ਰਮੇਸ਼ਵਰ ਸਿੰਘ ਪਟਿਆਲਾ
ਫੋਨ: 91-99148-80392
ਮੂਲ ਚੰਦ ਰੰਚਣਾ ਵਾਲਾ ਪੁਰਾਣੇ ਗੀਤਕਾਰਾਂ ਵਿਚੋਂ ਇੱਕ ਜਾਣਿਆ ਪਛਾਣਿਆ ਨਾਮ ਹੈ। ਮੂਲ ਚੰਦ ਸ਼ਰਮਾ ਗੀਤਕਾਰ, ਲੋਕ ਕਵੀ, ਚਿੱਤਰਕਾਰ, ਸਮਾਜ-ਸੇਵੀ, ਕਹਾਣੀਕਾਰ-ਕੁੱਲ ਮਿਲਾ ਕੇ ਬਹੁ-ਕਲਾਵਾਂ ਦੀ ਮਾਲਕ ਇਹ ਨੇਕ ਸ਼ਖਸੀਅਤ ਜਿਲਾ ਸੰਗਰੂਰ ਦੇ ਪਿੰਡ ਰਜਿੰਦਰਾਪੁਰੀ ‘ਰੰਚਣਾ’, ਜੋ ਭਸੌੜ ਤੋਂ ਕਰੀਬ ਤਿੰਨ ਕਿਲੋਮੀਟਰ ਨਹਿਰ ਦੇ ਕੰਢੇ ਵਸਿਆ ਹੋਇਆ ਹੈ, ਦਾ ਰਹਿਣ ਵਾਲਾ ਹੈ। ਉਹ ਪਿਤਾ ਸ਼੍ਰੀ ਗੌਰੀ ਸ਼ੰਕਰ, ਮਾਤਾ ਯਸ਼ੋਧਾ ਦੇਵੀ ਦੇ ਘਰ ਪੈਦਾ ਹੋਇਆ। ਸਕੂਲ ਤੋਂ ਹੀ ਉਸ ਨੂੰ ਗਾਇਕੀ ਦਾ ਸ਼ੌਕ ਸੀ, ਪਰ ਘਰ ਦੇ ਮਾਹੌਲ ਕਾਰਨ ਉਨ੍ਹਾਂ ਦਾ ਇਹ ਸੁਪਨਾ ਸਾਕਾਰ ਨਾ ਹੋ ਸਕਿਆ।
ਸਕੂਲ ਵਿਚ ਪੜ੍ਹਦਿਆਂ ਉਨ੍ਹਾਂ ਨੂੰ ਅਧਿਆਪਕਾਂ ਵੱਲੋਂ ਪ੍ਰਾਰਥਨਾ ਵਿਚ ਕੁਝ ਨਾ ਕੁਝ ਬੋਲਣ ਲਈ ਅਕਸਰ ਹੀ ਕਿਹਾ ਜਾਂਦਾ ਤੇ ਉਹ ਗੀਤ ਕਵਿਤਾਵਾਂ ਤਿਆਰ ਕਰਕੇ ਪ੍ਰਾਰਥਨਾ ਵਿਚ ਬੋਲਿਆ ਕਰਦੇ। ਫਿਰ ਇੱਕ ਦਿਨ ਉਨ੍ਹਾਂ ਨੇ ਸੋਚਿਆ ਕਿ ਕਿਉਂ ਨਾ ਆਪਣਾ ਖੁਦ ਦਾ ਗੀਤ ਲਿਖ ਕੇ ਗਾਇਆ ਜਾਵੇ ਤਾਂ ਉਨ੍ਹਾਂ ਨੇ ਨੌਂਵੀਂ ਜਮਾਤ ਵਿਚ ਪੜ੍ਹਦਿਆਂ 1969 ਵਿਚ “ਭੁੱਲ ਸਕਦੇ ਨਾ ਲੋਕੀਂ ਨਾਨਕੀ ਦੇ ਵੀਰ ਨੂੰ” ਲਿਖਿਆ। ਬਾਬੇ ਨਾਨਕ ਦੇ ਲਿਖੇ ਇਸ ਪਹਿਲੇ ਗੀਤ ਤੋਂ ਉਨ੍ਹਾਂ ਦੀ ਅਜਿਹੀ ਸ਼ੁਰੂਆਤ ਹੋਈ ਕਿ ਗੀਤਕਾਰੀ ਦੀ ਦੁਨੀਆਂ ਵਿਚ ਉਨ੍ਹਾਂ ਦੀ ਵੱਖਰੀ ਪਛਾਣ ਬਣ ਗਈ। ਉਨ੍ਹਾਂ ਨੂੰ ਬਚਪਨ ਤੋਂ ਹੀ ਕਿਤਾਬਾਂ ਪੜ੍ਹਨ ਦਾ ਸ਼ੌਕ ਸੀ। ਉਹ ਮੇਲਾ ਦੇਖਣ ਜਾਂਦੇ ਤਾਂ ਆਮ ਬੱਚਿਆਂ ਦੀ ਤਰ੍ਹਾਂ ਉਥੋਂ ਖਿਡਾਉਣੇ ਨਹੀਂ, ਸਗੋਂ ਕਿਤਾਬਾਂ ਖਰੀਦਦੇ। ਸ਼ੁਰੂਆਤੀ ਦੌਰ ਵਿਚ ਉਹ ਮੇਲਿਆਂ ਵਿਚੋਂ ਕਿੱਸੇ ਖਰੀਦ ਕੇ ਪੜ੍ਹਦੇ ਅਤੇ ਉਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਗੀਤ ਲਿਖਦੇ। ਉਨ੍ਹਾਂ ਨੇ ਹਰਨੇਕ ਸੋਹੀ ਨੂੰ ਆਪਣਾ ਉਸਤਾਦ ਧਾਰ ਕੇ ਗੀਤਕਾਰੀ ਦੀਆਂ ਬਾਰੀਕੀਆਂ ਸਿੱਖੀਆਂ।
ਮੂਲ ਚੰਦ ਦਾ ਲਿਖਿਆ ਪਹਿਲਾ ਗੀਤ ਗਾਇਕ ਜੋੜੀ ਕੇ. ਐਸ਼ ਪਰਦੇਸੀ ਤੇ ਨਿਰਮਲ ਕੌਰ ਨਿੰਮੀ ਦੀ ਅਵਾਜ਼ ਵਿਚ ਵਰਮਾ ਰਿਕਾਰਡਿੰਗ ਕੰਪਨੀ, ਮੋਗਾ ‘ਚ ਆਇਆ। ਉਸ ਤੋਂ ਬਾਅਦ ਗੁਰਦਿਆਲ ਨਿਰਮਾਣ, ਕੇ. ਐਸ਼ ਪਰਦੇਸੀ, ਨਿਰਮਲ ਕੌਰ ਨਿੰਮੀ, ਕੁਲਦੀਪ ਮਾਣਕ, ਬਲਜੀਤ ਬੱਲੀ, ਤਰਸੇਮ ਸੇਮੀ, ਲਵਲੀ ਨਿਰਮਾਣ, ਅਨੀਤਾ ਸਮਾਣਾ, ਚਰਨਜੀਤ ਮਾਨ ਆਦਿ ਕਲਾਕਾਰਾਂ ਦੀਆਂ ਅਵਾਜ਼ਾਂ ਵਿਚ ਮੂਲ ਚੰਦ ਦੇ ਗੀਤ ਰਿਕਾਰਡ ਹੋਏ। ਉਨ੍ਹਾਂ ਸਮਿਆਂ ਵਿਚ ਮੂਲ ਚੰਦ ਨੂੰ ਐਚ. ਐਮ. ਵੀ. ਕੰਪਨੀ ਵੱਲੋਂ ਗੀਤਾਂ ਦੀ ਰਾਇਲਟੀ ਵੀ ਮਿਲਦੀ ਰਹੀ ਹੈ। ਉਨ੍ਹਾਂ ਦੇ ਚਰਚਿਤ ਗਾਣਿਆਂ ਵਿਚੋਂ ਕੁਝ ਗੀਤ ਇਸ ਪ੍ਰਕਾਰ ਹਨ: ‘ਕੌਲੀ ਵਿਚ ਸਬਜ਼ੀ ਪਾ ਦੇ’, ‘ਪਾਣੀ ਦਾ ਜਗ ਫੜਾ ਦੇ’ ਅਤੇ ‘ਕੀਮਾ ਮਲਕੀ’ (ਗੁਰਦਿਆਲ ਨਿਰਮਾਣ-ਹਰਵਿੰਦਰ ਬੀਬਾ), ‘ਸੁਣ ਹਾਣਦੀਏ ਮੁਟਿਆਰੇ’ ਅਤੇ ‘ਚਾਦਰ ‘ਤੇ ਬੂਟੇ ਪਾਉਂਦੀ ਨੂੰ’ (ਲਵਲੀ ਨਿਰਮਾਣ) ਅਤੇ ਹੁਣ ਗਾਇਕ ਮਨਿੰਦਰ ਪ੍ਰੀਤ ਵੱਲੋਂ ਪਿਛਲੇ ਸਾਲ ਉਨ੍ਹਾਂ ਦਾ ਲਿਖਿਆ ‘ਕੀ ਆਖਿਆ ਬਾਬੇ ਨਾਨਕ ਨੇ’ ਅਤੇ ਇਸ ਸਾਲ ਲਿਖਿਆ ‘ਬੰਬੀਹਾ’ ਗਾਇਆ, ਜੋ ਲੋਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਗਿਆ।
ਗੀਤਕਾਰੀ ਦੇ ਨਾਲ ਨਾਲ ਹਰਨੇਕ ਸੋਹੀ ਨੇ ਮੂਲ ਚੰਦ ਨੂੰ ਧੂਰੀ ਸਾਹਿਤ ਸਭਾ ਨਾਲ ਵੀ ਜੋੜਿਆ, ਜਿੱਥੇ ਉਸ ਨੇ ਕਹਾਣੀ, ਕਵਿਤਾਵਾਂ ਤੇ ਗਜ਼ਲ ਦੇ ਖੇਤਰ ਵਿਚ ਸ਼ਲਾਘਾਯੋਗ ਪ੍ਰਾਪਤੀ ਕੀਤੀ। ਉਸ ਦੇ ਸੈਂਕੜੇ ਗੀਤ ਅਖਬਾਰਾਂ-ਰਸਾਲਿਆਂ ਅਤੇ ਸੰਪਾਦਿਤ ਪੁਸਤਕਾਂ ਵਿਚ ਛਪ ਚੁਕੇ ਹਨ। ਉਸ ਦੇ ਗੀਤਾਂ ਵਿਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਹਰ ਰੰਗ ਹੈ। ਉਹ ਪੰਜਾਬੀ ਸਾਹਿਤ ਸਭਾ, ਧੂਰੀ ਦਾ ਮੈਂਬਰ ਬਣਿਆ ਤੇ ਪਿਛਲੇ ਪੈਂਤੀ ਸਾਲਾਂ ਵਿਚ ਸਧਾਰਨ ਮੈਂਬਰ ਤੋਂ ਸ਼ੁਰੂ ਹੋ ਕੇ ਅੱਜ ਉਹ ਸਭਾ ਦਾ ਪ੍ਰਧਾਨ ਹੈ। ਰੇਡਿਓ ਤੇ ਦੂਰਦਰਸ਼ਨ ਦੇ ਕਵੀ-ਦਰਬਾਰਾਂ ਵਿਚ ਵੀ ਉਹ ਕਈ ਵਾਰ ਹਿੱਸਾ ਲੈ ਚੁਕਾ ਹੈ।
