ਇਤਿਹਾਸ ਸਿਰਜ ਗਈ ਜੋਅ ਬਾਇਡਨ ਦੀ ਜਿੱਤ

ਵਾਸ਼ਿੰਗਟਨ: ਜੋਅ ਬਾਇਡਨ ਨੇ ਸਖਤ ਤੇ ਫਸਵੇਂ ਮੁਕਾਬਲੇ ਵਿਚ ਮੌਜੂਦ ਰਾਸ਼ਟਰਪਤੀ ਤੇ ਰਿਪਬਲੀਕਨ ਉਮੀਦਵਾਰ ਡੋਨਲਡ ਟਰੰਪ ਨੂੰ ਸ਼ਿਕਸਤ ਦਿੰਦਿਆਂ ਇਤਿਹਾਸਕ ਜਿੱਤ ਦਰਜ ਕੀਤੀ ਹੈ। ਇਸ ਚੋਣ ਵਿਚ ਕਈ ਰਿਕਾਰਡ ਬਣੇ। ਡੈਮੋਕਰੈਟਿਕ ਪਾਰਟੀ ਦੇ ਜੋਅ ਬਾਇਡਨ ਨੇ ਰਿਪਬਲੀਕਨ ਪਾਰਟੀ ਦੇ ਉਮੀਦਵਾਰ ਡੋਨਲਡ ਟਰੰਪ ਨੂੰ ਹਰਾਉਣ ਤੋਂ ਬਾਅਦ ਸੱਤਾ ਖੋਹ ਲਈ ਹੈ, ਉਥੇ ਹੁਣ ਤੱਕ ਦੇ ਅਮਰੀਕੀ ਚੋਣ ਇਤਿਹਾਸ ਵਿਚ ਉਨ੍ਹਾਂ ਨੂੰ ਸਭ ਤੋਂ ਵਧੇਰੇ 7.5 ਕਰੋੜ ਵੋਟਾਂ ਮਿਲੀਆਂ ਹਨ। ਇਸ ਦੇ ਨਾਲ ਹੀ ਇਹ ਵੀ ਇਕ ਰਿਕਾਰਡ ਬਣਿਆ ਕਿ ਅਮਰੀਕੀ ਇਤਿਹਾਸ ਵਿਚ ਕੋਈ ਮਹਿਲਾ ਪਹਿਲੀ ਵਾਰ ਉਪ-ਰਾਸ਼ਟਰਪਤੀ ਬਣੀ ਹੈ। ਭਾਰੀ ਬਹੁਮਤ ਨਾਲ ਚੁਣੀ ਗਈ ਕਮਲਾ ਹੈਰਿਸ ਭਾਰਤੀ ਮੂਲ ਦੀ ਹੈ।

ਪਹਿਲਾਂ ਉਹ ਰਾਸ਼ਟਰਪਤੀ ਚੁਣੇ ਗਏ ਜੋਅ ਬਾਇਡਨ ਦੇ ਮੁਕਾਬਲੇ ਉਤੇ ਅਤੇ ਉਨ੍ਹਾਂ ਦੀ ਵਿਰੋਧੀ ਮੰਨੀ ਜਾਂਦੀ ਸੀ ਪਰ ਬਾਅਦ ਵਿਚ ਦੋਵਾਂ ਵਿਚ ਸਹਿਮਤੀ ਬਣ ਗਈ ਅਤੇ ਫਿਰ ਦੋਵਾਂ ਨੇ ਰਲ ਕੇ ਚੋਣ ਮੁਹਿੰਮ ਚਲਾਈ।
ਅਮਰੀਕਾ ਵਿਚ ਛੋਟੀ ਉਮਰ ਦੇ ਵੋਟਰਾਂ ਵਲੋਂ 2020 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲਿਆ ਗਿਆ ਹੈ। ਟੱਫਟਸ ਯੂਨੀਵਰਸਿਟੀ ਦੀ ਰਿਪੋਰਟ ਅਨੁਸਾਰ 18 ਤੋਂ 29 ਸਾਲ ਦੀ ਉਮਰ ਦੇ ਵੋਟਰਾਂ ਨੇ ਇਸ ਵਾਰ ਰਿਕਾਰਡ ਵੋਟਿੰਗ ਕੀਤੀ। ਫਸਵੇਂ ਮੁਕਾਬਲੇ ਵਾਲੇ 11 ਸੂਬਿਆਂ ਤੋਂ ਮਿਲੇ ਅੰਦਾਜ਼ਿਆਂ ਅਨੁਸਾਰ 47 ਤੋਂ 49 ਫੀਸਦ ਯੋਗ ਨੌਜਵਾਨ ਲੋਕਾਂ ਨੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ।
ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਵਿਚ ਵੋਟਾਂ ਦੀ ਗਿਣਤੀ ਹਾਲੇ ਵੀ ਜਾਰੀ ਹੈ, ਪਰ ਹੁਣ ਤੱਕ ਹੋਈ ਵੋਟਿੰਗ ਵਿਚ ਸਭ ਤੋਂ ਵਧ ਵੋਟਾਂ ਦਾ ਨਵਾਂ ਰਿਕਾਰਡ ਪਹਿਲਾਂ ਹੀ ਬਣ ਚੁੱਕਾ ਹੈ। ਅਮਰੀਕਾ ਵਿਚ ਹੁਣ ਤੱਕ ਵੋਟਾਂ ਦੀ ਹੋਈ ਗਿਣਤੀ ਦੌਰਾਨ 62 ਫੀਸਦੀ ਤੋਂ ਵੱਧ ਲੋਕਾਂ ਵਲੋਂ ਵੋਟਿੰਗ ਕਰਨ ਦੀ ਪੁਸ਼ਟੀ ਹੋਈ ਸੀ, ਜੋ 2008 ਵਿਚ ਹੋਈਆਂ ਚੋਣਾਂ ਤੋਂ 0.4 ਫੀਸਦੀ ਵਧ ਹੈ, ਜਦੋਂ ਅਮਰੀਕਾ ਵਿਚ ਬਰਾਕ ਓਬਾਮਾ ਵਜੋਂ ਮੁਲਕ ਵਿਚ ਪਹਿਲੇ ਸਿਆਅਫਾਮ ਵਿਅਕਤੀ ਨੂੰ ਰਾਸ਼ਟਰਪਤੀ ਚੁਣਿਆ ਗਿਆ ਸੀ। ਇਨ੍ਹਾਂ ਵਿਚੋਂ ਰਾਸ਼ਟਰਪਤੀ ਦੇ ਅਹੁਦੇ ਲਈ ਡੈਮੋਕਰੈਟਿਕ ਪਾਰਟੀ ਉਮੀਦਵਾਰ ਜੋਅ ਬਾਇਡਨ ਨੂੰ 7.5 ਕਰੋੜ ਤੋਂ ਵੱਧ ਵੋਟਾਂ ਮਿਲੀਆਂ ਹਨ ਜੋ ਹੁਣ ਤਕ ਦੇ ਇਤਿਹਾਸ ਵਿਚ ਕਿਸੇ ਵੀ ਰਾਸ਼ਟਰਪਤੀ ਉਮੀਦਵਾਰ ਨੂੰ ਮਿਲੀਆਂ ਸਭ ਤੋਂ ਵਧ ਵੋਟਾਂ ਹਨ।
ਅਮਰੀਕੀ ਇਤਿਹਾਸ ਵਿਚ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਚੋਣ ਨਤੀਜੇ ਦੇ ਐਲਾਨ ਤੋਂ ਪਹਿਲਾਂ ਆਖਰੀ ਪਲ ਤੱਕ ਅਨਿਸ਼ਚਿਤਤਾ ਬਣੀ ਰਹੀ ਅਤੇ ਜਿੱਤ ਲਈ ਅਧਿਕਾਰਤ ਐਲਾਨ ਤੋਂ ਪਹਿਲਾਂ ਹੀ ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਆਪਣੀ ਜਿੱਤ ਦਾ ਐਲਾਨ ਕਰ ਦਿੱਤਾ। ਰਿਪਬਲੀਕਨ ਰਾਸ਼ਟਰਪਤੀ ਡੋਨਲਡ ਟਰੰਪ ਆਖਰੀ ਪਲ ਤੱਕ ਵਿਰੋਧੀ ਸੁਰਾਂ ਪ੍ਰਗਟ ਕਰਦੇ ਰਹੇ ਹਨ। ਆਪਣੀ ਹਾਰ ਨੂੰ ਸਾਹਮਣੇ ਵੇਖ ਲੈਣ ਦੇ ਬਾਵਜੂਦ ਉਹ ਸੁਪਰੀਮ ਕੋਰਟ ਵਿਚ ਚਲੇ ਗਏ। ਇਹ ਵੀ ਇਕ ਇਤਿਹਾਸ ਬਣਿਆ ਕਿ ਅਮਰੀਕੀ ਸੁਪਰੀਮ ਕੋਰਟ ਦੇ ਮੁੱਖ ਜੱਜ ਨੇ ਇਨ੍ਹਾਂ ਚੋਣਾਂ ਵਿਚ ਦਖਲਅੰਦਾਜ਼ੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਅਦਾਲਤ ਨੂੰ ਰਾਜਨੀਤੀ ਵਿਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ।
ਅਮਰੀਕਾ ਵਿਚ ਚੋਣ ਐਲਾਨ ਅਨੁਸਾਰ ਨਵੇਂ ਰਾਸ਼ਟਰਪਤੀ ਅਗਾਮੀ 20 ਜਨਵਰੀ ਨੂੰ ਸਹੁੰ ਚੁੱਕਣਗੇ ਪਰ ਜੋਅ ਬਾਇਡਨ ਨੇ ਇਕ ਬਿਆਨ ਵਿਚ ਆਪਣੇ ਕਾਰਜਕਾਲ ਦੀਆਂ ਪਹਿਲ ਤਰਜੀਹਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ ਸਭ ਤੋਂ ਵੱਧ ਜ਼ੋਰ ਕਰੋਨਾ ਵਾਇਰਸ ਉਤੇ ਕਾਬੂ ਪਾਉਣ ਅਤੇ ਇਸ ਲਈ ਵਿਆਪਕ ਯੋਜਨਾਵਾਂ ਤਿਆਰ ਕਰਨ ‘ਤੇ ਦਿੱਤਾ ਹੈ। ਹਾਲਾਂਕਿ ਡੋਨਲਡ ਟਰੰਪ ਦੇ ਕਾਰਜਕਾਲ ਦੀਆਂ ਅਸਫਲਤਾਵਾਂ ਵਿਚ ਸਭ ਤੋਂ ਵੱਡੀ ਅਸਫਲਤਾ ਕਰੋਨਾ ਵਾਇਰਸ ਦੇ ਮਾਮਲੇ ਵਿਚ ਰਹੀ ਹੈ। ਬਾਇਡਨ ਨੇ ਆਪਣਾ ਦੂਜਾ ਵੱਡਾ ਐਲਾਨ ਬੇਰੁਜ਼ਗਾਰੀ ਨੂੰ ਦੂਰ ਕਰਨ ਸਬੰਧੀ ਕੀਤਾ।
_____________________
ਮੋਦੀ ਵਲੋਂ ਬਾਇਡਨ ਤੇ ਹੈਰਿਸ ਨੂੰ ਵਧਾਈ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ (ਬਰਾਕ ਓਬਾਮਾ ਦੇ ਕਾਰਜਕਾਲ ਵਿਚ) ਉਪ ਰਾਸ਼ਟਰਪਤੀ ਵਜੋਂ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਪਾਇਆ ਯੋਗਦਾਨ ਅਹਿਮ ਤੇ ਅਮੁੱਲ ਸੀ। ਸ੍ਰੀ ਮੋਦੀ ਨੇ ਕਿਹਾ, ‘ਮੈਂ ਭਾਰਤ ਅਤੇ ਅਮਰੀਕਾ ਦੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਇਕ ਵਾਰ ਮੁੜ ਮਿਲ ਕੇ ਕੰਮ ਕਰਨ ਦੀ ਉਮੀਦ ਕਰਦਾ ਹਾਂ।’ ਪ੍ਰਧਾਨ ਮੰਤਰੀ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੀ ਗਈ ਕਮਲਾ ਹੈਰਿਸ ਨੂੰ ਵੀ ਵਧਾਈ ਦਿੱਤੀ। ਸ੍ਰੀ ਮੋਦੀ ਨੇ ਕਿਹਾ ਕਿ ਹੈਰਿਸ ਦੀ ਸਫਲਤਾ ਨੇ ਨਵੇਂ ਦਿਸਹੱਦੇ ਸਿਰਜੇ ਹਨ।
_____________________
ਬੇਹੱਦ ਰੋਚਕ ਹੈ ਬਾਇਡਨ ਦਾ ਰਾਸ਼ਟਰਪਤੀ ਬਣਨ ਤੱਕ ਦਾ ਸਫਰ
ਵਾਸ਼ਿੰਗਟਨ: ਅਮਰੀਕੀ ਸਿਆਸਤ ‘ਚ ਪੰਜ ਦਹਾਕਿਆਂ ਤੱਕ ਸਰਗਰਮ ਬਾਇਡਨ ਦਾ ਸਭ ਤੋਂ ਛੋਟੇ ਸੈਨੇਟਰ ਤੋਂ ਸਭ ਤੋਂ ਉਮਰਦਰਾਜ ਰਾਸ਼ਟਰਪਤੀ ਬਣਨ ਦਾ ਸਫਰ ਬੇਹੱਦ ਰੋਚਕ ਹੈ। 77 ਸਾਲਾ ਬਾਇਡਨ ਜੋ 6 ਵਾਰ ਦੇ ਡੈਮੋਕ੍ਰੇਟਿਕ ਸੈਨੇਟਰ ਹਨ, 1988 ਤੇ 2008 ‘ਚ ਵੀ ਅਮਰੀਕੀ ਰਾਸ਼ਟਰਪਤੀ ਲਈ ਦਾਅਵੇਦਾਰੀ ਠੋਕ ਚੁੱਕੇ ਹਨ ਪਰ ਉਹ ਅਸਫਲ ਰਹੇ ਸਨ। ਉਹ ਬਰਾਕ ਓਬਾਮਾ ਦੇ ਦੋ ਵਾਰ ਦੇ ਕਾਰਜਕਾਲ ਦੌਰਾਨ ਦੋਵੇਂ ਵਾਰ ਉਪ ਰਾਸ਼ਟਰਪਤੀ ਵੀ ਰਹਿ ਚੁੱਕੇ ਹਨ। ਬਾਇਡਨ 74 ਸਾਲਾ ਟਰੰਪ ਨੂੰ ਹਰਾ ਕੇ ਅਮਰੀਕਾ ਦੇ ਸਭ ਤੋਂ ਉਮਰਦਰਾਜ ਰਾਸ਼ਟਰਪਤੀ ਬਣ ਗਏ ਹਨ। ਬਾਇਡਨ ਨੇ ਭਾਰਤ-ਅਮਰੀਕਾ ਸਿਵਲ ਪਰਮਾਣੂ ਸੌਦੇ ਵਿਚ ਅਹਿਮ ਭੂਮਿਕਾ ਨਿਭਾਈ ਸੀ। 1942 ‘ਚ ਪੈਨਸਲਵੇਨੀਆ ‘ਚ ਕੈਥੋਲਿਕ ਪਰਿਵਾਰ ‘ਚ ਜੰਮੇ ਜੋਅ ਬਾਇਡਨ ਦਾ ਪੂਰਾ ਨਾਂ ਜੋ ਰਾਬਨੇਟ ਬਾਇਡਨ ਜੂਨੀਅਰ ਹੈ। ਬਾਈਡਨ ਨੇ 1968 ‘ਚ ਸੈਰਾਕਿਊਜ਼ ਯੂਨੀਵਰਸਿਟੀ ‘ਚੋਂ ਕਾਨੂੰਨ (ਲਾਅ) ਦੀ ਡਿਗਰੀ ਹਾਸਲ ਕੀਤੀ। ਉਹ ਪਹਿਲੀ ਵਾਰ 1972 ਵਿਚ 29 ਸਾਲ ਦੀ ਉਮਰ ‘ਚ ਸੈਨੇਟਰ ਚੁਣੇ ਗਏ ਸਨ ਅਤੇ ਡੇਲਾਵੇਅਰ ਤੋਂ 6 ਵਾਰ ਸੈਨੇਟਰ ਰਹੇ। ਬਾਇਡਨ ਨੇ ਦੋ ਵਿਆਹ ਕਰਵਾਏ ਹਨ।
_____________________
ਬਾਇਡਨ ਵਲੋਂ ਅਮਰੀਕਾ ਦੀ ਇਕਜੁੱਟਤਾ ਦਾ ਹਲਫ
ਵਾਸ਼ਿੰਗਟਨ: ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਤੇ ਡੈਮੋਕਰੈਟਿਕ ਆਗੂ ਜੋਅ ਬਾਇਡਨ (77) ਨੇ ਆਪਣੀ ਜੇਤੂ ਤਕਰੀਰ ਵਿਚ ਮੁਲਕ ਨੂੰ ਇਕਜੁੱਟ ਰੱਖਣ ਦੀ ਸਹੁੰ ਚੁੱਕਦਿਆਂ ਕਿਹਾ ਕਿ ਇਹ ਅਮਰੀਕਾ ਦੇ ਰਿਸਦੇ ਜਖਮਾਂ ਉਤੇ ਮੱਲ੍ਹਮ ਰੱਖਣ ਦਾ ਸਮਾਂ ਹੈ। ਬਾਇਡਨ ਨੇ ਕਿਹਾ ਕਿ ਕੋਵਿਡ-19 ਕਰਕੇ ਬਣੇ ਹਾਲਾਤ ਨੂੰ ਮੋੜਾ ਦੇਣ ਲਈ ਉਹ ਕੋਈ ਕਸਰ ਬਾਕੀ ਨਹੀਂ ਛੱਡਣਗੇ। ਡੈਮੋਕਰੈਟ ਆਗੂ ਨੇ ਟਰੰਪ ਹਮਾਇਤੀਆਂ ਦੇ ਹਵਾਲੇ ਨਾਲ ਕਿਹਾ ਕਿ ਉਹ ਉਨ੍ਹਾਂ ਦੇ ਹੱਕ ਤੇ ਵਿਰੋਧ ਵਿਚ ਵੋਟ ਪਾਉਣ ਵਾਲਿਆਂ ਲਈ ਰਾਸ਼ਟਰਪਤੀ ਵਜੋਂ ਕੰਮ ਕਰਨਗੇ। ਇਸੇ ਦੌਰਾਨ ਬਾਇਡਨ ਕੈਂਪੇਨ ਨੇ ਪਾਲਿਸੀ ਦਸਤਾਵੇਜ਼ ਜਾਰੀ ਕਰਦਿਆਂ ਕਿਹਾ ਕਿ ਭਾਰਤ-ਅਮਰੀਕਾ ਰਿਸ਼ਤਿਆਂ ਦੀ ਮਜ਼ਬੂਤੀ ਨੂੰ ਬਾਇਡਨ ਪ੍ਰਸ਼ਾਸਨ ਆਪਣੀਆਂ ਸਿਖਰਲੀਆਂ ਤਰਜੀਹਾਂ ‘ਚ ਰੱਖੇਗਾ।
_____________________
ਕਮਲਾ ਹੈਰਿਸ ਨੇ ਸਿਰਜਿਆ ਇਤਿਹਾਸ
ਵਾਸ਼ਿੰਗਟਨ: ਉਪ-ਰਾਸ਼ਟਰਪਤੀ ਚੁਣੀ ਗਈ ਕਮਲਾ ਹੈਰਿਸ (56) ਨੇ ਇਤਿਹਾਸ ਸਿਰਜ ਦਿੱਤਾ ਹੈ। ਅਮਰੀਕਾ ਦਾ ਦੂਜਾ ਸਭ ਤੋਂ ਉਚਾ ਰੁਤਬਾ ਹਾਸਲ ਕਰਨ ਵਾਲੀ ਉਹ ਪਹਿਲੀ ਏਸ਼ੀਅਨ-ਅਮਰੀਕਨ ਮਹਿਲਾ ਬਣ ਗਈ ਹੈ। ਹੈਰਿਸ ਨੂੰ ਬਾਇਡਨ ਦੀ ਵਡੇਰੀ ਉਮਰ ਕਰਕੇ 2024 ਦੀ ਰਾਸ਼ਟਰਪਤੀ ਚੋਣ ਲਈ ਉਮੀਦਵਾਰ ਵਜੋਂ ਦੇਖਿਆ ਜਾ ਰਿਹਾ ਹੈ।
ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ‘ਵਿਲੱਖਣ ਉਪ ਰਾਸ਼ਟਰਪਤੀ’ ਕਮਲਾ ਹੈਰਿਸ ਨਾਲ ਕੰਮ ਕਰਨਾ ਉਨ੍ਹਾਂ ਲਈ ਵੱਡੇ ਮਾਣ ਵਾਲੀ ਗੱਲ ਹੋਵੇਗੀ। ਬਾਇਡਨ ਨੇ ਕਿਹਾ ਕਿ ਹੈਰਿਸ ਦਾ ਇਸ ਅਹੁਦੇ ਤੱਕ ਪੁੱਜਣਾ ਲੰਮੇ ਸਮੇਂ ਤੋਂ ਬਕਾਇਆ ਸੀ। ਕੈਲੀਫੋਰਨੀਆ ਤੋਂ ਡੈਮੋਕਰੈਟਿਕ ਸੈਨੇਟ ਹੈਰਿਸ (56) ਉਪ ਰਾਸ਼ਟਰਪਤੀ ਦੇ ਅਹੁਦੇ ਲਈ ਚੁਣੀ ਗਈ ਪਹਿਲੀ ਅਮਰੀਕੀ, ਸਿਆਹਫਾਮ ਤੇ ਦੱਖਣ ਏਸ਼ਿਆਈ ਮੂਲ ਦੀ ਪਹਿਲੀ ਮਹਿਲਾ ਹੈ। ਬਾਇਡਨ ਨੇ ਆਪਣੀ ਜੇਤੂ ਤਕਰੀਰ ‘ਚ ਕਮਲਾ ਹੈਰਿਸ ਦਾ ਜ਼ਿਕਰ ਕਰਦਿਆਂ ਕਿਹਾ, ‘ਵਿਲੱਖਣ ਉਪ ਰਾਸ਼ਟਰਪਤੀ- ਕਮਲਾ ਹੈਰਿਸ ਨਾਲ ਕੰਮ ਕਰਕੇ ਮੈਂ ਮਾਣ ਮਹਿਸੂਸ ਕਰਾਂਗਾ। ਹੈਰਿਸ ਨੇ ਇਤਿਹਾਸ ਸਿਰਜ ਦਿੱਤਾ ਹੈ।
______________________________
ਅਮਰੀਕੀ ਚੋਣਾਂ: ਦਰਜਨ ਤੋਂ ਵੱਧ ਭਾਰਤੀ ਚਿਹਰਿਆਂ ਦੀ ਜਿੱਤ
ਵਾਸ਼ਿੰਗਟਨ: ਦਰਜਨ ਤੋਂ ਵੱਧ ਭਾਰਤੀ ਅਮਰੀਕੀਆਂ, ਜਿਨ੍ਹਾਂ ਵਿਚ ਪੰਜ ਮਹਿਲਾਵਾਂ ਸ਼ਾਮਲ ਹਨ, ਨੇ ਇਸ ਵਾਰ ਸੂਬਾ-ਪੱਧਰੀ ਚੋਣਾਂ ਵਿਚ ਜਿੱਤ ਪ੍ਰਾਪਤ ਕੀਤੀ ਹੈ। ਇਸ ਨਾਲ ਬੀਤੇ ਦਿਨੀਂ ਦੇ ਨਤੀਜਿਆਂ ਦੌਰਾਨ ਅਮਰੀਕਾ ਦੇ ਹਾਊਸ ਆਫ ਰਿਪਰਜ਼ੈਂਟੇਟਿਵਜ਼ (ਹੇਠਲੇ ਸਦਨ) ਲਈ ਚੁਣੇ ਗਏ ਚਾਰ ਭਾਰਤੀ ਅਮਰੀਕੀਆਂ ਡਾ. ਅਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਦੀ ਸੂਚੀ ਵਿਚ ਹੋਰ ਵਾਧਾ ਹੋਇਆ ਹੈ।
