ਕਿਸਾਨ ਅੰਦੋਲਨ ਕਾਰਨ ਲੋਕ ਰੋਹ ਦੇਖ ਭਾਜਪਾ ਆਗੂਆਂ ਵਿਚ ਬੇਚੈਨੀ ਵਧੀ

ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਮਾਮਲੇ ਵਿਚ ਅਜੇ ਤੱਕ ਕੋਈ ਹੱਲ ਨਾ ਕੱਢਣ ਕਰਕੇ ਕਿਸਾਨਾਂ ਦਾ ਅੰਦੋਲਨ ਲੰਬਾ ਹੁੰਦਾ ਜਾ ਰਿਹਾ ਹੈ। ਦੂਜੇ ਪਾਸੇ ਇਸ ਨਾਲ ਪੰਜਾਬ ਭਾਜਪਾ ਦੀ ਕਈ ਆਗੂਆਂ ਦੀ ਬੇਚੈਨੀ ਵਧ ਰਹੀ ਹੈ, ਕੁਝ ਤਾਂ ਹੁਣ ਆਪਣੀ ਨਾਰਾਜ਼ਗੀ ਜਨਤਕ ਤੌਰ ਉਤੇ ਜ਼ਾਹਰ ਕਰ ਚੁੱਕੇ ਹਨ। ਖੇਤੀ ਪੱਖੀ ਕਾਨੂੰਨਾਂ ਦੇ ਹੱਕ ਵਿਚ ਭਾਜਪਾ ਆਗੂਆਂ ਵਲੋਂ ਅਸਤੀਫੇ ਦੇਣ ਤੋਂ ਬਾਅਦ ਹੋਰ ਵੀ ਕਈ ਆਗੂਆਂ ਵਲੋਂ ਕਿਸਾਨਾਂ ਦੀ ਗੱਲ ਸੁਣਨ ਦੀ ਮੰਗ ਕੀਤੀ ਜਾ ਰਹੀ ਹੈ। ਪੰਜਾਬ ਭਾਜਪਾ ਦੀ ਸਰਗਰਮੀ ਦਾ ਇਹ ਹਾਲ ਹੈ ਕਿ ਕਿਸਾਨਾਂ ਦੇ ਜ਼ਬਰਦਸਤ ਅੰਦੋਲਨ ਕਰਕੇ ਪਾਰਟੀ ਨੂੰ ਪੇਂਡੂ ਖੇਤਰਾਂ ਵਿਚ ਤਾਂ ਖੇਤੀ ਕਾਨੂੰਨਾਂ ਦੇ ਹੱਕ ‘ਚ ਸਰਗਰਮੀਆਂ ਬੰਦ ਕਰਨੀਆਂ ਪਈਆਂ ਹਨ।

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਭਾਜਪਾ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਸੀਨੀਅਰ ਆਗੂ ਮਨੋਰੰਜਨ ਕਾਲੀਆ ਦੇ ਕਈ ਘੰਟੇ ਕੀਤੇ ਘਿਰਾਓ ਨੇ ਬਰਨਾਲਾ ਵਿਚ ਰਹਿ ਰਹੇ ਸੂਬਾ ਪੱਧਰੀ ਤੇ ਹੋਰ ਭਾਜਪਾ ਆਗੂਆਂ ਨੂੰ ਕੰਬਣੀ ਛੇੜ ਦਿੱਤੀ ਹੈ। ਕਿਸਾਨ ਯੂਨੀਅਨ ਪਿਛਲੇ ਕਰੀਬ ਇਕ ਮਹੀਨੇ ਤੋਂ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੇ ਘਰ ਦਾ ਘਿਰਾਓ ਕਰਕੇ ਮੋਦੀ ਸਰਕਾਰ ਤੇ ਭਾਜਪਾ ਆਗੂ ਦਾ ਪਿੱਟ ਸਿਆਪਾ ਕਰ ਰਹੀ ਹੈ। ਇਥੇ ਵੱਡੀ ਗਿਣਤੀ ਵਿਚ ਔਰਤਾਂ ਵੱਲੋਂ ਵੈਣ ਪਾ ਕੇ ਤੇ ਛਾਤੀਆਂ ਪਿੱਟ ਕੇ ਰੋਸ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਯੂਨੀਅਨ ਆਗੂਆਂ ਦਾ ਦਾਅਵਾ ਹੈ ਕਿ ਜੇਕਰ ਕੇਂਦਰ ਦੀ ਮੋਦੀ ਸਰਕਾਰ ਨੇ ਆਪਣਾ ਅੜੀਅਲ ਵਤੀਰਾ ਨਾ ਛੱਡਿਆ ਤਾਂ ਆਉਣ ਵਾਲੇ ਦਿਨਾਂ ਵਿਚ ਸੂਬਾ ਪੱਧਰੀ ਆਗੂਆਂ ਤੇ ਸੀਨੀਅਰ ਭਾਜਪਾ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ।
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਪਾਰਟੀ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਜਿਆਣੀ ਵੱਲੋਂ ਕੇਂਦਰ ਸਰਕਾਰ ਬਾਰੇ ਕੀਤੀਆਂ ਟਿੱਪਣੀਆਂ ਨੂੰ ਜਾਇਜ਼ ਕਰਾਰ ਦਿੰਦਿਆਂ ਆਖ ਦਿੱਤਾ ਹੈ ਕਿ ਸ੍ਰੀ ਜਿਆਣੀ ਨੇ ਕੁਝ ਵੀ ਗਲਤ ਨਹੀਂ ਕਿਹਾ ਹੈ। ਜ਼ਿਕਰਯੋਗ ਹੈ ਕਿ ਸੁਰਜੀਤ ਕੁਮਾਰ ਜਿਆਣੀ ਨੇ ਆਪਣੀ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਕਿਸਾਨਾਂ ਦੇ ਦੁਖੜੇ ਸੁਣਨ ਦਾ ਵਾਸਤਾ ਪਾਇਆ ਹੈ। ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਹਿਣਾ ਹੈ ਕਿ ਕਿਸਾਨ ਜਿਸ ਤਰ੍ਹਾਂ ਸੜਕਾਂ ਉਤੇ ਰੁਲ ਰਹੇ ਹਨ ਤੇ ਸੰਘਰਸ਼ ਕਰ ਰਹੇ ਹਨ, ਉਸ ਨੂੰ ਦੇਖ ਕੇ ਸਾਰੇ ਭਾਜਪਾ ਆਗੂਆਂ ਦੇ ਦਿਲਾਂ ਨੂੰ ਸੱਟ ਲਗਦੀ ਹੈ। ਇਸ ਲਈ ਪਾਰਟੀ ਵੀ ਚਾਹੁੰਦੀ ਹੈ ਕਿ ਕਿਸਾਨੀ ਮਸਲਿਆਂ ਦਾ ਸੁਖਾਵਾਂ ਹੱਲ ਹੋਵੇ। ਜ਼ਿਕਰਯੋਗ ਹੈ ਕਿ ਸ੍ਰੀ ਜਿਆਣੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਪਾਰਟੀ ਦੇ ਕੌਮੀ ਪ੍ਰਧਾਨ ਜੇ.ਪੀ. ਨੱਢਾ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਪਾਰਟੀ ਦੇ ਉਕਤ ਤਿੰਨੋਂ ਆਗੂ ਕਿਸਾਨਾਂ ਦੀ ਗੱਲ ਸੁਣ ਕੇ ਮਸਲੇ ਦਾ ਤੁਰਤ ਹੱਲ ਕੱਢਣ। ਉਨ੍ਹਾਂ ਆਪਣੇ ਪਾਰਟੀ ਦੇ ਆਗੂਆਂ ਨੂੰ ਇਥੋਂ ਤੱਕ ਕਿਹਾ ਕਿ ਭਾਜਪਾ ਗਲਤ ਦਿਸ਼ਾ ਵੱਲ ਜਾ ਰਹੀ ਹੈ। ਪੰਜਾਬ ਦੇ ਸਾਬਕਾ ਮੰਤਰੀ ਨੇ ਕਿਹਾ ਕਿ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਦੇ ਆਗੂ ਜਦੋਂ ਦਿੱਲੀ ਗਏ ਸਨ ਤਾਂ ਕੇਂਦਰੀ ਖੇਤੀ ਮੰਤਰੀ ਨੂੰ ਚਾਹੀਦਾ ਸੀ ਕਿ ਉਹ ਕਿਸਾਨਾਂ ਨਾਲ ਮੁਲਾਕਾਤ ਕਰਦੇ। ਭਾਜਪਾ ਆਗੂ ਨੇ ਕਿਹਾ ਕਿ ਪਾਰਟੀ ਆਗੂਆਂ ਨੂੰ ਕਿਸਾਨੀ ਮਸਲਿਆਂ ਉਤੇ ਜਿੱਦ ਨਹੀਂ ਕਰਨੀ ਚਾਹੀਦੀ ਤੇ ਅੜੀ ਛੱਡ ਕੇ ਸੁਲਾਹ ਦਾ ਰਾਹ ਅਪਣਾਉਣਾ ਚਾਹੀਦਾ ਹੈ।