ਸਾਲ 2014 ਵਿਚ ਮੂਲ ਚੰਦ ਸ਼ਰਮਾ ਦਾ ਕਾਵਿ-ਸੰਗ੍ਰਹਿ ‘ਪੱਥਰ ‘ਤੇ ਲਕੀਰਾਂ’ ਛਪਿਆ। ਪਾਠਕਾਂ, ਲੇਖਕਾਂ ਅਤੇ ਆਲੋਚਕਾਂ ਵੱਲੋਂ ਕਾਫੀ ਸਲਾਹਿਆ ਗਿਆ। ਪੰਜਾਬੀ ਲਿਖਾਰੀ ਸਭਾ ਰਾਮਪੁਰ (ਲੁਧਿਆਣਾ) ਦੇ ਪੁਸਤਕ ਮੁਕਾਬਲੇ ਵਿਚ ‘ਜਸਵੰਤ ਸਿੰਘ ਧਮੋਟ ਯਾਦਗਰੀ ਐਵਾਰਡ’ ਨਾਲ ਉਸ ਨੂੰ ਨਿਵਾਜਿਆ ਗਿਆ। ਪਿੰਡ ਦੇ ਲੋਕਾਂ ਨੇ ਯੂਥ ਸਪੋਰਟਸ ਕਲੱਬ ਅਤੇ ਗ੍ਰਾਮ ਪੰਚਾਇਤ ਰਾਹੀਂ ਉਸ ਨੂੰ ‘ਪਿੰਡ ਦਾ ਮਾਣ ਐਵਾਰਡ’ ਨਾਲ ਸਨਮਾਨਿਤ ਕੀਤਾ। ਗੀਤਕਾਰੀ ਵਿਚ ਉਨ੍ਹਾਂ ਦੀ ਕਲਮ ਸ਼ੁਰੂ ਤੋਂ ਹੀ ਉੱਚ ਪੱਧਰ ਦੇ ਗੀਤ ਰਚਦੀ ਆ ਰਹੀ ਹੈ।
ਅੱਜ ਕੱਲ੍ਹ ਮੂਲ ਚੰਦ ਸ਼ਰਮਾ ਦਾ ਇੱਕ ਵੱਖਰਾ ਹੀ ਇਨਕਲਾਬੀ ਰੰਗ ਅਖਬਾਰਾਂ, ਰਸਾਲਿਆਂ, ਮੈਗਜ਼ੀਨਾਂ ਵਿਚ ਪੜ੍ਹਨ ਨੂੰ ਮਿਲ ਰਿਹਾ ਹੈ। ਰੁਲਦੂ ਬੱਕਰੀਆਂ ਵਾਲੇ ਦੇ ਪਾਤਰ ਵਿਚੋਂ ਸਰਕਾਰਾਂ ਖਿਲਾਫ ਅਵਾਜ਼ ਬੁਲੰਦ ਕਰਦੀਆਂ ਉਨ੍ਹਾਂ ਦੀਆਂ ਕੁਝ ਰਚਨਾਵਾਂ ਇਸ ਤਰ੍ਹਾਂ ਹਨ,
ਬਾਜ ਵਰਗੇ ਪੰਜਾਬੀ ਅੰਨਦਾਤੇ
ਮੂੰਹ ਜ਼ੁਬਾਨੀਂ ਹੁਕਮ ਭੇਜ ਕੇ,
ਬੰਦ ਕਰਾ’ਤੀਆਂ ਰੇਲਾਂ।
ਬਲਦੀ ਅੱਗ ਨੂੰ ਹੋਰ ਬਾਲ’ਤਾ,
ਬਿਨ ਡੀਜਲ ਤੇ ਤੇਲਾਂ।
ਹੁਣ ਪੰਜਾਬ ਇਕੱਲਾ ਨਹੀਓਂ,
ਦੇਸ਼ ਨਾਲ ਹੈ ਸਾਡੇ,
ਜਦੋਂ ਅਚਿੰਤੇ ਬਾਜ ਪਏ,
ਤਾਂ ਵਿੱਸਰ ਜਾਣੀਆਂ ਕੇਲਾਂ।
(ਰੁਲਦੂ ਬੱਕਰੀਆਂ ਵਾਲਾ)
