ਖੇਤੀ ਕਾਨੂੰਨ: ਕੇਂਦਰ ਸਰਕਾਰ ਮੁੜ ਗੱਲਬਾਤ ਵਾਲੇ ਰਾਹ ਪਈ

ਚੰਡੀਗੜ੍ਹ: ਪੰਜਾਬ ਵਿਚ ਖੇਤੀ ਕਾਨੂੰਨਾਂ ਵਿਰੁਧ ਉਠੇ ਰੋਹ ਨੂੰ ਦੇਖਦਿਆਂ ਮੋਦੀ ਸਰਕਾਰ ਇਕ ਵਾਰ ਮੁੜ ਗੱਲਬਾਤ ਵਾਲੇ ਰਾਹ ਪੈ ਗਈ ਹੈ। ਕੇਂਦਰ ਨੇ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ 13 ਨਵੰਬਰ ਨੂੰ ਨਵੀਂ ਦਿੱਲੀ ਵਿਚ ਮੀਟਿੰਗ ਲਈ ਅਧਿਕਾਰਤ ਤੌਰ ‘ਤੇ ਸੱਦਾ ਭੇਜ ਦਿੱਤਾ ਹੈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਰੇਲ ਮੰਤਰੀ ਪਿਯੂਸ਼ ਗੋਇਲ ਅਤੇ ਖੇਤੀ ਮੰਤਰੀ ਨਰਿੰਦਰ ਤੋਮਰ ਨਾਲ ਮੀਟਿੰਗ ਰੱਖੀ ਗਈ ਹੈ। ਭਾਜਪਾ ਦਾ ਦਾਅਵਾ ਹੈ ਕਿ ਕਿਸਾਨ ਅੰਦੋਲਨ ਦੇ ਸੁਖਾਵੇਂ ਹੱਲ ਲਈ ਸਰਕਾਰ ਅਤੇ ਪਾਰਟੀ ਵੱਲੋਂ ਯਤਨ ਕੀਤੇ ਜਾ ਰਹੇ ਹਨ।

ਮੰਨਿਆ ਜਾ ਰਿਹਾ ਹੈ ਕਿ ਪਿਛਲੇ ਦਿਨੀਂ ਪੰਜਾਬ ਵਿਚ ਭਾਜਪਾ ਆਗੂਆਂ ਦੀ ਘੇਰਾਬੰਦੀ ਅਤੇ ਉਨ੍ਹਾਂ ਦੀ ਦਿੱਲੀ ਪਹੁੰਚ ਤੋਂ ਬਾਅਦ ਕੇਂਦਰ ਸਰਕਾਰ ਨਰਮ ਪੈ ਗਈ ਹੈ। ਯਾਦ ਰਹੇ ਕਿ ਪਿਛਲੇ ਦਿਨਾਂ ਤੋਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਕਈ ਆਗੂਆਂ ਨੇ ਸੁਰ ਬਦਲ ਲਈ ਹੈ ਤੇ ਇਕ ਤੋਂ ਬਾਅਦ ਇਕ ਸੀਨੀਅਰ ਆਗੂ ਨੇ ਕਿਸਾਨਾਂ ਨਾਲ ਵੈਬੀਨਾਰ ਦੇ ਜ਼ਰੀਏ ਲਗਾਤਾਰ ਗੱਲਬਾਤ ਦੀ ਕੋਸ਼ਿਸ਼ ਕੀਤੀ। ਪੰਜਾਬੀ ਟੀæਵੀæ ਚੈਨਲਾਂ ਉਤੇ ਆਉਣ ਵਾਲੇ ਭਾਜਪਾ ਬੁਲਾਰੇ ਵੀ ਕੇਂਦਰੀ ਕਾਨੂੰਨਾਂ ਦੇ ਪੱਖ ਵਿਚ ਸਟੈਂਡ ਲੈਂਦੇ ਰਹੇ ਹਨ। ਇਸੇ ਦੌਰਾਨ ਕਿਸਾਨੀ ਨਾਲ ਜੁੜੇ ਭਾਜਪਾ ਦੇ ਕਈ ਆਗੂ ਅਸਤੀਫੇ ਦੇ ਗਏ ਅਤੇ ਉਨ੍ਹਾਂ ਨੇ ਪਾਰਟੀ ਦੇ ਅੰਦਰੂਨੀ ਮੰਚਾਂ ਉਤੇ ਉਨ੍ਹਾਂ ਦੀ ਗੱਲ ਨਾ ਸੁਣੇ ਜਾਣ ਦਾ ਦੋਸ਼ ਲਗਾਇਆ। ਪੰਜਾਬ ਭਾਜਪਾ ਨੇ ਕਿਸਾਨਾਂ ਨਾਲ ਤਾਲਮੇਲ ਲਈ ਸਾਬਕਾ ਸਿਹਤ ਮੰਤਰੀ ਸੁਰਜੀਤ ਕੁਮਾਰ ਜਿਆਣੀ ਦੀ ਅਗਵਾਈ ਵਿਚ ਕਮੇਟੀ ਬਣਾਈ ਸੀ। ਪਿਛਲੇ ਦਿਨੀਂ ਜਿਆਣੀ ਨੇ ਬੇਬਾਕੀ ਨਾਲ ਕਿਹਾ ਕਿ ਪੰਜਾਬ ਭਾਜਪਾ ਦੀ ਕੁਝ ਚਾਪਲੂਸ ਆਗੂਆਂ ਦੀ ਟੀਮ ਕੇਂਦਰੀ ਆਗੂਆਂ ਅਤੇ ਸਰਕਾਰ ਨੂੰ ਗੁਮਰਾਹ ਕਰ ਕੇ ਪੰਜਾਬ ਦੀ ਸਹੀ ਤਸਵੀਰ ਪੇਸ਼ ਨਹੀਂ ਕਰ ਰਹੀ। ਜਿਆਣੀ ਨੇ ਕੇਂਦਰ ਸਰਕਾਰ ਤੇ ਭਾਜਪਾ ਦੇ ਮੁੱਖ ਆਗੂਆਂ ਉਤੇ ਇੰਨੇ ਸੰਵੇਦਨਸ਼ੀਲ ਮਸਲੇ ਪ੍ਰਤੀ ਸੰਵੇਦਨਹੀਣ ਰਹਿਣ ਦਾ ਦੋਸ਼ ਵੀ ਲਗਾਇਆ। ਇਸੇ ਦੌਰਾਨ ਜਿਆਣੀ ਅਤੇ ਕੁਝ ਹੋਰ ਭਾਜਪਾ ਆਗੂਆਂ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਮੁਲਾਕਾਤ ਕਰ ਕੇ ਗੱਲਬਾਤ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਮੰਨਿਆ ਜਾ ਰਿਹਾ ਹੈ ਕਿ ਭਾਜਪਾ ਆਗੂਆਂ ਨੇ ਹਾਈਕਮਾਨ ਕੋਲ ਸਿਆਸੀ ਘਾਟੇ ਬਾਰੇ ਵੀ ਦੁਹਾਈ ਪਾਈ ਸੀ ਜਿਸ ਤੋਂ ਬਾਅਦ ਇਕਦਮ ਕੇਂਦਰ ਸਰਕਾਰ ਦੀ ਹੋਸ਼ ਟਿਕਾਣੇ ਆ ਗਈ ਅਤੇ ਗੱਲਬਾਤ ਦਾ ਦੌਰ ਮੁੜ ਸ਼ੁਰੂ ਹੋ ਗਿਆ ਹੈ। ਚੇਤੇ ਰਹੇ ਕਿ ਕੇਂਦਰ ਸਰਕਾਰ ਨੇ ਇਸ ਤੋਂ ਪਹਿਲਾਂ ਵੀ ਕਿਸਾਨਾਂ ਨੂੰ ਗੱਲਬਾਤ ਲਈ ਦਿੱਲੀ ਸੱਦਿਆ ਸੀ ਪਰ ਮੀਟਿੰਗ ਵਿਚ ਕੋਈ ਮੰਤਰੀ ਦੀ ਹਾਜ਼ਰੀ ਨਾਲ ਹੋਣ ਕਾਰਨ ਕਿਸਾਨ ਵਿਚ ਰੋਸ ਵਧ ਗਿਆ ਸੀ।