ਉਧਰ, ਖੇਤੀ ਕਾਨੂੰਨਾਂ ਖਿਲਾਫ 31 ਕਿਸਾਨ ਜਥੇਬੰਦੀਆਂ ਦੇ ਸੱਦੇ ‘ਤੇ ਭਾਜਪਾ ਦੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦਾ ਘਿਰਾਓ ਪਿਛਲੇ ਤਕਰੀਬਨ ਡੇਢ ਮਹੀਨੇ ਤੋਂ ਜਾਰੀ ਹੈ। ਕਿਸਾਨ ਆਗੂਆਂ ਨੇ ਆਖਿਆ ਕਿ ਮੋਦੀ ਸਰਕਾਰ ਆਪਣੇ ਫਾਸ਼ੀਵਾਦੀ ਏਜੰਡੇ ਤਹਿਤ ਆਰਥਿਕ ਤੌਰ ‘ਤੇ ਕਮਜ਼ੋਰ ਕਰ ਕੇ ਪੰਜਾਬੀਆਂ ਨੂੰ ਝੁਕਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਕਾਰਕੁਨ ਮੰਗਾਂ ਮਨਵਾਉਣ ਲਈ ਦੋ ਦਿਨ 26 ਤੇ 27 ਨਵੰਬਰ ਨੂੰ ਦਿੱਲੀ ਘੇਰਨਗੇ ਅਤੇ ਜਥੇਬੰਦੀਆਂ ਨੇ ਕਿਸਾਨਾਂ ਨੂੰ ਵੱਡੇ ਪੱਧਰ ‘ਤੇ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ।
________________________________________
ਭਾਜਪਾ ਦਾ ਸਾਬਕਾ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ‘ਚ ਸ਼ਾਮਲ
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਟੁੱਟਣ ਮਗਰੋਂ ਦੋਵਾਂ ਹੀ ਪਾਰਟੀਆਂ ਵਿਚ ਇਕ-ਦੂਜੇ ਨੂੰ ਕਮਜ਼ੋਰ ਕਰਨ ਦੀ ਹੋੜ ਲੱਗੀ ਹੋਈ ਹੈ। ਇਸੇ ਤਹਿਤ ਭਾਜਪਾ ਦੇ ਤਰਨ ਤਾਰਨ ਜ਼ਿਲ੍ਹੇ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਦੇ ਨੇੜਲੇ ਸਾਥੀ ਐਡਵੋਕੇਟ ਆਰ.ਪੀ ਸਿੰਘ ਮੈਣੀ ਭਾਜਪਾ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ ਹਨ। ਇਸ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪਾਰਟੀ ਵਿਚ ਆਉਣ ‘ਤੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਆਰ.ਪੀ. ਸਿੰਘ ਮੈਣੀ ਨੂੰ ਪਾਰਟੀ ਦਾ ਬੁਲਾਰਾ ਨਿਯੁਕਤ ਕੀਤਾ।

ਕਿਸਾਨ ਅੰਦੋਲਨ: ‘ਦਿੱਲੀ ਚੱਲੋ’ ਦੀ ਤਿਆਰੀ ਵਿਚ ਪੰਜਾਬ ਪੱਬਾਂ ਭਾਰ ਹੋਇਆ
ਚੰਡੀਗੜ੍ਹ: ਕੁੱਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਉਤੇ ਕੌਮੀ ਕਿਸਾਨ ਅੰਦੋਲਨ ‘ਦਿੱਲੀ ਚੱਲੋ’ ਦੀ ਤਿਆਰੀ ਨੇ ਪੰਜਾਬ ਵਿਚ ਜ਼ੋਰ ਫੜ ਲਿਆ ਹੈ। ਕਿਸਾਨ ਧਿਰਾਂ ਨੇ ਤਿਆਰੀ ਵਜੋਂ ਲਾਮਬੰਦੀ ਸ਼ੁਰੂ ਕਰ ਦਿੱਤੀ ਹੈ। ਪੰਜਾਬ ‘ਚੋਂ ਰਿਕਾਰਡ ਵੱਡੀ ਗਿਣਤੀ ਕਿਸਾਨਾਂ ਨੂੰ ਦਿੱਲੀ ਲਿਜਾਣ ਲਈ ਕਿਸਾਨ ਧਿਰਾਂ ਦਾ ਜ਼ੋਰ ਲੱਗਾ ਹੋਇਆ ਹੈ। ਪੰਜਾਬ ਵਿਚ ਰੇਲ ਮਾਰਗ ਪੂਰੀ ਤਰ੍ਹਾਂ ਖਾਲੀ ਹਨ, ਪਰ ਕਿਸਾਨਾਂ ਨੇ ਭਾਜਪਾ ਆਗੂਆਂ, ਟੌਲ ਪਲਾਜ਼ਿਆਂ ਅਤੇ ਰਿਲਾਇੰਸ ਪੰਪਾਂ ‘ਤੇ ਧਰਨੇ ਜਾਰੀ ਰੱਖੇ ਹੋਏ ਹਨ। ਕਿਸਾਨ ਜਥੇਬੰਦੀਆਂ ਨੇ ਦੱਸਿਆ ਕਿ ‘ਦਿੱਲੀ ਚੱਲੋ’ ਲਈ ਵਿਉਂਤਬੰਦੀ ਜਾਰੀ ਹੈ ਅਤੇ ਪੰਜਾਬ ‘ਚੋਂ ਵੱਡੀ ਗਿਣਤੀ ਕਿਸਾਨ ਦਿੱਲੀ ਜਾਣਗੇ। ਕੌਮੀ ਪੱਧਰ ਦੇ ਕਿਸਾਨ ਆਗੂਆਂ ਨਾਲ ਰੋਜ਼ਾਨਾ ਤਾਲਮੇਲ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਜੰਡਿਆਲਾ ਗੁਰੂ ਅਤੇ ਕਪੂਰਥਲਾ ਵਿਚ ਆਪਣੇ ਪ੍ਰਦਰਸ਼ਨ ਜਾਰੀ ਰੱਖੇ ਹੋਏ ਹਨ।
ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਰਬਣ ਸਿੰਘ ਪੰਧੇਰ ਨੇ ਕਿਹਾ ਕਿ ਕਿਸਾਨ ਘਰਾਂ ‘ਤੇ ਕਾਲੇ ਝੰਡੇ ਲਾ ਕੇ ਦੀਵਾਲੀ ਮਨਾਉਣਗੇ। ਕੇਂਦਰ ਸਰਕਾਰ ਮੀਡੀਆ ਰਾਹੀਂ ਗੱਲਬਾਤ ਕਰਨ ਲਈ ਫੋਕੀ ਬਿਆਨਬਾਜ਼ੀ ਕਰ ਰਹੀ ਹੈ ਜਦੋਂ ਕਿ ਠੋਸ ਰੂਪ ਵਿਚ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਦੂਜੇ ਪਾਸੇ ਕਿਸਾਨ ਅੰਦੋਲਨ ਦੇ ਭਖਵੇਂ ਰੂਪ ਨੂੰ ਦੇਖਦੇ ਹੋਏ ਭਾਜਪਾ ਆਗੂਆਂ ਨੇ ਰਾਜ ਵਿਚ ਆਪਣੀ ਆਮਦੋਰਫਤ ਸੀਮਤ ਕਰ ਦਿੱਤੀ ਹੈ। ਬੀ.ਕੇ.ਯੂ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ 26 ਨਵੰਬਰ ਦੇ ਕੌਮੀ ਅੰਦੋਲਨ ਦੀ ਤਿਆਰੀ ਲਈ ਵਿਸ਼ੇਸ਼ ਤਿਆਰੀ ਦਸਤੇ 1200 ਤੋਂ ਵਧੇਰੇ ਪਿੰਡਾਂ ਵਿਚ ਵਿਆਪਕ ਲਾਮਬੰਦੀ ਮੁਹਿੰਮ ਲਗਾਤਾਰ ਚਲਾਉਣਗੇ।
ਇਸ ਦੀ ਪੂਰਨ ਕਾਮਯਾਬੀ ਲਈ ਫੰਡ ਮੁਹਿੰਮ ਵੀ ਪਿੰਡ ਪਿੰਡ ਚਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੂੰ ਸਿਰਫ ਕਾਰਪੋਰੇਟ ਘਰਾਣਿਆਂ ਦਾ ਫਿਕਰ ਸਤਾ ਰਿਹਾ ਹੈ ਅਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਕੋਈ ਫਿਕਰ ਨਹੀਂ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ ਨਾਲ ਬਦਲਾ-ਲਊ ਵਿਹਾਰ ਇਸੇ ਤਰ੍ਹਾਂ ਜਾਰੀ ਰੱਖਿਆ ਤਾਂ ਉਹ ਪੰਜਾਬ ਦੇ ਸੰਘਰਸ਼ਸ਼ੀਲ ਲੋਕਾਂ ਦੇ ਲਗਾਤਾਰ ਵਧ ਰਹੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।