ਇਸ ਸਮੇਂ ਜੋ ਪੰਜਾਬ ਦੇ ਹਾਲਾਤ ਬਣੇ ਹੋਏ ਹਨ, ਉਨ੍ਹਾਂ ਦੀ ਕਲਮ ਕਿਰਤੀਆਂ, ਕਿਸਾਨਾਂ ਨਾਲ ਡਟ ਕੇ ਖੜ੍ਹੀ ਹੈ ਅਤੇ ਉਨ੍ਹਾਂ ਦੇ ਸੰਘਰਸ਼ ਵਿਚ ਪੈਰ ਧਰਨ ਲਈ ਲੋਕਾਂ ਨੂੰ ਪ੍ਰੇਰਿਤ ਅਤੇ ਜਾਗਰੂਕ ਵੀ ਕਰ ਰਹੀ ਹੈ।
ਕਿਸਾਨ ਆਗੂਆਂ ਨੂੰ
ਦਿੱਲੀ ਦੇ ਵੱਲ ਜਾਂਦਿਓ ਵੀਰੋ,
ਅਸੀਂ ਤੁਹਾਡੇ ਨਾਲ਼ ਖੜ੍ਹੇ ਹਾਂ।
ਅੱਗੇ ਤੋਂ ਵੀ ਲੜਦੇ ਰਹਾਂਗੇ,
ਜਿੱਦਾਂ ਹਾਲੇ ਤੱਕ ਲੜੇ ਹਾਂ।
ਜੇ ਕੋਈ ਗੱਲ ਸਿਰੇ ਨਾ ਲੱਗੀ,
ਹਾਕਮਾਂ ਤਾਈਂ ਦੱਸ ਕੇ ਆਇਓ,
ਹੁਣ ਸਾਡੇ ‘ਚੋਂ ਹਵਾ ਨਾ ਲੰਘਣੀਂ,
ਕਿਉਂਕਿ ਫਾਨੇ ਵਾਂਗ ਅੜੇ ਹਾਂ।
ਅਸੀਂ ਇਹੋ ਅਰਦਾਸ ਕਰਦੇ ਹਾਂ ਕਿ ਬੁਲੰਦ ਹੌਸਲਿਆਂ ਨਾਲ ਲਿਖਣ ਵਾਲੀ ਇਹ ਕਲਮ ਇਨਕਲਾਬ ਦੇ ਰਾਹ ‘ਤੇ ਤੁਰਦਿਆਂ ਆਪਣੀਆਂ ਸਾਹਿਤਕ, ਸਭਿਆਚਾਰਕ ਅਤੇ ਲਿਖਤਾਂ ਨਾਲ ਪੰਜਾਬੀ ਮਾਂ-ਬੋਲੀ ਦੇ ਵਿਹੜੇ ਨੂੰ ਰੁਸ਼ਨਾਉਂਦੀ ਅਤੇ ਲੋਕ ਅਵਾਜ਼ ਨੂੰ ਬੁਲੰਦ ਕਰਦੀ ਇਸੇ ਤਰ੍ਹਾਂ ਸੇਵਾ ਕਰਦੀ ਰਹੇ ਅਤੇ ਲੰਮੀਆਂ ਉਮਰਾਂ ਮਾਣੇ। ਮੂਲ ਚੰਦ ਸ਼ਰਮਾ ਨਾਲ ਸੰਪਰਕ ਫੋਨ: 91-94784-08898 ਰਾਹੀਂ ਕੀਤਾ ਜਾ ਸਕਦਾ ਹੈ।
ਮੂਲ ਚੰਦ ਦੀਆਂ ਕੁਝ ਰਚਨਾਵਾਂ
ਸੱਤਾਧਾਰੀ ਆਗੂ
ਹੋਰਾਂ ਨੂੰ ਸਮਝਾਉਣ ਤੁਰੇ ਸੀ,
ਆਪਣਿਆਂ ਨੂੰ ਸਮਝਾ ਨਾ ਹੋਇਆ।
ਦੂਜਿਆਂ ਦੇ ਘਰ ਸੰਨ੍ਹ ਲਾਉਣਾ ਸੀ,
ਆਪਣਾ ਘਰ ਬਚਾਅ ਨਾ ਹੋਇਆ।
ਕਹਿੰਦੇ ਸੀ ਪਿੰਡ ਪਿੰਡ ਜਾਵਾਂਗੇ,
ਹਰ ਇੱਕ ਦੇ ਘਰ ਤੱਕ ਪਹੁੰਚਾਂਗੇ,
ਆਪਣੇ ਘਰਾਂ ‘ਚ ਕੈਦ ਹੋ ਗਏ,
ਗੇਟ ਤੋਂ ਬਾਹਰੇ ਆ ਨਾ ਹੋਇਆ।
—
ਅਸੀਂ ਜਦੋਂ ਆਈ ‘ਤੇ ਆਏ
ਤੇਰਾ ਹਾਕਮਾਂ ਵੇ ਘਰੋਂ ਬਾਹਰ
ਜਾਣ ਨਹੀਂਓਂ ਹੋਣਾ।
ਐਨਾ ਪੀਹਾਂਗੇ ਬਾਰੀਕ
ਤੈਥੋਂ ਛਾਣ ਨਹੀਂਓਂ ਹੋਣਾ
ਤੇਰੇ ਘਰਦਿਆਂ ਤੇ ਦੁਨੀਆਂ ਦੀ
ਗੱਲ ਬੜੀ ਦੂਰ,
ਤੈਥੋਂ ਸ਼ੀਸ਼ੇ ਵਿਚ ਚਿਹਰਾ
ਪਹਿਚਾਣ ਨਹੀਂਓਂ ਹੋਣਾ।
—
ਅਸਲੀ ਆਜ਼ਾਦੀ
ਇੱਕ ਆਜ਼ਾਦੀ ਲਈ ਬਜੁਰਗਾਂ,
ਦੂਜੀ ਆਪਾਂ ਨੇ ਲੈਣੀ ਏਂ।
ਰੁਲਦੂ ਦੀ ਗੱਲ ਪੱਲੇ ਬੰਨ੍ਹ ਲੌ,
ਹੋਰ ਘੂਰ ਨ੍ਹੀਂ ਸਹਿਣੀ ਏਂ।
ਘਰ ਘਰ ਤੱਕ ਪੁਚਾਉਣਾ ਪੈਣਾ,
ਲੋਕ-ਰਾਜ ਦੇ ਅਰਥਾਂ ਨੂੰ,
ਹੱਕਾਂ ਵਾਲੇ ਹੱਕ ਲੈਣਗੇ,
ਕੋਈ ਕਮੀ ਨਾ ਰਹਿਣੀਂ ਏਂ।
—
ਉੱਠੋ ਦੱਬੇ ਕੁਚਲੇ ਲੋਕੋ
ਮਸਲਾ ‘ਕੱਲੀ ਕਿਸਾਨੀ ਦਾ ਨ੍ਹੀਂ,
ਮਸਲੇ ਹੋਰ ਬਥੇਰੇ।
ਸਭ ਨੂੰ ਸ਼ਾਮਲ ਹੋਣਾ ਪਊਗਾ,
ਪਾਉਣੇ ਪੈਣਗੇ ਘੇਰੇ।
‘ਕੱਲੇ ‘ਕੱਲੇ ਕਲਪੁਰਜੇ ਦੀ,
ਪਊ ਸਫਾਈ ਕਰਨੀ,
ਕਾਲੀ ਰਾਤ ਦਾ ਫਸਤਾ ਵੱਢ ਕੇ,
ਲਿਆਉਣੇ ਸੁਰਖ ਸਵੇਰੇ।
—
ਚਮਕਦੇ ਜੁਗਨੂੰ
ਸੂਰਜ ਚੰਨ ਸਿਤਾਰੇ ਜੁਗਨੂੰ
ਲੱਗਣ ਬਹੁਤ ਪਿਆਰੇ ਜੁਗਨੂੰ।
ਅਰਥਾਂ ਭਰੀ ਲਿਆਕਤ ਹੁੰਦੇ,
ਸ਼ਬਦਾਂ ਨਾਲ ਸ਼ਿੰਗਾਰੇ ਜੁਗਨੂੰ।
ਮਨੋਰੰਜਨ ਨਾਲ ਸੇਧ ਬਖਸ਼ਦੇ,
ਗੀਤਾਂ ਦੇ ਵਣਜਾਰੇ ਜੁਗਨੂੰ।