ਪੰਜਾਬ ਵਿਚ ਕਿਸਾਨ ਜਥੇਬੰਦੀਆਂ ਵੱਲੋਂ 24 ਸਤੰਬਰ ਤੋਂ ਸੰਘਰਸ਼ ਵਿੱਢਿਆ ਹੋਇਆ ਹੈ ਤੇ ਪਹਿਲੀ ਅਕਤੂਬਰ ਤੋਂ ਤਾਂ ਅਣਮਿਥੇ ਸਮੇਂ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ ਗਿਆ ਸੀ। ਪੰਜਾਬ ਸਰਕਾਰ ਵੱਲੋਂ ਕੀਤੀ ਦਖਲਅੰਦਾਜ਼ੀ ਕਾਰਨ ਕਿਸਾਨਾਂ ਨੇ ਭਾਵੇਂ ਮਾਲ ਗੱਡੀਆਂ ਲਈ 21 ਨਵੰਬਰ ਤੱਕ ਲਾਂਘਾ ਦੇਣ ਦਾ ਐਲਾਨ ਕਰ ਦਿੱਤਾ ਸੀ ਪਰ ਕੇਂਦਰੀ ਰੇਲਵੇ ਮੰਤਰਾਲੇ ਨੇ ਯਾਤਰੂ ਅਤੇ ਮਾਲ ਗੱਡੀਆਂ ਇਕੱਠਿਆਂ ਹੀ ਚਲਾਉਣ ਦੀ ਅੜੀ ਫੜ ਕੇ ਮਾਲ ਗੱਡੀਆਂ ਦੀ ਆਵਾਜਾਈ ਵੀ ਬਹਾਲ ਨਹੀਂ ਕੀਤੀ। ਭਾਜਪਾ ਅਤੇ ਕੇਂਦਰ ਸਰਕਾਰ ਦੀ ਤਾਜ਼ਾ ਸਰਗਰਮੀ ਤੋਂ ਬਾਅਦ ਕਿਸਾਨ ਅੰਦੋਲਨ ਦਾ ਸੁਖਾਵਾਂ ਹੱਲ ਨਿਕਲਣ ਦੀ ਉਮੀਦ ਕੀਤੀ ਜਾ ਰਹੀ ਹੈ। ਹਾਲਾਂਕਿ ਪੰਜਾਬ ਵਿਚ ਹੁਣ ਵੀ ਕਿਸਾਨਾਂ ਵੱਲੋਂ ਟੌਲ ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ ਮੂਹਰੇ ਅਤੇ ਅੰਬਾਨੀ-ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ ਧਰਨੇ ਦਿੱਤੇ ਜਾ ਰਹੇ ਹਨ। 500 ਜਥੇਬੰਦੀਆਂ ਵੱਲੋਂ ਸੰਘਰਸ਼ ਦੀ ਅਗਲੀ ਕੜੀ ਵਜੋਂ 26-27 ਨਵੰਬਰ ‘ਦਿੱਲੀ ਚਲੋ’ ਦੇ ਸੱਦੇ ਨੂੰ ਸਫਲ ਬਣਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਪੰਜਾਬ ਅੰਦਰ ਭਾਜਪਾ ਆਗੂਆਂ ਦੀ ਹਾਲਤ ਘਰਾਂ ਅੰਦਰ ਕੈਦ ਹੋਣ ਵਾਲੀ ਬਣੀ ਹੋਈ ਹੈ, ਕਈ ਥਾਵਾਂ ਉਤੇ ਆਗੂਆਂ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ ਹੈ।