ਸਭਿਅਤਾ ਨੂੰ ਸਵਾਲ: ਜਰਮਨੀ, ਯੀਅਰ ਜ਼ੀਰੋ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਟਲੀ ਦੇ ਸਰਕਰਦਾ ਫਿਲਮਸਾਜ਼ ਰੋਬਰਤੋ ਰੋਸਲਿਨੀ ਦੀ ਫਿਲਮ ‘ਜਰਮਨੀ, ਯੀਅਰ ਜ਼ੀਰੋ’ ਬਾਰੇ ਚਰਚਾ ਕੀਤੀ ਗਈ ਹੈ। ਇਹ ਫਿਲਮ ਫਾਸ਼ੀਵਾਦ ‘ਤੇ ਤਿੱਖੀ ਟਿੱਪਣੀ ਹੈ।

-ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330

ਕੋਈ ਵੀ ਸਮਾਜ ਜਾਂ ਮੁਲਕ ਕਦੋਂ ਮਰਦਾ ਹੈ? ਇਸ ਸਿਆਸੀ ਟਿੱਪਣੀ ਨੂੰ ਕਿਸੇ ਮੁਲਕ ਦੀ ਸਿਆਸਤ, ਆਰਥਕਤਾ, ਸਮਾਜਕਤਾ ਜਾਂ ਸਭਿਆਚਾਰਕ ਗਿਰਾਵਟ ਜਾਂ ਉਸ ਦੇ ਵਿਕਾਸ/ਤਰੱਕੀ ਦੇ ਪੈਮਾਨਿਆਂ ਨਾਲ ਜੋੜ ਕੇ ਸਮਝਿਆ ਜਾ ਸਕਦਾ ਹੈ। ਇਹ ਸਮਾਜਕ ਜਾਂ ਆਰਥਕ ਮਾਮਲਿਆਂ ਵਿਚ ਮੁਲਕ ਦੀ ਤਥਾ-ਕਥਿਤ ‘ਮੌਤ’ ਨੂੰ ਸਾਬਿਤ ਕਰਨ ਵਿਚ ਤਾਂ ਕਾਰਗਰ ਹੋ ਸਕਦਾ ਹੈ ਪਰ ਕੀ ਇਹ ਉਸ ਮਨੋਵਿਗਿਆਨਕ ਟੁੱਟ-ਭੱਜ ਤੇ ਬੇਵਸੀ ਦੀ ਥਾਹ ਪਾ ਸਕਦਾ ਹੈ ਜੋ ਇੱਕ ਨਸਲੀ/ਧਾਰਮਿਕ ਮੂਲਵਾਦ ਦੇ ਆਧਾਰ ‘ਤੇ ਖੜ੍ਹੇ ਫਿਰਕਾਪ੍ਰਸਤ ਸਿਆਸੀ ਪ੍ਰਬੰਧ ਵਿਚ ਵਰ੍ਹਿਆਂ ਬੱਧੀ ਜਿਊਣ ਤੋਂ ਬਾਅਦ ਇਸ ਦੇ ਬਾਸ਼ਿੰਦਿਆਂ ਦੇ ਦਿਲਾਂ ਵਿਚ ਘਰ ਕਰ ਜਾਂਦੀ ਹੈ? ਰੋਬਰਤੋ ਰੋਸਲਿਨੀ ਦੁਆਰਾ ਨਿਰਦੇਸ਼ਤ ਤਿੰਨ ਫਿਲਮਾਂ ਦੀ ਲੜੀ ਦੀ ਇਹ ਆਖਰੀ ਫਿਲਮ ‘ਜਰਮਨੀ: ਯੀਅਰ ਜ਼ੀਰੋ’ ਬਾਰਾਂ ਸਾਲਾਂ ਦੇ ਅਜਿਹੇ ਬੱਚੇ ਦੀ ਕਹਾਣੀ ਬਿਆਨ ਕਰਦੀ ਹੈ ਜਿਹੜਾ ਹਿਟਲਰ ਦੀ ਨਫਰਤੀ ਸਿਆਸਤ ਦੀ ਮੱਤ ਅਤੇ ਸਮਾਜਕ ਡਾਰਵਿਜ਼ਮ ਦੇ ‘ਸਿਰਫ ਤਾਕਤਵਰ ਨੂੰ ਹੀ ਜਿਊਣ ਦਾ ਅਧਿਕਾਰ ਹੈ’ ਦਾ ਸ਼ਿਕਾਰ ਹੋ ਕੇ ਆਪਣੇ ਹੀ ਬਿਮਾਰ ਤੇ ਲਾਚਾਰ ਪਿਉ ਨੂੰ ਜ਼ਹਿਰ ਦੇ ਦਿੰਦਾ ਹੈ। ਇਸ ਫਿਲਮ ਲਈ ਰੋਸਲਿਨੀ ਜਾਣ-ਬੁੱਝ ਕੇ ਇਟਲੀ ਦੇ ਰੋਮ ਦੀ ਥਾਂ ਜਰਮਨੀ ਦੇ ਸ਼ਹਿਰ ਬਰਲਿਨ ਦੀ ਚੋਣ ਕਰਦਾ ਹੈ। ਇਸ ਪਿੱਛੇ ਉਸ ਦਾ ਮਕਸਦ ਸ਼ਾਇਦ ਇਹ ਘੋਖਣਾ ਸੀ ਕਿ ਕੀ ਫਾਸ਼ੀਵਾਦ ਆਪਣੇ ਖੁਦ ਦੇ ਲੋਕਾਂ ਨਾਲ ਕਿਸੇ ਪੱਧਰ ‘ਤੇ ਵਫਾ ਕਰਦਾ ਹੈ? ਜਿਸ ਨਸਲ ਜਾਂ ਧਰਮ ਦੀ ਉਚਤਾ ਦੇ ਦਮ ਉਪਰ ਲੱਖਾਂ ਲੋਕਾਂ ਦਾ ਕਤਲੇਆਮ ਕਰ ਕੇ ਸਾਮਰਾਜ ਖੜ੍ਹੇ ਕੀਤੇ ਜਾਂਦੇ ਹਨ, ਕੀ ਉਸ ਸਾਮਾਰਾਜ ਨੂੰ ਨੈਤਿਕ ਜਾਂ ਮੂਕ ਸਮਰਥਨ ਦੇਣ ਵਾਲਿਆਂ ਦੀ ਆਪਣੀ ਜ਼ਿੰਦਗੀ ਵਿਚ ਕੋਈ ਸਾਰਥਕ ਤਬਦੀਲੀ ਆਉਂਦੀ ਹੈ? ਇਸ ਤੋਂ ਵੀ ਕੁਝ ਕਦਮ ਅਗਾਂਹ ਜਾਂਦਿਆਂ ਫਿਲਮਸਾਜ਼ ਸਵਾਲ ਪੁੱਛਦਾ ਹੈ: ਕੀ ਸਿਆਸੀ ਪ੍ਰਬੰਧ ਦੇ ਤੌਰ ‘ਤੇ ਫਾਸ਼ੀਵਾਦ ਸਿਰਫ ‘ਦੂਜਿਆਂ’ ਦੇ ਸਰੀਰਾਂ ਨੂੰ ਹੀ ਖਤਮ ਕਰਦਾ ਹੈ ਜਾਂ ਇਸ ਦੀ ਮਾਰ ਜ਼ਿਆਦਾ ਗਹਿਰੀ ਹੁੰਦੀ ਹੈ?