ਪੰਜ ਆਬ ਦੇ ਵਾਸੀ ਨੇ ਇਹ,
ਸਾਰੇ ਜੱਗ ਤੋਂ ਨਿਆਰੇ ਜੁਗਨੂੰ।
ਕਾਲੀ ਰਾਤ ਖਤਮ ਹੋ ਜਾਵੇ,
‘ਕੱਠੇ ਹੋਣ ਜੇ ਸਾਰੇ ਜੁਗਨੂੰ।
ਕੱਲ, ਅੱਜ ਨਾ ਕਦੇ ਭਲਕ ਨੂੰ,
ਹਨੇਰਿਆਂ ਤੋਂ ਨਾ ਹਾਰੇ ਜੁਗਨੂੰ।
ਦੂਰੋਂ ਹੀ ਇਹ ਜਾਣ ਪਛਾਣੇ,
ਦੀਵਿਆਂ ਵਾਂਗ ਨਿਖਾਰੇ ਜੁਗਨੂੰ।
ਚੰਨ-ਸਿਤਾਰੇ ਬਾਤਾਂ ਪਾਉਂਦੇ,
ਭਰਦੇ ਰਹਿਣ ਹੁੰਘਾਰੇ ਜੁਗਨੂੰ।
ਹਰ ਖੇਤਰ ਵਿਚ ਮੱਲਾਂ ਮਾਰਦੇ,
ਕਦੇ ਨਾ ਹੋਣ ਵਿਚਾਰੇ ਜੁਗਨੂੰ।
ਆਪਣੀ ਮੌਜ ਦੇ ਮਾਲਕ ਹੁੰਦੇ,
ਲੁੱਟਣ ਸਦਾ ਨਜ਼ਾਰੇ ਜੁਗਨੂੰ।
ਮੁੱਲ ‘ਤਾਰ ਕੇ ਹੋਣ ਪ੍ਰਾਪਤ,
ਮਿਲਦੇ ਨਹੀਂ ਉਧਾਰੇ ਜੁਗਨੂੰ।
ਅੱਧ ਵਿਚਾਲੇ ਨਹੀਂ ਡੋਬਦੇ,
ਲਾਉਂਦੇ ਗੱਲ ਕਿਨਾਰੇ ਜੁਗਨੂੰ।
ਵੇਖ ਵੇਖ ਕੇ ਸੜਨ ਗੁਆਂਢੀ,
ਚੜ੍ਹਦੇ ਜਦੋਂ ਚੁਬਾਰੇ ਜੁਗਨੂੰ।
ਜਾਪਣ ਕਦੇ ਫੁੱਲਾਂ ਤੋਂ ਹੌਲੇ,
ਕਦੇ ਪਰਬਤੋਂ ਭਾਰੇ ਜੁਗਨੂੰ।
ਮੁੰਦਰਾਂ ਪਾ ਕੇ ਜੋਗੀ ਬਣ ਗਏ,
ਤੇਰੀ ਦੀਦ ਦੇ ਮਾਰੇ ਜੁਗਨੂੰ।
ਯਾਰ ਯਾਰਾਂ ਦੇ ਵੈਰੀ ਦੇ ਨਾਲ,
ਕਰਦੇ ਹੱਥ ਕਰਾਰੇ ਜੁਗਨੂੰ।
ਵੇਖੀਂ ਕਿਤੇ ਗੁਆ ਨਾ ਬੈਠੀਂ,
ਮਿਲਦੇ ਨਹੀਂ ਦੁਬਾਰੇ ਜੁਗਨੂੰ।
ਧਰਤੀ ‘ਤੇ ਬਾਲਣ ਲਈ ਦੀਵੇ,
ਅੰਬਰੋਂ ਹੇਠ ਉਤਾਰੇ ਜੁਗਨੂੰ।
ਖੇਤਾਂ ਦੇ ਵਿਚ ਟਿਮਟਿਮਾਉਂਦੇ,
ਜਿਓਂ ਅੰਬਰ ਦੇ ਤਾਰੇ ਜੁਗਨੂੰ।
ਲੜਦੇ ਸਦਾ ਨੇ ਆਪਣੇ ਦਮ ‘ਤੇ,
ਲੱਭਦੇ ਨਹੀਂ ਸਹਾਰੇ ਜੁਗਨੂੰ।
