ਸਿਆਸੀ ਅੜੀ ਦਾ ਮਤਲਬ

ਅਮਰੀਕਾ ਵਿਚ ਰਾਸ਼ਟਰਪਤੀ ਦੀ ਚੋਣ ਭਾਵੇਂ ਡੈਮੋਕਰੈਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡਨ ਨੇ ਜਿੱਤ ਲਈ ਹੈ ਪਰ ਰਾਸ਼ਟਰਪਤੀ ਡੋਨਲਡ ਟਰੰਪ ਨੇ ਹਾਰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਭਾਰਤ ਸਮੇਤ ਕਈ ਮੁਲਕਾਂ ਦੇ ਮੁਖੀਆਂ ਨੇ ਬਾਇਡਨ ਨੂੰ ਵਧਾਈਆਂ ਵੀ ਦੇ ਦਿੱਤੀਆਂ ਹਨ ਪਰ ਟਰੰਪ ਨੇ ਅਦਾਲਤ ਦਾ ਰੁਖ ਅਖਤਿਆਰ ਕਰ ਲਿਆ ਹੈ। ਇਸ ਮਸਲੇ ‘ਤੇ ਡੋਨਲਡ ਟਰੰਪ ਦੀ ਰਿਪਬਲਿਕਨ ਪਾਰਟੀ ਵੀ ਵੰਡੀ ਗਈ ਹੈ। ਸਾਬਕਾ ਰਾਸ਼ਟਰਪਤੀ ਜਾਰਜ ਡਬਲਿਊæ ਬੁਸ਼ ਨੇ ਭਾਵੇਂ ਬਾਇਡਨ ਨੂੰ ਵਧਾਈਆਂ ਦੇ ਕੇ ਇਕ ਤਰ੍ਹਾਂ ਨਾਲ ਚੋਣ ਨਤੀਜਾ ਸਵੀਕਾਰ ਕਰ ਲਿਆ ਹੈ ਪਰ ਪ੍ਰਭਾਵਸ਼ਾਲੀ ਰਿਪਬਲਿਕਨ ਲੀਡਰ, ਸੈਨੇਟਰ ਮਿੱਕ ਮੈਕਨਲ ਨੇ ਸਪਸ਼ਟ ਕਹਿ ਦਿੱਤਾ ਹੈ ਕਿ ਡੋਨਲਡ ਟਰੰਪ ਨੂੰ ਇਸ ਚੋਣ ਨਤੀਜੇ ਨੂੰ ਚੁਣੌਤੀ ਦੇਣ ਦਾ ਪੂਰਾ ਹੱਕ ਹੈ।

ਇਸੇ ਦੌਰਾਨ ਟਰੰਪ ਪ੍ਰਸ਼ਾਸਨ ਨੇ ਸੱਤਾ ਤਬਾਦਲੇ ਦੀ ਪ੍ਰਕਿਰਿਆ ਨੂੰ ਵੀ ਬੰਨ੍ਹ ਮਾਰ ਲਿਆ ਹੈ। ਚੋਣਾਂ ਦੇ ਨਤੀਜਿਆਂ ਤੋਂ ਬਾਅਦ ਇਹ ਰਵਾਇਤ ਚਿਰਾਂ ਤੋਂ ਚੱਲ ਰਹੀ ਹੈ ਮਨੋਨੀਤ ਹੋਇਆ ਰਾਸ਼ਟਰਪਤੀ ਵ੍ਹਾਈਟ ਹਾਊਸ ਅੰਦਰ ਪ੍ਰਾਹੁਣਾ ਬਣ ਕੇ ਜਾਂਦਾ ਹੈ, ਜਿਵੇਂ ਪਿਛਲੀ ਵਾਰ ਬਰਾਕ ਓਬਾਮਾ ਵੇਲੇ ਡੋਨਲਡ ਟਰੰਪ ਵ੍ਹਾਈਟ ਹਾਊਸ ਗਏ ਸਨ ਪਰ ਇਸ ਵਾਰ ਟਰੰਪ ਦੇ ਅੜਨ ਕਾਰਨ ਅਜਿਹਾ ਕੁਝ ਵੀ ਨਹੀਂ ਹੋ ਰਿਹਾ। ਉਨ੍ਹਾਂ ਤਾਂ ਸਗੋਂ ਇਹ ਵਟੀਟ ਕੀਤਾ ਹੈ ਕਿ ‘ਅਸੀਂ ਅੱਗੇ ਵਧ ਰਹੇ ਹਾਂ। ਅਗਲੇ ਹਫਤੇ ਨਤੀਜੇ ਆਉਣੇ ਆਰੰਭ ਹੋ ਜਾਣਗੇ। ਅਮਰੀਕਾ ਨੂੰ ਮੁੜ ਮਹਾਨ ਬਣਾਓ’। ਅਸਲ ਵਿਚ ਚੋਣਾਂ ਦੌਰਾਨ ਹੀ ਕੁਝ ਹਲਕਿਆਂ ਵੱਲੋਂ ਇਹ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਸਨ ਕਿ ਹਾਰਨ ਦੀ ਸੂਰਤ ਵਿਚ ਡੋਨਲਡ ਟਰੰਪ ਕੋਈ ਨਾ ਕੋਈ ਰੱਫੜ ਖੜ੍ਹਾ ਕਰੇਗਾ। ਹੁਣ ਪਿਛਲੇ ਇਕ ਹਫਤੇ ਤੋਂ ਉਹ ਇਸੇ ਕੰਮ ਵਿਚ ਜੁਟੇ ਹੋਏ ਹਨ, ਬਤੌਰ ਰਾਸ਼ਟਰਪਤੀ ਉਨ੍ਹਾਂ ਕੋਈ ਵੀ ਕੰਮ ਨਹੀਂ ਕੀਤਾ ਹੈ ਸਗੋਂ ਵਟੀਟ ਜਾਰੀ ਕਰ ਕੇ ਆਪਣੇ ਰੱਖਿਆ ਮੰਤਰੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਯਾਦ ਰਹੇ ਕਿ 1860 ਵਿਚ ਦੱਖਣੀ ਰਾਜਾਂ ਨੇ ਅਬਰਾਹਮ ਲਿੰਕਨ ਦੀ ਚੋਣ ਨੂੰ ਮੰਨਣ ਤੋਂ ਨਾਂਹ ਕਰ ਦਿੱਤੀ ਸੀ ਅਤੇ ਉਦੋਂ ਗ੍ਰਹਿ ਯੁੱਧ ਛਿੜ ਗਿਆ ਸੀ। ਟਰੰਪ ਵੀ ਹੁਣ ਇਹੀ ਚਾਹੁੰਦਾ ਹੈ ਅਤੇ ਪਿਛਲੇ ਚਾਰ ਸਾਲਾਂ ਦੌਰਾਨ ਉਸ ਨੇ ਮੁਲਕ ਨੂੰ ਇਸੇ ਆਧਾਰ ‘ਤੇ ਇਕ ਤਰ੍ਹਾਂ ਨਾਲ ਵੰਡ ਹੀ ਛੱਡਿਆ ਹੈ। ਉਧਰ ਮਨੋਨੀਤ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਹੈ ਕਿ ਸੱਤਾ ਤਬਾਦਲੇ ਨੂੰ ਹੁਣ ਕੋਈ ਨਹੀਂ ਰੋਕ ਸਕਦਾ। ਨਤੀਜਿਆਂ ਨੇ ਸਭ ਸਪਸ਼ਟ ਕਰ ਦਿੱਤਾ ਹੈ ਅਤੇ ਅਮਰੀਕਾ ਤੇ ਅਮਰੀਕੀ ਲੋਕ ਅਗਲਾ ਕਦਮ ਅਗਾਂਹ ਰੱਖਣ ਲਈ ਤਿਆਰ ਹਨ।
ਇਸੇ ਦੌਰਾਨ ਭਾਰਤ ਦੇ ਅਹਿਮ ਰਾਜ, ਬਿਹਾਰ ਦੇ ਚੋਣ ਨਤੀਜੇ ਵੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਜਮਹੂਰੀ ਅਮਲ ਵਿਚ ਵੱਖ-ਵੱਖ ਧਿਰਾਂ ਦੀ ਜਿੱਤ-ਹਾਰ ਤਾਂ ਚੱਲਦੀ ਹੀ ਰਹਿੰਦੀ ਹੈ ਪਰ ਬਿਹਾਰ ਵਿਚ ਭਾਰਤੀ ਜਨਤਾ ਪਾਰਟੀ ਨੇ ਜਿਸ ਤਰ੍ਹਾਂ ਦੇ ਨਤੀਜੇ ਸਾਹਮਣੇ ਲਿਆਂਦੇ ਹਨ, ਉਹ ਹੈਰਾਨ ਕਰਨ ਵਾਲੇ ਤਾਂ ਹਨ ਹੀ, ਭਾਰਤ ਦੀ ਅਗਲੀ ਸਿਆਸਤ ਦੀ ਸੂਹ ਵੀ ਦੇ ਰਹੇ ਹਨ। ਬਿਹਾਰ ਵਿਚ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਜਨਤਾ (ਯੂ) ਅਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ। ਐਤਕੀਂ ਚੋਣਾਂ ਦੌਰਾਨ ਇਕ ਪਾਸੇ ਇਹ ਦੋਵੇਂ ਪਾਰਟੀਆਂ ਅਤੇ ਇਨ੍ਹਾਂ ਨਾਲ ਕੁਝ ਹੋਰ ਛੋਟੇ-ਛੋਟੇ ਦਲ ਸਨ। ਦੂਜੇ ਬੰਨੇ ਰਾਸ਼ਟਰੀ ਜਨਤਾ ਦਲ, ਕਾਂਗਰਸ ਅਤੇ ਕਮਿਊਨਿਸਟਾਂ ਦਾ ਗਠਜੋੜ ਬਣਿਆ। ਇਕ ਹੋਰ ਅਹਿਮ ਧਿਰ, ਮਰਹੂਮ ਲੀਡਰ ਰਾਮ ਵਿਲਾਸ ਪਾਸਵਾਨ ਦੀ ਲੋਕ ਜਨਸ਼ਕਤੀ ਪਾਰਟੀ ਨੇ ਵੱਖਰੇ ਤੌਰ ‘ਤੇ ਚੋਣਾਂ ਲੜੀਆਂ। ਹੈਰਾਨੀ ਇਸ ਗੱਲ ਦੀ ਹੈ ਕਿ ਕੇਂਦਰ ਵਿਚ ਇਹ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਭਾਈਵਾਲ ਹੈ ਅਤੇ ਬਿਹਾਰ ਵਿਚ ਇਸ ਨੇ ਇਕੱਲਿਆਂ ਚੋਣਾਂ ਲੜੀਆਂ। ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਬਿਹਾਰ ਵਿਚ ਨਿਤੀਸ਼ ਕੁਮਾਰ ਦਾ ਕੱਦ ਛੋਟਾ ਕਰਨ ਅਤੇ ਖੁਦ ਵੱਡੀ ਪਾਰਟੀ ਬਣਨ ਦੇ ਦਾਈਏ ਨਾਲ ਹੀ ਮਰਹੂਮ ਰਾਮ ਵਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ ਨੂੰ ਇਕੱਲਿਆਂ ਚੋਣਾਂ ਲੜਨ ਲਈ ਤਿਆਰ ਕੀਤਾ ਅਤੇ ਉਸ ਨੇ ਨਿਤੀਸ਼ ਕੁਮਾਰ ਦੀ ਪਾਰਟੀ ਦੇ ਸਾਰੇ ਉਮੀਦਵਾਰਾਂ ਖਿਲਾਫ ਆਪਣੇ ਉਮੀਦਵਾਰ ਮੈਦਾਨ ਵਿਚ ਉਤਾਰੇ। ਹੁਣ ਜਿਹੜੇ ਨਤੀਜੇ ਸਾਹਮਣੇ ਆਏ ਹਨ, ਉਨ੍ਹਾਂ ਨਾਲ ਸਰਕਾਰ ਤਾਂ ਭਾਵੇਂ ਜਨਤਾ ਦਲ (ਯੂ) ਅਤੇ ਭਾਰਤੀ ਜਨਤਾ ਪਾਰਟੀ ਦੀ ਹੀ ਬਣਨੀ ਹੈ ਪਰ ਹੁਣ ਨਿਤੀਸ਼ ਕੁਮਾਰ ਦੀ ਹਾਲਤ ਬਹੁਤ ਕਮਜ਼ੋਰ ਹੋ ਗਈ ਹੈ। ਅਸਲ ਵਿਚ ਭਾਰਤੀ ਜਨਤਾ ਪਾਰਟੀ ਹਰ ਰਾਜ ਅੰਦਰ ਇਹੀ ਸਿਆਸਤ ਚਲਾਉਣ ਲਈ ਅੜੀ ਹੋਈ ਹੈ ਕਿ ਜਿਵੇਂ ਨਾ ਕਿਵੇਂ ਵੱਡੀ ਪਾਰਟੀ ਬਣਨਾ ਹੈ। ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨਾਲ ਇਹੀ ਰੱਫੜ ਸੀ। ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਜੋ ਵਤੀਰਾ ਅਖਤਿਆਰ ਕੀਤਾ ਗਿਆ, ਉਸ ਤੋਂ ਵੀ ਇਸੇ ਸਿਆਸਤ ਦੀ ਸੂਹ ਪੈਂਦੀ ਹੈ। ਇਹ ਗੱਲ ਵੱਖਰੀ ਹੈ ਕਿ ਹੁਣ ਪੰਜਾਬ ਵਿਚ ਕਿਸਾਨ ਅੰਦੋਲਨ ਕਾਰਨ ਇਸ ਦੀ ਇਹ ਚਾਲ ਧਰੀ-ਧਰਾਈ ਰਹਿ ਗਈ ਜਾਪਦੀ ਹੈ। ਇਸ ਨੇ ਪੰਜਾਬ ਵਿਚ ਆਪਣੀ ਸਿਆਸਤ ਲਈ ਜਿਹੜੇ ਸਿੱਖ ਚਿਹਰੇ ਤਿਆਰ ਕੀਤੇ ਸਨ, ਉਹ ਜਾਂ ਤਾਂ ਅਸਤੀਫੇ ਦੇ ਰਹੇ ਹਨ ਜਾਂ ਪਿਛਾਂਹ ਹਟ ਰਹੇ ਹਨ। ਬਿਹਾਰ ਵਿਚ ਇਹ ਸਿਆਸਤ ਭਾਰਤੀ ਜਨਤਾ ਪਾਰਟੀ ਨੇ ਪੂਰੀ ਕਾਮਯਾਬੀ ਨਾਲ ਖੇਡੀ ਹੈ। ਪਿਛਲੇ ਕੁਝ ਸਾਲਾਂ ‘ਤੇ ਨਿਗਾਹ ਮਾਰੀ ਜਾਵੇ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਪਾਰਟੀ ਆਪਣੇ ਵਿਰੋਧੀਆਂ ਦੇ ਨਾਲ-ਨਾਲ ਆਪਣੇ ਭਾਈਵਾਲਾਂ ਨੂੰ ਵੀ ਕਮਜ਼ੋਰ ਕਰਨ ਦੀ ਸਿਆਸਤ ਖੇਡ ਰਹੀ ਹੈ ਅਤੇ ਆਰæਐਸ਼ਐਸ਼ ਦੇ ਕੇਂਦਰੀਕਰਨ ਦੇ ਏਜੰਡੇ ਨੂੰ ਜ਼ੋਰ-ਸ਼ੋਰ ਨਾਲ ਲਾਗੂ ਕਰ ਰਹੀ ਹੈ। ਇਹ ਡੋਨਲਡ ਟਰੰਪ ਵਾਲੀ ਤਰਜ਼ ਉਤੇ ਹੀ ਭਾਰਤ ਨੂੰ ਮੁੜ ਮਹਾਨ ਬਣਾਉਣ ਦਾ ਰਾਗ ਅਲਾਪ ਰਹੀ ਹੈ ਅਤੇ ਹਿੰਦੂਤਵ ਨੂੰ ਸਮੁੱਚੇ ਭਾਰਤੀ ਲੋਕਾਂ ਦੀ ਜੀਵਨ-ਜਾਚ ਦਾ ਅੰਗ ਦਰਸਾ ਰਹੀ ਹੈ। ਆਉਣ ਵਾਲਾ ਸਮਾਂ ਭਾਰਤ ਲਈ ਬੇਹੱਦ ਸੰਵੇਦਨਸ਼ੀਲ ਹੈ ਅਤੇ ਪੰਜਾਬ ਦੇ ਕਿਸਾਨ ਅੰਦੋਲਨ ਨੇ ਦਰਸਾ ਦਿੱਤਾ ਹੈ ਕਿ ਆਉਂਦੇ ਸਾਲਾਂ ਦੌਰਾਨ ਕਿਸੇ ਨਵੀਂ ਸਿਆਸੀ ਸਫਬੰਦੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ।