ਪੰਜਾਬ ਉਤੇ ਧੌਂਸ ਜਮਾਉਣ ਲਈ ਕੇਂਦਰ ਸਰਕਾਰ ਨੇ ਨਵਾਂ ਪੇਚ ਫਸਾਇਆ

ਚੰਡੀਗੜ੍ਹ: ਪੰਜਾਬ ‘ਚ ਰੇਲ ਮਾਰਗ ਪੂਰੀ ਤਰ੍ਹਾਂ ਕਲੀਅਰ ਹੋਣ ਪਿੱਛੋਂ ਹੁਣ ਰੇਲ ਮੰਤਰਾਲੇ ਨੇ ਦਬਾਅ ਬਣਾਉਣ ਲਈ ਨਵਾਂ ਪੇਚ ਫਸਾ ਲਿਆ ਹੈ। ਰੇਲਵੇ ਨੇ ਮਾਲ ਗੱਡੀਆਂ ਤੋਂ ਇਲਾਵਾ ਹੁਣ ਮੁਸਾਫਰ ਗੱਡੀਆਂ ਨੂੰ ਚਲਾਏ ਜਾਣ ਦੀ ਸਹਿਮਤੀ ਮੰਗੀ ਹੈ। ਕਿਸਾਨਾਂ ਵੱਲੋਂ ਰੇਲ ਮਾਰਗ ਖਾਲੀ ਕੀਤੇ ਜਾਣ ਮਗਰੋਂ ਰੇਲਵੇ ਨੇ ਨਵੀਂ ਸ਼ਰਤ ਖੜ੍ਹੀ ਕਰ ਦਿੱਤੀ ਹੈ।

ਪੰਜਾਬ ਵਿਚ ਖਾਦਾਂ ਅਤੇ ਕੋਲੇ ਦੀ ਕਿੱਲਤ ਨੂੰ ਦੇਖਦਿਆਂ ਕੇਂਦਰ ਸਿਆਸੀ ਤੌਰ ਉਤੇ ਪੰਜਾਬ ਉਪਰ ਭਾਰੀ ਪੈਣ ਦੀ ਕੋਸ਼ਿਸ਼ ਵਿਚ ਹੈ। ਵੇਰਵਿਆਂ ਅਨੁਸਾਰ ਰੇਲਵੇ ਵੱਲੋਂ ਬੁਕਿੰਗ ਮਗਰੋਂ 7 ਨਵੰਬਰ ਲਈ 46 ਮੁਸਾਫਰ ਗੱਡੀਆਂ ਕੈਂਸਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚ 29 ਸਪੈਸ਼ਲ/ਫੈਸਟੀਵਲ ਗੱਡੀਆਂ ਵੀ ਸ਼ਾਮਲ ਹਨ। ਤਿਉਹਾਰਾਂ ਅਤੇ ਫਸਲ ਦੀ ਵਾਢੀ ਕਰਕੇ ਸੈਨਿਕਾਂ ਨੂੰ ਵੀ ਛੁੱਟੀਆਂ ਮਿਲਦੀਆਂ ਹਨ ਪਰ ਮੁਸਾਫਰ ਗੱਡੀਆਂ ਬੰਦ ਹੋਣ ਕਰਕੇ ਉਨ੍ਹਾਂ ਨੂੰ ਵੀ ਘਰ ਆਉਣ ‘ਚ ਪਰੇਸ਼ਾਨੀ ਹੋ ਰਹੀ ਹੈ।
ਪੰਜਾਬ ‘ਚ ਮਾਲ ਗੱਡੀਆਂ ਨਾ ਆਉਣ ਕਾਰਨ ਜ਼ਿਆਦਾਤਰ ਥਰਮਲ ਪਲਾਂਟਾਂ ‘ਚ ਕੋਲਾ ਖਤਮ ਹੋ ਗਿਆ, ਜਦੋਂਕਿ ਕਈਆਂ ਕੋਲ ਸੀਮਤ ਭੰਡਾਰ ਹੀ ਬਚਿਆ ਹੈ, ਜਿਸ ਕਾਰਨ ‘ਬਲੈਕਆਊਟ’ ਦਾ ਖਤਰਾ ਵੀ ਵਧ ਗਿਆ ਹੈ। ਦੂਜੇ ਪਾਸੇ ਰੇਲਵੇ ਨੇ ਫਿਲਹਾਲ ਪੰਜਾਬ ‘ਚ ਮਾਲ ਗੱਡੀਆਂ ਚਲਾਉਣ ਤੋਂ ਸਾਫ ਨਾਂਹ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ‘ਚ ਕਿਸਾਨ ਅੰਦੋਲਨ ਕਾਰਨ ਉਤਰੀ ਰੇਲਵੇ ਨੂੰ ਹੁਣ ਤੱਕ 1200 ਕਰੋੜ ਰੁਪਏ ਤੋਂ ਜ਼ਿਆਦਾ ਦਾ ਨੁਕਸਾਨ ਹੋ ਚੁੱਕਾ ਹੈ, ਜਦੋਂਕਿ ਪ੍ਰਤੀਦਿਨ ਔਸਤ 45 ਕਰੋੜ ਦਾ ਨੁਕਸਾਨ ਹੋ ਰਿਹਾ ਹੈ। ਅੰਦੋਲਨ ਦੇ ਕਾਰਨ ਪ੍ਰਤੀਦਿਨ ਆਉਣ ਤੇ ਜਾਣ ਵਾਲੀਆਂ ਔਸਤਨ 70 ਮਾਲ ਗੱਡੀਆਂ ਪ੍ਰਭਾਵਿਤ ਹੋ ਰਹੀਆਂ ਹਨ।
ਪੰਜਾਬ ਦੇ ਕਿਸਾਨ ਹੁਣ ਯੂਰੀਆ ਖਾਦ ਗੁਆਂਢੀ ਸੂਬਿਆਂ ‘ਚੋਂ ਲਿਆਉਣ ਲਈ ਮਜਬੂਰ ਹਨ। ਖਾਦ ਦੀ ਕਿੱਲਤ ਕਰਕੇ ਕਿਸਾਨਾਂ ਕੋਲ ਹੁਣ ਹੋਰ ਕੋਈ ਚਾਰਾ ਨਹੀਂ ਬਚਿਆ। ਮਾਲ ਗੱਡੀਆਂ ਬੰਦ ਹੋਣ ਕਰਕੇ ਪੰਜਾਬ ਵਿਚ ਖਾਦ ਦਾ ਸੰਕਟ ਬਣਨ ਲੱਗਾ ਹੈ। ਸਬਜ਼ੀ ਕਾਸ਼ਤਕਾਰਾਂ ਨੂੰ ਫੌਰੀ ਯੂਰੀਆ ਖਾਦ ਦੀ ਲੋੜ ਹੈ। ਹਰਿਆਣਾ ‘ਚੋਂ ਵੱਡੀ ਪੱਧਰ ਉਤੇ ਯੂਰੀਆ ਖਾਦ ਪੰਜਾਬ ਵਿਚ ਆਉਣ ਲੱਗੀ ਹੈ। ਉਧਰ ਹਰਿਆਣਾ ਸਰਕਾਰ ਨੇ ਪਤਾ ਲੱਗਦੇ ਹੀ ਪੰਜਾਬ ਦੇ ਕਿਸਾਨਾਂ ਦਾ ਰਾਹ ਡੱਕਣਾ ਸ਼ੁਰੂ ਕਰ ਦਿੱਤਾ ਹੈ। ਵੇਰਵਿਆਂ ਮੁਤਾਬਕ ਪੰਜਾਬ ਵਿਚ ਕਣਕ ਦੀ ਬਿਜਾਈ ਦਾ ਕੰਮ ਸਿਖਰ ਉਤੇ ਹੈ। ਕਰੀਬ 35 ਲੱਖ ਹੈਕਟੇਅਰ ਰਕਬਾ ਕਣਕ ਦੀ ਬਿਜਾਂਦ ਹੇਠ ਆਉਣ ਦਾ ਅਨੁਮਾਨ ਹੈ। ਨਵੰਬਰ ਦੇ ਅਖੀਰ ਵਿਚ ਯੂਰੀਆ ਖਾਦ ਦੀ ਫਸਲ ਲਈ ਜ਼ਰੂਰਤ ਹੁੰਦੀ ਹੈ। ਪੰਜਾਬ ਨੂੰ ਕਰੀਬ 15 ਲੱਖ ਮੀਟਰਿਕ ਟਨ ਯੂਰੀਆ ਖਾਦ ਚਾਹੀਦੀ ਹੈ, ਜਿਸ ‘ਚੋਂ 80 ਹਜ਼ਾਰ ਮੀਟਰਿਕ ਟਨ ਸਬਜ਼ੀਆਂ ਵਾਸਤੇ ਲੋੜੀਂਦੀ ਹੈ।
ਅਸਲ ਵਿਚ, ਸੂਬੇ ਵਿਚ ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੀਆਂ ਕਿਸਾਨ ਜਥੇਬੰਦੀਆਂ ਵੱਲੋਂ ਸਿਰਫ ਮਾਲ ਗੱਡੀਆਂ ਲਈ ਲਾਂਘਾ ਦੇਣ ਦੀ ‘ਇਜਾਜ਼ਤ’ ਕੇਂਦਰ ਸਰਕਾਰ ਨੂੰ ਰਾਸ ਨਹੀਂ ਆ ਰਹੀ ਹੈ। ਕੇਂਦਰੀ ਰੇਲਵੇ ਮੰਤਰਾਲੇ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਹੈ ਕਿ ਯਾਤਰੂ ਅਤੇ ਮਾਲ ਗੱਡੀਆਂ ਇਕੱਠੀਆਂ ਹੀ ਚਲਾਈਆਂ ਜਾਣਗੀਆਂ। ਪੰਜਾਬ ਸਰਕਾਰ ਵੱਲੋਂ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਮਾਲ ਗੱਡੀਆਂ ਚਲਾਉਣ ਲਈ ਰੇਲ ਪਟੜੀਆਂ ਖਾਲੀ ਕਰ ਦਿੱਤੀਆਂ ਗਈਆਂ ਹਨ। ਕਿਸਾਨ ਜਥੇਬੰਦੀਆਂ ਨੇ ਵੀ 