ਪਲ ਵਿਚ ਤੋਲਾ, ਪਲ ਵਿਚ ਮਾਸਾ,
ਰਹਿੰਦੇ ਨਾ ਹੰਕਾਰੇ ਜੁਗਨੂੰ।
ਕੁਦਰਤ ਨੇ ਜਿੰਨੇ ਕੁ ਬਖਸ਼ੇ,
ਪਾਉਂਦੇ ਨੇ ਲਿਸ਼ਕਾਰੇ ਜੁਗਨੂੰ।
ਸੁੱਤੇ ਲੋਕ ਜਗਾਉਂਦੇ ਰਹਿੰਦੇ,
ਡੱਗਾ ਮਾਰ ਨਗਾਰੇ ਜੁਗਨੂੰ।
ਆਪਣੇ ਹੱਥੀਂ ਖਤਮ ਕਰੇ ਜੋ,
ਮਿਲਣੇ ਨਹੀਂ ਦੁਬਾਰੇ ਜੁਗਨੂੰ।
ਕੀੜੇ ਮਾਰ ਦਵਾਈਆਂ ਪਾ ਪਾ,
ਆਪਣੇ ਹੱਥੀਂ ਮਾਰੇ ਜੁਗਨੂੰ।
ਸੱਤਿਅਮ, ਸ਼ਿਵਮ ਤੇ ਸੁੰਦਰਮ ਦੇ,
ਬੋਲਣ ਬੋਲ ਪਿਆਰੇ ਜੁਗਨੂੰ।
ਕਾਲੀਆਂ ਰਾਤਾਂ ਦੇ ਘਰ ਢੁੱਕਣਾ,
ਸਿਹਰੇ ਬੰਨ੍ਹ ਸ਼ਿੰਗਾਰੇ ਜੁਗਨੂੰ।
ਪਿੰਡ ਰੰਚਣਾ ਗਲੀ ਮੁਹੱਲੇ,
ਵਿਹੜਿਆਂ ਵਿਚ ਖਿਲਾਰੇ ਜੁਗਨੂੰ।
ਸੂਰਜ, ਚੰਨ, ਸਿਤਾਰੇ ਜੁਗਨੂੰ।
ਲਗਦੇ ਬਹੁਤ ਪਿਆਰੇ ਜੁਗਨੂੰ।
—
ਪੱਤੇ ਪੱਤੇ ਡਾਲ ਡਾਲ
ਚੁਣੇ ਹੋਏ ਨੁਮਾਇੰਦੇ ਜਿਸ ਦਿਨ
ਮਿਲਣ ਗਏ ਸੀ ਰਾਜਪਾਲ ਨੂੰ।
ਸੁਣਿਐਂ ਹੋਈ ਖੂਬ ਬੇਇੱਜਤੀ
ਦੱਸਿਆ ਏ ਸਿਮਰਜੀਤ ਹਾਲ ਨੂੰ।
ਨਾਮਜ਼ਦ ਵੱਡਾ ਕਿ ਵੱਡੇ
ਆਗੂ ਹੁੰਦੇ ਨੇ ਲੋਕਾਂ ਦੇ,
ਪੱਤਾ ਪੱਤਾ ਹੋਣਾ ਪਊਗਾ
ਜੇ ਕੋਈ ਜਾਂਦੈ ਡਾਲ ਡਾਲ ਨੂੰ।
ਮੰਡੀ ਦੇ ਵਿਚ ਝੋਨਾ ਸੁੱਟ ਕੇ
ਜੱਟ ਧਰਨੇ ‘ਤੇ ਜਾਵੇ।
ਸਮੇਂ ਦੀਏ ਸਰਕਾਰੇ ਤੈਨੂੰ
ਤਰਸ ਰਤਾ ਨਾ ਆਵੇ।
ਅੰਦਰੋਂ ਇਹਨੂੰ ਤਬਾਹ ਕਰਨ ਦੀ
ਕਸਰ ਕੋਈ ਨਾ ਛੱਡੇਂ,
ਵੋਟਾਂ ਦਾ ਗੌਂਅ ਉੱਤੋਂ ਉੱਤੋਂ
ਅੰਨ ਦਾਤਾ ਅਖਵਾਵੇ।