਂ ਹਫ਼ਤਾ ਬਾਦ ਇਸ ਦਾ ਸਿਰ ਦਰਦ ਗਾਇਬ ਹੋ ਗਿਆ, ਡੇਢ ਮਹੀਨੇ ਬਾਦ ਇਸ ਨੂੰ ਖੁਲ੍ਹ ਕੇ ਕਾਲੇ ਰੰਗ ਦੀ ਮਹਾਵਾਰੀ ਆਈ ਤੇ ਫਿਰ ਇਸ ਦਾ ਚਿਹਰਾ ਵੀ ਲਾਲੀ ਪਕੜ ਗਿਆ। ਹੁਣ ਇਹ ਫਿਰ ਪੜ੍ਹਾਈ ਕਰਨਾ ਚਾਹੁੰਦੀ ਹੈ।” ਸਪਨਦੀਪ ਦੇ ਲਾਲਿਮਾ ਭਰੇ ਚਿਹਰੇ ਦੀ ਮਿਲਾਪੜੀ ਮੁਸਕਾਨ ਉਸ ਦੀ ਮਾਂ ਦੇ ਕਥਨ ਦੀ ਤਾਈਦ ਕਰ ਰਹੀ ਸੀ। ਮੈਂ ਉਸ ਨੂੰ ਮੇਰੇ ਇਕ ਮਿੱਤਰ ਦੀ ਪਲੱਸ ਟੂ (ਨਾਨ-ਮੈਡੀਕਲ) ਵਿਚ ਪੜ੍ਹਦੀ ਕੁੜੀ ਮੀਤਾ ਦਾ ਫੋਨ ਦਿਤਾ ਤਾਂ ਜੋ ਉਹ ਪੜ੍ਹਾਈ ਵਿਚ ਉਸ ਤੋਂ ਸਹਾਇਤਾ ਲੈ ਸਕੇ। ਮੈਂ ਉਨ੍ਹਾਂ ਨੂੰ ਨੌਂ ਮਹੀਨੇ ਬਾਦ ਆ ਕੇ ਉਸੇ ਦਵਾਈ ਦੀ ਉਚ ਪੋਟੈਂਸੀ ਦੀ ਇਕ ਹੋਰ ਖੁਰਾਕ ਲੈਣ ਦੀ ਤਾਕੀਦ ਕਰ ਕੇ ਤੋਰ ਦਿਤਾ।
ਉਨ੍ਹਾਂ ਦੇ ਜਾਣ ਤੋਂ ਬਾਦ ਮੈਂ ਇਸ ‘ਪੀ’ ਨਾਮਕ ਦਵਾਈ ਦੀ ਸ਼ੀਸ਼ੀ ਨੂੰ ਡੱਬੇ ‘ਚੋਂ ਕੱਢਿਆ ਤੇ ਰੇਸ ਜਿੱਤ ਕੇ ਆਈ ਘੋੜੀ ਵਾਂਗ ਨਿਹਾਰਿਆ। ਇਸ ਨੇ ‘ਦੁਖੁ ਦਾਰੂ ਸੁਖੁ ਰੋਗ ਭਇਆ’ ਦੇ ਮਹਾਂ ਵਾਕ ਦੀ ਸੱਚਾਈ ਨੂੰ ਉਜਾਗਰ ਕਰਨ ਦੇ ਨਾਲ ਹੋਮਿਓਪੈਥੀ ਦਾ ਵੀ ਨਾਂ ਉਚਾ ਕਰ ਦਿਤਾ ਸੀ। ਇਸ ਗੱਲ ਵਿਚ ਕੋਈ ਲੁਕਾ ਨਹੀਂ ਕਿ ਉਂਜ ਔਸ਼ਧੀ ਰੂਪ ਵਿਚ ਇਹ ਦਵਾਈ ਹੈ ‘ਘੋੜੀ’ ਹੀ ਸੀ ਕਿਉਂਕਿ ਇਸਨੋਸੋਡ ਦਵਾਈ ਦੀ ਪੋਟੈਂਸੀ ਮਰੀ ਹੋਈ ਘੋੜੀ ਦੇ ਗਲੇ ਸੜੇ ਮਾਸ ਤੋਂ ਤਿਆਰ ਹੁੰਦੀ ਹੈ। ਪੋਟੈਂਸੀ ਅਵਸਥਾ ਵਿਚ ਪਹੁੰਚ ਕੇ ਇਸ ਦੇ ਮਾਸ ਰੂਪੀ ਪਦਾਰਥ ਅਲੋਪ ਹੋ ਜਾਂਦੇ ਹਨ ਤੇ ਇਹ ਇਕ ਨਿਰੋਲ ਰੋਗਨਾਸ਼ਕ ਸ਼ਕਤੀ ਬਣ ਜਾਂਦੀ ਹੈ। ਤਦ ਇਹ ਮੱਨੁਖ ਨੂੰ ਬੀਮਾਰ ਨਹੀਂ ਕਰਦੀ ਸਗੋਂ ਗਲੇ ਸੜੇ ਮਾਸ ਦੇ ਸ਼ਰੀਰ ਵਿਚ ਦਾਖ਼ਲ ਹੋਣ ਨਾਲ ਪੈਦਾ ਹੋਈਆਂ ਅਨੇਕ ਘਾਤਕ ਬਿਮਾਰੀਆਂ, ਇਥੋਂ ਤੀਕਰ ਕਿ ਪਲੇਗ ਤੇ ਸੀਵਰ ਗੈਸ ਪੁਆਇਜ਼ਨਿੰਗ ਦਾ ਵੀ ਸਫਲਤਾਪੂਰਵਕ ਇਲਾਜ ਕਰਦੀ ਹੈ।
ਇਸ ਦੇ ਪਰਉਪਕਾਰ ਸਦਕਾ ਸਪਨਦੀਪ ਹੁਣ ਇੰਜੀਨੀਅਰਿੰਗ ਦੀ ਪੜ੍ਹਾਈ ਪੂਰੀ ਕਰ ਚੁੱਕੀ ਹੈ!
Leave a Reply