ਬਿਹਾਰ ਚੋਣਾਂ: ਐਨ.ਡੀ.ਏ. ਧੜੇ ਨੇ ਮੁੜ ਮਾਰਿਆ ਮੋਰਚਾ

ਪਟਨਾ: ਬਿਹਾਰ ਵਿਧਾਨ ਸਭਾ ਦੇ ਚੋਣ ਨਤੀਜਿਆਂ ਵਿਚ ਐਨ.ਡੀ.ਏ. ਧੜੇ ਨੇ ਬਾਜ਼ੀ ਮਾਰ ਲਈ ਹੈ। ਐਨ.ਡੀ.ਏ. ਨੇ 243 ਵਿਧਾਨ ਸਭਾ ਸੀਟਾਂ ਵਿਚੋਂ 125 ਉਤੇ ਜਿੱਤ ਹਾਸਲ ਕੀਤੀ ਹੈ ਜਦੋਂਕਿ ਆਰ.ਜੇ.ਡੀ. ਵਾਲੇ ਗਠਜੋੜ ਨੂੰ 110 ਸੀਟਾਂ ਮਿਲੀਆਂ ਹਨ। ਭਾਜਪਾ ਨੂੰ ਐਨ.ਡੀ.ਏ. ਵਿਚ 74, ਵਿਕਾਸਸ਼ੀਲ ਇਨਸਾਨ ਪਾਰਟੀ ਨੂੰ 4, ਜੇ.ਡੀ.(ਯੂ) ਨੂੰ 43 ਅਤੇ ਹਿੰਦੁਸਤਾਨੀ ਅਵਾਮ ਮੋਰਚੇ ਨੂੰ 4 ਸੀਟਾਂ ਮਿਲੀਆਂ ਹਨ। ਮਹਾਂਗਠਜੋੜ ਦਾ ਹਿੱਸਾ ਆਰ.ਜੇ.ਡੀ. ਨੂੰ 75 ਸੀਟਾਂ ਜਦਕਿ ਕਾਂਗਰਸ ਨੂੰ 19 ਸੀਟਾਂ ਉਤੇ ਸਬਰ ਕਰਨਾ ਪਿਆ। ਮੁੱਖ ਮੰਤਰੀ ਦੇ ਦਾਅਵੇਦਾਰ ਮੰਨੇ ਜਾ ਰਹੇ ਤੇਜਸਵੀ ਯਾਦਵ ਇਸ ਵਾਰ ਖੁੰਝ ਗਏ ਤੇ ਸੱਤਾ ਮੁੜ ਨਿਤੀਸ਼ ਕੁਮਾਰ ਹੱਥ ਆ ਗਈ ਹੈ।

ਚੋਣ ਨਤੀਜਿਆਂ ਉਤੇ ਨਜ਼ਰ ਮਾਰੀਏ ਤਾਂ ਨਿਤੀਸ਼ ਕੁਮਾਰ ਦੀ ਪਾਰਟੀ ਜੇ.ਡੀ.(ਯੂ) ਨੂੰ 43 ਸੀਟਾਂ ਮਿਲੀਆਂ ਹਨ। ਚਿਰਾਗ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਨੂੰ ਸਿਰਫ ਇਕ ਸੀਟ ਮਿਲੀ ਹੈ। ਚੋਣ ਨਤੀਜੇ ਦੱਸਦੇ ਹਨ ਕਿ ਇਸ ਵਾਰ ਭਾਜਪਾ ਦੀਆਂ ਰਣਨੀਤੀਆਂ ਹਰ ਪੱਖੋਂ ਪੂਰੀ ਤਰ੍ਹਾਂ ਫਿੱਟ ਬੈਠੀਆਂ ਤੇ ਉਹ ਇਸ ਵਾਰ ਸਭ ਤੋਂ ਵੱਡੀ ਸਿਆਸੀ ਧਿਰ ਬਣ ਕੇ ਉਭਰੀ। ਵਾਅਦੇ ਮੁਤਾਬਕ ਸੱਤਾ ਭਾਵੇਂ ਨਿਤੀਸ਼ ਕੁਮਾਰ ਕੋਲ ਰਹੇ ਪਰ ਇਸ ਵਾਰ ਸਰਕਾਰ ਵਿਚ ਭਾਜਪਾ ਧੜੇ ਦਾ ਬੋਲਬਾਲਾ ਰਹੇਗਾ। ਨਤੀਜਿਆਂ ਉਤੇ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਭਾਜਪਾ ਨੇ ਦੋ ਮੋਰਚਿਆਂ ਤੇ ਜਿੱਤ ਹਾਸਲ ਕੀਤੀ ਹੈ। ਉਸ ਨੇ ਭਾਈਵਾਲ ਆਰ.ਜੇ.ਡੀ. ਖੂੰਜੇ ਲਾ ਦਿੱਤਾ ਹੈ ਤੇ ਮੁੱਖ ਮੰਤਰੀ ਦੇ ਚਿਹਰੇ ਨਿਤੀਸ਼ ਕੁਮਾਰ, ਆਰ.ਜੇ.ਡੀ. ਦੇ ਤੇਜਸਵੀ ਯਾਦਵ ਤੋਂ ਹਾਰਦੇ-ਹਾਰਦੇ ਬਚ ਗਏ। ਸਿਆਸੀ ਮਾਹਰ ਦੱਸਦੇ ਹਨ ਕਿ ਭਾਜਪਾ, ਜਿਸ ਕੋਲ ਬਿਹਾਰ ਸੂਬੇ ਵਿਚ ਕੋਈ ਵੱਡਾ ਨੇਤਾ ਨਹੀਂ ਸੀ, ਉਸ ਲਈ ਇਹ ਕੋਈ ਆਸਾਨ ਕੰਮ ਨਹੀਂ ਸੀ। ਜਾਤ ਦੇ ਆਧਾਰ ਉਤੇ ਭਾਜਪਾ ਨੇ ਆਰ.ਜੇ.ਡੀ. ਨੂੰ ਮਾਤ ਦਿੱਤੀ ਅਤੇ ਚਿਰਾਗ ਪਾਸਵਾਨ ਨੂੰ ਅਲੱਗ ਖੜ੍ਹਾ ਕਰ ਕੇ ਨਿਤੀਸ਼ ਕੁਮਾਰ ਦਾ ਰਾਜਨੀਤਕ ਕਦ ਭਾਜਪਾ ਮੁਕਾਬਲੇ ਛੋਟਾ ਕਰ ਦਿੱਤਾ ਪਰ ਹੁਣ ਵੀ ਗੱਠਜੋੜ ਦੇ ਆਗੂ ਵਜੋਂ ਨਿਤੀਸ਼ ਕੁਮਾਰ ਨੂੰ ਹੀ ਮੁੱਖ ਮੰਤਰੀ ਬਣਾਉਣ ਦਾ ਵਾਅਦਾ ਕਾਇਮ ਹੈ। ਮੰਨਿਆ ਜਾ ਰਿਹਾ ਹੈ ਕਿ ਉਪਿੰਦਰ ਕੁਸ਼ਵਾਹਾ ਅਤੇ ਚਿਰਾਗ ਪਾਸਵਾਨ ਦੇ ਐਨ.ਡੀ.ਏ. ਤੋਂ ਅਲੱਗ ਹੋਣ ਦੀ ਵਜ੍ਹਾ ਕਾਰਨ ਨਿਤੀਸ਼ ਕੁਮਾਰ ਦੇ ਵੋਟ ਬੈਂਕ ਵਿਚ ਘਾਟਾ ਪਿਆ ਤੇ ਸਭ ਭਾਜਪਾ ਦੀ ਰਣਨੀਤੀ ਦਾ ਹਿੱਸਾ ਸੀ।