20 ਨਵੰਬਰ ਤੱਕ ਮਾਲ ਗੱਡੀਆਂ ਚਲਾਉਣ ਦੀ ਖੁੱਲ੍ਹ ਦਿੰਦਿਆਂ ਰੇਲ ਪਟੜੀਆਂ ਅਤੇ ਪਲੇਟਫਾਰਮਾਂ ਤੋਂ ਧਰਨੇ ਚੁੱਕ ਕੇ ਰੇਲਵੇ ਸਟੇਸ਼ਨਾਂ ਦੇ ਨਜ਼ਦੀਕ ਤਬਦੀਲ ਕਰ ਲਏ ਸਨ। ਰੇਲਵੇ ਦੇ ਤਾਜ਼ਾ ਫਰਮਾਨ ਨਾਲ ਪੰਜਾਬ ਅੰਦਰ ਸਥਿਤੀ ਘਾਤਕ ਹੋ ਸਕਦੀ ਹੈ। ਸੂਬੇ ਵਿਚ ਮਾਲ ਗੱਡੀਆਂ ਦੀ ਆਵਾਜਾਈ ਠੱਪ ਹੋਣ ਕਾਰਨ ਉਦਯੋਗਾਂ ਨੂੰ ਪੈ ਰਹੀ ਵੱਡੀ ਮਾਰ ਦੇ ਨਾਲ ਹੀ ਜ਼ਰੂਰੀ ਵਸਤਾਂ ਦੀ ਘਾਟ ਵੀ ਰੜਕਣ ਲੱਗ ਪਈ ਹੈ। ਪੰਜਾਬ ਵਿਚ ਉਦਯੋਗਾਂ ਨੂੰ ਕਰੀਬ 30 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਯੂਰੀਆ ਖਾਦ ਦੀ ਕਮੀ ਕਾਰਨ ਕਣਕ ਦੀ ਬਿਜਾਈ ਪ੍ਰਭਾਵਿਤ ਹੋਵੇਗੀ। ਸੂਬੇ ਵਿਚੋਂ ਅਨਾਜ ਦੀ ਢੋਆ-ਢੁਆਈ ਵੀ ਠੱਪ ਹੋਈ ਪਈ ਹੈ। ਕੇਂਦਰ ਦੇ ਤਾਜ਼ਾ ਰੁਖ ਕਾਰਨ ਪੰਜਾਬ ਸਰਕਾਰ ਦੀ ਸਥਿਤੀ ਹੋਰ ਵੀ ਪੇਚੀਦਾ ਬਣਦੀ ਜਾ ਰਹੀ ਹੈ। ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਲੋਕਾਂ ਦੇ ਹਿੱਤਾਂ ਦਾ ਧਿਆਨ ਰਖਦਿਆਂ ਜਥੇਬੰਦੀਆਂ ਨੇ 6 ਨਵੰਬਰ ਤੋਂ ਰੇਲਵੇ ਲਾਈਨਾਂ ਤੋਂ ਸਾਰੇ ਧਰਨੇ ਚੁੱਕ ਲਏ ਹਨ। ਹੁਣ ਜਗ ਜ਼ਾਹਰ ਹੋ ਗਿਆ ਜਦੋਂ ਮੋਦੀ ਸਰਕਾਰ ਨੇ ਇਹ ਸ਼ਰਤ ਮੜ੍ਹ ਦਿੱਤੀ ਕਿ ਮਾਲ ਗੱਡੀਆਂ ਦੇ ਨਾਲ ਹੀ ਯਾਤਰੀ ਰੇਲ ਗੱਡੀਆਂ ਵੀ ਚਲਾਈਆਂ ਜਾਣਗੀਆਂ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਦੇਸ਼ ਦੇ ਲੋਕਾਂ ਦਾ ਭੋਰਾ ਵੀ ਫਿਕਰ ਨਹੀਂ ਹੈ। ਉਨ੍ਹਾਂ ਨੂੰ ਤਾਂ ਸਿਰਫ ਕਾਰਪੋਰੇਟ ਘਰਾਣਿਆਂ ਦੇ ਅੰਨ੍ਹੇ ਮੁਨਾਫਿਆਂ ਵਿਚ ਰੁਕਾਵਟ ਆਉਣ ਦਾ ਫਿਕਰ ਹੀ ਸਤਾ ਰਿਹਾ ਹੈ।
______________________________________________
ਭਾਜਪਾ ਨੇ ਅਕਾਲੀ ਦਲ ਨੂੰ ਭੁਲੇਖੇ ‘ਚ ਰੱਖਿਆ: ਹਰਸਿਮਰਤ