ਸੂਬਾਈ ਵਿਧਾਨ ਸਭਾਵਾਂ ਲਈ ਚੁਣੀਆਂ ਗਈਆਂ ਪੰਜ ਮਹਿਲਾਵਾਂ ਵਿਚ ਜੈਨੀਫਰ ਰਾਜਕੁਮਾਰ (ਨਿਊ ਯਾਰਕ ਸੂਬਾਈ ਅਸੈਂਬਲੀ), ਨੀਮਾ ਕੁਲਕਰਨੀ (ਕੈਨਟਕੀ ਸੂਬਾਈ ਸਦਨ), ਕੇਸ਼ਾ ਰਾਮ (ਵਰਮੌਂਟ ਸੂਬਾਈ ਸੈਨੇਟ), ਵੰਦਨਾ ਸਲਾਤਰ (ਵਾਸ਼ਿੰਗਟਨ ਸੂਬਾਈ ਸਦਨ) ਅਤੇ ਪਦਮਾ ਕੁੱਪਾ (ਮਿਸ਼ੀਗਨ ਸੂਬਾਈ ਸਦਨ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਨੀਰਜ ਆਂਟਨੀ ਓਹਾਇਓ ਸੂਬਾਈ ਸੈਨੇਟ ਲਈ ਅਤੇ ਜੇ ਚੌਧਰੀ ਨਾਰਥ ਕੈਰੋਲੀਨਾ ਸੂਬਾਈ ਸੈਨੇਟ ਲਈ ਮੁੜ ਚੁਣੇ ਗਏ ਹਨ। ਅਮਿਤ ਸ਼ਾਹ ਐਰੀਜ਼ੋਨਾ ਸੂਬਾਈ ਸਦਨ, ਨਿਖਿਲ ਸਾਵਲ ਪੈਨਸਿਲਵੇਨੀਆ ਸੂਬਾਈ ਸਦਨ, ਰਾਜੀਵ ਪੁਰੀ ਮਿਸ਼ੀਗਨ ਸੂਬਾਈ ਸਦਨ ਅਤੇ ਜੈਰੇਮੀ ਕੂਨੀ ਨਿਊ ਯਾਰਕ ਸੂਬਾਈ ਸੈਨੇਟ ਲਈ ਚੁਣੇ ਗਏ ਹਨ। ਐਸ਼ ਕਾਲੜਾ ਲਗਾਤਾਰ ਤੀਜੀ ਵਾਰ ਕੈਲੀਫੋਰਨੀਆ ਸੂਬਾਈ ਅਸੈਂਬਲੀ ਲਈ ਚੁਣੇ ਗਏ ਹਨ। ਰਵੀ ਸਾਂਡਿਲ ਨੇ ਟੈਕਸਸ ਵਿਚ ਜ਼ਿਲ੍ਹਾ ਕੋਰਟ ਜੱਜ ਦੀ ਚੋਣ ਜਿੱਤੀ ਹੈ। ਇਨ੍ਹਾਂ ਵਿਚੋਂ ਕੇਸ਼ਾ ਰਾਮ ਵਰਮੌਂਟ ਸੂਬਾਈ ਸਦਨ ਲਈ ਚੁਣੀ ਜਾਣ ਵਾਲੀ ਭੂਰੀ ਚਮੜੀ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਨਿਖਿਲ ਸਾਵਲ ਪਹਿਲੇ ਭਾਰਤੀ ਅਮਰੀਕੀ ਹਨ, ਜੋ ਪੈਨਸਿਲਵੇਨੀਆ ਜਨਰਲ ਅਸੈਂਬਲੀ ਲਈ ਚੁਣੇ ਗਏ ਹਨ। ਜੈਨੀਫਰ ਰਾਜਕੁਮਾਰ ਨਿਊ ਯਾਰਕ ਸੂਬਾਈ ਦਫ਼ਤਰ ਲਈ ਚੁਣੀ ਜਾਣ ਵਾਲੀ ਪਹਿਲੀ ਦੱਖਣ ਏਸ਼ੀਆਈ ਮਹਿਲਾ ਬਣ ਗਈ ਹੈ ਅਤੇ ਨੀਰਜ ਆਂਟਨੀ ਓਹਾਇਓ ਸੈਨੇਟ ਲਈ ਚੁਣੇ ਜਾਣ ਵਾਲੇ ਪਹਿਲੇ ਭਾਰਤੀ ਅਮਰੀਕੀ ਬਣ ਗਏ ਹਨ। ਇਸ ਵਾਰ ਦੀਆਂ ਚੋਣਾਂ ਵਿੱਚ ਕਰੀਬ 20 ਲੱਖ ਤੋਂ ਵੱਧ ਭਾਰਤੀ-ਅਮਰੀਕੀਆਂ ਨੇ ਵੋਟ ਪਾਈ।