ਚੰਡੀਗੜ੍ਹ: ਪੰਜਾਬ ਸਰਕਾਰ ਨੇ ਧਨਾਂਢ ਲੋਕਾਂ ਦੀਆਂ ਜੇਬਾਂ ਵਿਚੋਂ ਪੈਸਾ ਕੱਢਣ ਦਾ ਇਕ ਨਵਾਂ ਰਾਹ ਲੱਭਿਆ ਹੈ ਜਿਸ ਮੁਤਾਬਕ ਕੋਈ ਵੀ ਵਿਅਕਤੀ ਸਿਹਤ ਵਿਭਾਗ ਨੂੰ ਤੈਅ ਕੀਤੀ ਰਕਮ ਦੇ ਕੇ ਸਰਕਾਰੀ ਹਸਪਤਾਲ ਅੱਗੇ ਆਪਣੇ ਨਾਂ ਦਾ ਬੋਰਡ ਲਾ ਸਕੇਗਾ। ਇਸ ਤੋਂ ਪਹਿਲਾਂ ਸਰਕਾਰ ਦੇ ਸਿੱਖਿਆ ਵਿਭਾਗ ਦੀ ਮਾਇਆ ਵਾਲੇ ਲੋਕਾਂ ਦੇ ਨਾਂ ‘ਤੇ ਸਕੂਲ ਦਾ ਨਾਂ ਰੱਖਣ ਦੀ ਸਕੀਮ ਵਿਵਾਦਾਂ ਵਿਚ ਘਿਰਨ ਤੋਂ ਬਾਅਦ ਠੁੱਸ ਹੋ ਕੇ ਰਹਿ ਗਈ ਸੀ।
ਸਿਹਤ ਕਾਰਪੋਰੇਸ਼ਨ ਨੇ ਆਮ ਲੋਕਾਂ ਦੇ ਨਾਂ ਜਾਰੀ ਕੀਤੀ ਇਸ ਸਕੀਮ ਵਿਚ ਜ਼ਿਲ੍ਹਾ ਹਸਪਤਾਲਾਂ ਦੇ ਮੁੱਖ ਗੇਟ ‘ਤੇ ਆਪਣਾ ਨਾਂ ਲਿਖਵਾਉਣ ਦੇ ਚਾਹਵਾਨ ਲੋਕਾਂ ਲਈ ਭਾਅ ਅੱਠ ਕਰੋੜ ਰੁਪਏ ਰੱਖਿਆ ਹੈ। ਸਬ ਡਿਵੀਜ਼ਨਲ ਹਸਪਤਾਲ ਦੇ ਮੁੱਖ ਗੇਟ ‘ਤੇ ਆਪਣੇ ਨਾਂ ਦਾ ਪੱਥਰ ਲਿਖਵਾਉਣ ਦੀ ਫੀਸ ਚਾਰ ਕਰੋੜ ਰੁਪਏ ਤੇ ਕਮਿਊਨਿਟੀ ਹੈਲਥ ਸੈਂਟਰਾਂ ਵਾਸਤੇ ਦੋ ਕਰੋੜ ਰੁਪਏ ਰੱਖੀ ਗਈ ਹੈ। ਹਸਪਤਾਲ ਦੀ ਸਰਾਏ ਅੱਗੇ ਆਪਣੇ ਨਾਂ ਦਾ ਪੱਥਰ ਲਵਾਉਣ ਦਾ ਭਾਅ ਇਕ ਕਰੋੜ ਰੁਪਏ ਤੈਅ ਕੀਤਾ ਗਿਆ ਹੈ। ਚੱਲਦੀ ਫਿਰਦੀ ਐਂਬੂਲੈਂਸ 108 ‘ਤੇ ਆਪਣਾ ਨਾਂ ਦਰਜ ਕਰਾਉਣ ਦੀ ਫੀਸ 25æ42 ਲੱਖ ਰੁਪਏ ਮਾਸਿਕ ਰੱਖੀ ਗਈ ਹੈ। ਇਥੇ ਹੀ ਬੱਸ ਨਹੀਂ ਹਸਪਤਾਲਾਂ ਵਿਚ ਲੱਗੇ ਕੂਲਰਾਂ, ਏਸੀ ਤੇ ਫਰਨੀਚਰ ਸਮੇਤ ਅਲਮਾਰੀਆਂ ‘ਤੇ ਆਪਣਾ ਨਾਂ ਸਿਰਫ 25 ਹਜ਼ਾਰ ਰੁਪਏ ਦੇ ਕੇ ਲਿਖਵਾਇਆ ਜਾ ਸਕਦਾ ਹੈ। ਹੋਰ ਤਾਂ ਹੋਰ ਹਸਪਤਾਲਾਂ ਵਿਚ ਬਣੇ ਪਾਰਕ ਵੀ ਪੈਸੇ ਵਾਲਿਆਂ ਦੇ ਨਾਂ ਹੋ ਸਕਣਗੇ। ਜ਼ਿਲ੍ਹਾ ਹਸਪਤਾਲਾਂ ਦੇ ਪਾਰਕਾਂ ਲਈ ਭਾਅ ਪੰਜ ਕਰੋੜ ਰੁਪਏ, ਸਬ ਡਿਵੀਜ਼ਨਲ ਹਸਪਤਾਲਾਂ ਦੇ ਲਾਅਨ ਲਈ ਤਿੰਨ ਕਰੋੜ ਰੁਪਏ ਤੇ ਕਮਿਊਨਿਟੀ ਹੈਲਥ ਸੈਂਟਰਾਂ ਵਿਚ ਬਣੀਆਂ ਬੈਠਣ ਦੀਆਂ ਥਾਵਾਂ ਦਾ ਭਾਅ ਇਕ ਕਰੋੜ ਰੁਪਏ ਰੱਖਿਆ ਗਿਆ ਹੈ। ਐਂਬੂਲੈਂਸ 108 ਨੂੰ ਛੱਡ ਕੇ ਬਾਕੀ ਸਾਰੇ ਪੈਸੇ ਇਕ ਵਾਰ ਅਦਾ ਕਰਨੇ ਪੈਣਗੇ ਤੇ ਪੱਥਰ ‘ਤੇ ਨਾਂ ਹਮੇਸ਼ਾ ਲਈ ਲਿਖਿਆ ਜਾਵੇਗਾ।
ਕਾਰਪੋਰੇਸ਼ਨ ਨੇ ਜਾਰੀ ਕੀਤੀ ਅਪੀਲ ਵਿਚ ਦੱਸਿਆ ਕਿ ਇਹ ਪੈਸਾ ਹਸਪਤਾਲ ਵਿਚ ਮੁੱਢਲਾ ਆਧਾਰੀ ਢਾਚਾਂ ਪੂਰਾ ਕਰਨ ਸਮੇਤ ਸਟਾਫ ਦੀ ਘਾਟ ਦੂਰ ਕਰਨ ‘ਤੇ ਖਰਚ ਕੀਤਾ ਜਾਵੇਗਾ। ਵੱਖਰੀ ਜਾਣਕਾਰੀ ਮੁਤਾਬਕ ਕਾਰਪੋਰੇਸ਼ਨ ਨੇ ਸਾਰੇ ਹਸਪਤਾਲਾਂ ਨੂੰ ਪੱਤਰ ਭੇਜ ਕੇ ਲੋੜਾਂ ਦੀ ਸੂਚੀ ਮੰਗ ਲਈ ਹੈ। ਹਸਪਤਾਲ ਆਪਣੇ ਨਾਂ ਕਰਵਾਉਣ ਦੇ ਚਾਹਵਾਨ ਲੋਕਾਂ ਨੂੰ ‘ਦਾ ਨਿਰੋਗੀ ਸੁਸਾਇਟੀ’ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।
ਪਹਿਲਾਂ ਇਹ ਅਪੀਲ ਭਾਵੇਂ ਪਰਵਾਸੀ ਭਾਰਤੀਆਂ ਦੇ ਨਾਂ ਜਾਰੀ ਕੀਤੀ ਗਈ ਸੀ ਪਰ ਬਾਅਦ ਵਿਚ ਆਮ ਲੋਕਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ। ਕਾਰਪੋਰੇਸ਼ਨ ਨੂੰ ਇਸ ਸਕੀਮ ਨਾਲ ਵਿੱਤੀ ਸੰਕਟ ਦੇ ਕਾਫ਼ੀ ਪੱਧਰ ਤੱਕ ਹੱਲ ਹੋ ਜਾਣ ਦੀ ਆਸ ਹੈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਪ੍ਰਬੰਧਕੀ ਨਿਰਦੇਸ਼ਕ ਹੁਸਨ ਲਾਲ ਨੇ ਕਿਹਾ ਕਿ ਇਹ ਸਕੀਮ ਆਪਣੀ ਧਰਤੀ ਲਈ ਕੁਝ ਕਰਨ ਦੀ ਇੱਛਾ ਰੱਖਣ ਵਾਲੇ ਪਰਵਾਸੀ ਭਾਰਤੀਆਂ ਲਈ ਸ਼ੁਰੂ ਕੀਤੀ ਗਈ ਸੀ ਪਰ ਬਾਅਦ ਵਿਚ ਆਮ ਲੋਕਾਂ ਨੂੰ ਵੀ ਸ਼ਾਮਲ ਕਰ ਲਿਆ ਗਿਆ ਹੈ।
Leave a Reply