ਬਠਿੰਡਾ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਭਾਈਵਾਲ ਪਾਰਟੀ ਭਾਜਪਾ ਨੇ ਖੇਤੀ ਬਿੱਲ ਲਾਗੂ ਕਰਨ ਵੇਲੇ ਉਨ੍ਹਾਂ ਨੂੰ ਭੁਲੇਖੇ ਵਿੱਚ ਰੱਖਿਆ। ਇਸੇ ਕਾਰਨ ਅਕਾਲੀ ਦਲ ਨੇ ਗੱਠਜੋੜ ਖਤਮ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਨਾਲ ਖੜ੍ਹਾ ਹੈ। ਉਹ ਇਥੇ ਟਕਸਾਲੀ ਆਗੂ ਲਾਲਾ ਤ੍ਰਿਲੋਕ ਚੰਦ ਗਰਗ ਤੇ ਤਿਲਕ ਰਾਮ ਅਗਰਵਾਲ ਦੇ ਦੇਹਾਂਤ ਮਗਰੋਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਸਨ।
____________________________________________
ਰੇਲ ਬਹਾਲੀ ਲਈ ਕੈਪਟਨ ਨੇ ਸ਼ਾਹ ਤੋਂ ਦਖਲ ਮੰਗਿਆ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਚ ਰੇਲ ਸੇਵਾਵਾਂ ਬਹਾਲ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਦਖਲ ਮੰਗਿਆ ਹੈ। ਮੁੱਖ ਮੰਤਰੀ ਨੇ ਗ੍ਰਹਿ ਮੰਤਰੀ ਨਾਲ ਮੁਲਾਕਾਤ ਮਗਰੋਂ ਇਸ ਮਸਲੇ ਦੇ ਜਲਦੀ ਹੱਲ ਹੋਣ ਦੀ ਆਸ ਜਤਾਈ ਸੀ। ਮੁੱਖ ਮੰਤਰੀ ਨੇ ਮੁਲਾਕਾਤ ਦੌਰਾਨ ਸ੍ਰੀ ਸ਼ਾਹ ਨੂੰ ਇਹ ਯਕੀਨ ਦਿਵਾਇਆ ਕਿ ਪੰਜਾਬ ਅਤੇ ਗੁਆਂਢੀ ਸੂਬਿਆਂ ਹਿਮਾਚਲ ਪ੍ਰਦੇਸ਼, ਲੱਦਾਖ ਅਤੇ ਜੰਮੂ ਤੇ ਕਸ਼ਮੀਰ ਵਿਚ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਸਹੂਲਤ ਲਈ ਰੇਲ ਸੇਵਾਵਾਂ ਨੂੰ ਮੁੜ ਬਹਾਲ ਕਰਨ ਵਿਚ ਅਮਨ ਤੇ ਕਾਨੂੰਨ ਵਿਵਸਥਾ ਦੀ ਕੋਈ ਚਿੰਤਾ ਨਹੀਂ ਹੈ। ਰੇਲ ਗੱਡੀਆਂ ਦੇ ਬੰਦ ਹੋਣ ਕਾਰਨ ਸਾਰਿਆਂ ਨੂੰ ਭਾਰੀ ਨੁਕਸਾਨ ਝੱਲਣਾ ਪੈ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਰੇਲਵੇ ਵੱਲੋਂ ਤੁਰਤ ਮਾਲ ਗੱਡੀਆਂ ਚਲਾਉਣ ਦਾ ਫੈਸਲਾ ਨਾ ਕੀਤਾ ਗਿਆ ਤਾਂ ਲੱਦਾਖ ਵਿਚ ਰੱਖਿਆ ਬਲਾਂ ਅਤੇ ਘਾਟੀ ਵਿਚ ਬਰਫਬਾਰੀ ਤੋਂ ਪਹਿਲਾਂ ਜ਼ਰੂਰੀ ਸੇਵਾਵਾਂ ਨਾ ਪੁੱਜਦੀਆਂ ਹੋਣ ਕਾਰਨ ਦੇਸ਼ ਨੂੰ ਗੰਭੀਰ ਖਤਰਾ ਹੋ ਸਕਦਾ ਹੈ।