ਰੋਸਲਿਨੀ ਦੀਆਂ ਫਿਲਮਾਂ ਨੂੰ ਇਟਲੀ ਅਤੇ ਜਰਮਨੀ ਵਿਚ ਅਸਫਲਤਾ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਫਿਲਮਾਂ ਦੀ ਇਸ ਪੱਖੋਂ ਤਕੜੀ ਆਲੋਚਨਾ ਹੋਈ ਕਿ ਕਿਵੇਂ ਫਰਾਂਸ ਦੇ ਨਵ-ਯਥਾਰਥਵਾਦੀ ਸਿਨੇਮਾ ਦੇ ਮੁਕਾਬਲੇ ਇਹਨਾਂ ਫਿਲਮਾਂ ਦਾ ਸੁਹਜ ਅਤੇ ਕਲਾ ਵਾਲਾ ਪੱਖ ਊਣਾ ਭਾਸਦਾ ਹੈ। ਇਸ ਦਾ ਜਵਾਬ ਇਸ ਤੱਥ ਵਿਚ ਪਿਆ ਹੈ ਕਿ ਮਨੁੱਖਤਾ ਦੇ ਦਰਪੇਸ਼ ਸੰਕਟ ਦੀਆਂ ਘੜੀਆਂ ਵਿਚ ਕਲਾ ਦੀ ਜ਼ਿੰਮੇਵਾਰੀ ਨੈਤਿਕ ਮੁੱਲਾਂ ਨਾਲ ਜੁੜ ਜਾਂਦੀ ਹੈ ਅਤੇ ਜਬਰ ਖਿਲਾਫ ਕੀਤਾ ਜਾਂਦਾ ‘ਕੁਝ ਵੀ ਤੇ ਸਾਰਾ ਕੁਝ’ ਪਵਿੱਤਰ ਮੰਨਿਆ ਜਾ ਸਕਦਾ ਹੈ। ਇਹਨਾਂ ਫਿਲਮਾਂ ਦੇ ਮਾਮਲੇ ਵਿਚ ਇਤਿਹਾਸ ਨੇ ਇਸੇ ਸੱਚ ਦੀ ਤਸਦੀਕ ਕੀਤੀ ਹੈ ਜਿੱਥੇ ਅੱਜ ਸੱਤਰ-ਅੱਸੀ ਸਾਲ ਬੀਤਣ ਤੋਂ ਬਾਅਦ ਵੀ ਇਹਨਾਂ ਫਿਲਮਾਂ ਦੀ ਦੇਣ ਕਿਸੇ ਪੱਖੋਂ ਵੀ ਫਿੱਕੀ ਨਹੀਂ ਪਈ ਸਗੋਂ ਸਿਨੇਮਾ ਦੇ ਇਤਿਹਾਸ ਵਿਚ ਇਹਨਾਂ ਫਿਲਮਾਂ ਦਾ ਨਾਮ ਬੇਹੱਦ ਸਤਿਕਾਰ ਨਾਲ ਲਿਆ ਜਾਂਦਾ ਹੈ। ਇਹਨਾਂ ਫਿਲਮਾਂ ਨੇ ਪੂਰੀ ਦੁਨੀਆ ਨੂੰ ਇਹ ਸਿਖਾਇਆ ਕਿ ਨਿਆਸਰਿਆਂ, ਨਿਹੱਥਿਆਂ ਤੇ ਨਿਮਾਣਿਆਂ/ਨਿਤਾਣਿਆਂ ਦਾ ਹੱਥ ਕਿਵੇਂ ਫੜਨਾ ਹੈ? ਉਹਨਾਂ ਦੀ ਦਰਦਨਾਕ ਚੁੱਪ ਨੂੰ ਆਵਾਜ਼ ਕਿਵੇਂ ਦੇਣੀ ਹੈ? ਜਿਹਨਾਂ ਦੇ ਚਿਹਰੇ ਤੇ ਨਾਮ ਵਕਤ ਮਿਟਾਉਣ ‘ਤੇ ਉਤਾਰੂ ਹੈ, ਉਹਨਾਂ ਨੂੰ ਸਦਾ ਲਈ ਸਭਿਅਤਾ ਦੇ ਚੇਤਿਆਂ ਤੇ ਯਾਦਾਂ ਵਿਚ ਕਿਵੇਂ ਦਰਜ ਕਰ ਦੇਣਾ ਹੈ। ਇਹ ਇਹਨਾਂ ਫਿਲਮਾਂ ਨੂੰ ਬਣਾਉਣ ਵਾਲਿਆਂ ਦੀ ਹਿੰਮਤ ਤੇ ਸਿਦਕਦਿਲੀ ਹੈ ਜਿਸ ਨੇ ਇਸ ਅਸੰਭਵ ਨੂੰ ਸੰਭਵ ਕਰ ਦਿਖਾਇਆ ਹੈ।
ਫਿਲਮ ‘ਜਰਮਨੀ: ਯੀਅਰ ਜ਼ੀਰੋ’ ਦਾ ਪਹਿਲਾ ਅਧਿਆਇ ਫਿਲਮ ‘ਰੋਮ, ਓਪਨ ਸਿਟੀ’ ਨਾਲ ਖੁੱਲ੍ਹਦਾ ਹੈ। ਫਿਲਮਸਾਜ਼ ਰੋਮ ਵਿਚ ਜੰਗ ਤੇ ਫਾਸ਼ੀਵਾਦ ਦੀ ਤਬਾਹੀ ਨੂੰ ਆਪਣੀ ਫਿਲਮ ਰਾਹੀ ਨਸ਼ਰ ਕਰਨ ਤੋਂ ਬਾਅਦ ‘ਜਰਮਨੀ: ਯੀਅਰ ਜ਼ੀਰੋ’ ਵਿਚ ਅਜਿਹੀ ਕਹਾਣੀ ਦੀ ਰਚਨਾ ਕਰਦਾ ਹੈ ਜਿਹਨਾਂ ਰਾਹੀ ਆਧੁਨਿਕ ਸਭਿਅਤਾ ‘ਤੇ ਕੁਝ ਤਿੱਖੇ ਸਵਾਲ ਖੜ੍ਹੇ ਕੀਤੇ ਗਏ ਹਨ। ਇਹਨਾਂ ਸਵਾਲਾਂ ਦਾ ਜਵਾਬ ਅਸਾਨ ਨਹੀਂ। ਇਹ ਸਿਆਸਤ ਦੁਆਰਾ ਮਨੁੱਖਤਾ ਨੂੰ ਜੰਗਾਂ ਵਰਗੀ ਤਰਾਸਦੀ ਵੱਲ ਧੱਕਣ ਦੀ ਹਾਲਤ ਨਾਲ ਜੁੜੇ ਸਵਾਲ ਹਨ। ਇਹ ਬੰਦੇ ਦੀ ਬੰਦੇ ਦੁਆਰਾ ਕੀਤੀ ਜਾਂਦੀ ਸੰਸਥਾਈ ਲੁੱਟ ਦੇ ਸਵਾਲ ਹਨ। ਇਹ ਉਹਨਾਂ ਲੋਕਾਂ ਦੇ ਪੁੱਛੇ ਗਏ ਸਵਾਲ ਹਨ, ਜਿਹਨਾਂ ਕੋਲ ਬੋਲਣ ਲਈ ਸ਼ਬਦ ਨਹੀਂ ਬਚੇ। ਫਿਲਮਸਾਜ਼ ‘ਤੇ ਦੋਸ਼ ਲਗਾਇਆ ਗਿਆ ਕਿ ਉਸ ਨੇ ਜਰਮਨਾਂ ਦੀ ਤਬਾਹੀ ਨੂੰ ਦੁਨੀਆ ਸਾਹਮਣੇ ਪਰੋਸ ਕੇ ਮਹਾਨ ਹੋਣ ਦੀ ਖਾਹਿਸ਼ ਕੀਤੀ ਹੈ। ਇਸ ਦੇ ਜਵਾਬ ਵਿਚ ਰੋਸਲਿਨੀ ਦਾ ਕਹਿਣਾ ਸੀ ਕਿ ‘ਇਹ ਸਾਰਾ ਕੁਝ ਉਹੀ ਹੈ ਜੋ ਸਾਹਮਣੇ ਹੈ’।
ਇਹ ਫਿਲਮ ਬਣਾਉਣੀ ਰੁਸੋਲਿਨੀ ਲਈ ਸੌਖਾ ਨਹੀਂ ਸੀ। ਉਸ ਦੇ ਮੁੰਡੇ ਦੀ ਅਚਾਨਕ ਹੋਈ ਮੌਤ ਨੂੰ ਅਜੇ ਕੁਝ ਦਿਨ ਹੀ ਬੀਤੇ ਸਨ। ਫਿਲਮ ਦੇ ਮੁੱਖ ਕਿਰਦਾਰ ਲਈ ਅਦਾਕਾਰ ਚੁਣਨ ਦੀ ਵਾਰੀ ਆਈ ਤਾਂ ਉਸ ਨੇ ਆਪਣੇ ਮੁੰਡੇ ਦੇ ਤਕਰੀਬਨ ਹਮਸ਼ਕਲ ਨੂੰ ਇਹ ਭੂਮਿਕਾ ਕਰਨ ਲਈ ਮਨਾ ਲਿਆ। ਫਿਲਮ ਵਿਚ ਐਡਮੰਡ ਬਾਰਾਂ ਸਾਲਾਂ ਮਾਂ-ਮਹਿੱਟਰ ਮੁੰਡਾ ਹੈ। ਪਿਉ ਉਸ ਦਾ ਕਿਸੇ ਬਿਮਾਰੀ ਤੋਂ ਪੀੜਤ ਹੈ ਅਤੇ ਮੰਜੇ ਨਾਲ ਮੰਜਾ ਹੋਇਆ ਪਿਆ ਹੈ। ਉਸ ਦਾ ਵੱਡਾ ਭਰਾ ਬੇਰੁਜ਼ਗਾਰੀ ਕਾਰਨ ਦਰ-ਦਰ ਭਟਕਦਾ ਫਿਰਦਾ ਹੈ। ਉਸ ਦੀ ਭੈਣ ਕੰਮ ਦੀ ਤਲਾਸ਼ ਵਿਚ ਪ੍ਰੇਸ਼ਾਨ ਹੈ। ਉਹਨਾਂ ਹੀ ਦਿਨਾਂ ਵਿਚ ਉਸ ਨੂੰ ਉਸ ਦਾ ਪੁਰਾਣਾ ਅਧਿਆਪਕ (ਜੋ ਨਾਜ਼ੀ ਹੈ) ਮਿਲਦਾ ਹੈ। ਉਸ ਦੀਆਂ ਗੱਲਾਂ ਸੁਣ ਕੇ ਅਤੇ ਆਪਣੇ ਪਿਉ ਦੇ ਲਗਾਤਾਰ ਬਿਮਾਰ ਰਹਿਣ ਤੋਂ ਪ੍ਰੇਸ਼ਾਨ ਉਹ ਇੱਕ ਦਿਨ ਹਸਪਤਾਲ ਤੋਂ ਜ਼ਹਿਰ ਚੁਰਾ ਲੈਂਦਾ ਹੈ ਅਤੇ ਆਪਣੇ ਪਿਤਾ ਦੇ ਭੋਜਨ ਵਿਚ ਮਿਲਾ ਦਿੰਦਾ ਹੈ। ਪਿਤਾ ਨੂੰ ਇਸ ਨਰਕ ਤੋਂ ਛੁਟਕਾਰਾ ਦਿਲਾਉਣ ਦਾ ਹੋਰ ਕੋਈ ਰਾਹ ਉਸ ਨੂੰ ਨਹੀਂ ਦਿਸਦਾ ਪਰ ਇਸ ਨਾਲ ਉਸ ਦੀ ਆਤਮਾ ‘ਤੇ ਮਣਾਂ-ਮੂੰਹੀਂ ਵਜ਼ਨ ਪੈਂ ਜਾਂਦਾ ਹੈ ਅਤੇ ਅੰਤ ਵਿਚ ਇਸ ਦੁੱਖ ਤੇ ਗਿਲਾਨੀ ਤੋਂ ਅੱਕ ਕੇ ਉਹ ਖੁਦਕੁਸ਼ੀ ਕਰ ਲੈਂਦਾ ਹੈ।
‘ਜਰਮਨੀ: ਯੀਅਰ ਜ਼ੀਰੋ’ ਬਹੁਤ ਉਦਾਸ ਦਿਲ ਨਾਲ ਬਣਾਈ ਗਈ ਫਿਲਮ ਹੈ। ਫਿਲਮਸਾਜ਼ ਦਾ ਮੰਨਣਾ ਸੀ ਕਿ ਜਿਸ ਮੁਲਕ ਦੇ ਬੱਚੇ ਆਪਣੇ ਖੇਡਣ ਅਤੇ ਪੜ੍ਹਾਈ ਦੇ ਦਿਨਾਂ ਵਿਚ ਇਸ ਤਰ੍ਹਾਂ ਦੇ ਨਰਕੀ ਹਾਲਾਤ ਵਿਚੋਂ ਲੰਘ ਰਹੇ ਹਨ, ਉਹ ਮੁਲਕ ਮਰ ਰਿਹਾ ਮੁਲਕ ਹੁੰਦਾ ਹੈ। ਫਿਲਮ ਦੇ ਟਾਈਟਲ ਵਿਚ ਦਿੱਤੇ ਸ਼ਬਦਾਂ ‘ਯੀਅਰ ਜ਼ੀਰੋ’ ਦਾ ਇਸ਼ਾਰਾ ਵੀ ਇੱਧਰ ਹੀ ਹੈ ਕਿ ਸਾਰੇ ਦਾ ਸਾਰਾ ਪ੍ਰਬੰਧ ਹੀ ਨਵੇਂ ਸਿਰਿਉਂ ਘੜਨ ਦੀ ਫੌਰੀ ਜ਼ਰੂਰਤ ਹੈ।